HarinderPalSingh7“ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ...”
(28 ਜੂਨ 2025)


ਇੱਕ ਇੱਕ ਤੇ ਦੋ ਗਿਆਰਾਂ ਦਾ ਮੁਹਾਵਰਾ ਆਪਾਂ ਅਕਸਰ ਸੁਣਦੇ ਹਾਂ। ਉਂਜ ਵੀ ਜੀਵਨ ਅੰਦਰ ਦੋ ਦਾ ਮਹੱਤਵ ਬਹੁਤ ਹੈ। ਦੋ ਦੀ ਤਾਕਤ ਨੂੰ ਬਹੁਤ ਵੱਡਾ ਗਿਣਿਆ ਗਿਆ ਹੈ। ਇਕੱਲਾ ਬੰਦਾ ਸਾਥੀ ਦੀ ਹੋਂਦ ਬਿਨਾਂ ਅਧੂਰਾ ਹੋ ਜਾਂਦਾ ਹੈ। ਜਿਵੇਂ ਦੋਂਹ ਬਲਦਾਂ ਦੀ ਜੋੜੀ
, ਦੋਂਹ ਹੰਸਾਂ ਦਾ ਜੋੜਾ, ਦੋ-ਪਹੀਆਂ ਵਾਹਨ, ਇਸੇ ਤਰ੍ਹਾਂ ਗ੍ਰਹਿਸਥ ਦੀ ਗੱਡੀ ਚਲਾਉਣ ਲਈ ਪਤੀ ਪਤਨੀ ਦੋਵਾਂ ਦਾ ਸਾਥ ਹੋਣਾ ਜ਼ਰੂਰੀ ਹੈ ਅਤੇ ਨਾਲ ਜੀਵਨ ਵਿੱਚ ਆਉਂਦੀਆਂ ਮੁਸ਼ਕਲਾਂ ਨਜਿੱਠਣ ਲਈ ਸਹਾਇਕ ਸਾਬਤ ਹੁੰਦਾ ਹੈ। ਸਮਾਜ ਵਿੱਚ ਮਰਦ ਭਾਵੇਂ ਇਕੱਲਤਾ ਵਿੱਚ ਵੀ ਜੀਵਨ ਅੰਦਰ ਵਿਚਰ ਲੈਂਦਾ ਹੈ ਪਰ ਸਾਥੀ ਦੀ ਘਾਟ ਤੋਂ ਬਿਨਾਂ ਔਰਤ ਦਾ ਜਿਊਣ ਥੋੜ੍ਹਾ ਬਹੁਤ ਮੁਸ਼ਕਿਲ ਬਣ ਜਾਂਦਾ ਹੈ, ਖ਼ਾਸ ਕਰ ਕੇ ਬੁਢਾਪੇ ਵਿੱਚ ਔਰਤ ਪੁੱਤਰ, ਪੋਤਰੇ, ਭਰਾ, ਭਤੀਜੇ ਦੀ ਸਹਾਇਤਾ ਲਈ ਜ਼ਰੂਰਤਮੰਦ ਰਹਿੰਦੀ ਹੈ। ਔਰਤ ਸ਼ਕਤੀ ਦੇ ਨਾਲ ਜਨਨੀ ਵੀ ਹੈ ਔਰਤ ਬਾਰੇ ਮੰਦਾ ਬੋਲਣਾ ਗੁਨਾਹ ਦੇ ਬਰਾਬਰ ਹੁੰਦਾ ਹੈ। ਇਸਤਰੀ ਦਾ ਪਾਕ-ਸਾਫ਼ ਜੀਵਨ ਤੇ ਨਾਲ ਹੀ ਚੌਕਸ ਰਹਿਣਾ ਉਸ ਲਈ ਸਦੀਵੀ ਸੁਰਕਸ਼ਾ-ਕਵਚ ਦਾ ਕੰਮ ਕਰਦਾ ਰਹਿੰਦਾ ਏ। ਗੁਰਬਾਣੀ ਵਿੱਚ ਲਿਖਿਆ ਹੋਇਆ ਹੈ:

“ਸੋ ਕਿਉਂ ਮੰਦਾ ਅਖੀਐ ਜਿਤੁ ਜੰਮਹਿ ਰਾਜਾਨ”

ਧਰਮ ਗਰੰਥ ਵੀ ਔਰਤ ਨੂੰ ਇੱਜ਼ਤ ਮਾਣ-ਸਨਮਾਨ ਦੇਣ ਲਈ ਪ੍ਰੇਰਿਤ ਕਰਦੇ ਹਨ। ਨਾਰੀ ਜਾਤੀ ਸਦਾ ਮਰਦ ਦਾ ਖ਼ਿਆਲ ਰੱਖਦੀ ਹੈ। ਭਾਵੇਂ ਮਾਂ, ਭੈਣ, ਪਤਨੀ ਜਾਂ ਧੀ ਰੂਪੀ ਸੰਬੰਧ ਹੋਣ, ਉਹ ਆਪਣੇ ਫ਼ਰਜ਼ਾਂ ਤੋਂ ਕੁਤਾਹੀ ਨਹੀਂ ਕਰਦੀ। ਅੱਗੋਂ ਮਿਲੇ ਸਲੂਕ ਨੂੰ ਨਜ਼ਰ ਅੰਦਾਜ਼ ਕਰਨਾ ਉਹ ਭਲੀਭਾਂਤ ਜਾਣਦੀ ਤੇ ਕਰਦੀ ਵੀ ਹੈ। ਇਹ ਕੁਦਰਤੀ ਵਰਤਾਰਾ ਹੈ ਜੋ ਕੁਦਰਤ ਵੱਲੋਂ ਉਸੇ ਨੂੰ ਬਖ਼ਸ਼ਿਆ ਗਿਆ। ਜਿਓ ਹੀ ਲੜਕੀ ਹੋਸ਼ ਸੰਭਾਲਦੀ ਹੈ ਆਪਣੇ ਤੋਂ ਛੋਟੇ ਵੀਰ ਦਾ ਖ਼ਿਆਲ ਵੱਡੇ ਭਰਾ ਦਾ ਸਤਿਕਾਰ ਤੇ ਪਿਓ ਦੀਆਂ ਜ਼ਰੂਰਤਾਂ ਦਾ ਖ਼ਿਆਲ ਰੱਖਣਾ ਆਪਣਾ ਫਰਜ਼ ਸਮਝਦੀ ਅਤੇ ਨਿਭਾਉਂਦੀ ਹੈ। ਸਮਾਜਿਕ ਰੁਝਾਨ ਮੁਤਾਬਕ ਪੜ੍ਹਾਈ ਲਿਖਾਈ ਤੋਂ ਬਾਅਦ ਜਦੋਂ ਔਰਤ ਨੌਕਰੀ ਕਰਦੀ ਹੈ ਤਾਂ ਆਪਣਾ ਖ਼ਰਚਾ ਆਪ ਹੀ ਉਠਾਉਣ ਦੇ ਕਾਬਿਲ ਹੋ ਜਾਂਦੀ ਹੈ, ਕਿਸੇ ’ਤੇ ਬੋਝ ਨਹੀਂ ਬਣਦੀ ਸਗੋਂ ਪਰਿਵਾਰਕ ਮਦਦਗਾਰ ਦੀ ਭੂਮਿਕਾ ਨਿਭਾਉਂਦੀ ਹੈ। ਅਕਾਸ਼-ਪਾਤਾਲ ਅਤੇ ਧਰਾਤਲ, ਹਰ ਖ਼ੇਤਰ ਵਿੱਚ ਉਸਦੇ ਆਪਣੇ ਜੇਤੂ ਝੰਡੇ ਗੱਡੇ ਹੋਏ ਸਾਨੂੰ ਮਿਲਦੇ ਹਨ। ਔਰਤ ਸਮਾਜ ਦੀ ਤਰੱਕੀ ਲਈ ਆਪਣਾ ਚੰਗਾ ਖਾਸਾ ਹਿੱਸਾ ਪਾਉਂਦੀ ਹੈ। ਉਸਦਾ ਯੋਗਦਾਨ, ਕਾਬਲੀਅਤ ਕਾਬਿਲੇ ਤਾਰੀਫ਼ ਹੈ।

ਵਿਆਹ ਤੋਂ ਮਗਰੋਂ ਸਹੁਰੇ ਘਰ ਵਿੱਚ ਨਵੇਂ ਬਣੇ ਰਿਸ਼ਤੇ ਨਿਭਾਉਣਾ ਔਰਤ ਬਾਖ਼ੂਬੀ ਸਮਝਦੀ ਹੈ। ਸਸੁਰਾਲ ਅੰਦਰ ਗ਼ਲਤੀ ਕਰਨ ਦੀ ਗੁੰਜਾਇਸ਼ ਨਾ ਮਾਤਰ ਹੁੰਦੀ ਹੈ। ਅਜੋਕੇ ਯੁਗ ਵਿੱਚ ਘਰ ਦੀ ਚਾਰਦੀਵਾਰੀ ਤੋਂ ਬਾਹਰ ਨੌਕਰੀ ਕਰਨੀ ਸਮੇਂ ਦੀ ਮੰਗ ਬਣ ਗਈ ਹੈ। ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਨਾਲ ਨਾਲ ਖੁਸ਼ਹਾਲੀ ਭਰਪੂਰ ਬਣਾਉਣਾ ਹੁੰਦਾ ਹੈ ਨਹੀਂ ਤਾਂ ਸਮਾਜ ਅੰਦਰ ਪਰਿਵਾਰ ਦੇ ਪਛੜ ਜਾਣ ਦੀ ਸੰਭਾਵਨਾ ਬਰਕਰਾਰ ਰਹਿੰਦੀ ਹੈ। ਔਰਤ ਕੋਮਲ ਅਤੇ ਮੋਹ ਭਿੱਜੀ ਸ਼ਖ਼ਸੀਅਤ ਦੀ ਮਾਲਕ ਹੁੰਦੀ ਹੈ, ਜਿਸ ਕਾਰਨ ਉਹ ਆਪਣੇ ਬੱਚਿਆਂ ਨਾਲ ਬੇਹੱਦ ਜੁੜੀ ਹੁੰਦੀ ਹੈ। ਜਾਂ ਕਹਿ ਸਕਦੇ ਹਾਂ ਬੱਚੇ ਮਾਂ ਨਾਲ ਬੇਹੱਦ ਨੇੜਤਾ ਰੱਖਦੇ ਹਨ, ਦਿਲ ਦੀਆਂ ਗੱਲਾਂ ਕਰਦੇ ਹਨ, ਜੋ ਉਹ ਅਕਸਰ ਪਿਤਾ ਨਾਲ ਕਰਦਿਆਂ ਝਿਜਕ ਮਹਿਸੂਸ ਕਰਦੇ ਹਨ। ਮਾਂ ਬੱਚਿਆਂ ਦੀ ਹਰ ਜਾਇਜ਼ ਮੰਗ ਪੂਰੀ ਕਰਨ ਵਿੱਚ ਪਹਿਲ ਦਿਖਾਉਂਦੀ ਹੈ ਤਾਂ ਕਿ ਪਰਿਵਾਰ ਵਿੱਚ ਖੁਸ਼ੀਆਂ ਅਤੇ ਖੇੜਿਆਂ ਦਾ ਮਾਹੌਲ ਬਣਿਆ ਰਹੇ।

ਬਚਪਨ ਤੋਂ ਜਵਾਨੀ ਅਤੇ ਫਿਰ ਬੁਢਾਪਾ ਆਉਣਾ ਕੁਦਰਤੀ ਨਿਯਮ ਹੈ। ਮਾਂ ਦੇ ਪੱਲੂ ਨਾਲ ਖੇਡਣ ਵਾਲੇ ਬੱਚੇ ਕਿਸੇ ਦਾ ਪੱਲਾ ਫੜ ਲੈਂਦੇ ਹਨ। ਆਪਣੇ ਹੱਥੀਂ ਖੇਡੇ ਧੀਆਂ ਪੁੱਤ ਵੱਡੇ ਹੋ ਕੇ ਵਿਆਹੇ ਜਾਂਦੇ ਹਨ। ਤੋਤਲੀ ਜ਼ੁਬਾਨ ਨਾਲ ਬੋਲਣ ਵਾਲੇ ਬੱਚੇ ਵੱਡੇ ਹੋ ਕੇ ਉਡਾਣ ਲਈ ਆਪਣੇ ਪਰ ਤੋਲਣ ਲੱਗ ਪੈਂਦੇ ਹਨ। ਕਈ ਪਰਿਵਾਰਾਂ ਦੇ ਬੱਚੇ ਪਰਿੰਦਿਆਂ ਵਾਂਗ ਉਡਾਰੀ ਮਾਰ ਦੂਰ ਦੁਰਾਡੇ ਨੌਕਰੀਆਂ ’ਤੇ ਚਲੇ ਜਾਂਦੇ ਹਨ। ਬਿਹਤਰ ਜ਼ਿੰਦਗੀ ਜਿਊਣ ਦੇ ਉਪਰਾਲੇ ਕਰਨ ਦੀ ਚਾਹਤ ਉਨ੍ਹਾਂ ਨੂੰ ਮਾਪਿਆਂ ਤੋਂ ਨਾ ਚਾਹੁੰਦੇ ਦੂਰ ਕਰਨ ਦਾ ਕਾਰਨ ਬਣ ਜਾਂਦੀ ਹੈ। ਮਾਂ ਅਤੇ ਮਾਤ-ਭੂਮੀ ਨੂੰ ਛੱਡਣ ਵੇਲੇ ਦਿਲ ’ਤੇ ਪਥਰ ਰੱਖਣਾ ਵਾਂਗ ਹੋ ਨਿੱਬੜਦਾ ਹੈ। ਸਰੀਰਕ ਦੂਰੀ ਹੋਣ ਦੇ ਬਾਵਜੂਦ ਮਾਂ ਨਾਲ ਆਂਦਰਾਂ ਵਾਲਾ ਜੁੜਾਵ ਬਣਿਆ ਰਹਿੰਦਾ ਹੈ। ਬੱਚਿਆਂ ਨਾਲ ਚਾਰ ਛੇ ਟਾਇਰਾਂ ਵਾਲੀ ਬਣੀ ਘਰੇਲੂ ਗੱਡੀ ਫਿਰ ਤੋਂ ਦੋ ਪਹੀਆ ਵਾਹਨ ਬਣ ਜਾਂਦੀ ਹੈ। ਜਿਵੇਂ ਜਿਵੇਂ ਉਮਰ ਹਰ ਰੋਜ਼ ਵਧਦੀ ਜਾਂਦੀ ਹੈ, ਜ਼ਿੰਦਗੀ ਹਰ ਰੋਜ਼ ਘਟਦੀ ਜਾਂਦੀ ਹੈ। ਜੋੜੀ ਟੁੱਟਣ ਦਾ ਵੇਲਾ ਨਜ਼ਦੀਕ ਆ ਰਿਹਾ ਹੁੰਦਾ ਹੈ। ਮਰਦ ਦੇ ਇਕਲਾਪੇ ਦੀਆਂ ਮੁਸ਼ਕਿਲਾਂ ਮਰਦ ਹੀ ਸਮਝਦੇ ਹਨ ਪਰ ਇੱਥੇ ਅਸੀਂ ਔਰਤਾਂ ਦੀ ਇਕੱਲਤਾ ਬਾਰੇ ਹੀ ਗੱਲਬਾਤ ਕਰ ਰਹੇ ਸੀ, ਜੋ ਅੱਜ ਦੇ ਸੰਦਰਭ ਵਿੱਚ ਸਮਾਜ ਅੰਦਰ ਵਾਪਰ ਰਿਹਾ ਹੈ। ਵੈਸੇ ਜੀਵਨ ਦਾ ਸੰਘਰਸ਼ ਆਖ਼ਰੀ ਸਾਹ ਤਕ ਚੱਲਦਾ ਰਹਿੰਦਾ ਹੈ।

ਕਈ ਇਸਤਰੀਆਂ ਦੋਂਹ ਮੁਹਾਜ਼ਾਂ ’ਤੇ, ਯਾਨੀ ਘਰ ਅਤੇ ਬਾਹਰ ਕੰਮ ਕਰਦੀਆਂ ਹਨ। ਹਰ ਇੱਕ ਦਾ ਜੀਵਨ ਸਫ਼ਰ ਮੁਸ਼ਕਿਲਾਂ ਅਤੇ ਚੁਣੌਤੀਆਂ ਭਰਪੂਰ ਹੁੰਦਾ ਹੈ। ਇਸੇ ਲਈ ਔਰਤ ਬਿਖੜੇ ਰਾਹਾਂ ਦੀ ਪਾਂਧੀ ਬਣ ਕੇ ਰਹਿ ਜਾਂਦੀ ਹੈ। ਪੂਰੀ ਤਾਕਤ ਨਾਲ ਔਖੇ ਪੰਧ ਨੂੰ ਪੱਧਰਾ ਕਰਕੇ ਅਗਾਂਹ ਵਧਣਾ ਹਰ ਨਾਰੀ ਚੰਗੀ ਤਰ੍ਹਾਂ ਜਾਣਦੀ ਹੈ। ਕਾਮਯਾਬੀਆਂ ਦੇ ਨਵੇਂ ਮਾਪਦੰਡ ਸਥਾਪਿਤ ਕਰਦੀ ਔਰਤ ਆਪਣੇ ਪਰਿਵਾਰ ਅਤੇ ਸਮਾਜਿਕ ਬਿਹਤਰੀ ਲਈ ਪ੍ਰੇਰਨਾ ਦਾ ਸਰੋਤ ਬਣਦੀ ਹੈ। ਮਾਂ ਦੀ ਅਣਹੋਂਦ ਕਾਰਨ ਰਿਸ਼ਤੇ ਬਿਖ਼ਰਨ ਲੱਗ ਜਾਂਦੇ ਹਨ। ਇਸ ਸੰਸਾਰਕ ਸੰਰਚਨਾ ਦਾ ਧੁਰਾ ਮਾਂ ਹੈ, ਜਿਸ ਨਾਲ ਦੁਨੀਆਂ ਜੁੜੀ ਹੁੰਦੀ ਹੈ। ਇਸੇ ਲਈ ਸੰਪੂਰਣ ਔਰਤ ਦਾ ਪ੍ਰਤੀਕ ਮਾਂ ਨੂੰ ਕਹਿੰਦੇ ਹਾਂ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Harinder Pal Singh

Harinder Pal Singh

Mohali, Punjab, India.
Whatsapp: (91 - 97806 - 44040)
Email: (harindersingh42507@gmail.com)