“ਦੁਕਾਨਦਾਰ ਦੇ ਹੱਥਾਂ ਵਿੱਚ ਫੋਨ ਸੀ ਤੇ ਉਹ ਕੈਮਰਾ ਰਿਕਾਰਡਿੰਗ ਚੈੱਕ ਕਰ ਰਿਹਾ ਸੀ। ਉਸਦੇ ...”
(14 ਜਨਵਰੀ 2026)
ਆਪਣੇ ਕਾਮੇ ਲਈ ਸੌਦਾ ਲੈਣ ਲਈ ਮੈਂ ਲਾਗੇ ਦੀ ਕਰਿਆਨੇ ਦੀ ਦੁਕਾਨ ਉੱਪਰ ਪੁੱਜਾ। ਸੌਦਾ ਪੈਂਦੇ ਸਾਰ ਹੀ ਦੁਕਾਨਦਾਰ ਨੂੰ ਮੈਂ ਕਿਹਾ, “ਆਪਾਂ ਇਕੱਠਿਆਂ ਨੇ ਕਰੋਨਾ ਦਾ ਟੀਕਾ ਲਵਾਇਆ ਸੀ, ਯਾਦ ਹੈ ਨਾ?”
ਉਸਨੇ ਹਾਂ ਵਿੱਚ ਹਾਂ ਮਿਲਾਉਂਦੇ ਕਿਹਾ, “ਹਾਂ ਹਾਂ। ਉਸ ਤੋਂ ਬਾਅਦ ਮੇਰੇ ਸਰੀਰ ਵਿੱਚ ਕਮਜ਼ੋਰੀ ਜਿਹੀ ਰਹਿਣ ਲੱਗੀ ਹੈ।”
ਮੈਂ ਕਿਹਾ, “ਹੋ ਤਾਂ ਮੇਰੇ ਨਾਲ ਵੀ ਅਜਿਹਾ ਹੀ ਰਿਹਾ ਹੈ ਪਰ ਕਈ ਵਾਰ ਜ਼ਿਆਦਾ ਸੋਚਣ ਨਾਲ ਵੀ ਬਿਮਾਰ ਹੋ ਜਾਈਦਾ ਹੈ।”
ਖੈਰ, ਮੈਂ ਸੌਦਾ ਚੁੱਕਿਆ ’ਤੇ ਖੇਤਾਂ ਵੱਲ ਹੋ ਤੁਰਿਆ। ਮੈਂ ਅੱਧੇ ਕੁ ਰਾਹ ਗਿਆ ਸੀ ਕਿ ਮੈਨੂੰ ਚੇਤਾ ਆਇਆ, ਪੈਸੇ ਤਾਂ ਮੈਂ ਦਿੱਤੇ ਹੀ ਨਹੀਂ। ਸਰਦੀ ਕਰਕੇ ਵਾਪਸ ਮੁੜਨ ਨੂੰ ਵੀ ਮਨ ਨਾ ਕੀਤਾ। ਸੋਚਿਆ, ਕੱਲ੍ਹ ਨੂੰ ਦੇ ਦੇਵਾਂਗਾ।
ਸੌਦਾ ਕਾਮੇ ਦੇ ਹੱਥ ਫੜਾਉਂਦੇ ਸਾਰ ਮਨ ਵਿੱਚ ਬੇਚੈਨੀ ਜਿਹੀ ਸ਼ੁਰੂ ਹੋ ਗਈ। ਮੈਂ ਉਸ ਦੁਕਾਨਦਾਰ ਦਾ ਪੱਕਾ ਗਾਹਕ ਨਹੀਂ ਸੀ। ਕਦੇ ਕਦੇ ਦੂਜੇ ਜਾਂ ਤੀਜੇ ਮਹੀਨੇ ਕੋਈ ਥੋੜ੍ਹਾ ਬਹੁਤ ਸਮਾਨ ਖਰੀਦ ਲੈਂਦਾ ਸੀ। ਉਹ ਮੈਨੂੰ ਕੇਵਲ ਪਛਾਣਦਾ ਸੀ। ਨਾ ਉਸ ਕੋਲ ਮੇਰੇ ਘਰ ਦਾ ਪਤਾ ਸੀ ਅਤੇ ਨਾ ਹੀ ਮੇਰਾ ਸੰਪਰਕ ਨੰਬਰ। ਯਕਦਮ ਖਿਆਲ ਆਇਆ ਕਿ ਅੱਜ ਕੱਲ੍ਹ ਦੁਕਾਨਦਾਰਾਂ ਨਾਲ ਬਹੁਤ ਠੱਗੀਆਂ ਵੱਜ ਰਹੀਆਂ ਹਨ। ਲੋਕ ਭੋਲੇ ਭਾਲੇ ਬਣ ਕੇ ਦੁਕਾਨਦਾਰਾਂ ਨੂੰ ਝਾਂਸਾ ਦੇ ਕੇ ਸਮਾਨ ਖਰੀਦ ਕੇ ਤਿੱਤਰ ਹੋ ਜਾਂਦੇ ਹਨ। ਕਿਤੇ ਇਹ ਦੁਕਾਨਦਾਰ ਵੀ ਮੈਨੂੰ ਅਜਿਹਾ ਹੀ ਨਾ ਸਮਝ ਬੈਠੇ। ਫਿਰ ਮੈਨੂੰ ਇੱਕ ਦੁਕਾਨ ਦੇ ਸ਼ੀਸ਼ੇ ਉੱਪਰ ਅਜਿਹੇ ਹੀ ਠੱਗ ਗਾਹਕ ਦੀ ਲੱਗੀ ਫੋਟੋ ਚੇਤੇ ਆਈ ਜੋ ਦੁਕਾਨ ਤੋਂ ਸੌਦਾ ਖਰੀਦ ਕੇ ਨੌ ਦੋ ਗਿਆਰਾਂ ਹੋ ਗਿਆ ਸੀ। ਦੁਕਾਨਦਾਰ ਨੇ ਕੈਮਰੇ ਦੀ ਰਿਕਾਰਡਿੰਗ ਵਿੱਚੋਂ ਉਸਦੀ ਫੋਟੋ ਕਢਵਾ ਕੇ ਦੁਕਾਨ ਦੇ ਸ਼ੀਸ਼ੇ ਸਾਹਮਣੇ ਚਿਪਕਾ ਦਿੱਤੀ ਸੀ। ਪੁਲਿਸ ਰਿਪੋਰਟ ਵੀ ਕਰ ਦਿੱਤੀ ਸੀ। ਉਸ ਦੁਕਾਨਦਾਰ ਨੇ ਸਮਾਨ ਦੇ ਪੈਸੇ ਮਿਲਣ ਉਪਰੰਤ ਵੀ ਉਸ ਠੱਗ ਗਾਹਕ ਦੀ ਫੋਟੋ ਇਸ ਲਈ ਨਹੀਂ ਉਤਾਰੀ ਸੀ ਤਾਂ ਜੋ ਆਉਂਦਿਆਂ ਜਾਂਦਿਆਂ ਨੂੰ ਸਬਕ ਮਿਲਦਾ ਰਹੇ। ਮੇਰੇ ਮਨ ਵਿੱਚ ਖਿਆਲ ਆਇਆ ਕਿ ਜੇ ਮੇਰੀ ਤਸਵੀਰ ਅਤੇ ਵੀਡੀਓ ਵੀ ਦੁਕਾਨਦਾਰ ਨੇ ਇੱਧਰ ਉੱਧਰ ਸਾਂਝੀ ਕਰ ਦਿੱਤੀ ਤਾਂ? ਮੈਂ ਯਕਦਮ ਦੁਕਾਨ ਵੱਲ ਹੋ ਤੁਰਿਆ।
ਜਿਵੇਂ ਹੀ ਮੇਰੀ ਸਕੂਟਰੀ ਦੁਕਾਨ ਦੇ ਬਾਹਰ ਰੁਕੀ, ਦੁਕਾਨ ਉੱਪਰ ਕੰਮ ਕਰਦੇ ਨੌਕਰ ਦੇ ਸਾਹ ਵਿੱਚ ਸਾਹ ਆਇਆ। ਨੌਕਰ ਦੇ ਚਿਹਰੇ ਤੋਂ ਸਾਫ ਦਿਸ ਰਿਹਾ ਸੀ ਕਿ ਦੁਕਾਨਦਾਰ ਨੇ ਮੇਰੀ ਅਣਗਹਿਲੀ ਲਈ ਨੌਕਰ ਨੂੰ ਕਾਫੀ ਖਿੱਚਿਆ ਸੀ ਤੇ ਸੌਦੇ ਦੇ ਪੈਸੇ ਉਸ ਪਾਸੋਂ ਕੱਟਣ ਲਈ ਦਬਕਾ ਵੀ ਮਾਰਿਆ ਲਗਦਾ ਸੀ। ਨੌਕਰ ਦੇ ਚਿਹਰੇ ਦਾ ਰੰਗ ਆਮ ਵਰਗਾ ਹੋਣ ਲੱਗਾ ਤੇ ਜਿਸ ਗੱਲ ਦਾ ਮੈਨੂੰ ਡਰ ਸੀ, ਜੇ ਪੰਜ ਮਿੰਟ ਹੋਰ ਨਾ ਪੁੱਜਦਾ ਤਾਂ ਉਹ ਵਾਪਰ ਜਾਣੀ ਸੀ। ਦੁਕਾਨਦਾਰ ਦੇ ਹੱਥਾਂ ਵਿੱਚ ਫੋਨ ਸੀ ਤੇ ਉਹ ਕੈਮਰਾ ਰਿਕਾਰਡਿੰਗ ਚੈੱਕ ਕਰ ਰਿਹਾ ਸੀ। ਉਸਦੇ ਆਲੇ ਦੁਆਲੇ ਘੁਸਰ ਮੁਸਰ ਕਰ ਰਹੇ ਤਿੰਨ ਚਾਰ ਬੰਦੇ ਮੈਨੂੰ ਦੇਖਦੇ ਸਾਰ ਸ਼ਾਂਤ ਹੋ ਗਏ ਸਨ। ਅਗਾਂਹ ਵਧ ਕੇ ਮੈਂ ਕਿਹਾ, “ਵੀਰ ਜੀ! ਗੱਲਾਂ ਗੱਲਾਂ ਵਿੱਚ ਮੈਂ ਪੈਸੇ ਦੇਣੇ ਭੁੱਲ ਗਿਆ ਸੀ।”
ਦੁਕਾਨਦਾਰ ਨੇ ਮੇਰੀਆਂ ਅੱਖਾਂ ਤੋਂ ਫੋਨ ਲੁਕਾਉਂਦਿਆਂ ਆਖਿਆ, “ਹਾਂ ਜੀ ਹਾਂ। ਮੈਂ ਵੀ ਨੌਕਰ ਨੂੰ ਇਹੀ ਆਖ ਰਿਹਾ ਸੀ ਕਿ ਸਰਦਾਰ ਸਾਹਿਬ ਪੈਸੇ ਦੇਣੇ ਭੁੱਲ ਗਏ ਜਾਪਦੇ ਹਨ। ਕੋਈ ਗੱਲ ਨਹੀਂ, ਪੈਸੇ ਘਰ ਵਿੱਚ ਹੀ ਹਨ।”
ਨਾਲ ਖੜ੍ਹੇ ਲੋਕ ਦੁਕਾਨਦਾਰ ਦੀ ਹਾਂ ਵਿੱਚ ਹਾਂ ਮਿਲਾ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਨੇ ਬੜੀ ਸੰਜੀਦਗੀ ਨਾਲ ਆਖਿਆ, “ਲਓ ਜੀ! ਪਿਛਲੇ ਹਫਤੇ ਮੇਰੇ ਭਰਾ ਨੇ ਖਾਦ ਅਤੇ ਦਵਾਈ ਦੇ ਪੈਸੇ ਦੁਕਾਨਦਾਰ ਦੇ ਸਕੈਨਰ ਵਿੱਚ ਪਾ ਦਿੱਤੇ। ਕੱਲ੍ਹ ੳਹ ਹੋਰ ਸਮਾਨ ਲੈਣ ਗਿਆ ਤਾਂ ਅੱਗ ਭਬੂਕਾ ਹੋਇਆ ਦੁਕਾਨਦਾਰ ਆਖਣ ਲੱਗਾ, “ਪਹਿਲਾਂ ਪਿਛਲੇ ਪੈਸੇ ਦੇ ਕੇ ਜਾਓ। ਇਹ ਤੁਹਾਡੇ ਮਾਮੇ ਦੀ ਦੁਕਾਨ ਹੈ?” ... ਤੇ ਹੋਰ ਪਤਾ ਨਹੀਂ ਕਿੰਨਾ ਕੁਝ ਉਹ ਦੁਕਾਨਦਾਰ ਬੋਲਿਆ। ਜਦੋਂ ਭਰਾ ਨੇ ਉਸਨੂੰ ਸਕੈਨਰ ਦੀ ਫੋਟੋ ਵਿਖਾਈ ਤਾਂ ਉਹ ਦੁਕਾਨਦਾਰ ਸ਼ਰਮਿੰਦਾ ਹੋ ਗਿਆ ਅਤੇ ਮੁਆਫੀ ਮੰਗਣ ਲੱਗਾ। ਮੇਰੇ ਭਰਾ ਨੇ ਉਸਦੀ ਇੱਕ ਨਾ ਸੁਣੀ ਤੇ ਹਮੇਸ਼ਾ ਲਈ ਉਸਦੀ ਦੁਕਾਨ ਉੱਪਰ ਨਾ ਜਾਣ ਦਾ ਫੈਸਲਾ ਕਰ ਲਿਆ। ਸਿਆਣਿਆ ਆਖਿਆ ਹੈ ਕਿ ਤੀਰ ਕਮਾਨ ਵਿੱਚੋਂ ਅਤੇ ਬੋਲ ਜ਼ਬਾਨ ਵਿੱਚੋਂ ਨਿਕਲਿਆ ਵਾਪਸ ਨਹੀਂ ਮੁੜਦਾ।”
ਮੈਂ ਉਸਦੇ ਬੋਲਾਂ ਤੋਂ ਪਿੱਠ ਪਿੱਛੇ ਹੋਈ ਵਾਰਤਾ ਦਾ ਨਿਚੋੜ ਕੱਢ ਲਿਆ ਸੀ ਪਰ ਭੁਲੇਖਾ ਮੈਨੂੰ ਲੱਗਾ ਸੀ। ਇਸ ਵਿੱਚ ਉਨ੍ਹਾਂ ਦਾ ਕੋਈ ਦੋਸ਼ ਨਹੀਂ ਸੀ। ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਕੇ ਪੀਂਦਾ ਹੈ। ਮੈਂ ਪੈਸੇ ਅਦਾ ਕੀਤੇ ਤੇ ਘਰ ਵੱਲ ਚੱਲ ਪਿਆ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































