“ਉਸ ਵਿਚਾਰੇ ਬੱਚੇ ਨੂੰ ਇਹ ਸਾਰੀ ਉਮਰ ਪਤਾ ਹੀ ਨਹੀਂ ਲਗਦਾ ਕਿ ਜੋ ਉਸ ਦਾ ਆਪਣਾ ਦਿਮਾਗ ਹੈ ...”
(18 ਦਸੰਬਰ 2024)
ਬੇਹੋਸ਼ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਹੋਸ਼ ਨਾ ਹੋਵੇ। ਅਜਿਹੇ ਵਿਅਕਤੀ ਦੇ ਸਿਰਫ ਸਾਹ ਚੱਲਦੇ ਹੁੰਦੇ ਹਨ। ਅਜਿਹਾ ਵਿਅਕਤੀ ਆਪਣੇ ਚੰਗੇ ਮਾੜੇ ਦਾ ਫੈਸਲਾ ਕਰਨ ਦੇ ਯੋਗ ਨਹੀਂ ਹੁੰਦਾ ਹੈ। ਅਜਿਹੀ ਹਾਲਤ ਵਿੱਚ ਜੇ ਵਿਅਕਤੀ ਨਾਲ ਕੋਈ ਵਿਹਾਰ ਜਾਂ ਦੁਰਵਿਹਾਰ ਕੀਤਾ ਜਾਵੇ ਤਾਂ ਉਹ ਆਪਣਾ ਹੱਕ ਜਾਂ ਵਿਰੋਧ ਜ਼ਾਹਰ ਨਹੀਂ ਕਰ ਸਕਦਾ। ਇਸੇ ਤਰ੍ਹਾਂ ਦੀ ਹੀ ਹਾਲਤ ਨਵੇਂ ਜਨਮੇਂ ਬੱਚੇ ਦੀ ਹੁੰਦੀ ਹੈ। ਉਸ ਦੇ ਸਿਰਫ ਸਾਹ ਹੀ ਚੱਲਦੇ ਹੁੰਦੇ ਹਨ। ਉਹ ਆਪਣੇ ਆਪ ਨੂੰ ਵੀ ਸਾਂਭਣ ਦੇ ਯੋਗ ਨਹੀਂ ਹੁੰਦਾ। ਉਸ ਦੇ ਅੰਗ ਬਹੁਤ ਕੋਮਲ ਹੁੰਦੇ ਹਨ। ਉਹ ਕਿਸੇ ਕਿਸਮ ਦਾ ਭਾਰ ਉਠਾਉਣ ਦੇ ਯੋਗ ਨਹੀਂ ਹੁੰਦਾ, ਇੱਥੋਂ ਤਕ ਕਿ ਉਹ ਆਪਣਾ ਸਿਰ ਚੁੱਕਣ ਦੇ ਵੀ ਯੋਗ ਨਹੀਂ ਹੁੰਦਾ। ਇਸ ਹਾਲਤ ਵਿੱਚ ਉਸ ਉੱਪਰ ਕਿਸੇ ਵੀ ਕਿਸਮ ਦਾ ਭਾਰ ਲੱਦਣਾ ਬਹੁਤ ਹੀ ਮਾੜਾ ਹੈ, ਭਾਵੇਂ ਉਹ ਭਾਰ ਕਿਸੇ ਧਾਰਮਿਕ ਚਿੰਨ੍ਹ ਦਾ ਹੀ ਹੋਵੇ।
ਬੱਚੇ ਦੀ ਇਸ ਹਾਲਤ ਦਾ ਧਰਮ ਫਾਇਦਾ ਚੁੱਕਦੇ ਹਨ, ਭਾਵ ਹਰ ਧਰਮ ਬੱਚੇ ਦੇ ਉਸ ਸਮੇਂ ਆਪੋ ਆਪਣਾ ਟੀਕਾ ਲਗਾਉਂਦਾ ਹੈ। ਉਸ ਨੂੰ ਛੋਟੇ ਹੁੰਦਿਆਂ ਹੀ ਬਾਕੀ ਰਸਮਾਂ, ਜਿਸ ਤਰ੍ਹਾਂ ਮੱਥਾ ਟੇਕਣਾ, ਸੁੱਖਣਾ ਸੁੱਖਣੀਆਂ ਅਤੇ ਰੱਬ ਤੋਂ ਕੋਈ ਵੀ ਕੰਮ ਕਰਵਾਉਣ ਵਾਸਤੇ ਹਰ ਵਾਰ ਰਿਸ਼ਵਤ ਦੇਣੀ ਜਾਂ ਲੇਲ੍ਹੜੀਆਂ ਕੱਢਣੀਆਂ ਆਦਿ ਸਿਖਾ ਦਿੱਤੀਆਂ ਜਾਂਦੀਆਂ ਹਨ। ਬੱਚੇ ਨੂੰ ਕਿਰਤ ਕਰਨਾ, ਸੰਘਰਸ਼ ਕਰਨਾ, ਹੌਸਲਾ ਰੱਖਣਾ, ਕੁਝ ਨਵਾਂ ਕਰਨਾ, ਆਪਣੇ ਆਪ ਨੂੰ ਬਿਹਤਰ ਬਣਾਉਣਾ, ਕਦੇ ਵੀ ਹਾਰ ਨਾ ਮੰਨਣਾ, ਸਵਾਲ ਕਰਨਾ, ਦੂਜਿਆਂ ਨੂੰ ਨਾਲ ਲੈ ਕੇ ਤੁਰਨਾ ਅਤੇ ਆਪਣੇ ਦਿਮਾਗ ਦੀ ਵਰਤੋਂ ਕਰਨਾ ਆਦਿ ਨਹੀਂ ਸਿਖਾਇਆ ਜਾਂਦਾ। ਇਸਦੇ ਉਲਟ ਬੱਚੇ ਨੂੰ ਉੱਪਰ ਵਾਲੇ ਦੇ ਹੁਕਮ ਅਨੁਸਾਰ ਚੱਲਣਾ, ਭਾਣਾ ਮੰਨਣਾ ਅਤੇ ਰੱਬ ਗਰੀਬੀ ਦਾਵੇ ਮਿਲਦਾ ਹੈ, ਆਦਿ ਸਿਖਾਇਆ ਜਾਂਦਾ ਹੈ। ਅਜਿਹਾ ਕਰਕੇ ਬੱਚੇ ਦੇ ਮਾਪੇ ਬੱਚੇ ਨੂੰ ਧਰਮ ਦਾ ਗੁਲਾਮ ਬਣਾ ਕੇ ਸੁਰਖ਼ਰੂ ਹੋਇਆ ਮਹਿਸੂਸ ਕਰਦੇ ਹਨ। ਬੱਚੇ ਦੇ ਮਾਪੇ ਬੱਚੇ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਹਨ ਕਿ ਤੇਰਾ ਧਰਮ ਕੀ ਹੈ, ਤੇਰੀ ਜਾਤ ਕੀ ਹੈ, ਤੇਰਾ ਗੋਤ ਕੀ ਹੈ, ਤੇਰੇ ਧਰਮ ਅਨੁਸਾਰ ਗਲਤ ਕੀ ਹੈ, ਠੀਕ ਕੀ ਹੈ, ਤੇਰੀ ਬੋਲੀ ਕੀ ਹੈ, ਤੇਰਾ ਕਲਚਰ ਕੀ ਹੈ, ਜ਼ਿੰਦਗੀ ਵਿੱਚ ਤੇਰੇ ਲਈ ਕੀ ਠੀਕ ਹੈ, ਕੀ ਗਲਤ ਹੈ, ਤੂੰ ਕਿੰਨਾ ਪੜ੍ਹਨਾ ਹੈ, ਕਿਵੇਂ ਨੌਕਰੀ ਕਰਨੀ ਹੈ ਜਾਂ ਵਿਦੇਸ਼ ਜਾਣਾ ਹੈ ਅਤੇ ਕਿਵੇਂ ਤੂੰ ਵੱਡਾ ਹੋ ਕੇ ਵਿਆਹ ਕਰਵਾ ਕੇ ਇਹੀ ਲਾਈਲੱਗਤਾ ਆਪਣੀ ਅਗਲੀ ਪੀੜ੍ਹੀ ਤਕ ਪਹੁੰਚਾਉਣੀ ਹੈ।
ਹੁਣ ਉਪਰੋਕਤ ਸਭ ਨੂੰ ਵਿਚਾਰ ਕੇ ਦੇਖੋ ਕਿ ਬੱਚੇ ਵਾਸਤੇ ਸਾਰੀ ਉਮਰ ਦਾ ਰੋਡ ਮੈਪ ਤਾਂ ਮਾਪਿਆਂ ਨੇ ਤਿਆਰ ਕਰ ਦਿੱਤਾ। ਉਸ ਵਿਚਾਰੇ ਬੱਚੇ ਨੂੰ ਇਹ ਸਾਰੀ ਉਮਰ ਪਤਾ ਹੀ ਨਹੀਂ ਲਗਦਾ ਕਿ ਜੋ ਉਸ ਦਾ ਆਪਣਾ ਦਿਮਾਗ ਹੈ, ਉਸ ਨਾਲ ਕੀ ਕਰਨਾ ਹੈ? ਉਸ ਨੂੰ ਇਹ ਪਤਾ ਹੀ ਨਹੀਂ ਲਗਦਾ ਕਿ ਦਿਮਾਗ ਦਾ ਭਾਰ ਉਹ ਕਿਉਂ ਚੁੱਕੀ ਫਿਰਦਾ ਹੈ, ਜੇ ਸਭ ਕੁਝ ਉਸਨੇ ਆਪਣੇ ਮਾਪਿਆਂ ਜਾਂ ਧਰਮ ਮੁਤਾਬਕ ਹੀ ਕਰਨਾ ਹੈ? ਉਹ ਸਾਰੀ ਉਮਰ ਦੁਚਿੱਤੀ ਵਿੱਚ ਹੀ ਜਿਊਂਦਾ ਹੈ।
ਜਦੋਂ ਉਪਰੋਕਤ ਮਾਹੌਲ ਵਿੱਚ ਪਲਿਆ ਬੱਚਾ ਗੋਰਿਆਂ ਦੇ ਬੱਚਿਆਂ ਵਿੱਚ ਵਿਚਰਦਾ ਹੈ ਤਾਂ ਉਹ ਮਜ਼ਾਕ ਦਾ ਪਾਤਰ ਬਣਦਾ ਹੈ। ਉਸ ਬੱਚੇ ਦੇ ਮਾਪਿਆਂ ਵੱਲੋਂ ਸਿਖਾਈਆਂ ਲਾਈਲੱਗਤਾ ਵਾਲੀਆਂ ਗੱਲਾਂ ਕਰਨ ’ਤੇ ਗੋਰਿਆਂ ਦੇ ਬੱਚੇ ਉਸ ਦਾ ਮਜ਼ਾਕ ਉਡਾਉਂਦੇ ਹਨ।
ਆਪਣੇ ਬੱਚਿਆਂ ਨੂੰ ਆਜ਼ਾਦ ਜ਼ਿੰਦਗੀ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਖੁਦ ਫੈਸਲਾ ਕਰਨ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੀ ਕਰਨਾ ਹੈ। ਆਪਣੇ ਤਜਰਬੇ ਬੱਚਿਆਂ ਨਾਲ ਸਾਂਝੇ ਕਰਨੇ ਕਦੇ ਮਾੜੇ ਨਹੀਂ ਹੁੰਦੇ ਪਰ ਉਨ੍ਹਾਂ ਨੂੰ ਬੱਚਿਆਂ ’ਤੇ ਥੋਪਣਾ ਬਿਲਕੁਲ ਬੇਇਨਸਾਫੀ ਹੈ। ਇਹ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਕਿ ਮਨੁੱਖ ਦੀਆਂ ਖੋਜਾਂ ਹੁਣ ਤਨ ਜਿੱਥੇ ਤਕ ਪਹੁੰਚੀਆਂ ਹਨ, ਉਹ ਉਸ ਦੇ ਆਪਣੇ ਦਿਮਾਗ ਦੀ ਖੋਜ ਹਨ, ਉਸ ਦੇ ਮਾਪਿਆਂ ਦੇ ਦੱਸਣ ਅਨੁਸਾਰ ਨਹੀਂ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5538)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)