“ਜਦੋਂ ਅਸੀਂ ਵਿਕਸਿਤ ਹੋ ਚੁੱਕੇ ਰੋਬੌਟ ਦੇਖਦੇ ਹਾਂ ਤਾਂ ਇਹ ਸਵਾਲ ਗੰਭੀਰ ...”
(4 ਜਨਵਰੀ 2025)
ਏ ਆਈ, ਭਾਵ ਮਸਨੂਈ ਬੁੱਧੀ ਸਾਡੇ ਦਰਾਂ ’ਤੇ ਹੈ, ਜਿਸ ਨਾਲ ਪਲ-ਪਲ ਮਨੁੱਖੀ ਜੀਵਨ-ਜਾਚ ਬਦਲ ਰਹੀ ਹੈ। ਇਸਦੀ ਸ਼ੁਰੂਆਤ ਵੀਹਵੀਂ ਸਦੀ ਦੇ ਦੂਜੇ ਅੱਧ ਦੇ ਆਰੰਭ ਹੋਣ ਨਾਲ ਹੀ ਹੋ ਗਈ ਸੀ ਜਦੋਂ ਐਲਨ ਟਿਊਰਿੰਗ ਦੀ ਮੌਤ ਦੇ ਬਾਅਦ ਜਾਨ ਮੈਕਾਰਥੀ ਨੇ 1956 ਈਸਵੀ ਵਿੱਚ ਪਹਿਲੀ ਵਾਰ ਸ਼ਬਦ ‘ਆਰਟੀਫੀਸ਼ੀਅਲ ਇੰਟੈਲੀਜੈਂਸ’ ਵਰਤਿਆ। ਅੱਜ ਇੱਕੀਵੀਂ ਸਦੀ ਦੇ ਤੀਜੇ ਦਹਾਕੇ ਦੇ ਆਰੰਭ ਨਾਲ ਮਸਨੂਈ ਬੁੱਧੀ ਦੀ ਚਰਚਾ ਆਮ ਹੋਣ ਲੱਗ ਪਈ ਹੈ। ‘ਚੈਟ ਬੋਟ’ ਸਾਡੀ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਹੋ ਚੁੱਕੇ ਹਨ ਅਤੇ ਰੋਬੌਟ ਸਾਡੇ ਜੀਵਨ ਦਾ ਹਿੱਸਾ ਬਣਨ ਜਾ ਰਹੇ ਹਨ ਤੇ ਬਹੁਤ ਹੱਦ ਤਕ ਉਹ ਸਾਡੇ ਫੋਨਾਂ ਰਾਹੀਂ ਸਾਡੇ ਜੀਵਨ ਵਿੱਚ ਦਾਖ਼ਲ ਹੋ ਵੀ ਚੁੱਕੇ ਹਨ। ‘ਚੈਟ ਜੀਪੀਟੀ’ ਨੇ ਸਿੱਖਿਆ ਵਿਧੀ ਨੂੰ ਬਦਲ ਕੇ ਰੱਖ ਦਿੱਤਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਐਪਸ ਵਿੱਚ ਅਵਤਾਰ ਤੇ ਚੈਟਬੋਟ ਨਾਂ ਦੀ ਮਸਨੂਈ ਬੁੱਧੀ ਹੈ, ਜਿਸ ਨਾਲ ਤੁਸੀਂ ਆਪਣੀਆਂ ਤਸਵੀਰਾਂ ਦੇ ਅਵਤਾਰ ਤਿਆਰ ਕਰਨ ਦੇ ਨਾਲ-ਨਾਲ ਗੱਲਾਂ ਕਰ ਸਕਦੇ ਹੋ। ਇਸ ਤੋਂ ਇਲਾਵਾ ਰੋਬੌਟ ਮਨੁੱਖੀ ਮਜ਼ਦੂਰਾਂ ਦੀ ਥਾਂ ਕੰਮਕਾਰ ਕਰਨ ਲੱਗਿਆ ਹੈ। ਇਹ ਸਿਰਫ਼ ਕੰਮ ਹੀ ਨਹੀਂ ਕਰਦਾ ਸਗੋਂ ਮਨੁੱਖ ਵਾਂਗ ਗੱਲਾਂ ਵੀ ਕਰਦਾ ਹੈ। ਉਦਾਹਰਣ ਵਜੋਂ ਅਮਰੀਕਾ ਵਿੱਚ ‘ਅਮੀਲੀਆ’ ਨਾਂ ਦੀ ਸਮਾਰਟ ਰੋਬੌਟ ਹੈ। ਅਮਰੀਕਾ ਵਿੱਚ ਰਹਿੰਦੇ ਚੇਤਨ ਦੁਬੇ ਦੁਆਰਾ ਵਿਕਸਿਤ ਕੀਤੀ ਹੋਈ ਹਿਊਮਨ-ਇੰਟੈਲੀਜੈਂਸ ਨਾਲ ਬਿਨਾਂ ਤਨਖ਼ਾਹ ਦੇ ਕੰਮ ਕਰਨ ਵਾਲੀ ਇਸ ਰੋਬੌਟ ਨੇ ਲੱਖਾਂ-ਕਰੋੜਾਂ ਦਫਤਰੀ ਕਾਮਿਆਂ (ਵਾਈਟ-ਕਾਲਰ ਵਰਕਰਜ਼) ਦੇ ਕੰਨਾਂ ਵਿੱਚ ਖਤਰੇ ਦੀਆਂ ਘੰਟੀਆਂ ਵਜਾ ਦਿੱਤੀਆਂ ਹਨ। ਇਹ ਮਸਲਾ ਯਕੀਕਨ ਸੰਜੀਦਾ ਹੈ।
ਜੇ ਸਿੱਖਿਆ ਖੇਤਰ ਵਿੱਚ ਅਧਿਆਪਕ ਵਜੋਂ ਮਸਨੂਈ ਬੁੱਧੀ ਨਾਲ ਲਬਰੇਜ਼ ਰੋਬੌਟ ਦੇ ਆਗਮਨ ਦੀ ਗੱਲ ਕਰੀਏ ਤਾਂ ਇਸਦੀ ਸ਼ੁਰੂਆਤ 2019 ਵਿੱਚ ਹੋ ਗਈ ਸੀ। 2019 ਵਿੱਚ ਜਰਮਨ ਦੇ ਮਾਰਬਗ ਯੂਨੀਵਰਸਿਟੀ ਦੇ ਪ੍ਰੋਫੈਸਰ ਜੌਰਜਨ ਹੈਨਡਕੇ ‘ਯੂਕੀ’ ਨਾਮਕ ਮਸਨੂਈ ਬੁੱਧੀ ਦੀ ਵਰਤੋਂ ਆਪਣੇ ਇੱਕ ਸਹਾਇਕ ਵਜੋਂ ਕਰਦੇ ਸਨ ਜਿਸ ਨਾਲ ਉਹ ਆਪਣੇ ਵਿਦਿਆਰਥੀਆਂ ਨਾਲ ਜ਼ਿਆਦਾ ਲੰਮੇ ਸਮੇਂ ਤਕ ਕਿਸੇ ਵਿਸ਼ੇ ਬਾਰੇ ਗੱਲਬਾਤ ਕਰ ਸਕਦੇ ਸਨ। ਫਿਰ ਇਸ ਤੋਂ ਬਾਅਦ ਦੇਵ ਅਦਿੱਤਿਆ ਅਤੇ ਡਾ. ਪਾਲਡੀ ਔਟਰਮੈਨ ਨੇ ਦੁਨੀਆਂ ਦਾ ਪਹਿਲਾ ਮਸਨੂਈ ਬੁੱਧੀ ਵਾਲਾ ਰੋਬੌਟ ਅਧਿਆਪਕ ‘ਬੀਅਟਰਿਸ’ ਬਣਾਇਆ। ਦੁਨੀਆਂ ਭਰ ਵਿੱਚ ਵੱਖੋ-ਵੱਖਰੇ ਨਾਂਵਾਂ ਵਾਲੇ ਕੁਝ ਹੋਰ ਮਸਨੂਈ ਬੁੱਧੀ ਅਧਿਆਪਕ ਵੀ ਲਾਂਚ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ 2024 ਦੇ ਆਰੰਭ ਵਿੱਚ ਹੀ ਕੇਰਲਾ ਰਾਜ ਦੇ ਥਿਰੂਵੰਤਪੁਰਮ ਦੇ ਇੱਕ ਸਕੂਲ ਨੇ ‘ਆਇਰਿਸ’ ਨਾਮਕ ਮਸਨੂਈ ਬੁੱਧੀ ਵਾਲੀ ਇੱਕ ਅਧਿਆਪਕ ਰੋਬੌਟ ਦਾ ਉਦਘਾਟਨ ਕੀਤਾ। ‘ਆਇਰਿਸ’ ਨਾਮਕ ਰੋਬੌਟ ਅਧਿਆਪਕ ਨੂੰ ਨਵੰਬਰ 2024 ਵਿੱਚ ਪਟਿਆਲਾ ਦੇ ਵੀ ਇੱਕ ਸਕੂਲ ਨੇ ਆਪਣੇ ਅਧਿਆਪਨ ਕਾਰਜ ਲਈ ਅਪਣਾਇਆ। ਸਿੱਖਿਆ ਖੇਤਰ ਵਿੱਚ ਇਹਨਾਂ ਮਸਨੂਈ ਬੁੱਧੀ ਨਾਲ ਲਬਰੇਜ਼ ਰੋਬੌਟ ਅਧਿਆਪਕਾਂ ਦੇ ਆਗਮਨ ਨਾਲ ਪਰੰਪਰਕ ਅਧਿਆਪਨ ਸ਼ੈਲੀ ਤਾਂ ਲਾਜ਼ਮੀ ਹੀ ਪ੍ਰਭਾਵਿਤ ਹੋਵੇਗੀ ਜਿਸ ਬਾਰੇ ਕੁਝ ਵਿਦਵਾਨ ਖ਼ਦਸੇ ਜ਼ਾਹਿਰ ਕਰ ਰਹੇ ਹਨ, ਜਦਕਿ ਕੁਝ ਅਨੁਸਾਰ ਇਸ ਨਾਲ ਅਧਿਆਪਨ ਕਾਰਜ ਵਧੇਰੇ ਪ੍ਰਭਾਵਸ਼ਾਲੀ ਤੇ ਦਿਲਚਸਪ ਹੋ ਜਾਵੇਗਾ।
ਯਕੀਨਨ ਸਿੱਖਿਆ ਖੇਤਰ ਵਿੱਚ ਇਸਦਾ ਪ੍ਰਭਾਵ ਪਹਿਲਾਂ ਸਕਾਰਾਤਮਕ ਤੇ ਸਮੇਂ ਦੇ ਨਾਲ ਨਕਾਰਤਮਕ ਵੀ ਹੋਵੇਗਾ। ਸਕਾਰਾਤਮਕ ਇਸ ਪੱਖੋਂ ਇਹ ਕਿ ਇਸ ਨਵੀਂ ਤਕਨੀਕ ਨਾਲ ਅਧਿਆਪਨ ਵਿੱਚ ਨਵੀਂਆ ਵਿਧੀਆਂ ਵਰਤੋਂ ਵਿੱਚ ਆਉਣਗੀਆਂ ਜਿਨ੍ਹਾਂ ਨਾਲ ਅਧਿਆਪਨ ਪ੍ਰਭਾਵਸ਼ਾਲੀ ਅਤੇ ਦਿਲਚਸਪ ਹੋਵੇਗਾ। ਕਾਗਜ਼ੀ ਕੰਮ ਘਟ ਜਾਣ ਨਾਲ ਅਧਿਆਪਕ ਵਿਦਿਆਰਥੀਆਂ ਨੂੰ ਸਿਖਾਉਣ ਵੱਲ ਵੱਧ ਧਿਆਨ ਦੇ ਸਕੇਗਾ। ਡਾਟਾ ਅਧਿਐਨ ਦੇ ਸੁਖਾਲੇ ਹੋ ਜਾਣ ਨਾਲ ਵਿਦਿਆਰਥੀਆਂ ਨੂੰ ਆਸਾਨੀ ਨਾਲ ਪੜ੍ਹਾਇਆ ਜਾ ਸਕੇਗਾ। ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਡਿਜਿਟਲ ਵਿਧੀ ਰਾਹੀਂ ਦਰਜ ਕੀਤਾ ਜਾ ਸਕੇਗਾ। ਇਸ ਤਰ੍ਹਾਂ ਆਪਣੇ ਸ਼ੁਰੂਆਤੀ ਦੌਰ ਵਿੱਚ ਇਹ ਮਸ਼ੀਨਾਂ ਮਨੁੱਖ ਦੇ ਸਹਾਇਕ ਵਜੋਂ ਕੰਮ ਕਰ ਸਕਦੀਆਂ ਹਨ ਪਰ ਸਮੇਂ ਦੇ ਨਾਲ ਨਾਲ ਜਦੋਂ ਇਹ ਮਸ਼ੀਨਾਂ ਹੋਰ ਜ਼ਿਆਦਾ ਡਾਟਾ ਨਾਲ ਲਬਰੇਜ਼ ਹੋ ਜਾਣਗੀਆਂ ਤਾਂ ਕੀ ਇਹ ਸਵੈ-ਫ਼ੈਸਲੇ ਲੈਣ ਦੇ ਸਮਰੱਥ ਹੋ ਜਾਣਗੀਆਂ? ਜੇ ਅਜਿਹਾ ਹੋਇਆ ਤਾਂ ਉਸ ਸਮੇਂ ਅਧਿਆਪਕਾਂ ਲਈ ਨਵੀਂਆਂ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ। ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਭਾਵੇਂ ਮਸਨੂਈ ਬੁੱਧੀ ਜਿੰਨੀ ਮਰਜ਼ੀ ਤਰੱਕੀ ਕਰ ਲਵੇ ਪਰ ਅਧਿਆਪਕ ਦੀ ਜ਼ਰੂਰਤ ਹਮੇਸ਼ਾ ਰਹੇਗੀ।
ਪਰ ਜਦੋਂ ਅਸੀਂ ਵਿਕਸਿਤ ਹੋ ਚੁੱਕੇ ਰੋਬੌਟ ਦੇਖਦੇ ਹਾਂ ਤਾਂ ਇਹ ਸਵਾਲ ਗੰਭੀਰ ਹੋ ਜਾਂਦਾ ਹੈ ਕਿ ਕੀ ਸੱਚਮੁੱਚ ਅਧਿਆਪਨ ਮਸਨੂਈ ਬੁੱਧੀ ਦੇ ਹੱਥ ਚਲਾ ਜਾਵੇਗਾ ਅਤੇ ਉਹ ਸਿਰਫ਼ ਰਿਕਾਰਡ ਡਾਟਾ ’ਤੇ ਆਧਾਰਿਤ ਹੋ ਕੇ ਰਹਿ ਜਾਵੇਗਾ? ਉਹ ਰੋਬੌਟ ਕਿਸ ਡਾਟਾ ਨੂੰ ਆਪਣਾ ਅਧਾਰ ਬਣਾਉਣਗੇ? ਉਹ ਡਾਟਾ ਕਿਸ ਦੁਆਰਾ ਸਟੋਰ ਕੀਤਾ ਗਿਆ ਹੋਵੇਗਾ? ਮਸਨੂਈ ਬੁੱਧੀ ਦੀ ਨੈਤਿਕਤਾ ਕੌਣ ਨਿਰਧਾਰਿਤ ਕਰੇਗਾ? ਆਦਿ ਅਨੇਕਾਂ ਸਵਾਲ ਹਨ। ਯੁਵਾਲ ਨੋਹ ਹਰਾਰੀ ਆਪਣੀ ਪੁਸਤਕ ‘ਨੈਕਸਸ’ ਵਿੱਚ ਨੌਕਰੀ ਲਈ ਚੁਣੀਆਂ ਗਈਆਂ ਅਰਜ਼ੀਆਂ ਦੀ ਉਦਾਹਰਣ ਦਿੰਦਾ ਹੈ, ਜਿਸ ਅਨੁਸਾਰ ਸਾਫਟਵੇਅਰ ਨੇ ਸਿਰਫ਼ ਪੁਰਸ਼ਾਂ ਦੀਆਂ ਅਰਜ਼ੀਆਂ ਨੂੰ ਉਸ ਨੌਕਰੀ ਦੇ ਯੋਗ ਸਮਝ ਕੇ ਚੁਣਿਆ ਤੇ ਔਰਤਾਂ ਦੀਆਂ ਅਰਜ਼ੀਆਂ ਨੂੰ ਖਾਰਿਜ ਕਰ ਦਿੱਤਾ। ਨੋਹ ਹਰਾਰੀ ਲਿਖਦਾ ਹੈ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਉਸ ਸਾਫਟਵੇਅਰ ਨੇ ਪੁਰਾਣੀਆਂ ਕਾਰਵਾਈਆਂ ਦੇ ਅਧਾਰ ’ਤੇ ਔਰਤਾਂ ਨੂੰ ਉਸ ਨੌਕਰੀ ਲਈ ਅਯੋਗ ਸਮਝਦਿਆਂ ਖਾਰਿਜ ਕਰ ਦਿੱਤਾ। ਇਹ ਘਟਨਾ ਇਹ ਦਰਸਾਉਂਦੀ ਹੈ ਕਿ ਮਸ਼ੀਨਾਂ ਜੋ ਨਤੀਜੇ ਪੇਸ਼ ਕਰਦੀਆਂ ਹਨ, ਉਹ ਇਤਿਹਾਸ ਵਿੱਚ ਮਨੁੱਖ ਵੱਲੋਂ ਵਾਰ-ਵਾਰ ਦੁਹਰਾਈਆਂ ਕਾਰਵਾਈਆਂ ’ਤੇ ਆਧਾਰਿਤ ਹੁੰਦੀਆਂ ਹਨ। ਭਾਵ ਮਸ਼ੀਨਾਂ ਉਹ ਸਿੱਖਣਗੀਆਂ, ਜੋ ਮਨੁੱਖ ਉਨ੍ਹਾਂ ਨੂੰ ਸਿਖਾਵੇਗਾ ਤੇ ਜੇ ਅਜਿਹਾ ਅਧਿਆਪਨ ਦੇ ਖੇਤਰ ਵਿੱਚ ਹੁੰਦਾ ਹੈ ਤਾਂ ਇਸਦੇ ਨਤੀਜੇ ਚਿੰਤਾਜਨਕ ਵੀ ਹੋ ਸਕਦੇ ਹਨ। ਇਸ ਲਈ ਵਰਤਮਾਨ ਤੋਂ ਹੀ ਸਾਡੇ ਦੁਆਰਾ ਕੀਤੀਆਂ ਗਈਆਂ ਕਿਰਿਆਵਾਂ ਭਵਿੱਖ ਵਿੱਚ ਮਹੱਤਵਪੂਰਨ ਰੋਲ ਨਿਭਾਉਣਗੀਆਂ। ਸੋ ਮਸਨੂਈ ਬੁੱਧੀ ਜਿੱਥੇ ਇੱਕ ਪਾਸੇ ਸਾਡੇ ਲਈ ਵਰਦਾਨ ਹੈ, ਉੱਥੇ ਦੂਜੇ ਪਾਸੇ ਅਨੇਕਾਂ ਚੁਣੌਤੀਆਂ ਲਈ ਖੜ੍ਹੀ ਹੈ।
ਭਵਿੱਖ ਵਿੱਚ ਇਸ ਨਾਲ ਅਧਿਆਪਕ ਅਤੇ ਵਿਦਿਆਰਥੀ ਦਾ ਭਾਵਨਾਤਮਕ ਰਿਸ਼ਤਾ ਵੀ ਪ੍ਰਭਾਵਿਤ ਹੋਵੇਗਾ। ਏਆਈ ਨਾਲ ਭਰਪੂਰ ਰੋਬੌਟ ਜਦੋਂ ਵੱਡੀ ਗਿਣਤੀ ਵਿੱਚ ਸਾਡੇ ਜੀਵਨ ਵਿੱਚ ਸ਼ਾਮਿਲ ਹੋ ਜਾਣਗੇ ਤਾਂ ਵਿਦਿਆਰਥੀ ਪੂਰਨ ਤੌਰ ’ਤੇ ਮਸ਼ੀਨਾਂ ਦੁਆਰਾ ਦਿੱਤੀ ਜਾਣ ਵਾਲੀ ਵਿੱਦਿਆ ’ਤੇ ਨਿਰਭਰ ਹੋ ਜਾਵੇਗਾ। ਜੇ ਅਧਿਆਪਨ ਪੂਰਨ ਤੌਰ ’ਤੇ ਏਆਈ ਆਧਾਰਿਤ ਹੋ ਗਿਆ ਤਾਂ ਸਕੂਲਾਂ ਕਾਲਜਾਂ ਵਿੱਚ ਅਧਿਆਪਕਾਂ ਦੀ ਜ਼ਰੂਰਤ ਨਹੀਂ ਰਹੇਗੀ। ਇਸਦਾ ਸਭ ਤੋਂ ਪਹਿਲਾ ਪ੍ਰਭਾਵ ਨਿੱਜੀ ਵਿੱਦਿਅਕ ਅਦਾਰਿਆਂ ਰਾਹੀਂ ਦੇਖਣ ਨੂੰ ਮਿਲੇਗਾ। ਇਹਨਾਂ ਨਿੱਜੀ ਅਦਾਰਿਆਂ ਵਿੱਚ ਮੌਜੂਦਾ ਸਥਿਤੀ ਇਹ ਹੈ ਕਿ ਅਧਿਆਪਕ ਬਹੁਤ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਨ ਲਈ ਮਜਬੂਰ ਹਨ ਪਰ ਜਦੋਂ ਭਵਿੱਖ ਵਿੱਚ ਅਧਿਆਪਨ ਕਾਰਜ ਕਿਸੇ ਏਆਈ ਟੂਲ ਰਾਹੀਂ ਕੀਤਾ ਜਾਣਾ ਸੰਭਵ ਹੋ ਗਿਆ ਤਾਂ ਉਸ ਸਮੇਂ ਅਧਿਆਪਕ ਵਰਗ ਨੂੰ ਕਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ? ਇਹ ਸਭ ਸਵਾਲ ਭਵਿੱਖ ਵਿੱਚ ਵਿੱਦਿਅਕ ਖੇਤਰਾਂ ਵਿੱਚ ਅਧਿਆਪਕ ਵਰਗ ਦੀ ਭੂਮਿਕਾ, ਮਸਨੂਈ ਬੁੱਧੀ ਰਾਹੀਂ ਦਿੱਤੀ ਜਾਣ ਵਾਲੀ ਵਿੱਦਿਆ ਅਤੇ ਮਸਨੂਈ ਬੁੱਧੀ ਦੀ ਨੈਤਿਕਤਾ ਨਿਰਧਾਰਣ ਸੰਬੰਧੀ ਪ੍ਰਤੀ ਕੁਝ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਇਨ੍ਹਾਂ ਬਾਰੇ ਹੁਣ ਤੋਂ ਹੀ ਸੰਜੀਦਾ ਹੋ ਕਿ ਸੋਚਣ ਸਮਝਣ ਦੀ ਜ਼ਰੂਰਤ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5586)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)