“ਤੁਹਾਨੂੰ ਅਜੇ ਵੀ ਯਕੀਨ ਨਹੀਂ ਆਉਣਾ ਕਿਉਂਕਿ ਤੁਸੀਂ ਉਸ ਦਿਨ ਦੀ ਉਡੀਕ ਕਰ ਰਹੇ ਹੋ, ਜਦੋਂ ...”
(23 ਫਰਵਰੀ 2025)
ਪੰਜਾਬੀ ਕਦੇ ਨਹੀਂ ਮਰਦੀ, ਇਹਨੂੰ ਮਾਰਨ ਵਾਲਿਓ। ਮਰੀ ਹੋਈ ਨੂੰ ਕੌਣ ਮਾਰ ਸਕਦਾ ਹੈ। ਇਹ ਤਾਂ ਪੰਜਾਬੀ ਦੇ ਸ਼ੈਦਾਈ ਤੇ ਸਿਰਫਿਰੇ ਐਵੇਂ ਰੌਲੇ ਤੇ ਰੌਲਾ ਪਾਈ ਜਾ ਰਹੇ ਨੇ ਕਿ ਅਖੇ ਪੰਜਾਬੀ ਨੂੰ ਬਚਾਉਣ ਦੀ ਲੋੜ ਐ। ਜਦੋਂ ਆਪਣਿਆਂ ਨੇ ਮਾਰ ਹੀ ਛੱਡੀ ਤਾਂ ਹੁਣ ਬਚਾਉਣ ਦੇ ਕਿਉਂ ਹੀਲੇ ਕਰਦੇ ਓ। ਕਿਉਂ ਹਾਲ ਪਾਹਰਿਆ ਕਰਕੇ ਅਸਮਾਨ ਸਿਰ ’ਤੇ ਚੁੱਕੀ ਫਿਰਦੇ ਓ। ਵੋਟਾਂ ਵੇਲੇ ਤੁਸਾਂ ਕਦੇ ਪੁੱਛਿਆ, “ਭਾਈ ਵੋਟਾਂ ਮੰਗਣ ਵਾਲਿਓ! ਦੱਸੋ ਤੁਸਾਂ ਪੰਜਾਬੀ ਬਚਾਈ ਕਿ ਮਾਰੀ? ਕਿੱਥੇ ਐ ਪੰਜਾਬੀ?”
ਤੁਹਾਨੂੰ ਤਾਂ ਉਦੋਂ ਵੀ ਪਤਾ ਨਹੀਂ ਲੱਗਾ ਜਦੋਂ ਪੰਜਾਬ ਵਿੱਚ ਧੜਾਧੜ ਅੰਗਰੇਜ਼ੀ ਸਕੂਲ ਖੁੱਲ੍ਹ ਰਹੇ ਸਨ ਤੇ ਤੁਸੀਂ ਬੜੇ ਖੁਸ਼ ਹੋ ਰਹੇ ਸਓ ਕਿ ਹੁਣ ਤੁਹਾਡੇ ਬੱਚੇ ਵੀ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹ ਕੇ ਅਫਸਰ ਬਣਨਗੇ। ਕੀ ਉਦੋਂ ਤੁਹਾਨੂੰ ਪੰਜਾਬੀ ਵੱਢ ਰਹੀ ਸੀ? ਜਦੋਂ ਤੋਤਾ ਸਿੰਘੀ ਅੰਗਰੇਜ਼ੀ ਨੇ ਖੰਭ ਫੈਲਾਏ ਸਨ ਤਾਂ ਤੁਸੀਂ ਉਹਦੇ ਪ੍ਰਸ਼ੰਸਕ ਬਣ ਗਏ ਸਓ। ਜਦੋਂ ਮਹਿਲਾਂ ਵਾਲੇ ਰਾਜੇ ਨੇ ਅੰਗਰੇਜ਼ੀ ਦਾ ਰਾਗ ਅਲਾਪਿਆ ਤਾਂ ਤੁਸੀਂ ਮਾਣ ਮਹਿਸੂਸ ਕਰ ਰਹੇ ਸਓ। ਹੁਣ ਜਦੋਂ ਸਿੱਖਿਆ ਦੇ ਅੱਡਿਆਂ ’ਤੇ ਤੁਹਾਡੇ ਬੱਚਿਆਂ ਨੂੰ ਪੰਜਾਬੀ ਬੋਲਣ ’ਤੇ ਚਪੇੜੇ ਮਾਰੇ ਜਾਂਦੇ ਨੇ, ਕੰਨ ਲਾਲ ਕੀਤੇ ਜਾਂਦੇ ਨੇ, ਜੁਰਮਾਨੇ ਕੀਤੇ ਜਾਂਦੇ ਨੇ ਤੇ ਬੋਲਣ ਦੀ ਪਾਬੰਦੀ ਲਈ ਤੁਗਲਕੀ ਫਰਮਾਨ ਜਾਰੀ ਕੀਤੇ ਜਾਂਦੇ ਨੇ ਤਾਂ ਤੁਸੀਂ ਕੰਨ ਵਲੇਟੀ ਸੁੱਤੇ ਰਹਿੰਦੇ ਹੋ। ਫਿਰ ਦੁਖੀ ਹੋਣ ਦਾ ਕੀ ਫਾਇਦਾ। ਉਨ੍ਹਾਂ ਕਿਹੜਾ ਤੁਹਾਨੂੰ ਸੱਦਾ ਭੇਜਿਆ ਸੀ, ਅਖੇ ਸਾਡੇ ਸਕੂਲ ਈ ਬੱਚੇ ਭੇਜੋ। ਉਦੋਂ ਤਾਂ ਤੁਹਾਨੂੰ ਅੰਗਰੇਜ਼ੀ ਮੇਮ ਦੀਆਂ ਘੱਗਰੀਆਂ ਮੋਂਹਦੀਆਂ ਸਨ। ਤੁਸੀਂ ਤਾਂ ਸਾਰਾ ਪੈਸਾ ਟਕਾ ਲਾ ਕੇ ਇਨ੍ਹਾਂ ਦੁਕਾਨਾਂ ਦਾ ਕਾਰੋਬਾਰ ਚਮਕਾ ਦਿੱਤਾ ਤੇ ਹੁਣ ਕਹਿੰਦੇ ਹੋ ਪੰਜਾਬੀ ਮਰਦੀ ਜਾ ਰਹੀ ਐ। ਕਿੰਨਾ ਸਿਤਮ ਐ ਕਿ ਪਹਿਲਾਂ ਮਾਰ ਦਿਓ, ਫਿਰ ਬਚਾਉਣ ਦਾ ਰੌਲਾ ਪਾ ਦਿਓ।
ਤੁਹਾਡੀਆਂ ਹੇਜਲੀਆਂ ਸਰਕਾਰਾਂ ਨੇ ਪੰਜਾਬੀ ਮਾਰੀ ਐ। ਕੀ ਤੁਸਾਂ ਕਦੇ ਲੋਕਾਂ ਦੀ ਅਦਾਲਤ ਵਿੱਚ ਉਨ੍ਹਾਂ ਨੂੰ ਮੁਜਰਮਾਂ ਦੇ ਕਟਹਿਰੇ ਵਿੱਚ ਖੜ੍ਹਾ ਕੀਤਾ? ਉਹ ਤਾਂ ਕਦੇ ਤੁਹਾਡੀਆਂ ਪੰਥਕ ਸਰਕਾਰਾਂ ਸਨ ਤੇ ਕਦੇ ਖੱਦਰਧਾਰੀਆਂ ਦੀਆਂ ਕੌਮੀ ਸਰਕਾਰਾਂ। ਤੁਸਾਂ ਤਾਂ ਭਲਿਓ ਬਦਲਾਅ ਵੀ ਦੇਖ ਲਿਆ। ਪੰਜਾਬੀ ਤਾਂ ਹੁਣ ਧੂਹ ਧਾਹ ਕੇ ਮੁਰਦਾਖਾਨੇ ਲਿਜਾਣ ਲਈ ਤਿਆਰ ਹੈ। ਸਰਕਾਰੀ ਸਕੂਲਾਂ ਵਿੱਚ ਜਾ ਕੇ ਦੇਖ ਲਓ, ਜੇ ਪੰਜਾਬੀ ਦੀ ਹੋਰ ਦੁਰਗਤੀ ਦੇਖਣੀ ਐ ਤਾਂ। ਉਹਦੀਆਂ ਸ਼ਰੀਕਣੀਆਂ ਈ ਉਹਨੂੰ ਦਬੱਲੀ ਬੈਠੀਆਂ ਨੇ, ਤੁਸੀਂ ਜਸ਼ਨ ਮਨਾ ਰਹੇ ਹੋ। ਸਕੂਲ ਕਮਰਿਆਂ, ਡੈਸਕਾਂ, ਡ੍ਰੈਸਾਂ ਨਾਲ ਨਹੀਂ ਹੁੰਦੇ ਤੇ ਨਾ ਹਮਕੀ-ਤੁਮਕੀ ਕਰਨ ਨਾਲ ਹੁੰਦੇ ਨੇ; ਸਕੂਲ ਸਜਦੇ ਨੇ ਅਧਿਆਪਕਾਂ ਨਾਲ ਤੇ ਉਹ ਵਿਚਾਰੇ ਤਾਂ ਕਦੇ ਟੈਂਕੀਆਂ ’ਤੇ ਚੜ੍ਹੇ ਹੁੰਦੇ ਨੇ, ਕਦੇ ਵੱਡੇ ਸਾਹਿਬ ਦੇ ਘਰ ਅੱਗੇ ਡਾਂਗਾਂ ਖਾ ਰਹੇ ਹੁੰਦੇ ਨੇ। ਦੱਸੋ, ਜੇ ਤੁਹਾਡੇ ਬੱਚੇ ਮਾਂ ਬੋਲੀ ਪੜ੍ਹ ਨਹੀਂ ਸਕਦੇ ਤਾਂ ਸਕੂਲਾਂ ਨੂੰ ਕੀ ਕਰੋਗੇ?
ਦਫਤਰਾਂ, ਕਚਹਿਰੀਆਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੰਜਾਬੀ ਨੂੰ ਖੂੰਜੇ ਲਾਉਣ ਵਿੱਚ ਕੀ ਕੋਈ ਕਸਰ ਬਾਕੀ ਰਹਿ ਗਈ ਹੈ? ਤੁਹਾਡੀ ਭਾਸ਼ਾ ਦੇ ਨਾਂ ’ਤੇ ਬਣੀ ਯੂਨੀਵਰਸਿਟੀ ਲਈ ਮੁਖੀ ਨਹੀਂ ਲੱਭ ਰਿਹਾ। ਉਹਦੀ ਵਿੱਤੀ ਹਾਲਤ ਮੰਗਤਿਆਂ ਵਾਲੀ ਹੋਈ ਪਈ ਐ। ਤੇ ਫਿਰ ਤੁਸੀਂ ਰੌਲਾ ਪਾਈ ਜਾਂਦੇ ਓ ਕਿ ਪੰਜਾਬੀ ਕਿਵੇਂ ਬਚੇਗੀ।
ਯੂਨੀਵਰਸਿਟੀ ਪਾਠ ਪੁਸਤਕ ਬੋਰਡ ਦਾ ਭੋਗ ਪਾਉਣ ਵਾਲੇ ਕੌਣ ਸਨ, ਤੁਸਾਂ ਕਦੇ ਪੁੱਛਿਆ? ਇਹ ਪੰਜਾਬੀ ਨੂੰ ਬਚਾਉਣ ਲਈ ਹੀ ਖੋਲ੍ਹਿਆ ਗਿਆ ਸੀ। ਪਰ ਇਹਦਾ ਭੋਗ ਪਾ ਕੇ ਇਸ ਨੂੰ ਗੋਦਾਮ ਵਿੱਚ ਤਾਲੇਬੰਦ ਕਰ ਦਿੱਤਾ ਗਿਆ। ਤੁਹਾਡੇ ਕੰਨਾਂ ’ਤੇ ਜੂੰ ਨਹੀਂ ਸਰਕੀ। ਗੋਦਾਮ ਵਿੱਚ ਪਈਆਂ ਤੁਹਾਡੀਆਂ ਕਿਤਾਬਾਂ ਨੂੰ ਸਿਓਂਕ ਖਾ ਗਈ। ਤੁਹਾਡੇ ਗਿਆਨ ਨੂੰ ਵੀ ਸਿਓਂਕ ਲੱਗ ਗਈ ਪਰ ਤੁਸੀਂ ਫਿਰ ਵੀ ਹੋਸ਼ ਵਿੱਚ ਨਹੀਂ ਆਏ। ਤੁਹਾਡੇ ਦੁਸ਼ਮਣ ਤਾਂ ਖੁਸ਼ ਹਨ ਕਿ ਇਸ ਨੂੰ ਇੰਜ ਹੀ ਦਬੱਲਣਾ ਹੈ। ਤੁਸੀਂ ਰੌਲਾ ਪਾਈ ਜਾਓ ਇਹ ਫਰੀਦ, ਨਾਨਕ, ਬੁੱਲ੍ਹੇ, ਵਾਰਿਸ, ਸ਼ਿਵ ਕੁਮਾਰ ਦੀ ਬੋਲੀ ਐ, ਪਰ ਉਹ ਤਾਂ ਇਹਨੂੰ ਸਿੱਖਾਂ ਸਿਰ ਮੜ੍ਹਣ ਲਈ ਤਿਆਰ ਬੈਠੇ ਨੇ।
ਤੁਹਾਡਾ ਭਾਸ਼ਾ ਵਿਭਾਗ ਗਰਾਂਟਾਂ ਨੂੰ ਤਰਸ ਰਿਹਾ। ਖੋਜ ਲਈ ਫੰਡਾਂ ਦੀ ਤੋਟ ਐ। ਪੰਜਾਬ ਇੰਨਾ ਗਰੀਬ ਤਾਂ ਕਦੇ ਨਹੀਂ ਰਿਹਾ। ਸਦਾ ਗੁਰੂਆਂ ਦੀ ਰਹਿਮਤ ਰਹੀ ਐ। ਆਖਰ ਉਹ ਕੌਣ ਸਨ ਜਿਹੜੇ ਤੁਹਾਡੇ ਖਜ਼ਾਨੇ ਲੁੱਟ ਕੇ ਖਾ ਗਏ। ਕੀ ਤੁਸਾਂ ਕਦੇ ਸੋਚਿਆ? ਉਨ੍ਹਾਂ ਦੇ ਖਜ਼ਾਨਿਆਂ ’ਤੇ ਨਜ਼ਰ ਮਾਰਨ ਦੀ ਤੁਹਾਡੇ ਕੋਲ ਵਿਹਲ ਹੀ ਕਿੱਥੇ। ਤੁਹਾਡੀ ਵੋਟ ਤਾਂ ਉਨ੍ਹਾਂ ਲਈ ਦਾਰੂ ਤੇ ਚੰਦ ਸਿੱਕਿਆਂ ਦੀ ਮਾਰ ਐ ਤੇ ਤੁਸੀਂ ਉਨ੍ਹਾਂ ਕੋਲੋਂ ਪੰਜਾਬੀ ਦਾ ਦਾਖੂ-ਦਾਣਾ ਭਾਲਦੇ ਓ। ਉਹ ਤਾਂ ਤੁਹਾਡੀ ਭਾਸ਼ਾ ਦੇ ਸਭ ਤੋਂ ਵੱਡੇ ਚੋਬਦਾਰ (ਦੁਸ਼ਮਣ) ਬਣੇ ਹੋਏ ਨੇ।
ਖੇਤੀਬਾੜੀ ਯੂਨੀਵਰਸਿਟੀ ਨੇ ਤੁਹਾਡੇ ਖੇਤਾਂ ਵਿੱਚ ਹਰੀ ਕ੍ਰਾਂਤੀ ਬੀਜ ਦਿੱਤੀ ਪਰ ਨਾਲ ਹੀ ਜ਼ਹਿਰਾਂ ਘੋਲ ਕੇ ਤੁਹਾਨੂੰ ਜ਼ਹਿਰੀਲੇ ਤੇ ਮਾਰੂ ਰੋਗਾਂ ਦਾ ਸ਼ਿਕਾਰ ਬਣਾ ਦਿੱਤਾ। ਤੁਹਾਡੀ ਮਿੱਟੀ, ਪਾਣੀ, ਹਵਾ, ਬੋਲੀ ਤੇ ਸੋਚ ਜ਼ਹਿਰੀਲੀ ਹੋ ਗਈ। ਨਸ਼ੇ ਤੁਹਾਡੀ ਜਵਾਨੀ ਖਾ ਗਏ। ਪਰ ਤੁਸੀਂ ਪਛਾਣ ਹੀ ਨਹੀਂ ਸਕੇ ਕਿ ਨਸ਼ੇ ਦੇ ਵਪਾਰੀ ਤਾਂ ਤੁਹਾਡੀ ਧਰਤੀ ਵਿੱਚੋਂ ਉੱਗੇ ਨੇ। ਹੁਣ ਤਾਂ ਗੁਰੂ ਦੀਆਂ ਬੇਅਦਬੀਆਂ ਕਰਨ ਵਾਲੇ ਵੀ ਦਨਦਨਾਉਂਦੇ ਫਿਰਦੇ ਨੇ। ਕੀ ਤੁਸੀਂ ਉਨ੍ਹਾਂ ਨੂੰ ਸਵਾਲ ਪੁਛੋਗੇ, ਜਿਨ੍ਹਾਂ ਨੇ ਗੁਰੂ ਦੀ ਫਸੀਲ ਤੋਂ ਸੁਣਾਏ ਗਏ ਦੋਸ਼ਾਂ ਨੂੰ ਸਿਰ ਝੁਕਾ ਕੇ ਮੰਨਿਆ ਤੇ ਬਾਹਰ ਆ ਕੇ ਕਹਿ ਦਿੱਤਾ ਕਿ ਅਸੀਂ ਤਾਂ ਬਾਕੀਆਂ ਦੇ ਗੁਨਾਹ ਵੀ ਆਪਣੀ ਝੋਲੀ ਪੁਆ ਲਏ ਨੇ। ਤੁਹਾਨੂੰ ਉਹ ਫਿਰ ਬੇਵਕੂਫ਼ ਬਣਾ ਕੇ ਆਪਣੇ ਐਬ ਤੇ ਗੁਨਾਹ ਸਭ ਕੁਝ ਨੂੰ ਲੁਕਾ ਗਏ। ਇਨ੍ਹਾਂ ਨੇ ਹਮੇਸ਼ਾ ਤੁਹਾਡੀ ਭਾਸ਼ਾ ਦਾ ਅੰਨ, ਪਾਣੀ ਖਾ ਕੇ ਭਾਸ਼ਾ ਤੋਂ ਮੁਨਕਰ ਹੋਣ ਵਾਲਿਆਂ ਨੂੰ ਬਣਦੀ ਸਜ਼ਾ ਦੇਣ ਲਈ ਕਦੇ ਕਟਹਿਰੇ ਵਿੱਚ ਖੜ੍ਹਾ ਨਹੀਂ ਕੀਤਾ। ਇਸੇ ਲਈ ਤੁਹਾਡੇ ਦੁਸ਼ਮਣ ਵਧਦੇ ਗਏ।
ਉਹ ਲਾਲ ਫੀਤਾਸ਼ਾਹੀ, ਜੋ ਤੁਹਾਡੀ ਰਾਜਧਾਨੀ ਦੀ ਹਿੱਕ ’ਤੇ ਅੰਗਰੇਜ਼ੀ ਦੀਵਾ ਬਾਲੀ ਬੈਠੀ ਹੈ, ਅਸਲ ਤਾਕਤ ਉਹਦੀ ਮੁੱਠੀ ਵਿੱਚ ਐ। ਉਹ ਕਦੇ ਨਹੀਂ ਚਾਹੁੰਦੀ ਕਿ ਤੁਹਾਡੀ ਬੋਲੀ ਤੁਹਾਡੇ ਬੱਚੇ ਪੜ੍ਹਨ। ਉਹ ਹਰ ਵੇਲੇ ਸਾਜ਼ਿਸ਼ਾਂ ਗੁੰਦਦੇ ਰਹਿੰਦੇ ਨੇ ਕਿ ਕਿਵੇਂ ਤੁਹਾਡੇ ਕੋਲੋਂ ਤੁਹਾਡੀ ਬੋਲੀ ਖੋਹਣੀ ਹੈ। ਨੌਕਰੀਆਂ ਦੇ ਇਮਤਿਹਾਨਾਂ ਵਿੱਚ ਇਸ ਨੂੰ ਕਿਵੇਂ ਖੂੰਜੇ ਲਾਉਣਾ ਹੈ। ਇਹਦੇ ਤਿੱਖੇ ਦੰਦਾਂ ਨੂੰ ਕਿਵੇਂ ਖੁੰਢੇ ਕਰਨਾ ਹੈ ਕਿ ਜੇ ਇਹ ਵੱਢਣ ਦੀ ਕੋਸ਼ਿਸ਼ ਵੀ ਕਰਨ ਤਾਂ ਗੱਲ ਹਾਸੋਹੀਣੀ ਲੱਗੇ। ਜੇ ਨਹੀਂ ’ਤਬਾਰ ਤਾਂ ਵੱਡੇ ਦਫਤਰ ਪੰਜਾਬੀ ਵਿੱਚ ਈ-ਮੇਲ ਕਰਕੇ ਜਾਂ ਚਿੱਠੀ ਲਿਖ ਕੇ ਦੇਖ ਲਵੋ, ਜ਼ਾਹਰਾ ਗਿਆਨ ਹੋ ਜਾਏਗਾ।
ਦਿੱਲੀ ਵਿੱਚ ਤੁਹਾਡੀ ਪੰਜਾਬੀ ਅਕਾਦਮੀ ਨੂੰ ਰੋਲਣ ਤੇ ਉਹਦਾ ਸਾਹ ਸਤ ਕੱਢਣ ਵਾਲੇ ਕੌਣ ਨੇ? ਪੁੱਛ ਲਵੋ ਜਾ ਕੇ, ਹੁਣ ਤਾਂ ਮੌਕਾ ਹੈ, ਮੁੜ ਮੌਕਾ ਹੱਥ ਨਹੀਂ ਆਉਣਾ। ਪਰ ਕਿੱਥੇ, ਤੁਹਾਡੀਆਂ ਤਾਂ ਅੱਖਾਂ ’ਤੇ ਬਾਪੂ ਵਾਲੀ ਪੱਟੀ ਬੰਨ੍ਹੀ ਹੋਈ ਐ। ਚੇਅਰਮੈਨੀਆਂ, ਰੁਤਬਿਆਂ, ਲੀਡਰੀ ਦਾ ਕਿਸ ਨੂੰ ਚਾਅ ਨਹੀਂ ਹੁੰਦਾ। ਤੁਹਾਡੇ ਲਾਲਚਾਂ ਨੇ ਤੁਹਾਡੀ ਮਾਂ ਬੋਲੀ ਮਾਰੀ ਐ ਤੇ ਤੁਸੀਂ ਇਹਨੂੰ ਬਚਾਉਣ ਦੇ ਹੋਕੇ ਦੇ ਰਹੇ ਹੋ। ਤੁਹਾਡੀ ਬੋਲੀ ਨਾਲ ਖੜ੍ਹੀਆਂ ਸ਼ਰੀਕਣੀਆਂ ਸੜਕਾਂ, ਬੈਂਕਾਂ, ਦਫਤਰਾਂ, ਅਖਬਾਰਾਂ, ਕਚਹਿਰੀਆਂ, ਰੇਡੀਓ, ਟੀਵੀ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਹਰ ਥਾਂ ਦੇਖੀਆਂ ਜਾ ਸਕਦੀਆਂ ਹਨ। ਤੁਸੀਂ ਤਾਂ ਬੱਚਿਆਂ ਨੂੰ ਕੌਨਵੈਂਟ ਭੇਜ ਕੇ ਖੁਸ਼ ਹੋ, ਜੇ ਕੌਨਵੈਂਟ ਦਾ ਅਰਥ ਪੜ੍ਹਿਆ ਹੁੰਦਾ ਤਾਂ ਤੁਹਾਡੀ ਬੋਲੀ ਕਦੇ ਨਾ ਮਰਦੀ।
ਹਾਂ ਸੱਚ, ਯਾਦ ਆਇਆ, ਪੜ੍ਹਨਾ ਤਾਂ ਤੁਸੀਂ ਕਦੋਂ ਦਾ ਤਿਆਗ ਚੁੱਕੇ ਹੋ। ਤਾਂ ਹੀ ਲਾਇਬ੍ਰੇਰੀਆਂ ਲੱਭਣੀਆਂ ਔਖੀਆਂ ਹੋ ਗਈਆਂ ਨੇ। ਤੁਹਾਡੇ ਨਿਆਣੇ ਤਾਂ ਰਹਿੰਦੇ ਸਿਆੜ ਵੀ ਖਾ ਖਾ ਕੇ ਵਿਦੇਸ਼ਾਂ ਵਿੱਚ ਮਜ਼ਦੂਰੀ ਕਰਨ ਲਈ ਭੱਜੇ ਜਾ ਰਹੇ ਨੇ। ਇੱਥੋਂ ਦੀ ਕੌਨਵੈਂਟੀ ਉੱਥੇ ਜਾ ਕੇ ਸਾਰੀ ਨਿਕਲ ਜਾਂਦੀ ਐ। ਹੁਣ ਜਦੋਂ ਡੰਕੀ ਲਾ ਕੇ ਗਿਆਂ ਦੇ ਜਹਾਜ਼ ਭਰ ਭਰ ਕੇ ਉੱਤਰ ਰਹੇ ਨੇ ਤਾਂ ਤਰਲੋਮੱਛੀ ਹੋ ਰਹੇ ਹੋ। ਵੇਲੇ ਸਿਰ ਚੇਤਿਆਂ ਹੁੰਦਾ ਤਾਂ ਪੰਜਾਬ ਕਾਹਨੂੰ ਡੁੱਬਦਾ! ਤੁਸੀਂ ਇੱਥੇ ਸ਼ਹੀਦੀਆਂ ਦੇ ਹੋਕਰੇ ਮਾਰ ਮਾਰ ਕੇ ਇੱਕ ਦੂਜੇ ਨੂੰ ਠਿੱਬੀਆਂ ਲਾਉਂਦੇ ਵੱਡੇ ਮੂਰਖ ਨਜ਼ਰ ਆ ਰਹੇ ਹੋ। ਤੁਹਾਡੀ ਧਰਤੀ ਦੇ ਵਾਰਿਸ ਕਿੱਥੇ ਤੇ ਕਿਉਂ ਗੁਆਚ ਗਏ, ਤੁਸਾਂ ਕਦੇ ਨਹੀਂ ਸੋਚਿਆ। ਜਦੋਂ ਨੂੰ ਸੋਚੋਗੇ ਢਾਈ ਦਰਿਆ ਵੀ ਸੁੱਕ ਚੁੱਕੇ ਹੋਣਗੇ ਤੇ ਖੇਤਾਂ ਦੇ ਮਾਰੂਥਲਾਂ ਵਿੱਚੋਂ ਤੁਸੀਂ ਬੂੰਦ ਬੂੰਦ ਪਾਣੀ ਲੱਭਦੇ ਪਿਆਸੇ ਮਰ ਰਹੇ ਹੋਵੋਗੇ।
ਅਫਸਰਸ਼ਾਹੀ ਤਾਂ ਤੁਹਾਡੇ ਲਈ ਨਵੀਂਆਂ ਨਵੀਆਂ ਸੂਲ਼ਾਂ ਦੀ ਸੇਜ ਵਿਛਾ ਰਹੀ ਹੈ। ਪੰਜਾਬੀ ਪੜ੍ਹੇ ਬਿਨਾਂ ਅਫਸਰਸ਼ਾਹੀ ਦੀ ਫੌਜ ਤਿਆਰ ਕਰਨ ਦੇ ਮਨਸੂਬੇ ਘੜ ਰਹੀ ਹੈ ਤੇ ਤੁਸੀਂ ਗਣਤੰਤਰ ਦਿਵਸ ਮਨਾ ਕੇ ਲੱਡੂ ਖਾ ਰਹੇ ਹੋ। ਤੁਹਾਨੂੰ ਅਜੇ ਵੀ ਯਕੀਨ ਨਹੀਂ ਆਉਣਾ ਕਿਉਂਕਿ ਤੁਸੀਂ ਉਸ ਦਿਨ ਦੀ ਉਡੀਕ ਕਰ ਰਹੇ ਹੋ, ਜਦੋਂ ਸੋਸ਼ਲ ਮੀਡੀਏ ’ਤੇ ਖਬਰ ਆਏਗੀ ਕਿ ਤੁਹਾਡੀ ਭਾਸ਼ਾ ਮਰ ਗਈ ਹੈ ਤੇ ਆਰ ਆਈ ਪੀ ਲਿਖਣ ਵਾਲਿਆਂ ਦਾ ਹੜ੍ਹ ਆ ਜਾਏਗਾ। ਪਰ ਇਹ ਖਬਰ ਕਦੇ ਨਹੀਂ ਆਏਗੀ ਕਿਉਂਕਿ ਤੁਹਾਡੀ ਭਾਸ਼ਾ ਨੂੰ ਗੁਪਤ ਰੂਪ ਵਿੱਚ ਬਚਾਉਣ ਵਾਲੇ ਅਜੇ ਜਿਊਂਦੇ ਨੇ, ਤੁਸੀਂ ਭਾਵੇਂ ਇਹਨੂੰ ਮਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਚੰਗਾ ਰੱਬ ਰਾਖਾ, ਆਪਣੀ ਜ਼ਬਾਨ ’ਤੇ ਕਾਬੂ ਰੱਖਣਾ! ਜਾਂਦੇ ਜਾਂਦੇ ਇੱਕ ਸ਼ੇਅਰ ਸੁਣ ਲਓ-
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ,
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਮੈਨੂੰ ਇੰਜ ਲਗਦਾ ਹੈ ਲੋਕੀਂ ਆਖਦੇ ਨੇ,
ਤੂੰ ਆਪਣੀ ਮਾਂ ਨੂੰ ਕਹਿਣਾ ਮਾਂ ਛੱਡ ਦੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)