SohanSChahal71913 ਵਿੱਚ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਗਣਿਤਕਾਰ ਪ੍ਰੋਫੈਸਰ ਜੀ. ਐੱਚ. ਹਾਰਡੀ ਨਾਲ ਪੱਤਰਾਚਾਰ ਕਰਨਾ ...Ramanujan1
(22 ਦਸੰਬਰ 2024)


Ramanujan1ਭਾਰਤ ਪੁਰਾਤਨ ਸਮੇਂ ਤੋਂ ਹੀ ਰਿਸ਼ੀਆਂ-ਮੁਨੀਆਂ
, ਪੀਰ-ਪੈਗੰਬਰਾਂ ਤੇ ਮਹਾਨ ਸਾਇੰਸਦਾਨਾਂ ਤੇ ਗਣਿਤਕਾਰਾਂ ਦਾ ਕੇਂਦਰ ਰਿਹਾ ਹੈ, ਜਿਨ੍ਹਾਂ ਦੁਆਰਾ ਕੀਤੀਆਂ ਖੋਜਾਂ ਤੋਂ ਅੱਜ ਅਧੁਨਿਕ ਸੰਸਾਰ ਲਾਭ ਲੈ ਰਿਹਾ ਹੈ। ਕੌਮੀ ਗਣਿਤ ਦਿਵਸ ਹਰ ਸਾਲ 22 ਦਸੰਬਰ ਨੂੰ ਦੇਸ਼ ਭਰ ਵਿੱਚ ਭਾਰਤ ਦੇ ਮਹਾਨ ਗਣਿਤਕਾਰ ਸ੍ਰੀਨਿਵਾਸ ਰਾਮਾਨੁਜਨ ਦੇ ਜਨਮ ਦਿਵਸ ’ਤੇ ਮਨਾਇਆ ਜਾਂਦਾ ਹੈ। ਸ੍ਰੀਨਿਵਾਸ ਰਾਮਾਨੁਜਨ ਦਾ ਜਨਮ 22 ਦਸੰਬਰ 1887 ਭਾਰਤ ਦੇ ਦੱਖਣ ਵਿੱਚ ਸਥਿਤ ਕੋਇਮਬਟੂਰ ਦੇ ਈਰੌਡ ਨਾਂ ਦੇ ਪਿੰਡ ਵਿੱਚ ਹੋਇਆ ਜੋ ਕਿ ਤਾਮਿਲਨਾਡੂ ਰਾਜ ਵਿੱਚ ਸਥਿਤ ਹੈ। ਉਨ੍ਹਾਂ ਦੀ ਮਾਤਾ ਦਾ ਨਾਂਅ ਕੋਮਲਤਾਮਲ੍ਹਮ ਅਤੇ ਪਿਤਾ ਦਾ ਨਾਂਅ ਸ਼੍ਰੀ ਨਿਵਾਸ ਅਇੰਗਰ ਸੀ ਜੋ ਕਿ ਇੱਕ ਸਾੜ੍ਹੀਆਂ ਦੀ ਦੁਕਾਨ ’ਤੇ ਮੁਨੀਮ ਦੀ ਨੌਕਰੀ ਕਰਦੇ ਸਨ। ਉਨ੍ਹਾਂ ਦਾ ਬਚਪਨ ਮੰਦਰਾਂ ਦੇ ਪ੍ਰਸਿੱਧ ਸ਼ਹਿਰ ਕੰਭਕੋਣਮ ਵਿੱਚ ਬੀਤਿਆ।

ਸ੍ਰੀਨਿਵਾਸ ਰਾਮਾਨੁਜਨ ਦਾ ਬਚਪਨ ਵਿੱਚ ਬੌਧਿਕ ਵਿਕਾਸ ਘੱਟ ਹੋਣ ਕਾਰਨ ਉਹ ਤਿੰਨ ਸਾਲ ਦੀ ਉਮਰ ਤਕ ਕੁਝ ਨਹੀਂ ਬੋਲੇ। ਪਰ ਬਾਅਦ ਵਿੱਚ ਆਮ ਬੱਚਿਆਂ ਵਾਂਗ ਉਨ੍ਹਾਂ ਦਾ ਬੌਧਿਕ ਵਿਕਾਸ ਹੋ ਗਿਆ। ਦਸ ਸਾਲ ਦੀ ਉਮਰ ਵਿੱਚ ਰਾਮਾਨੁਜਨ ਪ੍ਰਾਇਮਰੀ ਪ੍ਰੀਖਿਆ ਵਿੱਚ ਪੂਰੇ ਜ਼ਿਲ੍ਹੇ ਵਿੱਚੋਂ ਅੱਵਲ ਆਏ। ਆਪ ਗਣਿਤ ਵਿੱਚ ਬਹੁਤ ਤੇਜ਼ ਸਨ। ਸਕੂਲ ਸਮੇਂ ਵਿੱਚ ਹੀ ਕਾਲਜ ਪੱਧਰ ਦਾ ਗਣਿਤ ਹੱਲ ਕਰ ਲੈਂਦੇ ਸਨ। ਗਣਿਤ ਦੇ ਅੰਕ ਉਨ੍ਹਾਂ ਲਈ ਖਿਲੌਣਿਆਂ ਦੀ ਤਰ੍ਹਾਂ ਸਨ ਅਤੇ ਉਹ ਬੜੀ ਅਸਾਨੀ ਨਾਲ ਬਹੁਤ ਹੀ ਘੱਟ ਸਮੇਂ ਵਿੱਚ ਜੋੜ, ਘਟਾਓ, ਗੁਣਾ, ਭਾਗ ਕਰ ਲੈਂਦੇ ਸਨ। ਉਨ੍ਹਾਂ ਦੀ ਇਸ ਪ੍ਰਤਿਭਾ ਨੂੰ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਸਨ। ਰਾਮਾਨੁਜਨ ਲਈ ਬਾਕੀ ਵਿਸ਼ੇ ਨੀਰਸ ਸਨ, ਇਸ ਕਾਰਨ ਉਹ 12ਵੀਂ ਵਿੱਚ ਦੋ ਵਾਰ ਫੇਲ ਹੋ ਗਏ ਸਨ।

1908 ਵਿੱਚ ਸ੍ਰੀਨਿਵਾਸ ਰਾਮਾਨੁਜਨ ਦਾ ਵਿਆਹ ਜਾਨਕੀ ਨਾਂਅ ਦੀ ਲੜਕੀ ਨਾਲ ਹੋ ਗਿਆ ਅਤੇ ਨੌਕਰੀ ਦੀ ਤਲਾਸ਼ ਲਈ ਮਦਰਾਸ ਚਲੇ ਗਏ। ਉਨ੍ਹਾਂ ਅੰਦਰ ਗਣਿਤ ਪ੍ਰਤੀ ਬਹੁਤ ਜਨੂੰਨ ਸੀ। ਉਨ੍ਹਾਂ ਦੀ ਇੱਛਾ ਸੀ ਕਿ ਬਾਕੀ ਮਹਾਨ ਗਣਿਤਕਾਰਾਂ ਦੀ ਤਰ੍ਹਾਂ ਲੋਕ ਇੱਕ ਦਿਨ ਉਨ੍ਹਾਂ ਦੇ ਸੂਤਰ ਵੀ ਪੜ੍ਹਨ। ਕਈ ਵਾਰ ਉਹ ਰਾਤ ਨੂੰ ਨੀਂਦ ਤੋਂ ਉੱਠ ਕੇ ਗਣਿਤ ਦੇ ਫਾਰਮੂਲੇ ਹੱਲ ਕਰਨ ਬੈਠ ਜਾਂਦੇ ਸਨ। 1911 ਵਿੱਚ ਉਨ੍ਹਾਂ ਨੇ ਆਪਣਾ ਸੋਧ ਪੱਤਰ ਇੰਡੀਅਨ ਮੈਥੇਮੈਟੀਕਲ ਸੋਸਾਇਟੀ ਵਿੱਚ ਪ੍ਰਕਾਸ਼ਿਤ ਕੀਤਾ, ਜਿਸਦਾ ਵਿਸ਼ਾ ‘ਬਰਨੋਲੀ ਸੰਖਿਆਂ ਦੇ ਕੁਝ ਗੁਣ’ ਸੀ।

1913 ਵਿੱਚ ਉਨ੍ਹਾਂ ਨੇ ਵਿਸ਼ਵ ਪ੍ਰਸਿੱਧ ਗਣਿਤਕਾਰ ਪ੍ਰੋਫੈਸਰ ਜੀ. ਐੱਚ. ਹਾਰਡੀ ਨਾਲ ਪੱਤਰਾਚਾਰ ਕਰਨਾ ਸ਼ੁਰੂ ਕਰ ਦਿੱਤਾ। ਪ੍ਰੋਫੈਸਰ ਜੀ. ਐੱਚ. ਹਾਰਡੀ ਰਾਮਾਨੁਜਨ ਦੇ ਗਣਿਤ ਪ੍ਰਤੀ ਰੁਚੀ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਇਸ ਲਈ ਉਨ੍ਹਾਂ ਨੇ ਰਾਮਾਨੁਜਨ ਨੂੰ ਕੈੰਬਰਿਜ ਵਿਸ਼ਵ ਵਿਦਿਆਲਿਆ ਵਿੱਚ ਗਣਿਤ ਦੀ ਪੜ੍ਹਾਈ ਕਰਨ ਲਈ ਬੁਲਾਇਆ। 1914 ਵਿੱਚ ਰਾਮਾਨੁਜਨ ਇੰਗਲੈਂਡ ਚੱਲੇ ਗਏ।

ਰਾਮਾਨੁਜਨ ਨੇ ਇੰਗਲੈਂਡ ਜਾਣ ਤੋਂ ਪਹਿਲਾਂ ਆਪਣੀ ਕਾਪੀ ਵਿੱਚ 3000 ਦੇ ਲਗਭਗ ਗਣਿਤ ਦੇ ਨਵੇਂ ਫਾਰਮੂਲੇ ਲਿਖੇ ਹੋਏ ਸਨ। ਹਾਰਡੀ ਨਾਲ ਮਿਲ ਕੇ ਰਾਮਾਨੁਜਨ ਨੇ ਗਣਿਤ ਦੇ ਕਈ ਸੋਧ ਪੱਤਰ ਪ੍ਰਕਾਸ਼ਿਤ ਕੀਤੇ ਜਿਸ ਨਾਲ ਉਨ੍ਹਾਂ ਦਾ ਕਾਫ਼ੀ ਨਾਮ ਹੋ ਗਿਆ। ਇਸ ਲਈ ਕੈਂਬਰਿਜ ਵਿਸ਼ਵ ਵਿਦਿਆਲਿਆ ਦੁਆਰਾ ਉਨ੍ਹਾਂ ਨੂੰ ਬੀ.ਏ. ਦੀ ਉਪਾਧੀ ਦਿੱਤੀ ਗਈ। ਉਨ੍ਹਾਂ ਦੀ ਇਸ ਕਾਬਲੀਅਤ ਕਰਕੇ ਉਹਨਾਂ ਨੂੰ ਰੌਇਲ ਸੋਸਾਇਟੀ ਦਾ ਫ਼ੈਲੋ ਬਣਾ ਦਿੱਤਾ ਗਿਆ। ਰੌਇਲ ਸੋਸਾਇਟੀ ਦੇ ਇਤਿਹਾਸ ਵਿੱਚ ਅੱਜ ਤਕ ਇੰਨੀ ਘੱਟ ਉਮਰ ਵਾਲਾ ਕੋਈ ਵੀ ਅਸ਼ਵੇਤ (ਰੰਗਦਾਰ) ਵਿਅਕਤੀ ਸਦੱਸਿਆ ਨਹੀਂ ਹੋਇਆ ਜੋ ਕਿ ਇੱਕ ਵੱਡੇ ਗੌਰਵ ਦੀ ਗੱਲ ਸੀ।

1917 ਵਿੱਚ ਉਹ ਸਿਹਤ ਠੀਕ ਨਾ ਹੋਣ ਕਾਰਨ ਸ੍ਰੀਨਿਵਾਸ ਰਾਮਾਨੁਜਨ ਭਾਰਤ ਵਾਪਸ ਆ ਗਏ। ਇੱਥੇ ਆ ਕੇ ਉਨ੍ਹਾਂ ਨੇ ਕੁਝ ਸਮੇਂ ਤਕ ਮਦਰਾਸ ਯੂਨੀਵਰਸਿਟੀ ਵਿੱਚ ਪੜ੍ਹਾਇਆ। ਬਿਮਾਰੀ ਦੀ ਹਾਲਤ ਵਿੱਚ ਵੀ ਉਨ੍ਹਾਂ ਨੇ ‘ਥੀਟਾ’ ਫੰਕਸ਼ਨ ਉੱਪਰ ਆਪਣਾ ਸੋਧ ਪੱਤਰ ਲਿਖਿਆ ਜਿਸਦਾ ਪ੍ਰਯੋਗ ਗਣਿਤ ਵਿੱਚ ਹੀ ਨਹੀਂ ਬਲਕਿ ਅੱਜ ਕੱਲ੍ਹ ਚਕਿਤਸਾ-ਵਿਗਿਆਨ ਵਿੱਚ ਕੈਂਸਰ ਨੂੰ ਸਮਝਣ ਲਈ ਵੀ ਕੀਤਾ ਜਾਂਦਾ ਹੈ।

33 ਸਾਲ ਦੀ ਉਮਰ ਵਿੱਚ ਬਿਮਾਰੀ ਕਾਰਨ 26 ਅਪਰੈਲ 1920 ਨੂੰ ਭਾਰਤ ਦਾ ਇਹ ਮਹਾਨ ਵਿਗਿਆਨੀ ਗਣਿਤ ਦੀਆਂ ਮਹਾਨ ਖੋਜਾਂ ਛੱਡ ਕੇ ਸੰਸਾਰ ਨੂੰ ਅਲਵਿਦਾ ਕਹਿ ਗਿਆ ਪਰ ਭਾਰਤ ਦੇ ਮਹਾਨ ਗਣਿਤਕਾਰ ਆਰਿਆਭੱਟ ਤੋਂ ਬਾਅਦ ਗਣਿਤ ਦੇ ਖੇਤਰ ਵਿੱਚ ਆਪਣਾ ਨਾਮ ਬਣਾ ਗਿਆ।

33 ਸਾਲ ਦੀ ਉਮਰ ਤਕ ਰਾਮਾਨੁਜਨ ਨੇ 3884 ਸਮੀਕਰਨ ਬਣਾਏ। ਗਣਿਤ ਵਿੱਚ ਸੰਖਿਆ 1729 ਨੂੰ ਰਾਮਾਨੁਜਨ ਸੰਖਿਆ ਦੇ ਨਾਲ ਜਾਣਿਆ ਜਾਂਦਾ ਹੈ। ਰਾਮਾਨੁਜਨ ਮੈਜਿਕ ਵਰਗ ਵੀ ਬਹੁਤ ਪ੍ਰਸਿੱਧ ਹਨ। 2015 ਵਿੱਚ ਰਾਮਾਨੁਜਨ ਦੀ ਜੀਵਨੀ ’ਤੇ ਇੱਕ ਫਿਲਮ ਵੀ ਬਣਾਈ ਗਈ ਜਿਸਦਾ ਨਾਮ ‘ਦਾ ਮੈਨ ਹੂ ਨਿਊ ਇਨਫੀਨਿਟੀ” ਸੀ।

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਵੱਲੋਂ ਸਾਲ 2012 ਵਿੱਚ ਸ੍ਰੀਨਿਵਾਸਰਾਮਾਨੁਜਨ ਦੇ ਜਨਮ ਦਿਨ 22 ਦਸੰਬਰ ਨੂੰ ਹਰ ਸਾਲ ਕੌਮੀ ਗਣਿਤ ਦਿਵਸ ਦੇ ਰੂਪ ਵੱਲੋਂ ਮਨਾਉਣ ਦਾ ਐਲਾਨ ਕੀਤਾ ਗਿਆ। ਭਾਰਤ ਦੇ ਇਸ ਮਹਾਨ ਗਣਿਤ ਵਿਗਿਆਨਿਕ ਨੂੰ ਯਾਦ ਕਰਦਿਆਂ ਸਰਕਾਰ ਵਲੋਂ ਡਾਕ ਟਿਕਟਾਂ ਵੀ ਜਾਰੀ ਕੀਤੀਆਂ ਗਈਆਂ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5550)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਮਾ. ਸੋਹਨ ਸਿੰਘ ਚਾਹਲ

ਮਾ. ਸੋਹਨ ਸਿੰਘ ਚਾਹਲ

Nangal Dam, Rupnagar, Punjab, India.
Phone: (91 - 94639 - 50475)
Email: (sschahal123@gmail.com)