JagjitSMann7ਅੱਗ ਲਾਉਣ ਦੀ ਸਥਿਤੀ ਵਿੱਚ ਪਲਾਸਟਿਕ ਵਿੱਚੋਂ ਕਾਰਬਨ ਮੋਨੋਆਕਸਾਈਡਡਾਈਆਕਸੀਨ ਤੇ ...
(5 ਜੂਨ 2025)


ਸੰਨ
1972 ਵਿੱਚ ਯੂਨਾਈਟੇਡ ਨੇਸ਼ਨਜ ਵੱਲੋਂ ਸਵੀਡਨ ਦੇ ਸਟਾਕਹੋਮ ਸ਼ਹਿਰ ਵਿੱਚ ਮਨੁੱਖੀ ਵਾਤਾਵਰਣ ਬਾਰੇ ਪਹਿਲਾ ਅੰਤਰਰਾਸ਼ਟਰੀ ਸੰਮੇਲਨ ਪੰਜ ਤੋਂ ਸੋਲਾਂ ਜੂਨ ਤਕ ਕਰਵਾਇਆ ਗਿਆ ਸੀ। ਇਸ ਸੰਮੇਲਨ ਰਾਹੀਂ ਹੀ ਵਾਤਾਵਰਣ ਸੁਰੱਖਿਆ ਦੇ ਲਈ ਵਿਸ਼ਵ ਵਿਆਪੀ ਜਾਗਰੂਕਤਾ ਪੈਦਾ ਕਰਨ ਦਾ ਮੁੱਢ ਬੱਝਾ। ਇਸ ਦੇ ਨਾਲ ਹੀ ਯੂਨਾਈਟੇਡ ਨੇਸ਼ਨਜ ਦੀ ਜਨਰਲ ਅਸੈਂਬਲੀ ਨੇ 1972 ਵਿੱਚ ਹਰ ਸਾਲ ਪੰਜ ਜੂਨ ਨੂੰ “ਵਿਸ਼ਵ ਵਾਤਾਵਰਣ ਦਿਵਸ” ਮਨਾਉਣ ਦਾ ਫੈਸਲਾ ਕੀਤਾ ਅਤੇ ਸੰਨ 1973 ਵਿੱਚ “ਕੇਵਲ ਇੱਕ ਹੀ ਧਰਤੀ” ਵਿਸ਼ੇ ਨੂੰ ਛੂਹੰਦਾ ਪਹਿਲਾ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ

ਅੱਜ ਇਸ ਦਿਹਾੜੇ ਦੇ ਪੂਰੇ ਬਵੰਜਾ ਸਾਲ ਹੋ ਗਏ ਹਨ। “ਪਲਾਸਟਿਕ ਪ੍ਰਦੂਸ਼ਣ ਵਿਰੁੱਧ ਇੱਕ ਜੁੱਟਤਾ ਅਤੇ ਸਮੂਹਿਕ ਕਾਰਵਾਈ” ਵਾਤਾਵਰਣ ਦਿਵਸ ਮਨਾਉਣ ਲਈ ਮੁੱਖ ਵਿਸ਼ਾ ਚੁਣਿਆ ਗਿਆ ਹੈ, ਆਓ ਪਹਿਲਾਂ ਆਪਾਂ ਦੇਖਦੇ ਹਾਂ ਕਿ ਧਰਤੀ ਨੂੰ ਜੀਵਨ ਲਈ ਸੁਰੱਖਿਅਤ ਕਰਨ ਹਿਤ ਜ਼ਰੂਰੀ ਕਾਰਜ ਕੀ ਹਨ

*ਕੁਦਰਤੀ ਸਰੋਤਾਂ ਦੀ ਜਿਵੇਂ ਮਿੱਟੀ, ਪਾਣੀ, ਹਵਾ, ਜੰਗਲ ਦੀ ਸੰਭਾਲ
*ਜੈਵ ਵਿਭਿੰਨਤਾ ਜਿਸ ਵਿੱਚ ਹਰ ਪ੍ਰਕਾਰ ਦਾ ਜੀਵਨ ਅਤੇ ਬਨਸਪਤੀ ਸ਼ਾਮਲ ਹੈ, ਦੀ ਸੁਰੱਖਿਆ
*ਸਥਿਰ ਵਿਕਾਸ (ਯੋਜਨਾਬੱਧ) ਨੂੰ ਉਤਸ਼ਾਹਿਤ ਕਰਨਾ ਨਾ ਕਿ ਲਾਲਚ ਤੇ ਲਾਲਸਾ ਵੱਸ ਕੁਦਰਤੀ ਸਰੋਤਾਂ ਦੀ ਲੁੱਟ ਕਰਨਾ
*ਵਾਤਾਵਰਣ ਦੀ ਸਾਂਭ-ਸੰਭਾਲ ਹਿਤ ਜਾਗਰੂਕਤਾ ਅਤੇ ਸਿੱਖਿਆ ਦਾ ਪ੍ਰਚਾਰ ਪ੍ਰਸਾਰ ਕਰਨਾ
*ਕਾਨੂੰਨੀ ਅਤੇ ਨੀਤੀਗਤ ਢਾਚਿਆਂ ਨੂੰ ਮਜ਼ਬੂਤ ਕਰਨਾ

ਹੁਣ ਗੱਲ ਕਰਦੇ ਹਾਂ ਮੁੱਖ ਵਿਸ਼ੇ ’ਤੇ। ਇੱਥੇ ਇਹ ਯਾਦ ਰੱਖਣ ਯੋਗ ਗੱਲ ਹੈ ਕਿ ਅਸੀਂ ਸਥਾਨਕ ਪੱਧਰ ਤੇ ਵਾਤਾਵਰਣ ਦੀ ਸਾਂਭ-ਸੰਭਾਲ ਹਿਤ ਕੀ ਕਾਰਜ ਕਰ ਸਕਦੇ ਹਾਂ, ਸਿਰਫ ਉਸ ’ਤੇ ਹੀ ਧਿਆਨ ਕੇਂਦਰਿਤ ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਕੋਈ ਵੀ ਮਨੁੱਖ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਾ ਸਕੇ

ਪਲਾਸਟਿਕ ਇੱਕ ਅਜਿਹਾ ਪਦਾਰਥ ਜੋ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਬਣ ਗਿਆ ਹੈ। ਖਾਣ ਪੀਣ ਤੋਂ ਲੈ ਕੇ ਘਰੇਲੂ ਉਸਾਰੀ ਅਤੇ ਸਾਜ਼ ਸਜਾਵਟ, ਇੱਥੋਂ ਤਕ ਕਿ ਵਾਹਨਾਂ ਆਦਿ ਤੀਕਰ ਇਹ ਮਹੱਤਵਪੂਰਨ ਭੂਮਿਕਾ ਵਿੱਚ ਹੈ

ਪਲਾਸਟਿਕ ਹੈ ਕੀ: ਅਸਲ ਵਿੱਚ ਪਲਾਸਟਿਕ ਪੈਟਰੋਕੈਮੀਕਲ ਦਾ ਹੀ ਇੱਕ ਉਤਪਾਦ ਹੈ ਭਾਵ ਜਿਹੜਾ ਕੱਚਾ ਤੇਲ ਅਤੇ ਗੈਸ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ, ਉਸਦੇ ਹੋਰਨਾਂ ਉਤਪਾਦਾਂ ਵਾਂਗ ਇੱਕ ਉਤਪਾਦ ਇਹ ਵੀ ਪ੍ਰਾਪਤ ਹੁੰਦਾ ਹੈ। ਪਲਾਸਟਿਕ (ਪੋਲੀਮਰ) ਆਮ ਤੌਰ ’ਤੇ ਸ਼ੀਟ, ਦਾਣੇਦਾਰ, ਤਰਲ (ਰੈਜ਼ਿਨ) ਜਾਂ ਅਰਧ ਠੋਸ ਰੂਪ ਵਿੱਚ ਮਿਲਦਾ ਹੈ

ਵਰਤੋਂ:ਟਿਕਾਊਪੁਣੇ, ਘੱਟ ਕੀਮਤ, ਹਲਕਾਪਣ, ਲਚਕਤਾ ਵਰਗੇ ਗੁਣਾਂ ਕਾਰਨ ਪਲਾਸਟਿਕ ਦੀ ਵਰਤੋਂ ਘਰੇਲੂ ਫਰਨੀਚਰ, ਭਾਂਡਿਆਂ, ਵਸਤਾਂ ਦੇ ਭੰਡਾਰਨ, ਹਰ ਪ੍ਰਕਾਰ ਦੇ ਸਮਾਨ ਦੀ ਪੈਕਿੰਗ, ਨਿਰਮਾਣ ਕਾਰਜਾਂ ਪਾਈਪਾਂ, ਦਰਵਾਜ਼ੇ, ਖਿੜਕੀਆਂ, ਇੰਸੂਲੇਸ਼ਨ, ਵਾਹਨਾਂ (ਆਟੋਮੋਬਾਇਲ) ਬਿਜਲਈ ਯੰਤਰਾਂ ਕੰਪਿਊਟਰ, ਟੀ ਵੀ, ਫੋਨ ਦੀ ਬਣਾਵਟ ਤੇ ਢੱਕਣ ਹਿਤ, ਡਾਕਟਰੀ ਜਾਂ ਮੈਡੀਕਲ ਸਾਜ਼ੋ ਸਾਮਾਨ, ਖੇਤੀਬਾੜੀ ਖਾਸ ਤੌਰ ’ਤੇ ਗਰੀਨ ਹਾਊਸ ਮਲਚਿੰਗ, ਪਾਈਪਾਂ, ਬੀਜਾਂ, ਖਾਦਾਂ ਦੀ ਪੈਕਿੰਗ ਆਦਿ ਵਿੱਚ ਵੱਡੇ ਪੱਧਰ ’ਤੇ ਹੁੰਦੀ ਹੈ

ਪਲਾਸਟਿਕ ਦੀਆਂ ਕਿਸਮਾਂ: ਪਲਾਸਟਿਕ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਪੈਟਰੋਕੈਮੀਕਲ ਉਤਪਾਦ ਹੈ, ਲੇਕਿਨ ਅਜਕਲ੍ਹ ਬਾਇਓਪਲਾਸਟਿਕ ਦੀ ਵਰਤੋਂ ਵੀ ਹੌਲੀ ਹੌਲੀ ਚਲਨ ਵਿੱਚ ਆ ਰਹੀ ਹੈ। ਇਹ ਪਲਾਸਟਿਕ ਮੱਕੀ, ਗੰਨਾ, ਆਲੂ, ਸੋਇਆਬੀਨ ਸੈਲੂਲੋਜ਼ ਜਾਂ ਜੈਵਿਕ ਕੂੜੇ ਤੋਂ ਬਣਾਇਆ ਜਾਂਦਾ ਹੈ, ਜਿਸ ਕਾਰਨ ਇਹ ਵਾਤਾਵਰਣ ਅਨੁਕੂਲ ਹੁੰਦਾ ਹੈ ਇਸਦੀ ਲਾਗਤ ਪੈਟਰੋਕੈਮੀਕਲ ਪਲਾਸਟਿਕ ਨਾਲੋਂ ਜ਼ਿਆਦਾ ਹੁੰਦੀ ਹੈ। ਇਸਦੀ ਵਰਤੋਂ ਚੀਜ਼ਾਂ ਦੀ ਪੈਕਿੰਗ, ਮੈਡੀਕਲ ਉਪਕਰਣਾਂ ਅਤੇ ਇੱਕ ਵਾਰੀ ਵਰਤੋਂ ਵਿੱਚ ਆਉਣ ਵਾਲੇ ਬਰਤਨਾਂ ਲਈ ਕੀਤੀ ਜਾਂਦੀ ਹੈ

ਪਲਾਸਟਿਕ ਪ੍ਰਦੂਸ਼ਣ: ਆਮ ਤੌਰ ’ਤੇ ਸੜਕਾਂ ਦੇ ਕੰਢਿਆਂ ’ਤੇ ਕੂੜੇ ਦੇ ਰੂਪ ਵਿੱਚ ਪਲਾਸਟਿਕ ਨਜ਼ਰੀਂ ਪੈ ਜਾਂਦਾ ਹੈ। ਘਰੇਲੂ ਕੂੜੇ-ਕਰਕਟ ਤੋਂ ਲੈ ਕੇ ਕਸਾਈ ਖਾਨੇ ਦੀ ਰਹਿੰਦ ਖੂੰਦ ਤਕ ਸਾਰਾ ਕੁਝ ਹੀ ਪਲਾਸਟਿਕ ਦੇ ਛੋਟੇ ਤੋਂ ਵੱਡੇ ਲਿਫਾਫਿਆਂ ਵਿੱਚ ਇਕੱਠਾ ਕਰਕੇ ਸੁੱਟ ਦਿੱਤਾ ਜਾਂਦਾ ਹੈ। ਕੂੜੇ-ਕਰਕਟ ਦੇ ਨਿਪਟਾਣ ਦੀ ਵਿਧੀ ਸੁਚੱਜੀ ਨਾ ਹੋਣ ਅਤੇ ਪਲਾਸਟਿਕ ਦੀ ਗਲਣਸ਼ੀਲਤਾ (ਪਲਾਸਟਿਕ ਨੂੰ ਕੁਦਰਤੀ ਤੌਰ ’ਤੇ ਗਲਣ ਲਈ ਲਗਭਗ ਦੋ ਸੌ ਤੋਂ ਹਜ਼ਾਰ ਸਾਲ ਲੱਗ ਜਾਂਦੇ ਹਨ ਜਦਕਿ ਬਾਇਓ ਪਲਾਸਟਿਕ ਨੂੰ ਉੱਚ ਤਾਪਮਾਨ ਤੇ ਸੂਖਮ ਜੀਵਾਣੂਆਂ ਦੀ ਮੌਜੂਦਗੀ ਵਿੱਚ ਗਲਣ ਲਈ ਲਗਭਗ ਇੱਕ ਤੋਂ ਦੋ ਸਾਲ ਦਾ ਸਮਾਂ ਲੱਗ ਸਕਦਾ ਹੈ) ਬਹੁਤ ਹੌਲ਼ੀ ਹੋਣ ਕਾਰਨ ਇਸ ਨੂੰ ਆਮ ਤੌਰ ’ਤੇ ਅੱਗ ਲਗਾ ਦਿੱਤੀ ਜਾਂਦੀ ਹੈ, ਦੋਹਾਂ ਹੀ ਸਥਿਤੀਆਂ ਵਿੱਚ ਚਾਹੇ ਪਲਾਸਟਿਕ ਦੇ ਕੂੜੇ ਨੂੰ ਅੱਗ ਲਾ ਕੇ ਨਿਪਟਾਇਆ ਜਾਵੇ ਜਾਂ ਅੱਗ ਨਾ ਲਾਈ ਜਾਵੇ ਇਹ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੀ ਕਰਦੇ ਹਨ। ਅੱਗ ਲਾਉਣ ਦੀ ਸਥਿਤੀ ਵਿੱਚ ਪਲਾਸਟਿਕ ਵਿੱਚੋਂ ਕਾਰਬਨ ਮੋਨੋਆਕਸਾਈਡ, ਡਾਈਆਕਸੀਨ ਤੇ ਫੀਊਰੈਨ ਵਰਗੇ ਖਤਰਨਾਕ ਰਸਾਇਣ ਨਿਕਲਦੇ ਹਨ ਜੋ ਕਿ ਸਾਹ ਦੀਆਂ ਬਿਮਾਰੀਆਂ ਅਤੇ ਕੈਂਸਰ ਦਾ ਕਾਰਨ ਬਣਦੇ ਹਨ, ਜਦਕਿ ਪਲਾਸਟਿਕ ਦੇ ਸੜਨ ਨਾਲ ਬਣੀ ਸਵਾਹ ਮਿੱਟੀ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਹਨ। ਇਸਦੇ ਸੜਨ ਨਾਲ ਗਰੀਨ ਹਾਊਸ ਗੈਸਾਂ ਦਾ ਨਿਕਾਸ ਵਧਦਾ ਹੈਇਸ ਤੋਂ ਇਲਾਵਾ ਅਵਾਰਾ ਪਸ਼ੂਆਂ ਵੱਲੋਂ ਕੂੜੇ-ਕਰਕਟ ਵਿੱਚੋਂ ਭੋਜਨ ਪ੍ਰਾਪਤੀ ਹਿਤ ਪਲਾਸਟਿਕ ਦੇ ਲਿਫਾਫਿਆਂ ਨੂੰ ਖਾ ਲਿਆ ਜਾਂਦਾ ਹੈ ਜੋ ਕਿ ਉਨ੍ਹਾਂ ਦੀ ਦਰਦਨਾਕ ਮੌਤ ਦਾ ਕਾਰਨ ਬਣਦਾ ਹੈ। ਸ਼ਹਿਰਾਂ ਵਿੱਚ ਸੀਵਰੇਜ ਬੰਦ ਜਾਂ ਜਾਮ ਹੋਣ ਦਾ ਮੁੱਖ ਕਾਰਨ ਪਲਾਸਟਿਕ ਦੇ ਲਿਫਾਫੇ ਹੁੰਦੇ ਹਨ, ਜਦਕਿ ਧਾਰਮਿਕ ਅੰਧ ਵਿਸ਼ਵਾਸ ਦੇ ਚਲਦਿਆਂ ਬਹੁਤ ਸਾਰੇ ਲੋਕ ਭਾਂਤ ਭਾਂਤ ਦੀ ਸਮੱਗਰੀ ਪਲਾਸਟਿਕ ਲਿਫਾਫਿਆਂ ਵਿੱਚ ਬੰਨ੍ਹ ਕੇ ਦਰਿਆਵਾਂ, ਨਹਿਰਾਂ ਜਾਂ ਹੋਰ ਸਾਫ ਜਲ ਦੇ ਸੋਮਿਆਂ ਵਿੱਚ ਸੁੱਟ ਦਿੰਦੇ ਹਨ, ਜਿਸ ਨਾਲ ਜਿੱਥੇ ਸਾਫ ਪਾਣੀ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਹੀ ਜਲ ਜੀਵਾਂ ਦੀ ਸਿਹਤ ਨਾਲ ਵੀ ਖਿਲਵਾੜ ਕੀਤਾ ਜਾਂਦਾ ਹੈ

ਪਲਾਸਟਿਕ ਪ੍ਰਦੂਸ਼ਣ ਦੀ ਰੋਕਥਾਮ: ਬੇਸ਼ਕ ਫੌਰੀ ਤੌਰ ’ਤੇ ਮਨੁੱਖੀ ਜੀਵਨ ਵਿੱਚੋਂ ਪਲਾਸਟਿਕ ਦੀ ਵਰਤੋਂ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ ਲੇਕਿਨ ਇਸਦੀ ਬੇਰੋਕ-ਟੋਕ ਹੋ ਰਹੀ ਵਰਤੋਂ ਨੂੰ ਘਟਾ ਕੇ, ਪਲਾਸਟਿਕ ਦੀ ਥਾਂ ’ਤੇ ਇਸਦੇ ਉਚਿਤ ਬਦਲ ਨੂੰ ਅਪਣਾਉਣਾ ਅਤੇ ਕੂੜੇ-ਕਰਕਟ ਨੂੰ ਨਿਪਟਾਉਣ ਦੀ ਸੁੱਚਜੀ ਵਿਧੀ ਅਪਣਾ ਕੇ ਪਲਾਸਟਿਕ ਪ੍ਰਦੂਸ਼ਣ ਨੂੰ ਬਹੁਤ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ

ਪਲਾਸਟਿਕ ਪ੍ਰਦੂਸ਼ਣ ਘਟਾਉਣ ਲਈ ਅਸੀਂ ਕੀ ਕਰ ਸਕਦੇ ਹਾਂ:

ਪਲਾਸਟਿਕ ਦੇ ਲਿਫਾਫਿਆਂ ਦੀ ਥਾਂ ’ਤੇ ਕੱਪੜੇ ਦੇ ਬਣੇ ਥੈਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਿਰਫ ਇਸ ਇੱਕ ਕਾਰਜ ਨਾਲ ਹੀ ਸਥਾਨਕ ਪੱਧਰ ’ਤੇ ਆਪਣੇ ਆਲੇ ਦੁਆਲਿਓਂ ਪਲਾਸਟਿਕ ਦੇ ਕੂੜੇ ਨੂੰ ਬਹੁਤ ਹੱਦ ਤਕ ਘਟਾ ਸਕਦੇ ਹਾਂ

ਬਾਇਓਪਲਾਸਟਿਕ (ਬਾਇਓਡੀਗਰੇਡੇਬਲ) ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ

ਲੰਗਰ ਜਾਂ ਸਮੂਹਿਕ ਭੋਜਨ ਵਰਤਾਉਣ ਦੇ ਸਮਾਗਮਾਂ ਵਿੱਚ ਸਟੀਲ ਜਾਂ ਪੱਤਿਆਂ ਦੀਆਂ ਥਾਲਾਂ, ਕੌਲੀਆਂ ਅਤੇ ਬਾਂਸ ਦੇ ਚਮਚਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ

ਇੱਕ ਤੋਂ ਵੱਧ ਵਾਰ (ਰੀਸਾਈਕਲ) ਵਰਤੋਂ ਵਿੱਚ ਆਉਣ ਵਾਲੀਆਂ ਪਲਾਸਟਿਕ ਚੀਜ਼ਾਂ ਦਾ ਉਪਯੋਗ ਕਰਨਾ ਅਤੇ ਰੀਫਿਲ ਵਾਲੇ ਉਤਪਾਦਾਂ ਦੀ ਖਰੀਦਦਾਰੀ ਕਰਨਾ

ਹਰ ਪੱਧਰ ਦੇ ਵਿੱਦਿਅਕ ਅਦਾਰਿਆਂ ਵਿੱਚ ਪਲਾਸਟਿਕ ਪ੍ਰਦੂਸ਼ਣ ਤੋਂ ਬਚਣ ਅਤੇ ਵਾਤਾਵਰਣ ਦੀ ਸਾਂਭ-ਸੰਭਾਲ ਹਿਤ ਜਾਗਰੂਕਤਾ ਮੁਹਿਮਾਂ (ਛੋਟੇ ਨਾਟਕਾਂ, ਲੇਖ ਅਤੇ ਭਾਸ਼ਣ ਮੁਕਾਬਲਿਆਂ) ਦਾ ਪ੍ਰਚਾਰ-ਪ੍ਰਸਾਰ ਕਰਨਾ, ਜਿਸ ਵਿੱਚ ਅਧਿਆਪਕਾਂ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਦੀ ਭਾਗੀਦਾਰੀ ਲਾਜ਼ਮੀ ਹੋਵੇ

ਇਨ੍ਹਾਂ ਛੋਟੇ ਛੋਟੇ ਪ੍ਰੰਤੂ ਟਿਕਾਊ ਅਤੇ ਸਥਿਰ ਕਾਰਜਾਂ ਰਾਹੀਂ ਪਲਾਸਟਿਕ ਦੀ ਵਰਤੋਂ ਨੂੰ ਸੀਮਿਤ ਕਰ ਕੇ ਇਸਦੇ ਪ੍ਰਦੂਸ਼ਣ ਤੇ ਮਾਰੂ ਪ੍ਰਭਾਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ

*  *  *

ਜਗਜੀਤ ਸਿੰਘ ਮਾਨ (ਸੰਸਥਾਪਕ: ਵਾਤਾਵਰਣ ਸੰਭਾਲ ਸੋਸਾਇਟੀ (ਰਜਿ) ਲੁਧਿਆਣਾ।)

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

Jagjit S Mann

Jagjit S Mann

WhatsApp: (91 - 99149 - 40554)