SurjitSingh7ਹਾਲੀਆ ਦਿਨਾਂ ਵਿੱਚ ਉੱਤਰ ਪ੍ਰਦੇਸ਼ ਦੇ ਸ਼ਹਿਰ ਸੰਭਲ ਵਿਖੇ ਹੋਈ ਹਿੰਸਾ ਵਿੱਚ ਮਾਰੇ ਗਏ ਚਾਰ ਨੌਜਵਾਨਾਂ ...
(5 ਦਸੰਬਰ 2024)

 

ਬਾਬਰੀ ਮਸਜਿਦ ਨੂੰ ਢਹਿ ਢੇਰੀ ਹੋਣ ਦੇ 32 ਸਾਲ ਪੂਰੇ ਹੋਣ ਜਾ ਰਹੇ ਹਨਇਹ ਉੱਤਰ ਪ੍ਰਦੇਸ਼ ਦੇ ਉਸ ਵੇਲੇ ਦੇ ਮੁੱਖ ਮੰਤਰੀ ਕਲਿਆਣ ਸਿੰਘ ਦੇ ਰਾਜ ਦਾ ਦੇਸ਼ ਦੇ ਜਮਹੂਰੀ ਢਾਂਚੇ ’ਤੇ ਇੱਕ ਅਜਿਹਾ ਕਲੰਕ ਸੀ ਜਿਸ ਨੇ ਹਿੰਦੁਸਤਾਨ ਦੇ ਲੋਕਤੰਤਰ ਨੂੰ ਸਾਰੀ ਦੁਨੀਆਂ ਵਿੱਚ ਕਲੰਕਿਤ ਕਰ ਕੇ ਰੱਖ ਦਿੱਤਾ ਸੀਬਾਬਰੀ ਮਸਜਿਦ ਢਾਹੁਣ ਨਾਲ ਦੁਨੀਆਂ ਭਰ ਦੇ ਮੁਸਲਮਾਨਾਂ ਵਿੱਚ ਹਿੰਦੂਆਂ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਅਤੇ ਗੁੱਸਾ ਫੈਲ ਗਿਆ ਸੀਦੁਨੀਆਂ ਦੇ ਕਈ ਦੇਸ਼ਾਂ ਵਿੱਚ ਅਹਿੰਸਾ ਹੋਈ, ਜਿਸ ਵਿੱਚ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਅਤੇ ਵਿਸ਼ੇਸ਼ ਕਰਕੇ ਹਿੰਦੂਆਂ ਦੇ ਖਿਲਾਫ ਮੁਸਲਮਾਨਾਂ ਦਾ ਗੁੱਸਾ ਫੁੱਟਿਆਬੰਗਲਾ ਦੇਸ਼ ਵਰਗੇ ਦੇਸ਼ਾਂ ਵਿੱਚ ਜਨੂੰਨੀਆਂ ਨੇ ਘੱਟ ਗਿਣਤੀ ਹਿੰਦੂਆਂ ਦੇ ਜਾਨ ਅਤੇ ਮਾਲ ਨੂੰ ਨੁਕਸਾਨ ਪਹੁੰਚਾਇਆਉਮਾ ਭਾਰਤੀ ਅਤੇ ਸਾਧਵੀ ਰਿਤੰਭਰਾ ਵਰਗੀਆਂ ਲੀਡਰਾਂ ਨੇ ਮਸਜਿਦ ਤੋੜਨ ਵੇਲੇ ਭੀੜ ਨੂੰ ਉਕਸਾਉਣ ਲਈ ‘ਏਕ ਧੱਕਾ ਔਰ ਦੋ, ਬਾਬਰੀ ਮਸਜਿਦ ਤੋੜ ਦੋਵਰਗੇ ਨਾਅਰੇ ਦੇਕੇ ਭੀੜ ਨੂੰ ਉਕਸਾਇਆਜਿਸ ਸ਼ਖਸ ਨੇ ਬਾਬਰੀ ਮਸਜਿਦ ਤੋੜਨ ਲਈ ਉਸਦੇ ਗੁੰਬਦ ’ਤੇ ਚੜ੍ਹ ਕੇ ਪਹਿਲਾ ਹਥੌੜਾ ਚਲਾਇਆ ਸੀ, ਦੱਸਿਆ ਜਾਂਦਾ ਹੈ ਕਿ ਉਸ ਵਿਚਾਰੇ ਨੂੰ ਬਾਅਦ ਵਿੱਚ ਕਿਸੇ ਨੇ ਨਹੀਂ ਪੁੱਛਿਆਉਹ ਪਛਤਾਵੇ ਦੀ ਅੱਗ ਵਿੱਚ ਝੁਲਸਦਾ ਰਿਹਾਸੁਣਿਆ ਹੈ ਕਿ ਉਸਨੇ ਪਛਤਾਵੇ ਦੇ ਤੌਰ ’ਤੇ ਇਸਲਾਮ ਧਰਮ ਕਬੂਲ ਕਰ ਲਿਆ ਸੀ

ਸਮੇਂ ਦੇ ਨਾਲ ਜਨੂੰਨੀ ਅੱਗ ਠੰਢੀ ਹੋਈ ਅਤੇ ਹਿੰਦੂ ਮੁਸਲਿਮ ਭਾਈਚਾਰਕ ਸਾਂਝ ਮਜ਼ਬੂਤ ਹੁੰਦੀ ਗਈਧਰਮ ਨਿਰਪੇਖ ਭਾਰਤ ਬੇਸ਼ਕ ਸੰਵਿਧਾਨ ਅਨੁਸਾਰ ਕਿਸੇ ਧਰਮ ਜਾਂ ਫਿਰਕੇ ਦੀ ਜ਼ਾਮਨੀ ਨਹੀਂ ਭਰਦਾ, ਪਰ ਫਿਰ ਵੀ ਦੇਸ਼ ਦੀਆਂ ਸਿਆਸੀ ਪਾਰਟੀਆਂ ਧਰਮ, ਜਾਤ ਅਤੇ ਬਰਾਦਰੀਆਂ ਵਿੱਚ ਵਖਰੇਵਾਂ ਖੜ੍ਹਾ ਕਰਕੇ ਆਪਣੀ ਵੋਟ ਦੀ ਰਾਜਨੀਤੀ ਖੇਡਦੀ ਰਹੀਆਂ ਹਨਧਰਮ ਨਿਰਪੇਖ ਸਿਆਸੀ ਪਾਰਟੀਆਂ ਧਰਮ ਨਿਰਪੇਖਤਾ ਦੇ ਓਹਲੇ ਅਤੇ ਧਰਮ ਦੇ ਅਧਾਰ ’ਤੇ ਬਣੀ ਸਿਆਸੀ ਪਾਰਟੀਆਂ ਸ਼ਰੇਆਮ ਆਪਣੇ ਸੌੜੇ ਸਿਆਸੀ ਹਿਤਾਂ ਅਤੇ ਰਾਜ ਸੱਤਾ ’ਤੇ ਕਬਿਜ਼ ਹੋਣ ਲਈ ਫ਼ਿਰਕਿਆਂ ਵਿੱਚ ਆਪਸੀ ਟਕਰਾਅ ਪੈਦਾ ਕਰਕੇ ਆਪਣਾ ਮਨੋਰਥ ਸਿੱਧ ਕਰਦੀਆਂ ਰਹੀਆਂ ਹਨਸਾਲ 2014 ਤੋਂ ਲੈਕੇ ਫਿਰਕਾਪ੍ਰਸਤੀ ਦੀ ਖੇਡ ਹੁਣ ਸ਼ਰੇਆਮ ਹੋ ਗਈ ਹੈਦੇਸ਼ ਦੇ ਸੰਵਿਧਾਨ ਵਿੱਚੋਂ ‘ਧਰਮ ਨਿਰਪੇਖਸ਼ਬਦ ਨੂੰ ਹਟਾ ਕੇ ਹਿੰਦੂ ਰਾਸ਼ਟਰ ਐਲਾਨਣ ਦੀ ਮੰਗ ਨੂੰ ਲੈਕੇ ਆਰਐੱਸਐੱਸ ਵਰਗੀ ਜਨੂੰਨੀ ਜਥੇਬੰਦੀਆਂ ਵੱਲੋਂ ਸਮੇਂ ਸਮੇਂ ’ਤੇ ਜ਼ਬਰਦਸਤ ਅਵਾਜ਼ਾਂ ਚੁੱਕੀਆਂ ਜਾ ਰਹੀਆਂ ਹਨਦੇਸ਼ ਦੀ ਗੰਗਾ ਜਮਨਾ ਤਹਿਜ਼ੀਬ ਨੂੰ ਕੁਰਬਾਨ ਕਰਕੇ, ਸਦੀਆਂ ਤੋਂ ਚਲੀ ਆ ਰਹੀ ਹਿੰਦੂ ਮੁਸਲਿਮ ਭਾਈਚਾਰਕ ਸਾਂਝ ਨੂੰ ਤੋੜ ਕੇ ਅਤੇ ਬਹੁ ਗਿਣਤੀ ਹਿੰਦੂ ਨੂੰ ਘੱਟ ਗਿਣਤੀ ਮੁਸਲਮਾਨਾਂ ਤੋਂ ਉਹਨਾਂ ਦੀ ਹੋਂਦ ਨੂੰ ਖਤਰਾ ਦੱਸ ਕੇ, ਘੱਟ ਗਿਣਤੀ ’ਤੇ ਅੱਤਿਆਚਾਰ ਕਰਕੇ ਅਤੇ ਫਿਰਕੂ ਫਸਾਦ ਕਰਾਕੇ ਦੇਸ਼ ਦੀ ਸੱਤਾ ’ਤੇ ਕਾਬਿਜ਼ ਹੋਣ ਦੀਆਂ ਸਾਜ਼ਿਸ਼ਾਂ ਨੇ ਦੇਸ਼ ਦੇ ਜਮਹੂਰੀ ਢਾਂਚੇ ਨੂੰ ਤਾਰ ਤਾਰ ਕਰਕੇ ਰੱਖ ਦਿੱਤਾਕਦੇ ਲਵ ਜਿਹਾਦ, ਮੌਬ ਲਿੰਚਿੰਗ, ਕਦੇ ਮੁਸਲਮਾਨਾਂ ਤੋਂ ਵੋਟ ਦਾ ਹੱਕ ਖੋਹ ਲੈਣ ਦੀ ਮੰਗ ਅਤੇ ਕਦੇ ਪਾਕਿਸਤਾਨ ਤੋਂ ਖਤਰੇ ਬਾਰੇ ਬਿਆਨਬਾਜ਼ੀ ਕਰਕੇ ਕੱਟੜ ਦਿਮਾਗੀ ਸੋਚ ਵਾਲੇ ਲੋਕਾਂ ਨੂੰ ਗੁਮਰਾਹ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ

ਹਾਲੀਆ ਦਿਨਾਂ ਵਿੱਚ ਉੱਤਰ ਪ੍ਰਦੇਸ਼ ਦੇ ਸ਼ਹਿਰ ਸੰਭਲ ਵਿਖੇ ਹੋਈ ਹਿੰਸਾ ਵਿੱਚ ਮਾਰੇ ਗਏ ਚਾਰ ਨੌਜਵਾਨਾਂ ਦੀ ਮੌਤ ਨੇ ਦੇਸ਼ ਦੇ ਮੱਥੇ ’ਤੇ ਇੱਕ ਹੋਰ ਕਲੰਕ ਜੜ ਦਿੱਤਾ ਹੈਮੁੱਦਾ ਮੁਗਲ ਬਾਦਸ਼ਾਹ ਬਾਬਰ ਵੱਲੋਂ ਸੰਨ 1526 ਈਸਵੀ ਵਿੱਚ ਕਥਿਤ ਤੌਰ ’ਤੇ ਹਿੰਦੂ ਮੰਦਰ ਢਾਹ ਕੇ ਬਣੀ ਸ਼ਾਹੀ ਜਾਮਾ ਮਸਜਿਦ ਦੇ ਮਾਣਯੋਗ ਅਦਾਲਤ ਵੱਲੋਂ ਜਾਰੀ ਕੀਤੇ ਸਰਵੇ ਦੇ ਫਰਮਾਨ ਤੋਂ ਬਾਅਦ ਇੱਕ ਫਿਰਕੇ ਦੇ ਲੋਕ ਤੈਸ਼ ਵਿੱਚ ਆ ਕੇ ਸਰਵੇ ਦਾ ਵਿਰੋਧ ਕਰਨ ਤੇ ਉੱਤਰ ਆਏ, ਜਿਸਨੇ ਵਿਆਪਕ ਹਿੰਸਾ, ਭੰਨ-ਤੋੜ ਅਤੇ ਖੂਨ ਖ਼ਰਾਬੇ ਨੂੰ ਜਨਮ ਦਿੱਤਾਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਸਰਵੇ ਦੇ ਫਰਮਾਨ ਨੂੰ ਨਾ ਪਸੰਦ ਫੈਸਲਾ ਕਰਾਰ ਦਿੱਤਾ ਹੈਉਹਨਾਂ ਨੇ ਕਿਹਾ ਕਿ ਹੁਣ ਇਹ ਇੱਕ ਫਿਰਕੇ ਦੇ ਘਰਾਂ ਦੀ ਤਲਾਸ਼ੀ ਵੀ ਲੈਣਗੇਪੂਜਾ ਸਥਾਨਾਂ ਬਾਰੇ ਸਾਲ 1991 ਵਿੱਚ ਬਣੇ ਕਾਨੂੰਨ “ਪਲੇਸਜ਼ ਆਫ ਵਰਸ਼ਿਪ” (ਸਪੈਸ਼ਲ ਪਰੋਵੀਜਨਜ਼) ਐਕਟ-1991 ਅਨੁਸਾਰ 15 ਅਗਸਤ 1947 ਨੂੰ ਧਾਰਮਿਕ ਸਥਾਨਾਂ ਦਾ ਜੋ ਸਟੇਟਸ ਸੀ, ਉਹ ਬਰਕਰਾਰ ਰਹੇਗਾਇਸ ਵਿੱਚੋਂ ਰਾਮ ਜਨਮ ਅਤੇ ਬਾਬਰੀ ਮਸਜਿਦ ਨੂੰ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈਇਸੇ ਤਰ੍ਹਾਂ ਮਥੁਰਾ ਅਤੇ ਵਾਰਾਨਸੀ ਦੀਆਂ ਮਸਜਿਦਾਂ ਬਾਰੇ ਕਲੇਸ਼ ਖੜ੍ਹਾ ਹੋ ਗਿਆ, ਜਿਸ ਵਿੱਚ ਹਿੰਦੂ ਪੱਖਕਾਰ ਸੰਗਠਨਾਂ ਨੇ ਇਹਨਾਂ ਮਸਜਿਦਾਂ ਤੇ ਇਹ ਦਾਅਵਾ ਠੋਕ ਦਿੱਤਾ ਕਿ ਇਹ ਮਸਜਿਦਾਂ ਵੀ ਹਿੰਦੂ ਮੰਦਿਰ ਢਾਹ ਕੇ ਉਸਾਰੀਆਂ ਗਈਆਂ ਹਨਲਿਹਾਜ਼ਾ ਇਹਨਾਂ ਸਥਾਨਾਂ ’ਤੇ ਹਿੰਦੂ ਮੰਦਿਰ ਹੋਣੇ ਚਾਹੀਦੇ ਹਨ

ਗੱਲ ਇੱਥੇ ਹੀ ਨਹੀਂ ਰੁਕੀ, ਰਾਜਸਥਾਨ ਦੀ ਇੱਕ ਮਾਣਯੋਗ ਅਦਾਲਤ ਵੱਲੋਂ ਵੀ ਇੱਕ ਪੱਖਕਾਰ ਵੱਲੋਂ ਹਾਲੀਆ ਦਾਇਰ ਕੀਤੀ ਇੱਕ ਪਟੀਸ਼ਨ ਮਨਜ਼ੂਰ ਕਰ ਲਈ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਅਜਮੇਰ ਸ਼ਰੀਫ਼ ਦਰਗਾਹ ਵੀ ਹਿੰਦੂ ਮੰਦਰ ’ਤੇ ਬਣੀ ਹੋਈ ਹੈ, ਜਦਕਿ ਅਜਮੇਰ ਸ਼ਰੀਫ਼ ਦਰਗਾਹ ਹਿੰਦੂ ਅਤੇ ਮੁਸਲਮਾਨ ਦੋਹਾਂ ਫ਼ਿਰਕਿਆਂ ਲਈ ਸਨਮਾਨਜਨਕ ਅਸਥਾਨ ਹੈਦੋਵੇਂ ਫਿਰਕੇ ਆਪਣੇ ਇਸ ਅਸਥਾਨ ਵਾਸਤੇ ਆਪੋ ਆਪਣੀ ਡੂੰਘੀ ਆਸਥਾ ਰੱਖਦੇ ਹਨਹੋਰ ਤਾਂ ਹੋਰ ਜਨੂੰਨੀ ਲੋਕਾਂ ਅਤੇ ਸੰਗਠਨਾਂ ਨੇ ਤਾਂ ਆਗਰਾ ਦੇ ਤਾਜ ਮਹਿਲ ’ਤੇ ਵੀ ਆਪਣਾ ਦਾਅਵਾ ਠੋਕ ਕੇ ਕਿਹਾ ਕਿ ਇਹ ਮਕਬਰਾ ਵੀ ਹਿੰਦੂ ਮੰਦਰ ਦੇ ਅਸਥਾਨ ’ਤੇ ਹੀ ਬਣਿਆ ਹੈਦੇਸ਼ ਵਿੱਚ ਜਿਸ ਤਰ੍ਹਾਂ ਦੀ ਜਨੂੰਨੀ ਅਤੇ ਜ਼ਹਿਰੀਲੀ ਹਵਾ ਚੱਲ ਰਹੀ ਹੈ, ਉਸ ਤੋਂ ਇਹ ਲਗਦਾ ਹੈ ਕਿ ਦੇਸ਼ ਦਾ ਅਕਸ ਦੁਨੀਆਂ ਵਿੱਚ ਤਬਾਹ ਤਾਂ ਹੋਵੇਗਾ ਹੀ, ਨਾਲ ਹੀ ਦੇਸ਼ ਵਿੱਚ ਫਿਰਕਾਪ੍ਰਸਤੀ ਨੂੰ ਹੋਰ ਜ਼ਿਆਦਾ ਤਾਕਤ ਹਾਸਲ ਹੋਵੇਗੀ, ਜਿਸ ਨਾਲ ਦੇਸ਼ ਵਿੱਚ ਫਿਰਕੂ ਫਸਾਦ ਹੋਣ ਦਾ ਖਤਰਾ ਹੋ ਸਕਦਾ ਹੈਘੱਟ ਗਿਣਤੀ ਫਿਰਕਾ ਅੱਜ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝਦਾਉਹ ਖੁਦ ਨੂੰ ਦੂਜੇ ਦਰਜੇ ਦੇ ਨਾਗਰਿਕ ਸਮਝਦੇ ਹਨਉਹਨਾਂ ਦੇ ਘਰਾਂ ਉੱਤੇ ਬੁਲਡੋਜ਼ਰ ਚਲਾਏ ਜਾ ਰਹੇ ਹਨਉਹ ਇਕੱਠੇ ਹੋਣ ਦੀ ਕੋਸ਼ਿਸ਼ ਕਰਦੇ ਹਨਜਦੋਂ ਡਰ ਦੇ ਮਾਰੇ ਘੱਟ ਗਿਣਤੀ ਇੱਕ ਥਾਂ ਇਕੱਤਰ ਹੁੰਦੇ ਹਨ ਤਾਂ ਦਿਮਾਗੀ ਕੱਟੜਤਾ ਹਿੰਸਾ ਨੂੰ ਹੱਲਾਸ਼ੇਰੀ ਦਿੰਦੀ ਹੈਡਰੇ ਹੋਏ ਘੱਟ ਗਿਣਤੀ ਲੋਕ ਆਪਣੀ ਹੋਂਦ ਨੂੰ ਬਚਾਉਣ ਲਈ ਦੁੱਗਣੀ ਤਾਕਤ ਨਾਲ ਬਹੁ ਗਿਣਤੀ ’ਤੇ ਹਮਲਾ ਕਰਦੇ ਹਨਜਦੋਂ ਉਹਨਾਂ ਦਾ ਵੱਸ ਨਾ ਚਲੇ ਤਾਂ ਉਹ ਗੁਰਿੱਲਾ ਹਮਲਿਆਂ ਦੇ ਢੰਗ ਤਰੀਕੇ ਇਖਤਿਆਰ ਕਰ ਲੈਂਦੇ ਹਨਅਜਿਹੇ ਹਾਲਾਤ ਵਿੱਚ ਭਾਈਚਾਰਕ ਸਾਂਝ ਨੂੰ ਵੱਡੀ ਸੱਟ ਵੱਜਦੀ ਹੈ, ਪਰ ਇਸ ਸਾਜ਼ਿਸ਼ ਦੀ ਸਿਆਸੀ ਲੋਕਾਂ ਨੂੰ ਸੱਤਾ ’ਤੇ ਕਾਬਿਜ ਹੋਣ ਵਿੱਚ ਵੱਡੀ ਮਦਦ ਮਿਲ ਜਾਂਦੀ ਹੈ

ਅੱਜ ਵੀ ਕਈ ਸ਼ਹਿਰਾਂ ਅਤੇ ਕਸਬਿਆਂ ਵਿੱਚ, ਜਿੱਥੇ ਦੰਗੇ ਹੁੰਦੇ ਹਨ, ਉਹਨਾਂ ਨੂੰ ਲੋਕ ਪਾਕਿਸਤਾਨ ਦਾ ਇਲਾਕਾ ਕਹਿੰਦੇ ਹਨਬਹੁ ਗਿਣਤੀ ਦੀ ਅਬਾਦੀ ਵਿੱਚੋਂ ਘੱਟ ਗਿਣਤੀ ਵਾਲੇ ਦੂਜੇ ਫਿਰਕੇ ਦੇ ਲੋਕ ਮਹਿਫੂਜ਼ ਬਸੇਰੇ ਦੀ ਤਲਾਸ਼ ਵਿੱਚ ਹਿਜਰਤ ਕਰ ਜਾਂਦੇ ਹਨਸਾਡੇ ਦੇਸ਼ ਨੇ, ਖਾਸ ਤੌਰ ’ਤੇ ਪੰਜਾਬ ਨੇ ਦੇਸ਼ ਦੀ ਵੰਡ ਵੇਲੇ ਇਨਸਾਨੀਅਤ ਦਾ ਘਾਣ ਕਰਨ ਵਾਲੇ ਬਹੁਤ ਵੱਡੇ ਘੱਲੂਘਾਰੇ ਦਾ ਸੰਤਾਪ ਹੰਢਾਇਆ ਹੈ, ਜਦੋਂ ਇੱਧਰੋਂ ਉੱਧਰ ਅਤੇ ਉੱਧਰੋਂ ਇੱਧਰ ਹਿਜਰਤ ਕਰਨ ਵਾਲੇ ਲੋਕ, ਜਿਹਨਾਂ ਦੇ ਆਪਸੀ ਬਹੁਤ ਗੂੜ੍ਹੇ ਰਿਸ਼ਤੇ ਸਨ, ਰਾਤੋ ਰਾਤ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਸਨਦੋਵੇਂ ਪਾਸੇ ਇਨਸਾਨੀ ਖੂਨ ਦੀਆਂ ਨਦੀਆਂ ਵਹਿ ਤੁਰੀਆਂ ਸਨਜੇਕਰ ਰੋਈਆਂ ਸਨ ਤਾਂ ਦੋਹਾਂ ਦੇਸ਼ਾਂ ਦੀਆਂ ਧਰਤੀਆਂ ਆਪਣੇ ਪੁੱਤਾਂ ਨੂੰ ਗੁਆ ਕੇ ਰੋਈਆਂ ਸਨ

ਇਹ ਦੇਸ਼ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਕਰਤਾਰ ਸਿੰਘ ਸਰਾਭੇ, ਸੁਭਾਸ਼ ਚੰਦਰ ਬੋਸ ਵਰਗੇ ਅਣਗਿਣਤ ਸ਼ਹੀਦਾਂ ਦਾ ਦੇਸ਼ ਹੈ, ਜਿਹਨਾਂ ਨੇ ਦੇਸ਼ ਦੀ ਅਜ਼ਾਦੀ ਅਤੇ ਫਿਰਕਾਪ੍ਰਸਤੀ ਨਾਲ ਲੜਦਿਆਂ ਆਪਣੀਆਂ ਜ਼ਿੰਦਗੀਆਂ ਵਾਰ ਦਿੱਤੀਆਂਦੇਸ਼ ਦੀ ਆਜ਼ਾਦੀ ਵਿੱਚ ਹਿੰਦੂ, ਸਿੱਖ, ਮੁਸਲਮਾਨ ਸਮੇਤ ਸਾਰੇ ਫਿਰਕਿਆਂ ਨੇ ਬਿਨਾਂ ਕਿਸੇ ਸਵਾਰਥ ਦੇ ਬਲੀਦਾਨ ਦਿੱਤੇਜਵਾਹਰਲਾਲ ਨਹਿਰੂ, ਮਹਾਤਮਾ ਗਾਂਧੀ, ਸਰਦਾਰ ਪਟੇਲ, ਬਾਬਾ ਸਾਹਿਬ ਅੰਬੇਡਕਰ ਅਤੇ ਅਬੁਲ ਕਲਾਮ ਆਜ਼ਾਦ ਵਰਗੇ ਲੀਡਰਾਂ ਨੇ ਦੇਸ਼ ਦੇ ਧਰਮ ਨਿਰਪੇਖ ਢਾਂਚੇ ਦੀ ਨੀਂਹ ਰੱਖੀ ਤਾਂਕਿ ਦੇਸ਼ ਵਿੱਚ ਵਸਦੇ ਵੱਖ ਵੱਖ ਫ਼ਿਰਕਿਆਂ ਦੇ ਲੋਕ ਆਪਸੀ ਭਾਈਚਾਰਕ ਸਾਂਝ ਬਣਾ ਕੇ ਅਮਨ ਅਮਾਨ ਨਾਲ ਰਹਿ ਸਕਣਦੁਨੀਆਂ ਦੇ ਦੇਸ਼ ਵੀ ਇਸ ਗੱਲ ’ਤੇ ਹੈਰਾਨ ਹਨ ਕਿ ਐਡਾ ਵੱਡਾ ਮੁਲਕ ਜਿਸ ਵਿੱਚ ਵੱਖ ਵੱਖ ਭਾਂਤ ਦੀਆਂ ਰਸਮਾਂ, ਰਿਵਾਜ਼, ਫਿਰਕੇ ਅਤੇ ਧਰਮ ਹਨ, ਉਹ ਇਸ ਢੰਗ ਨਾਲ ਇਕੱਠੇ ਕਿਵੇਂ ਰਹਿ ਸਕਦੇ ਹਨਇਹੋ ਸਾਡੇ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਇੱਥੇ ਅਨੇਕਤਾ ਵਿੱਚ ਏਕਤਾ ਦਾ ਵਾਸ ਹੈ

ਦੇਸ਼ ਦੀ ਬਦਕਿਸਮਤੀ ਇਹ ਹੈ ਕਿ ਪਿਛਲੇ ਦਸ ਸਾਲਾਂ ਤੋਂ ਕੇਂਦਰ ਦੀ ਭਾਜਪਾ ਸਰਕਾਰ ਨੇ ਵੋਟ ਦੀ ਰਾਜਨੀਤੀ ਨੂੰ ਮੁੱਖ ਰੱਖਦਿਆਂ ਨਫ਼ਰਤ ਦਾ ਬਾਜ਼ਾਰ ਗਰਮ ਰੱਖਿਆ ਹੋਇਆ ਹੈਮੰਦਰ-ਮਸਜਿਦ ਵਿਵਾਦਾਂ ਨੂੰ ਮੁੱਕਣ ਦੀ ਬਜਾਏ ਜਿੰਦਾ ਰੱਖਿਆ ਹੋਇਆ ਹੈਪ੍ਰਧਾਨ ਮੰਤਰੀ ਮੋਦੀ ਚੋਣ ਪ੍ਰਚਾਰ ਦੌਰਾਨ ਤੁਹਾਡੇ ਮੰਗਲ ਸੂਤਰ ਖੋਹ ਲੈਣ ਵਰਗੇ ਤਰ੍ਹਾਂ ਤਰ੍ਹਾਂ ਦੇ ਡਰਾਵੇ ਮਾਸੂਮ ਲੋਕਾਂ ਨੂੰ ਦੇਕੇ ਡਰਾਉਂਦੇ ਰਹੇ ਹਨਇਹ ਸ਼ੋਸ਼ੇ ਵੀ ਛੱਡੇ ਜਾਂਦੇ ਹਨ ਕਿ ਇੱਕ ਫਿਰਕਾ ਕਈ ਕਈ ਸ਼ਾਦੀਆਂ ਕਰਕੇ ਬਹੁਤ ਸਾਰੇ ਬੱਚੇ ਪੈਦਾ ਕਰਦਾ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਹਿੰਦੂਆਂ ਦੀ ਜਨ ਸੰਖਿਆ ਘਟ ਜਾਵੇਗੀਹਿੰਦੂਆਂ ਦੇ ਇੱਕ ਵਰਗ ਦਾ ਕਹਿਣਾ ਹੈ ਕਿ ਹਿੰਦੂ ਘੱਟ ਬੱਚੇ ਪੈਦਾ ਕਰਦੇ ਹਨ ਜਦਕਿ ਮੁਸਲਮਾਨ ਵੱਧਇਸ ਹਿਸਾਬ ਨਾਲ ਹਿੰਦੂ ਘੱਟ ਗਿਣਤੀ ਵਿੱਚ ਰਹਿ ਜਾਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਮੁਸਲਮਾਨ ਹਿੰਦੂਆਂ ’ਤੇ ਰਾਜ ਕਰਨਗੇਦੇਸ਼ ਵਿੱਚ ਜਿਸ ਤਰ੍ਹਾਂ ਦੀ ਫਿਰਕੂ ਸੋਚ ਨੂੰ ਹਵਾ ਦਿੱਤੀ ਜਾ ਰਹੀ ਹੈ, ਉਸ ਨਾਲ ਦੇਸ਼ ਦਾ ਸੰਵਿਧਾਨ ਅਤੇ ਇਸਦੀ ਧਰਮ ਨਿਰਪੇਖ ਸੰਕਲਪਨਾ ਗੰਭੀਰ ਖਤਰੇ ਵਿੱਚ ਹੈ

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5504)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਸੁਰਜੀਤ ਸਿੰਘ ਸਮਰਾਲਾ

ਸੁਰਜੀਤ ਸਿੰਘ ਸਮਰਾਲਾ

Samrala, Ludhiana, Punjab, India.
Phone: (91 - 98154 61301)
Email: (vishadsurjit@gmail.com)