“ਗੁਰਨਾਮ ਢਿੱਲੋਂ ਦੀ ਸ਼ਾਇਰੀ ਵਿੱਚ ਸਾਨੂੰ ਕਲਾਤਮਿਕਤਾ ਦਿਖਾਈ ਦਿੰਦੀ ਹੈ ਜਦੋਂ ਉਹ ਆਪਣੀ ਗੱਲ ਕਾਵਿਕ ਬਿੰਬਾਵਲੀ, ...”
(15 ਮਾਰਚ 2024)
ਇਸ ਸਮੇਂ ਪਾਠਕ: 235.
ਪ੍ਰਗਤੀਵਾਦੀ ਸੁਰ ਦਾ ਪ੍ਰਤਿਬੱਧ ਕਵੀ ਗੁਰਨਾਮ ਢਿੱਲੋਂ ਸਾਡੇ ਸਮਿਆਂ ਦਾ ਮਾਣਯੋਗ ਹਸਤਾਖਰ ਹੈ। ਮੈਂ ਸਮਝਦਾ ਹਾਂ, ਸਾਹਿਤ ਦੀ ਚਾਹੇ ਕੋਈ ਵੀ ਵਿਧਾ ਹੋਵੇ, ਜੇਕਰ ਉਹ ਲੋਕਮੁਖੀ ਨਹੀਂ ਤਾਂ ਉਹ ਸਾਡੇ ਕਿਸੇ ਕੰਮ ਦੀ ਵਸਤੂ ਨਹੀਂ। ਕਲਾ ਅਤੇ ਸਾਹਿਤ ਨੇ ਜ਼ਿੰਦਗੀ ਦੇ ਮੁੱਖੜੇ ਤੋਂ ਗਰਦ ਝਾੜ ਕੇ ਇਸ ਨੂੰ ਲਿਸ਼ਕਾਉਣਾ ਹੁੰਦਾ ਹੈ, ਜੋ ਸਾਡੇ ਲਈ ਪ੍ਰੇਰਨਾ ਸਰੋਤ ਵੀ ਹੈ। ਗੁਰਨਾਮ ਢਿੱਲੋਂ ਦੀ ਸ਼ਾਇਰੀ ਵਿੱਚ ਜ਼ਿੰਦਗੀ ਨੂੰ ਰੁਸ਼ਨਾਉਣ ਦੀ ਚਾਹਤ ਝਲਕਦੀ ਹੋਣ ਕਰਕੇ ਉਹ ਸਾਡਾ ਪਿਆਰਾ, ਪ੍ਰਗਤੀਵਾਦੀ ਸੁਰ ਦਾ ਮਕਬੂਲ ਕਵੀ ਹੈ। ਕਲਾ ਅਤੇ ਸਾਹਿਤ ਦੀ ਭੂਮਿਕਾ ਦੇ ਪ੍ਰਸੰਗ ਵਿੱਚ ਗੁਰਨਾਮ ਢਿੱਲੋਂ ਕਵਿਤਾ ਨੂੰ ਨਿੱਜੀ ਸੁਹਜ ਸੁਆਦ ਦੀ ਵਿਧਾ ਨਹੀਂ ਸਮਝਦਾ, ਉਸ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਹੁਤ ਬਹੁਤ ਸਪਸ਼ਟ ਅਤੇ ਇਨਕਲਾਬੀ ਸੁਰ ਪ੍ਰਧਾਨ ਹੈ।
ਕਲਾ, ਕਲਾ ਲਈ ਦਾ ਫ਼ਲਸਫਾ ਕੇਵਲ ਲੁਟੇਰੀਆਂ ਜਮਾਤਾਂ ਦਾ ਫ਼ਲਸਫਾ ਹੈ ਜੋ ਇਸ ਨੂੰ ਜ਼ਿਹਨੀ ਅਯਾਸ਼ੀ ਤਕ ਮਹਿਦੂਦ ਰੱਖਦੇ ਹਨ। ਸਾਹਿਤ ਅਤੇ ਸਿਆਸਤ ਦੇ ਅੰਤਰ ਸੰਬੰਧਾਂ ਤੋਂ ਮੁਨਕਰ ਕਲਮਕਾਰਾਂ ਦਾ ਨਿੱਜੀ ਸੁਹਜ ਦਾ ਮਸਲਾ ਹੋ ਸਕਦਾ ਹੈ ਪਰ ਜ਼ਿੰਦਗੀ ਨਾਲ ਪ੍ਰਤੀਬੱਧ ਲੇਖਕਾਂ ਅਤੇ ਕਵੀਆਂ ਦਾ ਸੁਹਜ ਲੋਕ ਮੁਖੀ ਹੁੰਦਾ ਹੈ।
ਮਾਰਕਸਵਾਦੀ ਦਰਸ਼ਨ ਤੋਂ ਪ੍ਰੇਰਤ ਕਵੀ ਗੁਰਨਾਮ ਢਿੱਲੋਂ ਬਹੁਤੇ ਕਵੀਆਂ ਵਾਂਗ ਨਾਅਰੇਬਾਜ਼ੀ ਦੀ ਕਵਿਤਾ ਨਹੀਂ ਲਿਖਦਾ, ਸਗੋਂ ਉਸ ਨੂੰ ਇਹ ਸ਼ਊਰ ਹੈ ਕਿ ਕਵਿਤਾ ਵਿੱਚ ਰਾਜਨੀਤਕ ਗੱਲ ਕਿਵੇਂ ਕਰਨੀ ਹੈ। ਉਸ ਦੀ ਸ਼ਇਰੀ ਵਿੱਚ ਸੱਤਾ ਨੂੰ ਵੰਗਾਰਨ ਦੀ ਜੁਰਅਤ ਹੈ, ਸਥਿਤੀ ਉੱਪਰ ਕਟਾਖਸ਼ ਹੈ। ਜਦੋਂ ਤੋਂ ਸੋਸ਼ਲ ਮੀਡੀਆ ਰਾਹੀਂ ਜੁੜੇ ਇਸ ਵਧੀਆ ਕਿਸਮ ਦੇ ਇਨਸਾਨ ਨਾਲ ਮੇਰਾ ਵਾਹ ਪਿਆ ਹੈ, ਮੈਂ ਉਸ ਦੀ ਕਵਿਤਾ ਦਾ ਅਨਿਨ ਪਾਠਕ ਚਲਿਆ ਆ ਰਿਹਾ ਹਾਂ।
ਕਿਉਂਕਿ ਕਵਿਤਾ ਸੂਖਮ ਕਲਾ ਹੈ, ਇਹ ਠੋਸ ਯਥਾਰਥ ਦਾ ਗਲਪ ਵਿਧਾ ਵਾਂਗ ਬੋਝ ਨਹੀਂ ਉਠਾ ਸਕਦੀ, ਜਿਸ ਕਰਕੇ ਇਸ ਵਿੱਚ ਰਾਜਨੀਤਕ ਭਾਸ਼ਨਾਂ ਲਈ ਕੋਈ ਥਾਂ ਨਹੀਂ ਹੁੰਦੀ। ਗੱਲ ਇਹ ਵੀ ਨਹੀਂ ਕਿ ਕਵਿਤਾ ਰਾਜਨੀਤੀ ਤੋਂ ਕੋਰੀ ਹੁੰਦੀ ਹੈ। ਨਹੀਂ, ਹਰਗਿਜ਼ ਕੋਰੀ ਨਹੀਂ ਹੁੰਦੀ। ਹਾਂ, ਕਵਿਤਾ ਦੀ ਵੀ ਆਪਣੀ ਰਾਜਨੀਤੀ ਹੁੰਦੀ ਹੈ ਪਰ ਜਿਵੇਂ ਫੁੱਲਾਂ ਦੇ ਹਾਰ ਵਿੱਚੋਂ ਧਾਗਾ ਲੰਘਾਇਆ ਹੁੰਦਾ ਹੈ। ਗੁਰਨਾਮ ਢਿੱਲੋਂ ਦੀ ਸ਼ਾਇਰੀ ਵਿੱਚ ਸਾਨੂੰ ਕਲਾਤਮਿਕਤਾ ਦਿਖਾਈ ਦਿੰਦੀ ਹੈ ਜਦੋਂ ਉਹ ਆਪਣੀ ਗੱਲ ਕਾਵਿਕ ਬਿੰਬਾਵਲੀ, ਸ਼ਬਦ ਚਿੰਨ੍ਹਾਂ ਅਤੇ ਅਲੰਕਾਰਕ ਸ਼ੈਲੀ ਵਿੱਚ ਕਹਿਣ ਦੀ ਜੁਗਤ ਦਾ ਪ੍ਰਗਟਾਵਾ ਕਰਦਾ ਹੈ। ਹਥਲੇ ਕਾਵਿ ਸੰਗ੍ਰਹਿ ‘ਜੂਝਦੇ ਸੂਰਜ’ ਵਿੱਚ ਉਸਦੀਆਂ ਬੰਦਸ਼ ਅਤੇ ਬੰਦਸ਼ ਰਹਿਤ ਕਵਿਤਾਵਾਂ ਵੀ ਸ਼ਾਮਲ ਹਨ ਅਤੇ ਉਸ ਨੇ ਗ਼ਜ਼ਲ ਦੀ ਸਿਨਫ਼ ਉੱਪਰ ਵੀ ਸਫ਼ਲਤਾ ਨਾਲ ਕਲਮ ਅਜ਼ਮਾਈ ਹੈ। ਗੁਰਨਾਮ ਢਿੱਲੋਂ ਇੱਕ ਮੰਝਿਆ ਹੋਇਆ ਸਮਰੱਥ ਸ਼ਾਇਰ ਹੈ ਜੋ ਆਪਣੀ ਕਵਿਤਾ ਰਾਹੀਂ ਜ਼ਿੰਦਗੀ ਨਾਲ ਪ੍ਰਤੀਬੱਧਤਾ ਦੇ ਸੰਕਲਪ ਨੂੰ ਆਂਚ ਤਕ ਨਹੀਂ ਆਉਣ ਦਿੰਦਾ। ਮੁਬਾਰਕ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4808)
(ਸਰੋਕਾਰ ਨਾਲ ਸੰਪਰਕ ਲਈ: (