“ਚੰਗਾ ਸਨੇਹਾ ਦਿਉਗੇ, ਲੋਕ ਯਾਦ ਰੱਖਣਗੇ ਉਮਰਾਂ ਤੱਕ। ਜ਼ਮਾਨਾ ਮਨ ਵਿੱਚ ਵਸਾ ਕੇ ਰੱਖੂ ...”
(7 ਫਰਵਰੀ 2017)
ਲੁਧਿਆਣਾ ਵਿੱਚ ਚੱਲ ਰਹੇ ਪੰਜਾਬ ਯੂਨੀਵਰਸਿਟੀ ਦੇ ਅੰਤਰ ਜ਼ੋਨਲ ਯੁਵਕ ਮੇਲੇ ’ਤੇ ਹਰਭਜਨ ਮਾਨ ਤੇ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੇ ਆਉਣ ’ਤੇ ਵਿਦਿਆਰਥੀਆਂ ਨੂੰ ਚਾਅ ਚੜ੍ਹ ਗਿਆ। ਹਰਭਜਨ ਨੂੰ ਸਟੇਜ ’ਤੇ ਬੁਲਾਇਆ ਤਾਂ ਵਿਦਿਆਰਥੀਆਂ ਦਾ ਉਤਸ਼ਾਹੀ ਮਛਰੇਵਾਂ ਪੂਰੇ ਉਭਾਰ ਵਿੱਚ ਆਗਿਆ। ਖਚਾਖਚ ਭਰੇ ਹਾਲ ਵਿੱਚੋਂ ਤਾੜੀਆਂ, ਕਿਲਕਾਰੀਆਂ ਦੇ ਨਾਲ ਨਾਲ ਉਸਦੇ ਗੀਤਾਂ ਦੀਆਂ ਲਾਈਨਾਂ ਫਰਮਾਇਸ਼ਾਂ ਦੇ ਰੂਪ ਵਿਚ ਆਉਣ ਲੱਗੀਆਂ। ਸਥਾਪਿਤ ਕਲਾਕਾਰਾਂ ਦਾ ਯੁਵਕ ਮੇਲਿਆਂ ਵਿੱਚ ਆਉਣਾ ਵਧੀਆ ਗੱਲ ਹੈ, ਇਸ ਨਾਲ ਉੱਭਰ ਰਹੇ ਵਿਦਿਆਰਥੀ ਕਲਾਕਾਰਾਂ ਦਾ ਉਤਸ਼ਾਹ ਹੋਰ ਵਧ ਜਾਂਦਾ ਹੈ। ਪਰ ਕਦੇ ਕਦੇ ਇਹ ਵੀ ਹੁੰਦਾ ਹੈ ਕਿ ਪ੍ਰੋਫੈਸ਼ਨਲ ਕਲਾਕਾਰ ਲਾਅਲਾ ਲਾਅਲਾ ਕਰਵਾ ਕੇ ਨਿਕਲ ਜਾਂਦੇ ਹਨ ਤੇ ਪਿੱਛੋਂ ਮੁਕਾਬਲੇ ਦੀਆਂ ਸੁਹਜਮਈ ਕਲਾਕ੍ਰਿਤਾਂ ਰੁਲ ਜਾਂਦੀਆਂ ਹਨ। ਵਿਦਿਆਰਥੀ ਜੀਵਨ ਤੋਂ ਲੈ ਕੇ ਹੁਣ ਤੱਕ ਮੈਂ ਇਸ ਤਰ੍ਹਾਂ ਦੀਆਂ ਸਥਿਤੀਆਂ ਵਿੱਚੋਂ ਲੰਘਦਾ ਆ ਰਿਹਾ ਹਾਂ। ਉਸ ਦਿਨ ਨਾਟਕ ਮੁਕਾਬਲੇ ਚੱਲ ਰਹੇ ਸੀ।
ਮਾਈਕ ਫੜਦਿਆਂ ਹਰਭਜਨ ਮਾਨ ਨੇ ਮਿੱਠੀ ਮੁਸਕਾਨ ਨਾਲ ਸ਼ਾਂਤ ਹੋਣ ਦਾ ਇਸ਼ਾਰਾ ਕੀਤਾ ਤਾਂ ਸਭ ਚੁੱਪ ਹੋ ਗਏ। “ਜਿਹੜੇ ਗਾਣੇ ਆਖੋਂਗੇ, ਮੈਂ ਸੁਣਾਕੇ ਜਾਊਂ। ਸਭ ਫਰਮਾਇਸ਼ਾਂ ਪੂਰੀਆਂ ਕਰਾਂਗੇ, ਮੇਰਾ ਤਾਂ ਕੰਮ ਈ ਗੌਣਾ ਹੈ, ਗਾਊਂਗਾ ਵੀ ਨਚਾਊਂਗਾ ਵੀ।”
ਸਾਹਮਣੇ ਬੈਠੇ ਨਾਟਕ ਦੇ ਨਿਰਣਾਇਕ ਚਿੰਤਤ ਲੱਗੇ, ਸ਼ਾਇਦ ਉਹ ਸੋਚਦੇ ਹੋਣ ਕਿ ਹੁਣ ਲੇਟ ਵੀ ਹੋਵਾਂਗੇ ਤੇ ਹੋ ਸਕਦਾ ਮਹੌਲ ਵੀ ਥੀਏਟਰ ਵਾਲਾ ਨਾ ਰਹੇ। ਆਪਣੀ ਜ਼ਿੰਮੇਵਾਰੀ ਦੇ ਅਹਿਸਾਸ ਕਰਕੇ ਮੈਨੂੰ ਵੀ ਇਸ ਗੱਲ ਦਾ ਫਿਕਰ ਸੀ। ਹਰਭਜਨ ਨੇ ਬੋਲਣਾ ਜਾਰੀ ਰੱਖਿਆ, “ਪਹਿਲਾਂ ਤਾਂ ਥੋਨੂੰ ਵਧਾਈਆਂ ਕਿ ਵਾਹਿਗੁਰੂ ਨੇ ਥੋਨੂੰ ਕਾਲਜਾਂ ਵਿੱਚ ਪੜ੍ਹਨ ਦਾ ਮੌਕਾ ਦਿੱਤਾ। ਸਾਡੇ ਦੇਸ਼ ਵਿਚ ਪਚਾਸੀ ਪ੍ਰਤੀਸ਼ਤ ਤੋਂ ਵੱਧ ਲੋਕਾਂ ਨੂੰ ਪੜ੍ਹਨਾ ਨਸੀਬ ਈ ਨਈਂ ਹੁੰਦਾ ਤੇ ਕਾਲਜਾਂ ’ਚ ਤਾਂ ਸਿਰਫ ਪੰਜ ਸੱਤ ਪਰਸੈਂਟ ਈ ਜਾਂਦੇ ਆ। ਆਪਣੇ ਮਾਂ ਬਾਪ ਦੇ ਨਾਮ ’ਤੇ ਤਾੜੀਆਂ ਜ਼ਰੂਰ ਮਾਰੋ, ਜਿਹਨਾਂ ਦੀ ਬਦੌਲਤ ਤੁਹਾਨੂੰ ਇਹ ਖੁਸ਼ਨਸੀਬ ਮੌਕਾ ਮਿਲਿਆ।”
ਤਾੜੀਆਂ ਦੀ ਗੂੰਜ ਉੱਠੀ।
“ਦੂਜੀ ਵਧਾਈ ਕਲਾਕਾਰ ਵਿਦਿਆਰਥੀਆਂ ਨੂੰ, ਕਲਾ ਨਾਲ, ਸਾਹਿਤ ਨਾਲ, ਸੰਗੀਤ ਨਾਲ ਜੁੜਨ ਦਾ ਵਰਦਾਨ ਇਹਨਾਂ ਭਾਗਾਂ ਵਾਲਿਆਂ ਨੂੰ ਮਿਲਿਆ। ਇਹਨਾਂ ਕਲਾਕਾਰ ਵਿਦਿਆਰਥੀਆਂ ਦੇ ਰੱਬ ਤੁਸੀਂ ਹੋ, ਦਰਸ਼ਕ ਬਣਾਉਂਦੇ ਆ ਬੰਦੇ ਨੂੰ ਕਲਾਕਾਰ।”
ਤਾੜੀਆਂ ਦੀ ਅਵਾਜ਼ ਹੋਰ ਉੱਚੀ ਹੋ ਗਈ।
“ਅੱਜ ਮੈਂ ਆਪਣੇ ਮਨ ਦੀ ਗੱਲ ਵੀ ਕਰਨੀ ਆਂ ਤੁਹਾਡੇ ਨਾਲ, ਜਿਵੇਂ ਤੁਸੀਂ ਖਾਣ ਪੀਣ ਲੱਗੇ ਆਪਣੀ ਸਿਹਤ ਦਾ ਖਿਆਲ ਰੱਖਦੇ ਓ, ਬਈ ਸਰੀਰ ਤੰਦਰੁਸਤ ਰਹੇ, ਉਵੇਂ ਈ ਵੇਖਣ ਤੇ ਸੁਣਨ ਲੱਗੇ ਵੀ ਖਿਆਲ ਰੱਖਿਆ ਕਰੋ। ਗੀਤ ਸੰਗੀਤ ਤੁਹਾਡੇ ਮਨ ਤੇ ਰੂਹ ਦੀ ਖੁਰਾਕ ਆ। ਸਰੀਰ ਦੀ ਤੰਦਰੁਸਤੀ ਤਾਂ ਠੀਕ ਹੋ ਜਾਂਦੀ ਆ ਪਰ ਸੋਚ, ਜ਼ਹਿਨ, ਕਰੈਕਟਰ ’ਚ ਪਿਆ ਵਗਾੜ ਸਾਰੀ ਉਮਰ ਵੱਲ ਨੀਂ ਆਉਂਦਾ। ਕਦੇ ਸੋਚਿਆ, ਜੋ ਕੁਝ ਤੁਸੀਂ ਸੁਣਦੇ ਹੋ, ਦੇਖਦੇ ਹੋ, ਟੀ ਵੀ ਚੈਨਲਾਂ ਤੇ ਫੇਸਬੁੱਕ ’ਤੇ, ਇੰਟਰਨੈੱਟ ’ਤੇ, ਕੀ ਅਰਥ ਹੈ ਉਹਦਾ। ਬੱਸ ਦੇਖੀ ਜਾਨੇ ਆਂ, ਨੱਚੀ ਜਾਨੇ ਆਂ ਤੇ ਉਹ ਸਾਡੀਆਂ ਮਾਵਾਂ ਭੈਣਾਂ ਨੂੰ ਵੀ ਇੱਕ ਕਰੀ ਜਾਂਦੇ ਆ ਤੇ ਸੋਚ ਨੂੰ ਵੀ ਗ੍ਰਹਿਣ ਲਾਈ ਜਾਂਦੇ ਆ। ਮੈਂ ਸਭ ਨੂੰ ਮਾੜਾ ਨੀ ਕਹਿੰਦਾ, ਬਹੁਤ ਕੁਝ ਵਧੀਆ ਗਾਇਆ ਤੇ ਵਿਖਾਇਆ ਵੀ ਜਾ ਰਿਹਾ, ਜਿਸ ’ਤੇ ਸਾਨੂੰ ਮਾਣ ਹੈ। ਪੰਜਾਬੀ ਬੇਹੱਦ ਅਮੀਰ ਭਾਸ਼ਾ ਇਆ ਤੇ ਸਾਡਾ ਗੀਤ ਸੰਗੀਤ ਤਾਂ ਪੂਰੇ ਵਿਸ਼ਵ ਵਿੱਚੋਂ ਅੱਵਲ ਦਰਜ਼ੇ ’ਤੇ ਆ। ਸਾਡੀ ਤਹਿਜ਼ੀਬ ਪਵਿੱਤਰ ਆ, ਪੀਰਾਂ ਫਕੀਰਾਂ ਦੀ ਧਰਤੀ ਆ, ਇਹ ਬਾਬਾ ਫਰੀਦ, ਬੁੱਲ੍ਹੇ, ਵਾਰਿਸ ਤੇ ਯਮਲੇ ਜੱਟ ਦੀਆਂ ਪੈੜਾਂ ਇੱਥੇ।ਅੱਜ ਵੀ ਕਮਾਲ ਦੇ ਫਨਕਾਰ ਇਆ ਜਿਹੜੇ ਸੱਚੀਂ ਮੁੱਚੀਂ ਸੇਵਾ ਕਰਦੇ ਆ ਮਾਂ ਬੋਲੀ ਦੀ, ਸੰਗੀਤ ਦੀ। ਸਦਕੇ ਜਾਈਏ ਉਹਨਾਂ ਹੀਰਿਆਂ ਤੋਂ। ਪਰ … ਪਰ ਆਹ ਕਲਾ ਦੇ ਨਾਂ ’ਤੇ, ਗੀਤ ਸੰਗੀਤ ਦੇ ਨਾਂ ’ਤੇ ਜੋ ਖਿਲਵਾੜ ਹੋ ਰਿਹਾ, ਵਪਾਰ ਹੋ ਰਿਹਾ, ਉਹ ਨਿੰਦਣ ਯੋਗ ਆ, ਫੂਕਣ ਯੋਗ ਆ।” ਹਰਭਜਨ ਦੇ ਬੋਲਾਂ ਵਿੱਚੋਂ ਗੰਭੀਰਤਾ ਤੇ ਫਿਕਰ ਨਜ਼ਰ ਆ ਰਿਹਾ ਸੀ।
“ਕਮਾਲ ਆ, ਅਖੇ ਆਹ ਗੀਤ ਤਾਂ ਅੱਤ ਆ, ਹੂੰ ਅੱਤ, ਅੱਤ ਤੇ ਰੱਬ ਦਾ ਵੈਰ ਹੁੰਦਾ ਬਾਈ ਜੀ। ਗੀਤ ਤਾਂ ਪੂਜਾ, ਗੀਤ ਤਾਂ ਰੂਹ ਦੀ ਗੱਲ ਆ, ਗੀਤ ਤਾਂ ਉਸ ਪਰਵਰਦਿਗਾਰ ਨਾਲ ਬਾਤ ਪਾਉਣ ਦੀ ਗੱਲ ਆ। ਗੀਤ ਤਾਂ ਸਾਡੇ ਰਿਸ਼ਤਿਆਂ ਦੀ ਪਵਿੱਤਰਤਾ ਦਾ ਤਰਜ਼ਮਾ, ਮੌਸੀਕੀ ਤਾਂ ਹੁੰਦੀ ਈ ਪਵਿੱਤਰ ਆ … ਫੇਰ ਗੀਤ ਅੱਤ ਕਿਵੇਂ ਹੋਜੂ। ਮੇਰੇ ਵੀਰੋ, ਮੇਰੀਓ ਭੈਣੋਂ, ਗੀਤ ਸੰਗੀਤ ਨੂੰ ਅੱਤ ਕਹਿਣਾ, ਰਫਲਾਂ, ਗੰਡਾਸਿਆਂ, ਫਾਇਰਾਂ, ਕਤਲਾਂ ਦੀ ਗੰਦਗੀ ’ਚ ਲਪੇਟਣਾ ਕਲਾਕਾਰੀ ਨਹੀਂ, ਬਦਮਾਸ਼ੀ ਆ। ਇਹ ਮਾਂ ਬੋਲੀ ਦਾ ਘਾਣ ਆ, ਵਿਰਸੇ ਦਾ ਕਤਲ ਆ। ਵਪਾਰੀ ਲੋਕਾਂ ਦੀ ਖੁਦਗਰਜ਼ੀ ਆ ਇਹ, ਤੁਸੀਂ ਇਸ ਕੁਕਰਮ ਦਾ ਹਿੱਸਾ ਨਾ ਬਣੋ। ਸਮਾਂ ਤੁਹਾਨੂੰ ਵੀ ਸਵਾਲ ਕਰੂ ਇਕ ਦਿਨ। ਸਿਰਫ ਇੱਕ ਵਾਰ, ਇਹੋ ਜਿਹੇ ਗੀਤ ਗਾਉਣ ਵਾਲਿਆਂ, ਲਿਖਣ ਵਾਲਿਆਂ ਨੂੰ ਪੁੱਛੋ ਕਿ ਇਹ ਗੀਤ ਉਹ ਆਪਣੀ ਮਾਂ ਭੈਣ ਨੂੰ ਸੁਣਾ ਕੇ ਆਇਆ? ਸਿਰਫ ਇੱਕ ਵਾਰ। ਜਦੋਂ ਤੁਸੀਂ ਪੁੱਛਣ ਲੱਗ ਪਏ, ਕਿਸੇ ਸੈਂਸਰ ਬੋਰਡ ਦੀ ਲੋੜ ਨੀਂ ਪੈਣੀ। ਮਾਂ ਭੈਣ ਤੋਂ ਉੱਪਰ ਕਿਹੜਾ ਸੈਂਸਰ ਹੁੰਦਾ?” ਤਾੜੀਆਂ ਨਾਲ ਹਾਲ ਹੋਰ ਗੂੰਜ ਉੱਠਿਆ। ਨੌਜਵਾਨ ਮਨਾਂ ਨੂੰ ਕੀਲ ਚੁੱਕਿਆ ਸੀ ਹਰਭਜਨ।
ਇੱਕ ਹੱਥ ਨਾਲ ਆਪਣਾ ਕੰਨ ਫੜਦਿਆਂ ਉਹ ਅੱਗੇ ਬੋਲਿਆ, “ਮੈਂ ਕਦੇ ਮਾੜਾ ਸੁਨੇਹਾ ਨੀ ਦਿੱਤਾ ਗਾਇਕੀ ਰਾਹੀਂ, ਫਿਲਮਾਂ ਰਾਹੀਂ। ਪ੍ਰੋਫੈਸ਼ਨਲ ਪ੍ਰੋਗਰਾਮਾਂ ’ਤੇ ਵੀ ਮੈਂ ਆਪਣੀ ਮਰਜ਼ੀ ਦਾ ਗਾਉਨਾ ਹਮੇਸ਼ਾ। ਕਿਸੇ ਦੇ ਕਹਿਣ ਤੇ ਹਲਕਾ ਨਹੀਂ ਗਾਇਆ, ਘਟੀਆ ਨੀ ਗਾਇਆ। ਦੂਜੀ ਗੱਲ, ਮੈਂ ਮਾੜੀ ਗਾਇਕੀ ਤੇ ਕਲਾਕਾਰੀ ਨੂੰ ਹਮੇਸ਼ਾ ਨਿੰਦਿਆ, ਨਿਦੂੰਗਾ ਵੀ। ਮਾਂ ਬੋਲੀ ਨਾਲ ਖਿਲਵਾੜ ਕਰਨ ਵਾਲਿਆਂ ਦੇ ਖਿਲਾਫ ਇਸੇ ਤਰ੍ਹਾਂ ਬੋਲੂੰਗਾ। ਤੇ ਅੱਜ ਵੀ ਆਖਦਾਂ ਕਿ ਕਲਾਕਾਰ ਦਾ ਧਰਮ ਆ ਕਲਾ ਰਾਹੀਂ ਚੰਗਾ ਸੁਨੇਹਾ ਦੇਣਾ ਤੇ ਚੰਗੇ ਸੁਨੇਹੇ ਲਈ ਆਪਣੀ ਕਲਾ ਨੂੰ ਵਰਤਣਾ। ਸਿਰਫ ਪੈਸਿਆਂ ਲਈ ਕਲਾ ਨੂੰ ਵਰਤਣਾ ਮਾਂ ਬੋਲੀ ਦੇ ਦੋਖੀਆਂ, ਗਦਾਰਾਂ ਦਾ ਕੰਮ ਆ। ਮੈਂ ਗਵਾਹ ਹਾਂ ਇਸ ਗੱਲ ਦਾ, ਦਰਸ਼ਕਾਂ ਨੂੰ ਚੰਗੇ ਪਾਸੇ ਲਾ ਲਵੋ, ਚੰਗੇ ਪਾਸੇ ਲੱਗ ਜਾਣਗੇ। ਕਲਾ ਚਾਹੀਦੀ ਆ, ਹੁਨਰ ਚਾਹੀਦਾ, ਵਿਚਾਰ ਚਾਹੀਦਾ, ਜ਼ੁਰਅਤ ਚਾਹੀਦੀ ਆ। ਜਦੋਂ ਤੁਹਾਡੇ ਕੋਲ ਤੀਰ ਵੀ ਹੋਵੇ ਤੇ ਨਿਸ਼ਾਨਾ ਵੀ, ਫੇਰ ਤੀਰ ਉੱਥੇ ਈ ਵੱਜੂ, ਜਿੱਥੇ ਤੁਸੀਂ ਚਾਹੋਗੇ। ਚੰਗਾ ਸਨੇਹਾ ਦਿਉਗੇ, ਲੋਕ ਯਾਦ ਰੱਖਣਗੇ ਉਮਰਾਂ ਤੱਕ। ਜ਼ਮਾਨਾ ਮਨ ਵਿੱਚ ਵਸਾ ਕੇ ਰੱਖੂ ਤੁਹਾਨੂੰ, ਨਹੀਂ ਤਾਂ ਰੇਤ ਦੀਆਂ ਕੰਧਾਂ ਵਾਂਗ ਮਿਟ ਜਾਓਗੇ।”
ਵਿਦਿਆਰਥੀ ਹਰਭਜਨ ਮਾਨ ਨੂੰ ਸੁਣ ਰਹੇ ਸਨ, ਚੰਗੇ ਅਧਿਆਪਕ ਵਾਂਗ।
“ਚਲੋ ਹੁਣ ਦੱਸੋ ਕੀ ਸੁਣਨਾ?”
ਨਾਲ ਦੀ ਨਾਲ ਮਿੱਠੀ ਮੁਸਕਰਾਹਟ, ਅਵਾਜ਼ ਤੇ ਅੰਦਾਜ਼ ਵਿੱਚ ਉਸਨੇ ਹੇਕ ਲਾਈ, “ਮਾਵਾਂ ਮਾਵਾਂ ਮਾਵਾਂ … ਮਾਂ ਜੰਨਤ ਦਾ ਪਰਛਾਵਾਂ ਹੋ ਹੋ ਹੋ …” ਉਸਦੇ ਤਰੱਨਮ ਨਾਲ ਪੂਰਾ ਹਾਲ ਗਾ ਰਿਹਾ ਸੀ। ਵਿਦਿਆਰਥੀ ਕਲਾਕਾਰਾਂ ਦੀਆਂ ਸੁਹਜਮਈ ਪੇਸ਼ਕਾਰੀਆਂ ਲਈ ਸਾਰਥਿਕ ਮਹੌਲ ਉੱਸਰ ਰਿਹਾ ਸੀ। ਹੁਣ ਸਾਹਮਣੇ ਬੈਠੇ ਨਿਰਣਾਇਕ ਮੈਨੂੰ ਜਿੱਤ ਦਾ ਨਿਸ਼ਾਨ ਦਿਖਾ ਰਹੇ ਸੀ, ਮੈਂ ਵੀ ਉਹਨਾਂ ਦੀ ਅੱਖ ’ਚ ਅੱਖ ਪਾਕੇ ਦੇਖ ਰਿਹਾ ਸੀ।
*****
(592)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)