ManjitMaan7ਪੰਜਾਬ ਵਿੱਚ ਛੋਟੀਆਂ ਜੋਤਾਂ ਦੀ ਗਿਣਤੀ ਤਾਂ ਪਹਿਲਾਂ ਹੀ ਬਹੁਤ ਹੈ ਤੇ ਉੱਪਰੋਂ ਅਜੋਕੇ ਵਿਕਾਸ ਨੇ ...
(2 ਮਈ 2026)


ਪੰਜਾਬ ਦੀ ਧਰਤੀ ਸੰਸਾਰ ਦੇ ਉਹਨਾਂ ਜ਼ਰਖੇਜ਼ ਖਿੱਤਿਆਂ ਵਿੱਚ ਆਉਂਦੀ ਹੈ ਜਿਹੜੇ ਖੇਤੀਬਾੜੀ ਲਈ ਉੱਤਮ ਮੰਨੇ ਜਾਂਦੇ ਹਨ
ਇਸ ਕਰਕੇ ਹੀ ਮੁੱਢ ਤੋਂ ਪੰਜਾਬ ਅਤੇ ਖੇਤੀਬਾੜੀ ਦਾ ਰਿਸ਼ਤਾ ਨਹੁੰ-ਮਾਸ ਵਾਲਾ ਰਿਹਾ ਹੈਪੰਜਾਬ ਦੀ ਬਹੁਗਿਣਤੀ ਅਬਾਦੀ ਸਿੱਧੇ ਜਾਂ ਅਸਿੱਧੇ ਤੌਰ ’ਤੇ ਖੇਤੀਬਾੜੀ ਨਾਲ ਜੁੜੀ ਹੋਈ ਹੋਣ ਕਰਕੇ ਹੀ ਇੱਥੋਂ ਦੀ ਆਰਥਿਕਤਾ, ਸੱਭਿਆਚਾਰ ਅਤੇ ਸਮਾਜਿਕ ਜੀਵਨ ਪੂਰੀ ਤਰ੍ਹਾਂ ਖੇਤੀਬਾੜੀ ਦੇ ਦੁਆਲੇ ਘੁੰਮਦਾ ਹੈਖੇਤੀ ਕਰਕੇ ਹੀ ਤਾਂ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਕਿਹਾ ਜਾਂਦਾ ਹੈਪਰ ਪਿਛਲੇ ਕੁਝ ਦਹਾਕਿਆਂ ਤੋਂ ਦੇਖਣ ਵਿੱਚ ਆਇਆ ਹੈ ਕਿ ਪੰਜਾਬ ਦੀ ਨੌਜਵਾਨੀ ਖੇਤੀ ਦੇ ਕਿੱਤੇ ਤੋਂ ਦੂਰ ਹੁੰਦੀ ਜਾ ਰਹੀ ਹੈਉਹ ਆਪਣੇ ਇਸ ਪਿਤਾ ਪੁਰਖੀ ਕਿੱਤੇ ਨੂੰ ਛੱਡ ਕੇ ਨੌਕਰੀ ਜਾਂ ਹੋਰ ਕਿੱਤਿਆਂ ਵੱਲ ਰੁਚਿਤ ਹੋ ਰਹੀ ਹੈਅਜੋਕੀ ਨੌਜਵਾਨੀ ਦਾ ਸਦੀਆਂ ਪੁਰਾਣੇ ਆਪਣੇ ਪਿਤਾ ਪੁਰਖੀ ਕਿੱਤੇ ਤੋਂ ਜਿੱਥੇ ਮੂੰਹ ਮੋੜਨਾ ਗੰਭੀਰ ਚਿੰਤਨ ਦਾ ਵਿਸ਼ਾ ਹੈ, ਉੱਥੇ ਹੀ ਨਵੀਂ ਪੀੜ੍ਹੀ ਦੀ ਮਾਨਸਿਕਤਾ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ ਕਿ ਉਹ ਕਿਉਂ ਖੇਤੀ ਦੇ ਕਿੱਤੇ ਪ੍ਰਤੀ ਬਦਲ ਰਹੀ ਹੈਜੇਕਰ ਗ਼ੌਰ ਨਾਲ ਦੇਖਿਆ ਜਾਵੇ ਤਾਂ ਅਜੋਕੀ ਨੌਜਵਾਨ ਪੀੜ੍ਹੀ ਦੇ ਖੇਤੀ ਦੇ ਧੰਦੇ ਤੋਂ ਮੋਹ ਭੰਗ ਹੋਣ ਦਾ ਕੋਈ ਇੱਕ ਕਾਰਨ ਨਹੀਂ ਬਲਕਿ ਇਸ ਪਿੱਛੇ ਬਹੁਤ ਸਾਰੇ ਕਾਰਨ ਨਜ਼ਰ ਆਉਂਦੇ ਹਨ ਇਨ੍ਹਾਂ ਵਿੱਚੋਂ ਇੱਕ ਕਾਰਨ ਤਾਂ ਉਹ ਹੈ ਜੋ ਸਭ ਨੂੰ ਨਜ਼ਰ ਆਉਂਦਾ ਹੈ ਕਿ ਸਮੇਂ ਦੇ ਨਾਲ ਖੇਤੀਬਾੜੀ ਹੁਣ ਲਾਹੇਵੰਦ ਕਿੱਤਾ ਨਹੀਂ ਰਿਹਾ ਹੈਉਹ ਸਮੇਂ ਲੱਦ ਗਏ ਹਨ ਜਦੋਂ ਕਿਹਾ ਜਾਂਦਾ ਸੀ ਕਿ ਡੂੰਘਾ ਵਾਹ ਲੈ ਹੱਲ ਵੇ, ਤੇਰੀ ਘਰੇ ਨੌਕਰੀ?” ਉਨ੍ਹਾਂ ਵੇਲਿਆਂ ਵਿੱਚ ਲੋਕ ਨੌਕਰੀ ਨਾਲੋਂ ਖੇਤੀ ਨੂੰ ਤਰਜੀਹ ਦਿੰਦੇ ਸਨਪਰ ਅੱਜ ਵਧ ਰਹੀ ਮਹਿੰਗਾਈ ਕਰਕੇ ਲਾਗਤ ਮੁੱਲ ਵਧ ਰਿਹਾ ਹੈ ਤੇ ਮੁਨਾਫਾ ਘਟ ਰਿਹਾ ਹੈ, ਜਿਸ ਕਰਕੇ ਖੇਤੀ ਦਿਨੋ ਦਿਨ ਘਾਟੇ ਦਾ ਕਿੱਤਾ ਸਾਬਤ ਹੋ ਰਹੀ ਹੈਮਹਿੰਗੇ ਬੀਜ, ਕੀਟਨਾਸ਼ਕ ਅਤੇ ਰੇਹਾਂ ਨੇ ਪੰਜਾਬ ਦੀ ਕਿਸਾਨੀ ਦੀ ਹਾਲਤ ਕਮਜ਼ੋਰ ਕਰ ਦਿੱਤੀ ਹੈਇਸ ਕਰਕੇ ਵੀ ਨਵੀਂ ਪੀੜ੍ਹੀ ਖੇਤੀ ਦੇ ਕਿੱਤੇ ਤੋਂ ਮੂੰਹ ਮੋੜ ਰਹੀ ਹੈ

ਇਸ ਤੋਂ ਇਲਾਵਾ ਅੱਜ ਹਰ ਪਰਿਵਾਰ ਦੇ ਖ਼ਰਚੇ ਹੀ ਇੰਨੇ ਵਧ ਗਏ ਹਨ ਕਿ ਉਹ ਇਕੱਲੇ ਖੇਤੀ ਦੇ ਕਿੱਤੇ ਨਾਲ ਪੂਰੇ ਨਹੀਂ ਹੋ ਰਹੇ ਹਨਖੇਤੀ ਇੱਕ ਸਬਰ ਵਾਲਾ ਕਿੱਤਾ ਹੈ, ਜਿਸ ਵਿੱਚ ਤੁਹਾਨੂੰ ਪਹਿਲਾਂ ਛੇ ਮਹੀਨੇ ਮਿਹਨਤ ਕਰਨੀ ਪੈਂਦੀ ਹੈ ਫਿਰ ਉਸ ਤੋਂ ਬਾਅਦ ਫਲ ਮਿਲਦਾ ਹੈ। ਪਰ ਅਜੋਕੀ ਜੀਵਨ ਜਾਚ ਵਿੱਚ ਨਿੱਤ ਰੁਪਏ ਚਾਹੀਦੇ ਹਨ, ਇਸ ਕਰਕੇ ਵੀ ਖੇਤੀ ਦੂਜੇ ਕਿੱਤਿਆਂ ਦੇ ਮੁਕਾਬਲੇ ਪਛੜ ਗਈ ਹੈ ਕਿਉਂਕਿ ਹੋਰ ਕੰਮ ਧੰਦੇ ਵਿੱਚ ਰੋਜ਼ ਦੀ ਰੋਜ਼ ਕਮਾਈ ਹੁੰਦੀ ਹੈ। ਇੱਕ ਗੱਲ ਹੋਰ ਕਿ ਇੱਥੇ ਆਪਾਂ ਇਕੱਲੀ ਮਹਿੰਗਾਈ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ, ਇਸਦੇ ਨਾਲ ਅਜੋਕਾ ਖਪਤ ਸੱਭਿਆਚਾਰ ਵੀ ਸਾਡੀ ਨੌਜਵਾਨ ਪੀੜ੍ਹੀ ਨੂੰ ਖੇਤੀਬਾੜੀ ਤੋਂ ਦੂਰ ਕਰਨ ਵਿੱਚ ਬਹੁਤ ਹੱਦ ਤਕ ਜ਼ਿੰਮੇਵਾਰ ਹੈਅੱਜ ਦੇ ਸਮੇਂ ਵਿੱਚ ਕਿਹਾ ਜਾਂਦਾ ਹੈ ਕਿ ਖਾਓ, ਪੀਓ, ਐਸ਼ ਕਰੋ, ਇਸ ਜੱਗ ਤੋਂ ਕੁਝ ਨਹੀਂ ਲੈ ਜਾਣਾ। ਇਸ ਫਲਸਫੇ ਨੇ ਵੀ ਨੌਜਵਾਨੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈਇਸ ਫਲਸਫੇ ’ਤੇ ਚਲਦਿਆਂ ਹੀ ਨੌਜਵਾਨ ਆਪਣੇ ਪੁਰਖਿਆਂ ਵਾਂਗ ਜ਼ਮੀਨ ਨਾਲ ਨਹੀਂ ਜੁੜ ਰਹੇ, ਜਿਸ ਕਰਕੇ ਉਹ ਬੇਕਿਰਕ ਹੋ ਕੇ ਜ਼ਮੀਨਾਂ ਵੇਚ ਰਹੇ ਹਨਅੱਜ ਸਾਡੇ ਆਲੇ ਦੁਆਲੇ ਗੀਤ ਸੰਗੀਤ ਅਤੇ ਫਿਲਮਾਂ ਜ਼ਰੀਏ ਅਜਿਹਾ ਮਾਹੌਲ ਸਿਰਜਿਆ ਜਾ ਰਿਹਾ ਹੈ ਜਿਸ ਵਿੱਚ ਜ਼ਮੀਨ ਵੇਚਣ ਵਾਲੇ ਦੀ ਵਡਿਆਈ ਕੀਤੀ ਜਾ ਰਹੀ ਹੈਅਜੋਕੇ ਗੀਤਾਂ ਵਿੱਚ ਇਹ ਗੱਲ ਆਮ ਦੇਖਣ ਸੁਣਨ ਨੂੰ ਮਿਲਦੀ ਹੈ ਕਿ ਜੱਟ ਦਾ ਕਿੱਲਾ ਕਰੋੜ ਦਾ ਹੋ ਗਿਆ ਹੈ, ਉਸਨੂੰ ਕੰਮ ਕਰਨ ਦੀ ਕੀ ਲੋੜ ਹੈਜੱਟ ਤਾਂ ਜ਼ਮੀਨ ਵੇਚ ਕੇ ਸਾਰੇ ਚਾਅ ਪੂਰੇ ਕਰ ਲਵੇਗਾਕਹਿਣ ਦਾ ਭਾਵ ਨੌਜਵਾਨੀ ਨੂੰ ਜ਼ਮੀਨ ਵੇਚਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈਅਜਿਹਾ ਮਾਹੌਲ ਵੀ ਕਿਤੇ ਨਾ ਕਿਤੇ ਨੌਜਵਾਨੀ ਦਾ ਜ਼ਮੀਨ ਤੋਂ ਮੋਹ ਤੋੜਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ

ਪੁਰਾਣੇ ਸਮੇਂ ਵਿੱਚ ਲੋਕ ਭੁੱਖੇ ਮਰ ਜਾਂਦੇ ਸਨ ਪਰ ਛੇਤੀ ਕੀਤੇ ਆਪਣੀ ਜ਼ਮੀਨ ਨਹੀਂ ਵੇਚਦੇ ਸਨ ਕਿਉਂਕਿ ਉਹ ਜ਼ਮੀਨ ਨੂੰ ਮਾਂ ਦੇ ਬਰਾਬਰ ਦਾ ਦਰਜਾ ਦਿੰਦੇ ਸਨਜੇਕਰ ਕਦੇ ਕਿਸੇ ਨੂੰ ਮਜਬੂਰੀ ਵੱਸ ਜ਼ਮੀਨ ਵੇਚਣੀ ਵੀ ਪੈ ਜਾਂਦੀ ਸੀ ਤਾਂ ਉਹ ਸਾਲ ਛੇ ਮਹੀਨੇ ਚਾਰ ਬੰਦਿਆਂ ਦੇ ਮੱਥੇ ਨਹੀਂ ਲਗਦਾ ਸੀ ਕਿ ਲੋਕ ਕੀ ਕਹਿਣਗੇ ਕਿ ਇਸਨੇ ਆਪਣੀ ਜ਼ਮੀਨ ਹੀ ਵੇਚ ਦਿੱਤੀ ਹੈਪਰ ਅੱਜ ਲੋਕ ਜ਼ਮੀਨ ਵੇਚਣ ਤੋਂ ਸ਼ਰਮ ਮਹਿਸੂਸ ਨਹੀਂ ਕਰਦੇ ਬਲਕਿ ਮਾਣ ਨਾਲ ਦੱਸਦੇ ਹਨ ਕਿ ਮੈਂ ਕਰੋੜ ਦਾ ਕਿੱਲਾ ਵੇਚਿਆ ਹੈਅਜੋਕੀ ਨੌਜਵਾਨੀ ਵਿੱਚ ਉਹ ਪੁਰਾਣੇ ਸਮੇਂ ਵਾਲੀ ਜੱਟ ਅਤੇ ਜ਼ਮੀਨ ਵਿਚਲੀ ਭਾਵਨਾਤਮਿਕ ਸਾਂਝ ਹੌਲੀ ਹੌਲੀ ਖ਼ਤਮ ਹੋਣ ਕਰਕੇ ਵੀ ਉਹ ਖੇਤੀਬਾੜੀ ਤੋਂ ਦੂਰ ਹੁੰਦੀ ਜਾ ਰਹੀ ਹੈ

ਇਸ ਵਿੱਚ ਇੱਕ ਕਾਰਨ ਪਰਵਾਸ ਵਾਲਾ ਵੀ ਜੁੜਿਆ ਹੋਇਆ ਹੈ ਕਿਉਂਕਿ ਪਿਛਲੇ ਕੁਝ ਦਹਾਕਿਆਂ ਅੰਦਰ ਚੰਗਾ ਜੀਵਨ ਜਿਊਣ ਦੀ ਤਲਾਸ਼ ਪੰਜਾਬ ਦੀ ਨੌਜਵਾਨੀ ਵੱਡੀ ਗਿਣਤੀ ਵਿੱਚ ਵਿਦੇਸ਼ ਪੜ੍ਹਨ ਗਈ ਹੈ। ਇਸ ਵਿੱਚ ਜ਼ਿਆਦਾ ਗਿਣਤੀ ਛੋਟੀ ਕਿਸਾਨੀ ਨਾਲ ਸਬੰਧਿਤ ਮੁੰਡੇ ਕੁੜੀਆਂ ਦੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਨਾ ਚਾਹੁੰਦੇ ਹੋਏ ਵੀ ਆਪਣੀ ਜ਼ਮੀਨ ਵੇਚ ਕੇ ਵਿਦੇਸ਼ ਭੇਜਿਆ ਹੈਇਸ ਪਰਵਾਸ ਨੇ ਪੰਜਾਬ ਦੇ ਪਤਾ ਹੀ ਨਹੀਂ ਕਿੰਨੇ ਪਰਿਵਾਰਾਂ ਨੂੰ ਬੇਜ਼ਮੀਨੇ ਬਣਾ ਦਿੱਤਾ ਹੈਇਸ ਤਰ੍ਹਾਂ ਨਵੀਂ ਪੀੜ੍ਹੀ ਦਾ ਇੱਕ ਹਿੱਸਾ ਵਿਦੇਸ਼ ਜਾਣ ਕਰਕੇ ਵੀ ਖੇਤੀ ਦੇ ਧੰਦੇ ਤੋਂ ਦੂਰ ਹੋ ਗਿਆ ਹੈ ਇਸਦੇ ਨਾਲ ਹੀ ਵੱਡੇ ਸੜਕੀ ਮਾਰਗਾਂ ਅਤੇ ਵਿਕਾਸ ਪ੍ਰੋਜੈਕਟਾਂ ਨੇ ਵੀ ਪੰਜਾਬ ਦੀ ਬਹੁਤ ਸਾਰੀ ਖੇਤੀਯੋਗ ਜ਼ਮੀਨ ਨੂੰ ਐਕਵਾਇਰ ਕਰਕੇ ਘਟਾਇਆ ਹੈਪੰਜਾਬ ਵਿੱਚ ਛੋਟੀਆਂ ਜੋਤਾਂ ਦੀ ਗਿਣਤੀ ਤਾਂ ਪਹਿਲਾਂ ਹੀ ਬਹੁਤ ਹੈ ਤੇ ਉੱਪਰੋਂ ਅਜੋਕੇ ਵਿਕਾਸ ਨੇ ਇਸ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈਇਸ ਕਰਕੇ ਅੱਜ ਮਹਿੰਗਾਈ ਦੇ ਯੁਗ ਵਿੱਚ ਘੱਟ ਜ਼ਮੀਨ ਵਾਲੇ ਪਰਿਵਾਰ ਖੇਤੀ ਨੂੰ ਛੱਡ ਕੇ ਦੂਜਿਆਂ ਕਿੱਤਿਆਂ ਵੱਲ ਰੁਚਿਤ ਹੋ ਰਹੇ ਹਨ

ਇਸ ਤੋਂ ਇਲਾਵਾ ਨਵੀਂ ਪੀੜ੍ਹੀ ਦੀ ਮਾਨਸਿਕਤਾ ਅਤੇ ਸਮਾਜਿਕ ਰੁਤਬਾ ਵੀ ਉਸ ਨੂੰ ਖੇਤੀਬਾੜੀ ਤੋਂ ਦੂਰ ਕਰਨ ਵਿੱਚ ਕਿਤੇ ਨਾ ਕਿਤੇ ਕਾਰਨ ਬਣ ਰਿਹਾ ਹੈਪੁਰਾਣੇ ਸਮੇਂ ਵਿੱਚ ਰਿਸ਼ਤਾ ਲੱਭਣ ਵੇਲੇ ਖੇਤੀ ਕਰਦਾ ਮੁੰਡਾ ਮਾਪਿਆਂ ਦੀ ਪਹਿਲੀ ਪਸੰਦ ਹੁੰਦਾ ਸੀ ਪਰ ਵਕਤ ਦੇ ਬਦਲਣ ਨਾਲ ਅੱਜ ਖੇਤੀ ਕਰਦੇ ਮੁੰਡੇ ਨੂੰ ਅਨਪੜ੍ਹ ਅਤੇ ਪਛੜਿਆ ਸਮਝਿਆ ਜਾਣ ਲੱਗ ਪਿਆ ਹੈ, ਜਿਸ ਕਰਕੇ ਨਵੀਂ ਪੀੜ੍ਹੀ ਦੀਆਂ ਕੁੜੀਆਂ ਦੀ ਮਾਨਸਿਕਤਾ ਹੀ ਅਜਿਹੀ ਬਣ ਗਈ ਹੈ ਕਿ ਉਹ ਖੇਤੀ ਕਰਦੇ ਮੁੰਡੇ ਨਾਲ ਰਿਸ਼ਤਾ ਕਰਵਾ ਕੇ ਘੱਟ ਰਾਜ਼ੀ ਹਨਅਜੋਕੇ ਮਾਪੇ ਵੀ ਨੌਕਰੀਪੇਸ਼ਾ ਜਾਂ ਵਿਦੇਸ਼ ਗਏ ਮੁੰਡੇ ਨੂੰ ਤਰਜੀਹ ਦੇਣ ਲੱਗ ਪਏ ਹਨ, ਜਿਸ ਕਰਕੇ ਅਜੋਕੀ ਨੌਜਵਾਨੀ ਖੇਤੀ ਤੋਂ ਖਹਿੜਾ ਛਡਾ ਰਹੀ ਹੈਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਅਜ਼ਾਦੀ ਤੋਂ ਬਾਅਦ ਅੱਜ ਤਕ ਕਿਸੇ ਵੀ ਸਰਕਾਰ ਨੇ ਖੇਤੀ ਸੰਬੰਧੀ ਕੋਈ ਠੋਸ ਨੀਤੀ ਨਹੀਂ ਬਣਾਈ ਹੈ, ਜਿਸ ਕਰਕੇ ਖੇਤੀ ਵਿੱਚ ਦਿਨੋ ਦਿਨ ਨਿਘਾਰ ਆਇਆ ਹੈਜੇਕਰ ਆਪਾਂ ਪਿਛਲੇ ਸੱਤਰ ਸਾਲਾਂ ਦਾ ਲੇਖਾ ਜੋਖਾ ਕਰੀਏ ਤਾਂ ਦੇਖਦੇ ਹਾਂ ਕਿ ਖੇਤੀ ਨਾਲ ਸੰਬੰਧਿਤ ਵਸਤਾਂ ਦੀ ਕੀਮਤ ਵਿੱਚ ਤਾਂ ਸੌ ਗੁਣਾ ਵਾਧਾ ਹੋਇਆ ਹੈ ਪਰ ਫਸਲਾਂ ਦੇ ਭਾਅ ਵਿੱਚ ਸਿਰਫ ਨਿਗੂਣਾ ਜਿਹਾ ਵਾਧਾ ਹੀ ਹੋਇਆ ਹੈਜਿਸ ਨੂੰ ਦੇਖ ਕੇ ਲਗਦਾ ਹੈ ਕਿ ਸਰਕਾਰ ਵੀ ਖੇਤੀ ਦੇ ਕਿੱਤੇ ਪ੍ਰਤੀ ਬਹੁਤੀ ਗੰਭੀਰ ਨਹੀਂ ਹੈ

ਜੇਕਰ ਅਸੀਂ ਚਾਹੁੰਦੇ ਹਾਂ ਕਿ ਅਜੋਕੀ ਨੌਜਵਾਨੀ ਮੁੜ ਖੇਤੀ ਵੱਲ ਪਰਤੇ ਤਾਂ ਸਰਕਾਰ ਨੂੰ ਖੇਤੀ ਨੀਤੀ ਵਿੱਚ ਵੱਡੇ ਸੁਧਾਰ ਕਰਨੇ ਪੈਣਗੇਸਰਕਾਰ ਖੇਤੀ ਨੂੰ ਨਵੀਂ ਤਕਨੀਕ ਨਾਲ ਜੋੜ ਕੇ ਕਿਸਾਨੀ ਨੂੰ ਫਸਲੀ ਚੱਕਰ ਵਿੱਚੋਂ ਕੱਢ ਕੇ ਸਹਾਇਕ ਧੰਦੇ (ਜਿਵੇਂ ਡੇਅਰੀ ਫਾਰਮਿੰਗ, ਮਧੂ-ਮੱਖੀ ਪਾਲਣ) ਆਦਿ ਅਪਣਾਉਣ ਲਈ ਪ੍ਰੇਰਿਤ ਕਰਨਾ ਪਵੇਗਾ ਇਸਦੇ ਨਾਲ ਹੀ ਸਰਕਾਰ ਨੂੰ ਫਸਲਾਂ ਦੇ ਵਾਜਬ ਭਾਅ ਯਕੀਨੀ ਬਣਾਉਣ ਵੱਲ ਵੀ ਧਿਆਨ ਦੇਣਾ ਹੋਵੇਗਾਅੱਜ ਖੇਤੀ ਨੂੰ ਸਿਰਫ ਢਿੱਡ ਭਰਨ ਦਾ ਸਾਧਨ ਨਹੀਂ, ਸਗੋਂ ਇੱਕ ਵਪਾਰ ਵਜੋਂ ਵਿਕਸਿਤ ਕਰਨ ਦੀ ਲੋੜ ਹੈਫਿਰ ਹੀ ਨਵੀਂ ਪੀੜ੍ਹੀ ਖੇਤੀ ਦੇ ਕਿੱਤੇ ਨਾਲ ਜੁੜ ਸਕਦੀ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮਨਜੀਤ ਮਾਨ

ਮਨਜੀਤ ਮਾਨ

Sahnewali, Mansa, Punjab, India.
WhatsApp: (91 - 70098 - 98044)
Email: (manjitmaan21@gmail.com)