“ਬਾਅਦ ਦੁਪਹਿਰ ਦੋ ਜਵਾਨ ਮੁੰਡੇ ਸ਼ਾਰਦਾ ਪਵਾਰ ਦੇ ਦਫਤਰ ਵਿੱਚ ਆਏ ਅਤੇ ...”
(5 ਮਾਰਚ 2025)
ਪੰਜਾਬ ਵਿੱਚ ਜਦੋਂ ਕਾਲਾ ਦੌਰ ਸੀ, ਉਸ ਵੇਲੇ ਪੰਜਾਬ ਵਾਸੀਆਂ ਦੇ ਭਾਅ ਦੀ ਬਣੀ ਹੋਈ ਸੀ। ਜਦੋਂ ਕਿਤੇ ਕੋਈ ਵਾਰਦਾਤ ਹੁੰਦੀ ਤਾਂ ਉਸ ਥਾਂ ਦੇ ਆਸ ਪਾਸ ਦੇ ਇਲਾਕੇ ਦੀ ਛਾਣਬੀਣ ਪੁਲਿਸ ਜਾਂ ਬੀ.ਐੱਸ.ਐੱਫ ਵੱਲੋਂ ਕੀਤੀ ਜਾਂਦੀ ਸੀ। ਛਾਣਬੀਣ ਵਾਲੇ ਇਲਾਕੇ ਦੇ ਵਸਨੀਕਾਂ ਦੇ ਦਿਲ ’ਤੇ ਜੋ ਬੀਤਦੀ ਸੀ, ਇਹ ਉਹ ਹੀ ਜਾਣਦੇ ਹਨ। ਅੱਧੀ ਰਾਤ ਨੂੰ ਜਦੋਂ ਘਰ ਦਾ ਦਰਵਾਜਾ ਖੜਕਦਾ ਸੀ ਤਾਂ ਘਰ ਵਾਲਿਆਂ ਦੇ ਦਿਲ ਦਹਿਸ਼ਤ ਨਾਲ ਭਰ ਜਾਂਦੇ ਸਨ। ਪੁਲਿਸ ਦਾ ਉਦੋਂ ਇਹ ਵਿਚਾਰ ਹੁੰਦਾ ਸੀ ਕਿ ਵਾਰਦਾਤ ਕਰਨ ਵਾਲੇ ਆਸ ਪਾਸ ਦੇ ਇਲਾਕੇ ਵਿੱਚ ਹਥਿਆਰ ਛੁਪਾ ਕੇ ਚਲੇ ਜਾਂਦੇ ਸਨ। ਇਸ ਕਰਕੇ ਉਹ ਵਾਰਦਾਤ ਵਾਲੇ ਇਲਾਕੇ ਦੇ ਆਸਪਾਸ ਦੇ ਘਰਾਂ ਦੀ ਤਲਾਸ਼ੀ ਲੈਂਦੇ ਸਨ। ਜਦੋਂ ਕਿਤਿਓਂ ਵੀ ਵਾਰਦਾਤ ਵਿੱਚ ਵਰਤੇ ਹਥਿਆਰ ਨਾ ਮਿਲਦੇ ਤਾਂ ਅਖੀਰ ਪੁਲਿਸ ਪ੍ਰਸ਼ਾਸਣ ਨੇ ਆਪਣਾ ਵਿਚਾਰ ਬਦਲ ਲਿਆ। ਉਹ ਸੋਚਣਲੱਗ ਪਏ ਸਨ ਕਿ ਕੀਮਤੀ ਹਥਿਆਰ ਉਹ ਭਲਾ ਕਿਉਂ ਛੱਡ ਕੇ ਜਾਣਗੇ।
ਬਟਾਲੇ ਦੇ ਉਦਯੋਗਿਕ ਘਰਾਣੇ ਇਸੇ ਡਰ ਕਰਕੇ ਦੇਸ਼ ਦੇ ਦੂਜੇ ਸੁਰੱਖਿਅਤ ਸਮਝੇ ਜਾਣ ਵਾਲੇ ਰਾਜਾਂ ਵਿੱਚ ਚਲੇ ਗਏ ਸਨ। ਬੱਸਾਂ ਵਿੱਚੋਂ ਚੋਣਵੇਂ ਯਾਤਰੀਆਂ ਨੂੰ ਮਾਰਨ ਦੀਆਂ ਵਾਰਦਾਤਾਂ ਤਾਂ ਆਮ ਸੁਣਨ ਵਿੱਚ ਆਉਂਦੀਆਂ ਸਨ। ਇੱਕ ਵਾਰ ਜਲੰਧਰ ਵੱਲੋਂ ਆਉਂਦੀ ਬੱਸ ਰਸਤੇ ਵਿੱਚ ਖਾੜਕੂਆਂ ਨੇ ਰੋਕ ਲਈ ਅਤੇ ਬੱਸ ਨੂੰ ਉਹ ਇੱਕ ਸੁੰਨਸਾਨ ਜਗ੍ਹਾ ’ਤੇ ਲੈ ਗਏ। ਚੋਣਵੇਂ ਯਾਤਰੀਆਂ ਨੂੰ ਉਹਨਾਂ ਨੇ ਬਾਹਰ ਕੱਢ ਲਿਆ। ਬੱਸ ਵਿੱਚ ਸਾਡੇ ਦਫਤਰ ਦਾ ਇੱਕ ਕਰਮਚਾਰੀ ਵੀ ਸੀ। ਉਸ ਨੇ ਦੱਸਿਆ ਸੀ ਕਿ ਖਾੜਕੂਆਂ ਦੇ ਆਗੂ ਨੇ ਆਪਣੇ ਸਾਥੀ ਨੂੰ ਕਿਹਾ ਕਿ ਉਹ ਬੱਸ ਵਿੱਚੋਂ ਸਾਰੇ ਯਾਤਰੀ ਉਤਾਰ ਕੇ ਬੱਸ ਨੂੰ ਅੱਗ ਲਗਾ ਦੇਵੇ। ਜਦੋਂ ਸਾਥੀ ਤੋਂ ਬੱਸ ਨੂੰ ਅੱਗ ਨਾ ਲੱਗੀ ਤਾਂ ਆਗੂ ਜਦੋਂ ਆਪ ਬੱਸ ਨੂੰ ਅੱਗ ਲਾਉਣ ਗਿਆ ਤਾਂ ਚੋਣਵੇਂ ਯਾਤਰੀਆਂ ਵਿੱਚੋਂ ਕੁਝ ਨਾਲ ਲਗਦੇ ਕਮਾਦ ਵਿੱਚ ਲੁਕ ਗਏ ਅਤੇ ਕੁਝ ਹਨੇਰੇ ਵਿੱਚ ਆਸੇ ਪਾਸੇ ਦੌੜ ਗਏ। ਇੰਜ ਉਹਨਾਂ ਨੇ ਆਪਣੀ ਜਾਨ ਬਚਾਈ।
ਇੰਜ ਹੀ ਬਟਾਲੇ ਦਾ ਇੱਕ ਪ੍ਰਿਟਿੰਗ ਪ੍ਰੈੱਸ ਦਾ ਮਾਲਕ ਜੋ ਖਾੜਕੂਆਂ ਦੇ ਇਸ਼ਤਿਹਾਰ ਛਾਪਦਾ ਸੀ, ਉਸ ਦੀ ਵੀ ਖਾੜਕੂਆਂ ਨਾਲ ਵਿਗੜ ਗਈ ਤੇ ਉਹ ਵੀ ਖਾੜਕੂਆਂ ਨੇ ਮਾਰ ਮੁਕਾਇਆ। ਮੁੱਕਦੀ ਗੱਲ ਇਹ ਕਿ ਰਾਜ ਵਿੱਚ ਹਰ ਥਾਂ ਦਹਿਸ਼ਤ ਦਾ ਮਾਹੌਲ ਸੀ।
ਬਟਾਲੇ ਦੀ ਇੱਕ ਅਧਿਆਪਕਾ ਸ਼ਾਰਦਾ ਪਵਾਰ (ਹੁਣ ਇਸ ਦੁਨੀਆਂ ਵਿੱਚ ਨਹੀਂ), ਡੇਰਾ ਬਾਬਾ ਨਾਨਕ ਦੇ ਸਰਕਾਰੀ ਹਾਈ ਸਕੂਲ ਵਿੱਚ ਬਤੌਰ ਅਧਿਆਪਿਕਾ ਤਾਇਨਾਤ ਸੀ। ਡੇਰਾ ਬਾਬਾ ਨਾਨਕ ਬਟਾਲੇ ਤੋਂ ਲਗਭਗ 29 ਕਿਲੋਮੀਟਰ ਦੂਰ ਹੈ। ਸ਼ਾਰਦਾ ਪਵਾਰ ਰੋਜ਼ ਜਾਣ ਆਉਣ ਕਰਦੀ ਸੀ। ਇੱਕ ਦਿਨ ਸਕੂਲ ਦੀ ਮੁਖੀ ਛੁੱਟੀ ’ਤੇ ਸੀ, ਜਿਸ ਕਰਕੇ ਉਸ ਦਿਨ ਸ਼ਾਰਦਾ ਪਵਾਰ ਨੂੰ ਉਸ ਦੀ ਡਿਊਟੀ ਨਿਭਾਉਣੀ ਪਈ। ਅਚਾਨਕ ਸਕੂਲ ਲੱਗਣ ਵੇਲੇ ਦੋ ਵਿਦਿਆਰਥਣਾਂ ਦੌੜੀਆਂ ਦੌੜੀਆਂ ਉਸ ਦੇ ਦਫਤਰ ਵਿੱਚ ਆਈਆਂ ਅਤੇ ਕਹਿਣ ਲੱਗੀਆਂ, “ਮੈਡਮ ਜੀ, ਸਾਨੂੰ ਬਚਾ ਲਵੋ। ਸਾਡੇ ਪਿੱਛੇ ਦੋ ਮੁੰਡੇ ਲੱਗੇ ਹੋਏ ਹਨ।”
ਵਿਦਿਆਰਥਣਾਂ ਨੇ ਦੱਸਿਆ ਕਿ ਉਹ ਮੁੰਡੇ ਉਹਨਾਂ ਨੂੰ ਕਿਤੇ ਭੇਜਣਾ ਚਾਹੁੰਦੇ ਹਨ। ਸ਼ਾਰਦਾ ਦੇਵੀ ਨੇ ਸਕੂਲ ਦੇ ਮਾਲੀ ਨੂੰ ਤੁਰੰਤ ਆਪਣੇ ਦਫਤਰ ਵਿੱਚ ਬੁਲਾਇਆ ਅਤੇ ਕਿਹਾ ਕਿ ਇਨ੍ਹਾਂ ਕੁੜੀਆਂ ਨੂੰ ਆਪਣੇ ਕਮਰੇ ਵਿੱਚ ਲੁਕਾ ਕੇ ਬਾਹਰੋਂ ਤਾਲਾ ਲਗਾ ਦੇ। ਆਪਣੀ ਘਰ ਵਾਲੀ ਨੂੰ ਕਹਿ ਕੇ ਉਹ ਕਮਰੇ ਦੇ ਬਾਹਰ ਘਰ ਦਾ ਕੰਮ ਕਰਦੀ ਦਿਸੇ। ਸ਼ਾਰਦਾ ਦੇਵੀ ਨੇ ਮਾਲੀ ਨੂੰ ਕਿਹਾ ਕਿ ਉਹ ਰੋਜ਼ ਵਾਂਗ ਆਪਣੇ ਕੰਮ ਵਿੱਚ ਰੁੱਝ ਜਾਵੇ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਮਾਲੀ ਨੇ ਇੰਜ ਹੀ ਕੀਤਾ।
ਬਾਅਦ ਦੁਪਹਿਰ ਦੋ ਜਵਾਨ ਮੁੰਡੇ ਸ਼ਾਰਦਾ ਪਵਾਰ ਦੇ ਦਫਤਰ ਵਿੱਚ ਆਏ ਅਤੇ ਆ ਕੇ ਉਹਨਾਂ ਕੁੜੀਆਂ ਬਾਰੇ ਪੁੱਛਿਆ। ਸ਼ਾਰਦਾ ਪਵਾਰ ਨੇ ਉਹਨਾਂ ਕੁੜੀਆਂ ਦੀ ਜਮਾਤ ਦਾ ਹਾਜ਼ਰੀ ਰਜਿਸਟਰ ਉਹਨਾਂ ਨੂੰ ਵਿਖਾਇਆ ਅਤੇ ਕਿਹਾ ਕਿ ਉਹ ਤਾਂ ਅੱਜ ਸਕੂਲ ਆਈਆਂ ਹੀ ਨਹੀਂ। ਇੰਜ ਸ਼ਾਰਦਾ ਪਵਾਰ ਨੇ ਉਹਨਾਂ ਮੁੰਡਿਆਂ ਦੀ ਤਸੱਲੀ ਕਰਵਾਈ ਅਤੇ ਉਹ ਵਾਪਸ ਚਲੇ ਗਏ। ਸ਼ਾਮ ਨੂੰ ਸ਼ਾਰਦਾ ਦੇਵੀ ਨੇ ਉਹਨਾਂ ਕੁੜੀਆਂ ਦੇ ਘਰ ਵਾਲਿਆਂ ਨੂੰ ਸਕੂਲ ਬੁਲਾ ਕੇ ਕੁੜੀਆਂ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਅਤੇ ਤਾਕੀਦ ਕਰ ਦਿੱਤੀ ਕਿ ਦੋ ਤਿੰਨ ਦਿਨ ਉਹ ਕੁੜੀਆਂ ਨੂੰ ਸਕੂਲ ਨਾ ਭੇਜਣ।
ਇਸ ਘਟਨਾ ਨੇ ਸਕੂਲ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਅਗਲੇ ਦਿਨ ਜਦੋਂ ਸਕੂਲ ਦੀ ਮੁਖੀ ਦਫਤਰ ਆਈ ਤਾਂ ਸ਼ਾਰਦਾ ਪਵਾਰ ਨੇ ਬੀਤੇ ਦਿਨ ਦੀ ਸਾਰੀ ਘਟਨਾ ਉਸ ਨੂੰ ਸੁਣਾ ਦਿੱਤੀ। ਸਕੂਲ ਮੁਖੀ ਨੇ ਸ਼ਾਰਦਾ ਪਵਾਰ ਦੀ ਬੜੀ ਪ੍ਰਸ਼ੰਸਾ ਕੀਤੀ। ਇੰਜ ਕਈ ਦਿਨ ਬੀਤ ਗਏ। ਇੱਕ ਦਿਨ ਸਕੂਲ ਵਿੱਚ ਇੱਕ ਬਜ਼ੁਰਗ ਆਇਆ ਅਤੇ ਉਹ ਆਪਣੇ ਆਪ ਨੂੰ ਕਿਸੇ ਨਾਮੀ ਵਿਅਕਤੀ ਦਾ ਪਿਤਾ ਦੱਸਣ ਲੱਗਾ। ਉਕਤ ਕੁੜੀਆਂ ਵੀ ਉਸੇ ਪਿੰਡ ਦੀਆਂ ਰਹਿਣ ਵਾਲੀਆਂ ਸਨ, ਜਿਸ ਪਿੰਡ ਦਾ ਉਹ ਬਜ਼ੁਰਗ ਸੀ। ਉਹ ਬਜ਼ੁਰਗ ਸਕੂਲ ਦੇ ਮੁਖੀ ਨੂੰ ਕਹਿਣ ਲੱਗਾ ਕਿ ਉਸ ਦਿਨ ਉਹਨਾਂ ਨੇ ਝੂਠ ਬੋਲਿਆ ਸੀ ਕਿ ਉਹ ਕੁੜੀਆਂ ਸਕੂਲ ਨਹੀਂ ਆਈਆਂ ਜਿਸ ਨੂੰ ਉਹਨਾਂ ਦੇ ਪਿੰਡ ਦੇ ਦੋ ਮੁੰਡੇ ਉਹਨਾਂ ਨੂੰ ਲੱਭਣ ਆਏ ਸਨ। ਉਹ ਧਮਕੀ ਦੇ ਕੇ ਚਲਾ ਗਿਆ ਕਿ ਇਸਦਾ ਖਮਿਆਜ਼ਾ ਉਹਨਾਂ ਨੂੰ ਭੁਗਤਣਾ ਪਵੇਗਾ। ਇਹ 1980 ਦੇ ਦਹਾਕੇ ਦੀ ਘਟਨਾ ਹੈ।
ਸ਼ਾਰਦਾ ਪਵਾਰ ਨੂੰ ਸਕੂਲ ਜਾਂਦਿਆਂ ਤੇ ਸਕੂਲੋਂ ਬਟਾਲੇ ਆਉਂਦਿਆਂ ਇਹੀ ਡਰ ਸਤਾਉਂਦਾ ਰਹਿੰਦਾ ਕਿ ਕਿਤੇ ਉਹ ਮੁੰਡੇ ਉਸ ਨੂੰ ਕੋਈ ਨੁਕਸਾਨ ਨਾ ਪਹੁੰਚਾਉਣ। ਲਿਹਾਜ਼ਾ ਸਕੂਲ ਦੀ ਮੁਖੀ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਸਕੂਲ ਦੇ ਅਧਿਆਪਕਾਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਣ ਨੂੰ ਲਿਖਿਆ। ਭਾਵੇਂ ਸਕੂਲ ਨੂੰ ਸੁਰੱਖਿਆ ਮੁਹਈਆ ਕਰਵਾਈ ਗਈ ਪਰ ਘਰੋਂ ਜਾਣ ਅਤੇ ਘਰ ਪਰਤਣ ਸਮੇਂ ਕਿਸੇ ਅਣਸੁਖਾਵੀਂ ਘਟਨਾ ਤੋਂ ਸ਼ਾਰਦਾ ਪਵਾਰ ਪ੍ਰੇਸ਼ਾਨ ਰਹਿਣ ਲੱਗੀ।
ਸ਼ਾਰਦਾ ਪਵਾਰ ਦਾ ਪਤੀ ਦੇਸ਼ਭਗਤ ਸੀ ਅਤੇ ਉਹ ਬੜਾ ਦਲੇਰ ਸੀ। ਉਹ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਡਰਨ ਵਾਲਾ ਨਹੀਂ ਸੀ। ਪਰ ਫਿਰ ਵੀ ਆਪਣੀ ਘਰਵਾਲੀ ਦੀ ਬਦਲੀ ਕਰਵਾਉਣ ਲਈ ਉਸ ਨੇ ਬੜਾ ਚਾਰਾ ਕੀਤਾ ਪਰ ਬਦਲੀ ਨਾ ਹੋਈ। ਕਿਸੇ ਸਿਆਣੇ ਦੀ ਸਲਾਹ ’ਤੇ ਉਸ ਨੇ ਸਕੂਲ ਦੇ ਮੁਖੀ ਤੋਂ ਜ਼ਿਲ੍ਹੇ ਦੇ ਪੁਲਿਸ ਮੁਖੀ ਨੂੰ ਉਕਤ ਘਟਨਾ ਦਾ ਹਵਾਲਾ ਦੇ ਕੇ ਸੁਰੱਖਿਆ ਕਾਰਨਾਂ ਕਰਕੇ ਸ਼ਾਰਦਾ ਦੇਵੀ ਦੀ ਬਦਲੀ ਡੇਰਾ ਬਾਬਾ ਨਾਨਕ ਤੋਂ ਬਟਾਲਾ ਦੀ ਕਰਨ ਦੀ ਅਰਜ਼ੀ ਭਿਜਵਾ ਦਿੱਤੀ। ਪੁਲਿਸ ਮੁਖੀ ਨੇ ਸਿੱਖਿਆ ਵਿਭਾਗ ਨੂੰ ਉਹ ਅਰਜ਼ੀ ਸਿਫਾਰਿਸ਼ ਕਰਕੇ ਸ਼ਾਰਦਾ ਪਵਾਰ ਦੀ ਬਦਲੀ ਸੁਰੱਖਿਆ ਕਾਰਨਾਂ ਕਰਕੇ ਬਟਾਲੇ ਦੀ ਕਰਨ ਲਈ ਭੇਜ ਦਿੱਤੀ। ਇੰਜ ਸ਼ਾਰਦਾ ਪਵਾਰ ਦੀ ਬਦਲੀ ਬਟਾਲੇ ਦੇ ਲੜਕੀਆਂ ਦੇ ਸਕੂਲ ਵਿੱਚ ਹੋ ਗਈ।
ਸ਼ਾਰਦਾ ਪਵਾਰ ਨੇ 1980 ਤੋਂ ਲੈ ਕੇ 1995 ਤਕ ਡੇਰਾ ਬਾਬਾ ਨਾਨਕ ਦੇ ਸਰਕਾਰੀ ਹਾਈ ਸਕੂਲ ਵਿੱਚ ਸੇਵਾ ਨਿਭਾਈ। ਬਾਅਦ ਵਿੱਚ ਉਹ ਬਟਾਲੇ ਤੋਂ ਹੀ ਸੇਵਾਮੁਕਤ ਹੋਈ। ਅੱਜ ਸ਼ਾਰਦਾ ਪਵਾਰ ਇਸ ਦੁਨੀਆਂ ਵਿੱਚ ਨਹੀਂ ਹੈ ਪਰ ਉਸ ਦੇ ਪਤੀ, ਜੋ ਕਿ ਨਾਮਵਰ ਲੇਖਕ ਅਤੇ ਇਤਿਹਾਸਕਾਰ ਹਨ, ਨੇ ਆਪਣੀ ਪਤਨੀ ਦੇ ਨਾਂ ’ਤੇ ਸ਼ਾਰਦਾ ਪ੍ਰਕਾਸ਼ਨ ਨਾਂ ਦੀ ਸੰਸਥਾ ਬਣਾਈ ਹੋਈ ਹੈ ਅਤੇ ਉਹ ਧਾਰਮਕ ਅਤੇ ਸਮਾਜਕ ਵਿਸ਼ਿਆਂ ਬਾਰੇ ਪੁਸਤਕਾਂ ਲਿਖਦੇ ਹਨ। ਹਾਲ ਹੀ ਵਿੱਚ ਉਹਨਾਂ ਦੀ ‘ਬਟਾਲਾ ਦਾ ਇਤਿਹਾਸ’ ਨਾਂ ਦੀ ਪੁਸਤਕ (ਹਿੰਦੀ ਵਿੱਚ) ਆਈ ਹੈ, ਜਿਸ ਵਿੱਚ ਉਹਨਾਂ ਨੇ ਬਟਾਲਾ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਆਪਣੇ ਪਾਠਕਾਂ ਨਾਲ ਸਾਂਝੀ ਕੀਤੀ ਹੈ। ਬਟਾਲੇ ਦੇ ਕੁਝ ਸਾਹਿਤਕਾਰ ਇਸ ਪੁਸਤਕ ਨੂੰ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਵੀ ਪ੍ਰਕਾਸ਼ਿਤ ਕਰਨ ਦਾ ਮਨ ਬਣਾ ਰਹੇ ਹਨ।
ਸ਼ਾਰਦਾ ਦੇਵੀ ਦੀ ਦਲੇਰੀ ਦੀ ਗੱਲ ਕਰਕੇ ਉਸ ਦੇ ਪਤੀ ਅੱਜ ਵੀ ਮਾਣ ਮਹਿਸੂਸ ਕਰ ਰਹੇ ਹਨ ਅਤੇ ਆਖਦੇ ਹਨ ਕਿ ਜੇਕਰ ਉਸ ਦਿਨ ਸ਼ਾਰਦਾ ਦੇਵੀ ਸਿਆਣਪ ਤੇ ਦਲੇਰੀ ਨਾ ਵਿਖਾਉਂਦੀ ਤਾਂ ਉਸ ਦੇ ਸਕੂਲ ਦੀਆਂ ਉਹ ਦੋ ਵਿਦਿਆਰਥਣਾਂ ਉਹਨਾਂ ਮੁੰਡਿਆਂ ਨੇ ਅਗਵਾ ਕਰ ਲੈਣੀਆਂ ਸਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)