“ਇਹ ਮੇਰੀ ਇਕੱਲੇ ਦੀ ਕਹਾਣੀ ਨਹੀਂ, ਉਸ ਸਮੇਂ ਸਾਰਿਆ ਦਾ ਇਹੀ ਹਾਲ ਹੁੰਦਾ ਸੀ। ਹਾਂ ਅੱਜ ਅਸੀਂ ...”
(8 ਜੂਨ 2025)
ਕੈਨੇਡਾ ਜਾਣ ਲਈ ਜਦੋਂ ਮੈਂ ਜਹਾਜ਼ ਵਿੱਚ ਬੈਠਾ ਹਵਾ ਵਿੱਚ ਉਡ ਰਿਹਾ ਸੀ ਤਾਂ ਮੇਰੀ ਸੁਰਤੀ ਅੱਜ ਤੋਂ ਕੋਈ ਲਗਭਗ 55 ਸਾਲ ਪਿੱਛੇ ਚਲੀ ਗਈ। ਉਦੋਂ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਭੱਟੀਆਂ (ਖੰਨਾ) ਤੋਂ ਆਪਣੀ ਚੌਥੀ ਕਲਾਸ ਪਾਸ ਕਰਕੇ ਖੰਨੇ ਆਰੀਆ ਸਕੂਲ ਵਿੱਚ ਦਾਖਲ ਹੋਇਆ ਸੀ। ਉਹਨਾਂ ਦਿਨਾਂ ਵਿੱਚ ਪ੍ਰਾਇਮਰੀ ਸਕੂਲਾਂ ਵਿੱਚ ਚਾਰ ਕਲਾਸਾਂ ਹੀ ਹੁੰਦੀਆਂ ਸਨ। ਨਵੇਂ ਸਕੂਲ ਜਾਣ ਦਾ ਬਹੁਤ ਚਾਅ ਸੀ। ਸਵੇਰੇ ਹੀ ਤਿਆਰ ਹੋ ਕੇ ਮੋਢੇ ’ਤੇ ਭਾਰਾ ਬੱਸਤਾ ਲੱਦ ਕੇ ਸਕੂਲ ਨੂੰ ਚੱਲ ਪੈਣਾ ਅਤੇ ਥੋੜ੍ਹੇ ਸਮੇਂ ਵਿੱਚ ਹੀ ਲਗਭਗ ਡੇਢ ਕਿਲੋਮੀਟਰ ਦਾ ਸਫਰ ਪੂਰਾ ਕਰ ਲੈਣਾ। ਇਹ ਸਿਲਸਿਲਾ ਪੰਜਵੀਂ ਤੋਂ ਲੈ ਕੇ ਗਿਆਰ੍ਹਵੀਂ ਤਕ ਚੱਲਦਾ ਰਿਹਾ। ਗਰਮੀ ਹੁੰਦੀ, ਸਰਦੀ ਹੁੰਦੀ ਜਾਂ ਮੀਂਹ ਪੈਂਦਾ ਹੁੰਦਾ, ਸਕੂਲ ਤਾਂ ਜਾਣਾ ਹੀ ਪੈਂਦਾ ਸੀ। ਉਹਨਾਂ ਦਿਨਾਂ ਵਿੱਚ ਬਹੁਤ ਘੱਟ ਲੋਕਾਂ ਕੋਲ ਸਾਈਕਲ ਹੁੰਦੇ ਸਨ। ਆਮ ਤੌਰ ’ਤੇ ਲੋਕ ਪੈਦਲ ਜਾਂ ਬੱਸਾਂ ਵਿੱਚ ਸਫਰ ਕਰਦੇ ਸਨ। ਸਾਡੇ ਨਾਲ ਦੇ ਬਹੁਤ ਸਾਰੇ ਵਿਦਿਆਰਥੀ ਪੈਦਲ ਹੀ ਸਕੂਲ ਜਾਂਦੇ ਸਨ। ਕਈ ਸਾਡੇ ਨਾਲੋਂ ਵੀ ਦੂਰ ਦੇ ਪਿੰਡਾਂ ਤੋਂ ਤੁਰ ਕੇ ਆਉਂਦੇ ਸਨ। ਕਈ ਵਾਰ ਸਾਡੇ ਮਨ ਵਿੱਚ ਆਉਣਾ ਕਿ ਕਾਸ਼ ਸਾਡੇ ਕੋਲ ਸਾਈਕਲ ਹੋਵੇ। ਭਾਵੇਂ ਕਿ ਮੈਂ ਆਪਣੇ ਪਿਤਾ ਜੀ ਦੇ ਸਾਈਕਲ ਨਾਲ ਸਾਈਕਲ ਚਲਾਉਣਾ ਸਿੱਖ ਗਿਆ ਪਰ ਸਕੂਲ ਜਾਣ ਲਈ ਸਾਈਕਲ ਹੈ ਨਹੀਂ ਸੀ, ਕਿਉਂਕਿ ਪਿਤਾ ਜੀ ਨੇ ਆਪਣੀ ਡਿਊਟੀ ਤੇ ਜਾਣਾ ਹੁੰਦਾ ਸੀ। ਕਈ ਵਾਰ ਮੇਰੇ ਨਾਲ ਪੜ੍ਹਦੇ ਦੂਰ ਦੇ ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਤੋਂ ਸਾਈਕਲ ਮੰਗ ਕੇ ਗੇੜਾ ਦੇਣ ਦੀ ਖਾਹਿਸ਼ ਪੂਰੀ ਕਰਨੀ। ਇੱਕ ਸੁਪਨਾ ਸੀ ਕਿ ਸਾਈਕਲ ਕਦੋਂ ਮਿਲੇਗਾ।
ਹੌਲੀ ਹੌਲੀ ਗਿਆਰ੍ਹਵੀਂ ਪਾਸ ਹੋ ਗਈ। ਹੁਣ ਏ ਐੱਸ ਕਾਲਜ ਖੰਨਾ ਵਿਖੇ ਦਾਖਲਾ ਲੈਣਾ ਸੀ। ਉਦੋਂ ਮੇਰੇ ਪਿਤਾ ਜੀ ਨੇ ਮੈਨੂੰ ਇੱਕ ਪੁਰਾਣਾ ਸਾਈਕਲ 80 ਰੁਪਏ ਵਿੱਚ ਲੈ ਕੇ ਦੇ ਦਿੱਤਾ। ਮੈਨੂੰ ਬਹੁਤ ਚਾਅ ਚੜ੍ਹਿਆ। ਅੰਨ੍ਹਾ ਕੀ ਭਾਲੇ ਦੋ ਅੱਖਾਂ। ਕਿਤਾਬਾਂ ਰੱਖਣ ਵਾਸਤੇ ਅੱਗੇ ਟੋਕਰੀ ਲਵਾ ਲਈ। ਚੋਰੀ ਹੋਣ ਤੋਂ ਡਰਦੇ ਨੇ ਜਿੰਦਾ ਵੀ ਲਵਾ ਲਿਆ। ਮੈਂ ਸਾਈਕਲ ਨੂੰ ਧੋਣਾ, ਸਾਫ ਕਰਨਾ ਅਤੇ ਤੇਲ ਲਾ ਕੇ ਚਮਕਾਉਣ ਦੀ ਕੋਸ਼ਿਸ਼ ਕਰਨੀ। ਮੈਨੂੰ ਐਂ ਲਗਦਾ ਸੀ ਕਿ ਮੈਨੂੰ ਕੋਈ ਬਹੁਤ ਵੱਡਾ ਤੋਹਫਾ ਮਿਲ ਗਿਆ ਹੋਵੇ। ਉਸੇ ਸਾਈਕਲ ਨਾਲ ਮੈਂ ਬੀਏ, ਐਮਏ ਅਤੇ ਬੀਐਡ ਪਾਸ ਕੀਤੀ।
1978 ਦੇ ਵਿੱਚ ਮੈਂ ਖੰਨੇ ਖਾਲਸਾ ਸਕੂਲ ਵਿੱਚ ਮਾਸਟਰ ਲੱਗ ਗਿਆ। ਮੈਂ ਹੁਣ ਆਪਣੇ ਸਾਈਕਲ ’ਤੇ ਘਰੋਂ ਸਕੂਲ ਜਾਣਾ ਤੇ ਆਉਣਾ। ਬਜ਼ਾਰ ਦੇ ਵਿੱਚ ਜਿੰਨੇ ਵੀ ਕੰਮਕਾਰ ਹੁੰਦੇ, ਉਹਨਾਂ ਲਈ ਸਾਈਕਲ ਇੱਕ ਜ਼ਰੂਰਤ ਬਣ ਗਿਆ ਸੀ। ਦੂਰ ਨੇੜੇ ਕਿਤੇ ਜਾਣਾ ਆਉਣਾ ਜਾਂ ਕਿਸੇ ਰਿਸ਼ਤੇਦਾਰ ਦੇ ਜਾਣਾ ਤਾਂ ਸਾਈਕਲ ਹੀ ਇੱਕ ਸਹਾਰਾ ਸੀ 1981 ਵਿੱਚ ਮੇਰੀ ਛੋਟੀ ਭੈਣ ਦਾ ਵਿਆਹ ਨਾਭੇ ਦੇ ਕੋਲ ਇੱਕ ਪਿੰਡ ਵਿੱਚ ਹੋ ਗਿਆ। ਉਹ ਪਿੰਡ ਨਾਭੇ ਤੋਂ ਲਗਭਗ ਸੱਤ ਕਿਲੋਮੀਟਰ ਸੀ। ਉਸ ਪਿੰਡ ਨੂੰ ਕਦੇ ਕਦਾਈਂ ਹੀ ਕੋਈ ਬੱਸ ਜਾਂ ਕੋਈ ਹੋਰ ਸਾਧਨ ਜਾਂਦਾ ਸੀ। ਹੁਣ ਵਾਂਗ ਆਵਾਜਾਈ ਦੇ ਸਾਧਨ ਨਹੀਂ ਸਨ। ਨਾਭੇ ਮੈੱਸ ਗੇਟ ਤੋਂ ਇੱਕ ਟਾਂਗਾ ਚਲਦਾ ਸੀ ਪਰ ਟਾਂਗਾ ਉਦੋਂ ਚੱਲਦਾ ਸੀ ਜਦੋਂ ਪੂਰਾ ਭਰ ਜਾਂਦਾ ਸੀ। ਸਵਾਰੀਆਂ ਨੂੰ ਕਈ ਵਾਰ ਘੰਟਾਦੋ ਘੰਟੇ ਉਡੀਕ ਕਰਨੀ ਪੈਂਦੀ ਸੀ। ਮੈਂ ਜਦੋਂ ਆਪਣੀ ਭੈਣ ਦੇ ਸਹੁਰੇ ਮਿਲਣ ਜਾਣਾ ਤਾਂ ਕਈ ਵਾਰ ਆਪਣਾ ਸਾਈਕਲ ਖੰਨੇ ਤੋਂ ਬੱਸ ਉੱਤੇ ਚਾੜ੍ਹਨਾ ਤੇ ਨਾਭੇ ਜਾ ਕੇ ਲਾਹੁਣਾ। ਇਹ ਕੰਮ ਬਹੁਤ ਔਖਾ ਸੀ l ਇੱਕ ਵਾਰ ਸਾਈਕਲ ਹੱਥੋਂ ਛੁੱਟ ਕੇ ਧਰਤੀ ’ਤੇ ਡਿਗ ਪਿਆ ਪੈਡਲ ਟੁੱਟ ਗਿਆ। ਮਿਸਤਰੀ ਤੋਂ ਠੀਕ ਕਰਵਾ ਕੇ ਅੱਗੇ ਗਿਆ। ਫਿਰ ਮੈਂ ਸਾਈਕਲ ਲਿਜਾਣਾ ਛੱਡ ਦਿੱਤਾ। ਖੰਨੇ ਤੋਂ ਬੱਸ ਜਾਣਾ, ਮੈੱਸ ਗੇਟ ਟਾਂਗੇ ਦੀ ਉਡੀਕ ਕਰਨੀ ਤੇ ਫਿਰ ਟਾਂਗੇ ਵਿੱਚ ਬਹਿ ਕੇ ਉਸਦੇ ਪਿੰਡ ਜਾਣਾ।
ਕੁਝ ਸਮੇਂ ਬਾਅਦ ਪਿੰਡਾਂ ਲਈ ਮਿਨੀ ਬੱਸਾਂ ਚੱਲਣ ਲੱਗ ਪਈਆਂ। ਇੱਕ ਦੋ ਵਾਰੀ ਅਜਿਹਾ ਹੋਇਆ ਕਿ ਪਿੰਡਾਂ ਨੂੰ ਜਾ ਰਹੀ ਬੱਸ ਵਿੱਚ ਬਹਿ ਗਏ ਪਰ ਸਾਨੂੰ ਬੱਸ ਕੰਡਕਟਰ ਨੇ ਭੈਣ ਦੇ ਪਿੰਡ ਤੋਂ ਕੋਈ ਲਗਭਗ ਤਿੰਨ ਕਿਲੋਮੀਟਰ ਪਹਿਲਾਂ ਇਹ ਕਹਿ ਕੇ ਉਤਾਰ ਦੇਣਾ ਕਿ ਸਾਡੇ ਕੋਲ ਅੱਗੇ ਜਾਣ ਦਾ ਟਾਈਮ ਨਹੀਂ, ਅਸੀਂ ਛੇਤੀ ਪਟਿਆਲੇ ਪਹੁੰਚਣਾ। ਤੁਸੀਂ ਪਿੱਛੋਂ ਆਉਂਦੀ ਬੱਸ ਚੜ੍ਹ ਜਾਣਾ। ਬੱਸ ਕਿੱਥੇ ਆਉਣੀ ਹੁੰਦੀ ਸੀ। ਹੋਰ ਕੋਈ ਸਾਧਨ ਵੀ ਨਹੀਂ ਹੁੰਦਾ। ਕਈ ਵਾਰ ਗਰਮੀ ਵਿੱਚ ਤੁਰ ਕੇ ਮੈਂ ਭੈਣ ਦੇ ਪਿੰਡ ਪਹੁੰਚਿਆ। ਮੈਂ ਸੋਚਦਾ ਹੁੰਦਾ ਸੀ ਕਿ ਮੋਟਰ ਸਾਈਕਲ ਜਾ ਸਕੂਟਰ ਹੋਣਾ ਚਾਹੀਦਾ। ਪਰ ਇਹ ਖਿਆਲੀ ਪਲਾਓ ਹੀ ਸਨ। ਉਹਨਾਂ ਦਿਨਾਂ ਵਿੱਚ ਕਿਸੇ ਕਿਸੇ ਕੋਲ ਸਕੂਟਰ ਜਾਂ ਮੋਟਰਸਾਈਕਲ ਹੁੰਦਾ ਸੀ। ਸਕੂਟਰ ਲੈਣ ਲਈ ਲੰਮਾ ਸਮਾਂ ਬੁਕਿੰਗ ਕਰਾ ਕੇ ਉਡੀਕ ਕਰਨੀ ਪੈਂਦੀ ਸੀ। ਕਈ ਵਾਰ ਵਿਦੇਸ਼ੀ ਕਰੰਸੀ ਦੇ ਉੱਤੇ ਸਕੂਟਰ ਬੁੱਕ ਕੀਤੇ ਜਾਂਦੇ ਸਨ। ਮੇਰੇ ਸਕੂਲ ਵਿੱਚ ਇੱਕ ਦੋ ਅਧਿਆਪਕਾਂ ਕੋਲ ਸਕੂਟਰ ਸਨ। ਮੈਂ ਉਹਨਾਂ ਤੋਂ ਸਕੂਟਰ ਲੈ ਕੇ ਸਕੂਟਰ ਚਲਾਉਣਾ ਤਾਂ ਸਿੱਖ ਲਿਆ ਪਰ ਆਪਣਾ ਸਕੂਟਰ ਲੈਣ ਦੀ ਪਰੋਖੋਂ ਨਹੀਂ ਸੀ। ਇੱਕ ਸੁਪਨਾ ਸੀ ਕਿ ਸਕੂਟਰ ਲਿਆ ਜਾਵੇ। ਤਨਖਾਹਾਂ ਬਹੁਤ ਘੱਟ ਸੀ ਸਕੂਟਰ ਲੈਣਾ ਔਖਾ ਸੀ। ਪੁਰਾਣੇ ਸਕੂਟਰ ਵੀ ਕਈ ਕਈ ਹਜ਼ਾਰ ਦੇ ਮਿਲਦੇ ਸਨ। ਉਦੋਂ ਤਨਖਾਹ ਸੈਂਕੜਿਆਂ ਵਿੱਚ ਹੁੰਦੀ ਸੀ।
ਮੈਂ ਲਗਭਗ ਛੇ ਸਾਲ ਤਕ ਮਾਸਟਰ ਲੱਗ ਕੇ ਸਾਈਕਲ ਤੇ ਹੀ ਆਉਂਦਾ ਜਾਂਦਾ ਸੀ। 1984 ਵਿੱਚ ਮੇਰੇ ਇੱਕ ਦੋਸਤ ਨੇ ਮੈਨੂੰ ਕਿਸੇ ਕੋਲੋਂ ਇੱਕ 15 ਸਾਲ ਚੱਲਿਆ ਹੋਇਆ ਸਕੂਟਰ ਦਿਵਾ ਦਿੱਤਾ। ਉਸਦਾ ਮੁੱਲ ਕਾਫੀ ਸੀ। ਮੈਂ ਦੋ ਕਿਸ਼ਤਾਂ ਵਿੱਚ ਉਸ ਨੂੰ ਪੈਸੇ ਦਿੱਤੇ। ਮੈਨੂੰ ਕਾਰੂ ਦਾ ਖਜ਼ਾਨਾ ਮਿਲਣ ਵਾਲੀ ਖੁਸ਼ੀ ਸੀ। ਮੇਰੀ ਧਰਤੀ ’ਤੇ ਅੱਡੀ ਨਾ ਲੱਗੇ। ਰਿਸ਼ਤੇਦਾਰਾਂ ਨੂੰ ਸਕੂਟਰ ਲੈਣ ਦੇ ਸੁਨੇਹੇ ਲਾ ਦਿੱਤੇ। ਜਿਸ ਬੰਦੇ ਨੂੰ ਸਕੂਟਰ ਮਿਲ ਜਾਂਦਾ, ਉਹ ਫੁੱਲਿਆ ਨਹੀਂ ਸਮਾਉਂਦਾ। ਮੈਂ ਸਕੂਟਰ ਨੂੰ ਧੋਣਾ, ਪਾਲਸ਼ ਮਾਰਨੀ ਅਤੇ ਮਿਸਤਰੀ ਕੋਲ ਜਾ ਕੇ ਸਰਵਿਸ ਕਰਾਉਣੀ। ਸ੍ਰੀਮਤੀ ਅਤੇ ਬੱਚਿਆਂ ਨੂੰ ਬਿਠਾ ਕੇ ਸ਼ਹਿਰ ਜਾਣਾ। ਪਿੰਡ ਵਾਲਾਂ ਦਾ ਧਿਆਨ ਖਿੱਚਣ ਲਈ ਹਾਰਨ ਵਜਾਉਣਾ। ਫਿਰ ਮੇਰੀ ਇੱਛਾ ਹੋਈ ਸਹੁਰੇ ਸਕੂਟਰ ’ਤੇ ਜਾਕੇ ਟੌਰ ਬਣਾਈਏ। 31 ਦਸੰਬਰ ਦੀ ਸ਼ਾਮ ਨੂੰ ਮੈਂ ਸਕੂਟਰ ’ਤੇ ਚੱਲ ਪਿਆ। ਜਦੋਂ ਮੈਂ ਮਲੇਰਕੋਟਲੇ ਤੋਂ ਲਗਭਗ ਛੇ ਕਿਲੋਮੀਟਰ ਅੱਗੇ ਪਹੁੰਚਿਆ ਤਾਂ ਸਕੂਟਰ ਬੰਦ ਹੋ ਗਿਆ। ਦਿਨ ਛਿਪਣ ਵਾਲਾ, ਕਾਲੇ ਦੌਰ ਦਾ ਸਮਾਂ। ਮੇਰੀ ਹਾਲਤ ਝਾੜ ਵਿੱਚ ਫਸੇ ਬਿੱਲੇ ਵਰਗੀ ਹੋ ਗਈ। ਸਹੁਰੇ ਜਾਣ ਦਾ ਚਾਅ ਕਾਫ਼ੂਰ ਵਾਂਗ ਉਡ ਗਿਆ। ਨੇੜੇ ਤੇੜੇ ਕੋਈ ਮਕੈਨਿਕ ਨਹੀਂ ਸੀ। ਮਾਲੇਰਕੋਟਲਾ ਛੇ ਕਿਲੋਮੀਟਰ ਅਤੇ ਸ਼ੇਰਪੁਰ ਲਗਭਗ ਵੀਹ ਕਿਲੋਮੀਟਰ। ਨਾ ਕੋਈ ਬੱਸ ਦਾ ਟਾਈਮ। ਅਚਾਨਕ ਇੱਕ ਬੰਦਾ ਸਕੂਟਰੀ ’ਤੇ ਗਲੀ ਵਿੱਚੋਂ ਨਿਕਲਿਆ। ਉਸ ਨੂੰ ਸਹਾਇਤਾ ਲਈ ਅਰਜੋਈ ਕੀਤੀ। ਉਹ ਭਲਾ ਪੁਰਸ਼ ਨੇੜੇ ਰੂੜ੍ਹੀ ਤੋਂ ਇੱਕ ਪੁਰਾਣੀ ਨਵਾਰ ਦਾ ਟੋਟਾ ਲੱਭ ਲਿਆਇਆ ਅਤੇ ਸਕੂਟਰੀ ਮਗਰ ਬੰਨ੍ਹ ਕੇ ਮਲੇਰ ਕੋਟਲੇ ਰੋਡੇ ਮਿਸਤਰੀ ਦੀ ਵਰਕਸ਼ਾਪ ਵਿੱਚ ਛੱਡ ਗਿਆ।
ਹਨੇਰਾ ਹੋ ਚੁੱਕਾ ਸੀ। ਡਰ ਵੀ ਭਾਰੂ ਸੀ। ਸਹੁਰੇ ਜਾਣ ਦੀ ਥਾਂ ਮਾਸੀ ਕੋਲ ਚਾਂਗਲੀ ਚਲਾ ਗਿਆ। ਉਹ ਆਪ ਬੀਤੀ ਅੱਜ ਵੀ ਯਾਦ ਹੈ। ਸਕੂਟਰ ਨੇ ਪੁਰਾਣਾ ਹੋਣ ਕਰਕੇ ਰਸਤੇ ਵਿੱਚ ਧੋਖਾ ਦੇ ਦਿੱਤਾ। ਫਿਰ ਮੈਂ ਸੋਚਣ ਲੱਗਾ ਕਿ ਕਾਸ਼ ਨਵਾਂ ਸਕੂਟਰ ਲਿਆ ਜਾਵੇ। ਹੌਲੀ ਹੌਲੀ ਉਹ ਸਕੂਟਰ ਵੇਚ ਕੇ ਮੈਂ ਇੱਕ ਦੋ ਸਾਲ ਚੱਲਿਆ ਸਕੂਟਰ ਲੈ ਲਿਆ ਅਤੇ ਉਸ ਸਕੂਟਰ ਉੱਤੇ ਮੈਂ ਕਾਫੀ ਸਮਾਂ ਸਫਰ ਕੀਤਾ। ਜਦੋਂ ਮੈਂ ਸਰਕਾਰੀ ਸਰਵਿਸ ਵਿੱਚ ਗਿਆ, ਜੋ ਕਿ ਮੇਰੇ ਘਰ ਤੋਂ 10 ਕਿਲੋਮੀਟਰ ਦੂਰ ਸੀ, ਉਸ ਸਕੂਟਰ ’ਤੇ ਹੀ ਆਉਂਦਾ ਜਾਂਦਾ ਸੀ। ਦਿਲ ਦੇ ਵਿੱਚ ਬੜੀ ਤਮੰਨਾ ਸੀ ਕਿ ਨਵਾਂ ਸਕੂਟਰ ਹੋਵੇ। 1990 ਵਿੱਚ ਮੈਂ ਬਰਾਂਡ ਨਿਊ ਚੇਤਕ ਸਕੂਟਰ ਲੈ ਲਿਆ। ਉਹਨਾਂ ਦਿਨਾਂ ਵਿੱਚ ਲੋਕਾਂ ਕੋਲ ਫੀਅਟ ਜਾਂ ਐਮਬੈਸਡਰ ਕਾਰਾਂ ਹੁੰਦੀਆਂ ਸਨ। ਜੇ ਕਿਤੇ ਰਿਸ਼ਤੇਦਾਰੀ ਵਿੱਚ ਜਾਂ ਕਿਤੇ ਆਉਣਾ ਜਾਣਾ ਸੀ ਤਾਂ ਆਪਣੇ ਸਕੂਟਰ ’ਤੇ ਜਾਂਦੇ ਸੀ। ਕਈ ਵਾਰੀ ਦੂਰ ਦੁਰਾਡੇ ਜਾਣ ਲਈ ਟੈਕਸੀ ਸਟੈਂਡ ਵਿੱਚੋਂ ਕਾਰ ਕਿਰਾਏ ’ਤੇ ਕਰ ਲੈਣੀ। ਇਸ ਤਰੀਕੇ ਨਾਲ ਜ਼ਿੰਦਗੀ ਚਲਦੀ ਰਹੀ।
ਉਸ ਤੋਂ ਬਾਅਦ ਦਿਲ ਦੇ ਵਿੱਚ ਬੜੀ ਤਮੰਨਾ ਸੀ ਕਿ ਮੇਰੇ ਕੋਲ ਵੀ ਕਾਰ ਹੋਵੇ। ਪਰ ਆਮਦਨ ਇੰਨੀ ਨਹੀਂ ਸੀ ਕਿ ਕਾਰ ਲਈ ਜਾ ਸਕੇ। ਲੋਕਾਂ ਦੀਆਂ ਕਾਰਾਂ ਦੇਖ ਕੇ ਦਿਲ ਦੇ ਵਿੱਚ ਆਉਂਦਾ ਸੀ ਕਿ ਮੈਂ ਕਦੋਂ ਕਾਰ ਲਵਾਂਗਾ। ਇਹ ਸੁਭਾਗਾ ਸਮਾਂ 2009 ਵਿੱਚ ਆਇਆ, ਜਦੋਂ ਮੈਂ ਕਿਸ਼ਤਾਂ ’ਤੇ ਨਵੀਂ ਕਾਰ ਲੈ ਲਈ। ਉਸ ਕਾਰ ਵਿੱਚ ਰਿਸ਼ਤੇਦਾਰੀਆਂ ਵਿੱਚ ਜਾਣਾ ਜਾਂ ਹੋਰ ਕੰਮਾਂਕਾਰਾ ਦੇ ਲਈ ਉਹਨੂੰ ਵਰਤਦੇ ਸੀ। ਸਕੂਲ ਵੀ ਕਈ ਵਾਰੀ ਕਾਰ ਵਿੱਚ ਜਾਣਾ। ਮੀਂਹ ਕਣੀ, ਹਨੇਰੀ, ਗਰਮੀ, ਸਰਦੀ ਆਦਿ ਵਿੱਚ ਕਾਰ ਬਹੁਤ ਸਹਾਰਾ ਦਿੰਦੀ ਸੀ। ਪਰ ਕਾਰ ਦਾ ਮੈਨੂੰ ਕੋਈ ਬਹੁਤਾ ਫਾਇਦਾ ਨਹੀਂ ਸੀ। ਕਾਰ ਤਾਂ ਮੈਂ ਲੈ ਲਈ ਪਰ ਮੈਨੂੰ ਚਲਾਉਣੀ ਨਹੀਂ ਆਉਂਦੀ ਸੀ। ਇਸ ਲਈ ਕਈ ਵਾਰ ਮੈਨੂੰ ਕਿਸੇ ਦੀ ਮਿੰਨਤ ਕਰਨੀ ਪੈਂਦੀ ਜਾਂ ਕੋਈ ਡਰਾਈਵਰ ਕਿਰਾਏ ’ਤੇ ਲਿਜਾਣਾ ਪੈਂਦਾ। ਹੌਲੀ ਹੌਲੀ ਮੇਰੇ ਬੇਟੇ ਕਾਰ ਚਲਾਉਣੀ ਸਿੱਖ ਗਏ। ਸੋ ਉਹਨਾਂ ਦੇ ਨਾਲ ਕਾਰ ਵਿੱਚ ਜਾਣਾ ਸ਼ੁਰੂ ਹੋਇਆ।
ਜਦੋਂ ਮੈਂ ਰਿਟਾਇਰ ਹੋਇਆ ਤਾਂ ਕੈਨੇਡਾ ਵਿੱਚ ਮੇਰੇ ਭਰਾ ਦੀ ਬੇਟੀ ਦਾ ਵਿਆਹ ਸੀ। ਉਸਨੇ ਮੈਨੂੰ ਵਿਆਹ ਦਾ ਕਾਰਡ ਭੇਜਿਆ। ਮੈਂ ਆਪਣੇ ਰਿਸ਼ਤੇਦਾਰਾਂ ਦੇ ਕਹੇ ਕਹਾਏ ’ਤੇ ਵੀਜ਼ੇ ਲਈ ਅਪਲਾਈ ਕਰ ਦਿੱਤਾ। ਮੇਰਾ ਵੀਜ਼ਾ ਲੱਗ ਗਿਆ। ਹੁਣ ਮੈਂ ਜਹਾਜ਼ ਵਿੱਚ ਬੈਠਾ ਕੈਨੇਡਾ ਨੂੰ ਜਾ ਰਿਹਾ ਸੀ ਤੇ ਮੇਰੇ ਮਨ ਵਿੱਚ ਪੁਰਾਣੀਆਂ ਉਹ ਯਾਦਾਂ ਆ ਰਹੀਆਂ ਸੀ, ਜਦੋਂ ਸਕੂਲ ਪੈਦਲ ਜਾਣਾ। ਭਾਰੇ ਬਸਤੇ ਮੋਢੇ ’ਤੇ ਲੱਦ ਕੇ ਆਉਣਾ ਜਾਣਾ। ਰਿਸ਼ਤੇਦਾਰੀਆਂ ਵਿੱਚ ਜਾਣ ਲਈ ਬੱਸਾਂ ਜਾਂ ਤੁਰ ਕੇ ਜਾਣਾ। ਫਿਰ ਜਦੋਂ ਵੱਡੇ ਹੋਏ ਸਾਈਕਲ ਮਿਲਿਆ। ਸਾਈਕਲ ਦਾ ਸੁਪਨਾ ਪੂਰਾ ਹੋਇਆ, ਸਾਈਕਲ ਤੋਂ ਬਾਅਦ ਸਕੂਟਰ ਮਿਲ ਗਏ। ਸਕੂਟਰ ਤੋਂ ਬਾਅਦ ਕਾਰ ਮਿਲ ਗਈ। ਸੋ ਇਹ ਜਿਹੜਾ ਸਫਰ ਸੀ ਜ਼ਿੰਦਗੀ ਦਾ, ਪੈਦਲ ਤੋਂ ਚਲਦੇ ਚਲਦੇ ਅੱਜ ਜਹਾਜ਼ ਤਕ ਪਹੁੰਚ ਗਿਆ। ਅੱਜ ਮੈਂ ਜਹਾਜ਼ ਵਿੱਚ ਬੈਠਾ ਕੈਨੇਡਾ ਨੂੰ ਜਾ ਰਿਹਾ ਸੀ। ਖੁਸ਼ੀ ਵਿੱਚ ਦਿਲ ਐਨਾ ਧੜਕ ਰਿਹਾ ਸੀ ਕਿ ਪੱਸਲੀਆਂ ਵਿੱਚੋਂ ਬਾਹਰ ਆਉਣ ਨੂੰ ਕਰਦਾ ਸੀ। ਮਨ ਦੇ ਵਿੱਚ ਇੰਨੀ ਖੁਸ਼ੀ ਸੀ ਕਿ ਮੇਰਾ ਵੀਜ਼ਾ ਲੱਗ ਗਿਆ ਜਦੋਂ ਕਿ ਲੋਕ ਲੱਖਾਂ ਰੁਪਏ ਲਾ ਕੇ ਕੈਨੇਡਾ ਜਾਣ ਲਈ ਏਜੰਟਾਂ ਵੱਲੋਂ ਲੁੱਟੇ ਜਾਂਦੇ ਹਨ।
ਮੈਂ ਸੋਚਦਾ ਕਿ ਕਿੱਥੇ ਸਾਈਕਲ ਦਾ ਸੁਪਨਾ ਹੁੰਦਾ ਸੀ, ਕਿੱਥੇ ਅੱਜ ਜਹਾਜ਼ ਵਿੱਚ ਬੈਠ ਰਹੇ ਹਾਂ। ਸੋ ਇਹ ਜਿਹੜਾ ਸਾਈਕਲ ਤੋਂ ਜਹਾਜ਼ ਤਕ ਦਾ ਸਫਰ ਹੈ, ਇਹਦੇ ਪਿੱਛੇ ਸਖ਼ਤ ਮਿਹਨਤ, ਇੱਛਾ ਸ਼ਕਤੀ, ਪੱਕਾ ਇਰਾਦਾ, ਇਮਾਨਦਾਰੀ ਨਾਲ ਦਿਨ ਰਾਤ ਦੀ ਘਾਲਣਾ ਜ਼ਿੰਮੇਵਾਰ ਹੈ। ਉਸ ਸਮੇਂ, ਅੱਜ ਤੋਂ 55 ਸਾਲ ਪਹਿਲਾਂ ਕੋਈ ਸਹੂਲਤਾਂ ਨਹੀਂ ਸਨ। ਕਿਸੇ ਘਰ ਵਿੱਚ ਪੱਖਾ ਨਹੀਂ ਸੀ, ਕੂਲਰ ਨਹੀਂ ਸੀ, ਏਸੀ ਨਹੀਂ ਸੀ, ਕਾਰਾਂ ਮੋਟਰਸਾਈਕਲਾਂ ਨਹੀਂ ਸੀ, ਕਿਸੇ ਕਿਸੇ ਕੋਲ ਸਾਈਕਲ ਹੁੰਦਾ ਸੀ ਪਰ ਇਸਦੇ ਬਾਵਜੂਦ ਵਿਦਿਆਰਥੀ ਅਤੇ ਆਮ ਲੋਕਾਂ ਦਾ ਜੀਵਨ ਬੜਾ ਸਾਦਾ ਸੀ। ਲੋਕਾਂ ਦਾ ਆਪਸ ਵਿੱਚ ਬੜਾ ਪਿਆਰ ਸੀ। ਪਰ ਲੋਕ ਆਪਣੀ ਜ਼ਿੰਦਗੀ ਆਪਣੀ ਮਰਜ਼ੀ ਨਾਲ ਜੀਅ ਰਹੇ ਸਨ। ਆਪਸੀ ਪਿਆਰ, ਸਤਿਕਾਰ, ਇੱਕ ਦੂਜੇ ਦੇ ਨਾਲ ਭਾਈਚਾਰਾ, ਇਹ ਉਹਨਾਂ ਦਿਨਾਂ ਵਿੱਚ ਸ਼ਲਾਘਾਯੋਗ ਆਦਤਾਂ ਸਨ। ਅੱਜ ਅਸੀਂ ਇੰਨੀ ਤਰੱਕੀ ਕਰ ਲਈ ਹੈ ਕਿ ਵਿਗਿਆਨ ਦੀਆਂ ਕਾਢਾਂ ਨੇ ਸਾਨੂੰ ਬੜਾ ਫਾਇਦਾ ਪਹੁੰਚਾਇਆ ਹੈ। ਅੱਜ ਮੋਬਾਇਲ, ਲੈਪਟਾਪ, ਕੰਪਿਊਟਰ, ਟੈਲੀਵਿਜ਼ਨ ਆਦਿ ਸਾਡੇ ਕੋਲ ਆ ਗਏ ਹਨ ਅਤੇ ਅੱਜ ਸੋਸ਼ਲ ਮੀਡੀਆ, ਮਲਟੀ ਮੀਡੀਆ ਸਾਡੇ ’ਤੇ ਭਾਰੂ ਹੈ। ਉਸਦੇ ਨਤੀਜੇ ਵਜੋਂ ਅੱਜ ਲੋਕਾਂ ਕੋਲ ਨਾ ਸਮਾਂ ਤੇ ਨਾ ਲੋਕ ਇੱਕ ਦੂਜੇ ਦਾ ਉਹ ਸਤਕਾਰ ਕਰਦੇ ਹਨ, ਜਿਹੜਾ ਪੁਰਾਣੇ ਸਮਿਆਂ ਵਿੱਚ ਹੁੰਦਾ ਸੀ। ਭਾਵੇਂ ਕਿ ਅਸੀਂ ਇੰਨੀ ਤਰੱਕੀ ਕਰ ਲਈ ਪਰ ਲਗਦਾ ਹੈ ਕਿ ਅੱਜ ਅਸੀਂ ਇੱਕ ਦੂਜੇ ਤੋਂ ਦੂਰ ਹੋ ਗਏ ਹਾਂ, ਭਾਵੇਂ ਕਿ ਅੱਜ ਇਨ੍ਹਾਂ ਚੀਜ਼ਾਂ ਦੇ ਨਾਲ ਅਸੀਂ ਸੰਸਾਰ ਵਿੱਚ ਇੱਕ ਦੂਜੇ ਨਾਲ ਜੁੜ ਗਏ ਹਾਂ। ਸੰਸਾਰ ਸਾਡੇ ਬਹੁਤ ਨੇੜੇ ਹੋ ਗਿਆ ਹੈ ਪਰ ਅਸੀਂ ਆਪਣਿਆਂ ਤੋਂ, ਘਰਦਿਆਂ ਤੋਂ ਬਹੁਤ ਦੂਰ ਹੋ ਗਏ ਹਾਂ। ਅੱਜ ਸ਼ਾਮ ਸਮੇਂ ਘਰ ਦੇ ਮੈਂਬਰ ਇਕੱਠੇ ਹੋ ਕੇ ਆਪਸ ਵਿੱਚ ਪਿਆਰ ਨਾਲ ਗੱਲਾਂਬਾਤਾਂ ਨਹੀਂ ਕਰਦੇ। ਹਰੇਕ ਮੈਂਬਰ ਆਪਣੇ ਆਪਣੇ ਮੋਬਾਇਲ ਜਾਂ ਕੰਪਿਊਟਰ ’ਤੇ ਉਗਲੀਆਂ ਮਾਰ ਰਿਹਾ ਹੈ। ਕੋਈ ਕਿਸੇ ਨਾਲ ਕੋਈ ਗੱਲ ਨਹੀਂ ਕਰ ਰਿਹਾ, ਕੋਈ ਕਿਸੇ ਨਾਲ ਕੋਈ ਸਾਂਝ ਹੀ ਨਹੀਂ ਪਾ ਰਿਹਾ, ਇੱਥੋਂ ਤਕ ਕਿ ਅਸੀਂ ਹੁਣ ਇੱਕ ਦੂਜੇ ਨਾਲ ਬਹਿ ਕੇ ਇਕੱਠੇ ਭੋਜਨ ਕਰਨਾ ਵੀ ਛੱਡ ਦਿੱਤਾ ਹੈ। ਮੈਂ ਸੋਚਦਾ ਹਾਂ ਕਿ ਅੱਜ ਦੇ ਜਹਾਜ਼ਾਂ ਵਿੱਚ ਘੁੰਮਣ ਨਾਲੋਂ ਉਹ ਸਮਾਂ ਕਿੰਨਾ ਵਧੀਆ ਸੀ, ਜਦੋਂ ਸਾਡੇ ਕੋਲ ਸਾਈਕਲ ਵੀ ਨਹੀਂ ਹੁੰਦਾ ਸੀ। ਪੈਦਲ ਹੀ ਤੁਰੇ ਫਿਰਦੇ ਸੀ ਪਰ ਪਿਆਰ ਸਤਕਾਰ ਤੇ ਇੱਕ ਦੂਜੇ ਨਾਲ ਭਾਈਚਾਰਾ ਕਿੰਨਾ ਵਧੀਆ ਹੁੰਦਾ ਸੀ। ਸਾਈਕਲ ਤੋਂ ਜਹਾਜ਼ ਤਕ ਦਾ ਸਫਰ ਪੂਰਾ ਕਰ ਲਿਆ ਹੈ ਪਰ ਪੁਰਾਣੇ ਸਮੇਂ ਦੀਆਂ ਨੈਤਿਕ ਕਦਰਾਂ ਕੀਮਤਾਂ ਅਸੀਂ ਗਵਾ ਦਿੱਤੀਆਂ ਹਨ। ਅੱਜ ਅਸੀਂ ਸਾਈਕਲਾਂ ਤੋਂ ਜਹਾਜ਼ਾਂ ’ਤੇ ਚੜ੍ਹ ਗਏ। ਇਹ ਮੇਰੀ ਇਕੱਲੇ ਦੀ ਕਹਾਣੀ ਨਹੀਂ, ਉਸ ਸਮੇਂ ਸਾਰਿਆ ਦਾ ਇਹੀ ਹਾਲ ਹੁੰਦਾ ਸੀ। ਹਾਂ ਅੱਜ ਅਸੀਂ ਕਿੰਨੀ ਤਰੱਕੀ ਕਰ ਗਏ ਹਾਂ ਪਰ ਨੈਤਿਕ ਤੌਰ ’ਤੇ ਇਉਂ ਲਗਦਾ ਹੈ ਕਿ ਅਸੀਂ ਬਹੁਤ ਪਛੜ ਗਏ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)