KuldipSinghPatiala7ਬੋਕਾਰੋ ਅਤੇ ਭਿਲਾਈ ਵਰਗੇ ਸ਼ਹਿਰਾਂ ਵਿੱਚ ਸੈਂਕੜੇ ਨਿਰਦੋਸ਼ ਸਿੱਖਾਂ ਨੂੰ ਤਮਾਸ਼ਬੀਨ ਬਣ ਕੇ ਖੜ੍ਹੇ ...
(5 ਜਨਵਰੀ 2026)


ਅਰੰਭ ਵਿੱਚ ਹੀ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਵਾਪਰੇ ਜਿਸ ਸਿੱਖ ਵਿਰੋਧੀ ਕਤਲੇਆਮ ਦੀ ਮੈਂ ਗੱਲ ਕਰਨ ਲੱਗਾ ਹਾਂ, ਉਸਦੇ ਲਈ ਮੈਂ ਹੁਣ ਕਿਸੇ ਖ਼ਾਸ ਪਾਰਟੀ
, ਫਿਰਕੇ ਜਾਂ ਵਿਅਕਤੀ ਨੂੰ ਦੋਸ਼ ਦੇਣਾ ਬੰਦ ਕਰ ਚੁੱਕਾ ਹਾਂ। ਪਿਛਲੇ ਚਾਲੀ ਸਾਲਾਂ ਵਿੱਚ ਮੈਂ ਇਸ ਬਾਬਤ ਜੋ ਕੁਝ ਵੀ ਦੇਖਿਆ, ਸੁਣਿਆ ਜਾਂ ਹੰਢਾਇਆ ਹੈ, ਉਸਦੇ ਰਾਹੀਂ ਇਹ ਨਿਚੋੜ ਕੱਢ ਚੁੱਕਾ ਹਾਂ ਕਿ ਅਸਲ ਵਿੱਚ ਇਸ ਦੇਸ਼ ਦਾ ਸਾਰਾ ਸਿਸਟਮ ਮੁੱਢੋਂ ਹੀ ਬੱਦੂ ਹੈ। ਸਦੀਆਂ ਤੋਂ ਪੱਥਰ ਪੂਜ ਪੂਜ ਕੇ ਇੱਥੋਂ ਦੇ ਬਹੁਤਾਤ ਵਸਨੀਕ ਅਸਲੋਂ ਹੀ ਪੱਥਰ ਹੋ ਚੁੱਕੇ ਹਨ, ਬੱਸ ਇਨ੍ਹਾਂ ਦੇ ਕਲਬੂਤ ਹੀ ਸਾਨੂੰ ਇਨ੍ਹਾਂ ਦੇ ਜਿਊਂਦਿਆਂ ਹੋਣ ਦਾ ਭੁਲੇਖਾ ਪਾਉਂਦੇ ਰਹਿੰਦੇ ਹਨ। ਮੇਰੇ ਦਿਲ ਦੀ ਇਹ ਹੂਕ ਲੋਕਤੰਤਰ ਦੇ ਥੰਮ੍ਹ ਅਖਵਾਉਣ ਵਾਲੇ ਅਜਿਹੇ ਪੱਥਰ ਬਿਰਤੀ ਵਾਲੇ ਜ਼ਮੀਰਫਰੋਸ਼ਾਂ ਲਈ ਹੀ ਹੈ, ਜਿਹੜੇ ਸਭ ਕੁਝ ਦੇਖ ਸੁਣ ਕੇ ਵੀ ਅੱਜ ਤਕ ਮਚਲੇ ਬਣੇ ਹੋਏ ਹਨ। ਇੰਨਾ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਉਨ੍ਹਾਂ ਨੇ ਕਦੇ ਇਸ ਕਤਲਕਾਂਡ ਦੀ ਸਚਾਈ ਨੂੰ ਮਨੁੱਖੀ ਆਧਾਰ ’ਤੇ ਉਜਾਗਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਹਾਂ, ਕੁਝ ਕੁ ਉਂਗਲਾਂ ’ਤੇ ਗਿਣੇ ਜਾ ਸਕਣ ਵਾਲੇ ਅਜਿਹੇ ਸੱਜਣ ਜ਼ਰੂਰ ਹੋਣਗੇ, ਜਿਨ੍ਹਾਂ ਦੇ ਅੰਦਰ ਮਨੁੱਖਤਾ ਜੀਵਤ ਹੋਵੇਗੀ ਅਤੇ ਉਹ ਉਦੋਂ ਵੀ ਤੇ ਹੁਣ ਵੀ ਇਸ ਕਤਲੇਆਮ ਦੇ ਮੰਜ਼ਰ ਨੂੰ ਦੇਖ, ਸੁਣ, ਪੜ੍ਹ ਕੇ ਜ਼ਰੂਰ ਕੁਰਲਾਉਂਦੇ ਹੋਣਗੇ।

ਇਸ ਤੱਥ ਤੋਂ ਤਾਂ ਸਾਰੇ ਜਾਣੂ ਹਨ ਕਿ ਚਾਲੀ ਸਾਲ ਪਹਿਲਾਂ ਭਾਰਤ ਦੀ ਪ੍ਰਧਾਨ ਮੰਤਰੀ ਦੇ ਕਤਲ ਤੋਂ ਬਾਅਦ ਅਖੌਤੀ ਆਧੁਨਿਕ ਦੇਸ਼ ਦੇ ਕਈ ਸ਼ਹਿਰਾਂ ਵਿੱਚ ਇਸੇ ਦੇਸ਼ ਦੇ ਉਨ੍ਹਾਂ ਹਜ਼ਾਰਾਂ ਨਿਰਦੋਸ਼ ਨਾਗਰਿਕਾਂ ਨੂੰ ਵੀ ਸ਼ਰੇਆਮ ਦਿਨ ਦਿਹਾੜੇ ਕਤਲ ਕਰਕੇ ਲਾਸ਼ਾਂ ਵਿੱਚ ਬਦਲ ਦਿੱਤਾ ਗਿਆ ਸੀ, ਜਿਨ੍ਹਾਂ ਦਾ ਇਸ ਕਤਲ ਵਿੱਚ ਕੋਈ ਹੱਥ ਹੀ ਨਹੀਂ ਸੀ। ਨਿਰਦੋਸ਼ ਸ਼ਹਿਰੀਆਂ ਦੇ ਇਹ ਕਤਲ ਕਿਸੇ ਉਜਾੜ, ਬੀਆਬਾਨ ਨਿਰਜਨ ਥਾਂਵਾਂ ’ਤੇ ਨਹੀਂ ਸਨ ਹੋਏ। ਰਾਜਧਾਨੀ ਦਿੱਲੀ ਦੀਆਂ ਅਤਿ ਰੁੱਝੀਆਂ ਹੋਈਆਂ ਸੜਕਾਂ ’ਤੇ ਦਿਨ ਦੀਵੀਂ ਸੈਂਕੜੇ ਲੋਕ ਗਲਾਂ ਵਿੱਚ ਟਾਇਰ ਪਾ ਕੇ ਜਿਊਂਦੇ ਸਾੜ ਦਿੱਤੇ ਗਏ ਸਨ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਚਾਲੀ ਸਾਲ ਬਾਅਦ ਵੀ ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ, ਬਾਕੀ ਦੇ ਕਾਤਲ ਕਿਸੇ ਨੇ ਦੇਖੇ ਜਾਂ ਪਛਾਣੇ ਹੀ ਨਹੀਂ। ਹਾਲਾਂਕਿ ਸਰਕਾਰ ਦੇ ਆਪਣੇ ਅੰਕੜੇ ਦਿੱਲੀ ਵਿੱਚ ਹੀ 2733 ਕਤਲਾਂ ਦੀ ਪੁਸ਼ਟੀ ਕਰਦੇ ਹਨ।

ਬੋਕਾਰੋ ਅਤੇ ਭਿਲਾਈ ਵਰਗੇ ਸ਼ਹਿਰਾਂ ਵਿੱਚ ਸੈਂਕੜੇ ਨਿਰਦੋਸ਼ ਸਿੱਖਾਂ ਨੂੰ ਤਮਾਸ਼ਬੀਨ ਬਣ ਕੇ ਖੜ੍ਹੇ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਕਾਰਖਾਨਿਆਂ ਦੀਆਂ ਦਗਦੀਆਂ ਹੋਈਆਂ ਲੋਹਾ ਪਿਘਲਾਉਣ ਵਾਲੀਆਂ ਭੱਠੀਆਂ ਦੇ ਵਿੱਚ ਸੁੱਟ ਦਿੱਤਾ ਗਿਆ। ਕਹਿਰ ਸਾਈਂ ਦਾ, ਇਹ ਕਾਰਾ ਕਰਨ ਵਾਲੇ ਕਿਸੇ ਨੂੰ ਨਜ਼ਰ ਤਕ ਨਹੀਂ ਆਏ, ਅੱਜ ਤਕ ਇਨ੍ਹਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ, ਕਿਸੇ ਨੂੰ ਸਜ਼ਾ ਹੋਣੀ ਤਾਂ ਬੜੀ ਦੂਰ ਦੀ ਗੱਲ ਹੈ।

ਦੇਸ਼ ਦੇ ਕਈ ਹਿੱਸਿਆਂ ਵਿੱਚ ਚਲਦੀਆਂ ਹੋਈਆਂ ਰੇਲ ਗੱਡੀਆਂ ਵਿੱਚੋਂ ਲਾਹ ਕੇ ਕਈ ਸਿੱਖ ਵਿਅਕਤੀਆਂ ਦੇ ਸਿਰਾਂ ਉੱਤੇ ਲੋਹੇ ਦੀਆਂ ਰਾਡਾਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਰ ਇਹ ਖ਼ੌਫਨਾਕ ਮੰਜ਼ਰ ਵੀ ਨਾ ਕਿਸੇ ਨਾਲ ਦੇ ਮੁਸਾਫਰ ਨੂੰ ਦਿਸਿਆ ਅਤੇ ਨਾ ਹੀ ਸਟੇਸ਼ਨ ਸਟਾਫ ਵਿੱਚੋਂ ਕਿਸੇ ਇਨਸਾਨੀ ਅੱਖ ਦੀ ਨਜ਼ਰੀਂ ਆਇਆ। ਵਿਚਾਰਾ ਭਾਰਤੀ ਨਿਆਂਤੰਤਰ ਅੱਜ ਤਕ ਉਨ੍ਹਾਂ ਕਾਤਲਾਂ ਦੀ ਪਛਾਣ ਹੀ ਨਹੀਂ ਕਰ ਸਕਿਆ।

ਕਾਨਪੁਰ ਸਣੇ ਯੂ ਪੀ ਦੇ ਕਈ ਸ਼ਹਿਰਾਂ ਵਿੱਚ ਅਨੇਕ ਨਿਰਦੋਸ਼ ਸਿੱਖਾਂ ਨੂੰ ਬੁਰੀ ਤਰ੍ਹਾਂ ਤੜਫਾ ਤੜਫਾ ਕੇ ਮੌਤ ਦੇ ਮੂੰਹ ਵਿੱਚ ਸੁੱਟ ਦਿੱਤਾ ਗਿਆ। ਪਰ ਇਨ੍ਹਾਂ ਕਾਤਲ ਚਿਹਰਿਆਂ ਵਿੱਚੋਂ ਵੀ ਕਿਸੇ ਦੀ ਪਛਾਣ ਨਹੀਂ ਹੋ ਸਕੀ, ਇਸ ਕਰਕੇ ਇੱਥੇ ਵੀ ਕੋਈ ਸਜ਼ਾ ਦਾ ਭਾਗੀ ਨਹੀਂ ਬਣਿਆ। ਇੱਥੋਂ ਤਕ ਕਿ ਲੋਕਤੰਤਰ ਦੇ ਚਾਰ ਥੰਮ੍ਹ ਹੋਣ ਦਾ ਦਾਅਵਾ ਕਰਨ ਵਾਲੇ ਵਿਧਾਨਪਾਲਿਕਾ, ਕਾਰਜਪਾਲਿਕਾ, ਨਿਆਂਪਾਲਿਕਾ ਅਤੇ ਮੀਡੀਆ ਦੇ ਬਹੁਤੇ ਹਿੱਸੇ ਨੂੰ ਵੀ ਅਜਿਹਾ ਸਮੂਹਿਕ ‘ਨਸਲ ਬਲਾਈਂਡਨੈੱਸ’ ਹੋ ਗਿਆ ਕਿ ਉਹ ਵੀ ਅਜਿਹੇ ਘਿਨਾਉਣੇ ਕਤਲ ਕਰਨ ਵਾਲੇ ਜੱਲਾਦਾਂ ਦੀ ਪੈੜ ਨਹੀਂ ਨੱਪ ਸਕੇ।

ਰਾਜਧਾਨੀ ਵਿੱਚ ਹੀ ਸਥਿਤ ਸੁਪਰੀਮ ਕੋਰਟ ਦੇ ਕਿਸੇ ਜੱਜ ਨੇ ਵੀ ਨਾ ਇਹ ਕਤਲ ਹੁੰਦੇ ਵੇਖੇ ਤੇ ਨਾ ਹੀ ਕਾਤਲਾਂ ਦੀ ਪਛਾਣ ਹੋ ਸਕੀ। ਹਾਲਾਂਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਂਗ ਇਨ੍ਹਾਂ ਨੂੰ ਮਾਰੇ ਗਏ ਨਿਰਦੋਸ਼ਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਨੂੰ ਮੰਨਣਾ ਪਿਆ। ਇਸ ਤਰ੍ਹਾਂ ਇਹ ਅਸਿੱਧੇ ਰੂਪ ਵਿੱਚ ਇਨ੍ਹਾਂ ਕਤਲਾਂ ਦੀ ਸਚਾਈ ਨੂੰ ਮੰਨਣ ਲਈ ਮਜਬੂਰ ਹੋ ਗਏ।

ਕੋਈ ਵੀ ਸੁਹਿਰਦਤਾ ਨਾਲ ਜਦੋਂ ਇਸ ਕਤਲ ਕਾਂਡ ਦੇ ਇਨ੍ਹਾਂ ਤੱਥਾਂ ਨੂੰ ਘੋਖਦਾ ਹੈ ਤਾਂ ਹੈਰਾਨ ਜ਼ਰੂਰ ਹੁੰਦਾ ਹੈ ਕਿ ਇਨ੍ਹਾਂ ਕਾਤਲਾਂ ਨੂੰ ਅਜਿਹੀਆਂ ਕਿਹੜੀਆਂ ਜਾਦੂਈ ਪੁਸ਼ਾਕਾਂ ਮੁਹਈਆ ਕਰਵਾਈਆਂ ਗਈਆਂ ਸਨ ਕਿ ਦੇਸ਼ ਭਰ ਵਿੱਚ ਹਿੰਸਾ ਦਾ ਨੰਗਾ ਨਾਚ ਨੱਚਣ ਮਗਰੋਂ ਵੀ ਇਹ ਕਿਸੇ ਮਨੁੱਖੀ ਅੱਖ ਦੀ ਪਕੜ ਵਿੱਚ ਨਹੀਂ ਆ ਸਕੇ।

ਜ਼ਿਕਰਯੋਗ ਹੈ ਕਿ ਜਰਮਨੀ ਵਰਗੇ ਮੁਲਕ ਨੇ ਦੂਜੀ ਸੰਸਾਰ ਜੰਗ ਦੇ ਖ਼ਾਤਮੇ ਤੋਂ ਬਾਅਦ ਯਹੂਦੀਆਂ ਉੱਤੇ ਤਸ਼ੱਦਦ ਢਾਹੁਣ ਵਾਲੇ ਹਰੇਕ ਨਾਜ਼ੀ ਸਮਰਥਕ ਨੂੰ ਬਿਗਾਨੇ ਮੁਲਕਾਂ ਵਿੱਚੋਂ ਵੀ ਲੱਭ ਲੱਭ ਕੇ, ਉਨ੍ਹਾਂ ਦੇ ਅੰਜਾਮ ਤਕ ਪਹੁੰਚਾ ਕੇ ਇੱਕ ਮਿਸਾਲ ਕਾਇਮ ਕਰ ਵਿਖਾਈ ਪਰ ਦੂਜੇ ਪਾਸੇ ਵਿਸ਼ਵ ਗੁਰੂ ਦੇ ਦਾਅਵੇ ਕਰਨ ਵਾਲਾ ਮੁਲਕ ਇਸ ਸ਼ਰਮਨਾਕ ਹੱਦ ਤਕ ਗਰਕਿਆ ਹੋਇਆ ਹੈ ਕਿ ਇਸੇ ਦੇਸ਼ ਵਿੱਚ ਦਨਦਨਾ ਰਹੇ ਇਨ੍ਹਾਂ ਮਨੁੱਖਤਾ ਦੇ ਕਾਤਲਾਂ ਨੂੰ ਆਪਣੀ ਬੁੱਕਲ ਵਿੱਚ ਹੀ ਲੁਕੋ ਕੇ ਬੈਠਾ ਹੈ। ਕੋਈ ਵੱਡੀ ਗੱਲ ਨਹੀਂ ਕਿ ਇਨ੍ਹਾਂ ਕਾਤਲਾਂ ਵਿੱਚ ਸ਼ਾਮਲ ਕਈ ਲੋਕ ਤਾਉਮਰ ਸਰਕਾਰੀ ਨੌਕਰੀਆਂ ਦਾ ਅਨੰਦ ਵੀ ਮਾਣਦੇ ਰਹੇ ਹੋਣ। ਨਹੀਂ ਤਾਂ ਕੀ ਕਾਰਨ ਹੈ ਕਿ ਦੇਸ਼ ਦੀ ਨਿਆਂ ਪ੍ਰਣਾਲੀ ਦਸ ਹਜ਼ਾਰ ਦੇ ਕਰੀਬ ਨਿਰਦੋਸ਼ ਸ਼ਹਿਰੀਆਂ ਦੇ ਕਤਲ ਕਾਂਡ ਵਿੱਚ ਚਾਲੀ ਸਾਲ ਵਿੱਚ ਸੌ ਕਾਤਲ ਵੀ ਪਛਾਣ ਕੇ ਜੇਲ੍ਹ ਵਿੱਚ ਨਹੀਂ ਡੱਕ ਸਕੀ।

ਹਰ ਸ਼ਹਿਰ ਦੀ ਹਰ ਘਟਨਾ ਵਿੱਚ ਆਪਣੇ ਹੀ ਦੇਸ਼ ਦੇ ਉਨ੍ਹਾਂ ਮਾਸੂਮ ਨਾਗਰਿਕਾਂ ਨੂੰ ਕੋਹਿਆ ਗਿਆ ਜੋ ਕਿ ਆਪਣੇ ਰਹਿਣ ਸਹਿਣ, ਆਪਣੇ ਸਰੂਪ ਅਤੇ ਆਪਣੀ ਬੋਲੀ ਦੇ ਕਾਰਨ ਸੌਖਿਆਂ ਹੀ ਕਾਤਲਾਂ ਦਾ ਨਿਸ਼ਾਨਾ ਬਣ ਸਕੇ। ਇਨ੍ਹਾਂ ਨਿਰਦੋਸ਼ਾਂ ਵਿੱਚ ਦੁੱਧ ਪੀਂਦੇ ਬੱਚਿਆਂ ਤੋਂ ਲੈਕੇ ਨਿਹੱਥੇ ਬੰਦੇ, ਜ਼ਨਾਨੀਆਂ ਅਤੇ ਬਜ਼ੁਰਗ ਵੀ ਸ਼ਾਮਲ ਸਨ, ਜਿਨ੍ਹਾਂ ਨੂੰ ਮਾਰਨ ਤੋਂ ਪਹਿਲਾਂ ਅਣਮਨੁੱਖੀ ਤਸੀਹੇ ਦੇ ਕੇ ਤੜਫਾਇਆ ਗਿਆ।

ਇਨ੍ਹਾਂ ਸਾਰੀਆਂ ਘਟਨਾਵਾਂ ਵਿੱਚ ਕਾਤਲਾਂ ਦੇ ਜ਼ੁਲਮਾਂ ਦਾ ਇੱਕੋ ਜਿਹਾ ਡੰਗ-ਤਰੀਕਾ ਜ਼ਾਹਰ ਕਰਦਾ ਸੀ ਕਿ ਇਹ ਕੋਈ ਵਿੱਕੋਲਿੱਤਰੀਆਂ ਘਟਨਾਵਾਂ ਨਹੀਂ ਬਲਕਿ ਯੋਜਨਾਬੱਧ ਕਤਲਕਾਂਡ ਸੀ। ਫੇਰ ਵੀ ਦੇਸ਼ ਦਾ ਸਾਰਾ ਸਿਸਟਮ ਇਨ੍ਹਾਂ ਮਨੁੱਖੀ ਭੇੜੀਆਂ ਨੂੰ ਬਚਾਉਣ ਲਈ ਪੂਰਾ ਤਾਣ ਲਾ ਕੇ ਜੁਟਿਆ ਰਿਹਾ। ਬਲਕਿ ਇਉਂ ਕਹੀਏ ਕਿ ਹੁਣ ਤਕ ਵੀ ਸਧਾਰਨ ਨਾਗਰਿਕ ਤੋਂ ਲੈਕੇ ਰਾਜਪ੍ਰਬੰਧ ਦੇ ਬਾਕੀ ਅੰਗ ਤਕ ਕਤਲ ਕਾਂਡ ਦੀ ਸਚਾਈ ਤੋਂ ਮੁਨਕਰ ਹੁੰਦਿਆਂ ਕਾਤਲਾਂ ਦੀ ਪਛਾਣ ’ਤੇ ਪੜਦਾ ਪਾਉਣ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਮੈਨੂੰ ਤਾਂ ਇਹ ਲਗਦਾ ਹੈ ਕਿ ਸ਼ਾਇਦ ਕਾਤਲ ਕਿਸੇ ਹੋਰ ਧਰਤੀ ਤੋਂ ਆਏ, ਕਿਸੇ ਹੋਰ ਸ਼ਕਲ ਸੂਰਤ ਵਾਲੇ ਪ੍ਰਾਣੀ ਸਨ। ਤਾਂਹੀਉਂ ਇੰਨੇ ਵੱਡੇ ਪੱਧਰ ਦੇ ਕਤਲ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਪੀੜਿਤਾਂ ਤੋਂ ਬਿਨਾਂ ਨਾ ਤਾਂ ਕਿਸੇ ਹੋਰ ਭਾਰਤੀ ਨਾਗਰਿਕ ਨੇ ਉਨ੍ਹਾਂ ਨੂੰ ਦੇਖਿਆ, ਨਾ ਪਛਾਣਿਆ ਅਤੇ ਨਾ ਹੀ ਗਵਾਹੀ ਦੇਣ ਲਈ ਤਿਆਰ ਹੋਇਆ। ਇਸੇ ਕਾਰਨ ਲੰਮੇ ਅਰਸੇ ਤੋਂ ਇਹ ਕਤਲ ਕਾਂਡ ਅੱਜ ਤਕ ਅਣਸੁਲਝਿਆ ਹੀ ਬਣਿਆ ਹੋਇਆ ਹੈ। ਇਸਦੇ ਪਿਛਲੇ ਚਿਹਰੇ ਅੱਜ ਤਕ ਨੰਗੇ ਨਹੀਂ ਕੀਤੇ ਜਾ ਸਕੇ। ਹੋ ਸਕਦਾ ਹੈ ਕਿ ਅੱਜ ਦੀ ਪੀੜ੍ਹੀ ਨੂੰ ਇਹ ਗੱਲਾਂ ਭਰੋਸੇਯੋਗ ਨਾ ਲੱਗ ਰਹੀਆਂ ਹੋਣ ਪਰ ਇਹ ਇਸ ਦੇਸ਼ ਦੀ ਕੌੜੀ ਸਚਾਈ ਹੈ।

ਦੁਨੀਆ ਮੰਨੇ ਜਾਂ ਨਾ ਮੰਨੇ ਪਰ ਭਾਰਤ ਦੀ ਨਿਆਂ-ਪ੍ਰਣਾਲੀ ਨੇ ਸਾਬਤ ਕਰ ਦਿੱਤਾ ਹੈ ਕਿ ਇਸ ਦੇਸ਼ ਵਿੱਚ 1 ਨਵੰਬਰ ਤੋਂ 3 ਨਵੰਬਰ 1984 ਤਕ ਏਲੀਅੰਸ ਦਾ ਆਵਾਗਮਨ ਹੋਇਆ ਸੀ ਜਿਹੜੇ ਕਿ ਹਜ਼ਾਰਾਂ ਨਿਰਦੋਸ਼ ਸ਼ਹਿਰੀਆਂ ਨੂੰ ਵਹਿਸ਼ੀਆਂ ਵਾਂਗ ਕਤਲ ਕਰ ਕੇ ਸ਼ਾਇਦ ਵਾਪਸ ਦੂਰ ਦੁਰਾਡੇ ਅਜਿਹੇ ਗ੍ਰਹਿਆਂ ’ਤੇ ਚਲੇ ਗਏ, ਜਿਹੜੇ ਭਾਰਤ ਦੀ ਨਿਆਂ-ਪ੍ਰਣਾਲੀ ਦੇ ਦਾਇਰੇ ਤੋਂ ਬਾਹਰ ਹਨ। ਭਾਰਤ ਦਾ ਨਿਰਬਲ ਰਾਜ ਪ੍ਰਬੰਧ ਵੀ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਿਆ ਅਤੇ ਉਨ੍ਹਾਂ ਦੇ ਅੱਗੇ ਦੰਡਵਤ ਸੁਰੈਂਡਰ ਕਰਨ ਲਈ ਮਜਬੂਰ ਹੋ ਗਿਆ।

ਲਾਹਨਤ ਹੈ ਅਜਿਹੇ ਰਾਜਪ੍ਰਬੰਧ ਅਤੇ ਇਸਦੇ ਬਾਕੀ ਅੰਗਾਂ ’ਤੇ।

ਮੁੱਦਤੇਂ ਬੀਤ ਗਈ ਹੈਂ ਇਸ ਰੰਜੋ ਗ਼ਮ ਕੋ ਸਹਿਤੇ ਹੂਏ।
ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)

About the Author

ਕੁਲਦੀਪ ਸਿੰਘ ਪਟਿਆਲਾ

ਕੁਲਦੀਪ ਸਿੰਘ ਪਟਿਆਲਾ

Patiala, Punjab, India.
Whatsapp (91 - 90412 - 63401)
Email: (kul455psingh@gmail.com)