“ਕੁਝ ਕੁ ਮਿੰਟ ਪਿੱਛੋਂ ਓਮਪਾਲ ਨੇ ਆ ਕੇ ਸਾਨੂੰ ਚੁੱਪ ਚੁਪੀਤੇ ਅੰਦਰ ਬੈਠੇ ਰਹਿਣ ਦੀ ਹਦਾਇਤ ...”
(24 ਦਸੰਬਰ 2025)
ਓਮਪਾਲ ਸਾਡੇ ਪਰਿਵਾਰ ਦਾ ਅਨਿੱਖੜਵਾਂ ਹਿੱਸਾ ਸੀ। ਮੈਂ ਜਦੋਂ ਤੋਂ ਹੋਸ਼ ਸੰਭਾਲਿਆ ਆਪਣੇ ਘਰ ਦੇ ਹਰ ਕੰਮ ਵਿੱਚ ਉਸਦੀ ਸ਼ਿਰਕਤ ਨੂੰ ਮਹਿਸੂਸ ਕਰਨ ਲੱਗ ਪਿਆ ਸੀ। ਉਹ ਮੇਰੇ ਪਿਤਾ ਜੀ ਨੂੰ ਚਾਚਾ ਕਹਿੰਦਾ ਸੀ ਤੇ ਮੰਮੀ ਨੂੰ ਬੀਬੀ। ਦੂਜੇ ਪਾਸੇ ਅਸੀਂ ਸਾਰੇ ਬੱਚੇ ਉਸਨੂੰ ਚਾਚਾ ਕਹਿੰਦੇ ਸਾਂ, ਜਿਸ ਕਰਕੇ ਉਹ ਅਕਸਰ ਚਿੜ੍ਹ ਜਾਂਦਾ ਤੇ ਸਾਨੂੰ ਉਸਨੂੰ ਭਾਈ ਸਾਹਿਬ ਜਾਂ ਭਈਆ ਸੰਬੋਧਨ ਕਰਨ ਲਈ ਕਿਹਾ ਕਰਦਾ ਸੀ।
ਪਾਕਿਸਤਾਨ ਤੋਂ ਉੱਜੜ ਕੇ ਮੇਰੇ ਦਾਦਾ ਜੀ ਅਤੇ ਪਿਤਾ ਜੀ ਕਈ ਥਾਈਂ ਭਟਕਦੇ ਹੋਏ ਆਖਰਕਾਰ ਦਿੱਲੀ ਦੀ ਇੱਕ ਬੇਤਰਤੀਬ ਵਸੀ ਹੋਈ ਕਲੋਨੀ ਬਲਜੀਤ ਨਗਰ ਵਿਖੇ ਆ ਟਿਕੇ ਸਨ। ਉੱਥੇ ਹੀ ਨਾਲ ਵਾਲੇ ਗੁਆਂਢੀ ਦਇਆ ਰਾਮ ਨਾਂ ਦੇ ਹਰਿਆਣਵੀ ਜਾਟ ਨਾਲ ਉਨ੍ਹਾਂ ਦੀ ਅਜਿਹੀ ਦੋਸਤੀ ਕਾਇਮ ਹੋ ਗਈ ਜਿਹੜੀ ਕਿ ਦਇਆ ਰਾਮ ਦੀ ਮੌਤ ਤਕ ਨਿਭਦੀ ਰਹੀ। ਓਮਪਾਲ ਦਇਆ ਰਾਮ ਦਾ ਜਵਾਈ ਸੀ ਜਿਹੜਾ ਕਿ ਉਮਰ ਵਿੱਚ ਮੇਰੇ ਤੋਂ 15-16 ਸਾਲ ਵੱਡਾ ਸੀ। ਉਹ ਮੂਲ ਰੂਪ ਵਿੱਚ ਮੇਰਠ ਦੇ ਕਿਸੇ ਪਿੰਡ ਦਾ ਜਾਟ ਸੀ, ਜਿਸਦੀ ਮਾਂ ਦੀ ਮੌਤ ਤੋਂ ਬਾਅਦ ਪਿਤਾ ਨੇ ਦੂਜਾ ਵਿਆਹ ਕਰ ਲਿਆ ਸੀ। ਬੇਹੱਦ ਗੁਸੈਲ ਸੁਭਾਅ ਦੇ ਓਮਪਾਲ ਦੀ ਜਦੋਂ ਦੂਜੀ ਮਾਂ ਨਾਲ ਨਾ ਬਣੀ ਤਾਂ ਉਹ ਪਿਉ ਨਾਲ ਲੜ ਝਗੜ ਕੇ ਦਿੱਲੀ ਭੱਜ ਆਇਆ ਤੇ ਇੱਥੇ ਦਾ ਹੀ ਹੋ ਕੇ ਰਹਿ ਗਿਆ।
ਐਮਰਜੈਂਸੀ ਦੇ ਕਾਲੇ ਦੌਰ ਵਿੱਚ 1976 ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਸੜਕ ਚੌੜੀ ਕਰਨ ਦੇ ਨਾਂ ਤੇ ਬਲਜੀਤ ਨਗਰ ਦੇ ਕੁਝ ਹਿੱਸੇ ਨੂੰ ਢਾਹੁਣ ਦੇ ਹੁਕਮ ਜਾਰੀ ਕਰ ਦਿੱਤੇ ਗਏ। ਇਨ੍ਹਾਂ ਹੁਕਮਾਂ ਦੀ ਜ਼ਦ ਵਿੱਚ ਕੋਨੇ ਵਾਲਾ ਹੋਣ ਕਾਰਨ ਪਹਿਲਾ ਮਕਾਨ + ਦੁਕਾਨ ਸਾਡਾ ਆਇਆ ਤੇ ਦੂਜਾ ਦਇਆ ਰਾਮ ਦਾ। ਇਸਦੇ ਬਦਲੇ ਵਿੱਚ ਸਾਨੂੰ 25-25 ਗਜ਼ ਦੇ ਪਲਾਟ ਅਲਾਟ ਕਰ ਦਿੱਤੇ ਗਏ। ਦਇਆ ਰਾਮ ਨੇ ਓਮਪਾਲ ਨੂੰ ਆਪਣਾ ਕਿਰਾਏਦਾਰ ਦਰਸਾ ਕੇ ਉਸਨੂੰ ਵੀ ਨਾਲ ਲਗਦਾ 25 ਗਜ਼ ਦਾ ਪਲਾਟ ਅਲਾਟ ਕਰਵਾ ਦਿੱਤਾ। ਇਸ ਤਰ੍ਹਾਂ ਜਨਵਰੀ 1977 ਵਿੱਚ ਅਸੀਂ ਬਾਹਰੀ ਦਿੱਲੀ ਦੀ ਇੱਕ ਸਲੱਮ ਬਸਤੀ ਸੁਲਤਾਨਪੁਰੀ ਦੇ ਕ੍ਰਮਵਾਰ F1, 313, 314 ਅਤੇ 315 ਨੰਬਰ ਕੁੱਕੜ-ਖੁੱਡਿਆਂ ਵਰਗੇ ਮਕਾਨਾਂ ਦੇ ਵਾਸੀ ਹੋ ਗਏ। ਦੁਕਾਨ ਦੇ ਬਦਲੇ 10 X 10 ਦਾ ਇੱਕ ਅੱਡ ਪਲਾਟ ਸ਼ਾਪਿੰਗ ਕੰਪਲੈਕਸ ਵਿੱਚ ਮਿਲ ਗਿਆ।
ਇਸ ਕਲੋਨੀ ਵਿੱਚ ਆ ਕੇ ਦੋਹਾਂ ਪਰਿਵਾਰਾਂ ਦਾ ਆਪਸੀ ਸਹਿਚਾਰ ਹੋਰ ਵਧ ਗਿਆ। ਦਇਆ ਰਾਮ ਦੀ ਘਰ ਵਾਲੀ ਦੀ ਮੌਤ ਹੋ ਚੁੱਕੀ ਸੀ ਤੇ ਉਸਦੇ ਦੋਵੇਂ ਮੁੰਡੇ ਪਿੰਡ ਰਹਿ ਕੇ ਆਪਣੀ ਘਰ ਗ੍ਰਹਿਸਥੀ ਵਿੱਚ ਹੀ ਮਸਤ ਸਨ। ਉਹ ਆਪ ਦਿੱਲੀ ਮਿਲਕ ਸਕੀਮ ਦੀ ਗੱਡੀ ’ਤੇ ਡਰਾਈਵਰ ਸੀ, ਜਿੱਥੇ ਓਮਪਾਲ ਖਲਾਸੀ ਦਾ ਕੰਮ ਕਰਦਾ ਸੀ। ਦਇਆ ਰਾਮ ਆਪਣੀ ਇਕੱਲੀ ਇਕੱਲੀ ਧੀ ਸ਼ੀਲਾ ਨੂੰ, ਜਿਹੜੀ ਕਿ ਕੋਰੀ ਅਨਪੜ੍ਹ ਸੀ, ਓਮਪਾਲ ਨਾਲ ਵਿਆਹ ਕੇ ਸੁਰਖ਼ਰੂ ਹੋ ਗਿਆ। ਸੁਲਤਾਨਪੁਰੀ ਆਉਣ ਤੋਂ ਦੋ ਕੁ ਸਾਲ ਬਾਅਦ ਹੀ ਦਇਆਰਾਮ ਦੀ ਮੌਤ ਹੋ ਗਈ ਤਾਂ ਉਸਦੇ ਮੁੰਡਿਆਂ ਨੇ ਦੂਜਾ ਮਕਾਨ ਵੀ ਓਮਪਾਲ ਦੇ ਹੀ ਹਵਾਲੇ ਕਰ ਦਿੱਤਾ। 25 ਗਜ਼ ਵਾਲੇ ਮਕਾਨਾਂ ਦੇ ਬਲਾਕ ਵਿੱਚ 50 ਗਜ਼ ਦਾ ਮਾਲਕ ਹੋ ਜਾਣ ਦੇ ਕਾਰਨ ਕਲੋਨੀ ਵਿੱਚ ਓਮਪਾਲ ਦੀ ਠੁੱਕ ਹੋਰ ਵਧ ਗਈ।
ਇਨ੍ਹਾਂ ਕੁਝ ਕੁ ਵਰ੍ਹਿਆਂ ਵਿੱਚ ਹੀ ਸ਼ੀਲਾ ਇੱਕ ਇੱਕ ਕਰਕੇ ਪੰਜ ਬੱਚਿਆਂ ਦੀ ਮਾਂ ਬਣ ਗਈ। ਓਮਪਾਲ ਤਾਂ ਸਾਰੀਆਂ ਬੇੜੀਆਂ ਡੋਬ ਕੇ ਆਇਆ ਹੋਇਆ ਸ਼ਖਸ ਸੀ। ਦੂਜੇ ਪਾਸੇ ਦਇਆ ਰਾਮ ਦੇ ਮਰਨ ਪਿੱਛੋਂ ਸ਼ੀਲਾ ਦਾ ਵੀ ਪੇਕਿਆਂ ਨਾਲ ਵਰਤੋਂ ਵਿਹਾਰ ਬਹੁਤ ਘਟ ਗਿਆ ਸੀ। ਸੋ ਉਸਦੇ ਹਰੇਕ ਜਣੇਪੇ ਵੇਲੇ ਮੇਰੇ ਮਾਤਾ ਜੀ ਨੇ ਨਾਨਕਿਆਂ ਵਾਲੇ ਫਰਜ਼ ਪੂਰੇ ਕੀਤੇ। ਇਸ ਤਰ੍ਹਾਂ ਦੋਵਾਂ ਪਰਿਵਾਰਾਂ ਦੇ ਸੰਬੰਧ ਇੰਨੇ ਗੂੜ੍ਹੇ ਹੋ ਗਏ ਕਿ ਬਾਕੀ ਲੋਕਾਂ ਲਈ ਹਊਆ ਮੰਨਿਆ ਜਾਣ ਵਾਲਾ ਓਮਪਾਲ ਜੇਕਰ ਚੋਰੀ ਚੋਰੀ ਬੀੜੀ ਪੀਂਦਾ ਹੋਇਆ ਮੰਮੀ ਨੂੰ ਦੇਖ ਲੈਂਦਾ ਤਾਂ ਝੱਟ ਕੰਨ ਫੜ ਲੈਂਦਾ ਸੀ।
ਪਿਓ ਦੀ ਮੌਤ ਤੋਂ ਓਮਪਾਲ ਨੇ ਮਤਰੇਏ ਭਰਾ ਨਾਲ ਵੀ ਲੜ ਝਗੜ ਕੇ ਪੁਸ਼ਤੈਨੀ ਜਾਇਦਾਦ ਵਿੱਚੋਂ ਹਿੱਸਾ ਵਸੂਲ ਲਿਆ। ਹੁਣ ਉਸਨੇ ਨੌਕਰੀ ਛੱਡ ਕੇ ਚਾਰ ਪੰਜ ਆਟੋ ਰਿਕਸ਼ਾ ਖਰੀਦ ਕੇ ਕਿਰਾਏ ’ਤੇ ਚਾੜ੍ਹ ਦਿੱਤੇ ਤੇ ਨਾਲ ਹੀ ਵਿਆਜੀ ਪੈਸੇ ਦੇਣ ਦਾ ਧੰਦਾ ਵੀ ਸ਼ੁਰੂ ਕਰ ਲਿਆ। ਇਸ ਧੰਦੇ ਵਿੱਚ ਉਹ ਅਕਸਰ ਲੋਕਾਂ ਕੋਲੋਂ ਕੋਈ ਨਾ ਕੋਈ ਚੀਜ਼ ਗਹਿਣੇ ਜ਼ਰੂਰ ਰੱਖਦਾ ਹੁੰਦਾ ਸੀ। ਕਲੋਨੀ ਵਿੱਚ ਜ਼ਿਆਦਾਤਰ ਘਰ ਸਾਂਸੀ, ਆਦਿਧਰਮੀ, ਸਿਕਲੀਗਰ ਅਤੇ ਰੈਗਰ ਪਰਿਵਾਰਾਂ ਦੇ ਹੀ ਸਨ। ਨਿੱਤ ਦਿਹਾੜੇ ਇੱਥੇ ਲੜਾਈ ਝਗੜੇ ਹੋਣੇ ਆਮ ਹੀ ਗੱਲ ਸੀ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਓਮਪਾਲ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗਾ ਤਾਂ ਉਸਨੇ ਲਾਇਸੰਸਸ਼ੁਦਾ ਰਿਵਾਲਵਰ ਵੀ ਰੱਖ ਲਿਆ। ਇਸਦੇ ਨਾਲ ਸੁਭਾਵਿਕ ਹੀ ਉਸਦੇ ਤੌਰ ਤਰੀਕੇ ਵਿੱਚ ਹੰਕਾਰ ਆ ਗਿਆ ਤੇ ਉਸਦਾ ਅਕਸ ਇੱਕ ਦਬੰਗ ਕਿਸਮ ਦੇ ਵਿਅਕਤੀ ਵਾਲਾ ਬਣ ਗਿਆ।
ਵਕਤ ਦੇ ਚਲਦੇ ਚੱਕਰ ਨਾਲ 31 ਅਕਤੂਬਰ 1984 ਦਾ ਉਹ ਦਿਹਾੜਾ ਆ ਗਿਆ ਜਦੋਂ ਦਿੱਲੀ ਵਿੱਚ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਮੇਰੇ ਪਿਤਾ ਜੀ, ਜਿਹੜੇ ਕਿ ਰੋਜ਼ੀ ਰੋਟੀ ਲਈ ਆਟੋ ਚਲਾਉਂਦੇ ਸੀ, ਉਸ ਦਿਨ ਸ਼ਾਮ ਨੂੰ ਛੇਤੀ ਹੀ ਘਰ ਆ ਗਏ। ਉਨ੍ਹਾਂ ਨੇ ਸਾਨੂੰ ਇਸ ਘਟਨਾ ਬਾਰੇ ਦੱਸ ਕੇ ਏਮਸ ਦੇ ਬਾਹਰ ਸਿੱਖਾਂ ’ਤੇ ਹੋਏ ਹਮਲਿਆਂ ਬਾਰੇ ਵੀ ਦੱਸਿਆ ਤੇ ਫਿਕਰਮੰਦੀ ਦੀ ਹਾਲਤ ਵਿੱਚ ਓਮਪਾਲ ਵੱਲ ਚਲੇ ਗਏ। ਕੁਝ ਕੁ ਮਿੰਟ ਪਿੱਛੋਂ ਓਮਪਾਲ ਨੇ ਆ ਕੇ ਸਾਨੂੰ ਚੁੱਪ ਚੁਪੀਤੇ ਅੰਦਰ ਬੈਠੇ ਰਹਿਣ ਦੀ ਹਦਾਇਤ ਦਿੱਤੀ ਤੇ ਸਾਡੇ ਬੂਹੇ ਨੂੰ ਬਾਹਰੋਂ ਤਾਲਾ ਲਾ ਦਿੱਤਾ। ਨਾਲ ਹੀ ਉਸਨੇ ਪਿਤਾ ਜੀ ਦਾ ਆਟੋ ਰੇੜ੍ਹ ਕੇ ਆਪਣੇ ਘਰ ਅੱਗੇ ਖਲੋਤੇ ਹੋਰ ਆਟੋਆਂ ਦੇ ਵਿਚਾਲੇ ਖੜ੍ਹਾ ਕਰ ਕੇ ਸੰਗਲ ਨਾਲ ਬੰਨ੍ਹ ਲਿਆ। ਉਹ ਰਾਤ ਅਤੇ ਅਗਲਾ ਦਿਨ (ਇੱਕ ਨਵੰਬਰ) ਅਸੀਂ ਸੱਤ ਜਣਿਆਂ ਨੇ ਇਸੇ ਤਰ੍ਹਾਂ ਦਹਿਸ਼ਤ ਦੇ ਸਾਏ ਹੇਠ ਕੱਟਿਆ। ਇੱਕ ਤਰੀਕ ਦੀ ਰਾਤ ਨੂੰ ਚੋਖਾ ਹਨੇਰਾ ਹੋਣ ਤੋਂ ਬਾਅਦ ਓਮਪਾਲ ਅਛੋਪਲੇ ਜਿਹੇ ਸਾਡੇ ਵੱਲ ਆਇਆ ਤੇ ਸਾਨੂੰ ਆਪਣੇ ਚੁਬਾਰੇ ਵਿੱਚ ਲੈ ਗਿਆ। ਉਸਦੇ ਮੱਥੇ ਉੱਤੇ ਪਈਆਂ ਤਿਉੜੀਆਂ ਦੱਸਦੀਆਂ ਸਨ ਕਿ ਉਹ ਸਾਡੀ ਸੁਰੱਖਿਆ ਪ੍ਰਤੀ ਬਹੁਤ ਚਿੰਤਤ ਸੀ।
ਉਸ ਸਮੇਂ ਪੂਰੀ ਕਲੋਨੀ ਵਿੱਚ ਉਸਦਾ ਇੱਕੋ ਇੱਕ ਅਜਿਹਾ ਮਕਾਨ ਸੀ ਜਿਸਦੀ ਦੂਜੀ ਮੰਜ਼ਿਲ ’ਤੇ ਜਾਣ ਵਾਸਤੇ ਵੀ ਪੌੜੀਆਂ ਹੈਗੀਆਂ ਸਨ। ਸਾਨੂੰ ਦੂਜੀ ਮੰਜ਼ਿਲ ਦੀ ਛੱਤ ਉੱਤੇ ਚਾੜ੍ਹ ਕੇ ਉਸਨੇ ਬੜੀ ਸਖ਼ਤੀ ਨਾਲ ਤਾਕੀਦ ਕੀਤੀ ਕਿ ਕਿਸੇ ਨੇ ਵੀ ਖੜ੍ਹੇ ਹੋਣ ਦੀ ਕੋਸ਼ਿਸ਼ ਨਹੀਂ ਕਰਨੀ, ਬਨੇਰਿਆਂ ਦੇ ਨਾਲ ਚੰਬੜ ਕੇ ਬੈਠੇ ਰਹਿਣਾ ਹੈ। ਜੇਕਰ ਕਿਸੇ ਨੂੰ ਹਾਜਤ ਜਾਣ ਦੀ ਵੀ ਲੋੜ ਪੈ ਜਾਵੇ ਤਾਂ ਛੱਤ ਉੱਤੇ ਰੀਂਗ ਕੇ ਹੀ ਜਾਣਾ ਹੈ। ਇਉਂ ਇੱਕ ਨਵੰਬਰ ਦੀ ਇਹ ਕਹਿਰੀ ਰਾਤ ਸਾਨੂੰ ਖੁੱਲ੍ਹੇ ਅਸਮਾਨ ਦੇ ਸਾਏ ਵਿੱਚ ਕੱਟਣੀ ਪਈ। ਓਮਪਾਲ ਦਾ ਪਰਿਵਾਰ ਲੁਕਦਾ ਲੁਕਾਉਂਦਾ ਸਾਨੂੰ ਰੋਟੀ ਵੀ ਫੜਾ ਗਿਆ ਜਿਹੜੀ ਅਜਿਹੇ ਹਾਲਾਤ ਵਿੱਚ ਮਸਾਂ ਹੀ ਸਾਡੇ ਸੰਘੋਂ ਲੱਥੀ। ਇੱਥੇ ਬੈਠਿਆਂ ਨੂੰ ਸਾਨੂੰ ਦੂਰ ਦੂਰ ਤਕ ਇਉਂ ਅੱਗ ਦੀਆਂ ਲਾਟਾਂ ਦਿਸਦੀਆਂ ਸਨ ਜਿਵੇਂ ਸਾਰੀ ਦਿੱਲੀ ਹੀ ਸੜਦੀ ਪਈ ਹੋਵੇ। ਸਾਡੀ ਆਪਣੀ ਗਲੀ ਵਿੱਚ ਵੀ ਰਹਿ ਰਹਿ ਕੇ ਚੀਖ ਚਿਹਾੜਾ ਮਚਦਾ ਰਿਹਾ। ਕਾਤਲਾਂ ਦਾ ਸੌਖਾ ਨਿਸ਼ਾਨਾ ਜ਼ਿਆਦਾਤਰ ਗ਼ਰੀਬ ਸਿਕਲੀਗਰ ਪਰਿਵਾਰ ਹੀ ਬਣੇ। ਇਨ੍ਹਾਂ ਦਰਿੰਦਿਆਂ ਦਾ ਇੱਕ ਹਜੂਮ ਸਾਡੇ ਘਰ ਨੂੰ ਸਾੜਨ ਲਈ ਵੀ ਆਇਆ। ਇਨ੍ਹਾਂ ਵਿੱਚੋਂ ਬਹੁਤੇ ਮਿਉਂਸੀਪਲ ਕਮੇਟੀ ਦੀਆਂ ਗੱਡੀਆਂ ਵਿੱਚ ਢੋ ਕੇ ਲਿਆਂਦੇ ਹੋਏ ਬਾਹਰਲੇ ਜ਼ਰਾਇਮ ਪੇਸ਼ਾ ਲੋਕ ਸਨ, ਜਿਨ੍ਹਾਂ ਦੇ ਨਾਲ ਸਿੱਖਾਂ ਦੇ ਘਰਾਂ ਦੀ ਸ਼ਨਾਖ਼ਤ ਕਰਨ ਲਈ ਇੱਕਾ ਦੁੱਕਾ ਸਥਾਨਕ ਗੁੰਡਾ ਅਨਸਰ ਵੀ ਸਨ। ਓਮਪਾਲ ਜਿਵੇਂ ਕਿਵੇਂ ਉਨ੍ਹਾਂ ਨੂੰ ਇਹ ਸਮਝਾਉਣ ਵਿੱਚ ਕਾਮਯਾਬ ਹੋ ਗਿਆ ਕਿ ਸਰਦਾਰ ਤਾਂ ਇਹ ਘਰ ਮੈਨੂੰ ਵੇਚ ਕੇ ਪਹਿਲਾਂ ਹੀ ਚਲੇ ਗਏ ਸਨ। ਲੁੱਟ ਮਾਰ ਅਤੇ ਅੱਗਜ਼ਨੀ ’ਤੇ ਉਤਾਰੂ ਇਹ ਦਰਿੰਦੇ ਭਾਵੇਂ ਕੋਈ ਕਾਰਾ ਕਰ ਕੇ ਜਾਣ ’ਤੇ ਹੀ ਉਤਾਰੂ ਸਨ ਪਰ ਸਥਾਨਕ ਚੋਰ ਉਚੱਕੇ ਸਿੱਧੇ ਤੌਰ ’ਤੇ ਓਮਪਾਲ ਨਾਲ ਨਹੀਂ ਸਨ ਉਲਝਣਾ ਚਾਹੁੰਦੇ। ਇਸ ਕਰਕੇ ਇਹ ਹਜੂਮ ਥੋੜ੍ਹੇ ਬਹੁਤ ਸ਼ੋਰ ਸ਼ਰਾਬੇ ਪਿੱਛੋਂ ਵਾਪਸ ਮੁੜ ਗਿਆ। ਓਮਪਾਲ ਸ਼ਾਇਦ ਅੰਦਰੋ ਅੰਦਰੀ ਦਰਿੰਦਿਆਂ ਦੇ ਇਸ ਹੱਲੇ ਤੋਂ ਡਰ ਗਿਆ ਸੀ। ਉਹ ਖ਼ੁਦ ਚਾਰ ਧੀਆਂ ਦਾ ਪਿਓ ਸੀ ਤੇ ਉਸਨੂੰ ਪਤਾ ਸੀ ਕਿ ਸਥਾਨਕ ਮੁਖ਼ਬਰ ਦੋਹਾਂ ਪਰਿਵਾਰਾਂ ਦੇ ਗੂੜ੍ਹੇ ਰਿਸ਼ਤਿਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਜੇਕਰ ਕਿਸੇ ਨੂੰ ਸਾਡੇ ਉਸਦੇ ਘਰ ਵਿੱਚ ਲੁਕੇ ਹੋਣ ਦੀ ਸੂਹ ਲੱਗ ਗਈ ਤਾਂ ਉਹ ਦੁਬਾਰਾ ਹੋਰ ਵੱਡਾ ਹਜੂਮ ਲਿਆ ਕੇ ਉਸਦਾ ਵੀ ਨੁਕਸਾਨ ਕਰ ਸਕਦੇ ਹਨ।
ਅਗਲੇ ਦਿਨ, ਦੋ ਨਵੰਬਰ ਨੂੰ ਓਮਪਾਲ ਨੇ ਸਾਨੂੰ ਇਹ ਆਖ ਕੇ ਆਪਣੇ ਘਰੋਂ ਜਾਣ ਲਈ ਕਹਿ ਦਿੱਤਾ ਕਿ ਹੁਣ ਕਰਫਿਊ ਲੱਗ ਗਿਆ ਹੈ, ਸਾਰੇ ਪਾਸੇ ਸੁੰਨਸਾਨ ਹੋ ਗਈ ਹੈ, ਹੁਣ ਕੋਈ ਵੀ ਹਜੂਮ ਨਹੀਂ ਆ ਸਕਦਾ, ਚੁੱਪ ਚੁਪੀਤੇ ਆਪਣੇ ਘਰ ਵਿੱਚ ਵੜ ਕੇ ਅੰਦਰੋਂ ਤਾਲੇ ਲਾ ਲਓ। ਪਰ ਜਿਵੇਂ ਹੀ ਅਸੀਂ ਆਪਣੇ ਘਰ ਵੜੇ ਪਤਾ ਨਹੀਂ ਕਿਧਰੋਂ ਬੇਗਿਣਤ ਦਰਿੰਦਿਆਂ ਨੇ ਸਾਨੂੰ ਘੇਰ ਲਿਆ। ਇਸ ਤੋਂ ਪਹਿਲਾਂ ਕਿ ਉਹ ਕੋਈ ਵੱਢ ਟੁੱਕ ਕਰਦੇ, ਕਿਸੇ ਨੇ ਇਹ ਅਫਵਾਹ ਫੈਲਾ ਦਿੱਤੀ ਕਿ ਫੌਜ ਦੀ ਇੱਕ ਟੁਕੜੀ ਇੱਧਰ ਨੂੰ ਆ ਰਹੀ ਹੈ। ਇਹ ਸੁਣ ਕੇ ਦਰਿੰਦਿਆਂ ਦੀ ਭੀੜ ਸਾਨੂੰ ਮਰਦ ਮੈਂਬਰਾਂ ਨੂੰ ਧੂਹ ਕੇ ਸਾਹਮਣੇ ਵਾਲੇ ਚੁਬਾਰੇ ਵਿੱਚ ਲੈ ਗਈ। ਉੱਥੇ ਸਾਡੇ ਕੇਸ ਕਤਲ ਕਰ ਕੇ, ਗਾਲ੍ਹਾਂ ਕੱਢਦੇ ਤੇ ਮੁੜ ਕੇ ਆਉਣ ਦੀਆਂ ਧਮਕੀਆਂ ਦਿੰਦੇ ਸਾਰੇ ਪਲੋ ਪਲੀ ਤਿਤਰ ਬਿਤਰ ਹੋ ਗਏ। ਹੁਣ ਆਪਣੇ ਘਰ ਰਹਿਣਾ ਸੁਰੱਖਿਅਤ ਨਾ ਸਮਝਦੇ ਹੋਏ ਪਿਤਾ ਜੀ ਸਾਨੂੰ ਆਟੋ ਵਿੱਚ ਬਿਠਾ ਕੇ ਪੁਲਿਸ ਥਾਣੇ ਲੈ ਗਏ। ਉੱਥੇ ਮਾਹੌਲ ਹੋਰ ਵੀ ਖਰਾਬ ਸੀ। ਪੁਲਿਸ ਵਾਲੇ ਸੁਰੱਖਿਆ ਦੀ ਆਸ ਲੈ ਕੇ ਉੱਥੇ ਪਹੁੰਚੇ ਪੀੜਿਤਾਂ ਨੂੰ ਨਾ ਸਿਰਫ ਧਮਕੀਆਂ ਦੇ ਰਹੇ ਸਨ ਬਲਕਿ ਉਨ੍ਹਾਂ ਦੀ ਸੁਰੱਖਿਆ ਕਰਨ ਤੋਂ ਸਾਫ ਇਨਕਾਰ ਕਰ ਰਹੇ ਸਨ। ਜਿਵੇਂ ਕਿਵੇਂ ਅਸੀਂ ਇੱਥੇ ਦੋ ਨਵੰਬਰ ਦੀ ਰਾਤ ਕੱਟੀ ਤੇ ਅਗਲੇ ਦਿਨ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਕੇ ਸ਼ਰਨ ਲੈ ਲਈ। ਘਰੋਂ ਆਉਣ ਤੋਂ ਪਹਿਲਾਂ ਪਿਤਾ ਜੀ ਨੇ ਘਰ ਦੀ ਚਾਬੀ ਫਿਰ ਓਮਪਾਲ ਦੇ ਸਪੁਰਦ ਕਰ ਦਿੱਤੀ। ਰਿਸ਼ਤੇਦਾਰ ਦੀ ਸਲਾਹ ਨੂੰ ਮੰਨ ਕੇ ਪਰਿਵਾਰ ਨੇ ਕੁਝ ਦਿਨ ਲਈ ਪੰਜਾਬ ਆਉਣ ਦਾ ਫੈਸਲਾ ਕਰ ਲਿਆ।
ਇੱਥੋਂ ਹੀ ਓਮਪਾਲ ਅਤੇ ਸਾਡੇ ਸੰਬੰਧਾਂ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋ ਗਿਆ। ਉਸ ਵੇਲੇ ਦੇ ਹਾਲਾਤ ਦੇਖ ਕੇ ਸ਼ਾਇਦ ਓਮਪਾਲ ਨੂੰ ਇਹ ਜਾਪਿਆ ਹੋਵੇ ਕਿ 1947 ਵਾਲੀ ਵੰਡ ਦੀ ਤਰਜ਼ ’ਤੇ ਇੱਥੋਂ ਤੁਰ ਗਏ ਲੋਕ ਵਾਪਸ ਨਹੀਂ ਮੁੜ ਸਕਣਗੇ।
1985 ਦੀ ਸ਼ੁਰੂਆਤ ਵਿੱਚ ਹਾਲਾਤ ਦਾ ਜਾਇਜ਼ਾ ਲੈਣ ਲਈ ਪਿਤਾ ਜੀ ਨੇ ਇਕੱਲਿਆਂ ਹੀ ਦਿੱਲੀ ਜਾਣ ਦਾ ਫੈਸਲਾ ਕੀਤਾ। ਪਰ ਕੁਝ ਦਿਨਾਂ ਬਾਅਦ ਜਦੋਂ ਉਹ ਪੰਜਾਬ ਮੁੜੇ ਤਾਂ ਬਹੁਤ ਨਿਰਾਸ਼ ਜਾਪਦੇ ਸਨ। ਕਈ ਦਿਨਾਂ ਤਕ ਸਾਡੇ ਕੋਲੋਂ ਲੁਕ ਲੁਕ ਕੇ ਮੰਮੀ ਪਾਪਾ ਦੀ ਆਪਸੀ ਘੁਸਰ ਮੁਸਰ ਚਲਦੀ ਰਹੀ। ਬੜਾ ਕੁਰੇਦਣ ਮਗਰੋਂ ਸਾਨੂੰ ਮੰਮੀ ਦੀਆਂ ਅਸਪਸ਼ਟ ਜਿਹੀਆਂ ਗੱਲਾਂ ਤੋਂ ਇਹ ਅੰਦਾਜ਼ਾ ਲੱਗ ਗਿਆ ਕਿ ਪਾਪਾ ਦੀ ਓਮਪਾਲ ਨਾਲ ਕੋਈ ਅਣਬਣ ਹੋਈ ਹੈ। ਕੁਝ ਦਿਨ ਬਾਅਦ ਪਿਤਾ ਜੀ ਨੇ ਮੰਮੀ ਨੂੰ ਵੀ ਆਪਣੇ ਨਾਲ ਦਿੱਲੀ ਜਾਣ ਲਈ ਤਿਆਰ ਕਰ ਲਿਆ ਕਿਉਂਕਿ ਹੁਣ ਤਕ ਸਾਰਿਆਂ ’ਤੇ ਇਹੀ ਪ੍ਰਭਾਵ ਬਣਿਆ ਹੋਇਆ ਸੀ ਕਿ ਓਮਪਾਲ ਮੰਮੀ ਕੋਲੋਂ ਝੇਪਦਾ ਹੈ ਤੇ ਉਨ੍ਹਾਂ ਦੀ ਕਹੀ ਗੱਲ ਕਦੇ ਨਹੀਂ ਮੋੜਦਾ। ਪਰ ਹੁਣ ਉਹ ਸਮਾਂ ਬਦਲ ਚੁੱਕਾ ਹੋਇਆ ਸੀ। ਦੋ ਤਿੰਨ ਦਿਨ ਬਾਅਦ ਜਦੋਂ ਉਹ ਵਾਪਸ ਆਏ ਤਾਂ ਦੋਹਾਂ ਦੇ ਚਿਹਰੇ ਪਹਿਲਾਂ ਨਾਲੋਂ ਵੀ ਉੱਤਰੇ ਹੋਏ ਸਨ। ਉਸ ਤੋਂ ਮਗਰੋਂ ਪਾਪਾ ਇੱਕ ਦੋ ਵਾਰ ਇਕੱਲਿਆਂ ਹੀ ਦਿੱਲੀ ਜਾਂਦੇ ਰਹੇ ਪਰ ਹਰ ਵਾਰ ਨਿਰਾਸ਼ ਹੋ ਕੇ ਹੀ ਮੁੜੇ। ਸਾਨੂੰ ਬੱਚਿਆਂ ਨੂੰ ਇਸ ਮਸਲੇ ਦਾ ਕੁਝ ਕੁਝ ਅੰਦਾਜ਼ਾ ਤਾਂ ਹੋ ਗਿਆ ਸੀ ਪਰ ਮਾਪਿਆਂ ਕੋਲੋਂ ਖੁੱਲ੍ਹ ਕੇ ਪੁੱਛਣ ਦਾ ਜਤਨ ਕਰਨ ’ਤੇ ਹਰ ਵਾਰ ਝਿੜਕ ਕੇ ਚੁੱਪ ਕਰਵਾ ਦਿੱਤਾ ਜਾਂਦਾ ਸੀ। ਬੱਸ ਇੱਕ ਵਾਰੀ ਮੰਮੀ ਦੇ ਮੂੰਹੋਂ ਬੇਅਖ਼ਤਿਆਰ ਹੀ ਨਿਕਲ ਗਿਆ ਕਿ ਓਮਪਾਲ ਨੇ ਜਿਹੜੀ ਹਰਕਤ ਕੀਤੀ ਹੈ, ਉਸਦੀ ਉਮੀਦ ਨਹੀਂ ਸੀ। ਜਿਹੜੇ ਰਿਸ਼ਤੇਦਾਰਾਂ ਕੋਲ ਅਸੀਂ ਪੰਜਾਬ ਆ ਕੇ ਠਹਿਰੇ ਸੀ, ਉਨ੍ਹਾਂ ਕੋਲੋਂ ਸਾਨੂੰ ਇੰਨਾ ਕੁ ਜ਼ਰੂਰ ਪਤਾ ਲੱਗ ਗਿਆ ਸੀ ਕਿ ਓਮਪਾਲ ਨੇ ਸਾਡੇ ਮਕਾਨ ’ਤੇ ਕਬਜ਼ਾ ਕਰ ਲਿਆ ਹੈ ਤੇ ਕਿਸੇ ਸੂਰਤ ਵਿੱਚ ਵੀ ਛੱਡਣ ਲਈ ਤਿਆਰ ਨਹੀਂ ਹੈ।
ਅਸੀਂ ਬੱਚੇ ਇਹ ਸਮਝਣ ਵਿੱਚ ਅਸਮਰੱਥ ਸਾਂ ਕਿ ਇੰਨੀਆਂ ਨਜ਼ਦੀਕੀਆਂ ਹੋਣ ਦੇ ਬਾਵਜੂਦ ਦੋਹਾਂ ਪਰਿਵਾਰਾਂ ਵਿੱਚ ਇਹ ਵਿਵਾਦ ਕਿਉਂ ਖੜ੍ਹਾ ਹੋਇਆ ਹੈ। ਦੂਜੇ ਪਾਸੇ ਦੇਸ਼ ਭਰ ਵਿੱਚ ਸਿੱਖਾਂ ਦੇ ਖ਼ਿਲਾਫ ਅਜਿਹਾ ਬਿਰਤਾਂਤ ਸਿਰਜ ਦਿੱਤਾ ਗਿਆ ਸੀ ਕਿ ਸਰਕਾਰੀ ਮਸ਼ੀਨਰੀ ਦਾ ਕੋਈ ਵੀ ਅੰਗ ਉਨ੍ਹਾਂ ਦੀ ਗੱਲ ਸੁਣਨ ਲਈ ਰਾਜ਼ੀ ਹੀ ਨਹੀਂ ਸੀ। ਘਰੋਂ ਬੇਘਰ ਹੋ ਕੇ ਕੁਝ ਸਾਲ ਦੁਸ਼ਵਾਰੀਆਂ ਝੇਲਣ ਤੋਂ ਬਾਅਦ 1988 ਵਿੱਚ ਪਿਤਾ ਜੀ ਨੇ ਨਹਿਰ ਵਿੱਚ ਛਾਲ ਮਾਰ ਕੇ ਜਾਨ ਦੇ ਦਿੱਤੀ। ਉਨ੍ਹਾਂ ਦੀ ਮੌਤ ਤੋਂ ਬਾਅਦ ਮੇਰੇ ਹੱਥ ਵਿੱਚੋਂ ਕਿਤਾਬਾਂ ਛੁੱਟ ਗਈਆਂ ਤੇ ਆਟੋ ਰਿਕਸ਼ਾ ਦਾ ਹੈਂਡਲ ਆ ਗਿਆ। ਅਜਿਹੀ ਤਰਸਯੋਗ ਹਾਲਤ ਵਿੱਚ ਵੀ ਅਸੀਂ ਕਈ ਵਾਰ ਮੰਮੀ ਨੂੰ ਕੁਰੇਦਿਆ, ਉਨ੍ਹਾਂ ਦੇ ਮੂੰਹੋਂ ਓਮਪਾਲ ਦੇ ਖ਼ਿਲਾਫ ਕੋਈ ਗੱਲ ਕਢਵਾਉਣ ਦਾ ਜਤਨ ਕੀਤਾ ਪਰ ਉਨ੍ਹਾਂ ਦਾ ਇੱਕੋ ਹੀ ਰਟਿਆ ਰਟਾਇਆ ਜਵਾਬ ਮਿਲਦਾ ਰਿਹਾ, “ਪੁੱਤਰ ਕਪੁੱਤਰ ਹੋ ਸਕਦੇ ਨੇ ਪਰ ਮਾਪੇ ਕੁਮਾਪੇ ਨਹੀਂ ਹੁੰਦੇ। ਸਭ ਕੁਝ ਭੁੱਲ ਕੇ ਬੱਸ ਇਹ ਯਾਦ ਰੱਖੋ ਕਿ ਉਸਨੇ ਆਪਣੇ ਪਰਿਵਾਰ ’ਤੇ ਖਤਰਾ ਮੁੱਲ ਲੈ ਕੇ ਸਾਡੀਆਂ ਜਾਨਾਂ ਬਚਾਈਆਂ ਨੇ। ਉਸਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਗੱਲ ਕਦੇ ਸੋਚਣਾ ਵੀ ਨਾਂਹ।” ਹਰ ਵਾਰ ਸਾਡੀ ਵਾਰਤਾ ਦਾ ਇੱਥੇ ਆ ਕੇ ਅੰਤ ਹੋ ਜਾਂਦਾ।
ਆਰਥਿਕ ਤੰਗੀ ਦਾ ਸਤਾਇਆ 1994 ਵਿੱਚ ਇੱਕ ਵਾਰ ਮੈਂ ਮੰਮੀ ਨੂੰ ਦੱਸੇ ਬਿਨਾਂ ਓਮਪਾਲ ਨੂੰ ਮਿਲਣ ਦਿੱਲੀ ਪਹੁੰਚ ਗਿਆ। ਮੇਰਾ ਮਕਸਦ ਸੀ ਕਿ ਸ਼ਾਇਦ ਉਸ ਨੂੰ ਕੁਰੇਦ ਕੇ ਮੈਂ ਕੋਈ ਅਜਿਹਾ ਤੱਥ ਕਢਵਾ ਲਵਾਂ ਜਿਸ ਨਾਲ ਮਕਾਨ- ਦੁਕਾਨ ਵਿੱਚੋਂ ਘੱਟੋ ਘੱਟ ਕੋਈ ਇੱਕ ਚੀਜ਼ ਹੀ ਹਾਸਲ ਹੋ ਸਕੇ। ਪਹਿਲਾਂ ਮੈਂ ਉੱਥੇ ਆਪਣੇ ਕਿਸੇ ਹੋਰ ਪੁਰਾਣੇ ਗੁਆਂਢੀ ਨੂੰ ਮਿਲਿਆ ਤਾਂ ਉਸਨੇ ਹਲਕੀ ਜਿਹੀ ਸੂਹ ਦਿੱਤੀ ਕਿ ਸ਼ਾਇਦ ਓਮਪਾਲ ਕੋਲ ਪਿਤਾ ਜੀ ਦੇ ਉਰਦੂ ਵਿੱਚ ਕੀਤੇ ਦਸਤਖਤਾਂ ਵਾਲੇ ਕੋਈ ਕਾਗਜ਼ਾਤ ਮੌਜੂਦ ਸਨ ਜਿਨ੍ਹਾਂ ਦੇ ਰਾਹੀਂ ਉਸਨੇ ਕੋਈ ਫਰਜ਼ੀ ਬੰਦਾ ਖੜ੍ਹਾ ਕਰ ਕੇ ਮਕਾਨ-ਦੁਕਾਨ, ਦੋਵੇਂ ਆਪਣੇ ਨਾਂ ਕਰਵਾ ਲਏ ਸਨ। (ਦਰਅਸਲ ਓਮਪਾਲ ਜਦੋਂ ਕਿਸੇ ਨੂੰ ਵਿਆਜੀ ਪੈਸੇ ਦਿੰਦਾ ਸੀ ਤਾਂ ਹਮੇਸ਼ਾ ਗਵਾਹ ਦੇ ਤੌਰ ’ਤੇ ਪਿਤਾ ਜੀ ਕੋਲੋਂ ਹੀ ਸਾਈਨ ਕਰਵਾਉਂਦਾ ਹੁੰਦਾ ਸੀ)। ਮਗਰੋਂ ਜਦੋਂ ਮੈਂ ਓਮਪਾਲ ਕੋਲ ਗਿਆ ਤਾਂ ਉਹ ਬੜੀ ਗਰਮਜੋਸ਼ੀ ਨਾਲ ਮਿਲਿਆ। ਰਸਮੀ ਸੁੱਖ ਸਾਂਦ ਤੋਂ ਬਾਅਦ ਆਖਣ ਲੱਗਾ ਕਿ ਚਾਚੇ (ਪਿਤਾ ਜੀ) ਕੀ ਮੌਤ ਕਾ ਪਤਾ ਲੱਗ ਗਿਆ ਥਾ, ਜੋ ਵੀ ਹੋ ਗਿਆ, ਉਸੇ ਭੂਲ ਜਾਓ, ਔਰ ਵਾਪਸ ਆ ਜਾਉ। ਮੈਨੂੰ ਇਹ ਪੁੱਛਣ ਲਈ ਇਹੀ ਮੌਕਾ ਠੀਕ ਲੱਗਿਆ ਕਿ ਸਾਡੇ ਮਕਾਨ-ਦੁਕਾਨ ਦਾ ਕੀ ਬਣਿਆ? ਕੀ ਉਹ ਸਾਨੂੰ ਵਾਪਸ ਮੋੜ ਦਿਉਗੇ? ਓਮਪਾਲ ਨੇ ਗੋਲਮੋਲ ਜਵਾਬ ਦਿੰਦਿਆਂ ਗੱਲ ਇੱਥੇ ਮੁਕਾ ਦਿੱਤੀ, “ਪੁਰਾਣੀ ਬਾਤੇਂ ਛੋੜ ਕਰ ਬੀਬੀ (ਮੰਮੀ) ਸੇ ਬੋਲ ਦੋ ਕਿ ਅਗਰ ਵਾਪਸ ਆ ਜਾਓਗੇ ਤੋਂ ਸਬ ਕੁਛ ਫਿਰ ਸੇ ਬਣ ਜਾਏਗਾ।”
ਇਹ ਕੋਈ ਠੋਸ ਜਵਾਬ ਨਹੀਂ ਸੀ। ਸੋ ਮੈਂ ਵੀ ਨਿਰਾਸ਼ ਹੋ ਕੇ ਮੁੜ ਆਇਆ। ਮੰਮੀ ਨੂੰ ਮੇਰੇ ਉੱਥੇ ਜਾਣ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਰੱਜ ਕੇ ਗੁੱਸਾ ਕੀਤਾ। ਜਦੋਂ ਮੈਂ ਉਨ੍ਹਾਂ ਨੂੰ ਓਮਪਾਲ ਦੀਆਂ ਕਹੀਆਂ ਗੱਲਾਂ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਦੋ ਟੁੱਕ ਜਵਾਬ ਦੇ ਦਿੱਤਾ ਕਿ ਹੁਣ ਅਸੀਂ ਉਸ ਉੱਤੇ ਹਰਗਿਜ਼ ਵੀ ਭਰੋਸਾ ਨਹੀਂ ਕਰ ਸਕਦੇ। ਇਸ ਤਰ੍ਹਾਂ ਸਚਾਈ ਦੀ ਤਹਿ ਤਕ ਜਾਣ ਦਾ ਮੇਰਾ ਇਹ ਜਤਨ ਵੀ ਅਸਫਲ ਹੋ ਗਿਆ।
ਇਸ ਸਾਰੇ ਵਰਤਾਰੇ ਦੇ ਚਾਲੀ ਸਾਲ ਬਾਅਦ 2024 ਵਿੱਚ ਮੈਂ ਫਿਰ ਇਸ ਉਲਝੀ ਤਾਣੀ ਦਾ ਸਿਰਾ ਫੜਨ ਦੀ ਆਸ ਲੈ ਕੇ ਓਮਪਾਲ ਨੂੰ ਮਿਲਣ ਲਈ ਚਲਾ ਗਿਆ। ਉੱਥੇ ਜਾ ਕੇ ਪਤਾ ਲੱਗਾ ਕਿ ਉਸਦੀ ਮੌਤ ਹੋ ਚੁੱਕੀ ਹੈ। ਉਸਤੋਂ ਪਹਿਲਾਂ ਹੀ ਉਸਦਾ ਮੁੰਡਾ, ਜਿਹੜਾ ਕਿ ਸਾਡੇ ਹੱਥਾਂ ਵਿੱਚ ਖੇਡਿਆ ਸੀ, ਲੰਮੀ ਬਿਮਾਰੀ ਨਾਲ ਸੰਸਾਰ ਤੋਂ ਕੂਚ ਕਰ ਗਿਆ। ਉਸਦੇ ਇਲਾਜ ਵਿੱਚ ਓਮਪਾਲ ਦੇ ਤਿੰਨੋਂ ਮਕਾਨ (ਸਾਡੇ ਵਾਲੇ ਸਣੇ) ਵਿਕ ਗਏ। ਛੇ ਕੁੜੀਆਂ ਦੀ ਮਾਂ ਸ਼ੀਲਾ ਹੁਣ ਕਦੇ ਇੱਕ ਤੇ ਕਦੇ ਦੂਜੀ ਕੁੜੀ ਕੋਲ ਰਹਿ ਕੇ ਦਿਨ ਕਟੀ ਕਰ ਰਹੀ ਹੈ।
ਹਜ਼ਾਰਾਂ ਦਰਿੰਦਿਆਂ ਦੀ ਭੀੜ ਵਿੱਚ ਵੀ ਓਮਪਾਲ ਦਰਿੰਦਾ ਤਾਂ ਨਹੀਂ ਬਣਿਆ ਪਰ ਇਸਨੂੰ ਮਨੁੱਖੀ ਸੁਭਾਅ ਦੀ ਵਚਿੱਤਰਤਾ ਹੀ ਕਿਹਾ ਜਾ ਸਕਦਾ ਹੈ ਕਿ ਤਤਕਾਲੀ ਰਾਜਨੀਤਕ ਤਾਕਤਾਂ ਦੇ ਘੜੇ ਕੁਚੱਕਰ ਵਿੱਚ ਫਸ ਕੇ ਉਹ ਆਪਣੀ ਨੇਕੀ ਦਾ ਜੱਸ ਵੀ ਨਹੀਂ ਲੈ ਸਕਿਆ। ਫਿਰ ਵੀ ਓਮਪਾਲ ਹੁਣ ਤਕ ਸਾਡੇ ਚੇਤਿਆਂ ਦਾ ਅਨਿੱਖੜਵਾਂ ਹਿੱਸਾ ਬਣਿਆ ਹੋਇਆ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)











































































































