“ਕਿਸੇ ਵੀ ਇਨਸਾਨ ਦੇ ਸਾਰੇ ਸੁਪਨੇ ਕਦੇ ਵੀ ਪੂਰੇ ਨਹੀਂ ਹੋ ਸਕਦੇ। ਜੇਕਰ ਵਿਅਕਤੀ ਦੇ ਸਾਰੇ ਸੁਪਨੇ ਪੂਰੇ ਹੋ ਜਾਣ ਤਾਂ ...”
(29 ਅਗਸਤ 2024)
ਪੇਂਡੂ ਲੋਕਾਂ ਦੇ ਦਰਦ ਮੇਰੇ ਦਿਲ ਨੂੰ ਟੁੰਬਦੇ ਰਹਿੰਦੇ ਹਨ - ਬਲਵਿੰਦਰ ਸਿੰਘ ਭੁੱਲਰ
ਬਲਵਿੰਦਰ ਸਿੰਘ ਭੁੱਲਰ ਇੱਕ ਪ੍ਰਤੀਬੱਧ ਇਨਸਾਨ ਹੈ। ਉਸਦੀ ਪ੍ਰਤੀਬੱਧਤਾ ਕਈ ਪੱਧਰੀ ਹੈ। ਉਹ ਪੱਤਰਕਾਰ ਹੈ, ਉਸਦੀ ਪ੍ਰਤੀਬੱਧਤਾ ਇਸ ਕਿੱਤੇ ਨਾਲ ਹੈ। ਉਸਨੇ ਪ੍ਰਤੀਬੱਧਤਾ ਕਰਕੇ ਪੱਤਰਕਾਰੀ ਵਿੱਚ ਮਿਸਾਲੀ ਕੰਮ ਕੀਤਾ ਹੈ। ਉਹ ਇੱਕ ਸਾਹਿਤਕਾਰ ਹੈ। ਸਾਹਿਤਕ ਵਿਰਾਸਤ ਵਾਲੇ ਪਰਿਵਾਰ ਦਾ ਮੈਂਬਰ ਹੈ। ਉਸ ਨੂੰ ਘਰੋਂ ਸਾਹਿਤਕ ਮੱਸ ਮਿਲੀ ਹੈ। ਉਸਦਾ ਦਾਦਾ ਜੀ, ਪਿਤਾ ਜੀ ਕਲਮ ਦੇ ਕਾਮੇ ਸਨ। ਪੇਂਡੂ ਜੀਵਨ ਨਾਲ ਜੁੜੇ ਹੋਣ ਸਦਕਾ ਤੇ ਫੌਜ ਵਿੱਚ ਦੇਸ਼ ਦੀ ਸੇਵਾ ਕਰਦਿਆਂ ਦਾਦਾ ਜੀ ਤੇ ਪਿਤਾ ਜੀ ਦੀ ਇਹ ਪ੍ਰਤਿਭਾ ਭਾਵੇਂ ਪੂਰੀ ਵਿਕਸਿਤ ਨਹੀਂ ਹੋਈ, ਪਰ ਬਲਵਿੰਦਰ ਸਿੰਘ ਦੇ ਸਕੇ ਚਾਚਾ ਜੀ ਸ੍ਰ. ਗੁਰਬਚਨ ਸਿੰਘ ਭੁੱਲਰ ਪੰਜਾਬੀ ਸਾਹਿਤ ਦੀ ਕਲਗੀ ਹਨ। ਉਹ ਪੰਜਾਬੀ ਸਾਹਿਤ ਦੇ ਸਿਰਮੌਰ ਲੇਖਕ ਹਨ। ਦਾਦੇ, ਬਾਪ, ਚਾਚੇ ਦੇ ਖਾਨਦਾਨੀ ਜੀਨਜ਼ ਬਲਵਿੰਦਰ ਭੁੱਲਰ ਵਿੱਚ ਆ ਗਏ। ਆਪਣੇ ਖਾਨਦਾਨ ਦੀ ਵਿਰਾਸਤ ਨੂੰ ਬਲਵਿੰਦਰ ਬਾਖੂਬੀ ਅੱਗੇ ਤੋਰ ਰਿਹਾ ਹੈ। ਹੁਣ ਤਕ ਉਹ ਕਈ ਕਿਤਾਬਾਂ ਲਿਖ ਚੁੱਕਾ ਹੈ। ਬਲਵਿੰਦਰ ਭੁੱਲਰ ਦੀ ਤੀਜੀ ਪ੍ਰਤੀਬੱਧਤਾ ਮਾਰਕਸੀ ਵਿਚਾਰਧਾਰਾ ਨਾਲ ਹੈ। ਇਹ ਅੰਸ਼ ਵੀ ਉਸ ਨੂੰ ਆਪਣੇ ਪਰਿਵਾਰ ਵਿੱਚੋਂ ਮਿਲੇ ਹਨ। ਬਲਵਿੰਦਰ ਭੁੱਲਰ ਦੇ ਚਾਚਾ ਜੀ ਸ੍ਰ. ਹਰਪਾਲ ਸਿੰਘ ਭੁੱਲਰ ਜ਼ਿਲ੍ਹੇ ਦੇ ਸਿਰਕੱਢ ਕਮਿਊਨਿਸਟ ਆਗੂ ਸਨ। ਉਹ ਆਪਣੀ ਸਾਰੀ ਉਮਰ ਆਪਣੀ ਹਯਾਤੀ ਦੇ ਅੰਤ ਤਕ ਇਸ ਵਿਚਾਰਧਾਰਾ ਨਾਲ ਜੁੜੇ ਰਹੇ। ਬਲਵਿੰਦਰ ਭੁੱਲਰ ਵੀ ਮਾਰਕਸਵਾਦੀ ਵਿਚਾਰਧਾਰਾ ਦਾ ਧਾਰਨੀ ਹੈ ਅਤੇ ਇਸੇ ਸਿਧਾਂਤ ਨੂੰ ਲੋਕਾਂ ਦੀ ਮੁਕਤੀ ਦਾ ਵਾਹਕ ਮੰਨਦਾ ਹੈ। ਬਲਵਿੰਦਰ ਭੁੱਲਰ ਦੀ ਚੌਥੀ ਪ੍ਰਤੀਬੱਧਤਾ ਸਮਾਜ ਪ੍ਰਤੀ ਹੈ, ਆਪਣੇ ਪਰਿਵਾਰ ਪ੍ਰਤੀ ਹੈ। ਉਸ ਦੀ ਜ਼ਿੰਦਗੀ ਵਿੱਚ ਅਨੇਕਾਂ ਕਸ਼ਟ ਆਏ, ਔਖੀਆਂ ਘੜੀਆਂ ਹੀ ਨਹੀਂ, ਔਖੇ ਸਾਲ ਮਹੀਨੇ ਆਏ। ਉਹ ਡੋਲਿਆ ਨਹੀਂ। ਬੁਰੇ ਹਾਲਾਤ ਅਤੇ ਮੁਸ਼ਕਿਲ ਘੜੀਆਂ ਨਾਲ ਜੂਝਿਆ ਅਤੇ ਜਿੱਤਿਆ। ਉਹ ਔਖੇ ਦਿਨਾਂ ਵਿੱਚ ਡੋਲਿਆ ਨਹੀਂ, ਡਗਮਗਾਇਆ ਨਹੀਂ। ਗਲਤ ਰਾਹਾਂ ਦਾ ਰਾਹੀ ਨਹੀਂ ਹੋਇਆ ਤੇ ਸਮਾਜ ਪ੍ਰਤੀ ਆਪਣੇ ਫ਼ਰਜਾਂ ਤੋਂ ਥਿੜਕਿਆ ਨਹੀਂ।
ਐਨੀਆਂ ਸਾਰੀਆਂ ਪ੍ਰਤੀਬੱਧਤਾਵਾਂ ਵਾਲੇ ਇਨਸਾਨ ਦਾ ਜੀਵਨ ਸੰਘਰਸ਼ਮਈ ਹੁੰਦਾ ਹੈ। ਉਸਦਾ ਜੀਵਨ ਸਿਰਫ਼ ਆਪਣਾ ਹੀ ਨਹੀਂ ਹੁੰਦਾ, ਲੋਕਾਂ ਦਾ ਵੀ ਹੁੰਦਾ ਹੈ। ਲੋਕਾਂ ਦੇ ਬੰਦੇ ਦਾ ਜੀਵਨ ਬਿਓਰਾ ਲੋਕਾਂ ਦੇ ਸਾਹਮਣੇ ਆਉਣ ਦੀ ਜ਼ਰੂਰਤ ਤੇ ਪ੍ਰਾਥਮਿਕਤਾ ਨੂੰ ਮੁੱਖ ਰੱਖ ਕੇ ਅਸੀਂ ਬਲਵਿੰਦਰ ਭੁੱਲਰ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ।
? ਬਲਵਿੰਦਰ ਭੁੱਲਰ ਜੀ ਪਹਿਲਾਂ ਤੁਸੀਂ ਸਾਡੇ ਪਾਠਕਾਂ ਨੂੰ ਆਪਣੇ ਬਚਪਨ ਤੇ ਪੜ੍ਹਾਈ ਬਾਰੇ ਦੱਸੋ?
* ਮੇਰਾ ਜਨਮ ਜ਼ਿਲ੍ਹਾ ਬਠਿੰਡਾ ਦੇ ਪਿੰਡ ਪਿੱਥੋ ਵਿਖੇ ਹੋਇਆ। ਇਸ ਪਿੰਡ ਦੀਆਂ ਗਲੀਆਂ ਵਿੱਚ ਖੇਡਦਾ ਹੋਇਆ ਮੈਂ ਪਲਿਆ। ਮਿਡਲ ਤਕ ਦੀ ਪੜ੍ਹਾਈ ਵੀ ਮੈਂ ਇੱਥੋਂ ਦੇ ਸਰਕਾਰੀ ਸਕੂਲ ਵਿੱਚੋਂ ਕੀਤੀ। ਨੌਂਵੀਂ ਜਮਾਤ ਮੈਂ ਪਿੰਡ ਬੀਹਲਾ ਜ਼ਿਲ੍ਹਾ ਸੰਗਰੂਰ (ਹੁਣ ਬਰਨਾਲਾ) ਤੋਂ ਅਤੇ ਦਸਵੀਂ ਰਾਮਪੁਰਾ ਫੂਲ ਦੇ ਸਰਕਾਰੀ ਸਕੂਲ ਵਿੱਚੋਂ ਪ੍ਰਾਪਤ ਕਰਨ ਉਪਰੰਤ ਉੱਚ ਸਿੱਖਿਆ ਲਈ ਬਠਿੰਡਾ ਸ਼ਹਿਰ ਵਿੱਚ ਦਸਤਕ ਦਿੱਤੀ। ਇਸੇ ਦੌਰਾਨ ਸਾਡੇ ਪਰਿਵਾਰ ’ਤੇ ਇੱਕ ਦੁੱਖਾਂ ਦਾ ਪਹਾੜ ਡਿਗਿਆ ਕਿ ਮੈਨੂੰ, ਮੇਰੇ ਪਿਤਾ ਜੀ ਅਤੇ ਵੱਡੇ ਭਰਾ ਸਮੇਤ ਇੱਕ ਮੁਕੱਦਮੇ ਵਿੱਚ ਜੇਲ੍ਹ ਜਾਣਾ ਪਿਆ, ਜਿੱਥੇ ਸਾਲਾਂ ਬੱਧੀ ਸਮਾਂ ਲੱਗਿਆ। ਇਸ ਅਰਸੇ ਦੌਰਾਨ ਹੀ ਮੇਰੀ ਮਾਤਾ ਜੀ ਦੀ ਬਿਮਾਰੀ ਕਾਰਨ ਮੌਤ ਹੋ ਗਈ ਅਤੇ ਭੈਣ ਦੀ ਸ਼ਾਦੀ ਕਰਨੀ ਪਈ। ਇਸ ਉਪਰੰਤ ਘਰ ਨੂੰ ਇੱਕ ਤਰ੍ਹਾਂ ਜਿੰਦਾ ਹੀ ਲੱਗ ਗਿਆ। ਜੇਲ੍ਹ ਤੋਂ ਬਾਹਰ ਆਏ ਤਾਂ ਮੁੜ ਪੈਰਾਂ ਸਿਰ ਹੋਣ ਲਈ ਕਾਫ਼ੀ ਸੰਘਰਸ਼ ਕਰਨਾ ਪਿਆ। ਕੁਝ ਸਮਾਂ ਮੋਗਾ ਵਿਖੇ ਕੰਮ ਕੀਤਾ ਅਤੇ ਫਿਰ ਬਠਿੰਡਾ ਵਿੱਚ ਪੱਕਾ ਡੇਰਾ ਜਮਾ ਲਿਆ। ਪ੍ਰਾਈਵੇਟ ਨੌਕਰੀ ਕੀਤੀ, ਕਾਰੋਬਾਰ ਕੀਤਾ ਅਤੇ ਫਿਰ ਸ਼ਾਦੀ ਕਰਵਾ ਕੇ ਗ੍ਰਹਿਸਤੀ ਜੀਵਨ ਦੀ ਸ਼ੁਰੂਆਤ ਕੀਤੀ। ਸਾਡੇ ਘਰ ਤਿੰਨ ਬੱਚੇ, ਦੋ ਪੁੱਤਰ ਅਤੇ ਇੱਕ ਪੁੱਤਰੀ ਨੇ ਜਨਮ ਲਿਆ। ਪੁੱਤਰੀ ਦੀ ਅੱਠ ਸਾਲ ਦੀ ਉਮਰ ਵਿੱਚ ਕਰੰਟ ਲੱਗਣ ਨਾਲ ਮੌਤ ਹੋ ਗਈ। ਵੱਡਾ ਪੁੱਤਰ ਖੇਤੀਬਾੜੀ ਵਿਭਾਗ ਵਿੱਚ ਬਲਾਕ ਟੈਕਨੀਕਲ ਮੈਨੇਜਰ ਦੀ ਅਸਾਮੀ ’ਤੇ ਤਾਇਨਾਤ ਹੈ, ਜੋ ਆਪਣੀ ਪਤਨੀ ਤੇ ਪੁੱਤਰ ਸਮੇਤ ਮੇਰੇ ਨਾਲ ਹੀ ਰਹਿੰਦਾ ਹੈ। ਛੋਟਾ ਬੇਟਾ ਆਸਟਰੇਲੀਆ ਵਿੱਚ ਹੈ, ਉਸਦੀ ਪੜ੍ਹਾਈ ਪੂਰੀ ਹੋ ਗਈ ਹੈ ਅਤੇ ਹੁਣ ਉਸਨੇ ਉਸ ਦੇਸ਼ ਦੀ ਰਾਜਧਾਨੀ ਕੈਨਵਰਾ ਵਿਖੇ ਆਪਣਾ ਕਾਰੋਬਾਰ ਸਥਾਪਤ ਕਰ ਲਿਆ ਹੈ। ਉਸਦਾ ਵੀ ਵਿਆਹ ਹੋ ਚੁੱਕਾ ਹੈ।
? ਤੁਹਾਡੇ ਬਚਪਨ ਵਿੱਚ ਘਰ ਦਾ ਪੜ੍ਹਨ ਲਿਖਣ ਦਾ ਮਾਹੌਲ ਕਿਵੇਂ ਦਾ ਸੀ? ਕੀ ਪਰਿਵਾਰ ਦੇ ਕਿਸੇ ਹੋਰ ਜੀਅ ਨੂੰ ਵੀ ਪੜ੍ਹਨ ਲਿਖਣ ਦਾ ਸ਼ੌਕ ਸੀ। ਵਿਸਥਾਰ ਵਿੱਚ ਸਾਡੇ ਪਾਠਕਾਂ ਨੂੰ ਦੱਸੋ?
* ਮੇਰੇ ਪਰਿਵਾਰ ਵਿੱਚ ਸਾਹਿਤਕ ਮਾਹੌਲ ਸੀ। ਮੇਰੇ ਦਾਦਾ ਜੀ ਛੰਦਾ ਬੰਦੀ ਕਰਦੇ ਸਨ। ਮੇਰੇ ਪਿਤਾ ਜੀ ਨੂੰ ਲਿਖਣ ਦਾ ਸ਼ੌਕ ਸੀ। ਮੇਰੇ ਚਾਚਾ ਜੀ ਸ੍ਰ. ਗੁਰਬਚਨ ਸਿੰਘ ਭੁੱਲਰ ਪੰਜਾਬੀ ਦੇ ਉੱਚਕੋਟੀ ਦੇ ਲਿਖਾਰੀ ਹਨ, ਜਿਹਨਾਂ ਦੀਆਂ ਕਹਾਣੀਆਂ, ਨਾਵਲ, ਸਫ਼ਰਨਾਮਾ, ਕਾਵਿ ਸੰਗ੍ਰਹਿ, ਲੇਖ ਸੰਗ੍ਰਹਿ ਆਦਿ ਦਰਜਨਾਂ ਕਿਤਾਬਾਂ ਪ੍ਰਸਿੱਧੀ ਖੱਟ ਚੁੱਕੀਆਂ ਹਨ। ਇਸ ਸਾਹਿਤਕ ਮਾਹੌਲ ਸਦਕਾ ਮੈਨੂੰ ਸਕੂਲੀ ਪੜ੍ਹਾਈ ਸਮੇਂ ਹੀ ਲਿਖਣ ਦਾ ਸ਼ੌਕ ਪੈਦਾ ਹੋ ਗਿਆ ਸੀ। ਉਸ ਸਮੇਂ ਮੈਂ ਪੜ੍ਹਾਈ ਦੌਰਾਨ ਹੀ ਕੁਝ ਗੀਤ ਅਤੇ ਕਵਿਤਾਵਾਂ ਲਿਖੀਆਂ। ਬਠਿੰਡਾ ਪੜ੍ਹਦਿਆਂ ਮੈਂ ਕਹਾਣੀ ਲਿਖਣ ਵੱਲ ਰੁਚਿਤ ਤਾਂ ਹੋਇਆ ਪਰ ਉੱਪਰ ਜ਼ਿਕਰ ਕੀਤੇ ਮਾਮਲੇ ਕਾਰਨ ਜਦੋਂ ਘਰ ਦਾ ਮਾਹੌਲ ਦੁੱਖਾਂ ਤਕਲੀਫਾਂ ਦੇ ਪੱਲੇ ਪੈ ਗਿਆ ਤਾਂ ਇਸ ਰੁਚੀ ਤੋਂ ਕਾਫ਼ੀ ਦੂਰ ਚਲਿਆ ਗਿਆ। ਪਰਿਵਾਰਕ ਹਾਲਾਤ ਸੁਖਾਵੇਂ ਹੋਣ ’ਤੇ ਫਿਰ ਕਹਾਣੀ ਵੱਲ ਹੋਇਆ। ਮੈਂ ਇੱਕ ਕਹਾਣੀ ਲਿਖ ਕੇ ਮਾ: ਅਤਰਜੀਤ ਕਹਾਣੀਕਾਰ ਨੂੰ ਪੜ੍ਹਾਈ, ਜਿਸਨੂੰ ਉਹਨਾਂ ਸਲਾਹਿਆ ਵੀ। ਇਹੀ ਕਹਾਣੀ ਕਈ ਸਾਲਾਂ ਬਾਅਦ ‘ਲੁਕਿਆ ਭੇੜੀਆ’ ਬਣੀ। ਕੁਝ ਮਿੰਨੀ ਕਹਾਣੀਆਂ ਵੀ ਲਿਖੀਆਂ। ਪਰ ਆਪਣੇ ਇਸ ਲਿਖਣ ਦੇ ਸ਼ੌਕ ਕਰਕੇ ਮੈਂ ਆਪਣੇ ਆਪ ਨੂੰ ਪੱਤਰਕਾਰੀ ਦੇ ਕਿੱਤੇ ਨਾਲ ਜੋੜ ਲਿਆ। ਕਰੀਬ ਤੀਹ ਸਾਲ ਤੋਂ ਅੱਜ ਤਕ ਪੱਤਰਕਾਰ ਦੇ ਤੌਰ ’ਤੇ ਸਮਾਜ ਦੀ ਸੇਵਾ ਕਰ ਰਿਹਾ ਹਾਂ।
? ਪੱਤਰਕਾਰਤਾ ਤੋਂ ਇਲਾਵਾ ਕਿਹੋ ਜਿਹਾ ਸਾਹਿਤ ਰਚਿਆ ਅਤੇ ਕਿੱਥੇ ਤੁਹਾਡੀਆਂ ਰਚਨਾਵਾਂ ਛਪੀਆਂ?
* ਖ਼ਬਰਾਂ ਤੋਂ ਇਲਾਵਾ ਮੈਂ ਆਰਟੀਕਲ ਲਿਖਣੇ ਸ਼ੁਰੂ ਕੀਤੇ, ਇਹਨਾਂ ਵਿੱਚ ਸਖਸ਼ੀ ਚਿੱਤਰ, ਸੈਰ ਸਪਾਟਾ, ਸਮੇਂ ਦੇ ਹਾਲਾਤ, ਸਮਾਜਿਕ ਕੁਰੀਤੀਆਂ, ਧਾਰਮਿਕ, ਵਿਗਿਆਨਕ ਆਦਿ ਵਿਸ਼ਿਆਂ ਨੂੰ ਉਜਾਗਰ ਕਰਨ ਦਾ ਯਤਨ ਕੀਤਾ। ਇਹ ਆਰਟੀਕਲ ਪੰਜਾਬੀ ਦੇ ਲਗਭਗ ਹਰ ਅਖ਼ਬਾਰ, ਬਹੁਤ ਸਾਰੇ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੋਏ। ਇਹਨਾਂ ਆਰਟੀਕਲਾਂ ਨੂੰ ਪਾਠਕਾਂ ਵੱਲੋਂ ਸਲਾਹੇ ਜਾਣ ’ਤੇ ਮੈਨੂੰ ਹੌਸਲਾ ਮਿਲਦਾ ਰਿਹਾ ਤੇ ਮੈਂ ਅੱਗੇ ਵਧਦਾ ਗਿਆ।
? ਤੁਹਾਡੀਆਂ ਲਿਖਤਾਂ ਨੂੰ ਪੁਸਤਕ ਰੂਪ ਦੇਣ ਦਾ ਸਬੱਬ ਕਿਵੇਂ ਬਣਿਆ ਤੇ ਹੁਣ ਤਕ ਕਿਹੜੀ ਕਿਹੜੀ ਪੁਸਤਕ ਛਪ ਚੁੱਕੀ ਹੈ?
* ਮੈਂ ਆਪਣੀ ਉਮਰ ਦੇ ਸੱਠ ਸਾਲ ਪੂਰੇ ਕਰ ਚੁੱਕਾ ਸੀ, ਇੱਕ ਦਿਨ ਮੇਰੇ ਸਤਿਕਾਰਯੋਗ ਚਾਚਾ ਜੀ ਸ੍ਰ. ਗੁਰਬਚਨ ਸਿੰਘ ਭੁੱਲਰ ਸਾਡੇ ਪਰਿਵਾਰ ਨੂੰ ਮਿਲਣ ਆਏ। ਉਸ ਸਮੇਂ ਉਹਨਾਂ ਦਾ ਨਵਾਂ ਨਾਵਲ ‘ਇਹ ਜਨਮੁ ਤੁਮਾਰੇ ਲੇਖੇ’ ਪ੍ਰਕਾਸਿਤ ਹੋਇਆ ਸੀ। ਉਹਨਾਂ ਮੇਰੀ ਪੜ੍ਹਨ ਅਤੇ ਲਿਖਣ ਦੀ ਰੁਚੀ ਦੇਖਦਿਆਂ ਇਸ ਨਾਵਲ ਦੀ ਇੱਕ ਕਾਪੀ ਮੈਨੂੰ ਦਿੱਤੀ ਅਤੇ ਉਹਨਾਂ ਨਾਵਲ ਦੇ ਪਹਿਲੇ ਪੰਨੇ ’ਤੇ ਆਪਣੀ ਕਲਮ ਨਾਲ ਲਿਖਿਆ, “ਮੇਰੇ ਕਲਮ ਦੇ ਵਾਰਸ ਬਲਵਿੰਦਰ ਭੁੱਲਰ ਲਈ।” ਜਦੋਂ ਮੈਂ ਇਹ ਸ਼ਬਦ ਪੜ੍ਹੇ ਤਾਂ ਮੈਂ ਧੁਰ ਅੰਦਰ ਤਕ ਹਿੱਲ ਗਿਆ। ਮੈਂ ਮਹਿਸੂਸ ਕੀਤਾ ਕਿ ਸ਼ਾਇਦ ਇਹ ਉਹਨਾਂ ਦੀ ਚਿੰਤਾ ’ਚੋ ਉੱਠੇ ਸ਼ਬਦ ਹਨ ਕਿ ਪਰਿਵਾਰ ਦੀ ਸਾਹਿਤ ਰਚਣ ਦੀ ਪਿਰਤ ਉਹਨਾਂ ਦੀ ਆਪਣੀ ਪੀੜ੍ਹੀ ਵਿੱਚ ਹੀ ਖਤਮ ਨਾ ਹੋ ਜਾਵੇ, ਸਗੋਂ ਅੱਗੇ ਵਧੇ। ਮੈਂ ਉਹਨਾਂ ਵੱਲੋਂ ਮਾਰੀ ਠੋਕਰ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਕਹਾਣੀ ਲਿਖਣ ਲਈ ਕਲਮ ਚੁੱਕ ਲਈ। ਥੋੜ੍ਹੇ ਹੀ ਸਮੇਂ ਵਿੱਚ ਮੈਂ ਕਾਫ਼ੀ ਕਹਾਣੀਆਂ ਲਿਖ ਲਈਆਂ। ਇਹ ਕਹਾਣੀਆਂ ਮੈਂ ਆਪਣੇ ਸ਼ਹਿਰ ਦੇ ਸੀਨੀਅਰ ਕਹਾਣੀਕਾਰਾਂ ਨੂੰ ਪੜ੍ਹਾਈਆਂ, ਜਿਹਨਾਂ ਕੁਝ ਸੁਝਾਅ ਦੇਣ ਦੇ ਨਾਲ ਨਾਲ ਕਹਾਣੀਆਂ ਨੂੰ ਕਾਫ਼ੀ ਸਲਾਹਿਆ।
ਉਹਨਾਂ ਤੋਂ ਮਿਲੇ ਹੌਸਲੇ ਉਪਰੰਤ ਮੈਂ ਕਹਾਣੀਆਂ ਦੀ ਪੁਸਤਕ ਦਾ ਖਰੜਾ ਲੈ ਕੇ ਚਾਚਾ ਜੀ ਸ੍ਰ. ਗੁਰਬਚਨ ਸਿੰਘ ਭੁੱਲਰ ਹੋਰਾਂ ਕੋਲ ਗਿਆ। ਮੇਰੇ ਇਸ ਉੱਦਮ ’ਤੇ ਉਹਨਾਂ ਅਤੇ ਮੇਰੇ ਚਾਚੀ ਜੀ ਸ੍ਰੀਮਤੀ ਗੁਰਚਰਨ ਕੌਰ ਭੁੱਲਰ ਨੇ ਬਹੁਤ ਖੁਸ਼ੀ ਪ੍ਰਗਟ ਕੀਤੀ ਤੇ ਮੈਨੂੰ ਹੌਸਲਾ ਦਿੱਤਾ। ਮੇਰੇ ਇਸ ਪਹਿਲੇ ਕਹਾਣੀ ਸੰਗ੍ਰਹਿ ਦਾ ਮੁੱਖ ਬੰਦ ਵੀ ਉਹਨਾਂ ਖ਼ੁਦ ਲਿਖਿਆ ਅਤੇ ਸਾਲ 2018 ਵਿੱਚ ਇਹ ਪੁਸਤਕ ‘ਜੇਹਾ ਬੀਜੈ ਸੋ ਲੁਣੇ’ ਛਪੀ। ਇਸ ਪੁਸਤਕ ਦੀਆਂ ਕਹਾਣੀਆਂ ਨੂੰ ਪਾਠਕਾਂ ਨੇ ਦਿਲਚਸਪੀ ਨਾਲ ਪੜ੍ਹਿਆ ਅਤੇ ਮੈਨੂੰ ਵਧਾਈਆਂ ਦਿੱਤੀਆਂ। ਇਸ ਉਪਰੰਤ ਮੈਂ ਇੱਕ ਹੋਰ ਪੁਸਤਕ ‘ਉਡਾਰੀਆਂ ਭਰਦੇ ਲੋਕ’ ਦਾ ਖਰੜਾ ਤਿਆਰ ਕੀਤਾ। ਇਹ ਸਖ਼ਸੀ ਸ਼ਬਦ ਚਿੱਤਰਾਂ ਦਾ ਇੱਕ ਲੇਖ ਸੰਗ੍ਰਹਿ ਹੈ। ਮੈਂ ਆਪਣੇ ਵੱਖ ਵੱਖ ਅਖ਼ਬਾਰਾਂ, ਮੈਗਜ਼ੀਨਾਂ ਵਿੱਚ ਛਪੇ ਲੇਖਾਂ ਵਿੱਚੋਂ ਕਰੀਬ 60 ਕੁ ਲੇਖ ਛਾਂਟ ਕੇ 2019 ਵਿੱਚ ਇਹ ਪੁਸਤਕ ਛਪਵਾਈ ਹੈ। ਇਹਨਾਂ ਲੇਖਾਂ ਵਿੱਚ ਸਾਹਿਤਕਾਰਾਂ, ਕਲਾਕਾਰਾਂ, ਦੇਸ, ਸਮਾਜ ਲਈ ਕੁਰਬਾਨ ਹੋਣ ਵਾਲੇ ਵਿਅਕਤੀਆਂ ਤੋਂ ਇਲਾਵਾ ਕੁਝ ਸੈਰ ਸਪਾਟਾ ਸਥਾਨਾਂ ਨਾਲ ਸੰਬੰਧਿਤ ਲੇਖ ਵੀ ਹਨ। ਇਸ ਪੁਸਤਕ ਵਿੱਚ ਕਾਫ਼ੀ ਲੇਖ ਉਹਨਾਂ ਸਾਹਿਤਕਾਰਾਂ ਜਾਂ ਕਲਾਕਾਰਾਂ ਨਾਲ ਸੰਬੰਧਿਤ ਹਨ, ਜੋ ਦੇਸ਼ ਦੀ ਵੰਡ ਤੋਂ ਪਹਿਲਾਂ ਪਾਕਿਸਤਾਨ ਵਿੱਚ ਜਨਮੇ ਤੇ ਵੰਡ ਸਮੇਂ ਭਾਰਤ ਵਿੱਚ ਆ ਵਸੇ ਤੇ ਇਸ ਧਰਤੀ ’ਤੇ ਸਦਾ ਲਈ ਵਿੱਛੜੇ ਜਾਂ ਜਿਹੜੇ ਭਾਰਤ ਵਿੱਚ ਪੈਦਾ ਹੋਏ ਤੇ ਪਾਕਿਸਤਾਨ ਦੀ ਧਰਤੀ ’ਤੇ ਰੁਖ਼ਸਤ ਹੋਏ।
ਤੀਜੀ ਪੁਸਤਕ ‘ਮੋਹ ਦੀਆਂ ਤੰਦਾਂ ਟੁੱਟਦੀਆਂ ਨਹੀਂ’ ਛਪ ਗਈ ਹੈ। ਇਹ ਮੇਰਾ ਪਾਕਿਸਤਾਨ ਦਾ ਸਫ਼ਰਨਾਮਾ ਹੈ। ਇਸ ਵਿੱਚ ਭਾਰਤ ਪਾਕਿ ਵੰਡ ਤੋਂ ਪਹਿਲਾਂ ਦੀ ਸਥਿਤੀ, ਵੰਡ ਦੇ ਕਾਰਨ, ਵੰਡ ਸਮੇਂ ਦੇ ਕਤਲੋਗਾਰਤ ਵਾਲੇ ਹਾਲਾਤ, ਉਜਾੜਾ ਤੇ ਲੁੱਟਮਾਰ, ਪਾਕਿਸਤਾਨ ਵਿਚਲੇ ਆਰਥਿਕ, ਰਾਜਨੀਤਕ ਤੇ ਸਮਾਜਿਕ ਹਾਲਾਤ, ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਅੱਜ ਵੀ ਤੜਪਦੇ ਮੋਹ ਨੂੰ ਉਜਾਗਰ ਕੀਤਾ ਗਿਆ ਹੈ। ਉੱਥੋਂ ਦੇ ਲੋਕਾਂ ਨਾਲ ਗੱਲਬਾਤ, ਮਿਲੇ ਮਾਣ ਸਤਿਕਾਰ, ਸਰਕਾਰ ਵੱਲੋਂ ਰੱਖੀ ਜਾਂਦੀ ਸ਼ੱਕ ਦੀ ਨਜ਼ਰ, ਉੱਥੋਂ ਦੇ ਇਤਿਹਾਸਕ ਸਥਾਨਾਂ ਬਾਰੇ ਇਸ ਪੁਸਤਕ ਵਿੱਚ ਖੁੱਲ੍ਹ ਕੇ ਚਰਚਾ ਕੀਤੀ ਗਈ ਹੈ। ਇਸ ਤੋਂ ਬਾਅਦ ਕਾਵਿ ਸੰਗ੍ਰਹਿ ‘ਸ਼ਾਇਰ ਉਦਾਸ ਹੈ’ ਇੱਕ ਮਿੰਨੀ ਕਹਾਣੀ ਸੰਗ੍ਰਹਿ ‘ਕੁਸੈਲਾ ਸੱਚ’ ਅਤੇ ਆਸਟ੍ਰੇਲੀਆਈ ਸਫ਼ਰਨਾਮਾ ‘ਧਰਤ ਪਰਾਈ ਆਪਣੇ ਲੋਕ’ ਵੀ ਸਾਹਿਤ ਦੀ ਝੋਲੀ ਪਾਏ ਜਾ ਚੁੱਕੇ ਹਨ।
? ਹੋਰ ਕੀ ਲਿਖ ਰਹੇ ਹੋ ਅਤੇ ਪਹਿਲੀਆਂ ਪੁਸਤਕਾਂ ਤੋਂ ਸੰਤੁਸ਼ਟੀ ਹੈ?
* ਹਾਂ! ਮੈਂ ਦੋ ਹੋਰ ਪੁਸਤਕਾਂ ਲਈ ਰਚਨਾਵਾਂ ਤਿਆਰ ਕਰ ਰਿਹਾ ਹਾਂ, ਜਿਹਨਾਂ ਵਿੱਚੋਂ ਇੱਕ ਤਾਂ ਕਹਾਣੀ ਸੰਗ੍ਰਹਿ ਹੋਵੇਗਾ ਅਤੇ ਇੱਕ ਨਾਵਲ ਲਿਖਣ ਲਈ ਵੀ ਮਾਨਸਿਕ ਤੌਰ ’ਤੇ ਤਿਆਰ ਹੋ ਰਿਹਾ ਹਾਂ। ਦਰਜਨਾਂ ਕਹਾਣੀਆਂ ਲਿਖੀਆਂ ਜਾ ਚੁੱਕੀਆਂ ਹਨ। ਕੋਸ਼ਿਸ਼ ਕਰਾਂਗਾ ਜਲਦੀ ਇਹਨਾਂ ਨੂੰ ਵੀ ਪੁਸਤਕ ਦਾ ਰੂਪ ਦੇ ਸਕਾਂ। ਮੈਂ ਆਪਣੀਆਂ ਪਹਿਲੀਆਂ ਪੁਸਤਕਾਂ ਦੇ ਵਿਸ਼ਿਆਂ, ਪਾਤਰਾਂ ਅਤੇ ਲੋਕਾਂ ਦੇ ਹੁੰਗਾਰੇ ਤੋਂ ਪੂਰੀ ਤਰ੍ਹਾਂ ਸੰਤੁਸਟ ਹਾਂ। ਇਸੇ ਹੌਸਲੇ ਨਾਲ ਸਾਹਿਤ ਰਚਨ ਦਾ ਕੰਮ ਜਾਰੀ ਰੱਖਿਆ ਹੋਇਆ ਹੈ।
? ਜਿਵੇਂ ਕਿ ਹਰ ਜਣਨੀ ਨੂੰ ਆਪਣੀ ਸਾਰੀ ਔਲਾਦ ਪਿਆਰੀ ਹੁੰਦੀ ਹੈ, ਉਵੇਂ ਹੀ ਹਰ ਸਿਰਜਕ ਨੂੰ ਵੀ ਆਪਣੀ ਹਰ ਸਿਰਜਣਾ ਚੰਗੀ ਲਗਦੀ ਹੈ। ਪਰ ਫਿਰ ਵੀ ਤੁਸੀਂ ਆਪਣੀ ਕਿਸੇ ਰਚਨਾ ਬਾਰੇ ਦੱਸੋ, ਜਿਹੜੀ ਥੋਨੂੰ ਸਭ ਤੋਂ ਚੰਗੀ ਲਗਦੀ ਹੋਵੇ?
* ਇੱਕ ਰਚਨਾਕਾਰ ਨੂੰ ਆਪਣੀ ਹਰ ਰਚਨਾ ਹੀ ਚੰਗੀ ਲਗਦੀ ਹੁੰਦੀ ਹੈ ਅਤੇ ਸਾਹਿਤਕਾਰ ਰਚਨਾ ਕਰਨ ਸਮੇਂ ਆਪਣੀ ਸਮਝ ਅਨੁਸਾਰ ਸਾਰਾ ਜ਼ੋਰ ਲਾ ਦਿੰਦਾ ਹੈ। ਉਸਦੀ ਇੱਛਾ ਹੁੰਦੀ ਹੈ ਕਿ ਰਚਨਾ ਵਿੱਚ ਕੋਈ ਘਾਟ, ਊਣਤਾਈ ਨਾ ਰਹਿ ਜਾਵੇ। ਤੁਹਾਡਾ ਇਹ ਸਵਾਲ ਬਹੁਤ ਕਠਿਨ ਹੈ, ਇਸਦਾ ਜਵਾਬ ਦੇਣਾ ਉਸ ਤੋਂ ਵੀ ਕਈ ਗੁਣਾ ਔਖਾ ਹੈ, ਕਿਉਂਕਿ ਮੈਂ ਆਪਣੀਆਂ ਕਹਾਣੀਆਂ ਵਿੱਚ ਵੱਖ ਵੱਖ ਪ੍ਰਕਾਰ ਦੇ ਮੁੱਦੇ ਉਠਾਏ ਹਨ ਅਤੇ ਇਹ ਕਹਾਣੀਆਂ ਸਚਾਈ ਦੇ ਕਾਫ਼ੀ ਨੇੜੇ ਹਨ। ਪਰ ਫਿਰ ਵੀ ਜੇਕਰ ਪੁਜ਼ੀਸ਼ਨਾਂ ਅਨੁਸਾਰ ਨਿਖੇੜਾ ਕਰਨਾ ਚਾਹਾਂ ਤਾਂ ਕਹਾਣੀ ‘ਰਾਜ’ ਅਤੇ ‘ਜਨਮ ਭੋਇੰ ਦੀ ਮਿੱਟੀ’ ਮਨ ਨੂੰ ਭਾਉਂਦੀਆਂ ਹਨ, ਪਰ ਹਉਕਾ ਤੇ ਬੇਹੀ ਰੋਟੀ ਵੀ ਸਮਾਜਿਕ ਕੁਰੀਤੀਆਂ ’ਤੇ ਚੋਟ ਕਰਦੀਆਂ ਹਨ, ਜਿਹਨਾਂ ਨੂੰ ਬਹੁਤਾ ਪਿੱਛੇ ਨਹੀਂ ਸੁੱਟਿਆ ਜਾ ਸਕਦਾ। ਇਸੇ ਤਰ੍ਹਾਂ ‘ਜੇਹਾ ਬੀਜੈ ਸੋ ਲੁਣੈ’ ਤੇ ‘ਲੁਕਿਆ ਭੇੜੀਆ’ ਪੰਜਾਬ ਦੇ ਹਾਲਾਤ ਨੂੰ ਬਿਆਨ ਕਰਦੀਆਂ ਹੋਈਆਂ ਝੰਜੋੜਾ ਦਿੰਦੀਆਂ ਹਨ। ‘ਬਲਦੀ ਮਿਸ਼ਾਲ’ ਮੌਜੂਦਾ ਕਿਸਾਨ ਅੰਦੋਲਨ ਦੀ ਪਰਤੱਖਤਾ ਪੇਸ਼ ਕਰਦੀ ਹੈ, ਇਹ ਵੀ ਮੇਰੇ ਮਨ ਤੋਂ ਦੂਰ ਨਹੀਂ ਹੋ ਸਕਦੀਆਂ।
? ਲੇਖਕ ਦੇ ਲਿਖਣ ਢੰਗ ਬਾਰੇ ਅਨੇਕਾਂ ਧਾਰਨਾਵਾਂ ਬਣੀਆਂ ਹੋਈਆਂ ਹਨ। ਕੀ ਕੋਈ ਅਜਿਹੀ ਗੱਲ ਤੁਹਾਡੇ ਨਾਲ ਵੀ ਜੁੜੀ ਹੋਈ ਹੈ।
* ਮੈਂ ਕੋਈ ਕਹਾਣੀ ਲਿਖਾਂ, ਕਵਿਤਾ ਜਾਂ ਆਰਟੀਕਲ, ਉਦੋਂ ਹੀ ਲਿਖਦਾ ਹਾਂ ਜਦੋਂ ਉਹ ਪੂਰੀ ਤਰ੍ਹਾਂ ਮੇਰੇ ਜ਼ਿਹਨ ਵਿੱਚ ਬੈਠ ਜਾਵੇ, ਮਨ ਵਿੱਚ ਖੁੱਭ ਜਾਵੇ। ਆਪਣੀ ਰਚਨਾ ਨੂੰ ਤੁਰਿਆ ਫਿਰਦਾ ਜਾਂ ਹੋਰ ਕੰਮ ਧੰਦੇ ਕਰਦਾ ਮਨ ਦੇ ਅੰਦਰ ਹੀ ਘੁਮਾਉਂਦਾ ਰਹਿੰਦਾ ਹਾਂ, ਜਦੋਂ ਪੂਰੀ ਤਰ੍ਹਾਂ ਪੱਕ ਜਾਵੇ ਤਾਂ ਉਸ ਨੂੰ ਇੱਕਦਮ ਲਿਖ ਦਿੰਦਾ ਹਾਂ। ਫਿਰ ਸਿਰਫ਼ ਇੱਕ ਵਾਰ ਹੀ ਉਸ ਵਿੱਚ ਮਾੜੀ ਮੋਟੀ ਸੋਧ ਸੁਧਾਈ ਕਰਦਾ ਹਾਂ। ਮੇਰਾ ਵਿਚਾਰ ਹੈ ਜਾਂ ਸ਼ਾਇਦ ਭਰਮ ਹੈ ਕਿ ਬਹੁਤੀ ਵਾਰ ਸੋਧ ਕਰਨ ਨਾਲ ਸਗੋਂ ਰਚਨਾ ਆਪਣੇ ਅਸਲ ਸਥਾਨ ਤੋਂ ਪਾਸੇ ਹਟ ਜਾਂਦੀ ਹੈ।
? ਤੁਹਾਡੀਆਂ ਰਚਨਾਵਾਂ ਵਿੱਚ ਪੇਂਡੂ ਸੱਭਿਆਚਾਰ ਬਹੁਤ ਜ਼ਿਆਦਾ ਦਿਖਾਈ ਦਿੰਦਾ ਹੈ, ਇਸਦਾ ਕੀ ਕਾਰਨ ਹੈ?
* ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਇਸਦਾ ਇੱਕ ਕਾਰਨ ਤਾਂ ਇਹ ਹੈ ਕਿ ਮੈਂ ਪਿੰਡ ਵਿੱਚ ਜੰਮਿਆ ਤੇ ਪਲਿਆ ਅਤੇ ਪੇਂਡੂ ਸੱਭਿਆਚਾਰ ਨੂੰ ਹੰਢਾਇਆ ਹੈ। ਇਸਦਾ ਮੇਰੇ ’ਤੇ ਅਸਰ ਹੋਣਾ ਲਾਜ਼ਮੀ ਸੀ। ਦੂਜਾ ਕਾਰਨ ਹੈ ਕਿ ਪੇਂਡੂ ਖੇਤਰ ਵਿੱਚ ਸ਼ਹਿਰਾਂ ਦੇ ਮੁਕਾਬਲੇ ਦੁੱਖ ਦਰਦ, ਕੁਰੀਤੀਆਂ, ਸਮੱਸਿਆਵਾਂ ਵਧੇਰੇ ਹਨ। ਇਸ ਕਰਕੇ ਮੈਂ ਪੇਂਡੂ ਖੇਤਰ ਨਾਲ ਹੀ ਵੱਧ ਜੁੜਿਆ ਰਿਹਾ ਤੇ ਉਸ ਸੰਬੰਧੀ ਸਾਹਿਤ ਰਚਨ ਦੇ ਯਤਨ ਕੀਤੇ। ਲਿਖਿਆ ਤਾਂ ਸ਼ਹਿਰੀ ਖੇਤਰ ਲਈ ਵੀ ਹੈ, ਜਿਸਦੀ ਮਿਸਾਲ ਮੇਰੀ ਕਹਾਣੀ ‘ਹਉਕਾ’ ਹੀ ਕਾਫ਼ੀ ਹੈ, ਪਰ ਪੇਂਡੂ ਲੋਕਾਂ ਦੇ ਦਰਦ ਮੇਰੇ ਦਿਲ ਨੂੰ ਟੁੰਬਦੇ ਰਹਿੰਦੇ ਹਨ ਅਤੇ ਕਈ ਵਾਰ ਤਾਂ ਬਰਦਾਸ਼ਤ ਤੋਂ ਬਾਹਰ ਹੋ ਜਾਂਦੇ ਹਨ।
? ਤੁਹਾਡੀਆਂ ਲਿਖਤਾਂ ਵਿੱਚ ਬਹੁਤੇ ਲੇਖਕਾਂ ਵਾਂਗ ਇਸ਼ਕ ਮੁਸ਼ਕ, ਪਿਆਰ ਵਿਆਰ ਆਦਿ ਨਹੀਂ ਦਿਖਾਈ ਦਿੰਦਾ, ਸਗੋਂ ਤੁਸੀਂ ਲੋਕ ਮਸਲਿਆਂ ’ਤੇ ਸਮੱਸਿਆਵਾਂ ਨੂੰ ਵਧੇਰੇ ਰੂਪਮਾਨ ਕੀਤਾ ਹੈ। ਇਸਦਾ ਕਾਰਨ ਕੀ ਹੈ।
* ਬਿਲਕੁਲ ਮੈਂ ਲੋਕ ਮੁੱਦਿਆਂ ਮਸਲਿਆਂ ’ਤੇ ਗੱਲ ਕੀਤੀ ਹੈ, ਜਿਸਦਾ ਅਸਲ ਕਾਰਨ ਖੱਬੀ ਲਹਿਰ ਦਾ ਅਸਰ ਹੈ। ਮੇਰੇ ਪਰਿਵਾਰ ਦਾ ਕਈ ਦਹਾਕਿਆਂ ਤੋਂ ਖੱਬੀ ਲਹਿਰ ਨਾਲ ਸੰਬੰਧ ਰਿਹਾ ਹੈ। ਇਹ ਲਹਿਰ ਹੀ ਆਮ ਲੋਕਾਂ ਦੇ ਦੁੱਖ ਦਰਦ ਸਮਝ ਸਕਦੀ ਹੈ, ਅਨਿਆਂ ਦੇ ਵਿਰੁੱਧ ਆਵਾਜ਼ ਬੁਲੰਦ ਕਰ ਸਕਦੀ ਹੈ। ਇਸ ਲਹਿਰ ਦੇ ਅਸਰ ਸਦਕਾ ਲਿਖਣਾ ਤਾਂ ਕੀ ਇਨਸਾਨ ਹੱਕ ਸੱਚ ਲਈ ਕੁਰਬਾਨ ਹੋਣ ਤੋਂ ਵੀ ਸੰਕੋਚ ਨਹੀਂ ਕਰਦਾ। ਇੱਕ ਸਮਾਂ ਸੀ ਜਦੋਂ ਦੇਸ ਵਿੱਚ ਇਹ ਲਹਿਰ ਬਹੁਤ ਮਜ਼ਬੂਤ ਸੀ, ਉਸ ਸਮੇਂ ਅੱਜ ਵਾਂਗ ਦੇਸ਼ ਵਿੱਚ ਭ੍ਰਿਸ਼ਟਾਚਾਰ ਤੇ ਘਪਲੇਬਾਜ਼ੀਆਂ ਨਹੀਂ ਸਨ ਅਤੇ ਨਾ ਹੀ ਧੱਕੇ ਨਾਲ ਵੋਟਾਂ ਹਥਿਆਈਆਂ ਜਾਂਦੀਆਂ ਸਨ। ਇਸ ਲਹਿਰ ਦੇ ਕੁਝ ਕਮਜ਼ੋਰ ਹੋਣ ਕਾਰਨ ਹੀ ਅੱਜ ਦੇਸ਼ ਵਿੱਚ ਭ੍ਰਿਸ਼ਟਾਚਾਰ ਤੇ ਫਿਰਕਾਪ੍ਰਸਤੀ ਦਾ ਬੋਲਬਾਲਾ ਹੈ, ਜੋ ਭਾਰਤ ਲਈ ਘਾਤਕ ਸਾਬਤ ਹੋ ਰਿਹਾ ਹੈ। ਖੱਬੀ ਲਹਿਰ ਦਾ ਅਸਰ ਹੋਣ ਸਦਕਾ ਹੀ ਮੈਂ ਲੋਕਾਂ ਦੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਹਾਂ ਅਤੇ ਆਪਣੀਆਂ ਰਚਨਾਵਾਂ ਵਿੱਚ ਵੀ ਅਜਿਹੇ ਮੁੱਦੇ ਉਠਾਏ ਹਨ ਤੇ ਉਠਾਉਂਦਾ ਰਹਾਂਗਾ।
ਦੂਜੀ ਗੱਲ, ਮੇਰੀਆਂ ਰਚਨਾਵਾਂ ਪੇਂਡੂ ਖੇਤਰ ਦੇ ਗਰੀਬ ਤੇ ਮੱਧਵਰਗੀ ਲੋਕਾਂ ਦੀ ਬਾਤ ਪਾਉਂਦੀਆਂ ਹਨ। ਇਹ ਲੋਕ ਦਿਨ ਰਾਤ ਮਿਹਨਤ ਮੁਸੱਕਤ ਕਰਦੇ ਹਨ ਅਤੇ ਆਪਣਾ ਪਰਿਵਾਰਕ ਗੁਜ਼ਾਰਾ ਚਲਾਉਂਦੇ ਹਨ। ਅਜਿਹੇ ਮਿਹਨਤੀ ਲੋਕ ,ਉਹ ਔਰਤ ਹੋਵੇ ਜਾਂ ਮਰਦ, ਕੰਮ ਦੇ ਰੁਝੇਵਿਆਂ ਤੇ ਸਮੇਂ ਦੀ ਘਾਟ ਸਦਕਾ ਬਾਹਰੀ ਪ੍ਰੇਮ ਪਿਆਰ ਤੋਂ ਅਭਿੱਜ ਹੀ ਰਹਿੰਦੇ ਹਨ। ਇਸਦਾ ਇਹ ਮਤਲਬ ਨਹੀਂ ਕਿ ਉਹਨਾਂ ਵਿੱਚ ਪਿਆਰ ਦੀ ਭਾਵਨਾ ਨਹੀਂ ਹੁੰਦੀ, ਉਹ ਪਿਆਰ ਕਰਦੇ ਹਨ ਆਪਣੇ ਮਾਪਿਆਂ ਨੂੰ, ਪਤਨੀ ਨੂੰ, ਬੱਚਿਆਂ ਨੂੰ, ਦੁਖੀਆਂ ਦਰਦੀਆਂ ਨੂੰ, ਆਪਣੇ ਕਿੱਤੇ ਨੂੰ, ਪਸ਼ੂਆਂ ਪੰਛੀਆਂ ਨੂੰ, ਭਾਈਚਾਰੇ ਨੂੰ, ਪਰ ਬਾਹਰੀ ਇਸ਼ਕ ਮੁਸ਼ਕ ਵਾਲੇ ਪ੍ਰੇਮ ਪਿਆਰ ਤੋਂ ਉਹ ਸੰਕੋਚ ਹੀ ਕਰਦੇ ਹਨ। ਇਸ ਲਈ ਕੁਛ ਹੱਦ ਤਕ ਭਾਰਤੀ ਸਮਾਜ ਤੇ ਸੱਭਿਆਚਾਰ ਦੀਆਂ ਬੰਦਸ਼ਾਂ ਵੀ ਜ਼ਿੰਮੇਵਾਰ ਹਨ ਅਤੇ ਲੋਕਾਂ ਦੇ ਧਾਰਮਿਕ ਸੁਭਾਅ ਦਾ ਵੀ ਪ੍ਰਭਾਵ ਹੈ।
? ਤੁਸੀਂ ਆਪਣਾ ਮਾਰਗ ਦਰਸ਼ਕ ਕਿਸਨੂੰ ਮੰਨਦੇ ਹੋ ਅਤੇ ਕਿਹੜੇ ਲਿਖਾਰੀਆਂ ਤੋਂ ਕੁਝ ਜਾਣਨ ਦੀ ਕੋਸ਼ਿਸ਼ ਕੀਤੀ ਹੈ।
* ਮੈਂ ਆਪਣਾ ਮਾਰਗ ਦਰਸ਼ਕ ਦੋ ਵਿਅਕਤੀਆਂ ਨੂੰ ਮੰਨਦਾ ਹਾਂ। ਇੱਕ ਹੈ ਮਰਹੂਮ ਨਾਵਲਕਾਰ ਨਾਨਕ ਸਿੰਘ ਅਤੇ ਦੂਜੇ ਮੌਜੂਦਾ ਉੱਘੇ ਲਿਖਾਰੀ ਸ੍ਰ. ਗੁਰਬਚਨ ਸਿੰਘ ਭੁੱਲਰ। ਵੈਸੇ ਮੈਂ ਸੋਹਣ ਸਿੰਘ ਸੀਤਲ, ਪ੍ਰੋ. ਗੁਰਦਿਆਲ ਸਿੰਘ, ਜਸਵੰਤ ਕੰਵਲ, ਬਲਦੇਵ ਸਿੰਘ ਸੜਕਨਾਮਾ, ਕ੍ਰਿਸ਼ਨਾ ਸੋਬਤੀ, ਪ੍ਰਿ: ਸੁਜਾਨ ਸਿੰਘ, ਸੰਤੋਖ ਸਿੰਘ ਧੀਰ, ਮੰਟੋ, ਦਲੀਪ ਕੌਰ ਟਿਵਾਣਾ, ਖੁਸਵੰਤ ਸਿੰਘ, ਮੇਘ ਰਾਜ ਮਿੱਤਰ ਆਦਿ ਨੂੰ ਵੀ ਦਿਲਚਸਪੀ ਨਾਲ ਪੜ੍ਹਿਆ ਹੈ। ਇਹਨਾਂ ਤੋਂ ਇਲਾਵਾ ਸੰਸਾਰ ਪ੍ਰਸਿੱਧ ਲੇਖਕਾਂ ਰਸੂਲ ਹਮਜ਼ਾਤੋਵ, ਮੈਕਸਿਮ ਗੋਰਕੀ, ਅਰਨੈਸਟ ਹੈਮਿੰਗਵੇ, ਲਿਓ ਟਾਲਸਟਾਏ, ਰਾਹੁਲ ਸਾਂਕਹਤਿਆਇਨ, ਜਾਨ ਰੀਡ, ਖ਼ਲੀਲ ਜ਼ਿਬਰਾਨ, ਅਫਜ਼ਲ ਅਹਿਸਨ ਰੰਧਾਵਾ, ਤਸਲੀਮਾ ਨਸਰੀਨ ਆਦਿ ਨੂੰ ਵੀ ਪੜ੍ਹਿਆ ਹੈ। ਮਾਰਕਸਵਾਦ ਤੇ ਮਾਓਵਾਦ ਦਾ ਵੀ ਸਮਰੱਥਾ ਅਨੁਸਾਰ ਅਧਿਐਨ ਕੀਤਾ ਹੈ।
? ਤੁਹਾਡੀਆਂ ਕਈ ਕਹਾਣੀਆਂ ਵਿੱਚ ਔਰਤ ਕਾਫ਼ੀ ਕਮਜ਼ੋਰ ਜਾਪਦੀ ਹੈ ਅਤੇ ਮਰਦ ਕੰਮਚੋਰ ਪਰ ਲੀਡਰੀ ਅਤੇ ਪੈਸੇ ਦੇ ਭੁੱਖੇ ਦਿਖਾਈ ਦਿੰਦੇ ਹਨ, ਇਸਦਾ ਕੀ ਕਾਰਨ ਹੈ।
* ਹਾਂ! ਕੁਝ ਕਹਾਣੀਆਂ ਵਿੱਚ ਇਉਂ ਲਗਦਾ ਹੈ, ਉਹ ਸਚਾਈ ਹੈ। ਪਰ ਔਰਤ ਕਮਜ਼ੋਰ ਨਹੀਂ, ਕਹਾਣੀ ‘ਜੇਹਾ ਬੀਜੈ ਸੋ ਲੁਣੇ’ ਦੀ ਪਾਤਰ ਪਿੱਲੀ ਜ਼ੁਲਮ ਦਾ ਟਾਕਰਾ ਵੀ ਕਰਦੀ ਹੈ, ਬਦਲਾ ਲੈਣ ਲਈ ਰਿਵਾਲਵਰ ਦੀ ਲੱਭਦੀ ਹੈ ਤੇ ਕੁਹਾੜੀ ਵੀ ਚੁੱਕਦੀ ਹੈ, ਫਿਰ ਉਸ ਨੂੰ ਕਮਜ਼ੋਰ ਨਹੀਂ ਕਿਹਾ ਜਾ ਸਕਦਾ। ਕਹਾਣੀ ‘ਰਾਜ’ ਦੀ ਪਾਤਰ ਜੀਵਨਜੋਤ ਜ਼ਿੰਦਗੀ ਭਰ ਦੁਖੀਆਂ ਦੀ ਮਦਦ ਕਰਦੀ ਹੈ। ਲੂਸੀ ਦੀ ਪਾਤਰ ਲੂਸੀ ਵਿਦੇਸ ਵਿੱਚ ਪੰਜਾਬੀ ਨੌਜਵਾਨ ਦੀ ਮਦਦ ਕਰਕੇ ਉਸ ਨੂੰ ਪੱਕੇ ਪੈਰੀਂ ਕਰਦੀ ਹੈ। ਕਹਾਣੀ ਤਲਾਕ ਦੀ ਪਾਤਰ ਚਰਨਜੀਤ ਥਾਣੇਦਾਰ ਮੋਹਰੇ ਪੂਰੀ ਦਲੇਰੀ ਨਾਲ ਕਹਿੰਦੀ ਹੈ, “ਮੈਨੂੰ ਵਿਆਹ ਲਈ ਮਰਦ ਦੀ ਲੋੜ ਹੈ ਕਿੱਲਿਆਂ ਦੀ ਨਹੀਂ” ਫਿਰ ਉਹ ਕਮਜ਼ੋਰ ਨਹੀਂ ਕਹੀ ਜਾ ਸਕਦੀ। ਮੇਰੀਆਂ ਕਹਾਣੀਆਂ ਵਿੱਚ ਔਰਤ ਦਲੇਰ, ਰਹਿਮਦਿਲ, ਸੂਝਵਾਨ, ਹਮਦਰਦ ਅਤੇ ਅਣਖੀਲੀ ਹੈ, ਕਮਜ਼ੋਰ ਨਹੀਂ।
ਮਰਦ ਸੱਚਮੁੱਚ ਹੀ ਸਾਰੀ ਉਮਰ ਪੈਸਾ ਇਕੱਠਾ ਕਰਨ ਲੱਗੇ ਰਹਿੰਦੇ ਹਨ ਅਤੇ ਉਹਨਾਂ ਕੋਲ ਜਿਉਂ ਜਿਉਂ ਪੈਸਾ ਆਉਂਦਾ ਹੈ ਉਵੇਂ ਉਵੇਂ ਉਹਨਾਂ ਦਾ ਲੀਡਰੀ ਦਾ ਸ਼ੌਕ ਵਧਦਾ ਜਾਂਦਾ ਹੈ। ਕੰਮ ਪੱਖੋਂ ਵੀ ਇਹੋ ਸੱਚ ਹੈ ਕਿ ਹੱਥੀਂ ਕੰਮ ਦਾ ਸ਼ੌਕ ਘਟ ਰਿਹਾ ਹੈ ਅਤੇ ਬਿਨਾਂ ਮਿਹਨਤ ਹੋਰ ਤੌਰ ਤਰੀਕਿਆਂ ਨਾਲ ਪੈਸਾ ਇਕੱਠਾ ਕਰਨ ਦੀ ਹੋੜ ਮਰਦਾਂ ਵਿੱਚ ਵਧ ਰਹੀ ਹੈ। ਮੇਰੀਆਂ ਕਹਾਣੀਆਂ ਦੇ ਪਾਤਰ ਇੰਸਪੈਕਟਰ ਬੋਘ ਸਿੰਘ, ਗੁਰਬਖਸ਼ ਸਿੰਘ, ਭਿੰਦਾ ਅਜਿਹੇ ਹਨ, ਪਰ ਸਚਾਈ ਦੇ ਨੇੜੇ ਹਨ। ਇਸਦੇ ਉਲਟ ਪਾਤਰ ਜੋਰਾ ਸਿੰਘ, ਘੁੱਕਰ, ਕਹਾਣੀ ‘ਬੇਹੀ ਰੋਟੀ’ ਦਾ ਪਾਤਰ ਮੈਂ, ਬਹੁਤ ਚੰਗੇ ਚਰਿੱਤਰ ਵਾਲੇ ’ਤੇ ਮਿਹਨਤਕਸ਼ ਹਨ।
? ਤੁਸੀਂ ਕਈ ਵਿਧਾਵਾਂ ਵਿੱਚ ਲਿਖ ਰਹੇ ਹੋ, ਜਿਵੇਂ ਕਹਾਣੀ, ਕਵਿਤਾ, ਲੇਖ, ਮਿੰਨੀ ਕਹਾਣੀ, ਸ਼ਬਦ ਚਿੱਤਰ, ਆਰਟੀਕਲ ਆਦਿ। ਇੱਕੋ ਸਮੇਂ ਕਈ ਵਿਧਾਵਾਂ ਵਿੱਚ ਲਿਖਣ ਦਾ ਕੀ ਕਾਰਨ ਹੈ?
* ਹਰ ਲੇਖਕ ਨੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਆਪਣੇ ਨਜ਼ਰੀਏ ਨਾਲ ਪਰਖ ਕੇ ਉਸ ਨੂੰ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਪਾਠਕਾਂ ਦੇ ਰੂਬਰੂ ਪੇਸ਼ ਕਰਨਾ ਹੁੰਦਾ ਹੈ। ਇਸ ਸੰਬੰਧੀ ਉਸ ਵੱਲੋਂ ਕੋਈ ਵੀ ਵਿਧਾ ਅਪਣਾਈ ਜਾ ਸਕਦੀ ਹੈ। ਮੈਨੂੰ ਇਉਂ ਲਗਦਾ ਹੈ ਕਿ ਰਚਨਾਕਾਰ ਜਦੋਂ ਕਿਸੇ ਵਿਸ਼ੇ ਨੂੰ ਆਪਣੇ ਮਨ ਵਿੱਚ ਰਚਨਾ ਦਾ ਧੁਰਾ ਬਣਾ ਲੈਂਦਾ ਹੈ ਤਾਂ ਵਿਧਾ ਆਪਣੇ ਆਪ ਉਜਾਗਰ ਹੋ ਜਾਂਦੀ ਹੈ। ਕਈ ਵਾਰ ਕਹਾਣੀ ਦਾ ਵਿਸ਼ਾ ਜ਼ਿਹਨ ਵਿੱਚ ਆ ਜਾਂਦਾ ਹੈ ਪਰ ਕਵਿਤਾ ਬਣ ਕੇ ਰਹਿ ਜਾਂਦਾ ਹੈ ਅਤੇ ਕਈ ਵਾਰ ਵਿਸ਼ਾ ਤਾਂ ਕਵਿਤਾ ਦਾ ਮਨ ਵਿੱਚ ਪ੍ਰਵੇਸ਼ ਕਰਦਾ ਹੈ ਪਰ ਉਹ ਕਹਾਣੀ ਦਾ ਰੂਪ ਲੈ ਜਾਂਦਾ ਹੈ। ਇਸ ਤਰ੍ਹਾਂ ਬਹੁਤ ਵਾਰ ਵਿਧਾ ਰਚਨਾਕਾਰ ’ਤੇ ਭਾਰੂ ਪੈ ਜਾਂਦੀ ਹੈ। ਮੇਰੇ ਨਾਲ ਵੀ ਅਕਸਰ ਅਜਿਹਾ ਹੁੰਦਾ ਰਹਿੰਦਾ ਹੈ। ਵਿਸਥਾਰ ਵਿੱਚ ਨਾ ਜਾਇਆ ਜਾ ਸਕਣ ਸਦਕਾ ਕਈ ਵਾਰ ਮਿੰਨੀ ਕਹਾਣੀ ਜਾਂ ਕਵਿਤਾ ਬਣ ਜਾਂਦੀ ਹੈ ਅਤੇ ਛੋਟੀ ਜਿਹੀ ਘਟਨਾ ਦਾ ਵਿਸਥਾਰ ਵਧਦਾ ਵਧਦਾ ਕਈ ਵਾਰ ਕਹਾਣੀ ਦਾ ਰੂਪ ਇਖਤਿਆਰ ਕਰ ਲੈਂਦਾ ਹੈ।
? ਲੇਖਣੀ ਤੋਂ ਹਟ ਕੇ ਨਿੱਜੀ ਜੀਵਨ ਬਾਰੇ ਵੀ ਗੱਲ ਕਰੀਏ, ਤੁਸੀਂ ਆਪਣੇ ਜੀਵਨ ਦਾ ਕਾਫ਼ੀ ਹਿੱਸਾ ਬਤੀਤ ਕਰ ਲਿਆ ਹੈ। ਕੀ ਤੁਸੀਂ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੋ?
* ਹਾਂ! ਮੈਂ ਆਪਣੀ ਜ਼ਿੰਦਗੀ ਦਾ ਛੇ ਦਹਾਕਿਆਂ ਤੋਂ ਵੱਧ ਸਮਾਂ ਲੰਘਾ ਲਿਆ ਹੈ। ਇਸ ਸਮੇਂ ਦੌਰਾਨ ਮੈਂ ਵਖ਼ਤਾਂ ਮਾਰੇ ਦਿਨ ਵੀ ਕੱਟੇ ਹਨ, ਫਾਕੇ ਵੀ ਕੱਟੇ ਤੇ ਕਈ ਵਾਰ ਨਿਰਾਸ਼ਾ ਵੀ ਹੋਈ, ਪਰ ਮੈਂ ਜ਼ਿੰਦਗੀ ਨੂੰ ਸੰਘਰਸ਼ ਸਮਝ ਕੇ ਪੂਰੇ ਹੌਸਲੇ ਨਾਲ ਚੰਗੇ ਮਾੜੇ ਦਿਨਾਂ ਦਾ ਮੁਕਾਬਲਾ ਕੀਤਾ ਹੈ। ਮੇਰੀ ਜ਼ਿੰਦਗੀ ਤਾਂ ਰੇਗਸਤਾਨ ਵਾਂਗ ਹੀ ਗੁਜ਼ਰੀ ਹੈ, ਔਕੜਾਂ ਹੀ ਔਕੜਾਂ, ਤੰਗੀਆਂ ਤੁਰਸ਼ੀਆਂ, ਪਰਿਵਾਰਕ ਸਮੱਸਿਆਵਾਂ, ਆਰਥਿਕ ਤੰਗੀ ਤੇ ਦੁੱਖ ਆਦਿ ਆਪਣੇ ਪਿੰਡਿਆਂ ’ਤੇ ਹੰਢਾਏ। ਪਰ ਔਖੇ ਤੋਂ ਔਖਾ ਸਫ਼ਰ ਵੀ ਇੱਕ ਦਿਨ ਮੁੱਕ ਹੀ ਜਾਂਦਾ ਹੈ, ਸੋ ਮੇਰਾ ਅਜਿਹਾ ਸਫ਼ਰ ਵੀ ਮੁੱਕ ਗਿਆ। ਹੁਣ ਮੈਂ ਜ਼ਿੰਦਗੀ ਦੇ ਸੌਖੇ ਦਿਨ ਲੰਘਾ ਰਿਹਾ ਹਾਂ। ਬਹੁਤੀਆਂ ਇਛਾਵਾਂ ਮੈਂ ਪਾਲੀਆਂ ਹੀ ਨਹੀਂ, ਜਿਸਦੀ ਲੋੜ ਹੈ ਉਹ ਸਭ ਕੁਝ ਮਿਲ ਗਿਆ ਹੈ। ਪਰਿਵਾਰਕ ਤੌਰ ’ਤੇ ਮੈਂ ਆਪਣੀ ਤੀਜੀ ਪੀੜ੍ਹੀ ਨਾਲ ਵੀ ਖੁਸ਼ੀਆਂ ਮਨਾ ਰਿਹਾ ਹਾਂ। ਪੱਤਰਕਾਰੀ ਵਿੱਚ ਮੈਨੂੰ ਲੋਕਾਂ ਵੱਲੋਂ ਚੰਗਾ ਮਾਣ ਮਿਲਿਆ ਹੈ, ਮੇਰੀਆਂ ਲਿਖਤਾਂ ਨੂੰ ਪਾਠਕਾਂ ਨੇ ਹੁੰਗਾਰਾ ਦਿੱਤਾ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਮੇਰਾ ਜੀਵਨ ਸਫ਼ਲ ਹੈ ਤੇ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ।
? ਤੁਸੀਂ ਪੱਤਰਕਾਰਤਾ ਦੀ ਗੱਲ ਕੀਤੀ। ਇਸ ਖੇਤਰ ਦਾ ਤੁਹਾਡੇ ਕੋਲ ਲੰਬਾ ਤਜਰਬਾ ਹੈ। ਇਸ ਕਿੱਤੇ ਨੂੰ ਖਟਮਿੱਠਾ ਕਿਹਾ ਜਾਂਦਾ ਹੈ। ਇਸ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਵੀ ਕਿਹਾ ਜਾਂਦਾ ਹੈ। ਕਈ ਪੱਤਰਕਾਰਾਂ ਨੇ ਬੁਲੰਦੀਆਂ ਨੂੰ ਛੋਹਿਆ ਹੈ, ਪਰ ਕਈ ਪਤਾਲ ਵਿੱਚ ਗਰਕੇ ਹਨ। ਤੁਸੀਂ ਆਪਣੇ ਨਿੱਜੀ ਤਜਰਬੇ ਦੇ ਆਧਾਰ ’ਤੇ ਇਸ ਬਾਰੇ ਕੀ ਕਹਿਣਾ ਚਾਹੋਂਗੇ?
* ਪੱਤਰਕਾਰੀ ਬਹੁਤ ਮਹੱਤਵਪੂਰਨ ਕਿੱਤਾ ਹੈ। ਅੱਜ ਦੇ ਯੁਗ ਵਿੱਚ ਪੱਤਰਕਾਰਤਾ ਤੇ ਅਦਾਲਤਾਂ ਹੀ ਹਨ ਜੋ ਸੱਚ ਝੂਠ ਦਾ ਨਿਤਾਰਾ ਕਰਦੇ ਹਨ, ਸਮਾਜ ਨੂੰ ਝੰਜੋੜਾ ਦਿੰਦੇ ਹਨ ਅਤੇ ਲੋਕਾਂ ਨੂੰ ਇਨਸਾਫ਼ ਤੇ ਹੱਕ ਮੁਹਈਆ ਕਰਵਾਉਣ ਲਈ ਯਤਨਸ਼ੀਲ ਹਨ। ਪੱਤਰਕਾਰਤਾ ਦਾ ਕਿੱਤਾ ਕੰਡਿਆਂ ਭਰਿਆ ਰਾਹ ਹੈ, ਸੂਲੀ ਦੀ ਛਾਲ ਵਰਗਾ ਰਿਸਕੀ ਹੈ। ਥਾਂ ਥਾਂ ਖਤਰਾ ਬਣਿਆ ਰਹਿੰਦਾ ਹੈ। ਇਸਦਾ ਦੂਜਾ ਪੱਖ ਸਤਿਕਾਰਤਾ ਵਾਲਾ ਵੀ ਹੈ, ਮਾਣ ਤਾਣ ਬਹੁਤ ਮਿਲਦਾ ਹੈ। ਦੇਸ਼ ਵਿਦੇਸ਼ ਦੇ ਉੱਚਕੋਟੀ ਦੇ ਵਿਦਵਾਨਾਂ, ਉੱਚ ਸਿਆਸਤਦਾਨਾਂ, ਵੱਡੇ ਵੱਡੇ ਸੱਤਾਧਾਰੀਆਂ ਤੇ ਅਫਸਰਾਂ ਆਦਿ ਨਾਲ ਮੇਲ ਮਿਲਾਪ ਹੁੰਦਾ ਰਹਿੰਦਾ ਹੈ, ਆਮ ਲੋਕ ਜਿਹਨਾਂ ਦੇ ਨੇੜੇ ਤੇੜੇ ਵੀ ਢੁਕ ਨਹੀਂ ਸਕਦੇ। ਪੱਤਰਕਾਰੀ ਸਦਕਾ ਹੀ ਮੈਂਨੂੰ ਦੇਸ਼ ਦੇ ਮਹਾਨ ਇਨਸਾਨ ਰਾਸ਼ਟਰਪਤੀ ਸ੍ਰੀ ਅਬਦੁੱਲ ਕਲਾਮ, ਪ੍ਰਧਾਨ ਮੰਤਰੀਆਂ ਅਟੱਲ ਬਿਹਾਰੀ ਵਾਜਪਾਈ, ਸ੍ਰ. ਮਨਮੋਹਨ ਸਿੰਘ, ਉੱਚਕੋਟੀ ਦੇ ਵਿਦਵਾਨ ਸ੍ਰ. ਖੁਸ਼ਵੰਤ ਸਿੰਘ, ਮਹਾਨ ਕਮਿਊਨਿਸਟ ਕਾ: ਹਰਕਿਸਨ ਸਿੰਘ ਸੁਰਜੀਤ, ਕਾ: ਏ ਬੀ ਬਰਧਨ ਆਦਿ ਨਾਲ ਮਿਲਣ ਦਾ ਸੁਭਾਗ ਮਿਲਿਆ ਹੈ। ਪਰ ਦੁੱਖ ਦੀ ਗੱਲ ਹੈ ਕਿ ਹੁਣ ਇਸ ਕਿੱਤੇ ਵਿੱਚ ਭ੍ਰਿਸਟਾਚਾਰੀ, ਬਲੈਕਮੇਲੀਏ, ਮਾਮਲੇ ਲੀਕ ਕਰਨ ਵਾਲੇ, ਚੁਗਲਖੋਰ ਅਤੇ ਗਲਤ ਅਨਸਰ ਵੀ ਸ਼ਾਮਲ ਹੋ ਗਏ ਹਨ, ਜਿਹਨਾਂ ਸਦਕਾ ਇਹ ਪਵਿੱਤਰ ਕਿੱਤਾ ਬਦਨਾਮ ਹੋ ਰਿਹਾ ਹੈ।
? ਤੁਸੀਂ ਹੁਣ ਸਫ਼ਲ ਜ਼ਿੰਦਗੀ ਜੀ ਰਹੇ ਹੋ। ਕੀ ਤੁਹਾਡੇ ਸਾਰੇ ਸੁਪਨੇ ਪੂਰੇ ਹੋ ਗਏ ਹਨ, ਕੀ ਅੱਜ ਦੇ ਸਿਸਟਮ ਵਿੱਚ ਆਮ ਆਦਮੀ ਦੇ ਸੁਪਨੇ ਪੂਰੇ ਹੋ ਜਾਂਦੇ ਹਨ। ਤੁਹਾਡੀ ਬਾਕੀ ਰਹਿੰਦੀ ਜ਼ਿੰਦਗੀ ਦਾ ਸੁਪਨਾ ਕੀ ਹੈ?
* ਬਿਲਕੁਲ, ਮੈਂ ਸਫ਼ਲ ਜ਼ਿੰਦਗੀ ਜਿਉਂ ਰਿਹਾ ਹਾਂ। ਪਰ ਕਿਸੇ ਵੀ ਇਨਸਾਨ ਦੇ ਸਾਰੇ ਸੁਪਨੇ ਕਦੇ ਵੀ ਪੂਰੇ ਨਹੀਂ ਹੋ ਸਕਦੇ। ਜੇਕਰ ਵਿਅਕਤੀ ਦੇ ਸਾਰੇ ਸੁਪਨੇ ਪੂਰੇ ਹੋ ਜਾਣ ਤਾਂ ਜ਼ਿੰਦਗੀ ਦੇ ਕਾਰਜ ਹੀ ਮੁੱਕ ਜਾਂਦੇ ਹਨ ਅਤੇ ਜੀਵਨ ਬੇਅਰਥ ਹੋ ਜਾਂਦਾ ਹੈ। ਕੋਈ ਨਾ ਕੋਈ ਨਵਾਂ ਸੁਪਨਾ ਉੱਠਦਾ ਰਹਿੰਦਾ ਹੈ, ਜਿਸ ਨੂੰ ਪੂਰਾ ਕਰਨ ਲਈ ਇਨਸਾਨ ਯਤਨਸ਼ੀਲ ਰਹਿੰਦਾ ਹੈ ਅਤੇ ਰਹਿਣਾ ਵੀ ਚਾਹੀਦਾ ਹੈ। ਪਰ ਸਬਰ ਸੰਤੋਖ ਨਾਲ ਬੇਲੋੜੇ ਸੁਫ਼ਨਿਆਂ ’ਤੇ ਕਾਬੂ ਪਾਇਆ ਜਾ ਸਕਦਾ ਹੈ। ਸੁਫ਼ਨਿਆਂ ’ਤੇ ਕਾਬੂ ਪਾਉਣ ਦਾ ਅਰਥ ਇਹ ਵੀ ਨਹੀਂ ਕਿ ਸਭ ਕੁਝ ਛੱਡ ਕੇ ਘਰ ਦੇ ਅੰਦਰ ਹੀ ਬੈਠ ਜਾਇਆ ਜਾਵੇ, ਪਰਿਵਾਰ ਦੀ ਲੋੜ ਅਨੁਸਾਰ ਮਦਦ, ਸਮਾਜ, ਦੇਸ਼, ਲੋਕਾਈ ਦੀ ਸੇਵਾ ਸਮਰੱਥਾ ਅਨੁਸਾਰ ਕਰਦੇ ਰਹਿਣਾ ਚਾਹੀਦਾ ਹੈ। ਮੇਰੀ ਰਹਿੰਦੀ ਜ਼ਿੰਦਗੀ ਦਾ ਸੁਪਨਾ ਵੀ ਲੰਘ ਚੁੱਕੀ ਜ਼ਿੰਦਗੀ ਵਾਂਗ ਸਮਾਜ ਦੀ ਸੇਵਾ ਕਰਨਾ, ਸੱਚ ’ਤੇ ਪਹਿਰਾ ਦੇਣਾ, ਲੋਕਾਂ, ਪਾਠਕਾਂ ਨੂੰ ਜਾਗਰੂਕ ਕਰਨਾ ਅਤੇ ਦੁਖੀ ਇਨਸਾਨਾਂ ਦੀ ਸਮਰੱਥਾ ਅਨੁਸਾਰ ਸਹਾਇਤਾ ਕਰਨਾ ਹੈ। ਜੀਵਨ ਦੇ ਆਖ਼ਰੀ ਸਾਹ ਤਕ ਮੈਂ ਸਾਹਿਤ ਸਿਰਜਣ ਦੇ ਨਾਲ ਨਾਲ ਇਸ ਸੁਪਨੇ ਨੂੰ ਪੂਰਾ ਕਰਨ ਲਈ ਯਤਨਸ਼ੀਲ ਰਹਾਂਗਾ।
**
(ਜਸਪਾਲ ਮਾਨਖੇੜਾ - ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਤੇ ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੇ ਪ੍ਰਧਾਨ)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5255)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.