“ਅਸੀਂ ਥੋੜ੍ਹੇ ਸਮੇਂ ਵਿੱਚ ਮੰਤਰੀ ਸਾਹਿਬ ਦੀ ਕੋਠੀ ਪਹੁੰਚ ਗਏ। ਮੈਂ ਮਨ ਵਿੱਚ ਕਿਹਾ, ਬਦਲੀ ਤਾਂ ਅੱਜ ...”
(9 ਨਵੰਬਰ 2025)
ਜਿਸ ਮਹਿਕਮੇ ਵਿੱਚੋਂ ਮੈਂ ਰਿਟਾਇਰ ਹੋਇਆ ਸੀ, ਉਸੇ ਦਫਤਰ ਦੇ ਕਰਮਚਾਰੀ ਦਾ ਫੋਨ ਆਇਆ, “ਸਰ ਜੀ, ਮੇਰੀ ਬਦਲੀ ਕਰਵਾ ਦੇਵੋ, ਮੈਨੂੰ ਸਮਰਾਲੇ ਤੋਂ ਬਲਾਚੌਰ ਜਾਣਾ ਪੈਂਦਾ। ਬੱਸ ਕੋਈ ਸੂਟ ਨਹੀਂ ਕਰਦੀ, ਧੁੰਦਾਂ ਵਿੱਚ ਬਹੁਤ ਔਖਾ ਹੋ ਜਾਂਦਾ।”
“ਕੀ ਹੁਣ ਬਦਲੀਆਂ ਹੋ ਰਹੀਆਂ ਨੇ?” ਮੈਂ ਪੁੱਛਿਆ।
“ਹਾਂ ਜੀ। ਦੋ ਦਿਨ ਰਹਿ ਗਏ ਆਖਰੀ ਲਿਸਟ ਆਉਣ ਵਿੱਚ। ਮੈਂ ਅਰਜ਼ੀ ਭੇਜੀ ਸੀ। ਮੇਰੇ ਅਫਸਰ ਨੇ ਮਨ੍ਹਾ ਕਰ ਦਿੱਤਾ।”
“ਕਿਉਂ?” ਮੈਂ ਪੁੱਛਿਆ।
“ਪਤਾ ਨਹੀਂ, ਅਫਸਰ ਕਹਿੰਦਾ, ਮੈਂ ਤੇਰੀ ਬਦਲੀ ਨਹੀਂ ਹੋਣ ਦੇਣੀ।... ਤੁਸੀਂ ਕਰੋ ਕੋਈ ਹੀਲਾ, ਬੇਸ਼ਕ ਪੱਚੀ ਤੀਹ ਹਜ਼ਾਰ ਰੁਪਏ ਲੱਗ ਜਾਣ।”
“ਮੈਂ ਤੇਰਾ ਇੱਕ ਰੁਪਇਆ ਨਹੀਂ ਲੱਗਣ ਦੇਣਾ ...।”
ਫਿਰ ਮੈਂ ਸੋਚਿਆ ਕਿ ਮੈਨੂੰ ਤਾਂ ਰਿਟਾਇਰ ਹੋਏ ਨੂੰ ਅੱਠ ਸਾਲ ਹੋ ਗਏ ਨੇ, ਪਰ ਮੈਂ ਹਾਮੀ ਭਰ ਦਿੱਤੀ ਸੀ। ਆਪਣੇ ਰਿਟਇਰ ਹੋਏ ਡਾਕਟਰ ਸਾਹਿਬ ਨੂੰ ਫੋਨ ਮੈਂ ਕੀਤਾ, “ਸਰ ਜੀ, ਖਾਲੀ ਪੋਸਟ ’ਤੇ ਇੱਕ ਬਦਲੀ ਕਰਵਾਉਣੀ ਹੈ।”
ਡਾ. ਸਾਹਿਬ ਕਹਿੰਦੇ, ਮੈਂ ਫੋਨ ਕਰਕੇ ਬੈਕ ਕਾਲ ਕਰਦਾ ਹਾਂ। ਥੋੜ੍ਹੇ ਚਿਰ ਬਾਅਦ ਡਾ. ਸਾਹਿਬ ਦਾ ਫੋਨ ਆ ਗਿਆ, “ਇਉਂ ਕਰੋ, ਸ਼ਾਮ ਨੂੰ ਸੱਤ ਵਜੇ ਮੋਹਾਲੀ ਆ ਜਾਓ। ਮੈਂ ਗੱਲ ਕਰ ਲਈ ਹੈ ਪਰ ਸਾਰੀ ਗੱਲ ਆਪ ਆ ਕੇ ਸਬੰਧਿਤ ਅਫਸਰ ਸਾਹਿਬ ਨੂੰ ਦੱਸੀਂ।”
ਅਸੀਂ ਸ਼ਾਮ ਨੂੰ ਮੋਹਾਲੀ ਪਹੁੰਚ ਗਏ। ਮੁੱਖ ਦਫਤਰ ਦੇ ਅਫਸਰ ਸਾਹਿਬ ਦਾ ਫੋਨ ਡਾਕਟਰ ਸਾਹਿਬ ਨੂੰ ਆਇਆ। ਡਾਕਟਰ ਸਾਹਿਬ ਨੇ ਮੈਨੂੰ ਫੋਨ ਫੜਾ ਦਿੱਤਾ ਤੇ ਕਿਹਾ ਕਿ ਸਾਰੀ ਗੱਲ ਸਮਝਾ ਦੇ।”
“ਸਤਿ ਸ੍ਰੀ ਅਕਾਲ ਸਰ ਜੀ,”
“ਹਾਂ ਬਈ, ਕੀ ਹਾਲ ਨੇ ਤੇਰੇ? ਪਹਿਲਾਂ ਦੱਸ ਤੇਰੀ ਰਿਟਾਇਰਮੈਂਟ ਲਾਈਫ ਕਿਵੇਂ ਚਲਦੀ ਹੈ?”
“ਸਰ ਜੀ, ਬਹੁਤ ਵਧੀਆ ...” ਅਤੇ ਨਾਲ ਹੀ ਮੈਂ ਕਹਿ ਦਿੱਤਾ, “ਸਰ ਜੀ, ਇਹ ਮੇਰਾ ਕੰਮ ਸਮਝ ਕੇ ਕੰਮ ਕਰਿਓ ਜੀ, ਖਾਲੀ ਪੋਸਟ ’ਤੇ ਕਰਮਚਾਰੀ ਦੀ ਬਦਲੀ ਕਰਵਾਉਣੀ ਹੈ।”
ਮੈਂ ਸਾਰੀ ਮੁਸ਼ਕਿਲ ਦੱਸ ਦਿੱਤੀ। ਅਫਸਰ ਸਾਹਿਬ ਕਹਿੰਦੇ, “ਹੁਣ ਬਦਲੀਆਂ ਦਾ ਸਮਾਂ ਤਾਂ ਰਿਹਾ ਨਹੀਂ, ਤੂੰ ਮੰਤਰੀ ਤੋਂ ਅਰਜ਼ੀ ਸਿਫਾਰਸ਼ ਕਰਵਾ ਕੇ ਭਿਜਵਾ ਦੇ, ਹੋ ਜਾਵੇਗੀ।”
ਮੈਂ ਖੁਸ਼ ਹੋ ਗਿਆ। ਦੂਸਰੇ ਦਿਨ ਮੈਂ ਉਸ ਕਰਮਚਾਰੀ ਨੂੰ ਨਾਲ ਲਿਜਾ ਕੇ ਐੱਮ. ਐੱਲ. ਏ. ਸਾਹਿਬ ਤੋਂ ਅਰਜ਼ੀ ’ਤੇ ਸਿਫਾਰਸ਼ ਕਰਵਾ ਲਈ। ਕਰਮਚਾਰੀ ਕਹਿੰਦਾ, “ਸਰ ਜੀ, ਸੈਕਟਰੀਏਟ ਤੁਸੀਂ ਜਾਉੂ, ਮੈਨੂੰ ਅਫਸਰ ਨੇ ਛੁੱਟੀ ਨਹੀਂ ਦੇਣੀ। ਉਸ ਨੂੰ ਪਤਾ ਲੱਗ ਜਾਣਾ ਹੈ ਕਿ ਮੈਂ ਬਦਲੀ ਕਰਵਾਉਣ ਲਈ ਛੁੱਟੀ ਮੰਗਦਾ ਹਾਂ।”
ਮੈਂ ਅਰਜ਼ੀ ਲੈ ਕੇ ਗਿਆਰਾਂ ਕੁ ਵਜੇ ਸੈਕਟਰੀਏਟ ਪਹੁੰਚ ਕੇ ਪਾਸ ਬਣਾਉਣ ਲਈ ਕਤਾਰ ਵਿੱਚ ਖੜ੍ਹ ਗਿਆ। ਜਦੋਂ ਮੇਰੀ ਵਾਰੀ ਆਈ, ਪਾਸ ਬਣਾਉਣ ਵਾਲਾ ਕਹਿੰਦਾ, ਤੁਸੀਂ ਅਰਜ਼ੀ ਫੜਾ ਦੇਵੋ, ਅਸੀਂ ਦੋ ਵਜੇ ਸਬੰਧਤ ਦਫਤਰ ਨੂੰ ਭੇਜ ਦੇਵਾਂਗੇ। ਪਾਸ ਦੀ ਆਗਿਆ ਘੱਟ ਹੀ ਮਿਲਦੀ ਹੈ। ਮੈਂ ਬੈਠ ਗਿਆ ਸੀ, ਫਿਰ ਡਾ. ਸਾਹਿਬ ਦਾ ਫੋਨ ਆ ਗਿਆ ਕਿ ਅਰਜ਼ੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੀ ਨੂੰ ਨਹੀਂ, ਮੰਤਰੀ ਚੇਤਨ ਸਿੰਘ ਜੋੜਾਮਾਜਰਾ ਜੀ ਕੋਲ ਦੇਣੀ ਹੈ।
ਅਚਾਨਕ ਮੈਨੂੰ ਯਾਦ ਆਇਆ ਕਿ ਮੇਰਾ ਇੱਕ ਲੇਖਕ ਮਿੱਤਰ ਵੀ ਪੰਜਾਬ ਵਿਧਾਨ ਸਭਾ ਵਿੱਚ ਕਰਮਚਾਰੀ ਹੈ। ਮੈਂ ਉਸ ਨੂੰ ਫੋਨ ਕੀਤਾ। ਉਹ ਕਹਿੰਦਾ, “ਸਰ ਜੀ, ਮੇਰੇ ਕੋਲ ਆ ਜਾਵੋ, ਨਾਲੇ ਚਾਹ ਦਾ ਕੱਪ ਪੀਂਦੇ ਹਾਂ।”
ਮੈਂ ਉਸਦੇ ਦਫਤਰ ਚਲਾ ਗਿਆ। ਚਾਹ ਪੀ ਕੇ ਮੈਂ ਮਿੱਤਰ ਨੂੰ ਪਾਸ ਬਾਰੇ ਦੱਸਿਆ ਕਿ ਮੇਰਾ ਪਾਸ ਨਹੀਂ ਬਣਾ ਰਹੇ, ਮੈਂ ਮੰਤਰੀ ਜੀ ਨੂੰ ਮਿਲਣਾ ਹੈ। ਉਸਨੇ ਫੋਨ ਕਰ ਦਿੱਤਾ ਤੇ ਮੈਨੂੰ ਕਹਿਣ ਲੱਗਾ, ਸਰ ਜੀ ਜਾਉ ਤੁਸੀਂ।
ਮੈਂ ਜਾ ਕੇ ਲਾਇਨ ਵਿੱਚ ਖੜ੍ਹ ਗਿਆ। ਮੈਨੂੰ ਪਾਸ ਮਿਲ ਗਿਆ। ਮੈਂ ਪੰਜਵੀਂ ਮੰਜ਼ਿਲ ’ਤੇ ਜਾ ਕੇ ਅਰਜ਼ੀ ਦੇ ਦਿੱਤੀ। ਉਹ ਕਹਿੰਦੇ ਹੁਣੇ ਤੁਹਾਡੇ ਮੁੱਖ ਦਫਤਰ ਨੂੰ ਭੇਜ ਦਿੰਦੇ ਹਾਂ।
ਜਦੋਂ ਸੈਕਟਰੀਏਟ ਵਿੱਚੋਂ ਬਾਹਰ ਆਇਆ ਤਾਂ ਦੋਸਤ ਕੁਲਵੀਰ ਸਿੰਘ ਦਾ ਫੋਨ ਆ ਗਿਆ, “ਜਨਾਬ ਕਿੱਥੇ ਹੋ?”
ਮੇਰੇ ਮੂੰਹੋਂ ਨਿਕਲ ਗਿਆ, “ਮੈਂ ਸੈਕਟਰੀਏਟ ਧੱਕੇ ਖਾਂਦਾ ਹਾਂ।”
ਉਹ ਬੋਲਿਆ, “ਕੰਮ ਕੀ ਹੈ?”
“ਯਾਰ ਬਦਲੀ ਕਰਾਉਣੀ ਹੈ ਇੱਕ ਕਰਮਚਾਰੀ ਦੀ।”
ਉਹ ਕਹਿੰਦਾ, “ਜੋੜਾਮਾਜਰਾ ਜੀ ਮੇਰੇ ਮਾਮਾ ਜੀ ਹਨ, ਤੁਸੀਂ ਉਹਨਾਂ ਨੂੰ ਕਹਿ ਦਿਉ।”
ਮੈਂ ਕਿਹਾ, “ਉਹਨਾਂ ਕੋਲ ਗਿਆ ਸੀ, ਪਰ ਮੰਤਰੀ ਸਾਹਿਬ ਮਿਲੇ ਨਹੀਂ।”
ਮੈਂ ਪੁੱਛਿਆ, “ਫੋਨ ਕਿਵੇਂ ਕੀਤਾ? ਉਹ ਕਹਿੰਦਾ ਕਿ ਐਨੀ ਤਰੀਕ ਨੂੰ ਮੇਰਾ ਨਾਟਕ ਹੋਣਾ ਹੈ, ਜ਼ਰੂਰ ਪਹੁੰਚਣਾ ਤੇ ... ਜੇ ਬਦਲੀ ਨਾ ਹੋਈ ਤਾਂ ਮੈਨੂੰ ਦੁਬਾਰਾ ਦੱਸ ਦੇਵੀਂ।
ਦੂਸਰੇ ਦਿਨ ਮੈਨੂੰ ਕਰਮਚਾਰੀ ਦਾ ਫੋਨ ਆਇਆ, “ਸਰ ਜੀ, ਬਦਲੀ ਵਾਲੀ ਲਿਸਟ ਆ ਗਈ, ਵਿੱਚ ਮੇਰਾ ਨਾਂ ਨਹੀਂ ਆਇਆ।”
ਮੈਂ ਕਿਹਾ, “ਕੱਲ੍ਹ ਨੂੰ ਮੇਰੇ ਨਾਲ ਚੱਲੀਂ, ਤੇਰੇ ਨਾਲ ਜਾਣ ਨਾਲ ਹੋਰ ਵੀ ਸੌਖਾ ਹੋ ਜਾਵੇਗਾ।”
ਦੂਸਰੇ ਦਿਨ ਅਸੀਂ ਦਸ ਕੁ ਵਜੇ ਚੰਡੀਗੜ੍ਹ ਪਾਸ ਬਣਾਉਣ ਵਾਲੀ ਕਤਾਰ ਵਿੱਚ ਖਲੋ ਗਏ। ਪਾਸ ਵਾਲੇ ਕਰਮਚਾਰੀ ਨੇ ਮੈਨੂੰ ਪਛਾਣ ਲਿਆ ਤੇ ਪਾਸ ਬਣਾ ਦਿੱਤਾ। ਅਸੀਂ ਪੰਜਵੀਂ ਮੰਜ਼ਿਲ ’ਤੇ ਗਏ। ਕਰਮਚਾਰੀ ਕਹੀ ਜਾਵੇ, “ਸਰ ਜੀ, ਮੇਰੇ ਵੱਸ ਦੀ ਗੱਲ ਨਹੀਂ ਸੀ। ਤੁਸੀਂ ਪਤਾ ਨਹੀਂ ਕਿਵੇਂ ਆਈ ਜਾਨੇ ਓਂ।”
ਮੈਂ ਮੰਤਰੀ ਜੀ ਦੇ ਦਫਤਰ ਵਿੱਚ ਜਾ ਕੇ ਔਰਤ ਸੁਪਰਡੈਂਟ ਨੂੰ ਕਿਹਾ, “ਜੀ ਮੈਂ ਕੱਲ੍ਹ ਬਦਲੀ ਦੀ ਅਰਜ਼ੀ ਦੇ ਕੇ ਗਿਆ ਸੀ। ਉਹ ਮੁੱਖ ਦਫਤਰ ਪਹੁੰਚੀ ਨਹੀਂ।”
ਮੈਡਮ ਜੀ ਬਹੁਤ ਇਮਾਨਦਾਰ ਤੇ ਸਾਊ ਸੀ। ਉਹਨਾਂ ਨੇ ਆਪਣੇ ਸਹਾਇਕ ਨੂੰ ਕਿਹਾ, ਇਹਨਾਂ ਦੀ ਅਰਜ਼ੀ ਬਾਰੇ ਦੱਸ, ਭੇਜੀ ਆ ਕਿ ਨਹੀਂ? ਕਰਮਚਾਰੀ ਨੇ ਕੰਪਿਊਟਰ ਖੋਲ੍ਹਿਆ, ਦੇਖ ਕੇ ਕਹਿੰਦਾ, “ਆਹ ਦੇਖੋ ਜੀ, ਤੁਹਾਡੀ ਅਰਜ਼ੀ ਤਾਂ ਉਸੇ ਸਮੇਂ ਭੇਜ ਦਿੱਤੀ ਸੀ।”
ਮੈਂ ਸੁਪਰਡੈਂਟ ਮੈਡਮ ਜੀ ਨੂੰ ਕਿਹਾ ਜੀ, ਸਾਨੂੰ ਹੱਲ ਦੱਸੋ। ਉਹ ਕਹਿੰਦੇ, “ਮੈਂ ਮੰਤਰੀ ਸਾਹਿਬ ਦੇ ਪੀ. ਏ. ਨੂੰ ਫੋਨ ਕਰ ਦਿੰਦੀ ਹਾਂ, ਤੁਸੀਂ ਮੰਤਰੀ ਸਾਹਿਬ ਦੀ ਕੋਠੀ 39 ਸੈਕਟਰ ਵਿੱਚ ਜਾਉ।”
ਸਾਡੇ ਕੋਲ ਗੱਡੀ ਸੀ। ਅਸੀਂ ਥੋੜ੍ਹੇ ਸਮੇਂ ਵਿੱਚ ਮੰਤਰੀ ਸਾਹਿਬ ਦੀ ਕੋਠੀ ਪਹੁੰਚ ਗਏ। ਮੈਂ ਮਨ ਵਿੱਚ ਕਿਹਾ, ਬਦਲੀ ਤਾਂ ਅੱਜ ਕਰਵਾ ਕੇ ਹੀ ਜਾਵਾਂਗਾ, ਜੋ ਮਰਜ਼ੀ ਹੋ ਜਾਵੇ। ਮੈਂ ਗੇਟ ’ਤੇ ਖੜ੍ਹੇ ਪੁਲਿਸ ਵਾਲਿਆਂ ਨੂੰ ਕਿਹਾ, “ਅਸੀਂ ਮੰਤਰੀ ਸਾਹਿਬ ਜੀ ਨੂੰ ਮਿਲਣਾ ਹੈ।”
ਉਹ ਕਹਿੰਦੇ, “ਮੰਤਰੀ ਸਾਹਿਬ ਤਾਂ ਹੈ ਨਹੀਂ, ਮੀਟਿੰਗ ’ਤੇ ਗਏ ਹੋਏ ਨੇ।”
ਅਸੀਂ ਦੋ ਘੰਟੇ ਸਾਹਮਣੇ ਪਾਰਕ ਵਿੱਚ ਬੈਠੇ ਰਹੇ। ਇੰਨੇ ਨੂੰ ਮੰਤਰੀ ਸਾਹਿਬ ਜੀ ਆ ਗਏ। ਅਸੀਂ ਖੁਸ਼ ਹੋ ਗਏ। ਗੇਟ ’ਤੇ ਜਾ ਕੇ ਫਿਰ ਮਿਲਣ ਲਈ ਕਿਹਾ, ਪੁਲਿਸ ਵਾਲੇ ਕਹਿੰਦੇ ਅੰਦਰੋਂ ਕਿਸੇ ਤੋਂ ਫੋਨ ਕਰਾਵਾਉ ਤਾਂ ਜਾਣ ਦੇਵਾਂਗੇ। ਫਿਰ ਕੁਲਬੀਰ ਨੂੰ ਫੋਨ ਕੀਤਾ ਕਿ ਸਾਨੂੰ ਅੰਦਰ ਨਹੀਂ ਜਾਣ ਦਿੰਦੇ। ਉਸਨੇ ਮੰਤਰੀ ਸਾਹਿਬ ਨੂੰ ਫੋਨ ਕੀਤਾ। ਅੰਦਰੋਂ ਇੱਕ ਕਰਮਚਾਰੀ ਬੁਲਾਉਣ ਆ ਗਿਆ। ਸਾਡੇ ਫੋਨ ਫੜ ਕੇ ਉਨ੍ਹਾਂ ਰੱਖ ਲਏ। ਮੈਂ ਮੰਤਰੀ ਸਾਹਿਬ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਕਿਹਾ, “ਜੀ ਮੈਂ 2014 ਤੋਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ। ਖਾਲੀ ਪੋਸਟ ’ਤੇ ਬਦਲੀ ਕਰਵਾਉਣੀ ਹੈ।”
ਮੈਂ ਸਿਫਾਰਸ਼ ਕਰਕੇ ਅਰਜ਼ੀ ਪੀ. ਏ. ਸਾਹਿਬ ਕੋਲ ਪਹੁੰਚਾ ਦਿੱਤੀ ਸੀ। ਮੈਂ ਕਿਹਾ ਕਿ ਮੈਂ ਅਰਜ਼ੀ ਹੁਣੇ ਆਪਣੇ ਮੁੱਖ ਦਫਤਰ ਲੈ ਕੇ ਜਾਣੀ ਹੈ। ਮੰਤਰੀ ਸਾਹਿਬ ਹੱਸ ਕੇ ਕਹਿੰਦੇ, ਛੇ ਸਾਢੇ ਛੇ ਵੱਜਦੇ ਨੂੰ ਤੇਰੇ ਫੋਨ ’ਤੇ ਆਰਡਰ ਪਹੁੰਚ ਜਾਣਗੇ।
ਅਸੀਂ ਖੁਸ਼ ਹੋ ਕੇ ਆ ਗਏ। ਕਰਮਚਾਰੀ ਕਹਿੰਦਾ ਆਪਾ ਰਸਤੇ ਵਿੱਚ ਢਾਬੇ ’ਤੇ ਰੋਟੀ ਖਾਵਾਂਗੇ। ਮੈਂ ਕਿਹਾ, ਕੀ ਲੋੜ ਹੈ ਪੈਸੇ ਖਰਚਣ ਦੀ। ਘਰੇ ਜਾ ਕੇ ਖਾਵਾਂਗੇ। ਉਹ ਕਹਿੰਦਾ, “ਜੇ ਤੁਹਾਡੀ ਜਗ੍ਹਾ ’ਤੇ ਕੋਈ ਹੋਰ ਹੁੰਦਾ ਤਾਂ ਉਹਨੇ ਦਾਰੂ ਅਤੇ ਮੀਟ ਦੇ ਨਾਲ ਰੋਟੀ ਖਾਣੀ ਸੀ। ਮੈਂ ਤਾਂ ਪੰਜਾਹ ਹਜ਼ਾਰ ਰੁਪਏ ਦੇਣ ਨੂੰ ਤਿਆਰ ਸੀ।”
“ਨਹੀਂ, ਮੈਂ ਉਹਨਾਂ ਵਿੱਚੋਂ ਨਹੀਂ।”
ਸ਼ਾਮ ਨੂੰ ਛੇ ਵਜੇ ਚੀਫ ਸਾਹਿਬ ਦੇ ਪੀ. ਏ. ਨੇ ਮੇਰੇ ਫੋਨ ’ਤੇ ਵਟਸਐਪ ਕੀਤਾ। ਮੈਂ ਦੇਖਿਆ ਤਾਂ ਬਦਲੀ ਦੇ ਆਰਡਰ ਸੀ। ਮੈਂ ਪੜ੍ਹਦੇ ਸਾਰ ਕਰਮਚਾਰੀ ਨੂੰ ਭੇਜ ਦਿੱਤੇ। ਉਹ ਫੋਨ ਕਰਕੇ ਕਹਿੰਦਾ, “ਸਰ ਜੀ, ਕਮਾਲ ਹੋ ਗਈ, ਬਿਨਾਂ ਪੈਸੇ ਦਿੱਤੇ ਬਦਲੀ ਹੋ ਗਈ।”
ਮੈਂ ਕਿਹਾ, “ਜੇ ਕੋਈ ਬੰਦਾ ਬਿਨਾਂ ਸਵਾਰਥ ਅਤੇ ਲਾਲਚ ਤੋਂ ਮਨ ਵਿੱਚ ਧਾਰ ਕੇ ਕੋਈ ਕੰਮ ਕਰੇ ਤਾਂ ਪਰਮਾਤਮਾ ਵੀ ਮਦਦ ਕਰਦਾ ਹੈ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (