“‘ਫੂਲੇ’ ਫਿਲਮ ਨੂੰ ਸਮੇਂ ਸਿਰ ਰਿਲੀਜ਼ ਕਰਨ ਦੀ ਇਜਾਜ਼ਤ ਨਾ ਦੇਣ ਪਿੱਛੇ ਬ੍ਰਾਹਮਣ ਸੰਗਠਨਾਂ ਦੀਆਂ ...”
(17 ਅਪਰੈਲ 2025)
‘ਦ ਸਟੋਰੀਟੈਲਰ’ ਵਰਗੀ ਉੱਚ ਕਆਲਿਟੀ, ਸੰਵੇਦਨਸ਼ੀਲ ਅਤੇ ਅਰਥਪੂਰਨ ਫਿਲਮ ਬਣਾਉਣ ਵਾਲੇ ਰਾਸ਼ਟਰੀ ਪੁਰਸਕਾਰ ਜੇਤੂ ਅਨੰਤ ਮਹਾਦੇਵਨ ਦੁਆਰਾ ਨਿਰਦੇਸ਼ਿਤ ‘ਫੂਲੇ’ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਤੀਬਰ ਵਿਵਾਦ ਦੇ ਘੇਰੇ ਵਿੱਚ ਫਸ ਗਈ ਹੈ। ‘ਫੂਲੇ’ ਫਿਲਮ ਮੂਲ ਰੂਪ ਵਿੱਚ 11 ਅਪਰੈਲ 2025 ਨੂੰ ਰਿਲੀਜ਼ ਹੋਣ ਵਾਲੀ ਸੀ, ਪਰ ਮਹਾਰਾਸ਼ਟਰ ਦੀਆਂ ਕੁਝ ਬ੍ਰਾਹਮਣ ਸੰਸਥਾਵਾਂ ਦੁਆਰਾ ਉਠਾਏ ਗਏ ਜਾਤੀਵਾਦ ਨੂੰ ਉਤਸ਼ਾਹਿਤ ਕਰਨ ਦੇ ਇਤਰਾਜ਼ਾਂ ਕਾਰਨ ਇਸ ਨੂੰ 25 ਅਪਰੈਲ 2025 ਤਕ ਅੱਗੇ ਧੱਕ ਦਿੱਤਾ ਗਿਆ ਹੈ।
ਭਾਰਤ ਵਿੱਚ ਲੜਕੀਆਂ ਲਈ ਪਹਿਲਾ ਸਕੂਲ ਸਥਾਪਿਤ ਕਰਨਾ ਅਤੇ ਤਥਾਕਥਿਤ ਪਛੜੀਆਂ ਜਾਤੀਆਂ ਦਾ ਉਥਾਨ ਕਰਨਾ ਫੂਲੇ ਜੋੜੇ ਦਾ ਕੰਮ ਸਮਾਜਿਕ ਨਿਆਂ ਦੀ ਵਿਵਸਥਾ ਵਿੱਚ ਕੇਂਦਰੀ ਹੈ। ਫਿਲਮ ਵਿੱਚ ਪ੍ਰਤੀਕ ਗਾਂਧੀ ਜੋਤੀਰਾਵ ਫੂਲੇ ਦੀ ਭੂਮਿਕਾ ਵਿੱਚ ਅਤੇ ਪਤ੍ਰਲੇਖਾ ਸਾਵਿਤਰੀਬਾਈ ਫੂਲੇ ਦੀ ਭੂਮਿਕਾ ਵਿੱਚ ਹਨ। ਇਹ ਫਿਲਮ 19ਵੀਂ ਸਦੀ ਦੇ ਭਾਰਤ ਵਿੱਚ ਸਿੱਖਿਆ ਅਤੇ ਸਮਾਜਿਕ ਸਮਾਨਤਾ ਲਈ ਉਨ੍ਹਾਂ ਦੇ ਅਗਾਂਹਵਧੂ ਯਤਨਾਂ ਦਾ ਜਾਇਜ਼ਾ ਲੈਂਦੀ ਹੈ, ਜਿਨ੍ਹਾਂ ਵਿੱਚ 1848 ਵਿੱਚ ਲੜਕੀਆਂ ਲਈ ਦੇਸ਼ ਦਾ ਪਹਿਲਾ ਸਕੂਲ ਸਥਾਪਿਤ ਕਰਨਾ ਸ਼ਾਮਲ ਹੈ। ਅਨੰਤ ਮਹਾਦੇਵਨ ਦੁਆਰਾ ਨਿਰਦੇਸ਼ਿਤ ਇਸ ਫਿਲਮ ਦਾ ਉਦੇਸ਼ ਜਾਤੀ ਅਤੇ ਲਿੰਗ ਭੇਦਭਾਵ ਦੇ ਵਿਰੁੱਧ ਉਨ੍ਹਾਂ ਦੇ ਅਣਥੱਕ ਸੰਘਰਸ਼ ਉੱਤੇ ਰੌਸ਼ਨੀ ਪਾਉਣਾ ਹੈ।
ਬ੍ਰਾਹਮਣ ਸੰਸਥਾਵਾਂ ਦੇ ਇਤਰਾਜ਼ਾਂ ਦੇ ਜਵਾਬ ਵਜੋਂ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀਬੀਐੱਫਸੀ) ਨੇ ਫਲਿਮ ਵਿੱਚ ਤਬਦੀਲੀਆਂ ਕਰਨ ਦੀ ਸਿਫਾਰਿਸ਼ ਕੀਤੀ ਹੈ। ਸੀਬੀਐੱਫਸੀ ਨੇ ਫਲਿਮ ਵਿੱਚ ‘ਮਾਂਗ’, ‘ਮਹਾਰ’, ‘ਪੇਸ਼ਵਾਈ’ ਵਰਗੇ ਜਾਤੀ ਸੰਬੰਧੀ ਸੰਦਰਭ ਵਾਲੇ ਸ਼ਬਦਾਂ ਨੂੰ ਹਟਾਉਣ ਜਾਂ ਬਦਲਣ ਦੀ ਸਿਫਾਰਸ਼ ਕੀਤੀ ਹੈ। ਇਸੇ ਤਰ੍ਹਾਂ, ‘3, 000 ਸਾਲਾਂ ਦੀ ਗੁਲਾਮੀ’ ਵਾਲੇ ਸੰਵਾਦ ਨੂੰ ‘ਕਈ ਸਾਲਾਂ ਦੀ ਗੁਲਾਮੀ’ ਵਜੋਂ ਸੁਧਾਰਿਤ ਅਭਿਵਿਆਕਤੀ ਸੁਝਾਈ ਗਈ ਹੈ। ਅਸਲ ਵਿੱਚ ਇਸ ਨਾਲ ਫੂਲੇ ਦੀ ਲਹਿਰ ਵਿੱਚ ਜਾਤੀ ਅੱਤਿਆਚਾਰਾਂ ਦੀ ਸਖ਼ਤ ਇਤਿਹਾਸਕ ਵਾਸਤਵਿਕਤਾ ਨੂੰ ਨਰਮ ਕੀਤਾ ਜਾ ਰਿਹਾ ਹੈ। ਇਹ ਕਟੌਤੀ ਫੂਲੇ ਦੇ ਵਿਚਾਰਧਾਰਕ ਵਿਰਸੇ ਦੀ ਪ੍ਰਮਾਣਿਕਤਾ ਅਤੇ ਉਨ੍ਹਾਂ ਦੁਆਰਾ ਪ੍ਰਤੀਨਿਧਤ ਕੀਤੇ ਗਏ ਵੰਚਿਤ ਸਮੂਹਾਂ ਦੇ ਇਤਿਹਾਸਕ ਸੰਘਰਸ਼ ਉੱਤੇ ਅਨਿਆਂਪੂਰਨ ਪ੍ਰਭਾਵ ਪਾਉਂਦੀ ਹੈ। ਵੱਖ-ਵੱਖ ਸਮਾਜਿਕ ਸੰਸਥਾਵਾਂ ਨੇ ਇਸ ਫਿਲਮ ਦੀ ਆਲੋਚਨਾ ਕੀਤੀ ਹੈ ਅਤ ਉਹ ਸੀਬੀਐੱਫਸੀ ਉੱਤੇ ਦੋਗਲੇਪਣ ਦਾ ਇਲਜ਼ਾਮ ਲਗਾ ਰਹੀਆਂ ਹਨ।
ਪਹਿਲੀ ਗੱਲ ਇਹ ਹੈ ਕਿ ਕੀ ਸਾਡੇ ਦੇਸ਼ ਵਿੱਚ ਫਿਲਮਾਂ ਨੂੰ ਮਨਜ਼ੂਰੀ ਦੇ ਮਾਪਦੰਡ ਵੱਖ-ਵੱਖ ਹਨ? ਵਿਵਾਦਿਤ ਬਿਆਨਾਂ ਅਤੇ ਜਾਣਕਾਰੀ ਵਾਲੀਆਂ ‘ਦ ਕੇਰਲ ਸਟੋਰੀ’ ਅਤੇ ‘ਦ ਕਸ਼ਮੀਰ ਫਾਈਲਜ਼’ ਵਰਗੀਆਂ ਫਿਲਮਾਂ ਨੂੰ ਸੈਂਸਰ ਬੋਰਡ ਨੇ ਆਸਾਨੀ ਨਾਲ ਮਨਜ਼ੂਰੀ ਦੇ ਦਿੱਤੀ, ਇਸ ਤਰ੍ਹਾਂ ਦੀਆਂ ਹੋਰ ਫਿਲਮਾਂ ਨੂੰ ਇਸ ਤਰ੍ਹਾਂ ਦੀ ਕਟੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ। ਪਰ ਸਮਾਜਿਕ ਸੁਧਾਰ ਅਤੇ ਬ੍ਰਾਹਮਣਸ਼ਾਹੀ ਮੁੱਲਾਂ ਵਿਰੁੱਧ ਸੰਘਰਸ਼ ਕਰਨ ਵਾਲੇ ‘ਫੂਲੇ’ ਇਸ ਸਮਾਜ ਸੁਧਾਰਕ ਜੋਤੀਰਾਵ ਫੂਲੇ ਅਤੇ ਸਾਵਿਤਰੀਬਾਈ ਫੂਲੇ ਦੇ ਕੰਮ ਉੱਤੇ ਫਿਲਮ ਵਿੱਚ ਕਈ ਤਬਦੀਲੀਆਂ ਕਰਨ ਦੀ ਸਲਾਹ ਜਾਣਬੁੱਝ ਕੇ ਦਿੱਤੀ ਜਾ ਰਹੀ ਹੈ। ਮਹਾਤਮਾ ਫੂਲੇ ਦਾ ਜਨਮ 11 ਅਪਰੈਲ ਨੂੰ ਹੋਇਆ ਸੀ। ਉਨ੍ਹਾਂ ਦੀ ਜਯੰਤੀ ਦੇ ਮੌਕੇ ਇਹ ਫਿਲਮ ਰਿਲੀਜ਼ ਹੋਣ ਦਾ ਸੰਬੰਧ ਇਸਦੇ ਵਪਾਰਕ ਹਿਤਾਂ ਨਾਲ ਵੀ ਹੈ। ਇਹ ਫਿਲਮ ਸਮੇਂ ਸਿਰ ਰਿਲੀਜ਼ ਨਾ ਹੋਣ ਕਾਰਨ ਇਸਦੀ ਸਫਲਤਾ ਉੱਤੇ ਅਸਰ ਪਵੇਗਾ, ਇਸ ਲਈ ਇਹ ਤਬਦੀਲੀਆਂ ਸੁਝਾਈਆਂ ਗਈਆਂ ਹਨ ਅਤੇ ਮਨਜ਼ੂਰੀ ਵਿੱਚ ਦੇਰੀ ਹੋਈ ਹੈ। ਇਹ ਅਸੰਗਤਤਾ ਦਰਸਾਉਂਦੀ ਹੈ ਕਿ ਸੀਬੀਐੱਫਸੀ ਸਾਰੀਆਂ ਫਿਲਮਾਂ ਉੱਤੇ ਇੱਕਸਾਰ ਨਿਯਮ ਲਾਗੂ ਨਹੀਂ ਕਰਦੀ। ਜਿਨ੍ਹਾਂ ਫਿਲਮਾਂ ਦੇ ਕਥਾਨਕ ਕੁਝ ਖਾਸ ਦ੍ਰਿਸ਼ਟੀਕੋਣਾਂ ਨੂੰ ਸਮਰਥਨ ਦਿੰਦੇ ਹਨ, ਉਨ੍ਹਾਂ ਨੂੰ ਆਸਾਨੀ ਹੁੰਦੀ ਹੈ, ਜਦਕਿ ਜੋ ਚੁਣੌਤੀਪੂਰਨ ਵਿਸ਼ਿਆਂ ਬਾਰੇ ਹੋਣ, ਉਨ੍ਹਾਂ ਨੂੰ ਰੁਕਾਵਟਾਂ ਆਉਂਦੀਆਂ ਹਨ। ਇਹ ਚੋਣਵਾਦ ਸੀਬੀਐੱਫਸੀ ਦੀ ਨਿਰਪੱਖਤਾ ਉੱਤੇ ਸਵਾਲ ਖੜ੍ਹੇ ਕਰਦਾ ਹੈ। ਇਸ ਨਾਲ ਕਲਾਤਮਕ ਆਜ਼ਾਦੀ ਅਤੇ ਇਤਿਹਾਸਕ ਸਚਾਈ ਨੂੰ ਅੱਗੇ ਲਿਆਉਣ ਉੱਤੇ ਪਾਬੰਦੀਆਂ ਆ ਰਹੀਆਂ ਹਨ।
ਦੂਜੀ ਗੱਲ ਇਹ ਹੈ ਕਿ ਭਾਰਤ ਵਿੱਚ ਜਾਤੀ ਇੱਕ ਅਤਿਅੰਤ ਸੰਵੇਦਨਸ਼ੀਲ ਮੁੱਦਾ ਹੈ। ਜਾਤੀ ਅਧਾਰਿਤ ਵਿਤਕਰਾ ਅੱਜ ਵੀ ਕਾਇਮ ਹੈ। ‘ਫੂਲੇ’ ਵਰਗੀਆਂ ਫਿਲਮਾਂ, ਜੋ ਇਨ੍ਹਾਂ ਸਵਾਲਾਂ ਨਾਲ ਸਿੱਧੀਆਂ ਟਕਰਾਉਂਦੀਆਂ ਹਨ, ਨੂੰ ਵੱਖ-ਵੱਖ ਤਰੀਕਿਆਂ ਨਾਲ ਰੋਕਿਆ ਜਾਂਦਾ ਹੈ। ਜੇਕਰ ਸੈਂਸਰ ਬੋਰਡ ਵਿੱਚ ਮੌਜੂਦ ਲੋਕਾਂ ਦੇ ਨਾਮਾਂ ਅਤੇ ਉਨ੍ਹਾਂ ਦੀ ਪਿੱਠਭਮੀ ਦੀ ਜਾਂਚ ਕੀਤੀ ਜਾਵੇ ਤਾਂ ਇਹ ਕਹਿਣ ਦੀ ਕਈ ਲੋੜ ਨਹੀਂ ਕਿ ਸੀਬੀਐੱਫਸੀ ਦੀ ਇਹ ਕਾਰਵਾਈ ਰਾਜਨੀਤਕ ਦਬਾਅ ਜਾਂ ਸਮਾਜਿਕ ਸਥਿਰਤਾ ਦੇ ਨਾਂ ਹੇਠ ਹੋ ਰਹੀ ਹੈ। ‘ਫੂਲੇ’ ਵਰਗੀ ਫਿਲਮ ਲਈ ਸਖ਼ਤ ਨਿਯਮ ਲਾਗੂ ਕਰਨਾ ਇਹ ਦਰਸਾਉਂਦਾ ਹੈ ਕਿ ਸੀਬੀਐੱਫਸੀ ਸਮਾਜਿਕ ਸੁਧਾਰਾਂ ਬਾਰੇ ਬੋਲਣ ਵਾਲੀਆਂ ਫਿਲਮਾਂ ਉੱਤੇ ਕੰਟਰੋਲ ਲਿਆਉਣਾ ਚਾਹੁੰਦੀ ਹੈ, ਜਦਕਿ ਵੰਡ ਪੈਦਾ ਕਰਨ ਵਾਲੀਆਂ ਕਹਾਣੀਆਂ ਨੂੰ ਛੋਟ ਦਿੰਦੀ ਹੈ।
ਤੀਜੀ ਮਹੱਤਵਪੂਰਨ ਗੱਲ ਇਹ ਹੈ ਕਿ ‘ਫੂਲੇ’ ਫਿਲਮ ਨੂੰ ਸਮੇਂ ਸਿਰ ਰਿਲੀਜ਼ ਕਰਨ ਦੀ ਇਜਾਜ਼ਤ ਨਾ ਦੇਣ ਪਿੱਛੇ ਬ੍ਰਾਹਮਣ ਸੰਗਠਨਾਂ ਦੀਆਂ ਸ਼ਿਕਾਇਤਾਂ ਦਾ ਵੱਡਾ ਹੱਥ ਹੈ। ਇਨ੍ਹਾਂ ਸੰਗਠਨਾਂ ਦਾ ਮੰਨਣਾ ਹੈ ਕਿ ਜੋਤੀਰਾਓ ਅਤੇ ਸਾਵਿਤਰੀਬਾਈ ਫੂਲੇ ਦੇ ਜੀਵਨ ਉੱਤੇ ਆਧਾਰਿਤ ਇਸ ਫਿਲਮ ਵਿੱਚ ਬ੍ਰਾਹਮਣ ਭਾਈਚਾਰੇ ਦਾ ਪ੍ਰਤੀਕੂਲ ਚਿੱਤਰਣ ਕੀਤਾ ਗਿਆ ਹੈ, ਜਿਸ ਕਾਰਨ ਬ੍ਰਾਹਮਣਾਂ ਨੂੰ ਖਲਨਾਇਕ ਵਾਂਗ ਦਿਖਾਇਆ ਗਿਆ ਹੈ ਜਾਂ ਉਨ੍ਹਾਂ ਉੱਤੇ ਅਨਿਆਂਪੂਰਨ ਟਿੱਪਣੀ ਕੀਤੀ ਗਈ ਹੈ। ਇਨ੍ਹਾਂ ਸ਼ਿਕਾਇਤਾਂ ਕਾਰਨ ਸੀਬੀਐੱਫਸੀ ਨੇ ਫਿਲਮ ਦੇ ਪ੍ਰਦਰਸ਼ਨ ਉੱਤੇ ਸਵਾਲ ਉਠਾਏ ਅਤੇ ਕੁਝ ਦ੍ਰਿਸ਼ਾਂ ਅਤੇ ਸੰਵਾਦਾਂ ਉੱਤੇ ਇਤਰਾਜ਼ ਜਿਤਾਏ ਅਤੇ ਤਬਦੀਲੀਆਂ ਦਾ ਸੁਝਾਅ ਦਿੱਤਾ, ਜਿਸ ਕਾਰਨ ਫਿਲਮ ਦੇ ਪ੍ਰਦਰਸ਼ਨ ਵਿੱਚ ਦੇਰੀ ਹੋਈ ਹੈ। ਪਰ ਦੂਜੇ ਪਾਸੇ ਫਿਲਮ ਨਿਰਮਾਤਾਵਾਂ ਦਾ ਦਾਅਵਾ ਹੈ ਕਿ ਫਿਲਮ ਇਤਿਹਾਸਕ ਤੌਰ ’ਤੇ ਸਹੀ ਹੈ ਅਤੇ ਇਸ ਵਿੱਚ ਫੂਲੇ ਜੋੜੇ ਦੇ ਕੰਮ ਨੂੰ ਸਮਰਥਨ ਦੇਣ ਵਾਲੇ ਬ੍ਰਾਹਮਣ ਕਿਰਦਾਰ ਵੀ ਹਨ ਅਤੇ ਉਨ੍ਹਾਂ ਦਾ ਕਿਸੇ ਵੀ ਭਾਈਚਾਰੇ ਨੂੰ ਬਦਨਾਮ ਕਰਨ ਦਾ ਇਰਾਦਾ ਨਹੀਂ ਹੈ। ਫਿਰ ਵੀ ਸੀਬੀਐੱਫਸੀ ਨੇ ਬ੍ਰਾਹਮਣ ਸੰਗਠਨਾਂ ਦੀਆਂ ਸ਼ਿਕਾਇਤਾਂ ਨੂੰ ਤਰਜੀਹ ਦਿੱਤੀ, ਫਿਲਮ ਨਿਰਮਾਤਾਵਾਂ ਦੇ ਇਤਿਹਾਸਕ ਸ਼ੁੱਧਤਾ ਦੇ ਦਾਅਵਿਆਂ ਨੂੰ ਨਜ਼ਰਅੰਦਾਜ਼ ਕਰਕੇ ਜਾਤੀ ਨਾਲ ਸੰਬੰਧਿਤ ਸ਼ਬਦਾਂ ਜਾਂ ਘਟਨਾਵਾਂ ਨੂੰ ਬਦਲਣ ਦੀ ਜ਼ਿਦ ਕੀਤੀ। ਇਸ ਨਾਲ ਸੀਬੀਐੱਫਸੀ ਦੀ ਨਿਰਪੱਖਤਾ ਸ਼ੱਕੀ ਬਣਦੀ ਹੈ ਕਿਉਂਕਿ ਉਹ ਇੱਕ ਖਾਸ ਗਰੁੱਪ ਦੀਆਂ ਭਾਵਨਾਵਾਂ ਨੂੰ ਜ਼ਿਆਦਾ ਮਹੱਤਵ ਦੇ ਰਹੇ ਹਨ ਅਤੇ ਫਿਲਮ ਨਿਰਮਾਤਾਵਾਂ ਦੇ ਕਲਾਤਮਕ ਦ੍ਰਿਸ਼ਟੀਕੋਣ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਨਤੀਜੇ ਵਜੋਂ ਇਹ ਸਵਾਲ ਉੱਠਦਾ ਹੈ ਕਿ ਕੀ ਸੀਬੀਐੱਫਸੀ ਸੁਤੰਤਰ ਰੂਪ ਵਿੱਚ ਫੈਸਲੇ ਲੈ ਰਹੀ ਹੈ ਜਾਂ ਸੰਗਠਨਾਂ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਜੇਕਰ ਸੀਬੀਐੱਫਸੀ ਦਬਾਅ ਹੇਠ ਇਤਿਹਾਸਕ ਸੱਚ ਜਾਂ ਕਲਾਤਮਕ ਦ੍ਰਿਸ਼ਟੀਕੋਣ ਨੂੰ ਬਦਲਣ ਲਈ ਮਜਬੂਰ ਕਰਦੀ ਹੈ ਤਾਂ ਫਿਲਮ ਨਿਰਮਾਤਾਵਾਂ ਦਾ ਅਸਲ ਸੰਦੇਸ਼ ਕਮਜ਼ੋਰ ਹੋ ਜਾਂਦਾ ਹੈ ਅਤੇ ਦਰਸ਼ਕਾਂ ਦੇ ਜਾਣਕਾਰੀ ਦੇ ਅਧਿਕਾਰ ਉੱਤੇ ਅਸਰ ਪੈਂਦਾ ਹੈ। ਇਸ ਲਈ ਸੀਬੀਐੱਫਸੀ ਦੇ ਕੰਮ ਕਰਨ ਦੇ ਤਰੀਕੇ ਅਤੇ ਭਰੋਸੇਯੋਗਤਾ ਉੱਤੇ ਸਵਾਲ ਉੱਠਣਾ ਸੁਭਾਵਿਕ ਹੈ।
ਚੌਥਾ ਮੁੱਦਾ ਕਲਾਤਮਕ ਆਜ਼ਾਦੀ ਦਾ ਹੈ। ਫੂਲੇ ਦੇ ਮਿਸ਼ਨ ਦਾ ਮੂਲ ਤੱਤ ਸ਼ੋਸ਼ਣ ਆਧਾਰਿਤ ਸੁਧਾਰ ਸੀ, ਇਸ ਲਈ ਉਸ ਸਮੇਂ ਵੱਡਾ ਵਿਰੋਧ ਅਤੇ ਸਖ਼ਤ ਸਮਾਜਿਕ ਸੰਘਰਸ਼ ਹੋਣਾ ਸੀ। ਇਨ੍ਹਾਂ ਸੰਪਾਦਨਾ ਕਾਰਨ ਫਿਲਮ ਦੀ ਇਤਿਹਾਸਕ ਸ਼ੁੱਧਤਾ ਪ੍ਰਭਾਵਿਤ ਹੋਵੇਗੀ। ਇਸ ਨਾਲ ਫਿਲਮ ਨਿਰਮਾਤਾਵਾਂ ਦੇ ਕਲਾਤਮਕ ਦ੍ਰਿਸ਼ਟੀਕੋਣ ਅਤੇ ਦਰਸ਼ਕਾਂ ਦੇ ਸਹੀ ਜਾਣਕਾਰੀ ਦੇ ਅਧਿਕਾਰ ਨਾਲ ਅਨਿਆਂ ਹੋ ਰਿਹਾ। ਇਹ ਇਤਿਹਾਸਕ ਤੱਥਾਂ ਉੱਤੇ ਆਧਾਰਿਤ ਸਮਾਜਿਕ ਭਿਆਨਕਤਾ ਦੀ ਕਲਾਤਮਕ ਅਭਿਵਿਆਕਤੀ ਅਤੇ ਮੌਜੂਦਾ ਰਾਜਨੀਤਿਕ ਵਿਵਸਥਾ ਵਿੱਚ ਸੰਘਰਸ਼ ਹੈ।
ਫਿਲਮ ਨੂੰ ਮਨਜ਼ੂਰੀ ਮਿਲੇ ਜਾਂ ਵਿਰੋਧ ਹੋਵੇ, ਇੱਕ ਗੱਲ ਪੱਕੀ ਹੈ ਕਿ ਇਹ ਫਿਲਮ ਸਾਡੇ ਸਮਾਜਿਕ ਇਤਿਹਾਸ ਦਾ ਆਈਨਾ ਹੋਣ ਕਾਰਨ ਤਿੱਖੀ ਹਕੀਕਤ ਸਾਹਮਣੇ ਲਿਆ ਰਹੀ ਹੈ। ਇਸ ਵਿੱਚ ਸਿੱਖਿਆ ਲਈ ਸੰਘਰਸ਼ ਕਰਨ ਵਾਲੀ ਔਰਤ, ਜਾਤੀ ਦੀਆਂ ਕੰਧਾਂ ਨੂੰ ਤੋੜਨ ਵਾਲਾ ਅਧਿਆਪਕ, ਬ੍ਰਾਹਮਣਵਾਦੀ ਦਬਦਬੇ ਉੱਤੇ ਆਧਾਰਿਤ ਹਿੰਦੂ ਧਰਮ ਦੀ ਜਾਤੀ ਵਿਵਸਥਾ, ਸਮਾਜਿਕ ਬਾਈਕਾਟ, ਧਾਰਮਿਕ ਦਹਿਸ਼ਤ, ਮਹਾਤਮਾ ਫੂਲੇ ਦਾ ਜੀਵਨ ਚਿੱਤਰ ਇਨ੍ਹਾਂ ਸਾਰਿਆਂ ਨੂੰ ਸ਼ਾਮਲ ਕਰਦਾ ਹੈ।
ਮਹਾਤਮਾ ਫੂਲੇ ਦਾ ਕੰਮ ਉਨ੍ਹਾਂ ਦੀ ਪਤਨੀ ਸਾਵਿਤਰੀਬਾਈ ਫੂਲੇ ਦੇ ਯੋਗਦਾਨ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ। ਇੱਕ ਅਨਪੜ੍ਹ ਛੋਟੀ ਉਮਰ ਵਿੱਚ ਵਿਆਹੀ ਹੋਈ ਕੁੜੀ ਨੂੰ ਉਨ੍ਹਾਂ ਨੇ ਸਿੱਖਿਆ ਦਿੱਤੀ ਅਤੇ ਸਮਾਜ ਵਿੱਚ ਪਹਿਲੀ ਔਰਤ ਅਧਿਆਪਕ ਵਜੋਂ ਖੜ੍ਹਾ ਕੀਤਾ। ਇਸ ਔਰਤ ਨੇ ਸਮਾਜਿਕ ਬਾਈਕਾਟ ਦੇ ਸਾਹਮਣੇ ਖੜ੍ਹ ਕੇ ਸਿੱਖਿਆ ਦਾ ਦੀਵਾ ਲਗਾਤਾਰ ਜਗਦਾ ਰੱਖਿਆ। ਫੂਲੇ ਨੇ ਜਾਤੀਵਾਦੀ ਦਬਦਬੇ ਉੱਤੇ ਆਧਾਰਿਤ ਸਿੱਖਿਆ ਵਿਵਸਥਾ ਦੀਆਂ ਕੰਧਾਂ ਢਾਹ ਦਿੱਤੀਆਂ। ਉਨ੍ਹਾਂ ਨੇ ਅਛੂਤ, ਦਲਿਤ ਅਤੇ ਸ਼ੂਦਰ ਬੱਚਿਆਂ ਲਈ ਵੱਖਰੇ ਸਕੂਲ ਸ਼ੁਰੂ ਕੀਤੇ। ਉਨ੍ਹਾਂ ਦੇ ਸਕੂਲਾਂ ਵਿੱਚ ਜਾਤੀ ਨਹੀਂ ਪੁੱਛੀ ਜਾਂਦੀ ਸੀ, ਜੋ ਉਸ ਸਮੇਂ ਕ੍ਰਾਂਤੀਕਾਰੀ ਸੀ। ਫੂਲੇ ਨੇ ‘ਗੁਲਾਮਗਿਰੀ’ ਵਰਗੇ ਗ੍ਰੰਥ ਵਿੱਚ ਜਾਤੀ ਵਿਵਸਥਾ ਦਾ ਪਰਦਾਫਾਸ਼ ਕੀਤਾ ਅਤੇ ਬ੍ਰਾਹਮਣਸ਼ਾਹੀ ਉੱਤੇ ਸਿੱਧਾ ਹਮਲਾ ਕੀਤਾ। ਉਨ੍ਹਾਂ ਕਿਹਾ, “ਜਦੋਂ ਤਕ ਸਮਾਜ ਸਿੱਖਿਅਤ ਨਹੀਂ ਹੁੰਦਾ, ਉਦੋਂ ਤਕ ਉਹ ਗੁਲਾਮ ਹੀ ਰਹੇਗਾ।”
ਮਹਾਤਮਾ ਫੂਲੇ ਦੁਆਰਾ ਸ਼ੁਰੂ ਕੀਤੀ ਗਈ ਸਮਾਜਿਕ ਲਹਿਰ ਸੱਤਾਧਾਰੀ ਜਾਤੀ ਵਿਵਸਥਾ ਦਾ ਵਿਰੋਧ ਕਰਦੀ ਸੀ। ਇਸ ਕਾਰਨ ਉਨ੍ਹਾਂ ਨੂੰ ਸਮਾਜ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨਾਲੋਂ ਸੰਬੰਧ ਤੋੜ ਗਿਆ ਅਤੇ ਸਮਾਜ ਨੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ। ਸਾਵਿਤਰੀਬਾਈ ’ਤੇ ਸੁੱਟ ਗਏ ਅਪਮਾਨ ਅਤੇ ਗੰਦਗੀ ਦੇ ਬਾਵਜਦ ਉਹ ਡਗਮਗਾਏ ਨਹੀਂ। ਉਨ੍ਹਾਂ ਨੇ ਧਾਰਮਕਿ ਦਹਿਸ਼ਤ ਦਾ ਵੀ ਸਾਹਮਣਾ ਕੀਤਾ। ਉਨ੍ਹਾਂ ਨੇ ਰੱਬ, ਧਰਮ ਅਤੇ ਪੂਜਾ-ਪਧਤੀਆਂ ਬਾਰੇ ਸਵਾਲ ਉਠਾਏ। “ਰੱਬ ਮਨੁੱਖ ਦਾ ਸਰਿਜਣਹਾਰ ਨਹੀਂ, ਬਲਕਿ ਮਨੁੱਖ ਰੱਬ ਦਾ ਸਿਰਜਣਹਾਰ ਹੈ।” ਇਹ ਉਨ੍ਹਾਂ ਨੇ ਸਪਸ਼ਟ ਰੂਪ ਵਿੱਚ ਕਿਹਾ। ਇਨ੍ਹਾਂ ਵਿਚਾਰਾਂ ਕਾਰਨ ਉਨ੍ਹਾਂ ਨੂੰ ‘ਨਾਸਤਿਕ’ ਅਤੇ ‘ਧਰਮ ਧ੍ਰੋਹੀ’ ਕਹਿ ਕੇ ਮਖੌਲ ਉਡਾਇਆ ਗਿਆ, ਪਰ ਉਨ੍ਹਾਂ ਨੇ ਆਪਣੇ ਵਿਚਾਰਾਂ ਦਾ ਰਾਹ ਨਹੀਂ ਛੱਡਿਆ।
ਮਹਾਤਮਾ ਫੂਲੇ ਦਾ ਕੰਮ ਸਿਰਫ਼ ਸਿੱਖਿਆ ਤਕ ਸੀਮਿਤ ਨਹੀਂ ਸੀ। ਉਨ੍ਹਾਂ ਨੇ ਸਤਿਆਸ਼ੋਧਕ ਸਮਾਜ ਦੀ ਸਥਾਪਨਾ ਕਰਕੇ ਸਮਾਜਿਕ ਸਮਾਨਤਾ ਦਾ ਨਵਾਂ ਰਾਹ ਖੋਲ੍ਹਿਆ। ਵਿਧਵਾ ਪੁਨਰਵਿਵਾਹ, ਔਰਤਾਂ ਦੇ ਗਰਭਪਾਤ ਦੇ ਅਧਿਕਾਰ, ਲੜਕੀਆਂ ਦੀ ਸਿੱਖਿਆ ਦੀ ਜ਼ਰੂਰਤ, ਖੇਤੀ ਵਿੱਚ ਸ਼ੋਸ਼ਣ ਅਤੇ ਬ੍ਰਾਹਮਣ-ਪੁਜਾਰੀ ਵਰਗ ਦਾ ਦਬਦਬਾ ਵਰਗੇ ਵੱਖ-ਵੱਖ ਸਮਾਜਿਕ ਮੁੱਦਿਆਂ ’ਤੇ ਉਨ੍ਹਾਂ ਨੇ ਲਿਖਿਆ ਅਤੇ ਕਾਰਵਾਈ ਕੀਤੀ। ਉਨ੍ਹਾਂ ਨੇ ਕਿਤੇ ਵੀ ਸੰਘਰਸ਼ ਨਹੀਂ ਰੋਕਿਆ ਅਤੇ ਸਤਿਆਸ਼ੋਧਕ ਸਮਾਜ ਦੀ ਸਥਾਪਨਾ ਕੀਤੀ, ਜਿਸਦਾ ਮੁੱਖ ਉਦੇਸ਼ ਜਾਤੀਆਂ ਵਿੱਚ ਸਮਾਨਤਾ ਸਥਾਪਿਤ ਕਰਨਾ ਅਤੇ ਬ੍ਰਾਹਮਣਵਾਦੀ ਦਬਦਬੇ ਦਾ ਵਿਰੋਧ ਕਰਨਾ ਸੀ।
ਸਤਿਆਸ਼ੋਧਕ ਸਮਾਜ ਨੇ ਵਿਆਹ, ਨਾਮਕਰਣ, ਅੰਤਿਮ ਸੰਸਕਾਰ ਵਰਗੇ ਧਾਰਮਿਕ ਰੀਤੀ-ਰਿਵਾਜ਼ ਬ੍ਰਾਹਮਣਾਂ ਤੋਂ ਬਿਨਾਂ ਕਰਨੇ ਸ਼ੁਰੂ ਕੀਤੇ। ਜਾਤੀ ਦਾ ਵਿਚਾਰ ਕੀਤੇ ਬਿਨਾਂ ਇਕੱਠੇ ਖਾਣ ਅਤੇ ਜਨਤਕ ਪ੍ਰੋਗਰਾਮ ਆਯੋਜਿਤ ਕਰਨ ਦੀ ਪਰੰਪਰਾ ਸ਼ੁਰੂ ਕੀਤੀ। ਸਾਰੀਆਂ ਜਾਤੀਆਂ ਦੇ ਲੋਕ ਇਕੱਠੇ ਹੋ ਕੇ “ਸਤਿਆਸ਼ੋਧਕ” ਵਜੋਂ ਆਪਣੀ ਪਛਾਣ ਬਣਾਈ। ਸਤਿਆਸ਼ੋਧਕ ਸਮਾਜ ਕਾਰਨ ਪਹਿਲੀ ਵਾਰ ਦਲਿਤਾਂ, ਸ਼ੂਦਰਾਂ ਅਤੇ ਔਰਤਾਂ ਨੂੰ ਇੱਕ ਅਜਿਹਾ ਸਮਾਜਿਕ ਮੰਚ ਮਿਲਿਆ ਜੋ ਉਨ੍ਹਾਂ ਦਾ ਆਪਣਾ ਜਾਪਦਾ ਸੀ। ਸਿੱਖਿਆ ਦੀ ਲਹਿਰ ਸਮਾਜ ਤਕ ਪਹੁੰਚੀ।
ਮਹਾਤਮਾ ਫੂਲੇ ਦੀ ਉਮਰ ਵਧੀ, ਸਿਹਤ ਖਰਾਬ ਹੋਈ, ਪਰ ਸਮਾਜ ਲਈ ਕੰਮ ਕਰਨ ਦੀ ਊਰਜਾ ਘੱਟ ਨਹੀਂ ਹੋਈ। ਉਨ੍ਹਾਂ ਦੀ ਮੌਤ ਤੋਂ ਬਾਅਦ ਵੀ ਸਤਿਆਸ਼ੋਧਕ ਲਹਿਰ ਜਾਰੀ ਰਹੀ। ਬਾਅਦ ਦੇ ਸਮੇਂ ਵਿੱਚ ਸ਼ਾਹੂ ਮਹਾਰਾਜ, ਡਾ. ਬਾਬਾ ਸਾਹਿਬ ਅੰਬੇਡਕਰ, ਪੇਰੀਆਰ ਵਰਗੇ ਆਗੂਆਂ ਨੂੰ ਸਤਿਆਸ਼ੋਧਕ ਵਿਚਾਰਧਾਰਾ ਨੇ ਪ੍ਰੇਰਿਤ ਕੀਤਾ। ਅੱਜ ਵੀ ਜਾਤੀ ਦੇ ਨਾਂ ’ਤੇ ਲੋਕਾਂ ਦਾ ਕਤਲ ਕੀਤਾ ਜਾਂਦਾ ਹੈ। ਰੱਬ-ਧਰਮ ਦੇ ਨਾਂ ’ਤੇ ਅੰਧਵਿਸ਼ਵਾਸ ਵਧਦਾ ਹੈ ਅਤੇ ਔਰਤਾਂ, ਦਲਿਤਾਂ, ਓਬੀਸੀ ਦੇ ਅਧਿਕਾਰਾਂ ’ਤੇ ਹਮਲਾ ਹੁੰਦਾ ਹੈ।
ਨਿਰਦੇਸ਼ਕ ਅਨੰਤ ਮਹਾਦੇਵਨ ਨੇ ਫਿਲਮ ਦੇ ਬਚਾ ਵਿੱਚ ਸਪਸ਼ਟ ਤੌਰ ’ਤੇ ਕਿਹਾ ਹੈ ਕਿ ‘ਮੇਰੀ ਫਿਲਮ ਦਾ ਕਈ ਏਜੰਡਾ ਨਹੀਂ ਹੈ। ਇਹ ਭਾਰਤੀ ਸਮਾਜ ਦਾ ਚਿਹਰਾ ਬਦਲਣ ਵਾਲੇ ਸਮਾਜ ਸੁਧਾਰਕਾਂ ਨੂੰ ਇੱਕ ਸਚੀ ਸ਼ਰਧਾਂਜਲੀ ਹੈ।” ਉਨ੍ਹਾਂ ਦੇ ਅਨੁਸਾਰ ਫਿਲਮ ਦਾ ਉਦੇਸ਼ ਭੜਕਾਉਣਾ ਨਹੀਂ, ਬਲਕਿ ਸਿੱਖਿਆ ਦੇਣਾ ਅਤੇ ਪ੍ਰੇਰਿਤ ਕਰਨਾ ਹੈ। ਫੂਲੇਵਾਦ ਸਿਰਫ਼ ਇੱਕ ਫਿਲਮ ਤਕ ਸੀਮਿਤ ਨਹੀਂ ਹੈ, ਇਹ ਭਾਰਤ ਵਿੱਚ ਜਾਤੀ ਚਰਚਾ ਦੇ ਆਲੇ-ਦਆਲੇ ਨਜ਼ਰ ਪਵਾਉਂਦੀ ਹੈ। ਹਾਲਾਂ ਕਿ ਫੂਲੇ ਦੇ ਕੰਮ ਨੂੰ ਸਿਖਿਆਤਮਿਕ ਤੌਰ ’ਤੇ ਜਾਣਿਆ ਜਾਂਦਾ ਹੈ ਪਰ ਮੀਡੀਆ ਰਾਹੀਂ ਉਨ੍ਹਾਂ ਦੇ ਸਮਾਜਿਕ ਬਦਲਾਅ ਦੇਖਣ ਦੇ ਵਿਚਾਰਾਂ ਨੂੰ ਦਰਸਾਉਣ ਦੀਆਂ ਕੋਸ਼ਿਸ਼ਾਂ ਅਜੇ ਵੀ ਵਿਰੋਧ ਦਾ ਸਾਹਮਣਾ ਕਰ ਰਹੀਆਂ ਹਨ।
ਜਾਤੀ ਅਸਮਾਨਤਾ ਨੂੰ ਚੁਣੌਤੀ ਦੇ ਕੇ ਦਲਿਤ-ਪੀੜਿਤ ਭਾਈਚਾਰਿਆਆਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਫੂਲੇ ਨੇ ਲਗਾਤਾਰ ਸੰਘਰਸ਼ ਕੀਤਾ। ਮਹਾਤਮਾ ਫੂਲੇ ਦੁਆਰਾ ਸ਼ੁਰੂ ਕੀਤਾ ਗਿਆ ਵਿਚਾਰਧਾਰਕ ਸੰਘਰਸ਼ ਅੱਜ ਵੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਸਿੱਖਿਆ, ਸਮਾਨਤਾ ਅਤੇ ਨਿਆਂ ਦੀ ਦਿਸ਼ਾ ਵਿੱਚ ਚੁੱਕੇ ਗਏ ਹਰ ਕਦਮ ਦੇ ਪਿੱਛੇ ਮਹਾਤਮਾ ਫੂਲੇ ਦਾ ਪ੍ਰੇਰਣਾਦਾਇਕ ਵਿਰਸਾ ਹੈ। ਮਹਾਤਮਾ ਫੂਲੇ ਅਤੇ ਸਾਵਿਤਰੀਬਾਈ ਫੂਲੇ ਦੁਆਰਾ ਦਿਖਾਇਆ ਗਿਆ ਰਾਹ ਅੱਜ ਵੀ ਬਹੁਤ ਸਾਰੇ ਲੋਕਾਂ ਦੇ ਵਿਚਾਰਾ ਨੂੰ ਸਹਾਰਾ ਦਿੰਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)