“ਮੇਰੇ ਲਈ ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਕਵੀ ਨੂੰ ਨੇੜਿਓਂ ਵੇਖਣ, ਸੁਣਨ ਦਾ ਪਹਿਲਾ ਅਵਸਰ ....”
(8 ਮਈ 2025)
ਮਾਵਾਂ, ਦਾਦੀਆਂ ਦੀ ਗੋਦ ਦਾ ਨਿੱਘ ਜ਼ਿੰਦਗੀ ਦਾ ਸਰਮਾਇਆ ਹੁੰਦਾ ਹੈ। ਗੋਦ ਵਿੱਚ ਬੈਠ ਸੁਣੇ ਬੋਲ ਜੀਵਨ ਰਾਹ ’ਤੇ ਤੁਰਦਿਆਂ ਪ੍ਰੇਰਨਾ ਬਣਦੇ ਹਨ। ਠੀਕ ਫੈਸਲੇ ਲੈਣ ਵਿੱਚ ਮਦਦਗਾਰ ਹੁੰਦੇ ਹਨ। ਮਿਲ ਕੇ ਤੁਰਨ, ਰਲ ਕੇ ਬਹਿਣ ਦਾ ਸਬਕ ਹੁੰਦੇ ਹਨ। ਗੁਜ਼ਰ ਗਈਆਂ ਉਨ੍ਹਾਂ ਛਾਵਾਂ ਦੀ ਠੰਡਕ ਮਨ ਦਾ ਸਕੂਨ ਬਣਦੀ ਹੈ। ਉਨ੍ਹਾਂ ਦੇ ਬੋਲ ਜ਼ਿੰਦਗੀ ਦੀ ਪੈੜ ਚਾਲ ਨੂੰ ਰਾਹ ਦਿੰਦੇ ਨਜ਼ਰ ਆਉਂਦੇ ਹਨ। ਦਾਦੀ ਮਾਂ ਅਕਸਰ ਆਖਦੀ, “ਧੀਏ! ਮੁਸ਼ਕਲ ਵਿੱਚ ਹੋਰਾਂ ਦੀ ਮਦਦ ਕਰਨਾ ਬੰਦਾ ਹੋਣ ਦੀ ਪਛਾਣ ਹੁੰਦੀ ਐ। ਭਲਾ ਕਰਕੇ ਭੁੱਲ ਜਾਣਾ ਚੰਗਾ ਹੁੰਦਾ। ਆਪਣੇ ਚੰਗੇ ਕੰਮਾਂ ਦੀ ਚਰਚਾ ਖੁਦ ਕਰਨਾ ਹੋਛਾਪਣ ਹੁੰਦਾ। ਇਹ ਚਰਚਾ ਲੋਕਾਂ ਦੇ ਮੂੰਹੋਂ ਸੁਣਨ ਨੂੰ ਮਿਲੇ ਤਾਂ ਸੋਨੇ ’ਤੇ ਸੁਹਾਗਾ ਹੁੰਦੀ ਐ।”
ਮਨ ਵਿੱਚ ਵਸੇ ਉਹ ਬੋਲ ਹਮੇਸ਼ਾ ਆਪਣਾ ਪ੍ਰਭਾਵ ਸਿਰਜਦੇ ਹਨ। ਰਿਸ਼ਤੇ ਬਣਾਉਣ ਅਤੇ ਨਿਭਾਉਣ ਵਿੱਚ ਅਪਣੱਤ ਦੀ ਤੰਦ ਬਣਦੇ ਹਨ। ਘਰ, ਸਕੂਲ, ਦਫਤਰ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਸਮਝਣ ਦੀ ਸੂਝ ਬਣਦੇ ਹਨ। ਵਕਤ ਦੇ ਵਹਿਣ ਵਿੱਚ ਬਦਲਦੇ ਮਾਹੌਲ ਦਾ ਸ਼ੀਸ਼ਾ ਨਜ਼ਰ ਆਉਂਦੇ ਹਨ। ਅੱਜ ਕੱਲ੍ਹ ਸਰਕਾਰੀ ਸਕੂਲਾਂ ਵਿਚਲੇ ‘ਵਿਕਾਸ’ ਦੇ ਨੀਂਹ ਪੱਥਰਾਂ ਦੀ ਮੁਹਿੰਮ ਹਰ ਜ਼ੁਬਾਨ ’ਤੇ ਹੈ। ਨਾਲ ਹੀ ਪਿੰਡ ਪਿੰਡ ਜੁੜਦੇ ਕਿਸਾਨਾਂ, ਮਜ਼ਦੂਰਾਂ ਦੇ ਇਕੱਠ ਜਾਗ ਰਹੀ ਲੋਕ ਚੇਤਨਾ ਦਾ ਪ੍ਰਤੀਕ ਬਣੇ ਹੋਏ ਹਨ। ਜਾਗਦੇ ਲੋਕਾਂ ਵੱਲੋਂ ਨੇਤਾਵਾਂ ਤੋਂ ਪੁੱਛੇ ਜਾ ਰਹੇ ਸਵਾਲ ਅਤੇ ਪ੍ਰਗਟਾਇਆ ਜਾ ਰਿਹਾ ਰੋਸ ਵਿਕਾਸ ਦੀ ਅਸਲੀਅਤ ਦਾ ਪਹਿਲੂ ਬਣੇ ਹੋਏ ਹਨ।
ਦਹਾਕਿਆਂ ਤੋਂ ਸਰਕਾਰੀ ਸਕੂਲਾਂ ਦੀਆਂ ਨਵੀਆਂ ਇਮਾਰਤਾਂ ਬਣਦੀਆਂ ਆਈਆਂ ਹਨ। ਨਵੇਂ ਕਮਰੇ, ਲੈਬ, ਹਾਲ ਕਮਰੇ ਤੇ ਲਾਇਬ੍ਰੇਰੀਆਂ ਦੀ ਉਸਾਰੀ ਹੁੰਦੀ ਰਹੀ ਹੈ। ਬਹੁਤੇ ਪਿੰਡਾਂ ਵਿੱਚ ਲੋਕਾਂ ਵੱਲੋਂ ਆਪਣੇ ਵੱਡੇ ਵਡੇਰਿਆਂ ਦੀ ਯਾਦ ਵਿੱਚ ਕਮਰੇ ਬਣਾਉਣ ਦਾ ਰੁਝਾਨ ਰਿਹਾ ਹੈ। ਸਕੂਲਾਂ ਵਿੱਚ ਬਣਾਏ ਗਏ ਕਮਰਿਆਂ ਉੱਤੇ ਉਹ ਆਪਣੇ ਨਾਂ ਵਾਲਾ ਬੋਰਡ ਲਾਉਣਾ ਵੀ ਮੁਨਾਸਿਬ ਨਹੀਂ ਸੀ ਸਮਝਦੇ। ਉਹ ਆਖਿਆ ਕਰਦੇ ਸਨ, “ਚੰਗੇ ਕੰਮ ਲਈ ਬੋਰਡਾਂ ਦੀ ਲੋੜ ਨਹੀਂ ਹੁੰਦੀ। ਭਲੇ ਦੇ ਕੰਮ ਨੂੰ ‘ਕੋਠੇ ਚੜ੍ਹ ਕੇ ਦੱਸਣ’ ਦੀ ਲੋੜ ਨਹੀਂ ਹੁੰਦੀ।” ਪਰ ਹੁਣ ਬਦਲੇ ਵਕਤ ਵਿੱਚ ਸਭ ਉਲਟ ਹੋ ਗਿਆ ਹੈ। ਉਹ ਕੰਮ ਹੀ ਕੀ ਹੋਇਆ, ਜਿਹੜਾ ਕਰਨ ਵਾਲੇ ਨੂੰ ਕੋਈ ‘ਖੱਟੀ ਕਮਾਈ’ ਨਾ ਦੇਵੇ?
ਕਰੀਬ ਦੋ ਦਹਾਕੇ ਪਹਿਲਾਂ ਇੱਕ ਸਰਕਾਰੀ ਸਕੂਲ ਵਿੱਚ ਬਣੀ ਲਾਇਬਰੇਰੀ ਦੇ ਸਮਾਗਮ ਦੀ ਅਨੂਠੀ ਯਾਦ ਮੈਨੂੰ ਕਦੇ ਨਹੀਂ ਭੁੱਲਦੀ। ਆਪਣੇ ਕਾਲਿਜ ਜਾਣ ਤੋਂ ਛੁੱਟੀ ਕਰ ਮੈਂ ਆਪਣੇ ਅਧਿਆਪਕ ਪਾਪਾ ਨਾਲ ਉਨ੍ਹਾਂ ਦੇ ਸਕੂਲ ਗਈ ਸਾਂ। ਸਕੂਲ ਦੇ ਵਿਹੜੇ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਇਕੱਠ ਜੁੜਿਆ ਸੀ। ਨਾ ਕੋਈ ਉਚੇਚ, ਨਾ ਵਿਖਾਵਾ। ਸਾਰਿਆਂ ਦੇ ਚਿਹਰੇ ਖੁਸ਼ੀ ਨਾਲ ਖਿੜੇ ਹੋਏ ਸਨ। ਸਕੂਲ ਦੇ ਸਾਹਿਤਕ ਰੁਚੀਆਂ ਵਾਲੇ ਪ੍ਰਿੰਸੀਪਲ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਛਾਂ ਦਾਰ ਰੁੱਖਾਂ ਹੇਠਾਂ ਛੋਟੇ ਮੈਦਾਨ ਵਿੱਚ ਪੰਡਾਲ ’ਤੇ ਮੰਚ ਸਜਿਆ ਹੋਇਆ ਸੀ। ਸਾਰੇ ਜਣੇ ਆਉਣ ਵਾਲੇ ਮਹਿਮਾਨ ਦੀ ਉਡੀਕ ਵਿੱਚ ਸਨ।
ਯੁੱਗ ਕਵੀ ਪਾਸ਼ ਦੀ ਯਾਦ ਵਿੱਚ ਉਸਾਰੀ ਗਈ ਲਾਇਬਰੇਰੀ ਦਾ ਉਦਘਾਟਨ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਨੇ ਕਰਨਾ ਸੀ। ਮਿਥੇ ਵਕਤ ਸੁਰਜੀਤ ਪਾਤਰ ਜੀ ਸਕੂਲ ਦੇ ਸਟਾਫ ਅਤੇ ਪਿੰਡ ਦੇ ਪਤਵੰਤਿਆਂ ਨਾਲ ਮੰਚ ’ਤੇ ਪਹੁੰਚੇ। ਤਾੜੀਆਂ ਦੀ ਗੂੰਜ ਖੁਸ਼ੀ ਬਣ ਸਕੂਲ ਦੀ ਫਿਜ਼ਾ ਵਿੱਚ ਰਚ ਗਈ। ਮੇਰੇ ਲਈ ਪੰਜਾਬੀ ਮਾਂ ਬੋਲੀ ਦੇ ਪ੍ਰਸਿੱਧ ਕਵੀ ਨੂੰ ਨੇੜਿਓਂ ਵੇਖਣ, ਸੁਣਨ ਦਾ ਪਹਿਲਾ ਅਵਸਰ ਸੀ। ਭਰੇ ਪੰਡਾਲ ਵਿੱਚ ਬੈਠੇ ਵਿਦਿਆਰਥੀ, ਮਾਪੇ, ਪਤਵੰਤੇ ਅਤੇ ਅਧਿਆਪਕ ਕਈ ਘੰਟੇ ਸ਼ਬਦ, ਕਲਾ ਤੇ ਸਾਹਿਤ ਦੀਆਂ ਰੌਚਿਕ ਗੱਲਾਂ ਗਹੁ ਨਾਲ ਸੁਣਦੇ ਰਹੇ।
ਅਸੀਂ ਸਾਰਿਆਂ ਨੇ ਪਾਤਰ ਸਾਹਿਬ ਦੀ ਤਰੰਨੁਮ ਵਿੱਚ ਗਾਈ ਸ਼ਾਇਰੀ ਨੂੰ ਰੂਹ ਨਾਲ ਮਾਣਿਆ। ਉਨ੍ਹਾਂ ਮੰਚ ਤੋਂ ਬੋਲਦਿਆਂ ਆਖਿਆ, ‘ਤੁਸੀਂ ਪਾਸ਼ ਯਾਦਗਾਰੀ ਲਾਇਬਰੇਰੀ ਦੇ ਉਦਘਾਟਨ ਸਮਾਰੋਹ ਵਿੱਚ ਮੈਨੂੰ ਬੁਲਾ ਕੇ ਮੇਰੇ ’ਤੇ ਅਹਿਸਾਨ ਕੀਤਾ ਹੈ। ਪੰਡਾਲ ਵਿੱਚ ਬੈਠੀਆਂ ਧੀਆਂ, ਮਾਵਾਂ ਅਤੇ ਮਾਪੇ ਮੇਰੀਆਂ ਕਵਿਤਾਵਾਂ ਦੀ ਸੁੱਚੀ ਭੋਇੰ ਹਨ, ਜਿਨ੍ਹਾਂ ਦੀਆਂ ਨਿਰਛਲ ਨਜ਼ਰਾਂ ਵਿੱਚੋਂ ਮੈਂ ਮਾਂ ਬੋਲੀ ਦਾ ਸੁਨਿਹਰਾ ਭਵਿੱਖ ਵੇਖਦਾ ਹਾਂ। ਕਲਾ, ਕਲਮ ਨੂੰ ਏਨਾ ਮਾਣ ਦੇਣ ਅਤੇ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਮੈਂ ਪ੍ਰਿੰਸੀਪਲ ਸਾਅਬ ਅਤੇ ਤੁਹਾਡੇ ਸਾਰਿਆਂ ਦੇ ਉੱਦਮ ਨੂੰ ਸਲਾਮ ਕਰਦਾ ਹਾਂ’।
ਉਹ ਦਿਨ ਮੇਰੀ ਜੀਵਨ ਡਾਇਰੀ ਦਾ ਪਹਿਲਾ ਸੁਨਹਿਰਾ ਪੰਨਾ ਸੀ, ਜਿਸ ’ਤੇ ਸੁੱਚੇ ਸ਼ਬਦਾਂ ਦੀ ਇਬਾਰਤ ਲਿਖੀ ਗਈ। ਸਕੂਲਾਂ ਵਿੱਚ ਕਮਰਿਆਂ ਦੇ ਉਦਘਾਟਨ ਦੀ ਇੱਕ ਹੋਰ ਨਿਵੇਕਲੀ ਪਿਰਤ ਮੇਰੇ ਚੇਤਿਆਂ ਵਿੱਚ ਵਸੀ ਹੋਈ ਹੈ। ਮਾਲਵੇ ਖਿੱਤੇ ਦਾ ਫਾਜ਼ਿਲਕਾ ਸਰਹੱਦ ਨੇੜਲਾ ਕੁੜੀਆਂ ਦਾ ਪੇਂਡੂ ਸਕੂਲ, ਜਿਸ ਨੇ ਆਪਣੇ ਪ੍ਰਿੰਸੀਪਲ ਮਰਹੂਮ ਵਿਅੰਗ ਲੇਖਕ ਬਲਦੇਵ ਸਿੰਘ ਆਜ਼ਾਦ ਦੀ ਅਗਵਾਈ ਵਿੱਚ ਨਵੇਂ ਦਿਸਹੱਦੇ ਕਾਇਮ ਕੀਤੇ। ਸਕੂਲ ਵਿੱਚ ਬਣਾਏ ਗਏ ਵੱਖ ਵੱਖ ਬਲਾਕਾਂ ਦੇ ਨਾਂ ਪੰਜਾਬੀ ਅਦੀਬਾਂ, ਕਵੀਆਂ ਅਤੇ ਲੇਖਕਾਂ ਦੇ ਨਾਂ ’ਤੇ ਰੱਖੇ ਗਏ। ਖੁਸ਼ੀ ਅਤੇ ਮਾਣ ਦਾ ਸਬੱਬ ਇਹ ਵੀ ਬਣਿਆ ਕਿ ਉਦਘਾਟਨ ਕਰਨ ਲਈ ਨਾਟਕਕਾਰ ਗੁਰਸ਼ਰਨ ਸਿੰਘ, ਪਦਮ ਸ਼੍ਰੀ ਗੁਰਦਿਆਲ ਸਿੰਘ, ਬਲਦੇਵ ਸਿੰਘ ਸੜਕਨਾਮਾ ਅਤੇ ਵਰਿਆਮ ਸਿੰਘ ਸੰਧੂ ਜਿਹੇ ਅਨੇਕਾਂ ਨਾਮਵਰ ਸਾਹਿਤਕਾਰ ਸਕੂਲ ਦੇ ਸਮਾਰੋਹਾਂ ਵਿੱਚ ਮੁੱਖ ਮਹਿਮਾਨਾਂ ਵਜੋਂ ਸ਼ਾਮਲ ਹੋਏ। ਇੱਥੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਲੇਖਕਾਂ ਦੀ ਸੰਗਤ ਮਾਨਣ ਦਾ ਸੁਨਿਹਰੀ ਅਵਸਰ ਪ੍ਰਾਪਤ ਹੋਇਆ।
ਦਾਖਲਾ ਫੀਸ ਭਰਨ ਸਕੂਲ ਆਏ ਮਜ਼ਦੂਰ ਆਗੂ ਦੇ ਬੋਲ ਸੁਣਦੀ ਹਾਂ, “ਸਕੂਲਾਂ ਵਿੱਚ ‘ਵਿਕਾਸ’ ਦੇ ਨਾਂ ’ਤੇ ‘ਆਪਣੇ ਮੂੰਹੋਂ ਮੀਆਂ ਮਿੱਠੂ ਬਣਨ’ ਵਾਲਾ ਰਾਹ ਵੀ ਚੱਲ ਰਿਹਾ ਹੈ, ਜਿਸ ਵਿੱਚ ਚਾਕਰੀ, ਮਜਬੂਰੀ, ਵਿਖਾਵਾ ਅਤੇ ਰੋਅਬ ਦਾਬ ਸਾਫ ਨਜ਼ਰ ਆਉਂਦਾ ਹੈ। ਦੂਸਰਾ ਰਾਹ ਸਿੱਖਿਆ ਨੂੰ ਸ਼ਬਦ, ਕਲਾ ਅਤੇ ਜ਼ਿੰਦਗੀ ਨਾਲ ਜੋੜ ਕੇ ਇਹ ਸਨਮਾਨ ਲੋਕਾਂ ਦੇ ਸ਼ਾਇਰਾਂ, ਸਾਹਿਤਕਾਰਾਂ ਨੂੰ ਦੇਣ ਦਾ ਹੈ, ਜਿਸ ਵਿੱਚ ਸਿਆਣਪ, ਖੁਸ਼ੀ, ਮਾਣ, ਬਰਾਬਰੀ ਅਤੇ ਮਿਲਵਰਤਣ ਦੀ ਪਹੁੰਚ ਹੈ। ਇਹ ‘ਸੁੱਚਾ ਰਾਹ’ ਹੀ ਸਕੂਲਾਂ ਦੀ ਪਹਿਚਾਣ ਬਣਨਾ ਚਾਹੀਦਾ ਹੈ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)