KPSingh7ਚੂਚੇ ਦਾ ਪੂਰਾ ਨਾਮ ਰਾਜਨ ਸ਼ਰਮਾ ਸੀ। ਉਸਦਾ ਦੋਸਤ ਟਿੱਡਾਜਿਸਦਾ ਪੂਰਾ ਨਾਮ ...
(7 ਨਵੰਬਰ 2025)

 

ਸਮਾਂ ਪਿਆਰਾ ਵੀ ਹੈ ਅਤੇ ਜ਼ਾਲਮ ਵੀ। ਕਦੇ ਪਿਆਰ ਨਾਲ ਚੁੰਮਦਾ ਹੈ ਅਤੇ ਕਦੇ ਚੋਭਾਂ ਨਾਲ ਰੂਹ ਤਕ ਚੀਰ ਜਾਂਦਾ ਹੈ। ਸੰਨ 1980 ਤੋਂ ਬਾਅਦ ਸੂਬੇ ਵਿੱਚ ਅੱਤਵਾਦ ਦਾ ਦੌਰ ਸਿਖਰ ’ਤੇ ਸੀ। ਕਈ ਥਾਂਵਾਂ ’ਤੇ ਫਿਰਕੂ ਤਣਾਅ ਅਕਸਰ ਪੈਦਾ ਹੋ ਜਾਂਦਾ ਸੀ, ਪਰ ਸੁਖਦ ਗੱਲ ਇਹ ਸੀ ਕਿ ਮੁਹੱਲਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਦਿਲਾਂ ਵਿੱਚ ਗੁਆਂਢੀਆਂ ਲਈ ਕਦੇ ਜ਼ਹਿਰ ਨਹੀਂ ਸੀ ਭਰਿਆ। ਆਂਢ ਗੁਆਂਢ ਹਿੰਦੂ-ਸਿੱਖ ਸਾਂਝ ਬਰਕਰਾਰ ਰਹੀ।

ਮੈਂ ਨੌਂਵੀਂ ਜਮਾਤ ਵਿੱਚ ਸੀ, ਉਮਰ 16 ਸਾਲ ਦੇ ਨੇੜੇ ਤੇੜੇ। ਗੱਲ ਭਾਵੇਂ ਕਰੀਬ 40 ਸਾਲ ਪੁਰਾਣੀ ਹੈ, ਪਰ ਯਾਦਾਂ ਦੀ ਛਾਪ ਅੱਜ ਵੀ ਬਰਕਰਾਰ ਹੈ। ਅੱਸੀ ਦੇ ਦਹਾਕੇ ਤਕ ਮਾਪੇ ਇੱਕ ਜਾਂ ਦੋ ਬੱਚਿਆਂ ਦੀ “ਪਲੈਨਿੰਗ” ਨਹੀਂ ਸਨ ਕਰਦੇ। ਘਰਾਂ ਵਿੱਚ ਚਹਿਲ-ਪਹਿਲ ਹੁੰਦੀ ਸੀ। ਬੱਚਿਆਂ ਦੀਆਂ ਟੋਲੀਆਂ ਹੁੜਦੰਗ ਮਚਾਉਂਦੀਆਂ ਸਨ ਅਤੇ ਉਨ੍ਹਾਂ ਦੇ ਨਾਂ ਵੀ ਕਿੰਨੇ ਪਿਆਰੇ ਅਤੇ ਦਿਲਚਸਪ-ਭਿੱਲਾ, ਘੁੱਗੀ, ਮੱਖੀ, ਤੋਤੀ, ਟਿੱਡਾ, ਚੂਚਾ…। ਮੇਰੇ ਮੁਹੱਲੇ ਵਿੱਚ ਇੱਕ ਸਿੱਖ ਪਰਿਵਾਰ ਸੀ, ਜਿਨ੍ਹਾਂ ਦੇ ਸਭ ਤੋਂ ਛੋਟੇ ਪੁੱਤਰ ਦਾ ਨਾਂ ਸੀ ਟਿੱਡਾ। ਟਿੱਡਾ ਚਾਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ। ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਹਿੰਦੂ ਪਰਿਵਾਰ ਦਾ ਸਭ ਤੋਂ ਛੋਟਾ ਮੁੰਡਾ ਸੀ ਚੂਚਾ, ਜੋ ਛੇ ਭੈਣ ਭਰਾਵਾਂ ਦਾ ਸਭ ਤੋਂ ਛੋਟਾ ਲਾਡਲਾ ਸੀ। ਟਿੱਡਾ ਅਤੇ ਚੂਚਾ, ਦੋਵੇਂ ਇੱਕ ਦੂਜੇ ਦੇ ਹਾਣ ਦੇ ਸਨ, ਕਰੀਬ 13-14 ਸਾਲ ਦੇ, ਸ਼ਰਾਰਤੀ ਸਾਥੀ।

ਸੰਨ 1983 ਦੀ ਗੱਲ ਹੈ। ਮੇਰੇ ਮੁਹੱਲੇ ਵਿੱਚ ਇੱਕ ਨੌਜਵਾਨ ਦਾ ਵਿਆਹ ਤੈਅ ਹੋਇਆ। ਹਾਲਾਤ ਸਾਜ਼ਗਾਰ ਨਹੀਂ ਸਨ। ਨੌਜਵਾਨ ਦੇ ਪਰਿਵਾਰ ਵੱਲੋਂ ਫੈਸਲਾ ਲਿਆ ਗਿਆ ਕਿ ਸ਼ਹਿਰ ਦੇ ਗੁਰਦੁਆਰੇ ਵਿੱਚ ਹੀ ਸਧਾਰਨ ਰਸਮ ਨਾਲ ਗਿਆਰ੍ਹਾਂ ਵਿਅਕਤੀਆਂ ਦੀ ਬਰਾਤ ਲਿਜਾ ਕੇ ਅਨੰਦ ਕਾਰਜ ਕੀਤਾ ਜਾਵੇ। ਉਮਰ ਦਰਾਜ਼ ਲੋਕ ਹਾਲਾਤ ਨੂੰ ਗੰਭੀਰਤਾ ਨਾਲ ਲੈ ਰਹੇ ਸਨ, ਪਰ ਮੁਹੱਲੇ ਦੇ ਬੱਚਿਆਂ ਦੀਆਂ ਅੱਖਾਂ ਵਿੱਚ ਤਾਂ ਵਿਆਹ ਦਾ ਰੰਗ-ਰਸ ਹੀ ਨੱਚ ਰਿਹਾ ਸੀ। ਬੱਚਿਆਂ ਦੀ ਸਭ ਤੋਂ ਵੱਡੀ ਜ਼ਿਦ ਹੁੰਦੀ ਸੀ ਵਿਆਹ ਵਾਲੇ ਦਿਨ ਆਪਣੀ ਮਰਜ਼ੀ ਦੇ ਕੱਪੜੇ ਪਹਿਨਣ ਦੀ ਅਤੇ ਮਠਿਆਈ ਖਾਣ ਦੀ। ਮਾਪੇ ਡਾਂਟਦੇ ਤਾਂ ਸਨ, ਪਰ ਆਖ਼ਰਕਾਰ ਉਹਨਾਂ ਦੀਆਂ ਖ਼ਾਹਿਸ਼ਾਂ ਪੂਰੀਆਂ ਵੀ ਕਰਦੇ ਸਨ। ਹਾਲਾਂਕਿ ਬੱਚਿਆਂ ਨੂੰ ਦੱਸ ਦਿੱਤਾ ਗਿਆ ਸੀ ਕਿ ਬਰਾਤੇ ਨਹੀਂ ਜਾਣਾ ਪਰ ਬੱਚਿਆਂ ਲਈ ਵਿਆਹ ਇੱਕ ਤਿਉਹਾਰ ਵਾਂਗ ਸੀ। ਉਨ੍ਹਾਂ ਆਪਣੀਆਂ ਸ਼ਰਤਾਂ ਮਾਪਿਆਂ ਨੂੰ ਦੱਸ ਦਿੱਤੀਆਂ। ਇਸ ਵਿਆਹ ਦੇ ਮੱਦੇ-ਨਜ਼ਰ ਮੁਹੱਲੇ ਦੀਆਂ ਚਾਰ-ਪੰਜ ਪਰਿਵਾਰਾਂ ਦੀਆਂ ਔਰਤਾਂ ਮਿਲ ਕੇ ਬਜਾਜੀ ਦੀ ਦੁਕਾਨ ’ਤੇ ਪਹੁੰਚ ਗਈਆਂ। ਟਿੱਡੇ ਦੀ ਮਾਂ ਨੂੰ ਦੁਕਾਨਦਾਰ ਨੇ ਪੁੱਛਿਆ ਤਾਂ ਉਹ ਬੋਲੀ, “ਭਰਾ, ਪਹਿਲਾਂ ਟਿੱਡੇ ਲਈ ਅਸਮਾਨੀ ਅਤੇ ਚੂਚੇ ਲਈ ਲੱਡੂ ਰੰਗ ਦੇ ਕੁਰਤੇ-ਪਜਾਮੇ ਦੇ ਥਾਨ ਵਿਖਾ, ਬਾਕੀ ਤੈਨੂੰ ਬਾਅਦ ਵਿੱਚ ਦੱਸਦੇ ਹਾਂ।”

ਇਹ ਸੁਣ ਕੇ ਕੁਝ ਪਲ ਲਈ ਬਜਾਜ ਸੋਚੀਂ ਪੈ ਗਿਆ ਅਤੇ ਬੋਲਿਆ, “ਟਿੱਡੇ ਅਤੇ ਚੂਚੇ ਲਈ?

ਚੂਚੇ ਦੀ ਮਾਂ, ਜਿਸ ਨੂੰ ਸਾਰੇ ਮੁਹੱਲੇ ਵਾਲੇ ਝਾਈ ਕਹਿੰਦੇ ਸਨ, ਨੇ ਹੱਸ ਕੇ ਕਿਹਾ, “ਹਾਂ ਭਰਾਵਾ, ਸਾਡੇ ਬੱਚੇ ਨੇ ਟਿੱਡਾ ਤੇ ਚੂਚਾ, ਸੁਹਣੇ ਰੰਗ ਵਿਖਾਈਂ।”

ਬਜਾਜ ਨੇ ਰੰਗ ਬਰੰਗੇ ਥਾਨ ਖੋਲ੍ਹ ਦਿੱਤੇ। ਲਾਲ, ਹਰੇ, ਨੀਲੇ, ਪੀਲੇ ਰੰਗਾਂ ਦੀਆਂ ਚਮਕਦਾਰ ਕਤਾਰਾਂ ਸਾਹਮਣੇ ਆ ਗਈਆਂ। ਹੋਰਨਾਂ ਬੱਚਿਆਂ ਤੋਂ ਇਲਾਵਾ ਟਿੱਡੇ ਲਈ ਅਸਮਾਨੀ ਅਤੇ ਚੂਚੇ ਲਈ ਲੱਡੂ ਰੰਗ ਦੇ ਕੁਰਤੇ ਪਜਾਮੇ ਦੇ ਕੱਪੜੇ ਖ਼ਰੀਦੇ ਗਏ। ਇੱਕ ਪਾਸੇ ਮੁਹੱਲੇ ਵਿੱਚ ਵਿਆਹ, ਦੂਜੇ ਪਾਸੇ ਖ਼ੌਫ ਨਾਲ ਘਿਰਿਆ ਸਮਾਂ। ਅੱਜ ਵੀ ਉਹ ਸਮਾਂ ਯਾਦ ਆਉਂਦਾ ਹੈ ਤਾਂ ਅੱਖਾਂ ਭਿੱਜ ਜਾਂਦੀਆਂ ਹਨ। ਅੱਖਾਂ ਭਿੱਜਣ ਦਾ ਕਾਰਨ ਸਿਰਫ ਸਮੇਂ ਦਾ ਬਦਲਾਅ ਹੀ ਨਹੀਂ, ਚੂਚੇ ਦਾ ਵਿਛੋੜਾ ਵੀ ਹੈ। ਉਕਤ ਵਿਆਹ ਤੋਂ ਬਾਅਦ ਸੰਨ 84 ਆਇਆ। ਸ਼ਹਿਰ ਵਿੱਚ ਇੱਕ ਧਾਰਮਿਕ ਸਥਾਨ ਦੇ ਬਾਹਰ ਇਕੱਤਰ ਲੋਕਾਂ ’ਤੇ ਸੁਰੱਖਿਆ ਬਲਾਂ ਨੇ ਭੀੜ ਖਦੇੜਨ ਲਈ ਗੋਲੀ ਚਲਾ ਦਿੱਤੀ। ਭੀੜ ਤੋਂ ਕੁਝ ਹਟਵੇਂ ਖਲੋਤੇ ਚੂਚੇ ਦੇ ਗੋਲੀ ਲੱਗ ਗਈ। ਚੂਚਾ ਸਦਾ ਲਈ ਇਸ ਜਹਾਨੋਂ ਤੁਰ ਗਿਆ। ਚੂਚੇ ਦਾ ਪੂਰਾ ਨਾਮ ਰਾਜਨ ਸ਼ਰਮਾ ਸੀ। ਉਸਦਾ ਦੋਸਤ ਟਿੱਡਾ, ਜਿਸਦਾ ਪੂਰਾ ਨਾਮ ਨਰਿੰਦਰ ਸਿੰਘ ਹੈ, ਅੱਜ ਸਫਲ ਦੁਕਾਨਦਾਰ ਹੈ। ਨਰਿੰਦਰ ਸਿੰਘ ਅਤੇ ਰਾਜਨ ਸ਼ਰਮਾ ਦੇ ਪਰਿਵਾਰਾਂ ਵਿੱਚ ਅੱਜ ਵੀ ਪਹਿਲਾਂ ਜਿਹੀ ਸਾਂਝ ਅਤੇ ਪਿਆਰ ਬਰਕਰਾਰ ਹੈ।

ਪਰ ਉਹ ਸਮਾਂ ਹੁਣ ਕਿਤਾਬਾਂ ਦੇ ਪੰਨਿਆਂ ਅਤੇ ਪੁਰਾਣੀਆਂ ਯਾਦਾਂ ਵਿੱਚ ਹੀ ਬਚਿਆ ਹੈ। ਸਮਾਂ ਭਾਵੇਂ ਅੱਗੇ ਵਧ ਗਿਆ ਹੈ ਪਰ ਰਿਸ਼ਤੇ ਅਤੇ ਸਾਂਝਾਂ, ਸਮੇਂ ਦੇ ਹਵਾਲੇ ਨਹੀਂ ਕੀਤੇ ਜਾ ਸਕਦੇ। ਮਿੱਠੀਆਂ-ਕੌੜੀਆਂ ਯਾਦਾਂ ਸਦਾ ਦਿਲਾਂ ਦੀਆਂ ਧੜਕਣਾਂ ਵਿੱਚ ਜਿਊਂਦੀਆਂ ਹਨ। ਕਾਲ਼ੀ ਹਨੇਰੀ ਵਿੱਚ ਵਿਛੜ ਗਏ ਚੂਚਿਆਂ ਨੂੰ ਭਾਵੇਂ ਅਸੀਂਂ ਦਿਨ ਰਾਤ ਲੱਭਦੇ ਰਹੀਏ, ਮੁੜ ਨਹੀਂ ਲੱਭਣੇ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕੇ ਪੀ ਸਿੰਘ

ਕੇ ਪੀ ਸਿੰਘ

Gurdaspur, Punjab, India.
Whatsapp (91 - 98765 - 82500)
Email: (kpgurdaspur@gmail.com)