HiraSBhupal7ਜਦੋਂ ਮਨੁੱਖ ਨੂੰ ਜੀਵਨ ਦਾ ਮਕਸਦ ਮਿਲ ਜਾਂਦਾ ਹੈਤਦ ਉਸਦੇ ਅੰਦਰ ਜ਼ਿੰਦਗੀ ਜਿਊਣ ਦਾ ...
(14 ਮਾਰਚ 2026)


ਲੋਕ-ਗੀਤਾਂ ਜਿੰਨੀ ਉਮਰ ਦੀ ਅਸੀਸ ਲੰਬੀ
, ਅਰਥਪੂਰਨ ਤੇ ਯਾਦਗਾਰ ਜ਼ਿੰਦਗੀ ਦੀ ਕਾਮਨਾ ਹੈ। ਇਤਿਹਾਸ ਗਵਾਹ ਹੈ ਕਿ ਕੁਝ ਗੀਤ ਅਤੇ ਗਾਇਕ ਆਮ ਤੋਂ ਖ਼ਾਸ ਹਰ ਦਿਲ ਵਿੱਚ ਵਸ ਜਾਂਦੇ ਹਨ। ਇਹ ਬੱਚਿਆਂ ਨੂੰ ਵੀ ਆਪਣੇ ਲੱਗਦੇ ਹਨ ਅਤੇ ਬਜ਼ੁਰਗਾਂ ਨੂੰ ਵੀ, ਕਿਉਂਕਿ ਇਨ੍ਹਾਂ ਵਿੱਚ ਮਨੋਰੰਜਨ ਦੇ ਨਾਲ ਸੰਸਕਾਰ ਅਤੇ ਜੀਵਨ ਜਾਂਚ ਤੇ ਅਧਾਰ ਦੀ ਝਲਕ ਹੁੰਦੀ ਹੈ। ਕੁਝ ਗੀਤ ਸਮੇਂ ਨਾਲ ਮਿਟਦੇ ਨਹੀਂ; ਸਗੋਂ ਉਹ ਹੋਰ ਡੂੰਘੇ ਹੋ ਕੇ ਅਗਲੀ ਪੀੜੀ ਦੇ ਦਿਲਾਂ ਵਿੱਚ ਵਸਦੇ ਹਨ। ਦਾਦੇ-ਦਾਦੀਆਂ ਤੇ ਪੋਤੇ-ਪੋਤੀਆਂ ਜਦੋਂ ਇਕੱਠੇ ਇਨ੍ਹਾਂ ਦਾ ਆਨੰਦ ਲੈਂਦੇ ਹਨ, ਸੱਭਿਆਚਾਰਕ ਲਗਾਤਾਰਤਾ ਜੀਉਂਦੀ ਅਤੇ ਬਣੀ ਰਹਿੰਦੀ ਹੈ।

ਮੇਰੇ ਲਈ ਇਹ ਗੱਲ ਕਹਾਵਤ ਨਹੀਂ ਰਹੀ, ਸਗੋਂ ਹਸਪਤਾਲ ਦੇ ਵਾਰਡ ਵਿੱਚ ਸਦੀਵੀਂ ਸੱਚ ਬਣ ਗਈਤਕਰੀਬਨ ਦੋ ਸਾਲ ਪਹਿਲਾਂ ਅਜ਼ਾਦੀ ਦਿਵਸ ਵਾਲਾ ਮਹੀਨਾ ਮੇਰੇ ਜੀਵਨ ਦਾ ਸਭ ਤੋਂ ਔਖਾ ਸਮਾਂ ਸੀ। ਜਦੋਂ ਦੇਸ਼ ਭਰ ਵਿੱਚ ਤਿਰੰਗਾ ਲਹਿਰਾ ਰਿਹਾ ਸੀ, ਮੇਰੇ ਦਿਲ-ਦਿਮਾਗ ਵਿੱਚ ਚਿੰਤਾ ਅਤੇ ਅਣਜਾਣ ਡਰ ਲਹਿਰਾ ਰਿਹਾ ਸੀ। ਉਹ ਸਾਰਾ ਮਹੀਨਾ ਲੁਧਿਆਣੇ ਦੇ ਇੱਕ ਪ੍ਰਸਿੱਧ ਹਸਪਤਾਲ ਦੇ ਨਿਊਰੋ-ਸਰਜਰੀ ਵਿਭਾਗ ਵਿੱਚ ਬੀਤਿਆ, ਜਿੱਥੇ ਉਮੀਦ ਅਤੇ ਅਨਿਸਚਿਤਤਾ ਇਕੱਠੇ ਸਾਹ ਲੈਂਦੇ ਸਨ।

ਹਸਪਤਾਲ ਦਾਖਲ ਕਰਾਉਣ ਤੋਂ ਕੁਝ ਮਹੀਨੇ ਪਹਿਲਾਂ ਬਾਪੂ ਜੀ ਨੂੰ ਲੱਗੀ ਮਾਮੂਲੀ ਚੋਟ ਅਚਾਨਕ ਗੰਭੀਰ ਦਿਮਾਗ ਦਾ ਕਲੌਟ ਬਣ ਗਈ, ਜਿਸਦਾ ਇਲਾਜ ਕੇਵਲ ਸਰਜਰੀ ਸੀ। ਜੋ ਇਨਸਾਨ ਕੱਲ੍ਹ ਤੱਕ ਆਪਣੇ ਪੈਰਾਂ ’ਤੇ ਘਰ ਦੀ ਢਾਲ ਸੀ, ਉਹ ਤੁਰਨ ਤੋਂ ਅਸਮਰੱਥ ਹੋ ਗਿਆ। ਸਾਡੇ ਪਰਿਵਾਰ ਲਈ ਇਹ ਵੱਡਾ ਅਤੇ ਅਸਿਹ ਝਟਕਾ ਸੀਘਰ ਦੀ ਰੌਣਕ ਪਲ ਵਿੱਚ ਖਾਮੋਸ਼ੀ ਵਿੱਚ ਬਦਲ ਗਈ।

ਵਾਰਡ ਵਿੱਚ ਨਿੱਕੇ ਬੱਚੇ ਤੋਂ ਬਜ਼ੁਰਗ ਤੱਕ ਦੇ ਮਰੀਜ਼ ਸਨ। ਹਰ ਬਿਸਤਰੇ ਨਾਲ ਦੁੱਖ, ਡਰ ਅਤੇ ਭਰੋਸੇ ਦੀ ਕਹਾਣੀ ਜੁੜੀ ਜਾਪਦੀ ਸੁਭਾਵਿਕ ਸੀ। ਚਿਹਰੇ ਮੁਰਝਾਏ, ਅੱਖਾਂ ਬੇਚੈਨ। ਮਾਪੇ ਦੁਆਵਾਂ ਕਰ ਰਹੇ ਸਨ, ਬੱਚੇ ਹੌਸਲਾ ਬਣ ਰਹੇ ਸਨ। ਉਸ ਤਣਾਓ ਭਰੇ ਮਾਹੌਲ ਵਿੱਚ ਅਸੀਂ ਵੀ ਰੱਬ ’ਤੇ ਪੂਰੀ ਟੇਕ ਰੱਖੀ ਬੈਠੇ ਸੀ। ਨਿਊਰੋ-ਸਰਜਰੀ ਦੇ ਮਰੀਜ਼ ਲਈ ਦਵਾਈ ਦੇ ਨਾਲ ਮਨ ਦੀ ਤਾਕਤ ਵੀ ਲਾਜ਼ਮੀ ਹੁੰਦੀ ਹੈ। ਮੈਨੂੰ ਅਹਿਸਾਸ ਹੋਇਆ, ਜੇ ਮਨ ਟੁੱਟੇ, ਤਾਂ ਸਰੀਰ ਦੀ ਲੜਾਈ ਵੀ ਕਮਜ਼ੋਰ ਪੈ ਜਾਂਦੀ ਹੈ। ਇਸ ਲਈ ਮੈਂ ਪਾਪਾ ਜੀ ਦੇ ਆਲੇ-ਦੁਆਲੇ ਸਕਾਰਾਤਮਕ ਮਾਹੌਲ ਸਿਰਜਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ, ਜਿੱਥੇ ਨਿਰਾਸ਼ਾ ਲਈ ਕੋਈ ਥਾਂ ਨਾ ਹੋਵੇ।

ਪੇਂਡੂ ਪਰਿਵਾਰਾਂ ਵਿੱਚ ਪਿਉ-ਪੁੱਤ ਦਾ ਰਿਸ਼ਤਾ ਅੱਤ ਦਾ ਗਹਿਰਾ ਹੁੰਦਾ ਹੈ ਪਰ ਅਕਸਰ ਝਿਜਕ ਪਿੱਛੇ ਲੁਕਿਆ ਰਹਿੰਦਾ ਹੈ। ਅਸੀਂ ਬੇਅੰਤ ਪਿਆਰ ਕਰਦੇ ਹਾਂ, ਪਰ ਕਹਿ ਨਹੀਂ ਪਾਉਂਦੇ ਕਦੇ ਵੀ ਹਸਪਤਾਲ ਦੇ ਬਿਸਤਰੇ ਨੇ ਇਹ ਦੂਰੀ ਘਟਾਉਣ ਦਾ ਮੌਕਾ ਦਿੱਤਾ। ਮੈਂ ਚਾਹੁੰਦਾ ਸੀ ਕਿ ਉਹ ਸਿਰਫ਼ ਪਿਤਾ ਨਹੀਂ, ਮੇਰੇ ਨਾਲ ਦੋਸਤ ਵਾਂਗ ਖੁੱਲ੍ਹ ਕੇ ਗੱਲਾਂ ਕਰਨ। ਹੌਲੀ-ਹੌਲੀ ਗੱਲਾਂ ਸ਼ੁਰੂ ਹੋਈਆਂ, ਬਚਪਨ ਦੀਆਂ ਸ਼ਰਾਰਤਾਂ, ਜਵਾਨੀ ਦੇ ਸੰਘਰਸ਼, ਸਾਥੀਆਂ ਦੀਆਂ ਯਾਦਾਂ, ਪਰਿਵਾਰ ਦੀਆਂ ਜ਼ਿੰਮੇਵਾਰੀਆਂ। ਮੈਨੂੰ ਸਮਝ ਆਇਆ ਕਿ ਸਰੀਰ ਕਮਜ਼ੋਰ ਹੋ ਸਕਦਾ ਹੈ, ਪਰ ਯਾਦਾਂ ਅਤੇ ਜਜ਼ਬਾਤ ਇਨਸਾਨ ਨੂੰ ਮੁੜ ਖੜ੍ਹਾ ਕਰਨ ਦੀ ਤਾਕਤ ਰੱਖਦੇ ਹਨ।

ਜਦੋਂ ਮੈਂ ਉਹਨਾਂ ਦੇ ਪਸੰਦੀਦਾ ਗਾਇਕ ਬਾਰੇ ਪੁੱਛਿਆ, ਉਹ ਪਹਿਲਾਂ ਝਿਜਕੇ, ਕਿਉਂਕਿ ਅਸੀਂ ਕਦੇ ਇਹੋ ਜਿਹੀਆਂ ਗੱਲਾਂ ਕੀਤੀਆਂ ਹੀ ਨਹੀਂ ਸਨ ਕਦੇ ਵੀ। ਸ਼ਾਇਦ ਲੁਕਵੇਂ ਦਰਦਅ ਤੇ ਅਣਕਹੇ ਜਜ਼ਬਾਤ ਸ਼ਬਦ ਰੋਕ ਰਹੇ ਸਨ। ਕੁਝ ਪਲਾਂ ਬਾਅਦ ਉਹ ਮੁਸਕਰਾਏ ਤੇ ਸਧਾਰਣ ਪਰ ਭਾਵਪੂਰਣ ਜਵਾਬ ਦਿੱਤਾ,  “ਗੁਰਦਾਸ ਮਾਨ… ਓਹਦੇ ਗੀਤ ਸੁਣ ਕੇ ਨਜ਼ਾਰਾ ਆ ਜਾਂਦਾ।” ਇਹ ਸਿਰਫ਼ ਪ੍ਰਸ਼ੰਸਾ ਨਹੀਂ, ਇੱਕ ਪੀੜੀ ਦੀ ਭਾਵਨਾ ਸੀ। ਉਸ ਵੇਲੇ ਮੈਨੂੰ ਸਮਝ ਆਇਆ ਕਿ ਸੰਗੀਤ ਸਿਰਫ਼ ਸੁਰ ਨਹੀਂ, ਯਾਦਾਂ ਦੀ ਡੋਰ ਹੈ ਜੋ ਮਨੁੱਖ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਦੀ ਹੈ।

ਮੈਂ ਤੁਰੰਤ ਫ਼ੋਨ ’ਤੇ ਮਾਨ ਸਾਹਿਬ ਦੇ ਗੀਤ ਹੌਲੀ ਆਵਾਜ਼ ਵਿੱਚ ਚਲਾਏ। ਸੁੰਨੇ ਹਸਪਤਾਲੀ ਮਾਹੌਲ ਵਿੱਚ ਜਿਵੇਂ ਨਵੀਂ ਰੌਸ਼ਨੀ ਆ ਗਈ। ਪਾਪਾ ਜੀ ਦੇ ਚਿਹਰੇ ’ਤੇ  ਚਮਕ ਆ ਗਈ। ਜੋ ਗੱਲਾਂ ਰੁਕ-ਰੁਕ ਕੇ ਆ ਰਹੀਆਂ ਸਨ, ਹੁਣ ਰਵਾਨਗੀ ਨਾਲ ਵਗਣ ਲੱਗੀਆਂਜਿਵੇਂ ਸੁਰਾਂ ਨੇ ਦਰਦ ਨੂੰ ਪਿੱਛੇ ਧੱਕ ਦਿੱਤਾ ਹੋਵੇ। ਉਸ ਪਲ ਮੈਂ ਸੰਗੀਤ ਦੀ ਅਸਲ ਤਾਕਤ ਮਹਿਸੂਸ ਕੀਤੀ। ਖੋਜਾਂ ਵੀ ਦੱਸਦੀਆਂ ਹਨ ਕਿ ਮਨਪਸੰਦ ਸੰਗੀਤ ਮਰੀਜ਼ ਨੂੰ ਸ਼ਾਂਤੀ, ਆਸ ਅਤੇ ਘੱਟ ਤਣਾਓ ਦਾ ਅਹਿਸਾਸ ਕਰਾਉਂਦਾ ਹੈ ਅਤੇ ਇਲਾਜ ਨੂੰ ਤੇਜ਼ ਕਰਦਾ ਹੈ।  ਉਸ ਦਿਨ ਮੈਂ “ਮਿਊਜ਼ਿਕ ਥੈਰੇਪੀ” ਬਾਰੇ ਜਾਣਿਆ ਨਹੀਂ, ਸਗੋਂ ਮਹਿਸੂਸ ਕੀਤੀ

ਪੰਜਾਬੀ ਗਾਇਕੀ ਦੇ ਬਾਬਾ ਬੋਹੜ ਮੰਨੇ ਜਾਂਦੇ ਗੁਰਦਾਸ ਮਾਨ ਦੀ ਕਲਾ ਮਨੋਰੰਜਨ ਤੱਕ ਸੀਮਿਤ ਨਹੀਂ; ਉਸ ਵਿੱਚ ਜੀਵਨ ਦੀ ਧੜਕਣ, ਆਸ ਦੀ ਰੌਸ਼ਨੀ ਤੇ ਜਿਉਣ ਦੀ ਤਲਬ ਵਸਦੀ ਹੈ। ਉਨ੍ਹਾਂ ਦੇ ਗੀਤਾਂ ਦੀ ਸੰਵੇਦਨਾ, ਮਿੱਟੀ ਨਾਲ ਜੁੜੀ ਸਾਦਗੀ ਅਤੇ ਆਤਮਿਕ ਤਾਕਤ ਸੁਣਨ ਵਾਲੇ ਦੇ ਮਨ ਵਿੱਚ ਹੌਸਲਾ ਅਤੇ ਨਵੀਂ ਉਮੀਦ ਜਗਾਉਂਦੀ ਹੈ। ਇਸੇ ਕਰਕੇ ਉਹ ਦਾਦਿਆਂ ਦੀਆਂ ਯਾਦਾਂ ਨਾਲ ਵੀ ਜੁੜਦੇ ਹਨ ਅਤੇ ਨੌਜਵਾਨਾਂ ਦੇ ਸੁਪਨਿਆਂ ਨਾਲ ਵੀ। ਉਨ੍ਹਾਂ ਨੂੰ ਚਾਰ ਪੀੜੀਆਂ ਦਾ ਗਾਇਕ ਕਹਿਣਾ ਅਤਿਕਥਨੀ ਨਹੀਂ।

ਇਨ੍ਹਾਂ ਗੱਲਾਂ ਦੌਰਾਨ ਪਾਪਾ ਜੀ ਨੇ ਆਪਣੀ ਸੰਘਰਸ਼-ਭਰੀ ਜ਼ਿੰਦਗੀ ਦੇ ਅਣਸੁਣੇ ਪੰਨੇ ਖੋਲ੍ਹ ਦਿੱਤੇ। ਹਰ ਘਟਨਾ ਉਹ ਤਰੀਖ਼, ਮੌਸਮ ਅਤੇ ਹਾਲਾਤਾਂ ਸਮੇਤ ਇੰਨੀ ਸਪਸ਼ਟਤਾ ਨਾਲ ਦੱਸਦੇ ਕਿ ਸਭ ਕੁਝ ਅੱਖਾਂ ਸਾਹਮਣੇ ਦਿਸਦਾ ਪ੍ਰਤੀਤ ਹੋ ਰਿਹਾ ਸੀ ਕਦੇ ਕਹਿੰਦੇ, “ਹਾਲਾਤ ਮੁੱਠੀ ਦੀ ਰੇਤ ਵਾਂਗ ਸਨ, “ਪਰ ਹੌਸਲੇ ਅਤੇ ਮਿਹਨਤ ਨਾਲ ਉਹਨਾਂ ਨੂੰ ਸੰਵਾਰ ਲਿਆ।” ਕਦੇ ਮੁਸਕਰਾ ਕੇ ਆਖਦੇ, “ਜਿਹੜਾ ਮਿਹਨਤ ਦਾ ਬੀਜ ਬੀਜਦਾ ਹੈ, ਉਹੀ ਕਾਮਯਾਬੀ ਦਾ ਫਲ ਚੱਖਦਾ ਹੈ।” ਇਹ ਸਿਰਫ਼ ਗੱਲਾਂ ਨਹੀਂ, ਡੂੰਘਾ ਸੰਘਰਸ਼, ਅਨੁਭਵ, ਤਜਰਬੇ ਨਾਲ ਤਪਿਆ ਜੀਵਨ-ਸਾਰ ਸੀ। 

ਕਈ ਵਾਰ ਉਹਨਾਂ ਦੀਆਂ ਅੱਖਾਂ ਭਿੱਜ ਜਾਂਦੀਆਂ ਪਰ ਵਿਸ਼ਵਾਸ ਕਾਇਮ ਰਹਿੰਦਾ ਮੁਸ਼ਕਲਾਂ ਵਿੱਚ ਵੀ ਉਨ੍ਹਾਂ ਨੇ ਹਿੰਮਤ ਨਹੀਂ ਛੱਡੀ। ਉਨ੍ਹਾਂ ਦੀ ਯਾਦਦਾਸ਼ਤ ਵਾਕਈ ਕਾਬਿਲ-ਏ-ਦਾਦ ਹੈਹਰ ਚਿਹਰਾ ਤੇ ਹਰ ਪਲ ਉਨ੍ਹਾਂ ਨੂੰ ਕੱਲ੍ਹ ਵਾਂਗ ਯਾਦ ਸੀ। ਮੈਂ ਸੁਝਾਅ ਦਿੱਤਾ ਕਿ ਇਹ ਅਨਮੋਲ ਅਨੁਭਵ ਕਲਮਬੰਦ ਕਰ ਕੇ ਇੱਕ ਕਿਤਾਬ ਲਿਖੀ ਜਾਵੇ, ਕਿਉਂਕਿ ਲਿਖਿਆ ਹੀ ਸਦੀਵੀਂ ਰਹਿੰਦਾ ਹੈ।

ਉਹ ਬਿਨਾ ਕਿਸੇ ਹਿਚਕਚਾਹਟ ਦੇ ਰਾਜ਼ੀ ਹੋ ਗਏ। ਉਸ ਪਲ ਮੈਨੂੰ ਅਹਿਸਾਸ ਹੋਇਆ ਜਿਵੇਂ ਸਿਹਤਯਾਬੀ ਦੀ ਚਾਬੀ ਮੇਰੇ ਹੱਥ ਲੱਗ ਗਈ ਹੋਵੇ, ਉਹਨਾਂ ਨੂੰ ਜਿਊਣ ਦਾ ਇੱਕ ਨਵਾਂ ਮਕਸਦ ਮਿਲ ਗਿਆ ਹੋਵੇ। ਇਹ ਸੱਚ ਹੈ ਕਿਜਦੋਂ ਮਨੁੱਖ ਨੂੰ ਜੀਵਨ ਦਾ ਮਕਸਦ ਮਿਲ ਜਾਂਦਾ ਹੈ, ਤਦ ਉਸਦੇ ਅੰਦਰ ਜ਼ਿੰਦਗੀ ਜਿਊਣ ਦਾ ਉਤਸ਼ਾਹ ਠਾਠਾਂ ਮਾਰਨ ਲੱਗ ਜਾਂਦਾ ਹੈ।

ਹਾਸੇ-ਮਜ਼ਾਕ ਦੇ ਹਲਕੇ ਲਹਿਜ਼ੇ ਵਿੱਚ ਮੈਂ ਕਿਹਾ, “ਪਾਪਾ ਜੀ ਜੇਕਰ ਤੁਸੀਂ ਇਹ ਕਿਤਾਬ ਲਿਖ ਦਿਓ ਤਾਂ ਉਸਦਾ ਲੋਕ-ਅਰਪਣ ਅਸੀਂ ਗੁਰਦਾਸ ਮਾਨ ਸਾਹਿਬ ਤੋਂ ਹੀ ਕਰਵਾਵਾਂਗੇ।”

ਇਹ ਸੁਣਦੇ ਹੀ ਉਨ੍ਹਾਂ ਦੇ ਚਿਹਰੇ ’ਤੇ ਜੋ ਅਦਭੁੱਤ ਰੌਣਕ ਉੱਭਰੀ, ਉਹ ਦੇਖਣਯੋਗ ਸੀ। ਅੱਖਾਂ ਵਿੱਚ ਨਵੀਂ ਚਮਕ, ਬੋਲਾਂ ਵਿੱਚ ਤਾਜ਼ਗੀ ਅਤੇ ਕੜਕ, ਦਿਲ ਵਿੱਚ ਉਤਸ਼ਾਹ, ਜਿਵੇਂ ਬਿਮਾਰੀ ਦਾ ਸੇਕ ਠੰਢੀ ਛਾਂ ਵਿੱਚ ਬਦਲ ਗਿਆ ਹੋਵੇ। ਉਸ ਪਲ ਮੈਨੂੰ ਗਹਿਰਾ ਅਹਿਸਾਸ ਹੋਇਆ ਕਿ ਕਈ ਵਾਰ ਇੱਕ ਨਿੱਕੀ ਜਿਹੀ ਆਸ ਵੀ ਦਵਾਈ ਤੋਂ ਵੱਧ ਪ੍ਰਭਾਵਸ਼ਾਲੀ ਸਾਬਤ ਹੋ ਸਕਦੀ ਹੈ।

ਰੱਬ ਦੀ ਕਿਰਪਾ, ਸਨੇਹੀਆਂ ਦੀਆਂ ਦੁਆਵਾਂ ਅਤੇ ਡਾਕਟਰਾਂ ਦੀ ਸੰਭਾਲ਼ ਨਾਲ ਉਹ ਅੱਜ ਪੂਰੀ ਤਰ੍ਹਾਂ ਤੰਦਰੁਸਤ ਹਨ। ਹੁਣ ਜਦੋਂ ਉਹ ਮੁਸਕਰਾਉਂਦੇ ਹਨ, ਦਿਲੋਂ ਸ਼ੁਕਰਾਨਾ ਉੱਠਦਾ ਹੈ ਪਰਮਾਤਮਾ ਲਈ, ਉਹਨਾਂ ਸਭ ਲਈ, ਜਿਨ੍ਹਾਂ ਨੇ ਔਖੀ ਘੜੀ ਵਿੱਚ ਸਾਥ ਦਿੱਤਾ, ਅਤੇ ਉਸ ਸੰਗੀਤ ਲਈ, ਜਿਸ ਨੇ ਥੈਰਪੀ ਵਾਂਗ ਮਨ ਅਤੇ ਸਰੀਰ ਨੂੰ ਸਹਾਰਾ ਦਿੱਤਾ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਪ੍ਰੋ. ਹੀਰਾ ਸਿੰਘ ਭੂਪਾਲ

ਪ੍ਰੋ. ਹੀਰਾ ਸਿੰਘ ਭੂਪਾਲ

Assistant Professor PAU Ludhiana, Punjab, India.
Phone: (91 - 95016 - 01144)
Email: (hirapau@gmail.com)