HardipSinghPri7ਹੁਣ ਸਮਾਂ ਹੈ ਕਿ ਸਮਾਜ ਜਾਫੀ ਬਣਨਾ ਬੰਦ ਕਰੇ ਸਗੋਂ ਕੁੜੀਆਂ ਦੀ ਜਿੱਤ ’ਤੇ ਤਾੜੀਆਂ ...
(15 ਮਈ 2026)

 

15 May 2026

ਭਾਰਤੀ ਸਿਆਸਤਦਾਨ ਇਹ ਕਿਹੜੀ ਖੇਡ ਖੇਡ ਰਹੇ ਹਨ?

ਕਬੱਡੀ ਪੰਜਾਬੀਆਂ ਦੀ ਮਨਪਸੰਦ ਖੇਡ ਹੈ। ਇਸ ਵਿੱਚ ਇੱਕ ਰੇਡਰ ਜਦੋਂ ਸਾਹਮਣੇ ਵਾਲੇ ਪਾਲੇ ਵਿੱਚ ਜਾਂਦਾ ਹੈ ਅਤੇ ਵਿਰੋਧੀ ਟੀਮ ਦੇ ਜਾਫ਼ੀਆਂ ਦੀ ਬਣਾਈ ਸੰਗਲੀ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ ਪਰ ਕਈ ਤਕੜੇ ਜਾਫ਼ੀ ਉਸ ਰੇਡਰ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਦੀ ਤਾਕ ਵਿੱਚ ਹੁੰਦੇ ਹਨ
ਪਰ ਤਕੜਾ ਰੇਡਰ ਆਪਣੇ ਹੱਕ ਦਾ ਨੰਬਰ ਲੈ ਕੇ ਵਾਪਸ ਮੁੜਦਾ ਹੈ। ਜੇ ਅਸੀਂ ਕਬੱਡੀ ਖੇਡ ਨੂੰ ਮੈਦਾਨ ਤੋਂ ਬਾਹਰ ਕੱਢ ਕੇ ਕਿਸੇ ਕੁੜੀ ਦੀ ਜ਼ਿੰਦਗੀ ਦੇ ਸ਼ੀਸ਼ੇ ਵਿੱਚ ਦੇਖੀਏ ਤਾਂ ਸਮਝ ਆਉਂਦਾ ਹੈ ਕਿ ਇੱਕ ਧੀ ਲਈ ਤਾਂ ਹਰ ਪਲ, ਹਰ ਮੋੜ ਅਤੇ ਹਰ ਦਹਿਲੀਜ਼ ਇੱਕ ਕਬੱਡੀ ਦਾ ਮੈਦਾਨ ਹੈ। ਉਸ ਨੂੰ ਆਪਣੇ ਸਾਹਾਂ ਦੀ ਅਜ਼ਾਦੀ ਤੋਂ ਲੈ ਕੇ ਆਪਣੀ ਪਸੰਦ ਦੇ ਲਿਬਾਸ ਤਕ, ਹਰ ਚੀਜ਼ ਨੂੰ ਹਾਸਲ ਕਰਨ ਲਈ ਜਾਫੀ ਜਾਂ ਸਟਾਪਰ ਦੇ ਰੂਪ ਵਿੱਚ ਵਿਚਰ ਰਹੇ ਸਮਾਜ/ਪਰਿਵਾਰ ਨਾਲ ਕੌਡੀ-ਕੌਡੀ ਕਰਕੇ ਸੰਘਰਸ਼ ਕਰਨਾ ਪੈਂਦਾ ਹੈ। ਕੁੜੀਆਂ ਦੀ ਜ਼ਿੰਦਗੀ ਵਿੱਚ ਕਬੱਡੀ ਦੀ ਪਹਿਲੀ ਰੇਡ ਘਰ ਦੇ ਅੰਦਰੋਂ ਹੀ ਸ਼ੁਰੂ ਹੁੰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਜਿਸ ਘਰ ਨੂੰ ਆਪਣਾ ਕਿਹਾ ਜਾਂਦਾ ਹੈ, ਉੱਥੇ ਹੀ ਉਸ ਨੂੰ ਸਭ ਤੋਂ ਵੱਧ ਜਾਫ਼ੀਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਜਾਫ਼ੀ ਕੋਈ ਹੋਰ ਨਹੀਂ, ਸਗੋਂ ਸਮਾਜ ਦੀਆਂ ਰਵਾਇਤਾਂ, ਮਾਪਿਆਂ ਦਾ ਡਰ ਅਤੇ ਸਮਾਜਿਕ ਵਕਾਰ ਹੁੰਦੇ ਹਨ। ਜਦੋਂ ਉਹ ਉੱਚ ਸਿੱਖਿਆ ਦੀ ਮੰਗ ਕਰਦੀ ਹੈ ਤਾਂ ‘ਲੋਕ ਕੀ ਕਹਿਣਗੇ’ ਨਾਂ ਦਾ ਜਾਫ਼ੀ ਉਸ ਨੂੰ ਜੱਫਾ ਮਾਰਨ ਲਈ ਤਿਆਰ ਹੁੰਦਾ ਹੈ। ਜਦੋਂ ਉਹ ਭਰਾ ਦੇ ਬਰਾਬਰ ਖੁਰਾਕ, ਕੋਈ ਪਸੰਦੀਦਾ ਕੱਪੜਾ ਲੀੜਾ ਜਾਂ ਅਜ਼ਾਦੀ ਚਾਹੁੰਦੀ ਹੈ ਤਾਂ ਉਸਦੇ ਘਰਦੇ ‘ਤੂੰ ਤਾਂ ਕੁੜੀਏ ਬਿਗਾਨੇ ਘਰ ਜਾਣਾ ਹੈ’ ਵਾਲਾ ਤਰਕ ਦੇ ਕੇ ਉਸਦੇ ਪੈਰਾਂ ਵਿੱਚ ਬੇੜੀਆਂ ਪਾਉਣ ਦੀ ਕੋਸ਼ਿਸ਼ ਕਰਦੇ ਹਨ

ਘਰ ਦੇ ਅੰਦਰ ਕੁੜੀ ਨੂੰ ਹਰ ਰੋਜ਼ ਇਹ ਸਾਬਤ ਕਰਨਾ ਪੈਂਦਾ ਹੈ ਕਿ ਉਹ ਬਹੁਤ ਹੀ ਸਾਊ ਅਤੇ ਲਾਇਕ ਹੈ। ਉਸ ਨੂੰ ਚੁੱਪ ਰਹਿ ਕੇ ਆਪਣੀ ਸਿਆਣਪ ਦਾ ਸਬੂਤ ਦੇਣਾ ਪੈਂਦਾ ਹੈ। ਜੇ ਉਹ ਬੋਲ ਪਵੇ ਤਾਂ ਉਸ ਨੂੰ ਬਦਤਮੀਜ਼ ਕਿਹਾ ਜਾਂਦਾ ਹੈ। ਇਸ ਖੇਡ ਵਿੱਚ ਉਹ ਅਕਸਰ ਇਕੱਲੀ ਹੁੰਦੀ ਹੈ, ਜਿੱਥੇ ਉਸਨੇ ਆਪਣੀ ਮਰਜ਼ੀ ਦਾ ਸਾਹ ਲੈਣ ਲਈ ਵੀ ਘਰ ਦੇ ਜੀਅ-ਜੰਤ ਨੂੰ ਮਨਾਉਣਾ ਹੁੰਦਾ ਹੈ। ਜਿਵੇਂ ਹੀ ਕੁੜੀ ਘਰ ਦੀ ਸਰਦਲ ਪਾਰ ਕਰਕੇ ਬਾਹਰਲੀ ਦੁਨੀਆਂ ਵਿੱਚ ਪੈਰ ਧਰਦੀ ਹੈ ਤਾਂ ਖੇਡ ਹੋਰ ਵੀ ਸਖ਼ਤ ਹੋ ਜਾਂਦੀ ਹੈ। ਹੁਣ ਉਸਦੇ ਸਾਹਮਣੇ ਸੜਕਾਂ, ਬੱਸਾਂ, ਕਾਲਜਾਂ ਅਤੇ ਦਫਤਰਾਂ ਦਾ ਉਹ ਮੈਦਾਨ ਹੈ ਜਿੱਥੇ ਹਜ਼ਾਰਾਂ ਅੱਖਾਂ ਉਸ ਨੂੰ ਟੈਕਲ ਕਰਨ ਲਈ ਤਿਆਰ ਬੈਠੀਆਂ ਹਨ। ਬਾਹਰ ਨਿਕਲਦਿਆਂ ਹੀ ਉਸ ਨੂੰ ਆਪਣੀ ਸੁਰੱਖਿਆ ਦੀ ਕਬੱਡੀ ਖੇਡਣੀ ਪੈਂਦੀ ਹੈ। ਰਸਤੇ ਵਿੱਚ ਸੁਣਾਈ ਦਿੰਦੀਆਂ ਟਿੱਪਣੀਆਂ, ਅਵਾਰਾ ਨਜ਼ਰਾਂ ਅਤੇ ਮਾਨਸਿਕ ਦਬਾਅ ਉਸ ਲਈ ਉਹਨਾਂ ਜਾਫ਼ੀਆਂ ਵਰਗੇ ਹੁੰਦੇ ਹਨ, ਜੋ ਉਸਦਾ ਰਾਹ ਰੋਕਣਾ ਚਾਹੁੰਦੇ ਹਨ ਅਤੇ ਉਸਨੂੰ ਪਾਲੇ ਤਕ ਅਪੜਨ ਤੋਂ ਰੋਕਦੇ ਹਨ

ਕੁੜੀਆਂ ਨਾਲ ਸਮਾਜ ਵੱਲੋਂ ਖੇਡੀ ਜਾ ਰਹੀ ਇਸ ਕਬੱਡੀ ਖੇਡ ਵਿੱਚ ਅਜੋਕੀ ਕੁੜੀ ਆਪਣੀ ਹਿੰਮਤ ਅਤੇ ਸਾਹਸ ਤੋਂ ਕੰਮ ਲੈਂਦੀ ਹੋਈ ਹੁਣ ਸਿਰਫ ਆਪਣਾ ਬਚਾ ਨਹੀਂ ਕਰ ਰਹੀ ਬਲਕਿ ਉਹ ਇੱਕ ਤਕੜਾ ਰੇਡਰ ਬਣ ਕੇ ਧਾਵਾ ਵੀ ਬੋਲ ਰਹੀ ਹੈ। ਉਹ ਆਪਣੇ ਸੁਪਨਿਆਂ ਦੀ ਪੋਟਲੀ ਮੋਢੇ ’ਤੇ ਰੱਖ ਕੇ ਨਿਕਲਦੀ ਹੈ। ਜਦੋਂ ਉਹ ਕੰਮ ’ਤੇ ਜਾਂਦੀ ਹੈ ਤਾਂ ਉਸ ਨੂੰ ਮਰਦ-ਪ੍ਰਧਾਨ ਸਮਾਜ ਵਿੱਚ ਆਪਣੀ ਕਾਬਲੀਅਤ ਸਾਬਤ ਕਰਨ ਲਈ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ। ਜਿੱਥੇ ਇੱਕ ਮਰਦ ਲਈ ਰਸਤਾ ਸਾਫ ਹੁੰਦਾ ਹੈ, ਉੱਥੇ ਕੁੜੀ ਨੂੰ ਆਪਣੀ ਜਗ੍ਹਾ ਬਣਾਉਣ ਲਈ ਹਰ ਕਦਮ ’ਤੇ ਜੱਦੋਜਹਿਦ ਕਰਨੀ ਪੈਂਦੀ ਹੈ। ਉਸਦੀ ਸਫਲਤਾ ’ਤੇ ਵੀ ਸਵਾਲ ਚੁੱਕੇ ਜਾਂਦੇ ਹਨ, ਉਸਦੇ ਚਰਿੱਤਰ ’ਤੇ ਵੀ ਉਂਗਲ ਉਠਾਈ ਜਾਂਦੀ ਹੈ, ਪਰ ਉਹ ਆਪਣੀ ਰਫਤਾਰ ਨਹੀਂ ਘਟਾਉਂਦੀ। ਇਸ ਬਾਹਰੀ ਜੰਗ ਤੋਂ ਇਲਾਵਾ ਕੁੜੀਆਂ ਦੇ ਅੰਦਰ ਇੱਕ ਮਾਨਸਿਕ ਕਬੱਡੀ ਵੀ ਚਲਦੀ ਰਹਿੰਦੀ ਹੈ। ਇੱਕ ਪਾਸੇ ਉਸਦੇ ਸੁਪਨੇ ਹੁੰਦੇ ਹਨ, ਦੂਜੇ ਪਾਸੇ ਪਰਿਵਾਰ ਦੀਆਂ ਉਮੀਦਾਂ। ਉਹ ਹਰ ਵੇਲੇ ਇਸ ਡਰ ਵਿੱਚ ਰਹਿੰਦੀ ਹੈ ਕਿ ਕਿਤੇ ਉਸਦੀ ਇੱਕ ਗਲਤੀ ਨਾਲ ਉਸਦੀਆਂ ਆਉਣ ਵਾਲੀਆਂ ਪੀੜ੍ਹੀਆਂ ਜਾਂ ਛੋਟੀਆਂ ਭੈਣਾਂ ਲਈ ਘਰ ਦੇ ਦਰਵਾਜ਼ੇ ਬੰਦ ਨਾ ਹੋ ਜਾਣ। ਉਹ ਆਪਣੇ ਲਈ ਨਹੀਂ, ਸਗੋਂ ਪੂਰੀ ਧੀ-ਬਰਾਦਰੀ ਦੀ ਨੁਮਾਇੰਦਗੀ ਕਰਦਿਆਂ ਇਹ ਖੇਡ ਖੇਡ ਰਹੀ ਹੁੰਦੀ ਹੈ। ਜੇ ਇੱਕ ਕੁੜੀ ਹਾਰਦੀ ਹੈ ਤਾਂ ਸਮਾਜ ਸਾਰੀਆਂ ਕੁੜੀਆਂ ’ਤੇ ਪਾਬੰਦੀਆਂ ਲਾਉਣ ਦਾ ਬਹਾਨਾ ਲੱਭ ਲੈਂਦਾ ਹੈ। ਇਸ ਭਾਰੀ ਜ਼ਿੰਮੇਵਾਰੀ ਦੇ ਹੇਠਾਂ ਉਹ ਹਰ ਪਲ ਸੰਘਰਸ਼ ਕਰਦੀ ਹੈ।

ਅੱਜ ਦੀ ਕੁੜੀ ਸਮਝ ਗਈ ਹੈ ਕਿ ਹੱਕ ਮੰਗਿਆਂ ਨਹੀਂ ਮਿਲਦੇ, ਖੋਹ ਕੇ ਲਏ ਜਾਂਦੇ ਹਨਕਬੱਡੀ ਵਿੱਚ ਜਿਵੇਂ ਰੇਡਰ ਆਪਣੀ ਪੂਰੀ ਤਾਕਤ ਲਾ ਕੇ ਲਾਈਨ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ, ਉਵੇਂ ਹੀ ਅੱਜ ਦੀਆਂ ਧੀਆਂ ਸਿੱਖਿਆ, ਰੁਜ਼ਗਾਰ ਅਤੇ ਬਰਾਬਰੀ ਦੀ ਰੇਖਾ ਨੂੰ ਛੂਹਣ ਲਈ ਤਤਪਰ ਹਨ। ਉਹ ਜਾਣਦੀਆਂ ਹਨ ਕਿ ਸਮਾਜ ਉਹਨਾਂ ਨੂੰ ਥਾਲੀ ਵਿੱਚ ਰੱਖ ਕੇ ਹੱਕ ਨਹੀਂ ਦੇਵੇਗਾ। ਉਹਨਾਂ ਨੇ ਆਪਣੇ ਹੱਕਾਂ ਲਈ ਕਾਨੂੰਨ ਦੀਆਂ ਕਿਤਾਬਾਂ ਪੜ੍ਹੀਆਂ ਹਨ, ਉਹਨਾਂ ਨੇ ਸੜਕਾਂ ’ਤੇ ਆਵਾਜ਼ ਬੁਲੰਦ ਕੀਤੀ ਹੈ ਅਤੇ ਉਹਨਾਂ ਨੇ ਆਪਣੇ ਹੁਨਰ ਨਾਲ ਦੁਨੀਆਂ ਨੂੰ ਦੱਸ ਦਿੱਤਾ ਹੈ ਕਿ ਉਹ ਕਿਸੇ ਤੋਂ ਘੱਟ ਨਹੀਂ। ਜਦੋਂ ਇੱਕ ਧੀ ਮੈਦਾਨ ਜਿੱਤ ਕੇ ਆਉਂਦੀ ਹੈ ਤਾਂ ਉਸਦੇ ਚਿਹਰੇ ਦੀ ਮੁਸਕਾਨ ਉਸ ਸਾਰੀ ਥਕਾਵਟ ਨੂੰ ਮਿਟਾ ਦਿੰਦੀ ਹੈ ਜੋ ਉਸਨੇ ਸਾਰਾ ਦਿਨ ਹੰਢਾਈ ਹੁੰਦੀ ਹੈਉਸਦੀ ਜਿੱਤ ਸਿਰਫ ਉਸਦੀ ਨਹੀਂ, ਸਗੋਂ ਉਸ ਸੋਚ ਦੀ ਜਿੱਤ ਹੁੰਦੀ ਹੈ, ਜੋ ਕਹਿੰਦੀ ਹੈ ਕਿ ‘ਧੀਆਂ ਵੀ ਸ਼ੇਰ ਹੁੰਦੀਆਂ ਹਨ’।

ਕੁੜੀਆਂ ਦੀ ਜ਼ਿੰਦਗੀ ਨੂੰ ਕਬੱਡੀ ਦਾ ਮੈਦਾਨ ਬਣਾਉਣ ਵਿੱਚ ਸਾਡਾ ਆਪਣਾ ਹੀ ਹੱਥ ਹੈ। ਜੇ ਅਸੀਂ ਘਰਾਂ ਦੇ ਅੰਦਰ ਉਹਨਾਂ ਨੂੰ ਸੁਰੱਖਿਅਤ ਅਤੇ ਸਤਿਕਾਰਤ ਮਾਹੌਲ ਦੇਈਏ, ਜੇ ਅਸੀਂ ਬਾਹਰਲੀਆਂ ਸੜਕਾਂ ’ਤੇ ਉਹਨਾਂ ਨੂੰ ਆਪਣੀਆਂ ਭੈਣਾਂ-ਧੀਆਂ ਵਾਂਗ ਸਮਝੀਏ, ਤਾਂ ਸ਼ਾਇਦ ਉਹਨਾਂ ਨੂੰ ਆਪਣੇ ਹੱਕਾਂ ਲਈ ਇੰਨੀ ਸਖ਼ਤ ਜੰਗ ਨਾ ਲੜਨੀ ਪਵੇ। ਕੁੜੀਆਂ ਕਬੱਡੀ ਖੇਡਣਾ ਜਾਣਦੀਆਂ ਹਨ, ਉਹਨਾਂ ਵਿੱਚ ਜਜ਼ਬਾ ਹੈ, ਉਹਨਾਂ ਵਿੱਚ ਜਾਨ ਹੈ। ਹੁਣ ਸਮਾਂ ਹੈ ਕਿ ਸਮਾਜ ਜਾਫੀ ਬਣਨਾ ਬੰਦ ਕਰੇ ਸਗੋਂ ਕੁੜੀਆਂ ਦੀ ਜਿੱਤ ’ਤੇ ਤਾੜੀਆਂ ਵਜਾਉਣ ਵਾਲਾ ਦਰਸ਼ਕ ਬਣੇ। ਜਦੋਂ ਮੈਦਾਨ ਸਾਫ ਹੋਵੇਗਾ ਤਾਂ ਇਨ੍ਹਾਂ ਧੀਆਂ ਦੀ ਪਰਵਾਜ਼ ਅੰਬਰਾਂ ਨੂੰ ਵੀ ਛੋਟਾ ਕਰ ਦੇਵੇਗੀ। ਕੁੜੀਆਂ ਦੀ ਇਸ ਕਬੱਡੀ ਵਿੱਚ ਜਿੱਤ ਹਮੇਸ਼ਾ ਉਹਨਾਂ ਦੇ ਸਿਦਕ ਅਤੇ ਸਿਰੜ ਦੀ ਹੀ ਹੋਵੇਗੀ। ਸਾਡੀਆਂ ਧੀਆਂ ਨੇ ਹਮੇਸ਼ਾ ਇਤਿਹਾਸ ਸਿਰਜਿਆ ਹੈ, ਉਹ ਆਪਣੇ ਹੱਕਾਂ ਦੀ ਕਬੱਡੀ ਇੱਕ ਦਿਨ ਜ਼ਰੂਰ ਜਿੱਤਣਗੀਆਂ, ਜਿੱਥੇ ਕੋਈ ਜਾਫ਼ੀ ਉਹਨਾਂ ਦਾ ਰਾਹ ਨਹੀਂ ਰੋਕੇਗਾ, ਸਗੋਂ ਪੂਰੀ ਲੋਕਾਈ ਉਹਨਾਂ ਦੇ ਸਵਾਗਤ ਲਈ ਬਾਹਾਂ ਫੈਲਾ ਕੇ ਖੜ੍ਹੀ ਹੋਵੇਗੀ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਪ੍ਰਿੰ. ਹਰਦੀਪ ਸਿੰਘ

ਪ੍ਰਿੰ. ਹਰਦੀਪ ਸਿੰਘ

Sangrur, Punjab, India.
WhatsApp: (91 - 94176 - 65241)

Email: (hardeepsingh8168@gmail.com)