AtarjeetKahanikar7ਇਸ ਸਫ਼ਰਨਾਮੇ ਦੀ ਵੱਡੀ ਸਿਫਤ ਇੱਕ ਹੋਰ ਪਹਿਲੂ ਕਾਰਨ ਕਿਤੇ ਵਧੇਰੇ ਹੈ, ਜਿਸ ਨੇ ਇਸ ਸਫ਼ਰਨਾਮੇ ਨੂੰ ...”
(12 ਦਸੰਬਰ 2024)

 

ਸਫ਼ਰਨਾਮਾ ਸਾਹਿਤ ਦੀਆਂ ਕੋਮਲ ਵਿਧਾਵਾਂ ਦਾ ਖੂਬਸੂਰਤ ਅੰਗ ਬਣ ਗਿਆ ਹੈ। ਬਹੁਤ ਲੋਕ ਆਪਣੇ ਧੀਆਂ ਪੁੱਤਰਾਂ, ਰਿਸ਼ਤੇਦਾਰਾਂ, ਦੋਸ਼ਤਾਂ, ਪਿਆਰਿਆਂ ਨੂੰ ਮਿਲਣ ਅੰਬਰੀਂ ਉਡਾਰੀਆਂ ਮਾਰਦੇ ਹਨ। ਪਰ ਉਸ ਸਫ਼ਰ ਦੇ ਪਲਾਂ ਨੂੰ ਸ਼ਬਦਾਂ ਦੇ ਮਣਕਿਆਂ ਵਿੱਚ ਪਰੋ ਕੇ ਮਾਲਾ ਬਣਾਉਣ ਦਾ ਕਾਰਜ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਇਹ ਹਿੱਸੇ ਆਉਂਦਾ ਹੈ, ਜਿਹਨਾਂ ਨੇ ਸ਼ਬਦ ਨੂੰ ਯਾਰ ਬਣਾਇਆ ਹੁੰਦਾ ਹੈ ਤੇ ਕਲਮ ਨੂੰ ਮਹਿਬੂਬਾ। ਬੀਤੇ ਦਿਨੀਂ ਬਠਿੰਡਾ ਨਿਵਾਸੀ ਪੱਤਰਕਾਰ ਲੇਖਕ ਬਲਵਿੰਦਰ ਸਿੰਘ ਭੁੱਲਰ ਆਪਣਾ ਸਫ਼ਰਨਾਮਾ ‘ਧਰਤ ਪਰਾਈ ਆਪਣੇ ਲੋਕ’ ਦੇ ਕੇ ਗਿਆ, ਜੋ ਮੈਂ ਥੋੜ੍ਹਾ ਥੋੜ੍ਹਾ ਕਰਕੇ ਜੀਰ ਜੀਰ ਕੇ ਪੜ੍ਹਿਆ। ਇਸ ਪੁਸਤਕ ਬਾਰੇ ਮੇਰਾ ਜੋ ਪ੍ਰਭਾਵ ਬਣਿਆ ਹੈ, ਉਹ ਇਹ ਹੈ ਕਿ ਬਲਵਿੰਦਰ ਸਿੰਘ ਭੁੱਲਰ ਨੇ ਇਹ ਸਫ਼ਰਨਾਮਾ ਆਪਣੀ ਪੂਰੀ ਸਾਹਿਤਕ ਸੂਝ ਅਤੇ ਨਿੱਖਰੀ ਸ਼ੈਲੀ ਵਿੱਚ ਪੇਸ਼ ਕਰਕੇ ਸਥਾਪਤੀ ਵੱਲ ਕਦਮ ਚੁੱਕਿਆ ਹੈ। ਪੱਤਰਕਾਰਤਾ ਉਸਦਾ ਵਿਸ਼ਾ ਹੋਣ ਕਰਕੇ ਉਸਦੀ ਸਿਰਜਣਕਾਰੀ ਵਿੱਚ ਸੁਭਾਵਿਕ ਹੀ ਪੱਤਰਕਾਰਤਾ ਦੇ ਅੰਸ਼ ਸ਼ਾਮਲ ਹੋ ਜਾਂਦੇ ਸਨ ਪਰ ‘ਧਰਤ ਪਰਾਈ ਆਪਣੇ ਲੋਕ’ ਦੀ ਸਿਰਜਣਾ ਕਰਦਿਆਂ ਉਸ ਨੇ ਜਿਵੇਂ ਇਸ ਨੂੰ ਸ਼ਬਦੀ ਰੂਪ ਦਿੱਤਾ ਹੈ, ਉਸ ਤੋਂ ਪਤਾ ਲਗਦਾ ਹੈ ਕਿ ਲੇਖਕ ਨੇ ਆਪਣੀ ਬਾਹਰੀ ਦ੍ਰਿਸ਼ਟੀ ਰਾਹੀਂ ਜਿਹੋ ਜਿਹਾ ਆਸਟ੍ਰੇਲੀਆ ਭੂਗੋਲਕ ਤੌਰ ’ਤੇ ਹੈ, ਨੂੰ ਹੀ ਨਹੀਂ ਵੇਖਿਆ, ਉਸਨੇ ਆਪਣੀ ਅੰਤਰ ਦ੍ਰਿਸ਼ਟੀ ਨਾਲ ਆਸਟ੍ਰੇਲੀਆ ਦੀ ਆਤਮਾ ਅੰਦਰ ਧੜਕਦੇ ਆਸਟ੍ਰੇਲੀਆ ਨੂੰ ਪਾਠਕਾਂ ਦੇ ਸਨਮੁੱਖ ਕਰਨ ਦੀ ਕਲਾਕਾਰੀ ਦਾ ਪ੍ਰਗਟਾਵਾ ਵੀ ਕੀਤਾ ਹੈ।

ਉੱਥੋਂ ਦੀਆਂ ਬੰਦਰਗਾਹਾਂ, ਸਮੁੰਦਰੀ ਖਾੜੀਆਂ, ਬੌਣੇ ਰੁੱਖਾਂ ਦਾ ਅਜੂਬਾ, ਬੇਹੱਦ ਖੂਬਸੂਰਤ ਨਜ਼ਾਰੇ ਪੇਸ਼ ਕਰਦੀਆਂ ਇਮਾਰਤਾਂ, ਇਤਿਹਾਸਕ ਯਾਦਗਾਰਾਂ, ਪਾਰਲੀਮੈਂਟ ਦੇ ਅੰਦਰ ਤਕ ਘੁੰਮ ਫਿਰ ਕੇ ਉੱਥੋਂ ਦੇ ਮੁਲਾਜ਼ਮਾਂ, ਅਧਿਕਾਰੀਆਂ, ਸੁਰੱਖਿਆ ਬਲਾਂ ਦੇ ਸੁਹਿਰਦਤਾ ਪੂਰਨ ਰਵੱਈਏ ਰਾਹੀਂ ਭਾਰਤੀ ‘ਲੋਕਤੰਤਰ’ ਦੇ ਅਖੌਤੀ ‘ਮਹਾਨ ਜਮਹੂਰੀਅਤ’ ਦੇ ਲੀਰੋ ਲੀਰ ਹੋਏ ਨਕਸ਼ਾਂ ਦਾ ਚਿਤਰਨ, ਬਾਜ਼ਾਰਾਂ ਦੇ ਝਿਲਮਿਲ ਕਰਦੇ ਸੁਹਜਮਈ ਦ੍ਰਿਸ਼, ਚਕਾਚੌਂਧ ਕਰਨ ਵਾਲੀਆਂ ਰੰਗਾ ਰੰਗ ਰੌਸ਼ਨੀਆਂ ਆਦਿ ਦੇ ਵੇਰਵੇ ਪੇਸ਼ ਕਰਦਿਆਂ ਬਲਵਿੰਦਰ ਆਪਣੇ ਪਾਠਕ ਨੂੰ ਨਾਲ ਨਾਲ ਲਈ ਫਿਰਦਾ ਹੈ। ਇਹ ਸਫ਼ਰਨਾਮਾ ਪੜ੍ਹਨ ਉਪਰੰਤ ਜਾਪਦਾ ਹੈ ਕਿ ਯਾਤਰਾ ’ਤੇ ਗਏ ਕਿਸੇ ਨਵੇਂ ਵਿਅਕਤੀ ਲਈ ਇਹ ਪੁਸਤਕ ਮਾਰਗ ਦਰਸ਼ਨ ਦਾ ਕਾਰਜ ਨਿਭਾਉਣ ਦੇ ਸਮਰੱਥ ਹੈ, ਜਿਸ ਮੁਤਾਬਕ ਉਹ ਆਪਣੀਆਂ ਚੁਣਿੰਦਾਂ ਥਾਵਾਂ ’ਤੇ ਸਹਿਜ ਮਤੇ ਜਾ ਕੇ ਆਨੰਦ ਮਾਣ ਸਕਦਾ ਹੈ।

ਇਸ ਸਫ਼ਰਨਾਮੇ ਦੀ ਵੱਡੀ ਸਿਫਤ ਇੱਕ ਹੋਰ ਪਹਿਲੂ ਕਾਰਨ ਕਿਤੇ ਵਧੇਰੇ ਹੈ, ਜਿਸ ਨੇ ਇਸ ਸਫ਼ਰਨਾਮੇ ਨੂੰ ਵਿਲੱਖਣਤਾ ਬਖਸ਼ੀ ਹੈ, ਉਹ ਹੈ ਆਸਟਰੇਲੀਆ ਦੀ ਇਤਿਹਾਸਕ, ਮਿਥਿਹਾਸਕ, ਸੱਭਿਆਚਾਰਕ, ਰਾਜਨੀਤਕ ਚਿੱਤਰਪਟ ਉੱਪਰ ਕੀਤੀ ਸਾਹਿਤਕ ਜਾਣਕਾਰੀ। ਕਿਵੇਂ ਮਹਾਰਾਜਾ ਜਾਰਜ ਪੰਚਮ ਦੀ ਇਕਲੌਤੀ ਧੀ ਬ੍ਰਿਟਿਸ਼ ਰਾਜ ਦੀ ਵਾਰਸ ਬਣ ਕੇ ਮਲਕਾ ਐਲਿਜਬੈਥ ਮੈਰੀ ਬਰਤਾਨੀਆਂ ਦੀ ਮਹਾਰਾਣੀ ਬਣੀ ਤੇ ਫਿਰ ਕਿਵੇਂ ਆਸਟ੍ਰੇਲੀਆ ਦੀ ਸ਼ਾਸਕ ਬਣੀ, ਆਦਿ ਬਿਰਤਾਂਤ ਬਹੁਤ ਹੀ ਜਾਣਕਾਰੀ ਭਰਪੂਰ ਤੇ ਮਹੱਤਵਪੁਰਨ ਹਨ। ਅੱਜ ਆਸਟ੍ਰੇਲੀਆ ਵਿੱਚ ਬਰਤਾਨਵੀ ਅਤੇ ਆਸਟਰੇਲੀਆਈ ਝੰਡਿਆਂ ਦਾ ਝੂਲਣਾ ਵੀ ਦਰਸਾਉਂਸਦਾ ਹੈ ਕਿ ਆਸਟ੍ਰੇਲੀਆ ਅਜੇ ਵੀ ਬਰਤਾਨੀਆਂ ਦੀ ਹਕੂਮਤ ਦਾ ਅਰਧ ਗੁਲਾਮ ਹੈ, ਭਾਵੇਂ ਕਿ ਉਸਦੀ ਆਪਣੀ ਪਾਰਲੀਮੈਂਟ ਹੈ, ਜਿਸ ਨੂੰ ਬ੍ਰਿਟਿਸ਼ ਸਾਮਰਾਜ ਅਧੀਨ ਸਵੈ ਸ਼ਾਸਨ ਡੁਮੀਨੀਅਨ ਰਾਜ ਦਾ ਦਰਜਾ ਦਿੱਤਾ ਗਿਆ ਹੈ। ਬਲਵਿੰਦਰ ਸਿੰਘ ਭੁੱਲਰ ਨੇ ਆਸਟ੍ਰੇਲੀਆ ਦੇ ਭੂਗੋਲਕ ਅਤੇ ਇਤਿਹਾਸਕ ਵੇਰਵਿਆਂ ਦੀ ਭਰਪੂਰ ਖੋਜ ਪੜਤਾਲ ਕਰਕੇ ਕਲਮ ਹੇਠ ਲਿਆਂਦਾ ਹੈ, ਜੋ ਉਸ ਦੀ ਸਫ਼ਰਨਾਮਾ ਸਿਰਜਣਕਾਰੀ ਦੀ ਵਿਸ਼ੇਸ਼ਤਾ ਨੂੰ ਉਘਾੜਦਾ ਤੇ ਮਹੱਤਵਪੂਰਨ ਸਥਾਨ ਗ੍ਰਹਿਣ ਕਰਾਉਂਦਾ ਹੈ। ਕਿਤੇ ਕਿਤੇ ਉਸਦੀ ਪੱਤਰਕਾਰਤਾ ਵੀ ਆਪਣੇ ਰੰਗ ਵਿੱਚ ਪੇਸ਼ ਹੋਈ ਨਜ਼ਰ ਆਉਂਦੀ ਹੈ।

ਵਿਗਿਆਨ ਦੇ ਉਦਘਾਟਨ ਤੋਂ ਪਹਿਲਾਂ ਹਰ ਮੁਲਕ ਵਿੱਚ ਕੁਦਰਤੀ ਨਜ਼ਾਰਿਆਂ ਉੱਪਰ ਮਿਥਿਹਾਸਕ ਕਥਾਵਾਂ, ਕਾਲਪਨਿਕ ਬਿਰਤਾਂਤ ਮਿਲ ਜਾਂਦੇ ਹਨ, ਜਿਵੇਂ ਆਸਟ੍ਰੇਲੀਆ ਵਿੱਚ ਤਿੰਨ ਪਹਾੜੀਆਂ ਨੂੰ ਤਿੰਨ ਭੈਣਾਂ ਕਹਿਣ ਵਾਲਾ ਬਿਰਤਾਂਤ ਹੈ। ਤਿੰਨ ਭੈਣਾਂ ਨੇ ਕਿਸੇ ਦੂਜੇ ਕਬੀਲੇ ਦੇ ਤਿੰਨ ਭਰਾਵਾਂ ਨਾਲ ਪਿਆਰ ਵਿਆਹ ਰਚਾਉਣਾ ਚਾਹਿਆ, ਯੁੱਧ ਹੋਇਆ ਤਾਂ ਦੂਜਾ ਕਬੀਲਾ ਜਿੱਤ ਗਿਆ। ਪਰ ਹਾਰੇ ਕਬੀਲੇ ਦੇ ਬਜ਼ੁਰਗ ਜਾਦੂਗਰ ਨੇ ਕੁੜੀਆਂ ਨੂੰ ਜਾਦੂ ਦੇ ਜ਼ੋਰ ਪਹਾੜੀਆਂ ਬਣਾ ਦਿੱਤਾ ਤੇ ਯੁੱਧ ਵਿੱਚ ਮਰ ਗਿਆ। ਇਸ ਕਾਲਪਨਿਕ ਬਿਰਤਾਂਤ ਤੋਂ ਉਸ ਇਤਿਹਾਸਕ ਪੜਾਅ ਦੀ ਟੋਹ ਵੀ ਮਿਲਦੀ ਹੈ, ਜਦੋਂ ਜੰਗਲ ਜਾਂ ਔਰਤਾਂ ਖੋਹਣ ਲਈ ਕਬੀਲਿਆਂ ਵਿਚਕਾਰ ਲੜਾਈਆਂ ਹੋ ਜਾਂਦੀਆਂ ਸਨ। ਇਸ ਕਥਾ ਨੂੰ ਡਾਕਟਰ ਤਾਈਵਾਨ ਦੀਆਂ ਧੀਆਂ ਦੇ ਰੂਪ ਵਿੱਚ ਵੀ ਪੇਸ਼ ਕੀਤਾ ਗਿਆ ਹੈ ਕਿ ਪਹਾੜੀ ਦੀ ਖੱਡ ਵਿੱਚ ਰਹਿੰਦੇ ਸ਼ੈਤਾਨ ਤੋਂ ਬਚਾਉਣ ਲਈ ਉਸ ਨੇ ਆਪਣੀਆਂ ਤਿੰਨ ਧੀਆਂ ਨੂੰ ਪਹਾੜੀਆਂ ਵਿੱਚ ਬਦਲ ਦਿੱਤਾ।

ਆਪਣੇ ਔਰਤ ਪੱਖੀ ਦ੍ਰਿਸ਼ਟੀਕੋਣ ਦੀ ਤਰਜਮਾਨੀ ਕਰਦਾ ਲੇਖਕ ਆਸਟ੍ਰੇਲੀਆ ਦੀਆਂ ਬਹਾਦਰ ਔਰਤਾਂ ਨੂੰ ਵੀ ਆਪਣੀ ਖੋਜ ਅਤੇ ਅਧਿਐਨ ਦਾ ਵਿਸ਼ਾ ਬਣਾਉਂਦਾ ਹੈ। ਕਾਪੁੰਡਾ ਪਿੰਡ ਵਿੱਚ ਜੰਮੀ ਵਿਵਿਆਨ, ਪੈਰਾਂ ਦੇ ਨੁਕਸ ਦੇ ਬਾਵਜੂਦ ਦਾਈ ਦਾ ਕੋਰਸ ਕਰਕੇ ਫੌਜ ਵਿੱਚ ਭਰਤੀ ਤਾਂ ਨਾ ਕੀਤੀ ਗਈ, ਪਰ ਉਸ ਨੂੰ ਆਰਮੀ ਨਰਸਿੰਗ ਸਰਵਿਸ ਲਈ ਯੋਗ ਮੰਨ ਕੇ ਆਸਟ੍ਰੇਲੀਆ ਦੇ ਜਨਰਲ ਹਸਪਤਾਲ ਵਿੱਚ ਨਿਯੁਕਤ ਕੀਤਾ ਗਿਆ। ਜੰਗ ਦੇ ਦਿਨੀਂ ਉਹ ਸਿੰਘਾਪੁਰ ਜਪਾਨੀ ਹਮਲੇ ਦਰਮਿਆਨ ਬਾਈ ਨਰਸਾਂ ਸਮੇਤ ਹਾਲਾਤ ਨਾਲ ਟੱਕਰ ਲੈਂਦੀ, ਬਚਾ ਕਰਦੀ, ਪਾਰ ਲੰਘ ਗਈ ਗੋਲੀ ਲੱਗਣ ’ਤੇ ਵੀ ਜ਼ਖਮੀਆਂ ਦਾ ਇਲਾਜ ਕਰਦੀ ਰਹੀ ਤੇ ਅਖ਼ੀਰ ਉਸ ਨੂੰ ਫੇਨਿਫੈਕਅਰ ਫੀਲਡ ਐਂਡ ਡਿਸੀਜ਼ ਹਸਪਤਾਲ ਦੀ ਡਾਇਰੈਕਟਰ ਨਰਸਿੰਗ ਦੇ ਅਹੁਦੇ ਨਾਲ ਸਨਮਾਨਤ ਕੀਤਾ ਗਿਆ। ਇਸੇ ਤਰ੍ਹਾਂ ਸੈਰ ਕਰਦਿਆਂ ਮਿਲੀ ਹਿੰਦੀ ਭਾਸ਼ਾਈ ਲੜਕੀ ਨਾਲ ਗੱਲਾਂ ਕਰਦਿਆਂ ਉੱਥੋਂ ਦੇ ਇੱਕ ਜੋੜੇ ਦੁਆਰਾ ਭਾਰਤ ਤੋਂ ਪੰਘੂੜਾ ਪ੍ਰਬੰਧ ਵਿੱਚੋਂ ਲਈ ਲੜਕੀ ਲੀਜਾ ਦੀ ਕਹਾਣੀ ਹੈ, ਜਿਸ ਨੂੰ ਭਾਰਤੀ ਮਾਂ ਬਾਪ ਨੇ ਤਾਂ ਪ੍ਰਵਾਨ ਨਾ ਕੀਤਾ ਤੇ ਕਿਸੇ ਪਰਉਪਕਾਰੀ ਸੰਸਥਾ ਦੇ ਪੰਘੂੜੇ ਵਿੱਚ ਰੱਖ ਦਿੱਤਾ, ਜਿਸ ਨੇ ਇਨ੍ਹਾਂ ਪਾਲਣਹਾਰ ਮਾਪਿਆਂ ਦੀ ਦੇਖ ਰੇਖ ਹੇਠ ਵੱਡੀ ਹੋ ਕੇ ਸੰਸਾਰ ਪੱਧਰ ’ਤੇ ਕ੍ਰਿਕਟ ਵਿੱਚ ਆਪਣਾ ਨਾਂ ਚਮਕਾਇਆ।

ਸਫ਼ਰਨਾਮੇ ਦਾ ਹਰ ਬਿਰਤਾਂਤ, ਹਰ ਘਟਨਾ ਬਿਆਨ ਕਰਨੀ ਸਮੀਖਿਆ ਦਾ ਹਿੱਸਾ ਨਹੀਂ ਬਣ ਸਕਦੀ, ਇਸ ਲਈ ਮੈਂ ਇਹੋ ਸ਼ਿਫਾਰਿਸ਼ ਕਰਾਂਗਾ ਕਿ ਪਾਠਕ ਇਸ ਸਫ਼ਰਨਾਮੇ ਨੂੰ ਪੜ੍ਹਨ ਤੇ ਆਸਟ੍ਰੇਲੀਆ ਦੀ ਸੁਭਾਵਿਕ ਸੈਰ ਕਰਨ। ਹਰ ਥਾਂ ਵਿਸਕੀ ਦੇ ਲੰਗਰਾਂ ਦਾ ਜ਼ਿਕਰ ਥੋੜ੍ਹਾ ਅੱਖਰਦਾ ਜ਼ਰੂਰ ਹੈ। ਇਹ ਨਹੀਂ ਕਿ ਵਿਸਕੀ ਪੀਣ ਤੋਂ ਮਨਾਹੀ ਹੈ, ਪਰ ਕੁਝ ਹੋਰ ਵੇਰਵਿਆਂ ਦੇ ਦੁਹਰਾ ਤੋਂ ਬਚਿਆ ਜਾ ਸਕਦਾ ਸੀ। ਇਸਦੇ ਬਾਵਜੂਦ ਨਿੱਖਰੀ ਸ਼ੈਲੀ ਵਿੱਚ ਪੇਸ਼ ਕੀਤੇ ਗਏ ਆਸਟ੍ਰੇਲੀਆ ਦੇ ਇਸ ਸਫ਼ਰਨਾਮੇ ਨੂੰ ਮੈਂ ਹਾਰਦਿਕ ਜੀਅ ਆਇਆਂ ਆਖਦਾ ਹਾਂ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5524)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਅਤਰਜੀਤ ਕਹਾਣੀਕਾਰ

ਅਤਰਜੀਤ ਕਹਾਣੀਕਾਰ

Bathinda, Punjab, India.
Tel: (91 - 94175 - 81936)
Email: (attarjeet_bti@rediffmail.com)