“ਇਨ੍ਹਾਂ ਤਿੰਨ ਭਾਗਾਂ ਵਿੱਚ 200 ਤੋਂ ਵੱਧ ਨਾਟਕਕਾਰਾਂ ਦੇ 1668 ਨਾਟਕ ...”
(31 ਜਨਵਰੀ 2025)
ਪਾਲੀ ਭੁਪਿੰਦਰ ਸਿੰਘ, ਪੰਜਾਬੀ ਨਾਟ ਸੰਦਰਭ ਕੋਸ਼ (ਤਿੰਨ-ਭਾਗ, ਕੁੱਲ ਪੰਨੇ-1818), ਵਿੰਕਲ ਪਬਲੀਕੇਸ਼ਨਜ਼, ਚੰਡੀਗੜ੍ਹ, 2025. ਡਿਜਿਟਲ ਮਾਧਿਅਮ ਗੂਗਲ ਬੁੱਕਸ, ਕੀਮਤ- 392 ਰੁਪਏ (ਤਿੰਨ-ਭਾਗ)
ਸਾਹਿਤ-ਕੋਸ਼ ਕਿਸੇ ਭਾਸ਼ਾ ਦੀ ਸਾਹਿਤਕ ਅਮੀਰੀ ਦਾ ਪ੍ਰਗਟਾਵਾ ਹੁੰਦੇ ਹਨ ਅਤੇ ਕਿਸੇ ਵਿਧਾ ਵਿਸ਼ੇਸ਼ ਬਾਰੇ ਰਚੇ ਗਏ ਕੋਸ਼ ਹੋਰ ਵੀ ਜ਼ਿਆਦਾ ਮਹੱਤਵਪੂਰਣ ਹੁੰਦੇ ਹਨ ਕਿਉਂਕਿ ਅਜਿਹੇ ਕੋਸ਼ਾਂ ਰਾਹੀਂ ਅਸੀਂ ਕਿਸੇ ਵਿਧਾ ਵਿਸ਼ੇਸ਼ ਦੇ ਲੇਖਕਾਂ ਅਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਬਹੁਪੱਖੀ ਜਾਣਕਾਰੀ ਇੱਕੋ ਥਾਂ ਤੋਂ ਪ੍ਰਾਪਤ ਕਰ ਸਕਦੇ ਹਾਂ। ਇਹ ਵਿਧਾ ਵਿਸ਼ੇਸ਼ ਕੋਸ਼ ਵਿਦਿਆਰਥੀਆਂ, ਖੋਜਾਰਥੀਆਂ ਅਤੇ ਵਿਦਵਾਨਾਂ ਲਈ ਸਹਾਇਕ ਹੁੰਦੇ ਹਨ। ਪਾਲੀ ਭੁਪਿੰਦਰ ਸਿੰਘ ਦੁਆਰਾ ਰਚਿਤ ‘ਪੰਜਾਬੀ ਨਾਟ ਸੰਦਰਭ ਕੋਸ਼’ ਇਸੇ ਦਿਸ਼ਾ ਵਿੱਚ ਕੀਤਾ ਗਿਆ ਮਹੱਤਵਪੂਰਣ ਕਾਰਜ ਹੈ। ਪਾਲੀ ਭੁਪਿੰਦਰ ਸਿੰਘ ਸਾਡੇ ਸਮਿਆਂ ਦੇ ਪ੍ਰਸਿੱਧ ਪੰਜਾਬੀ ਨਾਟਕਕਾਰ, ਨਾਟ-ਚਿੰਤਕ, ਆਲੋਚਕ, ਵਿਦਵਾਨ, ਫਿਲਮ ਲੇਖਕ ਤੇ ਨਿਰਦੇਸ਼ਕ ਹਨ। ਉਨ੍ਹਾਂ ਨੂੰ ਪੰਜਾਬੀ ਫਿਲਮ ‘ਬਾਗ਼ੀ ਦੀ ਧੀ’ ਲਈ 2023 ਦਾ ਰਾਸ਼ਟਰੀ ਪੁਰਸਕਾਰ ਅਤੇ ਸਕਰੀਨ ਪਲੇ ਰਚਨਾ ਲਈ ਸੰਗੀਤ ਨਾਟਕ ਅਕਾਦਮੀ ਦਾ ਅਵਾਰਡ ਮਿਲ ਚੁੱਕਿਆ ਹੈ। ਸਮੁੱਚੇ ਪੰਜਾਬੀ ਨਾਟਕ ਦਾ ਨਾਟ-ਸ਼ਾਸਤਰ ਰਚਣ ਤੋਂ ਬਾਅਦ ਪੰਜਾਬੀ ਨਾਟਕ ਦਾ ਸੰਦਰਭ ਕੋਸ਼ ਤਿਆਰ ਕਰਨਾ ਉਹਨਾਂ ਦਾ ਬਹੁਤ ਵੱਡਾ ਕਾਰਜ ਹੈ ਜੋ ਕਿ ਯੂ. ਜੀ. ਸੀ. ਦੁਆਰਾ ਦਿੱਤੀ ਗਈ ਗਰਾਂਟ ਦੀ ਮਦਦ ਨਾਲ ਪੂਰਾ ਕੀਤਾ ਗਿਆ ਹੈ।
ਇਹ ਕੋਸ਼ ਵਿੰਕਲ ਪਬਲੀਕੇਸ਼ਨਜ਼, ਚੰਡੀਗੜ੍ਹ ਦੁਆਰਾ ਡਿਜਿਟਲ ਰੂਪ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਨੂੰ ਗੂਗਲ ਬੁੱਕਸ ’ਤੇ ਆਨਲਾਈਨ ਮਾਧਿਅਮ ਰਾਹੀਂ ਖਰੀਦ ਕੇ ਡਿਜਿਟਲ ਰੂਪ ਵਿੱਚ ਪੜ੍ਹਿਆ ਜਾ ਸਕਦਾ ਹੈ। ਕੋਸ਼ ਦੇ ਡਿਜਿਟਲ ਰੂਪ ਵਿੱਚ ਪ੍ਰਕਾਸ਼ਿਤ ਕਰਨ ਦੇ ਕਾਰਨ ਬਾਰੇ ਪਾਲੀ ਭੁਪਿੰਦਰ ਲਿਖਦੇ ਹਨ, “ਸਫ਼ੇ ਜ਼ਿਆਦਾ ਹੋਣ ਕਾਰਨ ਪੁਸਤਕ ਰੂਪ ਵਿੱਚ ਇਸਦੀ ਕੀਮਤ ਖ਼ਾਸ ਕਰਕੇ ਵਿਦਿਆਰਥੀਆਂ ਲਈ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਹੈ। ਦੂਜਾ, ਮੈਂ ਹਰ ਵਰ੍ਹੇ ਇਸ ਕੋਸ਼ ਨੂੰ ਅਪਡੇਟ ਕਰਨ ਦੀ ਇੱਛਾ ਰੱਖਦਾ ਹਾਂ। ਜੋ ਡਿਜਿਟਲ ਰੂਪ ਵਿੱਚ ਹੀ ਵਧੇਰੇ ਸੌਖਾ ਹੈ। ਤੀਜਾ, ਕਾਰਨ ਮੈਂ ਇਹ ਸੋਚਿਆ ਕਿ ਜੀਵਨ ਹਰ ਖੇਤਰ ਵਿੱਚ ਤੇਜ਼ੀ ਨਾਲ ਡਿਜਿਟਲ ਹੁੰਦਾ ਜਾ ਰਿਹਾ ਹੈ। ਸ਼ਾਇਦ ਭਵਿੱਖ ਵਿੱਚ ਅਧਿਐਨ ਅਤੇ ਅਧਿਆਪਨ ਵਿੱਚ ਵੀ ਡਿਜਿਟਲ ਮਾਧਿਅਮ ਮੁੱਖ ਬਣ ਜਾਣ।” ਸੋ ਇਹ ਨਾਟ ਸੰਦਰਭ ਕੋਸ਼ ਡਿਜਿਟਲ ਮਾਧਿਅਮ ਰਾਹੀਂ ਕਿਤੇ ਵੀ ਬੈਠ ਕੇ ਸਮਾਰਟ ਫੋਨ ਵਿੱਚ ਅਸਾਨੀ ਨਾਲ ਪੜ੍ਹਿਆ ਜਾ ਸਕਦਾ ਹੈ।
ਇਹ ਕੋਸ਼ ਤਿੰਨ ਭਾਗਾਂ ਵਿੱਚ ਰਚਿਆ ਗਿਆ ਹੈ। ਇਨ੍ਹਾਂ ਤਿੰਨ ਭਾਗਾਂ ਵਿੱਚ 200 ਤੋਂ ਵੱਧ ਨਾਟਕਕਾਰਾਂ ਦੇ 1668 ਨਾਟਕ ਜੋ 2024 ਤਕ ਪ੍ਰਕਾਸ਼ਿਤ ਹੋ ਚੁੱਕੇ ਹਨ, ਇਸ ਵਿੱਚ ਦਰਜ਼ ਹਨ। ਇਸ ਨਾਟ ਕੋਸ਼ ਵਿੱਚ ਦਰਜ ਪੰਜਾਬੀ ਨਾਟਕਾਂ ਨੂੰ ਡੀ.ਐੱਮ. ਕਾਲਜ ਮੋਗਾ ਦੀ ਲਾਇਬ੍ਰੇਰੀ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਕੋਸ਼ ਦੇ ਪਹਿਲੇ ਭਾਗ ਵਿੱਚ ‘ਉ’ ਤੋਂ ਲੈ ਕੇ ‘ਹ’ ਅੱਖਰ ਤਕ ਦੇ ਨਾਟਕਕਾਰ ਦਰਜ਼ ਹਨ। ਭਾਗ ਦੂਜਾ ਵਿੱਚ ‘ਕ’ ਤੋਂ ‘ਜ’ ਅਤੇ ਭਾਗ ਤੀਜਾ ਵਿੱਚ ‘ਟ’ ਤੋਂ ਲੈ ਕੇ ‘ਵ’ ਅੱਖਰ ਤਕ ਦੇ ਨਾਟਕਕਾਰ ਦਰਜ ਹਨ। ਅੱਗੋਂ ਨਾਟਕਕਾਰਾਂ ਦੀਆਂ ਨਾਟ-ਰਚਨਾਵਾਂ ਨੂੰ ਵੀ ਅੱਖਰ ਕ੍ਰਮ ਵਿੱਚ ਦਰਜ਼ ਕੀਤਾ ਗਿਆ ਹੈ। ਨਾਟਕ ਦੇ ਨਾਂ ਹੇਠਾਂ ਨਾਟਕ ਦੀ ਵਿਧਾ ਦੱਸੀ ਗਈ ਹੈ। ਭਾਵ ਨਾਟਕ, ਇਕਾਂਗੀ, ਲਘੂ ਨਾਟ ਆਦਿ ਬਾਰੇ ਸੰਕੇਤ ਹੈ। ਖੋਜ ਸੰਦਰਭ ਵਿੱਚ ਨਾਟਕ ਦੇ ਵਿਸ਼ਾ ਵਸਤੂ, ਵਿਧੀ ਅਤੇ ਸ਼ੈਲੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਵਿਸ਼ਾਗਤ, ਵਿਧੀਗਤ ਅਤੇ ਸ਼ੈਲੀਗਤ ਅਧਿਐਨ ਲਈ ਨਾਟਕਾਂ ਨੂੰ 99 ਵਿਸ਼ਿਆਂ ਵਿੱਚ ਵੰਡਿਆ ਗਿਆ ਹੈ। ਪ੍ਰਾਪਤ ਤੇ ਪ੍ਰਕਾਸ਼ਿਤ ਸਮੁੱਚੇ ਪੰਜਾਬੀ ਨਾਟਕ ਨੂੰ ਇਸ ਕੋਸ਼ ਵਿੱਚ ਸ਼ਾਮਿਲ ਕੀਤਾ ਗਿਆ ਹੈ ਪਰ ਅਜਿਹੇ ਨਾਟਕਾਂ ਬਾਰੇ ਵੀ ਨਾਲ ਦੀ ਨਾਲ ਜਾਣਕਾਰੀ ਦਿੱਤੀ ਗਈ ਹੈ ਜੋ ਅਨੁਵਾਦਿਤ ਨਾਟਕ ਹਨ ਜਾਂ ਜੋ ਰੇਡਿਓ ਲਈ ਲਿਖੇ ਗਏ ਸਕਰੀਨ ਪਲੇ ਹਨ। ਮੰਚਿਤ ਹੋ ਚੁੱਕੇ ਨਾਟਕਾਂ ਬਾਰੇ ਵੀ ਵੇਰਵਾ ਦਰਜ਼ ਹੈ। ਹਰ ਭਾਗ ਦੇ ਅੰਤ ’ਤੇ ਨਾਟ-ਪਾਠ ਦੇ ਵੱਖ-ਵੱਖ ਭੇਦਾਂ ਜਿਵੇਂ ਨਾਟਕ, ਇਕਾਂਗੀ, ਲਘੂ ਨਾਟਕ, ਇੱਕ ਪਾਤਰੀ ਨਾਟਕ, ਬਾਲ ਨਾਟਕ ਅਤੇ ਓਪੇਰਿਆਂ ਬਾਰੇ ਨਾਟ-ਸ਼ਾਸਤਰੀ ਨੇਮਾਂ ਅਨੁਸਾਰ ਭੇਦ ਵੀ ਨਿਰਧਾਰਿਤ ਕੀਤੇ ਹਨ।
ਇਸ ਨਾਟ ਸੰਦਰਭ ਕੋਸ਼ ਦੀ ਵਿਲੱਖਣਤਾ ਇਹ ਹੈ ਕਿ ਇਹ ਪੰਜਾਬੀ ਨਾਟਕ ਦੇ ਇਤਿਹਾਸ ਵਿੱਚ ਪਏ ਖੱਪਿਆਂ ਨੂੰ ਪੂਰਨ ਦਾ ਵੀ ਕੰਮ ਕਰਦਾ ਹੈ। ਪੰਜਾਬੀ ਨਾਟਕ ਦੇ ਇਤਿਹਾਸ ਵਿੱਚ ਕੁਝ ਨਾਟਕ ਅਜਿਹੇ ਵੀ ਮਿਲਦੇ ਹਨ ਜੋ ਅਸਲ ਵਿੱਚ ਪੰਜਾਬੀ ਨਾਟਕ ਨਹੀਂ, ਉਨ੍ਹਾਂ ਦੀ ਸਿਰਫ਼ ਲਿੱਪੀ ਹੀ ਗੁਰਮੁਖੀ ਹੈ, ਅਜਿਹੇ ਨਾਟਕਾਂ ਬਾਰੇ ਭੁਲੇਖੇ ਨੂੰ ਦੂਰ ਕੀਤਾ ਹੈ ਉਦਾਹਰਨ ਵਜੋਂ ‘ਆਗਾ ਹਸਨ ਅਮਾਨਤ’ ਰਚਿਤ ਨਾਟਕ ‘ਇੰਦਰ ਸਭਾ।’ ਪਾਲੀ ਭੁਪਿੰਦਰ ਸਿੰਘ ਅਨੁਸਾਰ ਇਹ ਨਾਟਕ ਪੰਜਾਬੀ ਨਾਟਕ ਨਹੀਂ ਸਗੋਂ ਇਸਦੇ ਪਾਤਰ ਉਰਦੂ ਬੋਲਦੇ ਹਨ ਅਤੇ ਇਹ ਪਹਿਲੀ ਵਾਰ ਉਰਦੂ ਵਿੱਚ 1866 ਵਿੱਚ ਪ੍ਰਕਾਸ਼ਿਤ ਹੋਇਆ। ਇਸ ਕੋਸ਼ ਵਿੱਚ ਅਜਿਹੇ ਪੰਜਾਬੀ ਨਾਟਕਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਮਿਲਦੀ ਹੈ, ਜਿਨ੍ਹਾਂ ਦਾ ਹੁਣ ਤਕ ਪੰਜਾਬੀ ਨਾਟਕ ਦੇ ਇਤਿਹਾਸ ਵਿੱਚ ਸਿਰਫ਼ ਜ਼ਿਕਰ ਮਾਤਰ ਮਿਲਦਾ ਹੈ। ਉਦਾਹਰਨ ਵਜੋਂ ਸ. ਸ. ਬਚਿੰਤ ਦਾ ‘ਮਲਕਾ ਅਸਤਰ’ ਅਤੇ ਸੁਜਾਨ ਸਿੰਘ ਗਿਆਨੀ ਰਚਿਤ ‘ਦੁਬੇਲ ਦਾ ਦੀਵਾਨ’ (1926)। ਇਸ ਤੋਂ ਇਲਾਵਾ ਜੋ ਨਾਟਕ ਪਹਿਲਾਂ ਕਿਸੇ ਹੋਰ ਨਾਂ ਹੇਠ ਪ੍ਰਕਾਸ਼ਿਤ ਹੋਏ ਅਤੇ ਬਾਅਦ ਵਿੱਚ ਕਿਸੇ ਹੋਰ ਨਾਂ ਹੇਠ ਪ੍ਰਕਾਸ਼ਿਤ ਹੋਏ, ਅਜਿਹੇ ਨਾਟਕਾਂ ਨੂੰ ਪ੍ਰਚਲਿਤ ਨਾਂ ਹੇਠ ਵਿਚਾਰਿਆ ਗਿਆ ਹੈ। ਜਿਵੇਂ ਈਸ਼ਵਰ ਚੰਦਰ ਨੰਦਾ ਦੀ ਇਕਾਂਗੀ ‘ਦੁਲਹਨ’ ਇਹ ਇਕਾਂਗੀ ਬਾਅਦ ਵਿੱਚ ‘ਸੁਹਾਗ’ ਇਕਾਂਗੀ ਨਾਂ ਹੇਠ ਵੀ ਪ੍ਰਕਾਸ਼ਿਤ ਹੋਈ ਪਰ ਕਿਉਂਕਿ ਇਹ ‘ਦੁਲਹਨ’ ਨਾਂ ਹੇਠ ਪ੍ਰਚਲਿਤ ਹੋਈ, ਸੋ ਉਸੇ ਨਾਂ ਹੇਠ ਇਸ ਬਾਰੇ ਚਰਚਾ ਕੀਤੀ ਗਈ ਹੈ। ਇਸੇ ਤਰ੍ਹਾਂ ਸੱਤਿਆਨੰਦ ਸੇਵਕ ਦਾ ਨਾਟਕ ‘ਕੁਕਨਸ ਮਰਦਾ ਨਹੀਂ’ ਬਾਅਦ ਵਿੱਚ ‘ਦੁੱਲ੍ਹਾ’ ਨਾਂ ਹੇਠ ਪ੍ਰਕਾਸ਼ਿਤ ਹੋਇਆ, ਸੋ ਉਸ ਨੂੰ ਇਸੇ ਪ੍ਰਚਲਿਤ ਨਾਂ ਹੇਠ ਵਿਚਾਰਿਆ ਗਿਆ ਹੈ। ਇਸੇ ਤਰ੍ਹਾਂ ਗੁਰਸ਼ਰਨ ਸਿੰਘ ਦੀ ਨਾਟ-ਝਾਕੀ ‘ਭਾਰਤ ਛੱਡੋ’ ਜੋ ਬਾਅਦ ਵਿੱਚ ‘ਗਦਰ ਦੀ ਗੂੰਜ’ ਨਾਂ ਹੇਠ ਵਧੇਰੇ ਪ੍ਰਚਲਿਤ ਹੋਈ, ਨੂੰ ਇਸ ਪ੍ਰਚਲਿਤ ਨਾਂ ਹੇਠ ਵਿਚਾਰਿਆ ਗਿਆ ਹੈ। ਕਹਾਣੀ ਤੋਂ ਰੂਪਾਂਤਰਿਤ ਨਾਟਕਾਂ ਬਾਰੇ ਵੀ ਜ਼ਰੂਰੀ ਜਾਣਕਾਰੀ ਦਰਜ਼ ਕੀਤੀ ਗਈ ਹੈ। ਇਹ ਨਾਟ ਕੋਸ਼ ਵਿਦਿਆਰਥੀਆਂ ਅਤੇ ਖੋਜਾਰਥੀਆਂ ਲਈ ਪੰਜਾਬੀ ਨਾਟਕ ’ਤੇ ਖੋਜ ਲਈ ਲੋੜੀਂਦੀ ਮੁਢਲੀ ਜਾਣਕਾਰੀ ਜੁਟਾਉਣ ਵਿੱਚ ਮਦਦ ਕਰਨ ਵਾਲਾ ਪ੍ਰਮੁੱਖ ਦਸਤਾਵੇਜ਼ ਹੈ। ਪੰਜਾਬੀ ਨਾਟਕਕਾਰਾਂ ਦੇ ਨਾਟਕਾਂ ਦੇ ਵਿਸ਼ਿਆਂ ਸੰਬੰਧੀ ਜ਼ਰੂਰੀ ਜਾਣਕਾਰੀ ਤੋਂ ਇਲਾਵਾ ਨਾਟਕਾਂ ਦੇ ਪ੍ਰਕਾਸ਼ਨ ਸਾਲ ਤੇ ਪ੍ਰਕਾਸ਼ਕ ਅਤੇ ਆਈਐੱਸਬੀਐੱਨ ਨੰਬਰ ਬਾਰੇ ਵੀ ਜਾਣਕਾਰੀ ਦਰਜ਼ ਕੀਤੀ ਗਈ ਹੈ ਹਾਲਾਂਕਿ ਕੁਝ ਨਾਟਕਾਂ ਦਾ ਪ੍ਰਕਾਸ਼ਨ ਵਰ੍ਹਾ ਪ੍ਰਾਪਤ ਨਾ ਹੋਣ ਕਾਰਨ ਕੋਸ਼ਕਾਰ ਉੱਥੇ ਜਾਣਕਾਰੀ ਦਰਜ਼ ਕਰਨ ਤੋਂ ਅਸਮਰੱਥ ਰਿਹਾ ਹੈ। ਛਪਾਈ ਵਿੱਚ ਰਹਿ ਗਈਆਂ ਕੁਝ ਕੁ ਗ਼ਲਤੀਆਂ ਨੂੰ ਛੱਡ ਕੇ ਇਹ ਨਾਟ ਕੋਸ਼ ਪੰਜਾਬੀ ਨਾਟਕ ਵਿਧਾ ਦੇ ਵਿਦਿਆਰਥੀਆਂ ਤੇ ਖੋਜਾਰਥੀਆਂ ਲਈ ਲਈ ਵਡਮੁੱਲਾ ਖ਼ਜ਼ਾਨਾ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)