NirmalJaura 7ਅੱਜ ਘਰਵਾਲੀ ਨੇ ਪੱਗ ਦੀ ਪੂਣੀ ਕਰਵਾਈ ’ਤੇ ਜਾਣ ਲੱਗਿਆਂ ਹਦਾਇਤ ਕੀਤੀ, “ਹੁਣ ਫੋਨ ’ਤੇ ਉੱਚੀ ਉੱਚੀ ਨਾ ਬੋਲੀ ਜਾਇਓ ...
(3 ਮਈ 2024)
ਇਸ ਸਮੇਂ ਪਾਠਕ: 385.


ਸਵੇਰੇ ਸਵੇਰੇ ਪੱਗ ਦੀ ਪੂਣੀ ਕਰਵਾਉਂਦਿਆਂ ਮੇਰੀ ਘਰਵਾਲੀ ਅਕਸਰ ਫਿਕਰ ਕਰਦੀ ਆਖਦੀ ਹੈ
, “ਬਰੈਕਫਾਸਟ ਟੈਮ ਨਾਲ ਕਰ ਲਿਓ, ਸਬਜ਼ੀ ਗਰਮ ਕਰਕੇ ਖਾਇਓ, ਦਵਾਈ ਜ਼ਰੂਰ ਲੈ ਲਿਓ” ਜਾਣ ਲੱਗਿਆਂ ਉਹ ਦਰਵਾਜ਼ੇ ਵਿੱਚੋਂ ਪਿੱਛੇ ਨੂੰ ਧੌਣ ਘੁਮਾਕੇ ਥੋੜ੍ਹਾ ਉੱਚੀ ਅਵਾਜ਼ ਵਿੱਚ ਹਦਾਇਤਾਂ ਕਰਦੀ ਹੈ, “ਦੁੱਧ ਪਵਾਕੇ ਧਿਆਨ ਨਾਲ ਫਰਿੱਜ਼ ਵਿੱਚ ਰੱਖ ਦਿਓ, ਖਿਲਾਰਾ ਘੱਟ ਪਾਇਓ, ਸਾਰੀਆਂ ਸਵਿੱਚਾਂ ਬੰਦ ਕਰਕੇ ਜਾਇਓ, ਸਲੰਡਰ ਚਲਦਾ ਨਾ ਛੱਡ ਜਿਓ ਕਿਤੇ ...

ਦੁਪਹਿਰ ਬਾਅਦ ਘਰ ਆਕੇ ਰਸੋਈ ਵਿੱਚ ਭਾਂਡਿਆਂ ਦਾ ਖਿਲਾਰਾ ਦੇਖ ਕੇ ਖਿਝਦੀ ਹੈ। ਬੇਤਰਤੀਬੇ ਪਏ ਕੱਪੜਿਆਂ ’ਤੇ ਉਹਨੂੰ ਗੁੱਸਾ ਆਉਂਦਾ ਹੈਜਦੋਂ ਮੈਂ ਘਰੇ ਆਉਂਦਾ ਹਾਂ ਤਾਂ ਉਹ ਲਾਲ ਪੀਲੀ ਹੋ ਕੇ ਹਿੰਦੀ ਫਿਲਮਾਂ ਦੀਆਂ ਸੱਸਾਂ ਵਾਂਗ ਕਚੀਚੀਆਂ ਲੈ ਲੈ ਕਹਿੰਦੀ ਹੈ, “ਇਹ ਕੋਈ ਹੋਸਟਲ ਆ? ਜਿੱਥੇ ਜੀਅ ਕਰਦਾ ਚੀਜ਼ਾਂ ਸੁੱਟ ਦਿੰਨੇ ਆਂ, ਭਾਂਡੇ ਖਲਾਰ ਦਿੰਨੇ ਆਂਇਹ ਘਰ ਆ, ਕੋਈ ਸਲੀਕਾ ਚਾਹੀਦਾ, ਭੂਤਵਾੜਾ ਲਗਦਾ ਦੋਵਾਂ ਪਿਓ ਪੁੱਤਾਂ ਨੂੰ ਘਰ ਦੇ ਕੰਮਾਂ ਨਾਲ ਕੋਈ ਲੈਣ ਦੇਣ ਨੀ, ਜਿੱਥੇ ਜੀਅ ਕੀਤਾ ਤੌਲੀਆ ਸਿੱਟ ’ਤਾ ਜਿੱਥੇ ਜੀਅ ਕੀਤਾ ਪਿੰਟ ਸੁੱਟ ’ਤੀ, ਘੱਟੋ ਘੱਟ ਕਿਤਾਬਾਂ ਰਸਾਲੇ ਤਾਂ ਟਿਕਾਣੇ ਸਿਰ ਰੱਖ ਦਿਆ ਕਰੋ... ਉੱਤੋਂ ਆਹ ਟਰਾਫੀਆਂ ਲਿਆ ਕੇ ਡਾਈਨਿੰਗ ਟੇਬਲ ’ਤੇ ਸਜ਼ਾ ਦਿੰਨੇ ਆਂਮੇਰਾ ਕੰਮ ਘਟਾਉਣਾ ਤਾਂ ਕੀ ਆ, ਵਧਾ ਕੇ ਰੱਖ ਦਿੰਨੇ ਆਂ

ਫਿਰ ਆਪੇ ਥੱਕੀ ਟੁੱਟੀ ਸਭ ਕੁਝ ਠੀਕ ਕਰਦੀ ਹੋਈ ਬਿਨੇ (ਪੁੱਤਰ) ’ਤੇ ਵੀ ਗੁੱਸਾ ਕੱਢਦੀ ਹੈ, “ਇੱਕ ਥੋਡਾ ਲਾਡਲਾ, ਪਹਿਲਾਂ ਤਾਂ ਬਾਰਾਂ ਵਜੇ ਤਕ ਉੱਠਦਾ ਨੀ, ਫਿਰ ਸਾਰਾ ਦਿਨ ਆਪਣੇ ਕੰਮਾਂ ਵਿੱਚ ਮਸਤ ਰਹਿੰਦਾਬਈ ਜੁਆਕ ਈ ਹੱਥ ਵਟਾ ਦੇਵੇ ਤਾਂ ਕੰਮ ਸੁਖਾਲਾ ਹੋ ਜਾਂਦਾ ...

ਮੈਂ ਚੁੱਪ ਚਾਪ ਸਭ ਕੁਝ ਸੁਣਦਾ ਰਹਿੰਦਾ ਹਾਂ, ਉਹ ਮਨ ਦੀ ਭੜਾਸ ਕੱਢਦੀ ਰਹਿੰਦੀ ਹੈ

ਅਸੀਂ ਦੋਵੇਂ ਮੀਆਂ ਬੀਵੀ ਨੌਕਰੀ ਪੇਸ਼ਾ ਹੋਣ ਕਰਕੇ ਇਹ ਰੋਜ਼ ਦਾ ਵਰਤਾਰਾ ਹੈ ਸਾਡੇ ਘਰ ਦਾ, ਸਵੇਰੇ ਵੀ ਟੈਂਸ਼ਨ ਤੇ ਸ਼ਾਮ ਨੂੰ ਵੀ ਮਾਹੌਲ ਗਰਮ ਹੋ ਜਾਂਦਾ ਹੈ

ਹੁਣ ਬਿਨੇ ਦਾ ਵਿਆਹ ਹੋ ਗਿਆ ਹੈ। ਜਸਕੀਤ ਸਾਡੇ ਘਰ ਦੀ ਚੌਥੀ ਮੈਂਬਰ ਬਣ ਗਈ ਹੈਘਰ ਵਿੱਚ ਬਦਲਾਅ ਆ ਰਿਹਾ ਹੈ

ਅੱਜ ਘਰਵਾਲੀ ਨੇ ਪੱਗ ਦੀ ਪੂਣੀ ਕਰਵਾਈ ’ਤੇ ਜਾਣ ਲੱਗਿਆਂ ਹਦਾਇਤ ਕੀਤੀ, “ਹੁਣ ਫੋਨ ’ਤੇ ਉੱਚੀ ਉੱਚੀ ਨਾ ਬੋਲੀ ਜਾਇਓ, ਜੁਆਕ ਸੁੱਤੇ ਪਏ ਆ, ਡਿਸਟਰਬ ਹੋਣਗੇ

ਅੱਗੋਂ ਮੈਂ ‘ਚੰਗਾ ਬਾਬਾ’ ਕਹਿ ਕੇ ਪੱਗ ਬੰਨ੍ਹਣ ਲੱਗ ਪਿਆ

ਪੌੜੀਆਂ ਵਿੱਚੋਂ ਉੱਤਰਦਿਆਂ ਜਸਕੀਤ ਨੇ ‘ਗੁੱਡ ਮੌਰਨਿੰਗ ਪਾਪਾ’ ਕਿਹਾ ਤਾਂ ਪੱਗ ਦਾ ਲੜ ਠੀਕ ਕਰਦਿਆਂ ਮੈਂ ਉਸ ਵੱਲ ਹੱਸਕੇ ਵੇਖਿਆਉਹ ਰਸੋਈ ਵਿੱਚ ਚਾਹ ਬਣਾਉਣ ਲੱਗ ਪਈ, “ਤੁਸੀਂ ਪਾਪਾ ਸਵੇਰ ਵਾਲੀ ਚਾਹ ਨੀ ਪੀਂਦੇ, ਇਹ ਵਧੀਆ ਗੱਲ ਆ, ਹੌਲੀ ਹੌਲੀ ਮੈਂ ਵੀ ਛੱਡ ਦੇਣੀ ਆ, ਮੰਮੀ ਦੀ ਚਾਹ ਵੀ ਬੰਦ ਕਰਵਾ ਦੇਣੀ ਆ ਸਵੇਰ ਵਾਲੀ, ਉਹਨਾਂ ਦੇ ਐਸੇਡਿਟੀ ਬਣਦੀ ਆ

ਕੱਪ ਵਿੱਚ ਚਾਹ ਪਾਉਂਦਿਆਂ ਜਸਕੀਤ ਕਹਿਣ ਲੱਗੀ, ਪਾਪਾ, ਜਦੋਂ ਬਰੇਕਫਾਸਟ ਕਰਨਾ ਹੋਇਆ, ਦੱਸ ਦਿਓ

ਮੈਂ ਪੱਗ ਬੰਨ੍ਹ ਕੇ ਅਖਬਾਰ ਪੜ੍ਹਨ ਲੱਗ ਪਿਆਜਸਕੀਤ ਮੇਰੇ ਕੋਲ ਬੈਠਕੇ ਚਾਹ ਪੀਣ ਲੱਗੀ, “ਪਾਪਾ, ਆਪਣੇ ਘਰੇ ਜਿੰਨੀਆਂ ਕਿਤਾਬਾਂ ਪਈਆਂ, ਤੁਸੀਂ ਸਾਰੀਆਂ ਪੜੀਆਂ?”

ਮੈਂ ਹੱਸਕੇ ‘ਹਾਂ’ ਕਿਹਾ ਤਾਂ ਅੱਗੋਂ ਆਖਣ ਲੱਗੀ, “ਮੈਂ ਕੱਲ੍ਹ ਸਾਰੀਆਂ ਖਿਲਰੀਆਂ ਕਿਤਾਬਾਂ ਨੂੰ ਠੀਕ ਕਰਕੇ ਰੱਖਿਆ, ਮੈਂ ਵੀ ਦੋ ਤਿੰਨ ਕਿਤਾਬਾਂ ਲੈ ਲਈਆਂ ਪੜ੍ਹਨ ਲਈ

ਚਾਹ ਵਾਲਾ ਕੱਪ ਰਸੋਈ ਵਿੱਚ ਰੱਖ ਕੇ ਜਸਕੀਤ ਗੈਸ ਵਾਲੇ ਚੁੱਲ੍ਹੇ ਦੇ ਸੁਰਾਖਾਂ ਨੂੰ ਸਾਫ ਕਰਨ ਲੱਗ ਪਈਜਦੋਂ ਕੰਮ ਵਾਲੀ ਫੂਲਵਤੀ ਆਈ ਤਾਂ ਜਸਕੀਤ ਪਾਣੀ ਗਰਮ ਕਰਨ ਵਾਲੀ ਕੇਟਲੀ ਨੂੰ ਥੱਲਿਓਂ ਖੁਰਚਕੇ ਜੰਮੀ ਹੋਈ ਮੈਲ ਉਤਾਰ ਰਹੀ ਸੀਫੂਲਵਤੀ ਆਖਣ ਲੱਗੀ, “ਮੈਂ ਕਰ ਦੇਤੀ ਹੂੰ ਬੇਟੀ

ਅੱਗੋਂ ਜਸਕੀਤ ਕਹਿੰਦੀ, “ਕੋਈ ਨੀ ਆਂਟੀ, ਤੁਸੀਂ ਬਾਕੀ ਕੰਮ ਕਰਲੋ, ਇਹ ਮੈਂ ਸਾਫ ਕਰ ਦਿੰਨੀ ਆਂ

ਮੈਨੂੰ ਲੱਗਿਆ, ਸੱਚੀਂ ਇਹ ਬਰੀਕੀ ਵਾਲੇ ਕੰਮ ਅਕਸਰ ਰਹਿ ਜਾਂਦੇ ਹਨ

ਫੂਲਵਤੀ ਪੋਚੇ ਮਾਰਨ ਲੱਗੀ ਤੇ ਜਸਕੀਤ ਨੇ ਡਾਈਨਿੰਗ ਟੇਬਲ ਉੱਤੇ ਪਈਆਂ ਟਰਾਫੀਆਂ ਨੂੰ ਸਾਫ ਕਰਕੇ ਸ਼ੀਸੇ ਵਾਲੇ ਰੈਕ ਵਿੱਚ ਰੱਖ ਦਿੱਤਾ

ਦੁੱਧ ਵਾਲੇ ਨੇ ਘੰਟੀ ਵਜਾਈਮੈਂ ਉੱਠਣ ਲੱਗਾ ਤਾਂ ਉਦੋਂ ਤਕ ਪਤੀਲੇ ਵਿੱਚ ਦੁੱਧ ਪਵਾਕੇ ਜਸਕੀਤ ਨੇ ਉਬਾਲਣਾ ਰੱਖ ਦਿੱਤਾ ਤੇ ਰਸੋਈ ਵਿੱਚੋਂ ਹੀ ਮੈਨੂੰ ਪੁੱਛਣ ਲੱਗੀ, “ਲਿਆ ਦਿਆਂ ਬਰੇਕਫਾਸਟ ਪਾਪਾ?

ਮੇਰੇ ਬੋਲਣ ਤੋਂ ਪਹਿਲਾਂ ਆਪੇ ਆਖਣ ਲੱਗੀ, “ਲਿਆ ਈ ਦਿੰਨੀ ਆਂ, ਕਾਫੀ ਟੈਮ ਹੋ ਗਿਆ ਫਿਰ ਦਵਾਈ ਵੀ ਲੈਣੀ ਆਂ ਤੁਸੀਂ

ਪਲੇਟ ਵਿੱਚ ਸਬਜ਼ੀ ਤੇ ਰੋਟੀ ਮੈਨੂੰ ਫੜਾਕੇ ਜਸਕੀਤ ਕਹਿਣ ਲੱਗੀ, “ਲੱਸੀ ਜ਼ਰੂਰ ਪੀਆ ਕਰੋ ਸਵੇਰੇ, ਚੰਗੀ ਹੁੰਦੀ ਆਸ਼ੀਨਮ ਮਾਮੀ ਦੱਸਦੇ ਸੀ ਬਈ ਬਰੇਫਾਸਟ ਵਿੱਚ ਲੱਸੀ ਜਾਂ ਲੌਕੀ ਦਾ ਜੂਸ ਬਹੁਤ ਚੰਗਾ ਹੁੰਦਾ

ਨਾਲ ਦੀ ਨਾਲ ਉਹ ਰਸੋਈ ਵਿੱਚ ਜਾਕੇ ਲੱਸੀ ਬਣਾਉਣ ਲੱਗ ਪਈਉਹਦੀਆਂ ਗੱਲਾਂ ਅਤੇ ਸੁਚਿਆਰਾਪਣ ਦੇਖਕੇ ਮੈਂ ਸੋਚ ਰਿਹਾ ਸੀ, ਕੁੜੀਆਂ ਆਪਣੇ ਆਪ ਵਿੱਚ ਇੱਕ ਸਲੀਕਾ ਹੁੰਦੀਆਂ ਹਨ

ਲੱਸੀ ਦਾ ਗਲਾਸ ਮੇਰੇ ਕੋਲ ਰੱਖਕੇ ਜਸਕੀਤ ਆਖਣ ਲੱਗੀ, “ਪਾਪਾ, ਐਤਕੀਂ ਆਪਾਂ ਗਰਮੀਆਂ ਤੋਂ ਪਹਿਲਾਂ ਖੂਨ ਪਤਲਾ ਰੱਖਣ ਵਾਲੀ ਦੇਸੀ ਦਵਾਈ ਬਣਾਵਾਂਗੇਮੇਰੀ ਨਾਨੀ ਬਣਾਉਂਦੀ ਹੁੰਦੀ ਸੀ, ਮੈਨੂੰ ਪਤਾ ਕਿਵੇਂ ਬਣਾਉਣੀ ਆ। ਉਹਦੇ ਨਾਲ ਬਲੱਡ ਪ੍ਰੈੱਸ਼ਰ ਤੇ ਸ਼ੂਗਰ ਵੀ ਕੰਟਰੋਲ ਵਿੱਚ ਰਹਿੰਦਾ

ਮੇਰੇ ਕੋਲੋਂ ਪਲੇਟ ਤੇ ਗਲਾਸ ਚੱਕਦਿਆਂ ਜਸਕੀਤ ਨੇ ਆਪਣੀ ਗੱਲ ਜਾਰੀ ਰੱਖੀ, “ਉਹ ਦਵਾਈ ਆਪਾਂ ਸਾਰਿਆਂ ਨੂੰ ਖਾਣੀ ਚਾਹੀਦੀ ਆਉਹਦਾ ਕੋਈ ਸਾਈਡ ਇਫੈਕਟ ਵੀ ਨੀ, ਬਣ ਵੀ ਸੌਖੀ ਜਾਂਦੀ ਆਬੱਸ ਤੁਸੀਂ ਮੈਨੂੰ ਪਿੱਪਲ ਦੇ ਪੱਤੇ ਲਿਆ ਦਿਓ

ਮੈਂ ਕਿਹਾ, “ਕੋਈ ਨੀ ਪਿੱਪਲ ਦੇ ਪੱਤੇ ਤਾਂ ਇੱਥੋਂ ਮਿਲ ਈ ਜਾਣਗੇ, ਨਹੀਂ ਤਾਂ ਬਿਲਾਸਪੁਰੋਂ ਲੈ ਆਵਾਂਗੇ ਜਦੋਂ ਗਏ

ਜਸਕੀਤ ਇੱਕਦਮ ਬੋਲੀ, “ਠੀਕ ਆ ਪਾਪਾ, ਮੈਂ ਵੀ ਚੱਲੂੰ ਬਿਲਾਸਪੁਰਉਹ ਘਰ ਮੈਨੂੰ ਸਾਡੇ ਦੋਰਾਹੇ ਵਾਲੇ ਘਰ ਵਰਗਾ ਲਗਦਾ

ਮੈਂ ਹੱਸਕੇ ਕਿਹਾ “ਠੀਕ ਆ

ਯੂਨੀਵਰਸਿਟੀ ਜਾਣ ਵਿੱਚ ਅਜੇ ਟਾਈਮ ਸੀ, ਮੈਂ ਲੈਪਟੌਪ ਖੋਲ੍ਹਕੇ ਬੈਠ ਗਿਆ

“ਲਓ ਪਾਪਾ, ਦਵਾਈ ਲੈ ਲਓ।” ਪਾਣੀ ਦਾ ਗਲਾਸ ਫੜਾਉਂਦਿਆਂ ਉਸ ਮੈਨੂੰ ਹਦਾਇਤ ਕਰਨ ਵਾਂਗ ਆਖਿਆ, “ਤੁਸੀਂ ਫਰਾਈਡ ਘੱਟ ਖਾਇਆ ਕਰੋ, ਔਇਲੀ ਚੀਜ਼ਾਂ ਬਹੁਤ ਖਰਾਬ ਕਰਦੀਆਂ

ਮੈਂ ਦਵਾਈ ਲੈਂਦਿਆਂ ਸਹਿਮਤੀ ਵਿੱਚ ਸਿਰ ਹਿਲਾਇਆਮੇਰੇ ਕੋਲੋਂ ਪਾਣੀ ਦਾ ਗਲਾਸ ਫੜਦਿਆਂ ਜਸਕੀਤ ਕਹਿਣ ਲੱਗੀ, “ਵੈਸੇ ਨਾ ਤੁਸੀਂ ਰੋਟੀ ਖਾਣ ਦੁਪਹਿਰੇ ਘਰੇ ਆਜਿਆ ਕਰੋ ਪਾਪਾ, ਮੈਂ ਤਾਜ਼ੀ ਬਣਾ ਦਿਆਂ ਕਰੂੰ

ਮੈਂ ਹੱਸਕੇ ਕਿਹਾ, “ਠੀਕ ਆ, ਘਰੇ ਆਜਿਆ ਕਰੂੰਹੁਣ ਪੁੱਤਰਾ ਤੂੰ ਵੀ ਕੁਛ ਖਾ ਪੀ ਲੈ

“ਕੋਈ ਨੀ ਪਾਪਾ, ਮੈਂ ਤੇ ਬਿਨੇ ਇਕੱਠੇ ਬਰੇਕਫਾਸਟ ਕਰਲਾਂ’ਗੇ, ਬਿਨੇ ਲੇਟ ਉੱਠੂਗਾ“ ਆਖਦਿਆਂ ਉਹਨੇ ਰੋਟੀ ਵਾਲਾ ਬੈਗ ਮੈਨੂੰ ਫੜਾ ਦਿੱਤਾ

ਮੈਂ ਤੁਰਨ ਲੱਗਾ ਤਾਂ ਉਹਨੇ ਪੁੱਛਿਆ, “ਪਾਪਾ, ਉੱਥੇ ਰੋਟੀ ਗਰਮ ਕਰਨ ਵਾਸਤੇ ਹੈਗਾ ਕੋਈ ਸਿਸਟਮ? ਠੰਢੀ ਰੋਟੀ ਨਾ ਖਇਆ ਕਰੋ

ਜਸਕੀਤ ਫਿਕਰ ਨੂੰ ਸਮਝਦਿਆਂ ਮੈਂ ਦੱਸ ਦਿੱਤਾ ਕਿ ਅਸੀਂ ਉੱਥੇ ਰੋਟੀ ਗਰਮ ਕਰਕੇ ਹੀ ਖਾਂਦੇ ਹਾਂ।

ਸ਼ਾਮ ਨੂੰ ਘਰ ਆਇਆ, ਘਰਵਾਲੀ ਜਸਕੀਤ ਨਾਲ ਖਿੜ ਖਿੜ ਕਰ ਰਹੀ ਸੀਜਸਕੀਤ ਦੇ ਹੱਥਾਂ ਵਿੱਚ ਦੋ ਤਿੰਨ ਅਣਸੀਤੇ ਸੂਟ ਸਨਉਹ ਬੋਲੀ, “ਦੇਖੋ ਪਾਪਾ, ਮੰਮੀ ਦੇ ਪਿਆਜ਼ੀ ਰੰਗ ਦਾ ਸੂਟ ਕਿੰਨਾ ਵਧੀਆ ਲੱਗੂਗਾ? ਨਾਲੇ ਆਹ ਲੈਮਨ ਸ਼ੇਡ ਵੀ ਜਚਦਾ ਇਹਨਾਂ ਦੇਪਤਾ ਨੀ ਕਦੋਂ ਦੇ ਰੱਖੀ ਬੈਠੇ ਆ, ਸੰਵਾਏ ਨੀ ਅੱਜ ਤਕਅੱਜ ਮੈਂ ਇਹਨਾਂ ਦੇ ਨਾਲ ਜਾਕੇ ਦੋਵੇਂ ਸੂਟ ਬੁਟੀਕ ’ਤੇ ਦੁਆ ਦੇਣੇ ਆਂ

ਜਸਕੀਤ ਨੇ ਸੂਟ ਮੈਨੂੰ ਫੜਾ ਦਿੱਤੇ

“ਤੁਸੀਂ ਬੈਠੋ ਮੈਂ ਚਾਹ ਬਣਾਉਣੀ ਆਂ” ਰਸੋਈ ਵੱਲ ਜਾਂਦੀ ਜਾਂਦੀ ਜਸਕੀਤ ਬੋਲ ਰਹੀ ਸੀ, “ਨਾਲੇ ਆਪਾਂ ਆਥਣੇ ਸੈਰ ਕਰਨ ਜਾਇਆ ਕਰਨਾ ਮੇਰੀ ਨਾਨੀ ਕਹਿੰਦੀ ਹੁੰਦੀ ਸੀ ਬਈ ਰੋਟੀ ਖਾਣ ਪਿੱਛੋਂ ਸੈਰ ਜ਼ਰੂਰ ਕਰਨੀ ਚਾਹੀਦੀ ਆ

ਰਸੋਈ ਵਿੱਚੋਂ ਚਾਹ ਬਣਾਉਂਦੀ ਜਸਕੀਤ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਿਸੇ ਮੁਹੱਬਤੀ ਗੀਤ ਦੀ ਗੂੰਜ ਵਾਂਗ ਘਰ ਵਿੱਚ ਧੀ ਹੋਣ ਦਾ ਅਹਿਸਾਸ ਕਰਵਾ ਰਹੀਆਂ ਸਨ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4933)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਡਾ. ਨਿਰਮਲ ਜੌੜਾ

ਡਾ. ਨਿਰਮਲ ਜੌੜਾ

Phone: (91 - 98140 - 78799)
Email: (nirmaljaura@gmail.com)