JagjitSMann7ਬੁੱਢੇ ਦਰਿਆ ਅਤੇ ਹੋਰ ਅਜਿਹੇ ਕੁਦਰਤੀ ਸੋਮਿਆਂ ਦਾ ਕਾਲ਼ੇ ਤੇ ਜ਼ਹਿਰੀਲੇ ਪਾਣੀ ਦੇ ਸੋਮਿਆਂ ਵਿੱਚ ...
(22 ਅਪਰੈਲ 2025)

 

ਸੰਨ 1965 ਵਿੱਚ ਸਯੁੰਕਤ ਰਾਸ਼ਟਰ ਸੰਘ ਦੀ ਆਰਥਿਕ ਅਤੇ ਸਮਾਜਿਕ ਕੌਂਸਲ ਦੀ ਜਨੇਵਾ ਵਿੱਚ ਹੋਈ ਮੀਟਿੰਗ ਦੌਰਾਨ ਅਡਲਾਇ ਸਟੀਵਨਸਨ ਨੇ ਅਮਰੀਕੀ ਬੁਲਾਰੇ ਵਜੋਂ ਇਹ ਸ਼ਬਦ ਕਹੇ, “ਅਸੀਂ ਸਾਰੇ ਇੱਕ ਛੋਟੇ ਜਿਹੇ ਪੁਲਾੜੀ ਜਹਾਜ਼ ਭਾਵ ਧਰਤੀ ਦੇ ਸਵਾਰ ਹਾਂ ਜੋ ਕਿ ਇਕੱਠਿਆਂ ਸਫਰ ਕਰ ਰਹੇ ਹਾਂ। ਅਸੀਂ ਇਸਦੇ ਹਵਾ ਪਾਣੀ ਅਤੇ ਮਿੱਟੀ ਦੇ ਨਾਜ਼ੁਕ ਭੰਡਾਰਾਂ ਉੱਪਰ ਨਿਰਭਰ ਕਰਦੇ ਹਾਂ। ਆਪਣੀ ਹੋਂਦ ਬਣਾਈ ਰੱਖਣ ਲਈ ਸਾਨੂੰ ਇਸਦੀ ਸ਼ਾਂਤੀ, ਸੁਰੱਖਿਆ ਅਤੇ ਸਾਂਭ-ਸੰਭਾਲ ਹਿਤ ਪੂਰੀ ਤਰ੍ਹਾਂ ਵਚਨਬੱਧ ਹੋਣਾ ਜ਼ਰੂਰੀ ਹੈ। ਅਸੀਂ ਆਪਣੇ ਵਿਨਾਸ਼ ਤੋਂ ਤਦ ਹੀ ਬਚ ਸਕਦੇ ਹਾਂ ਜੇ ਅਸੀਂ ਇਸ ਅਤਿ ਨਾਜ਼ੁਕ ਪੁਲਾੜੀ ਜਹਾਜ਼ ਦੀ ਸਹੀ ਦੇਖਭਾਲ ਕਰੀਏ ਤੇ ਇਸ ਨੂੰ ਸਹੀ ਤੌਰ ’ਤੇ ਪਿਆਰ ਕਰੀਏ

ਵਿਗਿਆਨ ਨੇ ਧਰਤੀ ਗ੍ਰਹਿ ਬਾਰੇ ਬਹੁਤ ਸਾਰੇ ਖੋਜ ਕਾਰਜ ਕੀਤੇ ਹਨ ਅਤੇ ਉਨ੍ਹਾਂ ਖੋਜ ਕਾਰਜਾਂ ਦੇ ਨਤੀਜੇ ਸੰਸਾਰ ਸਾਹਮਣੇ ਰੱਖੇ ਹਨ, ਜਿਸ ਨਾਲ ਧਰਤੀ ਦੇ ਜਨਮ, ਇਸਦੀ ਲਗਭਗ ਉਮਰ, ਇਸ ਉੱਪਰ ਜੀਵਾਂ ਦੀ ਉਤਪਤੀ, ਇਸਦੇ ਆਕਾਰ, ਇਸ ਅੰਦਰ ਨਿਰੰਤਰ ਚੱਲ ਰਹੀ ਹਲਚਲ, ਇਸਦੀ ਰਫ਼ਤਾਰ, ਇਸਦੀ ਡੁੰਘਾਈ, ਇਸ ਵਿਚਲੇ ਖਣਿਜ ਪਦਾਰਥਾਂ ਅਤੇ ਇਸ ਗ੍ਰਹਿ ਨਾਲ ਜੁੜੇ ਬਹੁਤ ਸਾਰੇ ਪਹਿਲੂ ਸਾਹਮਣੇ ਆਏ ਹਨ। ਇਹ ਖੋਜ ਕਾਰਜ ਵਿਗਿਆਨ ਅੱਜ ਵੀ ਕਰ ਰਿਹਾ ਹੈ ਤੇ ਇਹ ਰਹਿੰਦੀ ਦੁਨੀਆ ਤਕ ਜਾਰੀ ਰਹਿਣਗੇ। ਪ੍ਰੰਤੂ ਹਥਲਾ ਲੇਖ ਲਿਖਣ ਦਾ ਮੁੱਖ ਮੰਤਵ ਧਰਤੀ ਉੱਪਰਲੇ ਵਾਤਾਵਰਣ ਇਸਦੇ ਵੱਖ ਵੱਖ ਕਾਰਕਾਂ ਅਤੇ ਜੀਵ ਮੰਡਲ ਵਿੱਚ ਮਨੁੱਖੀ ਗਤੀਵਿਧੀਆਂ ਕਾਰਨ ਪੈਦਾ ਹੋ ਰਹੇ ਤੇ ਹੋਣ ਵਾਲੇ ਦੁਸ਼ਪ੍ਰਭਾਵਾਂ ਸੰਬੰਧੀ ਆਪਣੀ ਰਾਏ ਰੱਖਣਾ ਹੈ ਕਿਉਂਕਿ ਧਰਤੀ ਉੱਪਰਲੇ ਵਾਤਾਵਰਣ, ਜਿਸ ਕਾਰਨ ਜੀਵ ਉਤਪਤੀ ਸੰਭਵ ਹੋਈ, ਸਮੁੱਚੇ ਜੀਵਮੰਡਲ ਦੇ ਸਰੋਕਾਰ ਆਪਸ ਵਿੱਚ ਜੁੜੇ ਹੋਏ ਹਨ ਅਤੇ ਸਭ ਤੋਂ ਸ਼ਰੋਮਣੀ ਜੀਵ, ਜਿਸ ਨੂੰ ਮਨੁੱਖ ਕਿਹਾ ਜਾਂਦਾ ਹੈ, ਦੀ ਕਾਰਗੁਜ਼ਾਰੀ ਕਾਰਨ ਵਾਤਾਵਰਣਿਕ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ ਹੈ ਜਾਂ ਮਹਿਸੂਸ ਕੀਤਾ ਜਾ ਰਿਹਾ ਹੈ

ਵਾਤਾਵਰਣ ਨਾਲ ਜੁੜੇ ਸਰੋਕਾਰਾਂ, ਇਸਦੇ ਸੁਰੱਖਿਆ ਹਿਤਾਂ ਨੂੰ ਮੁੱਖ ਰੱਖਦਿਆਂ ਅਮਰੀਕਾ ਦੇ ਸੂਬੇ ਕੈਲੇਫੋਰਨੀਆ ਵਿਚਲੇ ਸ਼ਹਿਰ ਸਾਨ ਫਰਾਂਸਿਸਕੋ ਵਿੱਚ ਯੂਨਾਈਟੇਡ ਨੇਸ਼ਨ ਵਿਚਲੀ ਸੰਸਥਾ ਯੂਨੈਸਕੋ ਵੱਲੋਂ ਸਾਲ 1969 ਵਿੱਚ ਇੱਕ ਸਮਾਗਮ ਦੌਰਾਨ ਧਰਤੀ ਨੂੰ ਮਨੁੱਖੀ ਲਾਲਚ ਤੇ ਲਾਲਸਾ ਤੋਂ ਮੁਕਤ ਕਰਨ ਦੇ ਮੰਤਵ ਨਾਲ ਇੱਕ ਆਲਮੀ ਦਿਹਾੜੇ ਦੀ ਸ਼ੁਰੂਆਤ ਕਰਨ ਦੀ ਹਾਮੀ ਭਰੀ ਗਈ ਤੇ ਉਸ ਤੋਂ ਅਗਲੇ ਸਾਲ 22 ਅਪਰੈਲ 1970 ਨੂੰ ਸਾਰੇ ਸੰਸਾਰ ਵਿੱਚ ਇਹ ਦਿਹਾੜਾ ਵਾਤਾਵਰਣਿਕ ਸੁਰੱਖਿਆ ਦੇ ਮੱਦੇਨਜ਼ਰ ਵਿਸ਼ਵ ਧਰਤੀ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ, ਜੋ ਕਿ ਨਿਰੰਤਰ ਜਾਰੀ ਹੈ। ਅੱਜ ਇਸ ਦਿਹਾੜੇ ਦੀ ਪਚਵੰਜਵੀਂ ਵਰ੍ਹੇਗੰਢ ਹੈ ਇਸ ਦਿਨ ਨੂੰ ਸੰਸਾਰ ਪੱਧਰ ’ਤੇ ਮਨਾਉਣ ਦੀ ਲੋੜ ਜਾਂ ਜ਼ਰੂਰਤ ਕਿਉਂ ਮਹਿਸੂਸ ਹੋਈ ਤਾਂ ਅੱਜ ਮੌਜੂਦਾ ਸਮੇਂ ਵਿੱਚ ਆਪਣੇ ਆਲੇ ਦੁਆਲੇ ਦੇ ਵਾਤਾਵਰਣ, ਇਸਦੇ ਵੱਖ ਵੱਖ ਸਰੋਤਾਂ ਜਿਵੇਂ ਜਲ, ਜੰਗਲ, ਜ਼ਮੀਨ ਤੇ ਇਸ ਉੱਪਰ ਵਾਸ ਕਰਨ ਵਾਲੇ ਜੀਵ ਜੰਤੂਆਂ ਦੀ ਹੋ ਰਹੀ ਬਦ ਤੋਂ ਬਦਤਰ ਹਾਲਾਤ ਤੋਂ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਉਸ ਸਮੇਂ ਮਤਲਬ ਲਗਭਗ ਪੰਜਾਹ ਪੰਚਵੰਜਾ ਸਾਲ ਪਹਿਲਾਂ ਵਾਤਾਵਰਣ ਦੀ ਸੋਝੀ ਰੱਖਣ ਵਾਲੇ ਸੁਹਿਰਦ ਲੋਕਾਂ ਨੇ ਮੌਜੂਦਾ ਸਥਿਤੀ ਦਾ ਅਗਾਊਂ ਅੰਦਾਜ਼ਾ ਲਾ ਲਿਆ ਸੀ ਧਰਤੀ ਦਿਵਸ ਦੀ ਮਹੱਤਤਾ ਨੂੰ ਹਰ ਇੱਕ ਜਾਗਰੂਕ ਮਨੁੱਖ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਮਨੁੱਖੀ ਗਤੀਵਿਧੀਆਂ ਜਾਂ ਘਟਨਾਵਾਂ ਰਾਹੀਂ ਸਹਿਜੇ ਹੀ ਮਹਿਸੂਸ ਕਰ ਸਕਦਾ ਹੈ

ਬੇਸ਼ਕ ਧਨ ਇਕੱਠਾ ਕਰਨ ਦੀ ਅੰਨ੍ਹੀ ਦੌੜ ਵਿੱਚ ਬਹੁਤੇ ਮੁਲਕਾਂ ਦੀਆਂ ਸਰਕਾਰਾਂ ਨੇ ਸਰਮਾਏਦਾਰਾਂ ਨੂੰ ਧਰਤੀ ਦੀ ਅੰਨ੍ਹੇਵਾਹ ਲੁੱਟ ਕਰਨ ਦੀ ਆਗਿਆ ਦੇ ਰੱਖੀ ਹੈ, ਜਿਸ ਨਾਲ ਜੰਗਲਾਂ ਦੀ ਕਟਾਈ, ਧਰਤੀ ਉੱਪਰਲੇ ਪਾਣੀ ਦੇ ਸਾਫ ਸੋਮੇ ਭਾਵ ਦਰਿਆ ਝੀਲਾਂ ਆਦਿ ਅਤੇ ਧਰਤੀ ਹੇਠਲੇ ਪਾਣੀ ਦੇ ਸੁਰੱਖਿਅਤ ਸੋਮਿਆਂ ਨੂੰ ਲੁੱਟਣਾ ਤੇ ਦੂਸ਼ਿਤ ਕਰਨਾ, ਇਸਦੇ ਨਾਲ ਨਾਲ ਜੀਵ ਜੰਤੂਆਂ ਦੇ ਸੁਰੱਖਿਅਤ ਵਾਸ ਖਤਮ ਕਰਨੇ, ਜਿਸ ਨਾਲ ਕਈ ਪ੍ਰਜਾਤੀਆਂ ਦਾ ਲੁਪਤ ਹੋਣਾ ਜਾਂ ਲੁਪਤ ਹੋਣ ਦੀ ਕਗਾਰ ’ਤੇ ਹੋਣਾ ਅਤੇ ਹਾਨੀਕਾਰਕ ਬਾਲਣ ਦੇ ਜ਼ਹਿਰੀਲੇ ਧੂੰਏਂ ਨੂੰ ਹਵਾ ਵਿੱਚ ਛੱਡਣਾ ਬੇਹੱਦ ਚਿੰਤਾਜਨਕ ਗੱਲ ਹੈ। ਪ੍ਰੰਤੂ ਇਸ ਸਾਰੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਜਨ ਸਾਧਰਣ ਦਾ ਵਾਤਾਵਰਣ ਪ੍ਰਤੀ ਜਾਗਰੂਕ ਹੋਣਾ ਅਤਿਅੰਤ ਜ਼ਰੂਰੀ ਹੈ

ਪੰਜਾਬ, ਜਿਹੜਾ ਕਿ ਕੁਝ ਦਹਾਕਿਆਂ ਪਹਿਲਾਂ ਸਾਫ ਸੁਥਰਾ ਤੇ ਵਾਤਾਵਰਣ ਪੱਖੋਂ ਬੇਹੱਦ ਸਿਹਤਮੰਦ ਸੂਬਾ ਹੁੰਦਾ ਸੀ, ਦੀ ਵਾਤਾਵਰਣਿਕ ਸਥਿਤੀ ਅੱਜ ਤਥਾਕਥਿਤ ਹਰੀ ਕ੍ਰਾਂਤੀ ਅਨਿਯਮਿਤ ਉਦਯੋਗੀਕਰਣ ਅਤੇ ਪੰਜਾਬ ਵਿੱਚ ਹੋ ਰਹੇ ਬੇਰੋਕ-ਟੋਕ ਬਾਹਰੀ ਪਰਵਾਸ ਕਾਰਨ ਚਿੰਤਾਜਨਕ ਬਣ ਚੁੱਕੀ ਹੈ। ਬੁੱਢੇ ਦਰਿਆ ਅਤੇ ਹੋਰ ਅਜਿਹੇ ਕੁਦਰਤੀ ਸੋਮਿਆਂ ਦਾ ਕਾਲ਼ੇ ਤੇ ਜ਼ਹਿਰੀਲੇ ਪਾਣੀ ਦੇ ਸੋਮਿਆਂ ਵਿੱਚ ਤਬਦੀਲ ਹੋ ਜਾਣਾ, ਅਣ-ਅਧਿਕਾਰਤ ਅਤੇ ਅਧਿਕਾਰਤ ਰੂਪ ਵਿੱਚ ਸਲੱਮ ਬਸਤੀਆਂ ਦੀ ਗਿਣਤੀ ਵਿੱਚ ਵੱਡਾ ਇਜ਼ਾਫਾ, ਵਹਿਮਾਂ ਭਰਮਾਂ ਵਿੱਚ ਫਸੇ ਲੋਕਾਂ ਵੱਲੋਂ ਦਰਿਆਵਾਂ ਨੂੰ ਪਲੀਤ ਕਰਨ, ਫੈਕਟਰੀਆਂ ਦੀ ਖਤਰਨਾਕ ਰਹਿੰਦ ਖੂੰਦ ਨੂੰ ਧਰਤੀ ਵਿੱਚ ਬੋਰ ਕਰਕੇ ਪਾਉਣਾ ਜਾਂ ਦਰਿਆਵਾਂ ਵਿੱਚ ਸਿੱਧੇ ਰੂਪ ਵਿੱਚ ਪਾਉਣਾ, ਕੂੜੇ ਕਰਕਟ ਨੂੰ ਜਲਾਉਣ ਅਤੇ ਇਸ ਤੋਂ ਛੁਟਕਾਰਾ ਪਾਉਣ ਦੀ ਕਾਰਗਰ ਵਿਧੀ ਨੂੰ ਨਾ ਅਪਣਾਉਣ ਨਾਲ ਪਿੰਡਾਂ, ਸ਼ਹਿਰਾਂ, ਕਸਬਿਆਂ ਨੂੰ ਕੂੜੇਦਾਨ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਹੈ। ਵਪਾਰਕ ਅਦਾਰਿਆਂ ਜਾਂ ਘਰਾਂ ਦੀ ਦਿੱਖ ਨੂੰ ਦਿਖਾਉਣ ਹਿਤ ਵੱਡ ਅਕਾਰੀ ਰੁੱਖਾਂ ਨੂੰ ਕੱਟਣ ਜਾਂ ਜੜ੍ਹਾਂ ਵਿੱਚ ਰਸਾਇਣ ਪਾ ਕੇ ਸੁਕਾਉਣ ਦੀਆਂ ਗੈਰ-ਜ਼ਿੰਮੇਵਾਰਾਨਾ ਕਾਰਵਾਈਆਂ ਨੇ ਸ਼ਹਿਰਾਂ ਨੂੰ ਰੁੱਖਾਂ ਤੋਂ ਮਹਿਰੂਮ ਕਰ ਦਿੱਤਾ ਹੈ। ਪੂਰੇ ਸੂਬੇ ਦੀਆਂ ਜਰਨੈਲੀ ਜਾ ਲਿੰਕ ਸੜਕਾਂ ਕਿਨਾਰੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਬੰਨ੍ਹ ਕੇ ਸੁੱਟੇ ਕੂੜੇ, ਫੈਕਟਰੀਆਂ ਦੀ ਰਾਖ ਅਤੇ ਕਸਾਈਆਂ ਦੀਆਂ ਦੁਕਾਨਾਂ ਦੀ ਰਹਿੰਦ ਖੂੰਦ ਆਮ ਹੀ ਨਜ਼ਰੀਂ ਪੈ ਜਾਂਦੀ ਹੈ।

ਗੁਰੂ ਸਹਿਬਾਨਾਂ ਨੇ ਆਪਣੀ ਬਾਣੀ ਅਤੇ ਆਪਣੇ ਕਾਰਜਾਂ ਰਾਹੀਂ ਮਨੁੱਖੀ ਜੀਵਨ ਵਿੱਚ ਕੁਦਰਤੀ ਵਾਤਾਵਰਣ ਦੀ ਅਹਿਮੀਅਤ ਨੂੰ ਵਡਿਆਇਆ ਤੇ ਉਜਾਗਰ ਕੀਤਾ ਹੈ। ਇਸੇ ਕਾਰਨ ਪੰਜਾਬ ਨੇ ਕਵੀਆਂ ਨੇ ਕਿਹਾ ਤੇ ਲਿਖਿਆ ਕਿ “ਪੰਜਾਬ ਜਿਓਂਦਾ ਗੁਰਾਂ ਦੇ ਨਾਂ ’ਤੇ”। ਜੇਕਰ ਅਸੀਂ ਗੁਰੂ ਸਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਇਸੇ ਪ੍ਰਕਾਰ ਵਿਸਾਰਦੇ ਰਹੇ ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਇੱਥੇ ਜੀਵਨ ਬਸਰ ਕਰਨਾ ਅਤਿਅੰਤ ਮੁਸ਼ਕਿਲ ਅਤੇ ਨਰਕ ਤੁਲ ਹੋ ਜਾਵੇਗਾ ਤੇ ਮਾਤਾ ਧਰਤ ਦੇ ਅਸੀਂ ਗੁਨਾਹਗਾਰ ਹੋਵਾਂਗੇ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)

About the Author

Jagjit S Mann

Jagjit S Mann

WhatsApp: (91 - 99149 - 40554)