“ਅਜਿਹੇ ਮਾਹੌਲ ਦੇ ਚੱਲਦਿਆਂ ਪੰਜਾਬ ਦੀ ਤਰੱਕੀ ਉੱਤੇ ਮੁੜ ਬ੍ਰੇਕ ਲੱਗ ਸਕਦੀ ਹੈ। ਜਿਹਨਾਂ ਵਪਾਰੀਆਂ ਨੇ ...”
(16 ਮਾਰਚ 2023)
ਇਸ ਸਮੇਂ ਪਾਠਕ: 258.
ਪੰਜਾਬ ਵਿੱਚ ਜਿਹਨਾਂ ਲੋਕਾਂ ਨੇ ਸਾਲ 1981 ਤੋਂ 1992 ਤਕ ਦਾ ਸਮਾਂ ਹੰਢਾਇਆ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਮਾਲੂਮ ਹੈ ਕਿ ਅੱਤਵਾਦ ਦੀ ਕੁੜੱਤਣ ਕੀ ਹੁੰਦੀ ਹੈ। ਇਸ ਦਹਾਕੇ ਦੌਰਾਨ ਪੰਜਾਬ ਦੀ ਚਹੁੰ ਮੁਖੀ ਤਰੱਕੀ ਵਿੱਚ ਖੜੋਤ ਆ ਗਈ ਸੀ। ਲੋਕਾਂ ਦੇ ਵੱਡੇ ਵਪਾਰ ਤਾਂ ਕੀ, ਛੋਟੇ ਵਪਾਰੀ ਵੀ ਤਬਾਹ ਹੋ ਕੇ ਰਹਿ ਗਏ ਸਨ। ਪੰਜਾਬ ਵਿੱਚ ਦਿਨ ਛਿਪਦੇ ਸਾਰ ਹੀ ਅਣ ਐਲਾਨਿਆ ਕਰਫਿਊ ਲੱਗ ਜਾਂਦਾ ਸੀ। ਜਦੋਂ ਪੁਲਿਸ ਹੱਥੋਂ ਕੋਈ ਵਾਰਦਾਤ ਹੋ ਜਾਣੀ ਤਾਂ ਸ਼ਹਿਰ ਜਾਂ ਕਸਬੇ ਨੂੰ ਬੰਦ ਕਰਾਉਣ ਲਈ ਸ਼ਹਿਰ ਦੇ ਕਿਸੇ ਨੁੱਕੜ ’ਤੇ ਇੱਕ ਹੱਥ-ਲਿਖਤ ਗਿੱਦੜ ਪਰਚੀ ਚਿਪਕਾਉਣੀ ਹੀ ਬਹੁਤ ਹੁੰਦੀ ਸੀ। ਲੋਕਾਂ ਵਿੱਚ ਬਹੁਤ ਜ਼ਿਆਦਾ ਖੌਫ ਸੀ। ਪ੍ਰਸ਼ਾਸਨ ਅੱਤਵਾਦੀਆਂ ਦੇ ਰਹਿਮੋਕਰਮ ’ਤੇ ਸੀ। ਆਮ ਆਦਮੀ ਨੂੰ ਨਹੀਂ ਸੀ ਪਤਾ ਕਿ ਉਹ ਸ਼ਾਮ ਨੂੰ ਘਰ ਪਰਤ ਵੀ ਆਵੇਗਾ ਜਾਂ ਨਹੀਂ। ਪੰਜਾਬੋਂ ਬਾਹਰ ਦੇ ਲੋਕ ਪੰਜਾਬ ਵਿੱਚ ਆਪਣਾ ਕਾਰੋਬਾਰ ਤਾਂ ਕੀ, ਪੰਜਾਬ ਵਿੱਚ ਯਾਤਰਾ ਤਕ ਕਰਨ ਤੋਂ ਡਰਦੇ ਸਨ। ਸਾਲ 1978 ਦੇ ਨਿਰੰਕਾਰੀ ਸਾਕੇ ਤੋਂ ਬਾਅਦ ਪੰਜਾਬ ਦੇ ਮਾਹੌਲ ਵਿੱਚ ਗਰਮੀ ਆਉਣੀ ਸ਼ੁਰੂ ਹੋ ਗਈ। ਸਿੱਖਾਂ ਅਤੇ ਨਿਰੰਕਾਰੀਆਂ ਵਿੱਚ ਪਾੜ ਪੈ ਗਿਆ। ਸਮੇਂ ਦੇ ਨਾਲ ਨਾਲ ਅੱਤਵਾਦ ਦੀ ਅੱਗ ਸੁਲਗਣ ਲੱਗ ਪਈ। ਪੰਜਾਬ ਇੱਕ ਬਾਰਡਰ ਸਟੇਟ ਹੈ। ਇਸ ਦੇ ਸਿਰਹਾਣੇ ’ਤੇ ਪਾਕਿਸਤਾਨ ਬੈਠਾ ਹੈ ਜੋ ਪੰਜਾਬ ਵਿੱਚ ਹਮੇਸ਼ਾ ਗੜਬੜ ਕਰਾਉਣ ਦੀ ਫਿਰਾਕ ਵਿੱਚ ਰਹਿੰਦਾ ਹੈ। ਪੰਜਾਬ ਦੀ ਇਸੇ ਗਰਮਾਹਟ ਅਤੇ ਕਾਂਗਰਸੀ ਸਿਆਸੀ ਸ਼ਰੀਕੇਬਾਜ਼ੀ ਵਿੱਚੋਂ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਹੋਇਆ। ਸੰਤ ਭਿੰਡਰਾਂਵਾਲੇ ਨੇ ਉਸ ਵੇਲੇ ਨੌਜਵਾਨਾਂ ਨੂੰ ਅਮ੍ਰਿਤ ਛਕਣ ਅਤੇ ਹਥਿਆਰ ਚੁੱਕਣ ਲਈ ਪ੍ਰੇਰਿਤ ਕੀਤਾ। ਉਸ ਨੇ ਨੌਜਵਾਨਾਂ ਨੂੰ ਸਾਬਤ ਸੂਰਤ ਰਹਿਣ, ਕਾਰਬਾਈਨਾਂ ਅਤੇ ਬੁਲਟ ਮੋਟਰ ਸਾਈਕਲ ਖਰੀਦਣ ਲਈ ਪ੍ਰੇਰਿਤ ਕੀਤਾ। ਸੰਤ ਭਿੰਡਰਾਂਵਾਲੇ ਦੀ ਸ਼ਖਸੀਅਤ ਕੁਝ ਅਜਿਹੀ ਸੀ ਕਿ ਜ਼ਿਆਦਾਤਰ ਨੌਜਵਾਨ ਉਸ ਤੋਂ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ। ਕੇਸ ਦਾਹੜਿਆਂ ਵਾਲੇ ਸਾਬਤ ਸੂਰਤ ਨੌਜਵਾਨ ਆਮ ਲੋਕਾਂ ਨੂੰ ਅੱਤਵਾਦੀ ਨਜ਼ਰ ਆਉਣ ਲੱਗ ਪਏ। ਇਸਦਾ ਅੰਜਾਮ ਇਹ ਹੋਇਆ ਕਿ ਪੰਜਾਬ ਵਿੱਚ ਸਦੀਆਂ ਤੋਂ ਚਲੇ ਆ ਰਹੇ ਆਪਸੀ ਭਾਈਚਾਰੇ ਨੂੰ ਫਿਰਕਾਪ੍ਰਸਤੀ ਦਾ ਸੇਕ ਲੱਗਣਾ ਸ਼ੁਰੂ ਹੋ ਗਿਆ। ਬੱਸਾਂ ਵਿੱਚੋਂ ਲਾਹ ਕੇ ਮਾਰਨ ਦੀਆਂ ਘਟਨਾਵਾਂ ਤੋਂ ਘੱਟ ਗਿਣਤੀ ਇੱਕ ਫਿਰਕੇ ਨੂੰ ਇਹ ਲੱਗਣ ਲੱਗ ਪਿਆ ਕਿ ਹੁਣ ਪੰਜਾਬ ਵਿੱਚ ਜੀਵਨ ਖਤਰੇ ਤੋਂ ਖਾਲੀ ਨਹੀਂ ਰਿਹਾ। ਸੰਤ ਭਿੰਡਰਾਂਵਾਲੇ ਨੇ ਅਕਾਲ ਤਖਤ ਮੱਲ ਲਿਆ ਅਤੇ ਆਦੇਸ਼ ਉੱਥੋਂ ਆਉਣੇ ਸ਼ੁਰੂ ਹੋ ਗਏ। ਦਰਬਾਰ ਸਾਹਿਬ ਅੱਤਵਾਦੀਆਂ ਦੇ ਕਬਜ਼ੇ ਹੇਠ ਆ ਗਿਆ ਜਿਸਦਾ ਮੰਦਭਾਗਾ ਅੰਜਾਮ ‘ਆਪ੍ਰੇਸ਼ਨ ਬਲਿਊ ਸਟਾਰ’ ਅਤੇ ‘ਆਪ੍ਰੇਸ਼ਨ ਬਲੈਕ ਥੰਡਰ’ ਵਿੱਚ ਹੋਇਆ।
ਅਕਾਲ ਤਖਤ ਦੇ ਢਹਿ ਢੇਰੀ ਹੋਣ ਨਾਲ ਸਿੱਖ ਫਿਰਕੇ ਦੇ ਹਿਰਦੇ ਬੁਰੀ ਤਰ੍ਹਾਂ ਵਲੂੰਧਰੇ ਗਏ। ਇਹ ਟੀਸ ਸਿੱਖਾਂ ਦੇ ਮਨਾਂ ਵਿੱਚ ਸਦੀਆਂ ਤਕ ਜਾਰੀ ਰਹੇਗੀ। ਆਪ੍ਰੇਸ਼ਨ ਬਲਿਊ ਸਟਾਰ ਦਾ ਖਮਿਆਜ਼ਾ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਣੀ ਜਾਨ ਦੀ ਦੇ ਕੇ ਭੁਗਤਣਾ ਪਿਆ। ਸਾਲ 80-90 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਕਤਲੋਗਾਰਤ ਦਾ ਦੌਰ ਆਪਣੇ ਪੂਰੇ ਜੋਬਨ’ ਤੇ ਰਿਹਾ। ਇਸ ਦੌਰਾਨ ਝੂਠੇ ਸੱਚੇ ਪੁਲਿਸ ਮੁਕਾਬਲੇ ਚਲਦੇ ਰਹੇ। ਬਹੁਤ ਸਾਰੇ ਨੌਜਵਾਨਾਂ ਦਾ ਪੁਲਿਸ ਹੱਥੋਂ ਘਾਣ ਹੋਇਆ। ਆਟੇ ਨਾਲ ਘੁਣ ਵੀ ਪਿਸਦਾ ਗਿਆ। ਪੁਲਿਸ ਅਫਸਰਾਂ ਨੂੰ ਪੁਲਿਸ ਮੁਕਾਬਲਿਆਂ ਲਈ ਤਰੱਕੀਆਂ ਤਾਂ ਜ਼ਰੂਰ ਮਿਲੀਆਂ ਪਰ ਝੂਠੇ ਪੁਲਿਸ ਮੁਕਾਬਲਿਆਂ ਦਾ ਖਮਿਆਜ਼ਾ ਉਹਨਾਂ ਨੂੰ ਅਦਾਲਤਾਂ ਦੇ ਚੱਕਰ ਕੱਟਣ ਅਤੇ ਸਜ਼ਾਵਾਂ ਦੇ ਰੂਪ ਵਿੱਚ ਭੁਗਤਣਾ ਪਿਆ।
ਸਾਲ 1992 ਤਕ ਪਹੁੰਚਦਿਆਂ ਬੇਅੰਤ ਸਿੰਘ ਦੀ ਸਰਕਾਰ ਨੇ ਅੱਤਵਾਦ ਦਾ ਖਾਤਮਾ ਤਾਂ ਕਰ ਦਿੱਤਾ, ਪਰ ਬੇਅੰਤ ਸਿੰਘ ਨੂੰ ਇਸਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਉਸ ਤੋਂ ਬਾਅਦ ਪੰਜਾਬ ਲਗਭਗ ਸ਼ਾਤੀਪੂਰਬਕ ਚੱਲ ਰਿਹਾ ਸੀ। ਬੱਸ ਵਿਦੇਸ਼ਾਂ ਵਿੱਚ ਬੈਠੇ ਕੁਝ ਕੁ ਗਰਮ ਖਿਆਲੀਏ ਖਾਲਿਸਤਾਨ ਦੇ ਨਾਂ ’ਤੇ ਆਪਣੀਆਂ ਰੋਟੀਆਂ ਸੇਕਦੇ ਰਹੇ ਪਰ ਪੰਜਾਬ ਦੇ ਲੋਕਾਂ ਉੱਤੇ, ਵਿਸ਼ੇਸ਼ ਕਰਕੇ ਸਿੱਖਾਂ ਉੱਤੇ ਇਸਦਾ ਕੋਈ ਅਸਰ ਨਾ ਪਿਆ। ਹੁਣ ‘ਵਾਰਿਸ ਪੰਜਾਬ ਦੇ’ ਨਾਂ ਦੀ ਦੀਪ ਸਿੱਧੂ ਵੱਲੋਂ ਖੜ੍ਹੀ ਕੀਤੀ ਜਥੇਬੰਦੀ ਦੀ ਕਮਾਨ ਦੁਬਈ ਤੋਂ ਆਏ ਗਰਮ ਖਿਆਲੀਏ ਅਮ੍ਰਿਤਪਾਲ ਸਿੰਘ ਵੱਲੋਂ ਸੰਭਾਲਣ ’ਤੇ ਪੰਜਾਬ ਦੇ ਮਾਹੌਲ ਵਿੱਚ ਫੇਰ ਤੋਂ ਅੱਤਵਾਦੀ ਗਰਮੀ ਮਹਿਸੂਸ ਕੀਤੀ ਜਾਣ ਲੱਗ ਪਈ ਹੈ। ਅਮ੍ਰਿਤਪਾਲ ਸਿੰਘ ਨੇ ਵੀ ਸੰਤ ਭਿੰਡਰਾਂਵਾਲੇ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹੀ ਪਹਿਰਾਵਾ ਤੇ ਚਿਹਰੇ ’ਤੇ ਉਸੇ ਤਰ੍ਹਾਂ ਦੀ ਆਭਾ ਧਾਰਣ ਕੀਤੀ ਹੋਈ ਹੈ ਅਤੇ ਹੱਥ ਵਿੱਚ ਉਸੇ ਤਰ੍ਹਾਂ ਹੀ ਤੀਰ ਫੜਿਆ ਹੁੰਦਾ ਹੈ। ਉਸ ਦੇ ਬੋਲਾਂ ਵਿੱਚੋਂ ਵੀ ਅੱਗ ਨਿਕਲਦੀ ਹੈ। ਉਸ ਦੇ ਚਿਹਰੇ ’ਤੇ ਕਿਸੇ ਨੇ ਕਦੇ ਮੁਸਕਰਾਹਟ ਨਹੀਂ ਦੇਖੀ। ਉਸਦਾ ਚਿਹਰਾ ਨਫਰਤੀ ਨਜ਼ਰ ਆਉਂਦਾ ਹੈ। ਉਹ ਵੀ ਨੌਜਵਾਨਾਂ ਨੂੰ ਅਮ੍ਰਿਤ ਛਕਾਉਣ ਦੇ ਨਾਂ ’ਤੇ ਆਪਣੇ ਨਾਲ ਲਾ ਰਿਹਾ ਹੈ। ਨੌਜਵਾਨ ਉਸ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਗੁਣਗਾਣ ਵੀ ਗਾਉਣ ਲੱਗ ਪਏ ਹਨ। ਉਹ ਆਪਣੇ ਆਪ ਨੂੰ ਭਾਰਤੀ ਨਹੀਂ ਮੰਨਦਾ। ਪਾਸਪੋਰਟ ਨੂੰ ਵੀ ਯਾਤਰਾ ਕਰਨ ਦਾ ਮਹਿਜ਼ ਇੱਕ ਦਸਤਾਵੇਜ਼ ਹੀ ਮੰਨਦਾ ਹੈ। ਉਸ ਨੇ ਸਪਸ਼ਟ ਨਹੀਂ ਕੀਤਾ ਕਿ ਜੇ ਉਹ ਭਾਰਤ ਦਾ ਨਾਗਰਿਕ ਨਹੀਂ ਹੈ ਤਾਂ ਫੇਰ ਹੋਰ ਉਹ ਕਿਸ ਦੇਸ਼ ਦਾ ਨਾਗਰਿਕ ਹੈ। ਉਸ ਦਾ ਕਹਿਣਾ ਹੈ ਕਿ ਖਾਲਿਸਤਾਨ ਉਸ ਦਾ ਅੰਤਿਮ ਨਿਸ਼ਾਨਾ ਹੈ। ਅਮ੍ਰਿਤਪਾਲ ਦੇ ਅਜਿਹੇ ਬੋਲਾਂ ’ਤੇ ਮੁੜ ਤੋਂ ਪੰਜਾਬ ਦੇ ਮਾਹੌਲ ਵਿੱਚ ਗਰਮੀ ਅਤੇ ਅਸਥਿਰਤਾ ਆਉਣ ਲੱਗ ਪਈ ਹੈ। ਜਿਹਨਾਂ ਲੋਕਾਂ ਨੇ ਤੀਹ ਕੁ ਸਾਲ ਪਹਿਲਾਂ ਦਾ ਪੰਜਾਬ ਦਾ ਅੱਤਵਾਦ ਭੋਗਿਆ ਹੈ, ਉਹ ਮੌਜੂਦਾ ਮਾਹੌਲ ਤੋਂ ਖੌਫਜ਼ਦਾ ਹਨ। ਉਹਨਾਂ ਨੂੰ ਡਰ ਹੈ ਕਿ ਪੰਜਾਬ ਵਿੱਚ ਕਿੱਧਰੇ ਮੁੜ ਅੱਤਵਾਦ ਦਾ ਦੌਰ ਨਾ ਪਰਤ ਆਵੇ!
ਅਜਿਹੇ ਮਾਹੌਲ ਦੇ ਚੱਲਦਿਆਂ ਪੰਜਾਬ ਦੀ ਤਰੱਕੀ ਉੱਤੇ ਮੁੜ ਬ੍ਰੇਕ ਲੱਗ ਸਕਦੀ ਹੈ। ਜਿਹਨਾਂ ਵਪਾਰੀਆਂ ਨੇ ਪੰਜਾਬ ਵਿੱਚ ਆਪਣਾ ਬਿਜ਼ਨਸ ਸਥਾਪਿਤ ਕਰਨ ਲਈ ਵੱਡਾ ਸਰਮਾਇਆ ਖਰਚ ਕਰਨਾ ਹੈ, ਉਹ ਇਸ ਮੁੱਦੇ ਤੇ ਕਈ ਵਾਰ ਸੋਚਣਗੇ। ਇਸ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਪੰਜਾਬ ਪਹਿਲਾਂ ਹੀ ਬੇਰੋਜ਼ਗਾਰੀ ਨਾਲ ਜੂਝ ਰਿਹਾ ਹੈ। ਪੰਜਾਬ ਦੀ ਜ਼ਿਆਦਾਤਰ ਨੌਜਵਾਨੀ ਆਇਲੈਟਸ ਕਰਕੇ ਚੰਗੇ ਭਵਿੱਖ ਦੀ ਭਾਲ ਵਿੱਚ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ। ਲਿਹਾਜ਼ਾ ਪੰਜਾਬ ਨੌਜਵਾਨੀ ਅਤੇ ਬੌਧਿਕ ਪ੍ਰਾਪਰਟੀ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ।
ਹਾਲੀਆ ਘਟਨਾਵਾਂ ਨੇ ਪੰਜਾਬ ਵਿੱਚ ਹੋਰ ਵੀ ਅਸਥਿਰਤਾ ਪੈਦਾ ਕਰ ਦਿੱਤੀ ਹੈ। ਪਿਛਲੇ ਦਿਨਾਂ ਵਿੱਚ ਚੰਡੀਗੜ੍ਹ-ਮੁਹਾਲੀ ਬਾਰਡਰ ਤੇ ‘ਕੌਮੀ ਇਨਸਾਫ ਮੋਰਚੇ’ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵਲ ਕੂਚ ਕਰਦੇ ਗਰਮ ਖਿਆਲੀਆਂ ਹੱਥੋਂ ਪੁਲਿਸ ਦਾ ਕੁਟਾਪਾ ਅਤੇ ਅਮ੍ਰਿਤਪਾਲ ਸਿੰਘ ਵੱਲੋਂ ਆਪਣੇ ਇੱਕ ਸਾਥੀ ਨੂੰ ਛੁਡਾਉਣ ਬਦਲੇ ਪੁਲਿਸ ਨੂੰ ਗੁਰੂ ਗਰੰਥ ਸਾਹਿਬ ਦੀ ਆੜ ਹੇਠ ਬੇਵੱਸ ਕਰਕੇ ਅਜਨਾਲਾ ਥਾਣੇ ’ਤੇ ਕਬਜ਼ਾ ਕਰਨਾ ਅਤੇ ਪੁਲਿਸ ਦੀ ਕੁੱਟ ਮਾਰ ਕਰਨਾ, ਪੰਜਾਬ ਸਰਕਾਰ ਦੀ ਸ਼ਰਾਰਤੀ ਅਨਸਰਾਂ ਨਾਲ ਨਿਪਟਣ ਦੀ ਇੱਛਾ ਸ਼ਕਤੀ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਸਿਤਮਜ਼ਰੀਫੀ ਤਾਂ ਇਹ ਹੈ ਕਿ ਨਾ ਤਾਂ ਚੰਡੀਗੜ੍ਹ ਦੀ ਅਤੇ ਨਾ ਹੀ ਅਜਨਾਲੇ ਦੀ ਗਰਮ ਖਿਆਲੀਆਂ ਹੱਥੋਂ ਪੁਲਿਸ ਦੀ ਹੋਈ ਕੁੱਟ ਦੀ ਕੋਈ ਐੱਫ ਆਈ ਆਰ ਦਰਜ ਹੋਈ ਹੈ। ਇਸ ਸਾਰੇ ਘਟਨਾ ਕ੍ਰਮ ਬਾਰੇ ਸਰਕਾਰ ਚੁੱਪ ਹੈ। ਕੀ ਅਜਿਹਾ ਅਮ੍ਰਿਤਪਾਲ ਦੇ ਦਬਦਬੇ ਕਾਰਣ ਹੈ ਕਿ ਜੇ ਅਮ੍ਰਿਤਪਾਲ ਤੇ ਕੋਈ ਪੁਲਿਸ ਕਾਰਵਾਈ ਕੀਤੀ ਤਾਂ ਕਿਤੇ ਮਾਹੌਲ ਖਰਾਬ ਨਾ ਹੋ ਜਾਵੇ? ਸਰਕਾਰਾਂ ਅਜਿਹੇ ਅਨਸਰਾਂ ਸਾਹਮਣੇ ਗੋਡੇ ਨਹੀਂ ਟੇਕਦੀਆਂ ਪਰ ਫਿਲਹਾਲ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਪੁਲਿਸ ਦੀ ਗਰਮ ਖਿਆਲੀਆਂ ਸਾਹਮਣੇ ਬੇਵਸੀ ਸਪਸ਼ਟ ਜ਼ਾਹਿਰ ਹੈ। ਪੰਜਾਬ ਵਿੱਚ ਨਸ਼ਾ ਅਤੇ ਗੈਂਗਸਟਰਾਂ ਦਾ ਬੋਲਬਾਲਾ ਅਤੇ ਹਾਲੀਆ ਦਿਨਾਂ ਵਿੱਚ ਗੋਇੰਦਵਾਲ ਜੇਲ੍ਹ ਵਿੱਚ ਹੋਈ ਗੈਂਗਵਾਰ ਸਰਕਾਰੀਤੰਤਰ ਦੀ ਬੇਵਸੀ ਦੀ ਤਾਜ਼ਾ ਉਦਾਹਰਣ ਹਨ। ਗੈਗਸਟਰਾਂ ਦੇ ਹੌਸਲੇ ਬੁਲੰਦ ਹਨ। ਇਹ ਜੇਲ੍ਹ ਵਿੱਚੋਂ ਆਈ ਇੱਕ ਵਾਇਰਲ ਹੋ ਰਹੀ ਵੀਡੀਓ ਤੋਂ ਸਪਸ਼ਟ ਜ਼ਾਹਿਰ ਹੈ।
ਬਿਨਾ ਸ਼ੱਕ ਪੰਜਾਬ ਸਰਕਾਰ ਅੱਤਵਾਦ ਦੇ ਨਾਲ ਨਾਲ ਭ੍ਰਿਸ਼ਟਾਚਾਰ ਨਾਲ ਵੀ ਕਰੜੇ ਹੱਥੀਂ ਲੜ ਰਹੀ ਹੈ। ਉਸ ਨੇ ਹਾਲੀਆ ਦਿਨਾਂ ਵਿੱਚ ਸਿਆਸੀ ਪਾਰਟੀਆਂ ਦੇ ਉਹਨਾਂ ਵੱਡੇ ਲੀਡਰਾਂ ਨੂੰ ਹੱਥ ਪਾਇਆ ਹੈ ਜਿਹਨਾਂ ਆਪਣੇ ਰਾਜ ਕਾਲ ਵਿੱਚ ਪੰਜਾਬ ਦੇ ਖਜ਼ਾਨੇ ਨੂੰ ਦੋਹਾਂ ਹੱਥਾਂ ਨਾਲ ਲੁੱਟਿਆ। ਪੰਜਾਬ ਸਰਕਾਰ ਦੇ ਪੱਖ ਵਿੱਚ ਗੁਰੂ ਗਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀਆਂ ਬਾਰੇ ਰਿਪੋਰਟ ਜਨਤਕ ਕਰਨ ਦਾ ਕਰੈਡਿਟ ਵੀ ਜਾਂਦਾ ਹੈ। ਇਸ ਰਿਪੋਰਟ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਕਾਲੀਆਂ ਨਾਲ ਅੰਦਰੋਗਤੀ ਦੀ ਦੋਸਤੀ ਨਿਭਾਉਣ ਬਦਲੇ ਸਾਢੇ ਚਾਰ ਸਾਲ ਤਕ ਦੱਬੀ ਬੈਠੀ ਰਹੀ।
ਪੰਜਾਬ ਸਰਕਾਰ ਤੋਂ ਪੰਜਾਬ ਦੇ ਲੋਕ ਇਹ ਉਮੀਦ ਕਰਦੇ ਹਨ ਕਿ ਉਹ ਪੰਜਾਬ ਵਿੱਚ ਉੱਭਰ ਰਹੇ ਅੱਤਵਾਦ ਨੂੰ ਕਰੜੇ ਹੱਥੀਂ ਲਵੇ। ਜੇ ਅਜਿਹਾ ਨਾ ਹੋਇਆ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਰ੍ਹਾਂ ਅਮ੍ਰਿਤਪਾਲ ਸਿੰਘ ਵੀ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨ ਲਈ ਅਕਾਲ ਤਖਤ ਸਾਹਿਬ ਨੂੰ ਆਪਣੀ ਠਾਹਰ ਬਣਾ ਲਵੇਗਾ, ਜਿਸਦਾ ਦੋਹਰਾਅ ਦੇਸ਼ ਅਤੇ ਪੰਜਾਬ ਦੀ ਜਨਤਾ ਨੂੰ ਬਰਦਾਸ਼ਤ ਨਹੀਂ ਹੋਵੇਗਾ। ਹਾਲਾਤ ਕੁਝ ਅਜਿਹੇ ਸਾਹਮਣੇ ਆ ਰਹੇ ਹਨ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਹਰਿਆਣਾ ਵੱਲੋਂ ਉੱਥੇ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਾਣਤਾ ਦੇਣ ਕਾਰਣ ਬਹੁਤ ਉਪਰਾਮ ਹਨ। ਉਹ ਦੇਸ਼ ਦੀ ਪਾਰਲੀਮੈਂਟ ਤਕ ਨੂੰ ਬਦ ਦੁਆ ਦੇਣ ਤਕ ਉੱਤਰ ਆਏ ਹਨ ਕਿ ਐੱਸ ਜੀ ਪੀ ਸੀ ਦੇ ਸਾਜ਼ਿਸ਼ਨ ਦੋ ਟੁਕੜੇ ਕੀਤੇ ਹਨ, ਰੱਬ ਉਹਨਾਂ ਦੀ ਪਾਰਲੀਮੈਂਟ ਦੇ ਕਈ ਟੁਕੜੇ ਕਰੂਗਾ। ਉਹਨਾਂ ਨੂੰ ਲਗਦਾ ਹੈ ਕਿ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਨਾਲ ਜਿੱਥੇ ਬਾਦਲਾਂ ਨੂੰ ਭਾਰੀ ਪਰੇਸ਼ਾਨੀ ਹੋਈ ਹੈ, ਉੱਥੇ ਉਸ ਦਾ ਖੁਦ ਦਾ ਤਖਤ ਵੀ ਕਮਜ਼ੋਰ ਹੋ ਕੇ ਡੋਲਣ ਲੱਗ ਪਿਆ ਹੈ। ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਸਾਰਾ ਕੁਝ ਹਜ਼ਮ ਨਹੀਂ ਹੋ ਰਿਹਾ। ਉਹ ਬੇਵਸੀ ਦੇ ਆਲਮ ਵਿੱਚ ਦੇਸ਼ ਦੀ ਪਾਰਲੀਮੈਂਟ ਨੂੰ ‘ਸਰਾਪ’ ਦੇਣ ’ਤੇ ਉੱਤਰ ਆਏ ਹਨ। ਜਦੋਂ ਤੋਂ ਪੰਜਾਬ ਦੀ ਸਿਆਸਤ ਵਿੱਚੋਂ ਬਾਦਲਾਂ ਦਾ ਭੋਗ ਪਿਆ ਹੈ, ਉਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਅਸਿੱਧੇ ਤੌਰ ’ਤੇ ਗਰਮ ਖਿਆਲੀ ਬਿਆਨ ਦੇ ਕੇ ਆਪਣੀ ਭੜਾਸ ਕੱਢ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਜਿਹੇ ਬਿਆਨ ਦੇਣ ਨਾਲ ਅਮ੍ਰਿਤਪਾਲ ਸਿੰਘ ਦੀ ਵਿਚਾਰਧਾਰਾ ਨੂੰ ਹੋਰ ਤਾਕਤ ਮਿਲਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3853)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)