“ਲੇਖਕ ਨੇ ਗਲਪੀ ਓਹਲੇ ਵਿੱਚ ਜਿਹੜੇ ਪਾਜ ਉਘੇੜੇ ਹਨ ਨਿਸਚੇ ਹੀ ਉਨ੍ਹਾਂ ਨੇ ਕਈ ਸਵਾਲ ...”
(27 ਸਤੰਬਰ 2021)
ਸਾਹਿਤ ਦਾ ਅਰਥ ਕੀਤਾ ਜਾਂਦਾ ਹੈ- ਸਾ+ਹਿਤ = ਪਰ ਹਿਤ, ਕਿਸੇ ਦੂਸਰੇ ਦਾ ਕਲਿਆਣ ਕਰਨਾ। ਸਾਹਿਤ ਨੂੰ ਸਿਰਜਣਾ ਨਾਲ ਜੋੜਿਆ ਜਾਂਦਾ ਹੈ। ਸਿਰਜਣਾ ਲੇਖਕ ਦਾ ਕਮਾਲ ਹੁੰਦੀ ਹੈ। ਪਰ ਜੇ ਸਾਹਿਤ ਪਰ ਹਿਤ ਕਰਨ ਦੀ ਥਾਂ ਸਵੈ-ਹਿਤ ਦਾ ਵਾਹਕ ਬਣ ਜਾਵੇ ਤਾਂ ਇਹਦਾ ਉਦੇਸ਼ ਖਤਮ ਹੋ ਜਾਂਦਾ ਹੈ। ਫਿਰ ਉਹ ਸਾਹਿਤ ਨਾ ਰਹਿ ਕੇ ਲੇਖਕ ਦੇ ਹਿਤਾਂ ਨੂੰ ਪੂਰਨ ਵਾਲੀ ਵਸਤੂ ਬਣ ਜਾਂਦਾ ਹੈ। ਖਿੱਦੋ ਨਾਵਲ ਵਿੱਚ ਜਸਬੀਰ ਭੁੱਲਰ ਨੇ ਇਹੀ ਪੇਸ਼ਕਾਰੀ ਕੀਤੀ ਹੈ ਕਿ ਸਾਹਿਤ ਦੇ ਨਾਂ ਉੱਤੇ ਮਿਲਦੇ ਇਨਾਮਾਂ/ਸਨਮਾਨਾਂ ਪਿੱਛੇ ਜਿਹੜੀ ਠੱਗੀ ਕੀਤੀ ਜਾਂਦੀ ਹੈ, ਉਸ ਵਿੱਚ ਲੇਖਕ ਘੱਟ ਤੇ ਗ਼ੈਰ-ਲੇਖਕ, ਘੜੰਮ ਚੌਧਰੀ, ਪ੍ਰੋਫੈਸਰ, ਪੱਤਰਕਾਰ ਤੇ ਇਹੋ ਜਿਹੀਆਂ ਨਸਲਾਂ ਦੇ ਜੀਵ ਸ਼ਾਮਲ ਹਨ ਜਿਨ੍ਹਾਂ ਨੇ ਇੱਕ ਮਾਫੀਆ ਸਿਰਜਿਆ ਹੈ। ਲੇਖਕ ਉਸ ਮਾਫੀਏ ਦੇ ਕਾਰਿਆਂ ਦਾ ਚਸ਼ਮਦੀਦ ਗਵਾਹ ਹੈ। ਇਸੇ ਕਰਕੇ ਉਹ ਇਸ ਵਰਤਾਰੇ ਦੀਆਂ ਪਰਤਾਂ ਉਧੇੜਦਾ ਹੈ।
ਅੱਜ ਦਾ ਨਾਵਲ ਸਥਿਤੀਆਂ ਦਾ ਨਾਵਲ ਹੈ। ਇਸ ਵਿੱਚ ਉਸ ਕਿਸਮ ਦੇ ਪ੍ਰੰਪਰਾਗਤ ਨੈਰੇਟਿਵ ਲਈ ਕੋਈ ਥਾਂ ਨਹੀਂ ਜਿਸਦੇ ਅਸੀਂ ਮੁੱਢੋਂ ਆਦੀ ਹਾਂ। ਇਸ ਵਿੱਚ ਤਾਂ ਸਥਿਤੀਆਂ ਬੋਲਦੀਆਂ ਵੀ ਹਨ ਤੇ ਪਾਤਰਾਂ ਕੋਲੋਂ ਉਨ੍ਹਾਂ ਦਾ ਅੰਦਰਲਾ ਸੱਚ ਬੁਲਵਾਉਂਦੀਆਂ ਵੀ ਹਨ। ਇਸੇ ਕਰਕੇ ਸਥਿਤੀਆਂ ਇੱਕ ਤੋਂ ਬਾਅਦ ਇੱਕ ਰਹੱਸਾਂ ਦੀ ਲੜੀ ਨੂੰ ਸਿਰਜਦੀਆਂ ਵੀ ਜਾਂਦੀਆਂ ਹਨ ਤੇ ਭੰਜਕ ਵੀ ਕਰਦੀਆਂ ਜਾਂਦੀਆਂ ਹਨ। ਲੇਖਕ ਆਪਣੀ ਸ਼ੈਲੀ ਰਾਹੀਂ ਉਨ੍ਹਾਂ ਦੀ ਪੇਸ਼ਕਾਰੀ ਕਰਦਾ ਜਾਂਦਾ ਹੈ।
ਨਾਵਲ ਦਾ ਅਰੰਭ ਹੀ ਖਿੱਦੋ ਦੇ ਅਰਥਾਂ ਤੇ ਉਹਦੀ ਬਣਤਰ ਤੋਂ ਹੁੰਦਾ ਹੈ। ਪਹਿਲਾ ਵਾਕ ਹੀ ਖਿੱਦੋ ਤੇ ਨਾਵਲੀ ਖਿੱਦੋ ਵਿੱਚ ਨਿਖੇੜਾ ਕਰ ਦਿੰਦਾ ਹੈ-‘ਉਹ ਵੀ ਖਿੱਦੋ ਸੀ। ਇਹ ਵੀ ਖਿੱਦੋ ਹੈ।’ ਸੀ ਅਤੇ ਹੈ ਦਾ ਫਾਸਲਾ ਇਸ ਨਾਵਲ ਦੀ ਉਮਰ ਹੈ ਜੋ ਆਪਣੇ ਅੰਦਰੂਨੀ ਕਾਲ-ਖੰਡ ਵਿੱਚ ਫੈਲਦੀ ਚਲੀ ਜਾਂਦੀ ਹੈ। ‘ਵਕਤ ਬਹੁਤ ਅਗਾਂਹ ਤੁਰ ਜਾਂਦਾ ਹੈ। ਹੁਣ ਖਿੱਦੋ ਕੁਝ ਹੋਰ ਦਾ ਹੋਰ ਹੋ ਗਿਆ। ਉਹ ਰਿੜ੍ਹ ਕੇ ਲੇਖਕਾਂ ਨੂੰ ਮਿਲਦੀ ਸ਼ਾਬਾਸ਼ ਵਾਲਿਆਂ ਨਾਲ ਰਲ ਗਿਆ। ਲੇਖਕਾਂ ਵਰਗੇ ਦਿਸਦੇ ਲੋਕਾਂ ਨੇ ਖਿੱਦੋ ਨੂੰ ਬੋਚ ਲਿਆ। ਉਨ੍ਹਾਂ ਦੀ ਬਾਂਦਰ ਬਿਰਤੀ ਨੇ ਛਣਕਦੇ ਹੋਏ ਖਿੱਦੋ ਨੂੰ ਲੀਰੂੰ ਲੀਰੂੰ ਕਰ ਦਿੱਤਾ। ਉਹ ਖਿੱਦੋ ਜਿਹੜਾ ਪ੍ਰੇਰਨਾ ਬਣਨ ਲਈ ਅਹੁਲਿਆ ਸੀ, ਤਰੱਕਿਆ ਹੋਇਆ ਖਿਲਾਰਾ ਹੋ ਗਿਆ। ਸਾਹਿਤ ਦੀ ਸਮੁੱਚੀ ਜ਼ਮੀਨ ’ਤੇ ਹੁਣ ਉਨ੍ਹਾਂ ਲੀਰਾਂ ਦਾ ਖਲਾਰਾ ਹੈ। ਉਹ ਲੀਰਾਂ ਭਿੱਜੀਆਂ ਹੋਈਆਂ ਵੀ ਨੇ ਤੇ ਬਦਬੂਦਾਰ ਵੀ ਨੇ।’
ਖਿੱਦੋ ਦੀ ਇਸ ਵਿਆਖਿਆ ਤੋਂ ਬਾਅਦ ਲੇਖਕ ਕਹਾਣੀ ਨੂੰ ਯਥਾਰਥਕ ਹਵਾਲਿਆਂ ਨਾਲ ਸਿਰਜਦਾ ਹੈ। ਇਨਾਮਾਂ/ਸਨਮਾਨਾਂ ਦੀ ਰਾਜਨੀਤੀ ਸਿਰਫ ਇੰਨੀ ਕੁ ਹੈ ਹਰ ਉਹ ਲੇਖਕ/ਅਲੇਖਕ ਜੋ ਸਾਹਿਤ ਦੇ ਨਾਂ ’ਤੇ ਕੁਝ ਵੀ ਮੰਦਾ ਚੰਗਾ ਲਿਖ ਸਕਦਾ ਹੋਵੇ, ਪੈਸੇ ਦੇ ਕੇ ਕਿਤਾਬ ਛਪਵਾ ਸਕਦਾ ਹੋਵੇ, ਪੈਸੇ ਖਰਚ ਕੇ ਉਹਦੀ ਘੁੰਡ ਚੁਕਾਈ ਕਰਾ ਕੇ, ਦਾਰੂ ਪਿਆਲੇ ਨਾਲ ਪ੍ਰਸ਼ੰਸਾ ਕਰਵਾ ਸਕਦਾ ਹੋਵੇ, ਇਨਾਮਾਂ ਦੇ ਮਾਫੀਏ ਨੂੰ ਖ਼ੁਸ਼ ਕਰਕੇ ਪਹਾੜਾਂ ਦੀਆਂ ਸੈਰਾਂ ਕਰਵਾ ਸਕਦਾ ਹੋਵੇ, ਉਹ ਵੱਡਾ ਲੇਖਕ ਬਣ ਜਾਂਦਾ ਹੈ। ਤੇ ਵੱਡਾ ਲੇਖਕ ਵੱਡੇ ਸਰਕਾਰੀ ਇਨਾਮ ਦਾ ਹੱਕਦਾਰ ਹੁੰਦਾ ਹੈ। ਇਸ ਰਾਜਨੀਤੀ ਨੇ ਸਾਹਿਤ ਨੂੰ ਹਾਸ਼ੀਏ ’ਤੇ ਧੱਕ ਕੇ ਇਨਾਮਾਂ/ਸਨਮਾਨਾਂ ਨੂੰ ਕੇਂਦਰ ਵਿੱਚ ਲੈ ਆਂਦਾ ਹੈ। ਇਨ੍ਹਾਂ ਲਈ ਹਰ ਪ੍ਰਕਾਰ ਦੀ ਤਿਕੜਮਬਾਜ਼ੀ ਕੀਤੀ ਜਾਂਦੀ ਹੈ। ਸ਼ਰਾਬ, ਕਬਾਬ ਤੇ ਸ਼ਬਾਬ ਨਾਲ ਮੈਂਬਰਾਂ ਨੂੰ ਸਰਸ਼ਾਰ ਕੀਤਾ ਜਾਂਦਾ ਹੈ। ਕਹਿਣ ਦਾ ਭਾਵ ਹੈ ਕਿ ਜਿਵੇਂ ਅੱਜ ਦੇ ਯੁਗ ਵਿੱਚ ਹਰ ਵਸਤ ਬਜ਼ਾਰ ਦਾ ਅੰਗ ਬਣ ਗਈ ਹੈ, ਸਾਹਿਤ ਵੀ ਉਸੇ ਸ਼੍ਰੇਣੀ ਵਿੱਚ ਸ਼ਾਮਲ ਹੋ ਗਿਆ ਹੈ। ਸਾਹਿਤ ਦੀ ਨੈਤਿਕਤਾ ਬਦਲ ਦਿੱਤੀ ਗਈ ਹੈ। ਲੇਖਕ ਦੀ ਅਨੈਤਿਕਤਾ ਸਾਹਿਤ ’ਤੇ ਭਾਰੂ ਹੋ ਗਈ ਹੈ। ਇਸਦੀ ਇੱਕ ਉਦਾਹਰਣ ਨਾਵਲ ਵਿਚਲੇ ਬਲਵੰਤ ਸਿੰਘ ਗਰੇਵਾਲ ਦੀ ਚਿੱਠੀ ਤੋਂ ਦੇਖੀ ਜਾ ਸਕਦੀ ਹੈ।
ਪਿਆਰੇ ਸੁਰਮੀਤ ਜੀਓ, ਤੁਹਾਨੂੰ ਤਾਂ ਪਤਾ ਏ, ਮੈਂ ਉੱਨੀਂ ਕਿਤਾਬਾਂ ਲਿਖੀਆਂ ਹਨ। ਸਟੇਜਾਂ ’ਤੇ ਬਹੁਤ ਨਾਮਣਾ ਖੱਟਿਆ ਹੈ, ਪਰ ਮੈਂਨੂੰ ਹੁਣ ਤਕ ਇਗਨੋਰ ਕੀਤਾ ਗਿਆ ਹੈ। ਹੁਣ ਮੁੱਦਤ ਪਿੱਛੋਂ ਤੁਹਾਡੇ ਵਰਗਾ ਇਨਸਾਫ ਪਸੰਦ ਲੇਖਕ ਰਾਜ ਸਲਾਹਕਾਰ ਬੋਰਡ ਦਾ ਮੈਂਬਰ ਬਣਿਆ ਹੈ ਤਾਂ ਮੇਰੀ ਆਸ ਜਾਗੀ ਹੈ। ਇਸ ਵਾਰ ਤੁਸਾਂ ਮੈਂਨੂੰ ਨਿਆਂ ਦੇਣਾ ਹੈ।
ਚਿੱਠੀ ਥੱਲੇ ਲਿਖਿਆ ਨੋਟ ਵੀ ਦਿਲਚਸਪ ਹੈ -
‘ਸੁਰਮੀਤ ਜੀ, ਜੇ ਮੇਰੀਆਂ ਕਿਤਾਬਾਂ ਦਾ ਨਹੀਂ ਤਾਂ ਮੇਰੀ ਉਮਰ ਦਾ ਖਿਆਲ ਹੀ ਕਰ ਲੈਣਾ। ਇਸ ਸਤੰਬਰ ਵਿੱਚ ਮੈਂਨੂੰ ਇਕਾਸੀਵਾਂ ਸਾਲ ਲੱਗਿਆ ਹੈ।’
ਇਸੇ ਤਰ੍ਹਾਂ ਦੀ ਇੱਕ ਚਿੱਠੀ ਦੀਨਾਪੁਰ ਵਾਲੇ ਚੰਨਣ ਸਿੰਘ ਦੀ ਹੈ। ਇਸ ਤਰ੍ਹਾਂ ਦੀਆਂ ਚਿੱਠੀਆਂ, ਨੋਟ ਅਕਸਰ ਸਲਾਹਕਾਰ ਬੋਰਡ ਦੇ ਮੈਂਬਰਾਂ ਨੂੰ ਭੇਜੇ ਜਾਂਦੇ ਹਨ ਫਿਰ ਉਨ੍ਹਾਂ ਨਾਲ ਸਾਂਝਾਂ ਸਥਾਪਤ ਕੀਤੀਆਂ ਜਾਂਦੀਆਂ ਹਨ। ਜਿਸਦਾ ਉੱਥੇ ਕਾਂਟਾ ਫਿੱਟ ਹੋ ਗਿਆ, ਉਹ ਫਿਰ ਸ਼੍ਰੋਮਣੀ ਲੇਖਕ/ਕਵੀ ਬਣ ਜਾਂਦਾ ਹੈ। ਇਹ ਖੇਡ ਬੜੇ ਲੰਬੇ ਸਮੇਂ ਤੋਂ ਖੇਡੀ ਜਾ ਰਹੀ ਹੈ। ਜਿਵੇਂ ਜਿਵੇਂ ਇਨਾਮਾਂ ਦੀ ਰਾਸ਼ੀ ਵਧਦੀ ਜਾਂਦੀ ਹੈ ਤਿਵੇਂ ਤਿਵੇਂ ਅਜਿਹੇ ਲੇਖਕਾਂ ਦੀ ਹਾਬੜ ਵੀ ਵਧਦੀ ਜਾਂਦੀ ਹੈ।
ਜਿਹੜੇ ਲੇਖਕ ਪਹਿਲਾਂ ਇਨਾਮ/ਸਨਮਾਨ ਲੈ ਚੁੱਕੇ ਹੁੰਦੇ ਹਨ ਉਹ ਫਿਰ ਅਗਲਿਆਂ ਨੂੰ ਰਾਹ ਪਾਉਂਦੇ ਹਨ, ਜੋੜ ਤੋੜ ਦੇ ਰਸਤੇ ਦੱਸਦੇ ਹਨ, ਖਰਚਾ ਹੋਣ ਦੀ ਗੱਲ ਕਰਦੇ ਹਨ। ਇਹਦੀ ਇੱਕ ਮਿਸਾਲ ਇਸ ਨਾਵਲ ਦਾ ਪਾਤਰ ਤਰਲੋਚਨ ਭਾਦਸੋਂ ਹੈ। ਕਈ ਅਜਿਹੇ ਲੇਖਕ ਵੀ ਹਨ ਜੋ ਸਲਾਹਕਾਰ ਬੋਰਡਾਂ ਦੇ ਮੈਂਬਰ ਹਨ ਤੇ ਖ਼ੁਦ ਹੀ ਆਪਣੇ ਆਪ ਨੂੰ ਇਨਾਮ ਦੇ ਕੇ ਧੰਨ ਹੋ ਜਾਂਦੇ ਹਨ। ਇਨ੍ਹਾਂ ਵਿੱਚ ਸਿਰਮੌਰ ਲੇਖਕਾ ਡਾਕਟਰ ਸਮੀਪ ਕੌਰ ਰੁਮਾਣਾ ਵੀ ਹੈ।
ਇਸੇ ਤਰ੍ਹਾਂ ਦੀ ਇੱਕ ਵਿਅੰਗ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਸਮੀਪ ਕੌਰ ਰੁਮਾਣਾ ਇਨਾਮਾਂ ਦੀ ਇਸ ਰਸਾਤਲੀ ਸਥਿਤੀ ਵਿੱਚ ਸੁਰਮੀਤ ਨੂੰ ਕਹਿੰਦੀ ਹੈ ਕਿ –
‘ਲੇਖਕ ਗਿੜਗੜਾਉਂਦੇ ਹੋਏ ਖ਼ੁਦ ਇਨਾਮਾਂ ਤਕ ਪਹੁੰਚਣ ਲੱਗ ਪਏ ਨੇ। ਇਹੋ ਜਿਹੀਆਂ ਕਈ ਮਿਸਾਲਾਂ ਨੇ। ਬੋਣੇਂ ਲੇਖਕ ਜੋੜਾਂ ਤੋੜਾਂ ਨਾਲ ਵੱਡੇ ਇਨਾਮ ਹਾਸਲ ਕਰ ਲੈਂਦੇ ਨੇ। ਹੁਣ ਤਾਂ ਹਾਲਤ ਸ਼ਰਮਨਾਕ ਹੱਦ ਤਕ ਪਹੁੰਚੀ ਹੋਈ ਹੈ। ਲੇਖਕ ਇੰਨੀਆਂ ਨੀਵੇਂ ਪੱਧਰ ਉੱਤੇ ਉੱਤਰ ਆਉਂਦੇ ਨੇ ਕਿ ਕੋਫਤ ਹੁੰਦੀ ਹੈ। … ਆਪਾਂ ਇਸ ਗੱਲ ਵੱਲ ਆਈਏ ਕਿ ਅੱਜ ਕਿਹੜੇ ਲੇਖਕ ਲਈ ਲੜਨਾ ਏ …।’
ਸਲਾਹਕਾਰ ਬੋਰਡ ਦੇ ਮੈਂਬਰਾਂ ਦੇ ਅੱਗੋਂ ਵੀ ਕਈ ਗਰੁੱਪ ਹਨ। ਹਰ ਕੋਈ ਆਪਣੀ ਧਿਰ ਦੇ ਲੇਖਕ ਨੂੰ ਇਨਾਮ ਦਿਵਾਉਣਾ ਚਾਹੁੰਦਾ ਹੈ। ਮੈਂਬਰਾਂ ਦੀਆਂ ਅੱਗੋਂ ਮਸ਼ੂਕਾਂ ਵੀ ਇਸ ਲਾਈਨ ਵਿੱਚ ਹਨ। ਜਿਵੇਂ ਡਾ. ਹਰਵੰਤ ਉਰਵਸ਼ੀ ਖੰਨਾ ਨੂੰ ਸ਼੍ਰੋਮਣੀ ਕਵੀ ਦਾ ਪੁਰਸਕਾਰ ਦਿਵਾਉਣਾ ਚਾਹੁੰਦਾ ਹੈ ਪਰ ਜਦੋਂ ਨਹੀਂ ਮਿਲਦਾ ਤਾਂ ਉਹ ਹੋਰ ਚਾਲਾਂ ਚਲਦਾ ਹੈ। ਇਸ ਵਾਰੀ ਵੱਟੇ ਦੀ ਖੇਡ ਵਿੱਚ ਸਾਰੇ ਮੈਂਬਰ ਆਪਣੀਆਂ ਆਪਣੀਆਂ ਗੋਟੀਆਂ ਸੁੱਟਦੇ ਹਨ ਜਿਵੇਂ ਸਾਹਿਤ ਦੀ ਜਗ੍ਹਾ ਸ਼ਤਰੰਜ ਵਿਛੀ ਹੋਵੇ ਤੇ ਚਾਲਾਂ ਦਰ ਚਾਲਾਂ ਚੱਲਣ ਲਈ ਦਾਅ ਪੇਚ ਵਰਤੇ ਜਾ ਰਹੇ ਹੋਣ।
ਕਈ ਲੇਖਕ ਜੋ ਇਸ ਖੇਡ ਵਿੱਚ ਸਫਲ ਹੋ ਜਾਂਦੇ ਹਨ, ਪਿਸ਼ਾਬ ਦਾ ਬਹਾਨਾ ਬਣਾ ਕੇ ਬਾਥਰੂਮ ਵਿੱਚੋਂ ਚਹੇਤਿਆਂ ਨੂੰ ਫੋਨ ਕਰਦੇ ਹਨ ਕਿ – ਬਾਬਿਓ ਆਪਾਂ ਕੁੱਟ ਲਏ ਜੇ ਪੰਜ ਲੱਖ ਰੁਪਏ। ਹੁਣ ਸਕਾਚ ਦੀ ਬੋਤਲ ਤਿਆਰ ਰੱਖੀਂ।’ ਹਰ ਕੋਈ ਆਪਣਿਆਂ ਨੂੰ ਵਧਾਈਆਂ ਦੇ ਕੇ ਮੋਰਚੇ ਫਤਹਿ ਹੋਣ ਦੇ ਨਾਅਰੇ ਮਾਰ ਰਿਹਾ ਹੈ। ਇੰਜ ਇਨ੍ਹਾਂ ਦੀ ਖੇਡ ਰੇੜ੍ਹੇ ਪਈ ਰਹਿੰਦੀ ਹੈ। ਹਰ ਕੋਈ ਦੂਜੇ ਨੂੰ ਮਾਤ ਦੇਣ ਲਈ ਚਾਲ ਚਲਦਾ ਹੈ – ‘ਇਨਾਮਾਂ ਦੀ ਰਾਜਨੀਤੀ ਕੁਝ ਹੋਰ ਹੈ। ਇਹ ਰਾਜਨੀਤੀ ਉਨ੍ਹਾਂ ਨੂੰ ਬਹੁਤ ਆਉਂਦੀ ਹੈ ਜਿਹੜੇ ਲੇਖਕ ਨਹੀਂ ਹੁੰਦੇ, ਪਰ ਲੇਖਕਾਂ ਵਾਂਗ ਦਿਸਦੇ ਹਨ।’
ਯੂਨੀਵਰਸਿਟੀਆਂ ਵਿੱਚ ਕਾਬਜ਼ ਕੁਝ ਵਿਸ਼ੇਸ਼ ਅਧਿਆਪਕਾਂ ਦਾ ਵੀ ਪੋਲ ਖੋਲ੍ਹਿਆ ਹੈ ਜੋ ਕੁੜੀਆਂ ਦਾ ਖੋਜ ਦੇ ਪਹਿਰੇ ਹੇਠ ਸ਼ੋਸ਼ਣ ਕਰਦੇ ਹਨ। ਇਸੇ ਤਰ੍ਹਾਂ ਦਾ ਕੇਸ ਨਸੀਬ ਧਾਮੀ ਦਾ ਹੈ। ਇਸ ਤਰ੍ਹਾਂ ਦੇ ਵਿਦਵਾਨ ਜਦੋਂ ਦਿੱਲੀਓਂ ਆ ਕੇ ਖਚਰ ਖੇਡ ਖੇਡਦੇ ਹਨ ਤਾਂ ਉਸ ਸਥਿਤੀ ਉੱਪਰਲਾ ਵਿਅੰਗ ਵੇਖਣ ਯੋਗ ਹੈ –
ਹਮੇਸ਼ਾ ਵਾਂਗ ਇਸ ਵਾਰ ਵੀ ਡਾਕਟਰ ਹਰਵੰਤ ਦੀ ਪੰਜਾਬ ਫੇਰੀ ਮੁਨਾਫੇ ਵਾਲੀ ਰਹੀ। ਉਹ ਅੱਜ ਸਵੇਰੇ ਦਿੱਲੀ ਤੋਂ ਆਇਆ ਸੀ। ਭਲਕ ਸ਼ਾਮ ਤਕ ਉਹਨੇ ਕਾਗਜ਼ਾਂ ਵਿੱਚ ਦਿੱਲੀ ਪਹੁੰਚ ਜਾਣਾ ਸੀ। ਮਾਣ-ਭੱਤੇ ਦੇ ਕਲੇਮ ਵਾਲੇ ਬਿੱਲਾਂ ਵਿੱਚ ਉਹਨੇ ਚਾਰ ਵਾਰ ਹੀ ਦਿੱਲੀ ਤੋਂ ਆਉਣਾ ਸੀ ਤੇ ਚਾਰ ਵਾਰ ਹੀ ਜਾਣਾ ਸੀ।’
ਲੋਕ ਅਦਬ ਅਕਾਦਮੀ ਦਾ ਸਕੱਤਰ ਸੁੱਚਾ ਸਿੰਘ ਸੈਣੀ ਇੱਕ ਹੋਰ ਅਜਿਹਾ ਪਾਤਰ ਹੈ ਜਿਸਨੇ ਡਾਕਟਰ ਹਰਵੰਤ ਨਾਲ ਮਿਲ ਕੇ ਦਿੱਲੀ ਵਿੱਚ ਇੱਕ ਅਜਿਹਾ ਗਰੁੱਪ ਤਿਆਰ ਕੀਤਾ ਹੈ ਜੋ ਇਨਾਮਾਂ/ਸਨਮਾਨਾਂ ਦੇ ਪਿੱਛੇ ਫਿਰਨ ਵਾਲੇ ਲਾਲ੍ਹਾਂ ਸੁੱਟਦੇ ਲੋਕਾਂ ਨੂੰ ਜਕੜਦਾ ਹੈ, ਕਵਿੱਤਰੀਆਂ ਨੂੰ ਫਸਾਉਂਦਾ ਹੈ, ਸੈਮੀਨਾਰਾਂ, ਵਰਕਸ਼ਾਪਾਂ ਵਿੱਚ ਆਪਣੇ ਰਸੂਖ ਕਰਕੇ ਪੈਂਠ ਬਣਾਉਂਦਾ ਹੈ ਤੇ ਫਿਰ ਸਾਹਿਤ ਦੇ ਨਾਂ ’ਤੇ ਆਪਣੀ ਸ਼ਤਰੰਜ ਵਿਛਾਉਂਦਾ ਹੈ।
ਇਨ੍ਹਾਂ ਦੀ ਇਸ ਸਾਜ਼ਿਸ਼ੀ ਬਿਰਤੀ ਨੂੰ ਇੱਕ ਉਪ ਕਥਾ ਰਾਹੀਂ ਲੇਖਕ ਦੱਸਦਾ ਹੈ – ‘ਪਹਿਲੋਂ ਸੁਣ ਇੱਕ ਕਹਾਣੀ’ ਪ੍ਰੋਫੈਸਰ ਕਿਸ਼ੌਰੀ ਲਾਲ ਨੇ ਇਸ਼ਾਰੇ ਨਾਲ ਸੈਣੀ ਨੂੰ ਚਾਹ ਮੰਗਵਾਉਣ ਲਈ ਆਖਿਆ ਤੇ ਗੱਲ ਅਗਾਂਹ ਤੋਰੀ, ‘ਸਾਡੀ ਕੁਝ ਜ਼ਮੀਨ ਬਿਆਸ ਦਰਿਆ ਦੇ ਮੰਡ ਵਿੱਚ ਹੁੰਦੀ ਸੀ। ਉਸ ਜ਼ਮੀਨ ਵਿੱਚ ਨਿੱਕੇ ਨਿੱਕੇ ਨਾਲੇ ਵੀ ਸਨ ਤੇ ਢੰਨਾਂ ਵੀ। ਢੰਨਾਂ ਨਿੱਕੇ ਛੱਪੜ ਵਾਂਗ ਸਨ। ਬਿਆਸ ਦੇ ਉਛਾਲ ਨਾਲ ਉਹ ਢੰਨਾਂ ਪਾਣੀ ਨਾਲ ਭਰ ਜਾਂਦੀਆਂ ਸਨ। ਅਸੀਂ ਉਨ੍ਹਾਂ ਢੰਨਾਂ ਵਿੱਚ ਕੁੰਡੀਆਂ ਸੁੱਟ ਦਿੰਦੇ ਸਾਂ।
‘ਕੁੰਡੀਆਂ ਦੀ ਸੂਤਲੀ ਅਸੀਂ ਬੂਝਿਆਂ ਨਾਲ ਬੰਨ੍ਹ ਕੇ ਘਰ ਆ ਜਾਂਦੇ ਸਾਂ। ਅਗਲੀ ਸਵੇਰ ਅਸੀਂ ਕੁੰਡੀਆਂ ਬਾਹਰ ਖਿੱਚ ਲੈਂਦੇ ਸਾਂ। ਸਾਡੇ ਵਿੱਚੋਂ ਕਈਆਂ ਦੀਆਂ ਕੁੰਡੀਆਂ ਖਾਲੀ ਹੁੰਦੀਆਂ ਸਨ ਤੇ ਕਈਆਂ ਦੀਆਂ ਕੁੰਡੀਆਂ ਨਾਲ ਮੱਛੀ ਫਸੀ ਹੁੰਦੀ ਸੀ।’
‘ਮੱਛੀ ਤਾਂ ਫਿਰ ਉਸੇ ਕੁੰਡੀ ਨਾਲ ਹੀ ਫਸੂ ਜਿਸਦੇ ਨਾਲ ਉਹਦੇ ਖਾਣ ਲਈ ਕੁਝ ਸੁਆਦੀ ਲੱਗਾ ਹੋਊ।’
‘ਤਾਂ ਵੀ ਆਪਾਂ ਤਿੰਨੇ ਢੰਨ ਵਿੱਚ ਆਪੋ ਆਪਣੀ ਕੁੰਡੀ ਸੁਟਾਂਗੇ। ਅੱਗੇ ਮੱਛੀ ਦੀ ਮਰਜ਼ੀ।’ ਇਸ ਸਾਰੀ ਕਹਾਣੀ ਦਾ ਸੰਬੰਧ ਨਸੀਬ ਧਾਮੀ ਨਾਲ ਜੁੜਦਾ ਹੈ ਜੋ ਕਵਿਤਾ ਪੜ੍ਹਨ ਲਈ ਦਿੱਲੀ ਆਈ ਹੋਈ ਹੈ।
ਇਸ ਸਥਿਤੀ-ਮੂਲਕ ਨਾਵਲ ਵਿੱਚੋਂ ਵੱਡੇ ਵੱਡੇ ਲੇਖਕਾਂ ਦੇ ਦਰਸ਼ਨ ਹੁੰਦੇ ਹਨ ਜੋ ਇਸ ਤਿਕੜਮਬਾਜ਼ੀ ਦੇ ਮਾਹਰ ਹਨ। ਮਸਲਨ –
ਉਸ ਪੁਰਸਕਾਰ ਯੱਗ ਦਾ ਕੜਾਹ ਵਰਤਾਉਣ ਵਾਲਿਆਂ ਵਿੱਚ ਗੁਰਦੀਪ ਪਨੇਸਰ ਅਤੇ ਉਹਦੀ ਢਾਣੀ ਦੇ ਕੁਝ ਬੰਦੇ ਵੀ ਸਨ। ਪੰਜਾਬੀ ਅਕਾਦਮੀ ਲੁਧਿਆਣਾ ਦੀ ਚੋਣ ਵੇਲੇ ਡਾ. ਹਰਵੰਤ ਸਿੰਘ ਹੀਰਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਪ੍ਰਧਾਨਗੀ ਦੀ ਚੋਣ ਜਿੱਤਣ ਵਾਲਾ ਗੁਰਦੀਪ ਪਨੇਸਰ ਸੀ। ਇਸੇ ਖੇਡ ਵਿੱਚ ਗੁਰਦੀਪ ਪਨੇਸਰ ਦੀ ਪ੍ਰੇਮਕਾ ਬਰਿੰਦਰ ਕੌਰ ਬੀਰਾਂ ਸ਼੍ਰੋਮਣੀ ਕਵੀ ਹੋ ਗਈ ਸੀ।
ਪੰਜਾਬੀ ਭਾਸ਼ਾ ਦੇ ਨਾਂ ’ਤੇ ਰਾਜਨੀਤਕਾਂ ਦਾ ਪਰਦਾ ਵੀ ਖੋਲ੍ਹਿਆ ਹੈ –
ਰਾਜ ਭਵਨ ਵਿੱਚ ਲੇਖਕਾਂ ਦਾ ਗਰਮਜੋਸ਼ੀ ਨਾਲ ਸਵਾਗਤ ਹੋਇਆ। ਉਪ ਮੁੱਖ ਮੰਤਰੀ ਰਣਬੀਰ ਸਿੰਘ ਭਾਗੋਪੁਰੀਆਂ ਆਕਸਫੋਰਡ ਯੂਨੀਵਰਸਿਟੀ ਦਾ ਪੜ੍ਹਿਆ ਹੋਇਆ ਸੀ। ਉਹਨੇ ਆਪਣੀ ਅੰਗਰੇਜ਼ੀ ਦੇ ਗਿਆਨ ਦਾ ਪੂਰਾ ਲਾਹਾ ਲਿਆ। ਉਹਨੇ ਮੰਗ ਪੱਤਰ ਅੰਗਰੇਜ਼ੀ ਵਿੱਚ ਪੇਸ਼ ਕੀਤਾ। ਪ੍ਰਭਾਵਸ਼ਾਲੀ ਅੰਗਰੇਜ਼ੀ ਵਿੱਚ ਹੀ ਉਸ ਨੇ ਚੰਡੀਗੜ੍ਹ ਵਿੱਚ ਪੰਜਾਬੀ ਨਾਲ ਹੋ ਰਹੇ ਅਨਿਆਂ ਦੀ ਗੱਲ ਕੀਤੀ। ਉਹਨੇ ਗਵਰਨਰ ਨੂੰ ਇਹ ਵੀ ਦੱਸਿਆ ਕਿ ਪੰਜਾਬੀ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਬਣੇ। ਸਕੂਲਾਂ, ਕਾਲਜਾਂ ਵਿੱਚ ਪੜ੍ਹਾਈ ਜਾਵੇ ਅਤੇ …’
ਇਹ ਪੰਜਾਬੀ ਭਾਸ਼ਾ ਦੇ ਨਾਂ ’ਤੇ ਖੇਡੀ ਰਾਜਨੀਤੀ ਹੈ। ਕਿਉਂਕਿ ਇਹੀ ਉਹ ਨੇਤਾ ਹਨ ਜਿਨ੍ਹਾਂ ਨੇ ਪੰਜਾਬੀ ਨੂੰ ਪੰਜਾਬ ਵਿੱਚ ਸਭ ਤੋਂ ਵੱਧ ਖੋਰਾ ਲਾਇਆ ਤੇ ਹੁਣ ਰਾਜਨੀਤੀ ਚਮਕਾਉਣ ਲਈ ਇਹੀ ਉਹਦੇ ਸਭ ਤੋਂ ਵੱਡੇ ਹਿਤੈਸ਼ੀ ਬਣ ਕੇ ਲੋਕਾਂ ਨੂੰ ਗੁਮਰਾਹ ਕਰਦੇ ਆਏ ਹਨ।
ਇਨਾਮ ਦਿਵਾਉਣ ਵਾਲੇ ਬੋਰਡ ਦੇ ਇੱਕ ਸਲਾਹਕਾਰ ਪ੍ਰੋਫੈਸਰ ਕਿਸ਼ੋਰੀ ਲਾਲ ਦੇ ਨਿੱਜੀ ਗੁਣਾਂ ਨੂੰ ਉਭਾਰ ਕੇ ਲੇਖਕ ਦੱਸਦਾ ਹੈ ਕਿ ਅਜਿਹੇ ਚੌਧਰੀ ਜਿਨ੍ਹਾਂ ਦਾ ਸਾਹਿਤ ਨਾਲ ਕੋਈ ਵਾਹ ਵਾਸਤਾ ਨਹੀਂ ਕਿਵੇਂ ਇਨਾਮਾਂ ਦੀ ਰਾਜਨੀਤੀ ਖੇਡਦੇ ਹਨ –
ਤਰਲੋਚਨ ਭਾਦਸੋਂ ਜਾਣਦਾ ਸੀ, ਸ਼ੌਂਕੀ ਉਹਦੀ ਅੱਲ ਪੱਕੀ ਹੋਈ ਸੀ।
ਉਹ ਸੁਹਣੀਆਂ ਔਰਤਾਂ ਦਾ ਸ਼ੌਂਕੀ ਸੀ।
ਉਹਨੂੰ ਸਾਹਿਤਕਾਰ ਦਿਸਣ ਦਾ ਸ਼ੌਂਕ ਸੀ।
ਉਹਨੂੰ ਸਾਹਿਤਕ ਸਮਾਗਮਾਂ ਦੀ ਪ੍ਰਧਾਨਗੀ ਕਰਨ ਦਾ ਸ਼ੌਂਕ ਸੀ।
ਉਹਨੂੰ ਵਿਸ਼ਵ ਕਾਨਫ੍ਰੰਸਾਂ ਕਰਨ ਦਾ ਸ਼ੌਂਕ ਸੀ।
ਉਹਨੂੰ ਲਿਖਣ-ਪੜ੍ਹਨ ਦਾ … ਨਹੀਂ, ਨਹੀਂ। ਇਹ ਸ਼ੌਂਕ ਪ੍ਰੋਫੈਸਰ ਕਿਸ਼ੌਰੀ ਲਾਲ ਨੂੰ ਹਰਗਿਜ਼ ਨਹੀਂ ਸੀ।’
ਇਸ ਪਾਤਰ ਦੀ ਨਾਲਾਇਕੀ ਨੂੰ ਅੱਗੇ ਜਾ ਕੇ ਲੇਖਕ ਨੇ ਹੋਰ ਉਭਾਰਿਆ ਹੈ ਕਿ ਕਿਵੇਂ ਉਹਨੇ ਕਾਲਜਾਂ ਵਿੱਚ ਨਲਾਇਕਾਂ ਦਾ ਗੰਦ ਭਰਿਆ, ਉਹਦੇ ਖੋਟੇ ਸਿੱਕੇ ਵੀ ਕਮਾਲ ਦੇ ਨੇ। ਉਹ ਵਿਸ਼ਵ ਕਾਨਫਰੰਸਾਂ ਦਾ ਚਹੇਤਾ ਹੈ – ਉਹਦੀਆਂ ਜੜ੍ਹਾਂ ਤਾਂ ਵਿਦੇਸ਼ਾਂ ਤਕ ਵੀ ਫੈਲੀਆਂ ਹੋਈਆਂ ਨੇ। ਤੂੰ ਸੁਣਦਾ ਪੜ੍ਹਦਾ ਨਹੀਂ? ਹਰ ਤੀਜੇ ਮਹੀਨੇ ਤਾਂ ਉਹ ਪੰਦਰਾਂ ਬੰਦਿਆਂ ਵਾਲੀ ਵਿਸ਼ਵ ਕਾਨਫਰੰਸ ਕਰਵਾ ਲੈਂਦਾ ਏ। ਉਹਦੇ ਬਾਰੇ ਲੇਖਕ ਉਹਦੇ ਮੂੰਹੋਂ ਉਹਦੇ ਅੰਦਰਲੀ ਸਚਾਈ ਕਢਵਾਉਂਦਾ ਲਿਖਦਾ ਹੈ – ਤੈਨੂੰ ਪਤਾ ਏ ਨਾ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਵਿੱਚ ਡੀਨ ਸਾਂ। ਤੈਥੋਂ ਕਾਦ੍ਹਾ ਲੁਕਾ ਏ। ਉਦੋਂ ਮੈਂ ਕਾਲਜਾਂ ਵਿੱਚ ਨਲਾਇਕਾਂ ਦਾ ਬੜਾ ਗੰਦ ਭਰਿਆ। ਮੇਰਾ ਇੱਕ ਚੇਲਾ ਖੇਤੀਬਾੜੀ ਦਾ ਸਬ ਇੰਸਪੈਕਟਰ ਸੀ। ਇੱਕ ਹੋਰ ਚੇਲਾ ਮੇਰਾ ਟਾਈਪਿਸਟ ਸੀ। ਉਹ ਦੋਵੇਂ ਹੁਣ ਕਾਲਜ ਵਿੱਚ ਪ੍ਰੋਫੈਸਰ ਨੇ। ਬੜਿਆਂ ਦਾ ਭਲਾ ਹੋਇਆ ਮੇਰੇ ਹੱਥੋਂ। ਮੇਰੇ ਉਹ ਖੋਟੇ ਸਿੱਕੇ ਵੀ ਕਮਾਲ ਦੇ ਨੇ। ਜਿਹੜੀਆਂ ਕੁੜੀਆਂ ਦਾ ਮੈਂ ਗਾਈਡ ਹਾਂ, ਉਹ ਮੇਰੇ ਕਰਜ਼ੇ ਦੀਆਂ ਕਿਸ਼ਤਾਂ ਨਾਲੋ ਨਾਲ ਤਾਰਦੀਆਂ ਹੀ ਰਹਿੰਦੀਆਂ ਨੇ, ਉਨ੍ਹਾਂ ਕੋਲ ਸੋਹਣਾ ਸਰੀਰ ਜੋ ਹੁੰਦਾ ਏ। ਇੰਜ ਉਹਦੀਆਂ ਪਰਤਾਂ ਉਧੇੜੀਆਂ ਨੇ ਕਿ ਉਹ ਤਰਲੋਚਨ ਨੂੰ ਕਿਵੇਂ ਇਨਾਮ ਦਿਵਾਉਣ ਲਈ ਸੌਦੇਬਾਜ਼ੀ ਕਰਦਾ ਹੈ। ਇਸੇ ਤਰ੍ਹਾਂ ਇੱਕ ਵਿਦੇਸ਼ੀ ਲੇਖਕ ਨੂੰ ਇਨਾਮ ਦਿਵਾਉਣ ਲਈ ਡਾਕਟਰ ਹੀਰਾ ਜਿਊਰੀ ਮੈਂਬਰਾਂ ਨੂੰ ਲਿਫਾਫੇ ਵੰਡਦਾ ਹੈ ਤੇ ਆਪ ਵੀ ਲਿਫਾਫੇ ਦਾ ਭਾਰਾ ਹਿੱਸਾ ਗ੍ਰਹਿਣ ਕਰਦਾ ਹੈ।
ਇਸ ਤੋਂ ਅੱਗੇ ਗੱਲ ਸਾਹਿਤ ਅਕਾਦਮੀ ਦੀ ਤੁਰਦੀ ਹੈ, ਕਿਵੇਂ ਉੱਥੇ ਵੀ ਅਜਿਹੀ ਹੀ ਬਿਸਾਤ ਵਿਛਾਈ ਹੋਈ ਹੈ। ਇਸਦਾ ਸੰਕੇਤ ਗੋਸ਼ਤ ਦੇ ਚਿੰਨ੍ਹ ਤੋਂ ਮਿਲਦਾ ਹੈ –
‘ਸਹੇਲੀਏ! ਉਹ ਗੋਸ਼ਤ ਜੋ ਪੰਜ ਸਿਤਾਰਾ ਹੋਟਲ ਹੁੰਦੇ ਏ। ਉਹ ਗੋਸ਼ਤ ਹਵਾਈ ਜਹਾਜ਼ ਦਾ ਸਫਰ ਹੁੰਦਾ ਏ। ਉਹ ਗੋਸ਼ਤ ਕੌਮੀ ਮਿਆਰ ਦੇ ਲੇਖਕ ਹੋ ਜਾਣ ਦਾ ਭਰਮ ਹੁੰਦਾ ਹੈ। ਉਹ ਗੋਸ਼ਤ …’
ਇਸ ਨਾਵਲ ਦਾ ਅੰਤਲਾ ਕਿੱਸਾ ਜੋ ਡਾਕਟਰ ਹਰਵੰਤ ਹੀਰੇ ਦੀ ਮੌਤ ਨਾਲ ਸੰਬੰਧਿਤ ਹੈ – ਬੜਾ ਦਰਦਨਾਕ ਹੈ। ਵਡੇਰੀ ਉਮਰ ਵਿੱਚ ਉਹ ਕਨੇਡਾ ਵਿੱਚੋਂ ਭੇਜੀਆਂ ਵਿਆਗਰਾਂ ਦੀਆਂ ਗੋਲੀਆਂ ਪਰਖਦਾ ਮੌਤ ਦੇ ਮੂੰਹ ਜਾ ਪੈਂਦਾ ਹੈ। ਉਹ ਪ੍ਰੇਮਕਾ ਨਾਲ ਅੰਤਮ ਭੋਗ ਕਰਦਾ ਹੈ ਤੇ ਫਿਰ ਜਿਵੇਂ ਨਰਕਾਂ ਦੀ ਅੱਗ ਵਿੱਚ ਝੁਲਸਿਆ ਜਾਂਦਾ ਹੈ।
ਉਹਦੀ ਮੌਤ ਕਈ ਚਿਰ ਅਚੰਭਾ ਬਣੀ ਰਹੀ। ਫਿਰ ਹੌਲੀ ਹੌਲੀ ਭੇਦ ਖੁੱਲ੍ਹਣ ਲੱਗੇ। ਉਹਦੀ ਥਾਂ ਸੁੱਚਾ ਸਿੰਘ ਸੈਣੀ ਲੈਣ ਲੱਗਾ। ਹੁਣ ਉਹਨੂੰ ਡਾਕਟਰ ਦਾ ਕੋਈ ਡਰ ਭਓ ਨਹੀਂ ਸੀ। ਉਹ ਵੀ ਉਹੋ ਜਿਹੀਆਂ ਸ਼ਬਾਬੀ ਖੇਡਾਂ ਖੇਡਣ ਲੱਗਾ। ਕਵਿੱਤਰੀ ਨਸੀਬ ਨੂੰ ਆਪਣੇ ਮੱਕੜਜਾਲ ਵਿੱਚ ਫਸਾਉਣ ਲਈ ਉਹ ਪੂਰੀ ਤਿਆਰ ਨਾਲ ਕੁੰਡੀ ਲਾਉਂਦਾ ਹੈ, ਪਰ ਕਾਮਯਾਬ ਨਹੀਂ ਹੁੰਦਾ। ਉਹਦੀ ਕਮੀਨਗੀ, ਬੇਸ਼ਰਮੀ, ਲਾਲਸਾ ਤੇ ਵਾਸ਼ਨਾ ਨੂੰ ਲੇਖਕ ਨੇ ਇੱਕ ਪੂਰੇ ਨੈਰੇਟਿਵ ਵਿੱਚ ਫੈਲਾਇਆ ਹੈ। ਮਸਲਨ – ਵੇਖ ਨਸੀਬ, ਤੂੰ ਤਾਂ ਗੁਰੂ ਨਾਲ ਮੇਰੇ ਰਿਸ਼ਤੇ ਨੂੰ ਜਾਣਨੀ ਏ। ਬਾਬੇ ਦਾ ਤੇਰੇ ਨਾਲ ਦਿਲੋਂ ਮੋਹ ਸੀ। ਉਹ ਚਾਹੁੰਦਾ ਸੀ, ਤੂੰ ਸਾਹਿਤ ਦੀ ਡਾਕਟਰ ਬਣੇਂ ਤੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੀ ਪ੍ਰੋਫੈਸਰ ਵੀ। ਉਹ ਤੈਨੂੰ ਇੱਕ ਮਸ਼ਹੂਰ ਲੇਖਕਾ ਬਣੀ ਵੇਖਣਾ ਚਾਹੁੰਦਾ ਸੀ। ਡਾਕਟਰ ਹੀਰੇ ਦਾ ਅਧੂਰਾ ਰਹਿ ਗਿਆ ਕੰਮ ਮੈਂ ਪੂਰਾ ਕਰਨਾ ਹੈ। ਮੈਂ ਇਹ ਵੀ ਕਰਨਾ ਹੈ ਕਿ …’
ਅੰਤਲਾ ਹਿੱਸਾ ਬਿਖਰੀਆਂ ਲੀਰਾਂ ਦੀ ਹੋਣੀ ਦਾ ਹੈ ਜਿਸ ਵਿੱਚ ਡਾ. ਹੀਰੇ ਦੀ ਪ੍ਰੇਮਕਾ ਨੂੰ ਅਕਾਦਮੀ ਇਨਾਮ ਮਿਲਣ ਦੇ ਦ੍ਰਿਸ਼ ਨੂੰ ਚਿਤਰਿਆ ਹੈ। ਉੱਥੇ ਵੀ ਸੁੱਚਾ ਸੈਣੀ, ਜੋ ਹੁਣ ਡਾਕਟਰ ਹੀਰੇ ਦਾ ਗੱਦੀ ਨਸ਼ੀਨ ਹੈ, ਉਹਦੇ ਰਾਹੀਂ ਪ੍ਰੇਮਕਾ ਉਰਵਸ਼ੀ ਦੇ ਇਨਾਮ ਦਾ ਭੇਦ ਤੇ ਡਾਕਟਰ ਹੀਰੇ ਨਾਲ ਉਹਦੇ ਸਬੰਧਾਂ ਦਾ ਪਤਾ ਉਹਦੇ ਪਤੀ ਜਗਮੋਹਨ ਖੰਨੇ ਕੋਲ ਖੁੱਲ੍ਹਦਾ ਹੈ। ਅਜਿਹੀਆਂ ਦੁਖਾਂਤਕ ਸਥਿਤੀਆਂ ਦਾ ਅੰਤ ਉਰਵਸ਼ੀ ਵੱਲੋਂ ਕੀਤੀ ਖ਼ੁਦਕੁਸ਼ੀ ਨਾਲ ਹੁੰਦਾ ਹੈ।
ਇਸ ਤਰ੍ਹਾਂ ਇਹ ਨਾਵਲ ਉਨ੍ਹਾਂ ਵਿਕਟ ਸਥਿਤੀਆਂ ਦੇ ਗੋਰਖਧੰਦੇ ਨਾਲ ਭਰਿਆ ਪਿਆ ਹੈ ਜੋ ਸਾਹਿਤ ਤੇ ਭਾਸ਼ਾ ਦੇ ਨਾਂ ’ਤੇ ਭ੍ਰਸ਼ਟਾਚਾਰ ਤੇ ਸ਼ੋਸ਼ਣ ਨਾਲ ਲਬਰੇਜ਼ ਹਨ। ਇਸ ਵਿਚਲੇ ਸਾਰੇ ਪਾਤਰ ਪਛਾਣਨਯੋਗ ਚਿਹਰੇ ਹਨ। ਹੋ ਸਕਦਾ ਪਾਠਕ ਇਨ੍ਹਾਂ ਨੂੰ ਪਛਾਣ ਲੈਣ ਤੇ ਇਨ੍ਹਾਂ ਨੂੰ ਨਫਰਤ ਕਰਨ। ਕਈ ਚਿਹਰੇ ਤੜਫ ਵੀ ਸਕਦੇ ਹਨ ਪਰ ਹੁਣ ਉਹ ਆਪਣੀ ਤੜਫਣ ਜੱਗ ਜ਼ਾਹਰ ਨਹੀਂ ਕਰਨਗੇ ਕਿਉਂਕਿ ਇਸ ਨਾਲ ਬਦਨਾਮੀ ਦਾ ਡਰ ਹੈ। ਲੇਖਕ ਨੇ ਗਲਪੀ ਓਹਲੇ ਵਿੱਚ ਜਿਹੜੇ ਪਾਜ ਉਘੇੜੇ ਹਨ ਨਿਸਚੇ ਹੀ ਉਨ੍ਹਾਂ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਕੁਝ ਲੇਖਕ ਇਨ੍ਹਾਂ ਇਨਾਮਾਂ ਦੇ ਭ੍ਰਸ਼ਟਾਚਾਰ ਲਈ ਅਦਾਲਤ ਵੀ ਪਹੁੰਚ ਗਏ ਹਨ। ਅਦਾਲਤ ਨੇ ਅਗਲੇ ਹੁਕਮ ਤਕ ਇਨਾਮਾਂ ’ਤੇ ਰੋਕ ਲਾ ਦਿੱਤੀ ਹੈ। ਇਸ ਗਲਪੀ ਪਾਠ ਦੀਆਂ ਲਿਸ਼ਕੋਰਾਂ ਵਿੱਚੋਂ ਸਾਹਿਤ ’ਤੇ ਖਿਲਰੀ ਧੁੰਦ ਸਪਸ਼ਟ ਦੇਖੀ ਜਾ ਸਕਦੀ ਹੈ। ਸਾਹਿਤ ਦੇ ਨਾਂ ’ਤੇ ਫੈਲੇ ਭ੍ਰਿਸ਼ਟਾਚਾਰ ਦੀ ਇਹ ਮਹਾਂ ਗਾਥਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3036)
(ਸਰੋਕਾਰ ਨਾਲ ਸੰਪਰਕ ਲਈ: