“ਸਕੂਲ ਵਾਲੀ ਬੀਬੀ ਨੇ ਅਗਲੇ ਦਿਨ ਫੁਰਸਤ ਵੇਲੇ ਆਪਣੀ ਗੱਲ ਮੁੜ ਤੋਰੀ, “ਧੀਏ, ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਇੱਡਾ ’ਕੱਠ ...”
(3 ਅਕਤੂਬਰ 2024)
ਨਿੱਤ ਰੋਜ਼ ਸਵੇਰ ਸਾਰ ਅਸੀਂ ਆਪਣੇ ਕੰਮਕਾਰ ਨਾਲ ਦਿਨ ਦੀ ਸ਼ੁਰੂਆਤ ਕਰਦੇ ਹਾਂ। ਖੇਤ, ਫੈਕਟਰੀ, ਦੁਕਾਨ, ਦਫਤਰ ਤੇ ਸਕੂਲ ਸਾਡਾ ਟਿਕਾਣਾ ਬਣਦੇ ਹਨ। ਸਕੂਲ ਵਿੱਚ ਪੈਰ ਪਾਉਂਦਿਆਂ ਹੀ ਸਾਫ ਸਫਾਈ ਵਾਲੀ ਬੀਬੀ ਵੱਲੋਂ ਸੁਆਰਿਆ ਸਾਫ ਸੁਥਰਾ ਵਿਹੜਾ ਸਵਾਗਤ ਕਰਦਾ ਨਜ਼ਰ ਆਉਂਦਾ ਹੈ। ਚਾਹ ਪਾਣੀ ਪਿਆਉਂਦਾ ਬਾਈ ਦਿਨ ਭਰ ਆਪਣੇ ਕੰਮ ਜੁਟਿਆ ਨਜ਼ਰ ਆਉਂਦਾ ਹੈ। ਸਾਰੇ ਬੱਚਿਆਂ ਲਈ ਖਾਣਾ ਬਣਾਉਂਦੀਆਂ ਮਿੱਡ ਡੇ ਮੀਲ ਵਾਲਿਆਂ ਬੀਬੀਆਂ ਸਵੇਰ ਤੋਂ ਰੋਟੀ ਪਾਣੀ ਦੇ ਆਹਰ ਵਿੱਚ ਜੁਟੀਆਂ ਦਿਸਦੀਆਂ ਹਨ। ਕਦੇ ਗੱਲ ਕਰਨ ਦਾ ਵਕਤ ਮਿਲੇ ਤਾਂ ਵੱਡੀ ਉਮਰ ਵਾਲੀ ਬੀਬੀ ਦੇ ਸਹਿਜਤਾ ਭਰੇ ਬੋਲ ਮਨ ਟੁੰਬਦੇ ਹਨ, “ਕੰਮ ਤਾਂ ਬੰਦੇ ਦਾ ਕਰਮ ਹੁੰਦਾ ਧੀਏ। ਕੰਮ ਕਰਾਂਗੇ ਤਾਂ ਹੀ ਜਿਊਣ ਦਾ ਸਬੱਬ ਬਣੂ। ਕੰਮ ਹੀ ਬੰਦੇ ਨੂੰ ਮਾਣ ਦਿਵਾਉਂਦਾ। ਵਿਹਲੇ ਰਹਿ ਕੇ ਨਾ ਘਰਾਂ ਦੀ ਪੂਰੀ ਪਵੇ ਤੇ ਨਾ ਹੀ ਜ਼ਿੰਦਗੀ ਦੀ ਗੱਡੀ ਤੁਰੇ।“
ਖਾਣਾ ਬਣਾਉਂਦੀਆਂ ਬੀਬੀਆਂ ਸਕੂਲ ਵਿੱਚ ਘਰ ਵਾਂਗ ਵਿਚਰਦੀਆਂ. ਅਧਿਆਪਕਾਂ ਦੇ ਸੁਖ ਦੁੱਖ ਵਿੱਚ ਸ਼ਾਮਲ ਹੁੰਦੀਆਂ। ਉਨ੍ਹਾਂ ਦਾ ਨਿੱਤ ਰੋਜ਼ ਦਾ ਕਰਮ ਪੜ੍ਹਾਈ ਵਾਂਗ ਹੀ ਜ਼ਰੂਰੀ ਹੁੰਦਾ। ਵੱਡੀ ਉਮਰ ਵਾਲੀ ਬੀਬੀ ਕੁਝ ਦਿਨ ਸਕੂਲ ਨਾ ਆਈ। ਪੁੱਛਣ ’ਤੇ ਪਤਾ ਲੱਗਾ ਕਿ ਕਿਸੇ ਜ਼ਰੂਰੀ ਕੰਮ ਰਿਸ਼ਤੇਦਾਰੀ ਵਿੱਚ ਗਈ ਹੋਈ ਹੈ। ਉਹ ਕੰਮ ’ਤੇ ਪਰਤੀ ਤਾਂ ਉਸ ਦੇ ਪਰਿਵਾਰ ਦੀ ਸੁੱਖ ਸਾਂਦ ਜਾਣ ਕੇ ਚੈਨ ਮਿਲਿਆ। ਅਗਲੇ ਦਿਨ ਵਿਹਲੇ ਵਕਤ ਬੀਬੀ ਦੀਆਂ ਗੱਲਾਂ ਸੁਣਨ ਦਾ ਸਬੱਬ ਬਣਿਆ, “ਸੱਚ ਦੱਸਦੀ ਆਂ ਧੀਏ, ਮੈਂ ਰਿਸ਼ਤੇਦਾਰੀ ਵਿੱਚ ਕਿਤੇ ਨਹੀਂ ਸੀ ਗਈ, ਮੈਨੂੰ ਤਾਂ ਮੇਰੀ ਨੂੰਹ ਕਿਸਾਨਾਂ-ਮਜ਼ਦੂਰਾਂ ਦੇ ‘ਕੱਠ ਵਿੱਚ ਚੰਦੀਗੜ੍ਹ ਨਾਲ ਲੈ ਗਈ ਸੀ। ਇਸ ਬਹਾਨੇ ਨਾਲੇ ਚੰਦੀਗੜ੍ਹ ਵੇਖ ਆਈ, ਨਾਲੇ ’ਕੱਠ ਦੀਆਂ ਬਰਕਤਾਂ ਮਾਣ ਆਈ।”
ਇਹ ਬੋਲ ਸੁਣ ਮਸਤਕ ਵਿੱਚ ਕੈਮਰੇ ਮੋਹਰੇ ਖੜ੍ਹੀ ਕਿਸਾਨ ਬੀਬੀ ਦਾ ਦ੍ਰਿਸ਼ ਸਾਕਾਰ ਹੁੰਦਾ ਹੈ। ਸੱਠਾਂ ਤੋਂ ਉੱਪਰ ਟੱਪੀ ਉਮਰ, ਸਿਰ ’ਤੇ ਬਸੰਤੀ ਚੁੰਨੀ, ਹੱਥ ਵਿੱਚ ਕਿਰਸਾਨੀ ਝੰਡਾ। ਸਾਦ ਮੁਰਾਦੀ ਬੀਬੀ ਦੇ ਬੁਲੰਦ ਬੋਲ ਹਲੂਣਦੇ ਹਨ, “ਕਿਸਾਨ ਲਹਿਰ ਨਾਲ ਜੁੜ ਕੇ ਮੇਰਾ ਨਵਾਂ ਜਨਮ ਹੋਇਆ ਹੈ। ਪਹਿਲਾਂ ਸਾਰਾ ਦਿਨ ਘਰ ਦੇ ਕੰਮਾਂ ਵਿੱਚ ਲੱਗੇ ਰਹਿਣਾ। ਜ਼ਿੰਦਗੀ ਦੀ ਦੌੜ ਖਾਣ ਪੀਣ ’ਤੇ ਕੰਮ ਤਕ ਹੀ ਸੀਮਤ ਸੀ। ਵਿਹਲ ਮਿਲਣ ’ਤੇ ਆਂਢ ਗੁਆਂਢ ਦੀ ਚੁਗਲੀ-ਚੋਰੀ ਦੀ ਖਬਰ ਸਾਰ ਰੱਖਣੀ। ਜਦੋਂ ਕਿਸਾਨਾਂ ਦੇ ’ਕੱਠਾਂ ਵਿੱਚ ਆਉਣ ਜਾਣ ਦਾ ਸਬੱਬ ਬਣਿਆ ਤਾਂ ਜਿਊਣ ਦਾ ਸਲੀਕਾ ਬਦਲਣ ਲੱਗਾ। ਜਥੇਬੰਦੀ ਦੇ ਸਕੂਲ ਜਾਂਦਿਆਂ ਦਿਲ ਦਿਮਾਗ ਦੇ ਬੂਹੇ ਖੁੱਲ੍ਹਣ ਲੱਗੇ। ਆਪਣੇ ਖ਼ੇਤਾਂ ਦੀ ਰਾਖੀ ਲਈ ਸਿਰ ਉਠਾ ਕੇ ਜਿਊਣ ਦਾ ਮਕਸਦ ਮਿਲਿਆ। ਆਪਣਿਆਂ ਬੇਗਾਨਿਆਂ ਨੂੰ ਪਛਾਣਨ ਦੀ ਸਮਝ ਆਈ। ਆਪਣੀਆਂ ਧੀਆਂ, ਭੈਣਾਂ ਦੇ ਕਾਫ਼ਲੇ ਨਾਲ ਹੱਕਾਂ ਲਈ ਲਗਦੇ ਧਰਨਿਆਂ ਤੇ ’ਕੱਠਾਂ ਵਿੱਚ ਜਾਣ ਨਾਲ ਇਹ ਵੀ ਸਮਝ ਆ ਗਈ ਕਿ ਮੰਗਿਆਂ ਕੁਛ ਨਹੀਂ ਮਿਲਦਾ, ਹੱਕ ਲੈਣ ਲਈ ਏਕਾ ਤੇ ਸੰਘਰਸ਼ ਹੀ ਕੰਮ ਆਉਂਦਾ।”
ਸਕੂਲ ਵਾਲੀ ਬੀਬੀ ਨੇ ਅਗਲੇ ਦਿਨ ਫੁਰਸਤ ਵੇਲੇ ਆਪਣੀ ਗੱਲ ਮੁੜ ਤੋਰੀ, “ਧੀਏ, ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਇੱਡਾ ’ਕੱਠ ਪਹਿਲੀ ਵਾਰ ਵੇਖਿਆ। ਦੂਰ ਤਕ ਫੈਲੇ ਵੱਡੇ ਮੈਦਾਨ ਵਿੱਚ ਖੜ੍ਹੇ ਕਿਸਾਨਾਂ, ਮਜ਼ਦੂਰਾਂ ਦੇ ਸਾਧਨ। ਜਿੱਧਰ ਵੀ ਨਜ਼ਰ ਜਾਵੇ, ਬੱਸਾਂ, ਗੱਡੀਆਂ, ਟਰੈਕਟਰ ਟਰਾਲੀਆਂ ਤੇ ਹੋਰ ਸਾਧਨਾਂ ਦੀ ਭੀੜ। ਥਾਂ ਥਾਂ ਲੱਗੇ ਲੰਗਰ। ਨਾ ਕੋਈ ਭੇਦ ਨਾ ਵਿਤਕਰਾ। ਜਿਹੜਾ ਮਰਜ਼ੀ ਖਾਵੇ। ਰੋਟੀ ਪਾਣੀ ਦਾ ਆਹਰ ਮਰਦ ਕਿਸਾਨ ਕਰਦੇ। ਰੋਟੀ ਟੁੱਕ ਤੋਂ ਵਿਹਲੇ ਹੋ ਰਾਤ ਨੂੰ ਬਹਿ ਕੇ ਵਿਚਾਰਾਂ ਕਰਦੇ। ਖੁੱਲ੍ਹੇ ਅਸਮਾਨ ਥੱਲੇ ਸੌਂਦੇ। ਮੋਰਚੇ ਵਿੱਚ ਆਈਆਂ ਔਰਤਾਂ ਦਾ ਆਪਸ ਵਿੱਚ ਵਰਤ ਵਤੀਰਾ ਮਾਂਵਾ ਦੇ ਸੁੱਚੇ ਰਿਸ਼ਤੇ ਜਿਹਾ ਲੱਗਾ। ਕਿਸਾਨ ਬੀਬੀਆਂ ਮਜ਼ਦੂਰ ਔਰਤਾਂ ਨੂੰ ਨਾਲ ਬਿਠਾਉਂਦੀਆਂ, ਮਿਲ ਬੈਠ ਕੇ ਖਾਂਦੀਆਂ। ਆਖਦੀਆਂ, “ਆਪਣੀ ਤਾਂ ਖ਼ੇਤਾਂ ਦੀ ਸਾਂਝ ਐ। ਮਿਲ ਕੇ ਰਹਿਣਾ ਆਪਣੀ ਲੋੜ ਐ।”
ਸਵੇਰੇ ਰੋਟੀ ਪਾਣੀ ਖਾ ਪੀ ਕੇ ਪੰਡਾਲ ਭਰਦਾ। ਪੰਡਾਲ ਨੂੰ ਬਸੰਤੀ ਚੁੰਨੀਆਂ ਤੇ ਪੱਗਾਂ ਰੰਗ ਚੜ੍ਹਿਆ ਹੁੰਦਾ। ਸਾਰੇ ਜਣੇ ਆਪਣੇ ਲੀਡਰਾਂ ਦੇ ਭਾਸ਼ਣ ਦਿਲ ਲਾ ਕੇ ਸੁਣਦੇ। ਮੈਂ ਵੇਖਦੀ, ਹੈਰਾਨ ਹੁੰਦੀ। ਇੰਨਾ ਚਿਰ ਤਾਂ ਕੋਈ ਸਤਿਸੰਗ ਵਾਲੇ ਪੰਡਾਲ ਵਿੱਚ ਟਿਕ ਕੇ ਨਹੀਂ ਬਹਿੰਦਾ। ਨਾ ਹੀ ਕੋਈ ਇੰਨਾ ਸਮਾਂ ਸਰਕਾਰ ਚਲਾਉਣ ਵਾਲੇ ਲੀਡਰਾਂ ਦੀ ਗੱਲ ਸੁਣੇ। ਜਿੰਨਾ ਚਿਰ ਸਟੇਜ ਚਲਦੀ ਸਾਰੇ ਜਣੇ ਟਿਕਟਿਕੀ ਲਾ ਕੇ ਸੁਣਦੇ। ਪੰਡਾਲ ਵਿੱਚ ਬੈਠਿਆਂ ਨੂੰ ਚਾਹ ਪਾਣੀ ਮਿਲਦਾ। ਬੋਲਣ ਵਾਲੇ ਸਾਰਿਆਂ ਨੂੰ ਆਪਣੇ ਸਕੂਲ ਦੇ ਅਧਿਆਪਕਾਂ ਵਾਂਗ ਲੋੜਾਂ, ਹੱਕਾਂ ਉੱਤੇ ਸਰਕਾਰਾਂ ਦੀ ਇਕੱਲੀ ਇਕੱਲੀ ਗੱਲ ਸਮਝਾਉਂਦੇ। ਸਾਰਿਆਂ ਦੀਆਂ ਗੱਲਾਂ ਪੱਲੇ ਬੰਨ੍ਹਣ ਵਾਲੀਆਂ ਲੱਗੀਆਂ। ਮੇਰਾ ਤਾਂ ਮੁੜਨ ਨੂੰ ਦਿਲ ਨਹੀਂ ਸੀ ਕਰਦਾ ਧੀਏ! ਪਰ ਆਹ ਸਕੂਲ ਆਲੀ ਡਿਊਟੀ ਦੇ ਫ਼ਿਕਰ ਕਰਕੇ ਮੁੜਨਾ ਪਿਆ। ਕੱਲ੍ਹ ਧਰਨੇ ਤੋਂ ਮੁੜੇ ਨੂੰਹ ਪੁੱਤ ਨੂੰ ਮੈਂ ਆਖ ਦਿੱਤਾ ਹੈ ਕਿ ਲਗਦੀ ਵਾਹ ਛੁੱਟੀ ਵਾਲੇ ਦਿਨ ਮੈਨੂੰ ਵੀ ਨਾਲ ਲੈ ਕੇ ਜਾਇਆ ਕਰਨ।”
“ਧੀਏ, ਆਹ ਜ਼ਿੰਦਗੀ ਦੇ ਝਮੇਲੇ ਤਾਂ ਮੁੱਕਣੇ ਨਹੀਂ। ਡੇਰਿਆਂ ਤੇ ਵੋਟਾਂ ਆਲੇ ਵਾਲੇ ਕੱਠਾਂ ਵਿੱਚ ਭਟਕਣ ਨਾਲੋਂ ਆਹ ਰਾਹ ਸੌ ਗੁਣਾ ਚੰਗਾ। ਬਹੁਤ ਕੁਛ ਸਿੱਖਣ ਨੂੰ ਮਿਲਦਾ। ਨਾਲੇ ਔਖ ਸੌਖ ਵੇਲੇ ਮਦਾਦ ਆਪਣੇ ਇਹਨਾਂ ਭੈਣ ਭਰਾਵਾਂ ਨੇ ਹੀ ਕਰਨੀ ਹੈ। ਮੈਂ ਤਾਂ ਆਪਣੇ ਮਨ ਨਾਲ ਫੈਸਲਾ ਕਰ ਲਿਆ , ਹੁਣ ਰਹਿੰਦੀ ਉਮਰ ਸੰਘਰਸ਼ ਦਾ ਪੱਲਾ ਨਹੀਂ ਛੱਡਣਾ।” ਬੀਬੀ ਇਹ ਆਖਦਿਆਂ ਸਕੂਨ ਨਾਲ ਉੱਠੀ ਤੇ ਮਿੱਡ ਡੇ ਮੀਲ ਦੀ ਇਮਾਰਤ ਵੱਲ ਹੋ ਤੁਰੀ। ਮੈਂ ਜ਼ਿੰਦਗੀ ਅਤੇ ਸਮਾਜ ਨੂੰ ਪੈਰਾਂ ਸਿਰ ਕਰਨ ਤੁਰੇ ਸਿਦਕਵਾਨ ਲੋਕਾਂ ਦੇ ਉੱਦਮ ਨਾਲ ਬਦਲ ਰਹੀ ਜੀਵਨ ‘ਨੁਹਾਰ’ ਵਿੱਚੋਂ ਭਵਿੱਖ ਦਾ ਅਕਸ ਵੇਖ ਰਹੀ ਸਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5330)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.