“ਉਹ ਖਾਣੇ ਵਾਲਾ ਪੈਕਟ ਫੜਾਉਂਦਿਆਂ ਬੋਲਿਆ, “ਸਰ, ਤਿੰਨ ਸੌ ਅੱਸੀ ...”
(23 ਦਸੰਬਰ 2025)
ਮਾਪਿਆਂ ਨੇ ਸਦਾ ਆਪਣੇ ਬੱਚਿਆਂ ਲਈ ਤਰੱਕੀ ਅਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ ਹੈ। ਅਜੋਕੇ ਦੌਰ ਵਿੱਚ ਜਦੋਂ ਬੱਚੇ ਆਪਣੇ ਸ਼ੌਕ ਅਤੇ ਆਪਣੀ ਸਮਝ ਅਨੁਸਾਰ ਆਪਣਾ ਰਸਤਾ ਆਪ ਚੁਣ ਰਹੇ ਹਨ ਤਾਂ ਮਾਤਾ-ਪਿਤਾ ਵੀ ਉਨ੍ਹਾਂ ਦੇ ਰਾਹ ਦਾ ਰੋੜਾ ਬਣਨ ਤੋਂ ਗੁਰੇਜ਼ ਹੀ ਕਰ ਰਹੇ ਹਨ। ਮੇਰੇ ਬੇਟੇ ਸਮੀਰ ਸਿੰਘ ਨੇ ਕੁਝ ਸਾਲ ਪਹਿਲਾਂ ਇੱਕ ਦਿਨ ਕੈਨੇਡਾ ਜਾਣ ਦੀ ਇੱਛਾ ਜ਼ਾਹਿਰ ਕੀਤੀ। ਉਸ ਵੇਲੇ ਉਸਦੀ ਉਮਰ ਸੀ 22 ਸਾਲ। ਲੱਗਿਆ ਜਿਵੇਂ ਪੰਛੀ ਪਿੰਜਰੇ ਤੋਂ ਅਸਮਾਨ ਵੱਲ ਉੱਡਣ ਦੀ ਤਿਆਰੀ ਕਰ ਰਿਹਾ ਹੋਵੇ।
ਮੈਂ ਅਤੇ ਮੇਰੀ ਸ਼੍ਰੀਮਤੀ ਨੇ ਉਸਦੀਆਂ ਅੱਖਾਂ ਵਿੱਚ ਚਮਕਦਾ ਭਵਿੱਖ ਦੇਖਿਆ। ਦਾਦੇ ਨੇ ਵੀ ਸਹਿਮਤੀ ਦਿੰਦਿਆਂ ਕਿਹਾ, “ਜਿੱਥੇ ਵੀ ਜਾਵੇਂ, ਚੜ੍ਹਦੀ ਕਲਾ ਵਿੱਚ ਰਹੇਂ।”
ਸਟੱਡੀ ਵੀਜ਼ਾ ਆਇਆ ਤਾਂ ਸਮੀਰ ਖੁਸ਼ੀ ਵਿੱਚ ਝੂਮਦਾ ਹੋਇਆ ਕਹਿੰਦਾ, “ਪਾਪਾ, ਮੇਰੇ ਤਾਂ ਪੈਰ ਜ਼ਮੀਨ ’ਤੇ ਨਹੀਂ ਲੱਗ ਰਹੇ।”
ਫਿਰ ਸਮੀਰ ਕੈਨੇਡਾ ਚਲਾ ਗਿਆ। ਪਰਦੇਸ - ਜਿੱਥੇ ਰਾਤ ਅਤੇ ਦਿਨ ਵਿਚਲੇ ਫਰਕ ਦਾ ਪਤਾ ਹੀ ਨਹੀਂ ਲਗਦਾ। ਪਰ ਮਿਹਨਤ ਤਾਂ ਹਰ ਸਫਰ ਦਾ ਜ਼ਰੂਰੀ ਹਿੱਸਾ ਹੁੰਦੀ ਹੈ। ਮਿੱਤਰ ਸੁਰਿੰਦਰ ਸ਼ਰਮਾ ਵਰਗੇ ਸੱਜਣ ਰਾਹ ਵਿੱਚ ਮਿਲਣ ਇਹ ਵੀ ਵੱਡੀ ਨਿਆਮਤ ਹੈ। ਸਮੀਰ ਨਾਲ ਰੋਜ਼ ਫ਼ੋਨ ’ਤੇ ਗੱਲਬਾਤ ਹੋਣ ਲੱਗੀ। ਉਹ ਕਈ-ਕਈ ਥਾਈਂ ਕੰਮ ਕਰਦਾ, ਕਦੇ ਮਾਲ ਵਿੱਚ ਡਿਊਟੀ, ਫਿਰ ਡਿਲਿਵਰੀ ਦਾ ਕੰਮ।
ਹੱਸਦੇ-ਹੱਸਦੇ ਇੱਕ ਦਿਨ ਸਮੀਰ ਕਹਿੰਦਾ, “ਪਾਪਾ, ਲੋਕਾਂ ਦੇ ਘਰ ਰੋਟੀ ਲੈ ਕੇ ਜਾਣ ਵਿੱਚ ਵੱਖਰਾ ਹੀ ਤਜਰਬਾ ਹੈ। ਹਰ ਦਰਵਾਜ਼ੇ ਦੇ ਪਿੱਛੇ ਨਵੀਂ ਕਹਾਣੀ।”
ਇੱਕ ਸ਼ਾਮ ਵੀਡੀਓ ਕਾਲ ’ਤੇ ਸਮੀਰ ਆਪਣੇ ਨਵੇਂ ਕੰਮ ਬਾਰੇ ਦੱਸ ਰਿਹਾ ਸੀ। ਅਚਾਨਕ ਸਾਡੇ ਘਰ ਦੀ ਘੰਟੀ ਵੱਜੀ। ਮੈਂ ਸਮੀਰ ਨੂੰ ਫ਼ੋਨ ਹੋਲਡ ਕਰਨ ਨੂੰ ਆਖ ਕੇ ਘਰ ਦਾ ਗੇਟ ਖੋਲ੍ਹਿਆ ਤਾਂ ਡਿਲਿਵਰੀ ਬੁਆਏ ਸੀ। ਉਸ ਰਾਤ ਅਸੀਂ ਰੋਟੀ ਤਿਆਰ ਨਹੀਂ ਕੀਤੀ ਸੀ, ਰੈਸਟੋਰੈਂਟ ਤੋਂ ਆਰਡਰ ਕੀਤਾ ਸੀ। ਮੈਂ ਡਿਲਿਵਰੀ ਵਾਲੇ ਮੁੰਡੇ ਨੂੰ ਬਿੱਲ ਬਾਰੇ ਪੁੱਛਿਆ। ਉਹ ਖਾਣੇ ਵਾਲਾ ਪੈਕਟ ਫੜਾਉਂਦਿਆਂ ਬੋਲਿਆ, “ਸਰ, ਤਿੰਨ ਸੌ ਅੱਸੀ।”
ਮੈਂ ਦੋ ਸੌ ਰੁਪਏ ਦੇ ਦੋ ਨੋਟ ਦਿੱਤੇ ਤੇ ਕਿਹਾ, “ਬਾਕੀ ਵੀਹ ਰੱਖ ਲੈ, ਪੁੱਤਰ।”
ਉਸਨੇ ਨਿਮਰਤਾ ਨਾਲ “ਗੁੱਡ ਨਾਈਟ, ਸਰ” ਕਿਹਾ ਅਤੇ ਮੋਟਰਸਾਈਕਲ ਨੂੰ ਕਿੱਕ ਮਾਰੀ। ਮੇਰੇ ਹੱਥ ਵਿੱਚ ਫੜੇ ਮੋਬਾਇਲ ਫ਼ੋਨ ਵਿੱਚ ਸਮੀਰ ਨੇ ਸਭ ਸੁਣ, ਦੇਖ ਲਿਆ। ਉਹ ਮੁਸਕਰਾਇਆ ਅਤੇ ਬੋਲਿਆ “ਪਾਪਾ… ਟਿੱਪ ਕਿੰਨੀ ਦਿੱਤੀ ਹੈ?”
ਮੈਂ ਕਿਹਾ, “ਬਿੱਲ 380 ਸੀ, 400 ਦੇ ਦਿੱਤਾ।”
ਉਹ ਬੋਲਿਆ, “ਇੱਦਾਂ ਨਾ ਕਰੋ ਪਾਪਾ… ਇਹ ਸੌਖਾ ਕੰਮ ਨਹੀਂ। ਘੱਟੋ ਘੱਟ 50 ਰੁਪਏ ਹੋਰ ਦੇ ਦਿਓ।”
“ਇੱਕ ਮਿੰਟ, ਪੁੱਤਰ!” ਮੈਂ ਮੋਟਰ ਸਾਈਕਲ ਮੋੜ ਰਹੇ ਮੁੰਡੇ ਨੂੰ ਆਵਾਜ਼ ਦਿੱਤੀ। ਜਦੋਂ ਉਹ ਰੁਕਿਆ, ਮੈਂ ਜੇਬ ਵਿੱਚੋਂ ਪੰਜਾਹ ਦਾ ਨੋਟ ਕੱਢ ਕੇ ਉਸਦੇ ਹੱਥ ’ਤੇ ਰੱਖ ਦਿੱਤਾ। ਉਸਦੇ ਚਿਹਰੇ ’ਤੇ ਵੱਖਰੀ ਹੀ ਰੌਣਕ ਸੀ। ਇੰਜ ਲੱਗਿਆ ਜਿਵੇਂ ਸਮੀਰ ਦੇ ਚਿਹਰੇ ਉੱਤੇ ਰੌਣਕ ਆ ਗਈ ਹੋਵੇ। ਉਹ ਮੁੰਡਾ ਮੁੜ “ਗੁੱਡ ਨਾਈਟ” ਕਹਿ ਕੇ ਚਲਾ ਗਿਆ।
ਮੇਰੀ ਗੱਲਬਾਤ ਮੁੜ ਸਮੀਰ ਨਾਲ ਸ਼ੁਰੂ ਹੋ ਗਈ...।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (