“ਧੰਨਤਾ ਦੇ ਪਾਤਰ ਇਹ ਦੋ ਸ਼ਖਸ ਸਮਾਜ ਦੇ ਅਣਗੌਲੇ ਵਰਗ ਦੇ ਬੱਚਿਆਂ ਨੂੰ ਪੜ੍ਹਾ ਕੇ ਉਨ੍ਹਾਂ ਦੇ ਭਵਿੱਖ ਨੂੰ ਸਾਜ਼ਗਾਰ ਬਣਾਉਣ ...”
(11 ਅਕਤੂਬਰ 2024)
ਸੰਸਾਰ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਮਨੁੱਖ ਹਨ। ਆਪਣੀ ਰੋਜ਼ੀ ਰੋਟੀ ਜਾਂ ਉਪਜੀਵਕਾ ਲਈ ਹਰ ਕੋਈ ਕੰਮ ਕਰਦਾ ਹੈ। ਜਿਹੜੇ ਇਨਸਾਨ ਆਪਣੇ ਸਵਾਰਥ ਨੂੰ ਛੱਡ ਕੇ ਸੇਵਾ ਭਾਵਨਾ ਨਾਲ ਕੰਮ ਕਰਦੇ ਹਨ, ਸਮਾਜ ਨੂੰ ਇੱਕ ਉਸਾਰੂ ਸੇਧ ਦੇਣ ਦੀ ਕੋਸ਼ਿਸ਼ ਕਰਦੇ ਹਨ ਅਤੇ ਆਪਣੇ ਕੰਮ ਨਾਲ ਪੈੜਾਂ ਪਾ ਦਿੰਦਾ ਹਨ , ਅਸਲ ਤੌਰ ’ਤੇ ਉਹ ਇਨਸਾਨ ਸਨਮਾਨ ਦੇ ਅਸਲੀ ਹੱਕਦਾਰ ਹੁੰਦੇ ਹਨ।
ਮੈਂ ਉਹਨਾਂ ਇਨਸਾਨਾਂ ਬਾਰੇ ਦੱਸਣ ਵਿੱਚ ਮਾਣ ਮਹਿਸੂਸ ਕਰ ਰਿਹਾ ਹਾਂ ਜਿਹੜੇ ਆਪਣੇ ਕੰਮਕਾਰ ਛੱਡ ਕੇ ਆਪਣਾ ਸਮਾਂ ਅਜਿਹੇ ਕਰਮ ਵਿੱਚ ਗੁਜ਼ਾਰਦੇ ਹਨ, ਜਿੱਥੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਅਤੇ ਪਰਮ ਆਨੰਦ ਮਿਲਦਾ ਹੈ। ਅਜਿਹੇ ਸਮਾਜ ਸੇਵੀ ਹਨ ਸ੍ਰੀ ਹਰਚਰਨਜੀਤ ਅਰੋੜਾ (ਡਾਕ ਵਿਭਾਗ ਵਿੱਚੋਂ ਸੇਵਾ ਮੁਕਤ) ਅਤੇ ਸ੍ਰੀ ਰਮੇਸ਼ ਚੰਦਰ ਢੀਗਰਾ (ਸੇਵਾ ਮੁਕਤ ਲੈਕਚਰਾਰ) ਜੋ ਪਿਛਲੇ 10 ਸਾਲ ਤੋਂ ਇੱਕ ਸਕੂਲ ਚਲਾ ਰਹੇ ਹਨ। ਸਕੂਲ ਦਾ ਨਾਂ ਹੈ ‘ਝੁੱਗੀ ਝੌਪੜੀ ਫਰੀ ਸਕੂਲ’ ਅਮਲੋਹ ਰੋਡ, ਖੰਨਾ।
ਅਧਿਆਪਕ ਦਿਵਸ ਵਾਲੇ ਦਿਨ ਮੈਨੂੰ ਲਾਇਨਜ਼ ਕਲੱਬ ਖੰਨਾ ਗ੍ਰੇਟਰ ਦੇ ਅਹੁਦੇਦਾਰ ਸ੍ਰ. ਧਰਮਿੰਦਰ ਸਿੰਘ ਰੂਪਰਾਏ ਦਾ ਸੁਨੇਹਾ ਆਇਆ ਕਿ ਅਸੀਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਅਧਿਆਪਕ ਦਿਵਸ ਝੁੱਗੀ ਝੌਂਪੜੀ ਫਰੀ ਸਕੂਲ ਵਿੱਚ ਮਨਾਉਣਾ ਹੈ, ਤੁਸੀਂ ਜ਼ਰੂਰ ਆਉ। ਮੈਂ ਸਵੇਰੇ 9 ਵਜੇ ਸਕੂਲ ਅੱਗੇ ਪਹੁੰਚ ਗਿਆ। ਅਜੇ ਗੇਟ ਨੂੰ ਜਿੰਦਰਾ ਲੱਗਾ ਸੀ ਅਤੇ ਛੋਟੇ ਛੋਟੇ ਬੱਚੇ, ਜੋ ਕਿ ਝੁੱਗੀਆਂ ਵਿੱਚ ਰਹਿੰਦੇ ਸਨ, ਗੇਟ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਸਨ। ਕਈਆਂ ਦੇ ਵਾਲ਼ ਖਿਲਰੇ ਹੋਏ ਅਣਧੋਤੇ ਚਿਹਰੇ ’ਤੇ ਮੈਲੇ ਕੱਪੜੇ ਸਨ। ਇੰਨੇ ਨੂੰ ਸ੍ਰੀ ਹਰਚਰਨਜੀਤ ਅਰੋੜਾ ਵੀ ਆ ਗਏ ਤਾਂ ਸਾਰੇ ਬੱਚੇ ਉਨ੍ਹਾਂ ਨੂੰ ਗੁੱਡ ਮਾਰਨਿੰਗ ਸਰ ਜੀ, ਕਹਿ ਰਹੇ ਸਨ ਅਤੇ ਮੁੰਡੇ ਪੈਰੀਂ ਹੱਥ ਲਾ ਰਹੇ ਸਨ। ਉੁਨ੍ਹਾਂ ਗੇਟ ਖੋਲ੍ਹਿਆ ਅਤੇ ਮੈਨੂੰ ਅੰਦਰ ਲੈ ਗਏ। ਲਗਭਗ ਅੱਧਾ ਏਕੜ ਵਿਹੜੇ ਦੇ ਸਾਹਮਣੇ ਚਾਦਰਾਂ ਦਾ ਸ਼ੈੱਡ, ਇੱਕ ਪਾਸੇ ਦੋ ਕਮਰੇ ਅਤੇ ਇੱਕ ਖੂੰਜੇ ਵਿੱਚ ਬਾਥਰੂਮ ਸਨ। ਵਿਹੜੇ ਵਿੱਚ ਬੱਚਿਆਂ ਦੇ ਖੇਡਣ ਲਈ ਝੂਲੇ ਲੱਗੇ ਹੋਏ ਸਨ। ਅਰੋੜਾ ਸਾਹਿਬ ਨੇ ਬੱਚੇ ਕਤਾਰਾਂ ਵਿੱਚ ਖੜ੍ਹੇ ਕੀਤੇ, ਸਾਵਧਾਨ ਵਿਸ਼ਰਾਮ ਕਹਿਣ ਤੋਂ ਬਾਅਦ ਬੱਚੇ ਚੁੱਪ ਚਾਪ ਖੜ੍ਹੇ ਸਨ। ਉਨ੍ਹਾਂ ਰਾਸ਼ਟਰੀ ਗਾਨ ਸ਼ੁਰੂ ਕੀਤਾ। ਸਾਰੇ ਬੱਚੇ ਨਾਲ ਬੋਲ ਰਹੇ ਸਨ। ਇਸ ਤੋਂ ਬਾਅਦ ਬੱਚਿਆਂ ਨੂੰ ਯੋਗਾ ਕਰਵਾਇਆ ਗਿਆ। ਫਿਰ ਸ਼ੁਰੂ ਹੋਇਆ ਪੜ੍ਹਨ ਪੜ੍ਹਾਉਣ ਦਾ ਸਿਲਸਿਲਾ।
ਬੱਚਿਆਂ ਦੀਆਂ ਸਲੇਟਾਂ ਅਤੇ ਕਿਤਾਬਾਂ ਉੱਥੇ ਹੀ ਪਈਆਂ ਸਨ। ਸਾਰਿਆਂ ਨੇ ਸਲੇਟਾਂ ਚੁੱਕੀਆਂ, ਚਾਕ ਚੁੱਕੇ ਅਤੇ ਲਿਖਣਾ ਸ਼ੁਰੂ ਕਰ ਦਿੱਤਾ। ਮੈਂ ਹੈਰਾਨ ਸੀ ਕਿ ਸੜਕਾਂ ਉੱਤੇ ਕਾਗਜ਼, ਲੀਰਾਂ ਚੁਗਣ ਵਾਲੇ ਬੱਚੇ, ਸਹੂਲਤਾਂ ਤੋਂ ਵਿਰਵੇ, ਸਮਾਜ ਦੇ ਦੁਰਕਾਰੇ, ਝੁੱਗੀਆਂ ਵਿੱਚ ਰਹਿਣ ਵਾਲੇ, ਮਿੱਟੀ ਘੱਟੇ ਵਿੱਚ ਲਿਬੜੇ ਕਿੰਨੇ ਹੁਸ਼ਿਆਰ ਹਨ। ਉਨ੍ਹਾਂ ਚਾਰ ਚਾਰ ਰਕਮਾਂ ਲਿਖ ਕੇ ਜੋੜ ਕਰਕੇ ਮੈਨੂੰ ਦਿਖਾਇਆ। ਛੋਟੇ ਛੋਟੇ ਬੱਚੇ ਪਹਾੜੇ ਸੁਣਾ ਰਹੇ ਸਨ। ਕੋਈ ਏ.ਬੀ.ਸੀ. ਸੁਣਾ ਰਿਹਾ ਸੀ। ਸਦਕੇ ਉਨ੍ਹਾਂ ਇਨਸਾਨਾਂ ਦੇ ,ਜਿਨ੍ਹਾਂ ਨੇ ਸੜਕਾਂ ’ਤੇ ਅਵਾਰਾ ਫਿਰਦੇ ਅਨਭੋਲ ਮਾਸੂਮਾਂ ਨੂੰ ਇੱਕ ਮਾਰਗ ਦਿਖਾ ਦਿੱਤਾ ਅਤੇ ਝੁੱਗੀਆਂ ਝੌਪੜੀਆਂ ਵਿੱਚ ਗਿਆਨ ਦਾ ਦੀਵਾ ਜਗਾ ਦਿੱਤਾ।
ਥੋੜ੍ਹੇ ਚਿਰ ਬਾਅਦ ਸ੍ਰੀ ਢੀਗਰਾ ਇੱਕ ਕੇਨੀ ਵਿੱਚ ਗਰਮ ਦੁੱਧ ਲਿਆਏ। ਸਾਰੇ ਬੱਚਿਆਂ ਨੂੰ ਦੁੱਧ ਅਤੇ ਬਿਸਕੁਟ ਖਿਲਾਏ ਗਏ। ਫਿਰ ਪੜ੍ਹਨ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਅਰੋੜਾ ਜੀ ਅਤੇ ਢੀਂਗਰਾ ਜੀ ਦੁਪਹਿਰ 12 ਵਜੇ ਤਕ ਬੱਚਿਆਂ ਨੂੰ ਪੜ੍ਹਾਉਂਦੇ ਹਨ। 12 ਵਜੇ ਉਹ ਕਿਸੇ ਸਮਾਜ ਸੇਵੀ ਸੱਜਣ ਦੁਆਰਾ ਦਿੱਤਾ ਦੁਪਹਿਰ ਦਾ ਖਾਣਾ ਲੈ ਕੇ ਆਉਂਦੇ ਹਨ ਅਤੇ ਬੱਚਿਆਂ ਨੂੰ ਖੁਆ ਕੇ ਫਿਰ ਸਾਰੀ ਛੁੱਟੀ ਕਰਦੇ ਹਨ। ਪਹਿਲਾਂ ਇੱਥੇ ਇਹਨਾਂ ਤੋਂ ਇਲਾਵਾ ਦੋ ਸੇਵਾ ਮੁਕਤ ਲੇਡੀ ਟੀਚਰ ਵੀ ਪੜ੍ਹਾਉਣ ਆਉਂਦੀਆਂ ਸਨ। ਇੱਕ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਕਨੇਡਾ ਜਾਣਾ ਪੈ ਗਿਆ ਅਤੇ ਇੱਕ ਨੂੰ ਸਿਹਤ ਸਮੱਸਿਆ ਹੋ ਗਈ। ਇੱਕ ਹੋਰ ਸੱਜਣ ਜੋ ਇੱਥੇ ਪੜ੍ਹਾਉਣ ਆਉਂਦੇ ਸਨ, ਐੱਫਸੀ.ਆਈ. ਵਿੱਚੋਂ ਸੇਵਾ ਮੁਕਤ ਮੰਗਤ ਰਾਮ ਸ਼ਰਮਾ ਦਾ ਦਿਹਾਂਤ ਹੋ ਗਿਆ। ਹੁਣ ਦੋ ਜਣੇ ਹੀ ਪੜ੍ਹਾਉਂਦੇ ਹਨ।
ਅਰੋੜਾ ਜੀ ਨੇ ਦੱਸਿਆ ਕਿ ਸੇਵਾ ਮੁਕਤੀ ਤੋਂ ਬਾਅਦ ਮੈਂ ਆਪਣੀ ਦੁਕਾਨ ’ਤੇ ਵਿਹਲਾ ਬੈਠਾ ਸੀ। ਜਦੋਂ ਮੈਂ ਕੁਝ ਝੌਂਪੜੀ ਵਾਲੇ ਬੱਚੇ ਦੇਖੇ, ਮੈਂ ਉਨ੍ਹਾਂ ਨੂੰ ਕੋਲ ਬੁਲਾ ਕੇ ਪੁੱਛਿਆ ਕਿ ਤੁਸੀਂ ਪੜ੍ਹਨਾ ਚਾਹੁੰਦੇ ਹੋ? ਉਨ੍ਹਾਂ ਨੇ ਹਾਂ ਕਰ ਦਿੱਤੀ। ਮੈਂ ਛੇ ਬੱਚਿਆਂ ਨੂੰ ਆਪਣੀ ਦੁਕਾਨ ਵਿੱਚ ਪੜ੍ਹਾਉਣ ਲੱਗਾ। ਕੁਝ ਦਿਨਾਂ ਬਾਦ ਸ੍ਰੀ ਵਿਨੋਦ ਵਸ਼ਿਸ਼ਟ (ਮੰਦਿਰ ਕਰਮੀ ਵਾਲਾ ਦੇ ਪ੍ਰਧਾਨ) ਨੂੰ ਮੇਰੇ ਇਸ ਉੱਦਮ ਦਾ ਪਤਾ ਲੱਗਾ ਤਾਂ ਉਨ੍ਹਾਂ ਮੰਦਰ ਦੀ ਬੇਅਬਾਦ ਖਾਲੀ ਪਈ ਅੱਧਾ ਏਕੜ ਜ਼ਮੀਨ ਸਕੂਲ ਖੋਲ੍ਹਣ ਲਈ ਦੇ ਦਿੱਤੀ। 2014 ਤੋਂ ਇਹ ਸਕੂਲ ਚੱਲ ਰਿਹਾ। ਅਸੀਂ ਇੱਥੇ ਹਰ ਰੋਜ਼ ਬਿਨਾਂ ਨਾਗਾ ਪੜ੍ਹਾਉਂਦੇ ਹਾਂ। ਸਾਡੀ ਆਤਮਾ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਬੱਚੇ ਪੜ੍ਹਨਾ ਲਿਖਣਾ, ਜੋੜ, ਘਟਾਉ, ਗੁਣਾ, ਤਕਸੀਮ ਸਿੱਖ ਲੈਂਦੇ ਹਨ ਤਾਂ ਅਸੀਂ ਇਨ੍ਹਾਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦਿੰਦੇ ਹਾਂ। ਉਨ੍ਹਾਂ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਹਰੇਕ ਸਾਲ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ, ਜਿਸ ਵਿੱਚ ਕਾਫੀ ਗਿਣਤੀ ਵਿੱਚ ਰਾਜਨੀਤਕ, ਧਾਰਮਿਕ ਅਤੇ ਸਮਾਜ ਸੇਵੀ ਲੋਕ ਸ਼ਾਮਲ ਹੁੰਦੇ ਹਨ। ਇਸ ਸਮੇਂ ਬੱਚੇ ਗੀਤ, ਕਵਿਤਾਵਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹਨ। ਦਾਨੀ ਸੱਜਣ ਉਸ ਦਿਨ ਦੁੱਧ, ਬਿਸਕੁਟ, ਫਲ ਫਰੂਟ ਅਤੇ ਦੁਪਹਿਰ ਦਾ ਖਾਣਾ ਭੇਜਦੇ ਹਨ।
ਜਦੋਂ ਮੈਂ ਉਨ੍ਹਾਂ ਕੋਲੋਂ ਇਸ ਸਕੂਲ ਸੰਬੰਧੀ ਜਾਣਕਾਰੀ ਲੈ ਰਿਹਾ ਸੀ ਤਾਂ ਇੰਨੇ ਨੂੰ ਲਾਇਨਜ਼ ਕਲੱਬ ਦੇ ਅਹੁਦੇਦਹਾਰ ਵੀ ਪਹੁੰਚ ਗਏ। ਉਨ੍ਹਾਂ ਵੱਲੋਂ ਇਨ੍ਹਾਂ ਦੋ ਜਣਿਆਂ ਅਤੇ ਮੈਨੂੰ ਸਨਮਾਨਿਤ ਕਰਨਾ ਸੀ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤਾਂ ਤਨਖਾਹ ਲੈ ਕੇ ਪੜ੍ਹਾਉਦਾ ਰਿਹਾ ਹਾਂ, ਇਹ ਬਿਨਾਂ ਤਨਖਾਹ ਤੋਂ ਸੇਵਾ ਕਰਦੇ ਹੋਏ ਝੁੱਗੀ ਝੌਂਪੜੀਆਂ ਵਿੱਚ ਗਿਆਨ ਦਾ ਚਾਨਣ ਵੰਡ ਰਹੇ ਹਨ। ਸਨਮਾਨ ਦੇ ਅਸਲੀ ਹੱਕਦਾਰ ਇਹ ਸ਼ਖਸ ਹਨ, ਜੋ ਨਿਰਸੁਆਰਥ ਸੇਵਾ ਕਰਕੇ ਆਰਥਿਕ ਤੌਰ ’ਤੇ ਪਛੜੇ ਅਤੇ ਸਮਾਜ ਵੱਲੋਂ ਦੁਰਕਾਰੇ ਬੱਚਿਆਂ ਵਿੱਚ ਇੱਕ ਉਮੀਦ ਦੀ ਚਿਣਗ ਜਲ੍ਹਾ ਰਹੇ ਹਨ ਅਤੇ ਉਹਨਾਂ ਦੇ ਭਵਿੱਖ ਨੂੰ ਰੋਸ਼ਨ ਕਰਨ ਲਈ ਪੂਰਾ ਟਿੱਲ ਲਾ ਰਹੇ ਹਨ। ਇਹ ਅਤਿ ਕਥਨੀ ਨਹੀਂ ਹੋਵੇਗੀ ਜੇ ਇਹ ਕਿਹਾ ਜਾਵੇ ਕਿ ਉਹ ਕੱਚ ਨੂੰ ਹੀਰੇ ਬਣਾ ਰਹੇ ਹਨ।
ਧੰਨਤਾ ਦੇ ਪਾਤਰ ਇਹ ਦੋ ਸ਼ਖਸ ਸਮਾਜ ਦੇ ਅਣਗੌਲੇ ਵਰਗ ਦੇ ਬੱਚਿਆਂ ਨੂੰ ਪੜ੍ਹਾ ਕੇ ਉਨ੍ਹਾਂ ਦੇ ਭਵਿੱਖ ਨੂੰ ਸਾਜ਼ਗਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮਾੜੀ ਆਰਥਿਕਤਾ, ਅਗਿਆਨਤਾ, ਬੇਸਮਝੀ ਕਰਕੇ ਮਾਪੇ ਬੱਚਿਆਂ ਨੂੰ ਸਕੂਲਾਂ ਵਿੱਚ ਨਹੀਂ ਪੜ੍ਹਾ ਸਕਦੇ। ਸਮਾਜ ਦੇ ਇਹਨਾਂ ਦੁਰਕਾਰੇ ਬੱਚਿਆਂ ਨੂੰ ਲੋਕ ਨਫਰਤ ਨਾਲ ਵੇਖਦੇ ਹਨ ਪਰ ਸ੍ਰੀ ਅਰੋੜਾ ਅਤੇ ਸ੍ਰੀ ਢੀਂਗਰਾ ਜੀ ਨੇ ਇਹਨਾਂ ਬੱਚਿਆਂ ਨੂੰ ਸਿੱਖਿਆ ਦੇਣ ਦਾ ਜੋ ਮਕਸਦ ਰੱਖਿਆ ਹੈ, ਉਸ ਲਈ ਉਹ ਸ਼ਾਬਾਸ਼ ਅਤੇ ਸਨਮਾਨ ਦੇ ਅਸਲੀ ਹੱਕਦਾਰ ਹਨ।
ਸਰਕਾਰ ਵੱਲੋਂ ਆਜ਼ਾਦੀ ਦਿਵਸ ਅਤੇ ਗਣਤੰਤਰਤਾ ਦਿਵਸ ’ਤੇ ਅੱਡ ਅੱਡ ਕਿੱਤਿਆਂ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸੋ ਸਰਕਾਰ ਨੂੰ ਇਹਨਾਂ ਸਮਾਜ ਸੇਵਕਾਂ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਨਮਾਨ ਦੇ ਅਸਲੀ ਹੱਕਦਾਰ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5353)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: