HarinderPalSingh7ਮੁਹੱਲੇ ਦੇ ਇੱਕ ਵੀਰ ਜੀ ਦੱਸਣ ਲੱਗੇ, “ਅਸੀਂ ਉਨ੍ਹਾਂ ਕੋਲ ਪੱਖਾ ਲੈਣ ਗਏ ਤਾਂ ਦੂਸਰੇ ਕਮਰੇ ਵਿੱਚੋਂ ...
(30 ਮਈ 2025)


ਦਾਰ ਜੀ ਸ਼ਬਦ ਦੀ ਉਤਪਤੀ ਸਰਦਾਰ ਜੀ ਲਫ਼ਜ਼ ਵਿੱਚੋਂ ਹੋਈ ਜਾਪਦੀ ਹੈ। ਆਪਣੇ ਪਤੀ ਦਾ ਨਾਮ ਲੈ ਕੇ ਨਾ ਬੁਲਾਉਣ ਦੀ ਭਾਰਤੀ ਪਰੰਪਰਾ ਕਾਰਨ ਪੰਜਾਬ ਵਿੱਚ ਪਤਨੀਆਂ ਆਪਣੇ ਪਤੀ ਨੂੰ ਸਰਦਾਰ ਜੀ ਕਹਿ ਕੇ ਸੰਬੋਧਨ ਕਰਦੀਆਂ ਸਨ। ਉਦੋਂ ਸਾਂਝੇ ਪਰਿਵਾਰ ਹੁੰਦੇ ਸਨ। ਛੋਟੇ ਬੱਚਿਆਂ ਨੂੰ ਅਕਸਰ ਵੱਡੇ ਸ਼ਬਦ ਬੋਲਣ ਲੱਗਿਆਂ ਔਖਿਆਈ ਆਉਂਦੀ। ਉਹ ਘੱਟ ਲਫ਼ਜ਼ਾਂ ਵਿੱਚ ਵੀ ਆਪਣੀ ਗੱਲ ਕਹਿ ਦਿੰਦੇ ਸਨ। ਆਪਣੀ ਮਾਂ ਵੱਲੋਂ ਸਰਦਾਰ ਜੀ ਪੁਕਾਰੇ ਜਾਣ ਨਾਲੋਂ ਉਹ ਆਪਣੇ ਪਿਤਾ ਨੂੰ ਦਾਰ ਜੀ ਸੌਖਾ ਕਹਿ ਲੈਂਦੇ ਹੋਣਗੇ। ਜਾਪਦਾ ਹੈ ਕਿ ਇਉਂ ਪਿਤਾ ਨੂੰ ਦਾਰ ਜੀ ਬੁਲਾਉਣ ਦਾ ਪ੍ਰਚਲਨ ਸ਼ੁਰੂ ਹੋਇਆ ਹੋਵੇਗਾ। ਵਿਆਹ ਮਗਰੋਂ ਘਰ ਵਿੱਚ ਆਈ ਔਰਤ ਨੂੰ ਛੋਟੇ ਦਿਓਰ-ਨਨਾਣਾ ਭਰਜਾਈ ਕਹਿ ਕੇ ਬੁਲਾਉਂਦੇ ਸਨ। ਘਰ ਦੇ ਬੱਚੇ ਸੁਣਦੇ ਸਨ। ਉਹ ਵੀ ਬੋਲਣ ਦੀ ਸਹੂਲਤ ਤਹਿਤ ਉਨ੍ਹਾਂ ਦੀ ਰੀਸ ਕਰਦੇ ਤੇ ਆਪਣੀ ਮਾਂ ਨੂੰ ਝਾਈ ਬੁਲਾਉਣ ਲੱਗ ਪੈਂਦੇ ਸਨ। ਇਉਂ
, ਪਿਤਾ ਨੂੰ ਦਾਰ ਜੀ ਤੇ ਮਾਤਾ ਨੂੰ ਝਾਈ ਜੀ ਕਹਿ ਕੇ ਬੁਲਾਇਆ ਜਾਣ ਲੱਗ ਪਿਆ। ਇਹ ਦਸਤੂਰ ਅੱਜ ਵੀ ਪੰਜਾਬ ਦੇ ਕਈ ਪਰਿਵਾਰਾਂ ਵਿੱਚ ਜਿਉਂ ਦਾ ਤਿਉਂ ਚੱਲ ਰਿਹਾ ਹੈ। ਭਾਵੇਂ ਜ਼ਮਾਨਾ ਜਿੰਨਾ ਮਰਜ਼ੀ ਬਦਲ ਗਿਆ ਹੈ, ਅੱਜ ਵੀ ਪਿਤਾ ਜੀ ਨੂੰ ਦਾਰ ਜੀ ਤੇ ਮਾਤਾ ਜੀ ਨੂੰ ਝਾਈ ਜੀ ਬੁਲਾਉਂਦੇ ਹਨ।

ਸਾਲ 1984-85 ਦੀ ਗੱਲ ਹੈ, ਦਿੱਲੀ ਤੋਂ ਬਦਲ ਕੇ ਆਇਆ ਇੱਕ ਪਰਿਵਾਰ ਸਾਡੇ ਮੁਹੱਲੇ ਵਿੱਚ ਰਹਿਣ ਰਹਿਣ ਲੱਗ ਪਿਆ। ਉਨ੍ਹਾਂ ਦੇ ਬੱਚੇ ਮਾਂ-ਬਾਪ ਨੂੰ ਦਾਰ ਜੀ ਤੇ ਝਾਈ ਜੀ ਕਹਿ ਕੇ ਸੱਦਦੇ ਸਨ। ਚੰਗੇ ਧਾਰਮਿਕ ਅਤੇ ਮਿਲਵਰਤਣ ਵਾਲੇ ਲੋਕ ਸਨ। ਗੁਰਦੁਆਰੇ ਜਾਣ ਕਰਕੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਹੋਣ ਕਾਰਨ ਨਵੇਂ ਆਏ ਹੋਣ ਦੇ ਬਾਵਜੂਦ ਉਨ੍ਹਾਂ ਦੇ ਸਹਿਚਾਰ ਦਾ ਦਾਇਰਾ ਕਾਫ਼ੀ ਜਲਦੀ ਵੱਡਾ ਬਣ ਗਿਆ। ਸਾਰੇ ਉਨ੍ਹਾਂ ਨੂੰ ਦਾਰ ਜੀ ਅਤੇ ਝਾਈ ਜੀ ਆਖ ਬੁਲਾਉਣ ਲੱਗ ਪਏ। ਇੱਕ ਨੂੰਹ ਪੁੱਤਰ ਅਤੇ ਉਨ੍ਹਾਂ ਦੇ ਬੱਚੇ ਨਾਲ ਰਹਿੰਦੇ ਸਨ ਜਦੋਂ ਕਿ ਬਾਕੀ ਨੂੰਹਾਂ ਪੁੱਤਰ ਵੱਖਰੇ ਰਹਿੰਦੇ ਸਨ।

ਦਾਰ ਜੀ ਅਤੇ ਝਾਈ ਜੀ ਨਾਲ ਬਿਤਾਏ ਸਮੇਂ ਦੀਆਂ ਦੋ ਤਿੰਨ ਘਟਨਾਵਾਂ ਦਾ ਇੱਥੇ ਜ਼ਿਕਰ ਕਰਨ ਲੱਗਾ ਹਾਂ। ਉਨ੍ਹਾਂ ਇੱਕ ਦੁਕਾਨ ਘਰ ਵਿੱਚ ਕਿਰਾਏ ’ਤੇ ਦਿੱਤੀ, ਜੋ ਰਾਸ਼ਨ ਪਾਣੀ ਦੀ ਸੀ। ਮੁਹੱਲੇ ਦੇ ਲੋਕ ਬਜ਼ਾਰ ਜਾਣ ਦੀ ਬਜਾਏ ਉੱਥੋਂ ਹੀ ਲੋੜੀਂਦਾ ਰਾਸ਼ਨ ਲੈ ਲੈਂਦੇ। ਸਰਦੀਆਂ ਵਿੱਚ ਦਿਨੇ ਤੇ ਗਰਮੀਆਂ ਵਿੱਚ ਸ਼ਾਮ ਨੂੰ ਅਕਸਰ ਬਾਹਰ ਕੁਰਸੀਆਂ ’ਤੇ ਮੁਹੱਲੇ ਵਾਲੇ ਇਕੱਠੇ ਬੈਠਦੇ ਸਨ ਤੇ ਹਾਸੇ ਠੱਠੇ ਵਾਲੀਆਂ ਗੱਲਾਂ ਹੋ ਜਾਂਦੀਆਂ ਸਨ। ਇੱਕ ਦਿਨ ਉਨ੍ਹਾਂ ਦੇ ਦੁਕਾਨ ਚਲਾਉਣ ਵਾਲੇ ਕਿਰਾਏਦਾਰ ਨੇ ਦੱਸਿਆ, “ਰਾਤ ਨੂੰ ਮੇਰੀ ਬੰਦ ਦੁਕਾਨ ਦੇ ਥੜ੍ਹੇ ਉੱਤੇ ਕੋਈ ਸਬਜ਼ੀ ਦੇ ਛਿੱਲੜ ਵਗੈਰਾ ਸੁੱਟ ਜਾਂਦਾ ਸੀ। ਸਵੇਰੇ ਜਦੋਂ ਮੈਂ ਦੁਕਾਨ ਖੋਲ੍ਹਣੀ ਤਾਂ ਛਿਲਕੇ ਉੱਥੇ ਪਏ ਹੁੰਦੇ ਸਨ। ਮੈਂ ਤੰਗ ਆਇਆ ਪਿਆ ਸੀ। ਮੈਂ ਦਾਰ ਜੀ ਨਾਲ ਇਹ ਗੱਲ ਸਾਂਝੀ ਕੀਤੀ। ਅੱਗੋਂ ਦਾਰ ਜੀ ਤੇ ਝਾਈ ਜੀ ਬਹੁਤ ਸਿਆਣੇ ਦਿੱਲੀ ਦੇ ਹੁਸ਼ਿਆਰ ਬਾਸ਼ਿੰਦੇ ਸਨ। ਉਨ੍ਹਾਂ ਕਿਹਾ, ਤੂੰ ਬੰਦਾ ਲੱਭ ਕੇ ਸਾਨੂੰ ਦੱਸ ਕੌਣ ਸੁੱਟਦਾ ਹੈ, ਹੱਲ ਅਸੀਂ ਕੱਢ ਦੇਵਾਂਗੇ। ਮੈਂ ਕੁਝ ਦਿਨ ਵਾਚਿਆ। ਇੱਕ ਦਿਨ ਸਾਹਮਣੇ ਰਹਿੰਦੇ ਪਰਿਵਾਰ ਦੇ ਮੈਂਬਰ ਨੂੰ ਉੱਥੇ ਛਿੱਲੜ ਸੁੱਟਦਿਆਂ ਮੈਂ ਦੇਖ ਲਿਆ ਤੇ ਦਾਰ ਜੀ ਤੇ ਝਾਈ ਜੀ ਨੂੰ ਦੱਸ ਦਿੱਤਾ। ਹੁਣ ਉਸ ਬੰਦੇ ਨੂੰ ਕੌਣ ਮੂੰਹ ’ਤੇ ਕਹਿਣ ਦੀ ਹਿੰਮਤ ਕਰੇ ਕਿਉਂਕਿ ਇਸ ਨਾਲ ਝਗੜੇ ਦਾ ਡਰ ਸੀ। ਦਾਰ ਜੀ ਦਿੱਲੀ ਦੇ ਹੰਢੇ ਵਰਤੇ ਬੰਦੇ ਸਨ। ਉਨ੍ਹਾਂ ਨੇ ਹੱਲ ਲੱਭ ਲਿਆ। ਇੱਕ ਦਿਨ ਕੁੜਾ ਸੁੱਟਣ ਵਾਲਾ ਉਹ ਵਿਅਕਤੀ ਉਨ੍ਹਾਂ ਕੋਲ ਦੁਪਹਿਰੇ ਧੁੱਪੇ ਆ ਕੇ ਬੈਠ ਗਿਆ। ਦਾਰ ਜੀ ਬੰਦੇ ਨੂੰ ਕਹਿਣ ਲੱਗੇ, ਪਤਾ ਨਹੀਂ ਕੌਣ ਕੰਬਖਤ, ਕਮੀਨਾ ਬੰਦਾ ਰਾਤ ਨੂੰ ਇੱਥੇ ਦੁਕਾਨ ਦੇ ਥੜ੍ਹੇ ਉੱਪਰ ਕੂੜਾ ਸੁੱਟ ਜਾਂਦਾ ਹੈ। ਇਸ ਕਾਰਨ ਸਾਡਾ ਦੁਕਾਨਦਾਰ ਤੰਗ ਆਇਆ ਪਿਆ ਹੈ। ਦਾਰ ਜੀ ਆਪਣੀ ਸਮਝਦਾਰੀ ਵਰਤ ਗਏ, ਨਹੀਂ ਤਾਂ ਕਿਸੇ ਦੇ ਮੂੰਹ ਉੱਤੇ ਗੱਲ ਕਹਿਣੀ ਕਿਹੜਾ ਸੌਖੀ ਹੁੰਦੀ ਹੈ। ਉਹ ਇਹ ਕਹਿਣ ਜੋਗਾ ਨਾ ਰਿਹਾ ਕਿ ਮੈਂ ਸੁੱਟਦਾ ਹਾਂ। ਵਰਤੀ ਗਈ ਭੱਦੀ ਸ਼ਬਦਾਵਲੀ ਨੂੰ ਪਚਾਉਂਦਾ ਹੋਇਆ ਇਹ ਕਹਿ ਕੇ ਉੱਠ ਗਿਆ, ਚਲੋ ਕੋਈ ਗੱਲ ਨਹੀਂ, ਆਪੇ ਗਊਆਂ ਵਗੈਰਾ ਖਾ ਜਾਣਗੀਆਂ। ਦਾਰ ਜੀ ਦਾ ਵਰਤਿਆ ਇਹ ਫਾਰਮੂਲਾ ਕੰਮ ਆ ਗਿਆ ਅਤੇ ਅਗਲੇ ਦਿਨ ਦੁਕਾਨ ਮੋਹਰੇ ਕੂੜਾ ਨਹੀਂ ਦਿਸਿਆ।”

ਦਾਰ ਜੀ ਦਾ ਇੱਕ ਜੌੜਾ ਭਰਾ ਵੀ ਸੀ ਜੋ ਉਸੇ ਸ਼ਹਿਰ ਵਿੱਚ ਦਿੱਲੀਓਂ ਆਇਆ ਹੋਇਆ ਸੀ। ਉਹ ਕਦੇ ਕਦਾਈਂ ਉਨ੍ਹਾਂ ਦੇ ਘਰ ਮਿਲਣ ਆ ਜਾਂਦਾ ਸੀ ਪਰ ਉਸ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ। ਇੱਕ ਦਿਨ ਮੈਂ ਬੈਂਕ ਕਿਸੇ ਕੰਮ ਗਿਆ ਤਾਂ ਅੰਦਰ ਕਾਊਂਟਰ ’ਤੇ ਮੈਨੂੰ ਦਾਰ ਜੀ ਦਿਸੇ। ਮੈਂ ਪਿੱਛੋਂ ਜਾ ਕੇ ਮਜ਼ਾਹ ਵੱਸ ਉਨ੍ਹਾਂ ਦੀਆਂ ਬਾਹਵਾਂ ਫੜ ਲਈਆਂ। ਉਨ੍ਹਾਂ ਪਿੱਛੇ ਮੁੜ ਕੇ ਮੇਰੇ ਵੱਲ ਦੇਖਿਆ। ਉਨ੍ਹਾਂ ਦੇ ਚਿਹਰੇ ’ਤੇ ਮੈਨੂੰ ਸਵਾਲੀਆ ਨਿਸ਼ਾਨ ਦਿਸਿਆ। ਅੱਗੋਂ ਫਿਰ ਮੈਂ ਮਜ਼ਾਹ ਵੱਸ ਕਿਹਾ, “ਤੁਸੀਂ ਦੋ ਫੇਜ਼ ਵਿੱਚ ਰਹਿੰਦੇ ਹੋ ਨਾ!”

ਉਨ੍ਹਾਂ ਦਾ ਜਵਾਬ ਸੀ, “ਨਹੀਂ।”

ਮੈਂ ਸੋਚਿਆ ਕਿ ਸ਼ਾਇਦ ਉਹ ਵੀ ਮੇਰੇ ਨਾਲ ਮਜ਼ਾਕ ਕਰ ਰਹੇ ਹਨ। ਮੈਂ ਕਿਹਾ, “ਤੁਹਾਡਾ ਮੁਰਗ਼ੀਖਾਨੇ ਦਾ ਕੰਮ ਨਹੀਂ?

ਹੁਣ ਉਹ ਹੱਸਣ ਲੱਗ ਪਏ ਤੇ ਸਾਰੀ ਗੱਲ ਸਮਝ ਗਏ। ਉਹ ਕਹਿਣ ਲੱਗੇ, “ਤੁਸੀਂ ਜਿਸਦੇ ਭੁਲੇਖੇ ਮੈਨੂੰ ਬੁਲਾਇਆ ਹੈ, ਉਹ ਮੇਰਾ ਜੌੜਾ ਭਰਾ ਹੈ।”

ਬੈਂਕ ਦੇ ਕਰਮਚਾਰੀ ਵੀ ਇਹ ਸਾਰੀ ਗੱਲਬਾਤ ਸੁਣ ਰਹੇ ਸਨ। ਉਹ ਹੱਸਣ ਲੱਗ ਪਏ ਤੇ ਕਹਿਣ ਲੱਗੇ, “ਅਸੀਂ ਵੀ ਭੁਲੇਖਾ ਖਾ ਜਾਂਦੇ ਹਾਂ। ਇੱਕ ਭਰਾ ਪੈਸੇ ਕਢਾ ਕੇ ਜਾਂਦਾ ਹੈ ਤਾਂ ਦੂਸਰੇ ਦੇ ਆਉਣ ’ਤੇ ਅਸੀਂ ਵੀ ਭੁਲੇਖਾ ਖਾ ਜਾਂਦੇ ਹਾਂ।”

ਸ਼ਾਮ ਵੇਲੇ ਕੰਮ ਤੋਂ ਵਾਪਸ ਆ ਕੇ ਮੈਂ ਦਾਰ ਜੀ ਤੇ ਝਾਈ ਜੀ ਨੂੰ ਇਹ ਗੱਲ ਸੁਣਾਈ। ਉਹ ਵੀ ਹੱਸਣ ਲੱਗ ਪਏ ਤਾਂ ਝਾਈ ਜੀ ਨੇ ਵਿਸਥਾਰ ਨਾਲ ਗੱਲ ਦੱਸੀ। ਉਹ ਕਹਿਣ ਲੱਗੇ, “ਜਦੋਂ ਮੈਂ ਵਿਆਹ ਕੇ ਆਈ ਸਾਂ ਤਾਂ ਸਾਨੂੰ ਦਰਾਣੀ ਜਿਠਾਣੀ ਨੂੰ ਵੀ ਭੁਲੇਖਾ ਪੈ ਜਾਂਦਾ ਸੀ ਕਿ ਮੇਰੇ ਵਾਲੇ ਸਰਦਾਰ ਜੀ ਕਿਹੜੇ ਹਨ। ਅਸੀਂ ਸਾਰਿਆਂ ਨੇ ਹੱਲ ਕੱਢਿਆ ਕਿ ਇੱਕ ਰੰਗਲੀ (ਪਲੇਨ) ਤੇ ਦੂਸਰਾ ਭਰਾ ਲਹਿਰੀਆ ਯਾਨੀ (ਪ੍ਰਿੰਟਿਡ) ਪੱਗ ਬੰਨ੍ਹੇਗਾ ਤਾਂ ਕਿ ਵੱਖਰੀ ਪਛਾਣ ਬਣੀ ਰਹੇ। ਤੁਹਾਨੂੰ ਇਸ ਬਾਰੇ ਪਤਾ ਨਾ ਹੋਣ ਕਰਕੇ ਤੁਸੀਂ ਭੰਬਲਭੂਸੇ ਵਿੱਚ ਫਸ ਗਏ ਕਿ ਦਾਰ ਜੀ ਢੰਗ ਸਿਰ ਬੋਲ ਕਿਉਂ ਨਹੀਂ ਰਹੇ। ਅਸਲ ਗੱਲ ਇਹ ਹੈ ਜੋ ਮੈਂ ਤੁਹਾਨੂੰ ਦੱਸ ਰਹੀ ਹਾਂ।”

ਸਮਾਂ ਬੀਤਿਆ। ਸਰਦਾਰ ਜੀ ਦੇ ਬੱਚੇ ਬਾਕੀਆਂ ਵਾਂਗ ਇੱਕ-ਇੱਕ ਕਰਕੇ ਬਾਹਰਲੇ ਮੁਲਕਾਂ ਵਿੱਚ ਜਾਣ ਲੱਗ ਪਏ। ਨਾਲ ਰਹਿੰਦੇ ਨੂੰਹ ਪੁੱਤ ਵੀ ਬੱਚਿਆਂ ਸਮੇਤ ਬਾਹਰ ਚਲੇ ਗਏ। ਦਾਰ ਜੀ ਅਤੇ ਝਾਈ ਜੀ ਦੋਵੇਂ ਇੱਥੇ ਇਕੱਲੇ ਰਹਿ ਗਏ। ਦਿਲ ਬਹਿਲਾਉਣ ਲਈ ਕੋਈ ਨਾ ਕੋਈ ਨਵਾਂ ਰਾਹ ਲੱਭ ਲੈਂਦੇ ਸਨ। ਹੋਰ ਕੋਈ ਚਾਰਾ ਨਹੀਂ ਸੀ। ਕੁਝ ਸਾਲਾਂ ਬਾਅਦ ਬੱਚਿਆਂ ਦੇ ਕਹਿਣ ਤੇ ਨਾਲੇ ਆਪਣੇ ਦਿਲ ਹੱਥੋਂ ਮਜਬੂਰ ਹੋ ਕੇ ਉਨ੍ਹਾਂ ਨੂੰ ਮਿਲਣ ਚਾਰ ਕੁ ਮਹੀਨੇ ਲਈ ਬਾਹਰ ਚਲੇ ਗਏ। ਸਮਾਂ ਹੋਣ ਉਪਰੰਤ ਵਿਦੇਸ਼ੋਂ ਪਰਤ ਕੇ ਕਾਫ਼ੀ ਖ਼ੁਸ਼ ਸਨ ਕਿਉਂਕਿ ਆਪਣੀ ਔਲਾਦ ਨੂੰ ਮਿਲ ਆਏ ਸਨ। ਘਰ ਦੀ ਖਿੱਚ ਬੰਦੇ ਨੂੰ ਵਾਪਸ ਲੈ ਆਉਂਦੀ ਹੈ। ਪਿੱਛੋਂ ਮਕਾਨ ਖ਼ਾਲੀ ਹੋਣ ਦਾ ਫ਼ਿਕਰ ਨਹੀਂ ਸੀ। ਜਿਹੜਾ ਬੰਦਾ ਦੁਕਾਨ ਕਿਰਾਏ ’ਤੇ ਚਲਾਉਂਦਾ ਸੀ, ਉਸ ਨੇ ਰਿਹਾਇਸ਼ ਵੀ ਕਿਰਾਏ ’ਤੇ ਲਈ ਹੋਈ ਸੀ। ਦੁਕਾਨਦਾਰ ਦੀ ਪਤਨੀ ਨੇ ਸਾਨੂੰ ਦਿਲਚਸਪ ਗੱਲ ਸੁਣਾਈ। ਉਹ ਕਹਿੰਦੀ, “ਇੱਕ ਦਿਨ ਦੀ ਗੱਲ ਹੈ, ਮੈਂ ਉੱਪਰੋਂ ਦੇਖ ਰਹੀ ਸੀ ਕਿ ਦਾਰ ਜੀ ਦੀ ਕੰਮ ਵਾਲੀ ਵਿਹੜੇ ਵਿੱਚ ਲੱਗੀ ਟੂਟੀ ਥੱਲੇ ਕੱਪੜੇ ਧੋ ਰਹੀ ਸੀ। ਦਾਰ ਜੀ ਵਿਹੜੇ ਵਿੱਚ ਬੈਠੇ ਸਨ। ਝਾਈ ਜੀ ਕੰਮ ਕਰਵਾ ਰਹੇ ਸਨ। ਅਚਾਨਕ ਉਨ੍ਹਾਂ ਨੇ ਕੰਮ ਕਰਨ ਵਾਲੀ ਨੂੰ ਨਾਮ ਲੈ ਕੇ ਕਿਹਾ, “ਭਾਗੋ, ਤੇਰੇ ਲਈ ਅਸੀਂ ਬਾਹਰੋਂ ਕੁਝ ਲੈ ਕੇ ਆਏ ਹਾਂ।” ਭਾਗੋ ਹੱਥ ਬੰਨ੍ਹ ਕੇ ਖੜ੍ਹੀ ਹੋ ਗਈ ਕਿ ਸ਼ਾਇਦ ਮੇਰੇ ਲਈ ਮਾਲਕ ਬਾਹਰਲੇ ਮੁਲਕ ਤੋਂ ਤੋਹਫ਼ਾ ਲੈ ਕੇ ਆਏ ਹੋਣੇ ਹਨ, ਜੋ ਮੈਨੂੰ ਦੇਣ ਲੱਗੇ ਹਨ। ਦਾਰ ਜੀ ਨੇ ਝਾਈ ਜੀ ਨੂੰ ਆਵਾਜ਼ ਲਗਾਈ ਤਾਂ ਅੰਦਰੋਂ ਉਹ ਪੈਕਟ ਬਾਹਰ ਚੁੱਕ ਲਿਆਏ। ਭਾਗੋ ਕੱਪੜੇ ਧੋਣੇ ਛੱਡ ਪਾਣੀ ਨਾਲ ਹੱਥ ਸਾਫ਼ ਕਰ ਕੇ ਹੱਥ ਜੋੜ ਕੇ ਖੜ੍ਹ ਗਈ ਕਿ ਮੈਨੂੰ ਕੋਈ ਸੌਗਾਤ ਮਿਲਣ ਵਾਲੀ ਹੈ। ਅੱਗੋਂ ਝਾਈ ਜੀ ਨੇ ਪੈਕਟ ਹੱਥ ਫੜਾਇਆ ਤੇ ਕਿਹਾ, “ਇਹ ਲੈ ਸਰਫ਼ ... ਬਾਹਰੋਂ ਲਿਆਏ ਆਂ। ਇਸ ਨਾਲ ਕੱਪੜੇ ਧੋਇਆ ਕਰ। ਇੱਥੋਂ ਦੇ ਸਾਬਣ-ਸਰਫ਼ ਤਾਂ ਚੰਗੀ ਤਰ੍ਹਾਂ ਕੱਪੜੇ ਵੀ ਸਾਫ਼ ਨਹੀਂ ਕਰਦੇ।” ਭਾਗੋ ਕਦੇ ਉਨ੍ਹਾਂ ਵੱਲ ਤੇ ਕਦੇ ਸਰਫ਼ ਦੇ ਪੈਕੇਟ ਵੱਲ ਦੇਖੇ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਹੱਸੇ ਜਾਂ ਰੋਵੇ।”

ਆਖ਼ਰ ਉਹ ਸਮਾਂ ਵੀ ਆ ਗਿਆ ਜਦੋਂ ਕਿੰਨੇ ਸਾਲ ਇੱਥੇ ਇਕੱਲੇ ਰਹਿੰਦੇ ਰਹੇ ਦਾਰ ਜੀ ਤੇ ਝਾਈ ਦੇ ਵਿਦੇਸ਼ ਜਾਣ ਦਾ ਵੇਲਾ ਆ ਗਿਆ। ਉਨ੍ਹਾਂ ਨੇ ਘਰ ਦਾ ਸਾਮਾਨ ਹੌਲੀ-ਹੌਲੀ ਵੇਚਣਾ ਸ਼ੁਰੂ ਕਰ ਦਿੱਤਾ। ਜਿਉਂ ਜਿਉਂ ਲੋਕਾਂ ਨੂੰ ਪਤਾ ਲਗਦਾ, ਆਪਣੀ ਲੋੜ ਅਨੁਸਾਰ ਹਰ ਕੋਈ ਚੀਜ਼ ਖਰੀਦ ਕੇ ਲੈ ਜਾਂਦਾ। ਪੁਰਾਣੇ ਕੱਪੜੇ, ਰਸੋਈ ਦੇ ਭਾਂਡੇ-ਟੀਂਡੇ, ਇਲੈਕਟ੍ਰੌਨਿਕ ਸਮਾਨ ਪੱਖੇ ਕੂਲਰ ਫ਼ਰਨੀਚਰ ਆਦਿ ਸਭ ਵਿਕਾਊ ਸੀ। ਛੋਟੀ ਤੋਂ ਛੋਟੀ ਚੀਜ਼ ਵੀ ਮਿਸਾਲ ਵਜੋਂ ਪੰਜ ਰੁਪਏ ਦੀ ਹਿਸਾਬ ਨਾਲ ਆਡੀਓ ਕੈਸਟਾਂ, ਪਟਿਆਲੇ ਦੇ ਰੇਸ਼ਮੀ ਨਾਲ਼ੇ 20 ਰੁਪਏ ਦੇ ਹਿਸਾਬ ਵੇਚਣ ਲੱਗੇ। ਬੋਨ-ਚਾਇਨਾ ਦਾ ਛੇ ਪਲੇਟਾਂ ਤੇ ਪੰਜ ਕੱਪਾਂ ਵਾਲਾ ਟੀ-ਸੈੱਟ, ਹਵਾਈ ਜਹਾਜ਼ ਤੇ ਬੱਚਿਆਂ ਦੇ ਹੋਰ ਖਿਡਾਉਣੇ ਵਗ਼ੈਰਾ ਵੀ ਲੋਕੀਂ ਮੁੱਲ ਲੈ ਗਏ। ਹਰ ਵਿਕਦੀ ਚੀਜ਼ ਦੀ ਵੱਖਰੀ ਕਹਾਣੀ ਸੁਣਨ ਨੂੰ ਮਿਲਦੀ। ਮੁਹੱਲੇ ਦੇ ਇੱਕ ਵੀਰ ਜੀ ਦੱਸਣ ਲੱਗੇ, “ਅਸੀਂ ਉਨ੍ਹਾਂ ਕੋਲ ਪੱਖਾ ਲੈਣ ਗਏ ਤਾਂ ਦੂਸਰੇ ਕਮਰੇ ਵਿੱਚੋਂ ਅਸੀਂ ਦਾਰ ਜੀ ਨੂੰ ਕਹਿੰਦੇ ਸੁਣਿਆ ਕਿ ਇਹ ਗੁਰਦੁਆਰੇ ਨਾਲ ਸੰਬੰਧਿਤ ਬੰਦਾ ਹੈ, ਇਸ ਨਾਲ ਬਹੁਤੀ ਬਹਿਸ ਨਾ ਕਰੀਂ, ਨਹੀਂ ਤਾਂ ਸਾਡੀ ਭੰਡੀ ਹੋਵੇਗੀ। ਇਹ ਜੋ ਦਿੰਦਾ ਹੈ, ਇਸ ਤੋਂ ਲੈ ਲੈਣਾ ਹੈ। ਸਭ ਤੋਂ ਮਜ਼ੇਦਾਰ ਗੱਲ ਇਹ ਹੋਈ ਕਿ ਸਾਡੇ ਨਾਲ ਦੇ ਅੰਕਲ ਸੋਫ਼ਾ ਲੈਣ ਗਏ। ਸਭ ਮੁੱਲ-ਭਾਅ ਤੈਅ ਹੋ ਗਿਆ। ਸੋਫਾ ਸੈੱਟ ਦਾ ਮੰਗਿਆ ਮੁੱਲ ਦੇ ਕੇ ਉਨ੍ਹਾਂ ਨੇ ਖਰੀਦ ਲਿਆ। ਜਦੋਂ ਉਹ ਬੰਦੇ ਨਾਲ ਲੈ ਕੇ ਸੋਫਾ ਚੁੱਕਣ ਗਏ ਤਾਂ ਸੋਫੇ ਦੇ ਨਾਲ ਉੱਪਰ ਪਈਆਂ ਗੱਦੀਆਂ ਵੀ ਚੁੱਕਣ ਲੱਗੇ ਤਾਂ ਝਾਈ ਜੀ ਬੋਲੇ, “ਇਹ ਗੱਦੀਆਂ ਨਾ ਚੁੱਕੋ, ਇਹ ਨਾਲ ਨਹੀਂ ਹਨ। ਅੰਕਲ ਨੇ ਕਿਹਾ, ਇਹ ਸੋਫ਼ੇ ਦੇ ਉੱਤੇ ਪਈਆਂ ਨੇ, ਇਹ ਵੀ ਨਾਲ ਹੀ ਦੇ ਦਿਓ। ਝਾਈ ਜੀ ਹੱਸ ਕੇ ਕਹਿਣ ਲੱਗੇ, ਇੱਦਾਂ ਤਾਂ ਦਾਰ ਜੀ ਵੀ ਸੋਫੇ ਉੱਪਰ ਬੈਠੇ ਨੇ, ਤੁਸੀਂ ਤਾਂ ਦਾਰ ਜੀ ਨੂੰ ਵੀ ਨਾਲ ਲੈ ਜਾਓਗੇ। ... ਸਭ ਹੱਸਣ ਲੱਗ ਪਏ। ਸਾਡੇ ਨਾਲ ਵਾਲੇ ਅੰਕਲ ਮਾਯੂਸ ਜਿਹੇ ਹੋ ਕੇ ਦਾਰ ਜੀ ਅਤੇ ਗੱਦੀਆਂ ਨੂੰ ਉੱਥੇ ਛੱਡ ਕੇ ਸੋਫਾ ਸੈੱਟ ਚੁੱਕਾ ਕੇ ਘਰ ਆ ਗਏ।”

ਦਾਰ ਜੀ ਅਤੇ ਝਾਈ ਜੀ ਆਪਣੀ ਕੋਠੀ ਵੇਚ-ਵੱਟ ਅਤੇ ਸਭ ਕੁਝ ਸਮੇਟ ਕੇ ਅਮਰੀਕਾ ਚਲੇ ਗਏ, ਪਰ ਮੁਹੱਲੇ ਵਾਸੀਆਂ ਲਈ ਆਪਣੀਆਂ ਮਿੱਠੀਆਂ ਯਾਦਾਂ ਛੱਡ ਗਏ।

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Harinder Pal Singh

Harinder Pal Singh

Mohali, Punjab, India.
Whatsapp: (91 - 97806 - 44040)
Email: (harindersingh42507@gmail.com)