“ਉਸਨੇ ਔਰਤਾਂ ਨੂੰ ਪੁੱਛਿਆ, “ਤੁਸੀਂ ਇਹ ਨਿਸ਼ਾਨ ਕਿਵੇਂ ਬਣਾਏ?” ਤਾਂ ਇੱਕ ਔਰਤ ਨੇ ਜਵਾਬ ਦਿੱਤਾ, “ਪੁੱਤਰ, ਇਹ ਨਿਸ਼ਾਨ ...”
(4 ਦਸੰਬਰ 2023)
ਇਸ ਸਮੇਂ ਪਾਠਕ: 285.
(ਨਿਰੰਤਰ ਅਭਿਆਸ ਕਰਨ ਵਾਲਾ ਸਿਰੜੀ ਵਿਅਕਤੀ ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ ਉੱਤੇ ਪਹੁੰਚ ਹੀ ਜਾਂਦਾ ਹੈ। ਇਸ ਦੇ ਸਬੂਤ ਵਜੋਂ ਪਾਠਕ ‘ਸਰੋਕਾਰ’ ਵਿੱਚ ਕੱਲ੍ਹ ਨੂੰ ਛਪਣ ਵਾਲੀ ਕਹਾਣੀ ‘ਮਾਸਟਰ ਬਣਨਾ ਕਿਤੇ ਸੌਖਾ’ ਪੜ੍ਹ ਸਕਣਗੇ। ਮੁੱਖ ਪਾਤਰ ਦੀ ਹੱਡ-ਬੀਤੀ ਨੂੰ ਕਹਾਣੀ ਰਾਹੀਂ ਚਿਤਰਣ ਲਈ ਨਾਂ-ਥਾਂ ਬਦਲੇ ਹੋਏ ਹਨ --- ਸੰਪਾਦਕ)
ਪਹਿਲਾਂ ਦੇ ਸਮਿਆਂ ਵਿੱਚ ਹੁਣ ਦੀ ਤਰ੍ਹਾਂ ਸਕੂਲ ਨਹੀਂ ਹੁੰਦੇ ਸਨ, ਸਗੋਂ ਬੱਚੇ ਗੁਰੂ ਦੀ ਰਹਿਨੁਮਾਈ ਵਿੱਚ ਗੁਰੂਕੁਲ ਵਿੱਚ ਆਸ਼ਰਮ ਦੀ ਸੇਵਾ ਸੰਭਾਲ ਕਰਦੇ ਸਨ ਅਤੇ ਨਾਲ ਹੀ ਵਿੱਦਿਆ ਹਾਸਲ ਕਰਦੇ ਸਨ। ਇੱਕ ਸਮੇਂ ਦੀ ਗੱਲ ਹੈ ਕਿ ਗੁਰੂਕੁਲ ਵਿੱਚ ਇੱਕ ਬੱਚਾ ਰਹਿੰਦਾ ਸੀ, ਜੋ ਦਿਮਾਗੀ ਤੌਰ ’ਤੇ ਕਮਜ਼ੋਰ ਸੀ। ਉਹ ਆਪਣੀ ਪੂਰੀ ਜਮਾਤ ਵਿੱਚ ਸਭ ਤੋਂ ਕਮਜ਼ੋਰ ਸੀ ਅਤੇ ਉਸ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਸੀ। ਦਸ ਸਾਲ ਬੀਤ ਜਾਣ ਤੋਂ ਬਾਅਦ ਵੀ ਉਹ ਕੁਝ ਵੀ ਸਿੱਖ ਨਹੀਂ ਪਾਇਆ ਸੀ। ਉਸਦੇ ਸਾਰੇ ਦੋਸਤ ਉਸਦਾ ਮਜ਼ਾਕ ਉਡਾਉਂਦੇ ਸਨ ਅਤੇ ਉਸ ਨੂੰ ਵਰਦਰਾਜ (ਬਲਦਾਂ ਦਾ ਰਾਜਾ) ਕਹਿੰਦੇ ਸਨ। ਉਸਦੇ ਸਾਰੇ ਦੋਸਤ ਅਗਲੀਆਂ ਜਮਾਤ ਵਿੱਚ ਚਲੇ ਗਏ ਪਰ ਉਹ ਅੱਗੇ ਨਹੀਂ ਵੱਧ ਸਕਿਆ। ਉਸਦੇ ਗੁਰੂ ਜੀ ਨੇ ਵੀ ਅੰਤ ਵਿੱਚ ਹਾਰ ਕਬੂਲ ਕਰ ਲਈ ਅਤੇ ਉਸ ਨੂੰ ਕਿਹਾ, “ਪੁੱਤਰ, ਮੈਂ ਸਾਰੇ ਯਤਨ ਕਰ ਲਏ ਹਨ। ਪੜ੍ਹਾਈ ਕਰਨਾ ਤੇਰੇ ਵੱਸ ਦੀ ਗੱਲ ਨਹੀਂ, ਹੁਣ ਚੰਗਾ ਹੋਵੇਗਾ ਕਿ ਤੂੰ ਇੱਥੇ ਆਪਣਾ ਸਮਾਂ ਬਰਬਾਦ ਨਾ ਕਰ। ਆਪਣੇ ਘਰ ਜਾ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਉਨ੍ਹਾਂ ਦੇ ਕੰਮ ਵਿੱਚ ਮਦਦ ਕਰ।”
ਵਰਦਰਾਜ ਨੇ ਵੀ ਸੋਚਿਆ ਕਿ ਸ਼ਾਇਦ ਵਿੱਦਿਆ ਮੇਰੀ ਕਿਸਮਤ ਵਿੱਚ ਨਹੀਂ ਹੈ ਅਤੇ ਭਾਰੀ ਹਿਰਦੇ ਨਾਲ ਗੁਰੂਕੁਲ ਨੂੰ ਛੱਡ ਦਿੱਤਾ ਅਤੇ ਆਪਣੇ ਘਰ ਲਈ ਚੱਲ ਪਿਆ। ਦੁਪਹਿਰ ਦਾ ਸਮਾਂ ਸੀ, ਉਸ ਨੂੰ ਰਸਤੇ ਵਿੱਚ ਪਿਆਸ ਲੱਗਣ ਲੱਗੀ। ਆਲੇ-ਦੁਆਲੇ ਨਜ਼ਰ ਮਾਰੀ ਤਾਂ ਦੇਖਿਆ ਕਿ ਥੋੜ੍ਹੀ ਦੂਰੀ ’ਤੇ ਕੁਝ ਔਰਤਾਂ ਖੂਹ ਤੋਂ ਪਾਣੀ ਭਰ ਰਹੀਆਂ ਸਨ। ਉਹ ਪਾਣੀ ਪੀਣ ਲਈ ਖੂਹ ਕੋਲ ਗਿਆ। ਉਸ ਨੇ ਵੇਖਿਆ ਕਿ ਖੂਹ ਦੇ ਠੋਸ ਪੱਥਰਾਂ ਉੱਤੇ ਨਿਸ਼ਾਨ ਪਏ ਹੋਏ ਸਨ। ਉਸਨੇ ਔਰਤਾਂ ਨੂੰ ਪੁੱਛਿਆ, “ਤੁਸੀਂ ਇਹ ਨਿਸ਼ਾਨ ਕਿਵੇਂ ਬਣਾਏ?” ਤਾਂ ਇੱਕ ਔਰਤ ਨੇ ਜਵਾਬ ਦਿੱਤਾ, “ਪੁੱਤਰ, ਇਹ ਨਿਸ਼ਾਨ ਖੂਹ ਵਿੱਚੋਂ ਪਾਣੀ ਖਿੱਚਣ ਵਾਲੀ ਇਸ ਨਰਮ ਰੱਸੀ ਦੇ ਉੱਪਰ ਥੱਲੇ ਚੱਲਣ ਕਾਰਨ ਇਹਨਾਂ ਠੋਸ ਪੱਥਰਾਂ ਉੱਤੇ ਬਣ ਗਏ ਹਨ।”
ਪਾਣੀ ਪੀਣ ਮਗਰੋਂ ਵਰਦਰਾਜ ਸੋਚਾਂ ਵਿੱਚ ਗੁਆਚ ਗਿਆ। ਉਸ ਨੇ ਸੋਚਿਆ ਕਿ ਜਦੋਂ ਇੱਕ ਨਰਮ ਰੱਸੀ ਵਾਰ-ਵਾਰ ਚੱਲਣ ਨਾਲ ਠੋਸ ਪੱਥਰ ਉੱਤੇ ਡੂੰਘੇ ਨਿਸ਼ਾਨ ਬਣਾ ਸਕਦੀ ਹੈ ਤਾਂ ਮੈਂ ਨਿਰੰਤਰ ਅਭਿਆਸ ਨਾਲ ਗਿਆਨ ਕਿਉਂ ਨਹੀਂ ਹਾਸਲ ਕਰ ਸਕਦਾ? ਵਰਦਰਾਜ ਬੜੇ ਉਤਸ਼ਾਹ ਨਾਲ ਗੁਰੂਕੁਲ ਵਿੱਚ ਵਾਪਸ ਚਲਾ ਗਿਆ ਅਤੇ ਉਸਨੇ ਆਪਣੇ ਗੁਰੂ ਜੀ ਨੂੰ ਕਿਹਾ ਕਿ ਉਹ ਹੁਣ ਸਖ਼ਤ ਮਿਹਨਤ ਕਰੇਗਾ।
ਵਰਦਰਾਜ ਨੇ ਅਣਥੱਕ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਗੁਰੂ ਜੀ ਵੀ ਖੁਸ਼ ਸਨ ਅਤੇ ਉਹਨਾਂ ਨੇ ਵਰਦਰਾਜ ਨੂੰ ਵਿੱਦਿਆ ਹਾਸਲ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ। ਅੱਗੇ ਚੱਲ ਕੇ ਵਰਦਰਾਜ ਨੇ ਸੰਸਕ੍ਰਿਤ ਵਿਆਕਰਣ ਨੂੰ ਸਮਝਣ ਅਤੇ ਸਰਲ ਬਣਾਉਣ ਲਈ ‘ਲਘੁਸਿਧਾਂਤਕੌਮੁਦੀ’ ਦੀ ਰਚਨਾ ਕੀਤੀ। ਬਾਅਦ ਵਿੱਚ ਇਹ ਵਰਦਰਾਜ ਸੰਸਕ੍ਰਿਤ ਵਿਆਕਰਨ ਦਾ ਮਹਾਨ ਵਿਦਵਾਨ ਬਣਿਆ।
ਵਰਦਰਾਜ ਵਾਂਗ ਹੋਰ ਬਹੁਤ ਸਾਰੇ ਬੱਚੇ ਨੇ ਜਿਹਨਾਂ ਨੂੰ ਕਮਜ਼ੋਰ ਬੁੱਧੀ ਵਾਲੇ ਕਿਹਾ ਗਿਆ, ਪਰ ਉਹਨਾਂ ਆਪਣੀ ਸਖ਼ਤ ਮਿਹਨਤ ਅਤੇ ਅਭਿਆਸ ਨਾਲ ਸੰਸਾਰ ਵਿੱਚ ਆਪਣਾ ਨਾਂ ਰੌਸ਼ਨ ਕੀਤਾ। ਉਹਨਾਂ ਵਿੱਚੋਂ ਮਹਾਨ ਵਿਗਿਆਨੀ ਅਲਬਰਟ ਆਈਨਸਟਾਈਨ ਵੀ ਇੱਕ ਸਨ।
ਜੇਕਰ ਰੱਸੀ ਵਰਗੀ ਕੋਈ ਚੀਜ਼ ਪੱਥਰ ’ਤੇ ਬਾਰ ਬਾਰ ਚੱਲਣ ਨਾਲ ਆਪਣਾ ਨਿਸ਼ਾਨ ਬਣਾ ਸਕਦੀ ਹੈ ਤਾਂ ਅਸੀਂ ਮਨੁੱਖ ਲਗਾਤਾਰ ਅਭਿਆਸ ਕਰਕੇ ਆਪਣੀ ਮੰਜ਼ਿਲ ਕਿਉਂ ਨਹੀਂ ਹਾਸਲ ਕਰ ਸਕਦੇ? ਇਹ ਜ਼ਰੂਰੀ ਨਹੀਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਹਰ ਕੰਮ ਵਿੱਚ ਪਹਿਲੀ ਕੋਸ਼ਿਸ਼ ਵਿੱਚ ਹੀ ਕਾਮਯਾਬ ਹੋ ਜਾਈਏ ਪਰ ਅਭਿਆਸ ਅਤੇ ਸਿਰੜ ਅਜਿਹੇ ਗੁਣ ਹਨ ਜੋ ਅਸੰਭਵ ਨੂੰ ਵੀ ਸੰਭਵ ਬਣਾਉਂਦੇ ਹਨ। ਜੇਕਰ ਅਸੀਂ ਕੋਈ ਕੰਮ ਨਹੀਂ ਕਰ ਪਾਉਂਦੇ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਸ ਕੰਮ ਨੂੰ ਛੱਡ ਦੇਈਏ ਸਗੋਂ ਇਸਦਾ ਮਤਲਬ ਇਹ ਹੈ ਕਿ ਅਸੀਂ ਉਸ ਕੰਮ ਨੂੰ ਵਾਰ-ਵਾਰ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਇੱਕ ਦਿਨ ਅਸੀਂ ਉਸ ਕੰਮ ਵਿੱਚ ਮਾਹਿਰ ਹੋ ਸਕੀਏ। ਇਸ ਲਈ ਅਭਿਆਸ ਅਤੇ ਸਿਰੜ ਬਹੁਤ ਜ਼ਰੂਰੀ ਹੈ ਭਾਵੇਂ ਉਹ ਖੇਡਾਂ, ਪੜ੍ਹਾਈ ਜਾਂ ਹੋਰ ਕੁਝ ਵੀ ਹੋਵੇ। ਤੁਸੀਂ ਅਭਿਆਸ ਤੋਂ ਬਿਨਾਂ ਕਾਮਯਾਬ ਨਹੀਂ ਹੋ ਸਕਦੇ। ਇਸ ਲਈ ਨਿਰੰਤਰ ਅਭਿਆਸ, ਸਖ਼ਤ ਮਿਹਨਤ ਅਤੇ ਲਗਨ ਨਾਲ ਹੀ ਤੁਸੀਂ ਆਪਣੀ ਮੰਜ਼ਿਲ ਹਾਸਲ ਕਰ ਸਕਦੇ ਹੋ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4522)
(ਸਰੋਕਾਰ ਨਾਲ ਸੰਪਰਕ ਲਈ: (