“ਜੇ ਅਸੀਂ ਇਨ੍ਹਾਂ ਸਵਾਲਾਂ ਦੇ ਰੂਬਰੂ ਨਾ ਹੋਏ ਅਤੇ ਚੈਲੰਜ ਕਬੂਲ ਨਾ ਕੀਤੇ ਤਾਂ ...”
(5 ਫਰਵਰੀ 2025)
‘ਨਾਰਕੋ ਅੱਤਵਾਦ’ ਪੰਜਾਬ ਵਿੱਚ ਨਵੇਂ ਸ਼ਬਦ ਹਨ। ਇਤਿਹਾਸਕਾਰ ਰਾਜਪਾਲ ਸਿੰਘ ਦੀ ਪੁਸਤਕ ‘ਪੰਜਾਬ ਦੀ ਇਤਿਹਾਸਕ ਗਾਥਾ’ ਵਿੱਚ ਪੰਜਾਬ ਦੇ ਡੇਢ ਸੌ ਸਾਲਾਂ ਦੇ ਇਤਿਹਾਸ ਦੀ ਤੱਥਾਂ ’ਤੇ ਅਧਾਰਿਤ ਵਿਆਖਿਆ ਕੀਤੀ ਗਈ ਹੈ। ਪੰਜਾਬ ਉੱਪਰ ਅੰਗਰੇਜ਼ਾਂ ਦੇ ਕਬਜ਼ੇ ਤੋਂ ਸ਼ੁਰੂ ਕਰਕੇ ਵੀਹਵੀਂ ਸਦੀ ਦੇ ਅੰਤਲੇ ਸਾਲਾਂ ਤਕ ਪੰਜਾਬ ਦੇ ਸਮਾਜਿਕ, ਆਰਥਿਕ, ਰਾਜਨੀਤਕ ਹਾਲਾਤ ਦਾ ਭਰਪੂਰ ਅਤੇ ਵਿਸਥਾਰ ਪੂਰਵਕ ਵਰਣਨ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ। ਰਾਜਪਾਲ ਸਿੰਘ ਪੁਸਤਕ ਦੇ ਅੰਤਲੇ ਪੰਨਾ ਨੰਬਰ 201 ’ਤੇ ਲਿਖਦੇ ਹਨ...
“… … ਵੀਹਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ ਦਹਿਸ਼ਤਵਾਦ ਦਾ ਖਾਤਮਾ ਕਰ ਦਿੱਤਾ ਗਿਆ। ਇਸ ਸਮੇਂ ਹੀ (ਸਰਕਾਰ ਨੇ) ਦੇਸ਼ ਭਰ ਵਿੱਚ ਨਵੀਂਆਂ ਆਰਥਿਕ ਨੀਤੀਆਂ ਲਾਗੂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਜਿਨ੍ਹਾਂ ਕਾਰਨ ਸਰਕਾਰੀ ਸੈਕਟਰ ਨੂੰ ਛਾਂਗਣ ਕਰਕੇ ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਕਰਨ ਦੇ ਮੌਕੇ ਹੋਰ ਸੁੰਗੜ ਗਏ। ਦੂਜੇ ਪਾਸੇ ਪ੍ਰਾਈਵੇਟ ਸੈਕਟਰ ਦਾ ਵਿਕਾਸ ਨਾ ਹੋਇਆ। ਇਸ ਨਾਲ ਬੇਚੈਨੀ ਤਾਂ ਧੁਖਦੀ ਰਹੀ ਪਰ ਇਸ ਬੇਚੈਨੀ ਨੂੰ ਸਿੱਖ ਮੂਲਵਾਦੀ ਵਰਤਣ ਤੋਂ ਅਸਮਰੱਥ ਸਨ ਕਿਉਂਕਿ ਇਹ ਮੁਲਵਾਦੀ ਲਹਿਰ ਆਪਣੀਆਂ ਸਾਰੀਆਂ ਸੰਭਾਵਨਾਵਾਂ ਹੰਢਾ ਚੁੱਕੀ ਸੀ। ਇਸ ਸਥਿਤੀ ਵਿੱਚ ਕਿਸਾਨੀ ਦੇ ਹੇਠਲੇ ਵਰਗ ਦਾ ਇੱਕ ਹਿੱਸਾ ਤਾਂ ਖੱਬੇ ਪੱਖੀ ਜਥੇਬੰਦੀਆਂ ਵੱਲ ਮੋੜਾ ਕੱਟਦਾ ਹੋਇਆ ਸਰਕਾਰ ਖਿਲਾਫ ਸੰਘਰਸ਼ ਦੇ ਰਾਹ ਪੈਂਦਾ ਹੈ ਪਰ ਨੌਜਵਾਨ ਵਰਗ ਦਾ ਵੱਡਾ ਹਿੱਸਾ ਪਲਾਇਨਵਾਦ ਦਾ ਸ਼ਿਕਾਰ ਹੁੰਦਾ ਹੈ। ਇਹ ਪਲਾਇਨ ਕਈ ਰੂਪਾਂ ਵਿੱਚ ਪ੍ਰਗਟ ਹੁੰਦਾ ਹੈ, ਜਿਵੇਂ ਪੰਜਾਬ ਤੋਂ ਪਲਾਇਨ (ਵਿਦੇਸ਼ਾਂ ਵਿੱਚ ਜਾਣਾ), ਜੀਵਨ ਦੀਆਂ ਹਕੀਕਤਾਂ ਤੋਂ ਪਲਾਇਨ (ਨਸ਼ਿਆਂ ਦਾ ਸ਼ਿਕਾਰ ਹੋਣਾ), ਜ਼ਿੰਦਗੀ ਤੋਂ ਪਲਾਇਨ (ਖੁਦਕੁਸ਼ੀਆਂ ਕਰਨਾ) … …।” ਇੱਕੀਵੀਂ ਸਦੀ ਦੇ ਚੜ੍ਹਾ ਵੇਲੇ ਪਰਵਾਸ, ਨਸ਼ੇ, ਖੁਦਕੁਸ਼ੀਆਂ ਪੰਜਾਬ ਦੀਆਂ ਮੁੱਖ ਸਮੱਸਿਆਵਾਂ ਸਨ।
ਹੁਸ਼ਿਆਰ ਅਤੇ ਹੋਣਹਾਰ ਮੁੰਡੇ ਕੁੜੀਆਂ ਨੇ ਆਪਣੀ ਉੱਚ ਵਿੱਦਿਆ ਦੀ ਬਲੀ ਦੇ ਕੇ ਸਿਰਫ਼ ਆਈਲੈਟਸ ਕਰਨਾ ਹੀ ਆਪਣਾ ਜੀਵਨ ਲਕਸ਼ ਬਣਾ ਲਿਆ। ਸੋ ਕਈ ਲੱਖਾਂ ਵਿੱਚੋਂ ਕੁਝ ਲੱਖ ਬੱਚੇ ਆਈਲੈਟਸ ਪਾਸ ਕਰਦੇ, ਲੋੜੀਂਦੇ ਸਾਢੇ ਛੇ, ਸੱਤ, ਸਾਢੇ ਸੱਤ, ਅੱਠ ਬੈਂਡ ਪ੍ਰਾਪਤ ਕਰਦੇ। ਆਪਣੇ ਮਾਪੇ, ਆਪਣੀ ਮਿੱਟੀ, ਆਪਣਾ ਸੱਭਿਆਚਾਰ, ਵਿਰਸਾ, ਆਪਣਾ ਦੇਸ਼ ਛੱਡ ਕੇ ਬੱਚੇ ਜਹਾਜ਼ ਚੜ੍ਹ ਜਾਂਦੇ। ਮਾਪੇ ਜ਼ਮੀਨਾਂ, ਘਰ ਅਤੇ ਹੋਰ ਸੰਪਤੀ ਵੇਚ ਕੇ, ਕਰਜ਼ੇ ਚੁੱਕ ਕੇ ਧੀਆਂ ਪੁੱਤਾਂ ਦੇ ਸੁਨਹਿਰੀ ਭਵਿੱਖ ਦੀ ਆਸ ਨਾਲ ਵਿਦੇਸ਼ ਤੋਰ ਦਿੰਦੇ। ਦੋ ਢਾਈ ਦਹਾਕੇ ਬਰੇਨ ਡਰੇਨ ਹੋਇਆ, ਕਰੋੜਾਂ ਅਰਬਾਂ ਦੀ ਦੌਲਤ ਵਿਦੇਸ਼ ਜਾਂਦੀ ਰਹੀ। ਘਰਾਂ ਦੇ ਘਰ ,ਪਿੰਡਾਂ ਦੇ ਪਿੰਡ ਖਾਲੀ ਹੋਈ ਗਏ। ਇਸ ਪਰਵਾਸ ਨੇ ਮਾਪਿਆਂ ਅਤੇ ਬੱਚਿਆਂ ਨੂੰ ਉਕਤ ਘਾਟੇ ਤੋਂ ਇਲਾਵਾ ਹੋਰ ਵੀ ਸਮਾਜਿਕ, ਪਰਿਵਾਰਕ, ਸੱਭਿਆਚਾਰਕ ਮਸਲਿਆਂ ਦੇ ਰੂਬਰੂ ਕੀਤਾ।
ਨਸ਼ਿਆਂ ਦੇ ਕਾਰਨਾਂ ਵਿੱਚ ਹੋਰ ਬਹੁਤ ਸਾਰੇ ਕਾਰਨਾਂ ਵਿੱਚੋਂ ਇੱਕ ਕਾਰਨ ਪਰਵਾਸ ਨਾ ਕਰ ਸਕਣ ਵਾਲੇ ਨੌਜਵਾਨਾਂ ਦੀ ਨਿਰਾਸ਼ਾ ਵੀ ਹੈ। ਆਈਲੈਟਸ ਨੂੰ ਹੀ ਜ਼ਿੰਦਗੀ ਸਮਝ ਲੈਣ ਵਾਲੇ ਮੁੰਡਿਆਂ ਵਿੱਚੋਂ ਬਹੁਤ ਸਾਰੇ ਫੇਲ ਮੁੰਡੇ ਨਿਰਾਸ਼ਤਾ ਦੇ ਆਲਮ ਵਿੱਚ ਨਸ਼ਿਆਂ ਦੀ ਦਲਦਲ ਵਿੱਚ ਡੁੱਬਦੇ ਗਏ ਜਾਂ ਡੁੱਬਦੇ ਜਾ ਰਹੇ ਹਨ। ਪੰਜਾਬ ਵਿੱਚ ਨਸ਼ੇ ਹਮੇਸ਼ਾ ਰਹੇ ਹਨ। ਸ਼ਰਾਬ, ਅਫੀਮ ਪੁਰਾਤਨ ਸਮੇਂ ਤੋਂ ਚੱਲੇ ਆ ਰਹੇ ਹਨ। ਭੁੱਕੀ, ਡੋਡੇ, ਕਾਲੀ ਖਸਖਸ, ਅਫੀਮ ਦੀ ਕਤਾਰ ਵਿੱਚ ਖੜ੍ਹੇ ਹਨ। ਜਦੋਂ ਇਹ ਨਸ਼ੇ ਮਹਿੰਗੇ ਹੋ ਕੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ ਲੱਗੇ ਤਾਂ ਗੋਲ਼ੀਆਂ, ਕੈਪਸੂਲ, ਕਰੈਕਸ ਆਦਿ ਨਸ਼ੇ ਆਏ। ਸਮੈਕ, ਨਸ਼ਿਆਂ ਦੇ ਟੀਕੇ, ਚਿੱਟੇ ਨੇ ਤਾਂ ਅਜਿਹਾ ਮੱਕੜਜਾਲ਼ ਫੈਲਾਇਆ ਹੈ ਕਿ ਹੁਣ ਲੱਖਾਂ ਦੀ ਗਿਣਤੀ ਵਿੱਚ ਪੰਜਾਬੀ ਇਸਦੀ ਲਪੇਟ ਵਿੱਚ ਆ ਚੁੱਕੇ ਹਨ। ਇਹ ਮੈਡੀਕਲ ਨਸ਼ੇ ਰਸਾਇਣਾਂ ਅਤੇ ਕੈਮੀਕਲ ਤੋਂ ਤਿਆਰ ਕੀਤੇ ਡਰੱਗਜ਼ ਜਾਨਲੇਵਾ ਹਨ। ਜਿਹੜਾ ਵਿਅਕਤੀ ਇਸਦੇ ਚੁੰਗਲ ਵਿੱਚ ਫਸ ਜਾਂਦਾ ਹੈ, ਉਸਦਾ ਮਰਕੇ ਖਹਿੜਾ ਛੁੱਟਦਾ ਹੈ। ਇਨ੍ਹਾਂ ਨਸ਼ਿਆਂ ਤੋਂ ਨਿਜਾਤ ਪਾਉਣਾ ਬਹੁਤ ਮੁਸ਼ਕਿਲ ਹੈ। ਮਰਨ ਤੋਂ ਪਹਿਲਾਂ ਨਸ਼ੇੜੀ ਮਰਿਆਂ ਤੋਂ ਵੱਧ ਹੁੰਦਾ ਜਾਂਦਾ ਹੈ।
ਇਹ ਨਸ਼ਿਆਂ ਦਾ ਜਾਲ਼, ਕਾਰੋਬਾਰ, ਗਠਜੋੜ ਬਹੁਤ ਵੱਡਾ ਹੈ। ਸਵਾਲ ਇਹ ਹੈ ਕਿ ਇਹ ‘ਮਾਰੂ ਸਮੱਗਰੀ’ ਕਿੱਥੋਂ ਆਉਂਦੀ ਹੈ? ਇਸਦੇ ਤਿਆਰ ਹੋਣ ਅਤੇ ਸਪਲਾਈ ਹੋਣ ਦਾ ਪੂਰਾ ‘ਤੰਤਰ’ ਕੀ ਹੈ? ਇਹ ‘ਤੰਤਰ’ ਖੋਜਣਾ ਸਰਕਾਰਾਂ, ਉਸ ਦੀਆਂ ਏਜੰਸੀਆਂ, ਅਦਾਰਿਆਂ ਦਾ ਕੰਮ ਹੈ। ਇਸ ‘ਤੰਤਰ’ ਨੂੰ ਖੋਜਣ ਅਤੇ ਇਸ ਨੂੰ ਖ਼ਤਮ ਕਰਨ ਵਿੱਚ ਸੱਤਾ ਪੂਰਨ ਰੂਪ ਵਿੱਚ ਫੇਲ ਹੈ। ਉਸਦੀ ਨੀਅਤ ਅਤੇ ਨੀਤੀ ‘ਬਦਨੀਤ’ ਹੈ। ਰਾਜਨੀਤੀਵਾਨ, ਅਫਸਰਸ਼ਾਹੀ ਅਤੇ ਸਮਗਲਰਾਂ ਦਾ ਗਠਜੋੜ ਇਸ ਤੰਤਰ ਅਤੇ ਕਾਰੋਬਾਰ ਲਈ ਜ਼ਿੰਮੇਵਾਰ ਹੈ। ਨਸ਼ਿਆਂ ਨਾਲ ਹੋ ਰਹੇ ‘ਨਰ ਸੰਘਾਰ’ ਦਾ ਪ੍ਰਮੁੱਖ ਜ਼ਿੰਮੇਵਾਰ ਇਹ ਨਾਪਾਕ ਗਠਜੋੜ ਹੈ।
ਹੇਠਾਂ ਨਸ਼ਿਆਂ ਦੇ ਘਾਤਕ ਅਸਰ ਕਾਰਨ ਹੋ ਰਹੀਆਂ ਮੌਤਾਂ, ਰੁਲ਼ ਰਹੀ ਜਵਾਨੀ, ਆਰਥਿਕ ਕੰਗਾਲੀ ਅਤੇ ਸਮਾਜਿਕ ਦੁਰਪ੍ਰਭਾਵਾਂ ਦਾ ਸੰਖੇਪ ਜ਼ਿਕਰ ਕਰ ਰਹੇ ਹਾਂ:
* ਨਸ਼ਾ ਸੇਵਨ ਕਰਨ ਵਾਲਾ ਵਿਅਕਤੀ ਸਰੀਰਕ ਤੌਰ ’ਤੇ ਖ਼ਤਮ ਹੋਣ ਲਗਦਾ ਹੈ। ਮਾਨਸਿਕ, ਆਰਥਿਕ, ਸਮਾਜਿਕ ਅਤੇ ਪਰਿਵਾਰਕ ਤੌਰ ’ਤੇ ਉਹ ਪੂਰਨ ਤੌਰ ’ਤੇ ਬਰਬਾਦ ਹੋ ਜਾਂਦਾ ਹੈ।
* ਆਰਥਿਕ ਤੰਗੀ ਅਤੇ ਸਰੀਰਕ ਆਯੋਗਤਾ ਕਾਰਨ ਨਸ਼ੇੜੀ ਵਿਅਕਤੀ ਦਾ ਪਰਿਵਾਰ ਟੁੱਟ ਜਾਂਦਾ ਹੈ। ਬੱਚੇ ਅਤੇ ਬੁੱਢੇ ਮਾਪੇ ਰੁਲ ਜਾਂਦੇ ਹਨ। ਜੀਵਨ ਸਾਥਣ ਨਾ ਸੁਹਾਗਣ ਨਾ ਰੰਡੀ ਰਹਿੰਦੀ ਹੈ।
* ਜਿਸ ਸਰੀਰਕ ਸ਼ਕਤੀ ਨੇ ਕੰਮ, ਕਿਰਤ ਅਤੇ ਹੁਨਰ ਨਾਲ ਆਪਣਾ ਪਰਿਵਾਰ ਤੇ ਸਮਾਜ ਦਾ ਗਾਡੀਵਾਨ ਬਣਨਾ ਸੀ, ਉਹ ਨਸ਼ਟ ਹੋ ਜਾਂਦੀ ਹੈ।
* ਰਿਸ਼ਤਿਆਂ ਦਾ ਘਾਣ ਹੋ ਜਾਂਦਾ ਹੈ।
* ਨਸ਼ੇੜੀ ਸਮਾਜ ਗਰਕਦਾ ਜਾਂਦਾ ਹੈ। ਉਹ ਹਰ ਤਰ੍ਹਾਂ ਦੇ ਜੀਵਨ ਮੁੱਲ ਖੋ ਲੈਂਦਾ ਹੈ ਤੇ ਗੁਲਾਮੀ ਦੇ ਰਾਹ ਤੁਰ ਪੈਂਦਾ ਹੈ।
* ਨਵਾਂ ਸਿਰਜਣਾ, ਨਵਾਂ ਖੋਜਣਾ, ਨਵੇਂ ਦਿਸਹੱਦੇ ਪਾਰ ਤਾਂ ਕੀ ਕਰਨੇ ਸਨ, ਉਹ ਤਾਂ ਪੂਰਵਜਾਂ ਅਤੇ ਬਜ਼ੁਰਗਾਂ ਦਾ ਦਿੱਤਾ ਵੀ ਗੁਆ ਬੈਠਦਾ ਹੈ।
ਇਨ੍ਹਾਂ ਮਾਰੂ ਪ੍ਰਭਾਵਾਂ ਤੋਂ ਇਲਾਵਾ ਅੱਜ ਕੱਲ੍ਹ ਪੰਜਾਬ ਵਿੱਚ ਇੱਕ ਨਵਾਂ ਅਤੇ ਖਤਰਨਾਕ ਰੁਝਾਨ ਪਣਪ ਰਿਹਾ ਹੈ, ਉਹ ਹੈ ਹਜੂਮ ਦੇ ਰੂਪ ਵਿੱਚ, ਨਸ਼ਿਆਂ ਵਿੱਚ ਟੁੰਨ ਹੋਈ ਭੀੜ ਵੱਲੋਂ ਨਰ ਸੰਘਾਰ, ਜਿਸ ਨੂੰ ‘ਨਾਰਕੋ ਅੱਤਵਾਦ’ ਦਾ ਨਾਮ ਦਿੱਤਾ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਦੋ ਤਾਜ਼ਾ ਘਟਨਾਵਾਂ ਸਾਡੇ ਸਾਹਮਣੇ ਵਾਪਰੀਆਂ ਹਨ।
ਪਹਿਲੀ ਘਟਨਾ ਅਕਤੂਬਰ ਮਹੀਨੇ ਵਿੱਚ ਹੋਈਆਂ ਪੰਚਾਇਤ ਚੋਣਾਂ ਤੋਂ ਬਾਅਦ ਵਿੱਚ ਛੰਨਾ ਗੁਲਾਬ ਸਿੰਘ ਜ਼ਿਲ੍ਹਾ ਬਰਨਾਲਾ ਵਿੱਚ ਵਾਪਰੀ ਹੈ, ਦੂਜੀ ਘਟਨਾ 16,17 ਜਨਵਰੀ 2025 ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੀ ਹੈ।
ਹੁਣੇ ਹੋਈਆਂ ਪੰਚਾਇਤ ਚੋਣਾਂ ਵਿੱਚ ਪਿੰਡ ਛੰਨਾ ਗੁਲਾਬ ਸਿੰਘ ਦਾ ਨੌਜਵਾਨ ਸੁਖਜੀਤ ਸਿੰਘ ਸਰਪੰਚ ਬਣ ਗਿਆ। ਨੌਜਵਾਨ ਸਰਪੰਚ ਦੇ ਮਨ ਵਿੱਚ ਕੁਛ ਚੰਗਾ ਕਰਨ ਦੇ ਸੁਪਨੇ ਸਨ। ਉਸਨੇ ਪਿੰਡ ਵਿੱਚੋਂ ਨਸ਼ੇ ਖਤਮ ਕਰਨ ਦੇ ਯਤਨ ਕੀਤੇ। ਪਿੰਡ ਵਿੱਚ ਨਸ਼ੇ ਵੇਚਣ ਵਾਲਿਆਂ ਨੂੰ ਰੋਕਣਾ ਚਾਹਿਆ। ਪੁਲਿਸ ਦੀ ਗ੍ਰਿਫਤ ਵਿੱਚ ਆਏ ਨਸ਼ੇ ਦੇ ਥੋਕ ਪ੍ਰਚੂਨ ਵਪਾਰੀਆਂ ਦੀ ਮਦਦ ਨਾ ਕਰਨ ਦਾ ਫੈਸਲਾ ਕੀਤਾ। ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਬਚਾਉਣ, ਉਨ੍ਹਾਂ ਦਾ ਇਲਾਜ ਕਰਾਉਣ ਦਾ ਮਨ ਬਣਾਇਆ।
ਇਹ ‘ਯਤਨ’ ਨਸ਼ੇ ਦੇ ਸੌਦਾਗਰਾਂ ਦੇ ਗੰਡਾਸੇ ਵਾਂਗ ਵੱਜੇ। ਉਹਨਾਂ ਦੇ ਮਦਦਗਾਰਾਂ ਅਤੇ ਭਾਗੀਦਾਰਾਂ ਦੇ ਠੂਠੇ ਡਾਂਗ ਵੱਜਦੀ ਦਿਸੀ। ਉਹ ਝਟਪਟ ਹਰਕਤ ਵਿੱਚ ਆ ਗਏ। ਇੱਕ ਰਾਤ ਪੰਜਾਹ ਸੱਠ ਬੰਦਿਆਂ ਦੀ ਭੂਤਰੀ ਭੀੜ ਨੇ ਸਰਪੰਚ ਸੁਖਜੀਤ ਸਿੰਘ ਦੇ ਘਰ ’ਤੇ ਹਮਲਾ ਕਰ ਦਿੱਤਾ। ਮਾਰੂ ਹਥਿਆਰਾਂ ਦੀ ਵਰਤੋਂ ਕੀਤੀ। ਸਰਪੰਚ ਦੇ ਬਰਛਾ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਉਸਦੇ ਪਿਤਾ ਨੂੰ ਜਖ਼ਮੀ ਕਰ ਦਿੱਤਾ ਅਤੇ ਘਰ ਦੀ ਭਾਰੀ ਭੰਨ ਤੋੜ ਕੀਤੀ।
ਦੂਜੀ ਘਟਨਾ 15-16 ਜਨਵਰੀ ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲਾ ਵਿੱਚ ਵਾਪਰੀ। ਇਹ ਪਿੰਡ ਮਾਲਵੇ ਦੀ ਸਿੱਖੀ ਰੱਖਣ ਵਾਲੇ ਬਾਬਾ ਦਾਨ ਸਿੰਘ ਦਾ ਪਿੰਡ ਹੈ। ਖਿਦਰਾਣੇ ਦੀ ਢਾਬ ਦੀ ਜੰਗ ਜਿੱਤਣ ਬਾਅਦ ਭਾਈ ਮਹਾ ਸਿੰਘ ਦਾ ਬੇਦਾਵਾ ਪਾੜਨ ਉਪਰੰਤ ਫੌਜੀ ਸਿੰਘਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਢਾਲਾਂ ਭਾਵ ਤਨਖਾਹਾਂ ਮੰਗ ਲਈਆਂ। ਗੁਰੂ ਦੇ ਘੋੜੇ ਦੀ ਲਗਾਮ ਫੜ ਕੇ ਖੜ੍ਹ ਗਏ। ਜਦੋਂ ਗੁਰੂ ਸਾਹਿਬ ਕੋਲ ਮਾਇਆ ਦੇ ਗੱਫੇ ਆਏ ਤਾਂ ਉਹਨਾਂ ਫੌਜੀ ਸਿੰਘਾਂ ਨੂੰ ਢਾਲਾਂ ਵੰਡ ਦਿੱਤੀਆਂ। ਗੁਰੂ ਸਾਹਿਬ ਨੇ ਦਾਨ ਸਿੰਘ ਨੂੰ ਪੁੱਛਿਆ, “ਤੈਨੂੰ ਭਾਈ ਦਾਨ ਸਿਆਂ ਕੀ ਦੇਵਾਂ?”
“ਮੈਨੂੰ ਤਾਂ ਗੁਰੂ ਸਾਹਿਬ ਢਾਲਾਂ ਨਹੀਂ, ਸਿੱਖੀ ਚਾਹੀਦੀ ਹੈ।”
ਇਸ ਤਰ੍ਹਾਂ ਬਾਬੇ ਦਾਨ ਸਿੰਘ ਨੇ ਮਾਲਵੇ ਦੀ ਸਿੱਖੀ ਰੱਖ ਲਈ। ਇਹ ਪਿੰਡ ਉਸੇ ਬਾਬਾ ਦਾਨ ਸਿੰਘ ਦਾ ਪਿੰਡ ਹੈ। ਇਹ ਪਿੰਡ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਬੂਟਾ ਸਿੰਘ ਸ਼ਾਦ ਦਾ ਪਿੰਡ ਵੀ ਹੈ।
ਇਹ ਪਿੰਡ ਨਸ਼ਿਆਂ ਦੇ ਪ੍ਰਕੋਪ ਹੇਠ ਸੀ। ਵੱਡੇ ਸਮਗਲਰ ਅਤੇ ਉਹਨਾਂ ਦੇ ਪ੍ਰਚੂਨ ਕਰਿੰਦੇ ਸਿਆਸੀ ਛਤਰ ਛਾਇਆਾ ਹੇਠ ਚਿੱਟੇ ਦਾ ਬੇਧੜਕ ਕਾਰੋਬਾਰ ਕਰਦੇ ਸਨ। ਅਣਭੋਲ ਅਤੇ ਅਲੇਲ (ਅੱਲ੍ਹੜ) ਮੁੰਡੇ ਚਿੱਟਾ ਲਾਉਣ ਲੱਗ ਰਹੇ ਸਨ। ਕੁਝ ਚੇਤੰਨ ਨੌਜਵਾਨਾਂ, ਵਿਅਕਤੀਆਂ ਨੇ ਰੋਕਿਆ। ਸੱਤਾ ਅਤੇ ਪੈਸੇ ਦੇ ਹੰਕਾਰ ਵਿੱਚ ਆਪਣੇ ਆਕਾਵਾਂ ਦੀ ਸ਼ਹਿ ’ਤੇ ਪਰਚੂਨ ਕਰਿੰਦੇ ਨੇ ਝਗੜਾ ਕੀਤਾ ਤੇ ਕੁੱਟਮਾਰ ਕੀਤੀ। ਰਿਪੋਰਟ ਪੁਲਿਸ ਤਕ ਵੀ ਗਈ ਪਰ ਪੁਲਿਸ ਮੂਕ ਦਰਸ਼ਕ ਬਣੀ ਰਹੀ। ਉਸ ਹੰਕਾਰੀ ਨਸ਼ਿਆਂ ਦੇ ਸੌਦਾਗਰ ਨੇ ਸ਼ਰੇਆਮ ਘਰ ਸਾੜਨ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ। ਡੇਢ ਸੌ ਦੇ ਕਰੀਬ ਮੁੰਡੇ, ਗੁੰਡੇ ਇਕੱਠੇ ਕੀਤੇ, ਜਿਨ੍ਹਾਂ ਵਿੱਚ ਨਸ਼ਾ ਕਰਨ ਅਤੇ ਚਿੱਟਾ ਵੇਚਣ ਵਾਲੇ ਸਨ। ਹਥਿਆਰਾਂ ਅਤੇ ਬੋਤਲ ਬੰਬਾਂ ਨਾਲ ਅੱਠ ਘਰਾਂ ’ਤੇ ਹਮਲਾ ਕਰ ਦਿੱਤਾ। ਘਰਾਂ ਦਾ ਸਾਰਾ ਸਮਾਨ ਸਾੜ ਦਿੱਤਾ, ਘਰ ਸਾੜ ਦਿੱਤੇ। ਕੀਮਤੀ ਸਮਾਨ ਚੁੱਕ ਕੇ ਲੈ ਗਏ। ਇੱਕ ਘਰ ਦੀਆਂ ਅੱਠ-ਦਸ ਬੱਕਰੀਆਂ ਖੋਲ੍ਹ ਕੇ ਲੈ ਗਏ। ਚਾਰ ਪੰਜ ਘੰਟੇ ਤਾਂਡਵ ਨਾਚ ਹੋਇਆ। ਅੱਠ ਘਰਾਂ ਵਿੱਚ ਤਬਾਹੀ ਮਚਾਈ।
ਇਤਲਾਹ ਮਿਲਣ ਦੇ ਬਾਵਜੂਦ ਪੁਲਿਸ ਦਾ ਰਵੱਈਆ ਦਰੁਸਤ ਨਹੀਂ ਸੀ। ਸ਼ਰੇਆਮ ਗੁੰਡਾਗਰਦੀ, ਅੱਗਜ਼ਨੀ ਅਤੇ ਮਾਰਧਾੜ ਨੂੰ ‘ਦੋਂਹ ਧਿਰਾਂ ਦੀ ਲੜਾਈ’ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਕੁਝ ਲੋਕ ਪੱਖੀ ਪੱਤਰਕਾਰਾਂ, ਚੈਨਲਾਂ, ਚੇਤੰਨ ਲੋਕਾਂ ਅਤੇ ਮਜ਼ਦੂਰ ਜਥੇਬੰਦੀਆਂ ਦੀ ਪਹਿਲਕਦਮੀ ਅਤੇ ਸੰਘਰਸ਼ ਕਾਰਨ ਪੁਲਿਸ ਨੂੰ ਪਰਚਾ ਦਰਜ਼ ਕਰਨਾ ਪਿਆ। ਗ੍ਰਿਫਤਾਰੀਆਂ ਕਰਨੀਆਂ ਪਈਆਂ। ਪਰ ਸੌ ਡੇਢ ਸੌ ਦੀ ਭੂਤਰੀ ਹੋਈ ਭੀੜ ਦੀ ਥਾਂ ’ਤੇ ਦਸ ਪੰਦਰਾਂ ਦੋਸ਼ੀਆਂ ਦੀ ਗ੍ਰਿਫਤਾਰੀ ਹੀ ਕੀਤੀ ਗਈ।
ਇਹ ਦੋਵੇਂ ਘਟਨਾਵਾਂ ਸਾਡੇ ਸਾਹਮਣੇ ਅਨੇਕਾਂ ਸਵਾਲ ਖੜ੍ਹੇ ਕਰਦੀਆਂ ਹਨ। ਇਹ ਨਸ਼ਿਆਂ ਵਿੱਚ ਗਰਕ ਹੋਏ ਪੰਜਾਬ ਵਿੱਚ ‘ਨਾਰਕੋ ਅੱਤਵਾਦ’ ਫੈਲਣ ਦੇ ਚਿੰਨ੍ਹ ਹਨ।
ਸਾਡੇ ਸਾਹਮਣੇ ਅਨੇਕਾਂ ਸਵਾਲ ਹਨ, ਅਨੇਕਾਂ ਚੈਲੰਜ ਹਨ। ਜੇ ਅਸੀਂ ਇਨ੍ਹਾਂ ਸਵਾਲਾਂ ਦੇ ਰੂਬਰੂ ਨਾ ਹੋਏ ਅਤੇ ਚੈਲੰਜ ਕਬੂਲ ਨਾ ਕੀਤੇ ਤਾਂ ਪੰਜਾਬ ਇੱਕ ਹੋਰ ਅੱਤਵਾਦ ਦੀਆਂ ਬਰੂਹਾਂ ’ਤੇ ਹੈ।
ਪਰ … … ਪਿਛਲੇ ਸਮੇਂ ਵਿੱਚ ਸੰਸਾਰ ਪੱਧਰ ’ਤੇ ਵਿਲੱਖਣ ਮਿਸਾਲ ਵਾਲਾ ਕਿਸਾਨ ਅੰਦੋਲਨ ਜਿੱਤਣ ਵਾਲੇ ਜੁਝਾਰੂ ਲੋਕ ਇਹ ਚੈਲੰਜ ਵੀ ਕਬੂਲ ਕਰਨਗੇ ਅਤੇ ਇਸ ‘ਨਾਰਕੋ ਅੱਤਵਾਦ’ ਨੂੰ ਅੱਗੇ ਹੋ ਕੇ ਟੱਕਰਨਗੇ ਵੀ … …।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)