“ਹਰ ਉਹ ਅਖੌਤੀ ਧਾਰਮਿਕ, ਰਾਜਨੀਤਿਕ ਨੇਤਾ, ਜਿਹੜਾ ਸਾਨੂੰ ਧਰਮ ਦੇ ਬਹਿਕਾਵੇ ਵਿੱਚ ਲਿਜਾ ਕੇ, ਧਰਮ ਨੂੰ ਖਤਰਾ ਦੱਸ ਕੇ ...”
(31 ਅਕਤੂਬਰ 2024)
ਰੋਸ਼ਨੀਆਂ ਦੇ ਤਿਉਹਾਰ ਦੇ ਦਿਨ ਹਨ, ਹਰ ਕੋਈ ਆਪਣੇ ਢੰਗ ਤਰੀਕੇ ਅਨੁਸਾਰ ਰੋਸ਼ਨੀ ਦੇ ਇਸ ਪਵਿੱਤਰ ਤਿਉਹਾਰ ਨੂੰ ‘ਜੀ ਆਇਆਂ’ ਕਹਿਣ ਦੀ ਤਿਆਰੀ ਵਿੱਚ ਹੈ। ਜੇਠ ਹਾੜ੍ਹ ਦੀ ਪਿੰਡੇ ਨੂੰ ਝੁਲਸਾ ਦੇਣ ਵਾਲੀ ਗਰਮ ਰੁੱਤ ਤੋਂ ਨਿਜਾਤ ਮਿਲਣ ਦੀ ਖੁਸ਼ੀ ਵਿੱਚ ਹਰ ਕੋਈ ਮਿੰਨ੍ਹੀ ਜਿਹੀ ਸਰਦ ਰੁੱਤ ਦੀ ਆਮਦ ’ਤੇ ਖੁਸ਼ ਹੋ ਰਿਹਾ ਹੈ ਅਤੇ ਆਪਣੇ ਪਿਆਰਿਆਂ/ਸਨੇਹੀਆਂ, ਜਿਹੜੇ ਕਿਸੇ ਕਾਰਨ ਵੱਸ ਦੂਰ ਦੁਰਾਡੇ ਰਿਜ਼ਕ ਆਦਿ ਦੀ ਪੂਰਤੀ ਲਈ ਸਫਰਾਂ ’ਤੇ ਹਨ, ਨੂੰ ਯਾਦ ਕਰ ਰਿਹਾ ਹੈ ਅਤੇ ਵਾਪਸ ਆਉਣ ਦੀਆਂ ਬੇਨਤੀਆਂ/ਅਰਜ਼ੋਈਆ ਕਰ ਰਿਹਾ ਹੈ ਕਿਉਂਕਿ ਦੀਵਿਆਂ ਦੇ ਇਸ ਤਿਉਹਾਰ ਦਾ ਸੰਬੰਧ ਵੀ ਸਾਡੇ ਇਤਿਹਾਸ/ਮਿਥਿਹਾਸ ਅਨੁਸਾਰ ਚਿਰਾਂ ਦੇ ਵਿਛੋੜੇ ਦੀ ਤਾਂਗ ਨੂੰ ਮੇਟਣ ਵਾਲੇ ਮਿਲਾਪ ਨਾਲ ਜੁੜਿਆ ਹੋਇਆ ਹੈ। ਹਰ ਕੋਈ ਆਪਣੇ ਮਿੱਤਰ ਪਿਆਰਿਆਂ/ਸਨੇਹੀਆਂ ਨੂੰ ਮਿਲ ਕੇ ਇਸ ਸੀਤ ਸਰਦ ਨੂੰ ਹੋਰ ਠੰਢਕ ਦੇਣ ਵਾਲੀ ਬਣਾਉਣਾ ਚਾਹੁੰਦਾ ਹੈ।
ਆਪਣੇ ਪਿਆਰੇ ਸਨੇਹੀਆਂ ਦੇ ਮਿਲਣ ਦੀ ਖੁਸ਼ੀ ਵਿੱਚ ਅਸੀਂ ਬਾਹਰੀ ਤੌਰ ’ਤੇ ਤੇਲ, ਘਿਓ ਦੇ ਦੀਵੇ ਬਾਲ ਕੇ ਖੁਸ਼ੀ ਦਾ ਇਜ਼ਹਾਰ ਤਾਂ ਕਰ ਲੈਂਦੇ ਹਾਂ ਪਰ ਕੀ ਅਸੀਂ ਕਦੇ ਸਮਾਜ ਪ੍ਰਤੀ ਆਪਣਾ ਫਰਜ਼ ਸਮਝਦੇ ਹੋਏ ਆਪਣੇ ਵਿਵੇਕ ਦੇ ਦੀਵੇ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ? ਜ਼ਾਹਿਰ ਹੈ ਨਹੀਂ। ਆਪਣੀ ਅੰਤਰ ਆਤਮਾ ਨੂੰ ਝੰਜੋੜ ਕੇ ਇਹ ਸਵਾਲ ਪੁੱਛਣ ਦੀ ਹਿਮਾਕਤ ਹੁਣੇ ਹੀ ਕਰੀਏ ਤਾਂ ਚੰਗਾ ਹੋਵੇਗਾ।
ਦੀਵਾ ਵਿਵੇਕ ਦਾ ਪ੍ਰਤੀਕ ਹੈ, ਬਸ਼ਰਤੇ ਬੌਧਿਕਤਾਂ ਦੇ ਤੇਲ/ਘਿਓ ਨਾਲ ਲਬਰੇਜ਼ ਬੱਤੀ ਨਾਲ ਜਗਦਾ ਹੋਵੇ। ਬੁਝਿਆ ਹੋਇਆ ਦੀਵਾ ਕਿਸੇ ਕੰਮ ਦਾ ਨਹੀਂ ਰਹਿੰਦਾ ਕਿਉਂਕਿ ਬੁਝੇ ਹੋਏ ਦੀਵੇ ਵਿੱਚ ਮਿੱਟੀ ਪਾ ਕੇ ਨਿੱਕੇ ਨਿਆਣੇ ਆਪਣਾ ਮਨ ਪਰਚਾਵਾ ਸ਼ੁਰੂ ਕਰ ਦਿੰਦੇ ਹਨ ਅਤੇ ਜੇਕਰ ਦੀਵੇ ਦੀ ਹੋਂਦ/ਹਸਤੀ ਮਿੱਟੀ ਨਾਲ ਭਰ ਗਈ ਹੋਵੇ ਤਾਂ ਉਸਦੇ ਵਿਵੇਕਸ਼ੀਲ ਹੋਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।
ਸਾਡੇ ਬੁੱਝਦੇ ਜਾਂਦੇ ਦੀਵੇ ਦੀ ਫੜਫੜਾਹਟ ਸਾਨੂੰ ਨਾ ਸੁਣਾਈ ਦੰਦੀ ਹੈ ਅਤੇ ਨਾ ਹੀ ਦਿਖਾਈ ਜਦੋਂ ਅਸੀਂ ਆਪਣੀ ਥੋੜ੍ਹ ਚਿਰੀ ਖੁਸ਼ੀ ਲਈ ਇਸ ਹਵਾ ਨੂੰ ਦਮਘੋਟੂ ਬਣਨ ਦਾ ਵਰਦਾਨ ਦਿੰਦੇ ਹਾਂ, ਪਾਣੀ ਨੂੰ ਭਿਆਨਕ ਬਿਮਾਰੀਆਂ ਦਾ ਜਨਮ ਦਾਤਾ ਬਣਾ ਦਿੰਦੇ ਹਾਂ ਕਿਉਂਕਿ ਪਾਣੀ ਦਾ ਕੰਮ ਜੀਵਨ ਤੋਰ ਨੂੰ ਅਗਾਂਹ ਵੱਲ ਨੂੰ ਤੋਰਨਾ ਹੈ। ਫਿਰ ਉਹ ਚਾਹੇ ਸਿਹਤਮੰਦ ਜੀਵਨ ਦੀ ਤੋਰ ਹੋਵੇ, ਚਾਹੇ ਬਿਮਾਰੀਆਂ ਵਿੱਚ ਵਾਧੇ ਦਾ ਕਾਰਨ ਹੋਵੇ, ਪਾਣੀ ਦਾ ਕੰਮ ਅਗਾਹਾਂ ਵਾਧਾ ਕਰਨਾ ਹੀ ਹੈ। ਹੁਣ ਇਹ ਜ਼ਿੰਮੇਵਾਰੀ ਸਾਡੀ ਅਤੇ ਅਖੌਤੀ ਵਿਕਾਸ ਕਰ ਰਹੇ ਲਾਲਚ ਨੂੰ ਪਰਨਾਏ ਮਨੁੱਖੀ ਸ਼ੈਤਾਨ ਦੀ ਹੈ ਕਿ ਉਸਨੇ ਇਸ ਜੀਵਨ ਤੋਰ ਨੂੰ ਸਿਹਤਮੰਦ ਰਹਿਣ ਦੇਣਾ ਹੈ ਜਾਂ ਫਿਰ ਨਹੀਂ। ਸੀਮਤ ਸਾਧਨਾਂ ਨਾਲ ਬੇਲੋੜੀਆਂ ਖਾਹਿਸ਼ਾਂ ਤੋਂ ਬਗ਼ੈਰ ਵੀ ਸਿਹਤਮੰਦ ਜ਼ਿੰਦਗੀ ਦੇ ਦੀਵੇ ਦੀ ਜੋਤ ਨੂੰ ਜਗਦਿਆਂ ਰੱਖਿਆ ਜਾ ਸਕਦਾ ਹੈ। ਪਰ ਸ਼ਾਇਦ ਨੇੜ ਭਵਿੱਖ ਵਿੱਚ ਇਸਦੇ ਸੰਭਵ ਹੋਣ ਦੀ ਸੰਭਾਵਨਾ ਦੀਵੇ ਥੱਲੇ ਹਨੇਰੇ ਵਾਗ ਹੈ ਕਿਉਂਕਿ ਸਾਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਹਵਾ, ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਤ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਅੱਜ ਅਸੀਂ ਆਪਣੇ ਕਿਸੇ ਵੀ ਸਮਾਗਮ ਨੂੰ ਉੰਨਾ ਚਿਰ ਸਫ਼ਲ ਨਹੀਂ ਮੰਨਦੇ, ਜਿੰਨਾ ਚਿਰ ਪਟਾਕਿਆਂ ਦੀ ਵਰਤੋਂ ਨਾ ਕਰ ਲਈਏ। ਅੱਜ ਹਰ ਤੀਜੇ ਵਿਅਕਤੀ ਨੂੰ ਸਾਹ ਲੈਣ ਵਿੱਚ ਦਿੱਕਤ ਆਉਣਾ ਆਮ ਗੱਲ ਹੈ, ਇਸਦੀ ਵਜਾਹ ਸਾਡੇ ਗੁਰੂ ਭਾਵ ਹਵਾ ਦਾ ਦੂਸ਼ਿਤ ਹੋਣਾ ਹੈ। ਬਾਬੇ ਨਾਨਕ ਦੇ ਸਿੱਖ ਅਖਵਾਉਣ ਵਾਲੇ ਅਸੀਂ ਲੋਕ ਬਾਬੇ ਨਾਨਕ ਜੀ ਦੇ ਆਗਮਨ ਪੁਰਬ ਮੌਕੇ ਬਾਬਾ ਜੀ ਵੱਲੋਂ ਦਿੱਤੇ ਉਪਦੇਸ਼ ਨੂੰ ਨਕਾਰਦੇ ਹੋਏ ਪਟਾਕੇ ਚਲਾ ਕੇ ਉਸ ਹਵਾ ਨੂੰ ਮੌਤ ਦੀ ਦੇਵੀ ਬਣਾਉਣ ਦਾ ਪੁਰਜ਼ੋਰ ਹੀਲਾ ਕਰਦੇ ਹਾਂ, ਜਿਸ ਨੂੰ ਬਾਬਾ ਜੀ ਨੇ ‘ਗੁਰੂ’ ਦਾ ਰੁਤਬਾ ਦਿੱਤਾ ਸੀ।
‘ਬਲ਼ ਇੰਜ ਕਿ ਰੌਸ਼ਨੀ ਹੋਵੇ, ਹਨੇਰਾ ਮਿਟੇ’ ਰਸੂਲ ਹਮਜ਼ਾਤੋਵ ਦੇ ਇਹ ਸ਼ਬਦ ਸਾਨੂੰ ਸੋਚਣ ਲਈ ਮਜਬੂਰ ਕਰਦੇ ਹਨ ਕਿ ਅਸੀਂ ਸੱਚਮੁੱਚ ਹੀ ਸਹੀ ਅਰਥਾਂ ਵਿੱਚ ਬਲ਼ ਰਹੇ ਹਾਂ? ਸਮਾਜ ਨੂੰ ਰੌਸ਼ਨੀ ਵੰਡ ਰਹੇ ਹਾਂ? ਜੇਕਰ ਨਹੀਂ ਤਾਂ ਫਿਰ ਕੀ ਅਸੀਂ ਆਪਣੇ ਦੀਵੇ ਦੀ ਬੌਧਿਕਤਾ ਨੂੰ ਸਿਰਫ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਤਾਂ ਨਹੀਂ ਬਾਲ਼/ਜਗਾ ਰਹੇ ਤਾਂ ਕਿ ਲੋਕ ਸਾਨੂੰ ਬੁੱਧੀਜੀਵੀ ਸਮਝਣ ਦੀ ਗਲਤੀ ਪਾਲੀ ਬੈਠਣ। ਸਾਡੇ ਦੀਵੇ ਦੀ ਰੌਸ਼ਨੀ ਉਸ ਚਿੜੀ ਵਰਗੀ ਹੋਣੀ ਚਾਹੀਦੀ ਹੈ, ਜਿਸ ਨੂੰ ਪਤਾ ਹੈ ਕਿ ਮੈਂ ਇਸ ਵਿਸ਼ਾਲ ਜੰਗਲ ਦੀ ਅੱਗ ਤਾਂ ਨਹੀਂ ਬੁਝਾ ਸਕਦੀ ਪਰ ਮੇਰਾ ਨਾਂ ਅੱਗ ਲਾਉਣ ਵਾਲਿਆਂ ਵਿੱਚ ਨਹੀਂ ਆਵੇਗਾ। ਜੇਕਰ ਸਾਡੀ ਬੌਧਿਕ ਰੁਸ਼ਨਾਈ ਨਾਲ ਕਿਸੇ ਨੂੰ ਕੋਈ ਲਾਭ ਨਹੀਂ ਹੋ ਰਿਹਾ ਤਾਂ ਸਾਡਾ ਨਾਂ ਅੱਗ ਲੱਗੀ ਤੋਂ ਤਮਾਸ਼ਾ ਦੇਖਣ ਵਾਲਿਆਂ ਵਿੱਚ ਜ਼ਰੂਰ ਨਸ਼ਰ ਹੋਵੇਗਾ।
ਵਿਵੇਕ ਦੇ ਦੀਵੇ ਦੀ ਲੋਅ ਰਾਹੀਂ ਹੀ ਅਸੀਂ ਇਸ ਸਮਾਜ ਨੂੰ ਚੰਗੇਰਾ ਬਣਾ ਸਕਾਂਗੇ। ਪਿੱਛੇ ਜਿਹੇ ਪੰਚਾਇਤੀ ਚੋਣਾਂ ਰਾਹੀਂ ਨੁਮਾਇੰਦਿਆਂ ਦੀ ਚੋਣ ਕੀਤੀ ਗਈ ਹੈ ਜੋ ਸਾਡੀ ਪੰਜਾਬੀਆਂ ਦੀ ਬੌਧਿਕ ਕੰਗਾਲਤਾ ਦਾ ਸਿਖਰ ਹੋ ਨਿੱਬੜਿਆ ਹੈ। ਪੂਰਾ ਦੇਸ਼ ਕੀ, ਹਰ ਉਹ ਥਾਂ, ਹਰ ਉਹ ਦੇਸ਼ ਦੇਖ ਰਿਹਾ ਹੈ, ਜਿੱਥੇ ਜਿੱਥੇ ਵੀ ਪੰਜਾਬੀ ਵਾਸ ਕਰ ਰਹੇ ਹਨ। ਕੋਈ ਸਮਾਂ ਸੀ ਜਦੋਂ ਪਿੰਡਾਂ ਦੇ ਸੂਝਵਾਨ ਆਗੂਆਂ ਨੂੰ ਪਿੰਡਾਂ ਦੇ ਮਸਲੇ ਹੱਲ ਕਰਨ ਵਾਸਤੇ ਚੁਣਿਆ ਜਾਂਦਾ ਸੀ ਤਾਂ ਕਿ ਮਸਲੇ ਨੂੰ ਜਿੰਨੀ ਜਲਦੀ ਹੋ ਸਕੇ, ਨਿਬੇੜਿਆ ਜ ਸਕੇ। ਪਰ ਹੁਣ ਬਿਲਕੁਲ ਇਸਦੇ ਉਲਟ ਹੋ ਰਿਹਾ ਹੈ। ਪੰਚਾਇਤ ਹੁਣ ਸੂਝਵਾਨਾਂ ਦੀ ਨਹੀਂ ਚੁਣੀ ਜਾਂਦੀ, ਬਲਕਿ ਪੰਚਾਇਤ ਉੱਤੇ ਕਬਜ਼ੇ ਕੀਤੇ/ਕਰਾਏ ਜਾਂਦੇ ਹਨ। ਹੁਣ ਪੰਚਾਇਤ ਫੈਸਲੇ ਕਰਨ ਲਈ ਨਹੀਂ ਚੁਣੀ ਜਾਂਦੀ ਬਲਕਿ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਅਤੇ ਘੜੰਮ ਚੌਧਰੀਆਂ ਦੇ ਲਏ ਫੈਸਲੇ ਸਾਰੇ ਪਿੰਡ ਉੱਤੇ ਥੋਪਣ ਲਈ ਬਣਾਈ ਜਾਂਦੀ ਹੈ। ਸਾਡੇ ਅਖੌਤੀ ਰਾਜਨੀਤਿਕ ਰਹਿਬਰ ਸਾਡੇ ਉੱਤੇ ਰਹਿਮ ਕਰਕੇ, ਸਾਨੂੰ ਭਰਾ ਮਾਰੂ ਜੰਗ ਦੀ ਖੇਡ ਵਿੱਚ ਸ਼ਾਮਿਲ ਕਰਕੇ ਚੌਧਰ ਅਤੇ ਪੈਸੇ ਦੇ ਬਲਬੂਤੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਰਹੇ ਹਨ ਅਤੇ ਅਸੀਂ ਪੰਜ ਸਾਲਾਂ ਲਈ ਇੱਕ ਦੂਜੇ ਦੇ ਦੁਸ਼ਮਣ ਬਣ ਜਾਂਦੇ ਹਾਂ। ਕਈ ਵਾਰ ਅਸੀਂ ਇਹ ਦੁਸ਼ਮਣੀਆਂ ਪੀੜ੍ਹੀ ਦਰ ਪੀੜ੍ਹੀ ਵਿਰਾਸਤ ਬਣਾ ਕੇ ਆਪਣੀ ਔਲਾਦ ਨੂੰ ਦੇਣ ਵਿੱਚ ਫਖ਼ਰ ਮਹਿਸੂਸ ਕਰਦੇ ਹਾਂ। ਸਾਡੇ ਬੌਧਿਕ ਵੇਗ ਨੂੰ ਖੁੰਢਾ ਕਰਕੇ ਅਖੌਤੀ ਨੇਤਾ ਪਾਰਟੀ ਬਦਲਣ ਲੱਗਿਆ ਗਿਰਗਿਟ ਨੂੰ ਪਿੱਛੇ ਛੱਡ ਰਿਹਾ ਹੈ। ਸਾਡੀ ਬੌਧਿਕਤਾ ਦਾ ਜ਼ਨਾਜਾ ਨਿਕਲ ਗਿਆ ਹੈ।
ਅੰਦੋਲਨੀ ਏਕੇ ਦੇ ਹਾਸਲ ਨੂੰ ਇਨ੍ਹਾਂ ਪੰਚਾਇਤੀ ਚੋਣਾਂ ਨੇ ਬਹੁਤ ਵੱਡੀ ਢਾਹ ਲਾਈ ਹੈ। ਅੰਗਰੇਜ਼ਾਂ ਵੱਲੋਂ ਅਪਣਾਈ ਗਈ ਪਾੜੋ ਤੇ ਰਾਜ ਕਰੋ ਦੀ ਨੀਤੀ ਨੂੰ ਸਾਡੇ ਅਖੌਤੀ ਰਾਜਨੀਤਿਕ ਰਹਿਬਰ ਅਜੇ ਤਕ ਵੀ ਤਿਆਗ ਨਹੀਂ ਰਹੇ ਸਗੋਂ ਧਾਰਮਿਕ ਫਿਰਕਾਪ੍ਰਸਤੀ ਦੀ ਅੱਗ ਨੂੰ ਹਵਾ ਦੇ ਕੇ ਕੁਰਸੀ ’ਤੇ ਬੈਠ ਕੇ ਸਾਡੀ ਬੌਧਿਕਤਾ ਦੇ ਉੱਠ ਰਹੇ ਜਨਾਜ਼ੇ ਨੂੰ ਦੇਖ ਕੇ ਕੱਛਾਂ ਵਜਾ ਰਹੇ ਹਨ। ਪਾੜੋ ਤੇ ਰਾਜ ਕਰੋ ਦੀ ਨੀਤੀ ਵਿਰੁੱਧ ਗਦਰੀ ਬਾਬਿਆਂ ਦੇ ਵਿਵੇਕ ਦੀ ਸਰਾਹਣਾ ਕਰਨੀ ਬਣਦੀ ਹੈ, ਜਿਨ੍ਹਾਂ ਨੇ ਧਰਮ, ਜਾਤ, ਕੌਮ ਤੋਂ ਉੱਪਰ ਉੱਠ ਕੇ ਦੇਸ਼ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣ ਲਈ ਆਪਣੇ ਵਿਵੇਕੀ ਦੀਵੇ ਨੂੰ ਜਗਾਇਆ ਅਤੇ ਦੇਸ਼ ਵਾਸੀਆਂ ਨੂੰ ਹਲੂਣਾ ਦਿੱਤਾ ਕਿ ਆਓ, ਰਲਮਿਲ ਕੇ ਆਪਣੇ ਦੇਸ਼ ਨੂੰ ਗੋਰਿਆਂ ਤੋਂ ਆਜ਼ਾਦ ਕਰਵਾਈਏ। ਅੱਜ ਸਾਨੂੰ ਗ਼ਦਰੀ ਬਾਬਿਆਂ, ਭਗਤ, ਸਰਾਭਿਆਂ ਦੇ ਰਾਹ ’ਤੇ ਚੱਲਣ ਦਾ ਅਹਿਦ ਕਰਨਾ ਚਾਹੀਦਾ ਹੈ।
ਪਰ ਅੱਜ ਸਾਡਾ ਬੌਧਿਕ ਪੱਧਰ ਨਾਇਕ ਚੁਣਨ ਦੇ ਸਮਰੱਥ ਨਹੀਂ ਰਿਹਾ। ਹਰ ਸਕਿੰਟ ਸਮਾਰਟ ਫੋਨ ਦੇ ਰੀਲ ਬਦਲਣ ਵਾਂਗ ਅਸੀਂ ਆਪਣੇ ਨਾਇਕ ਬਦਲ ਰਹੇ ਹਾਂ। ਸਹੀ ਨਾਇਕ ਦੀ ਚੋਣ ਕਰਨ ਦੀ ਸਾਡਾ ਵਿਵੇਕ ਇਜਾਜ਼ਤ ਨਹੀਂ ਦਿੰਦਾ। ਹਰ ਉਹ ਅਖੌਤੀ ਧਾਰਮਿਕ, ਰਾਜਨੀਤਿਕ ਨੇਤਾ, ਜਿਹੜਾ ਸਾਨੂੰ ਧਰਮ ਦੇ ਬਹਿਕਾਵੇ ਵਿੱਚ ਲਿਜਾ ਕੇ, ਧਰਮ ਨੂੰ ਖਤਰਾ ਦੱਸ ਕੇ ਸਾਡੀ ਬੌਧਿਕਤਾ ਨੂੰ ਖੁੰਢਾ ਕਰਕੇ ਸਾਡੇ ਵਿੱਚ ਭਰਾ ਮਾਰੂ ਜੰਗ ਸ਼ੁਰੂ ਕਰਾ ਕੇ ਆਪ ਪਾਸੇ ਹੋ ਕੇ ਤਮਾਸ਼ਾ ਦੇਖ ਰਿਹਾ ਹੈ, ਨੂੰ ਅਸੀਂ ਉੱਚ ਕੋਟੀ ਦਾ ਧਾਰਮਿਕ, ਰਾਜਨੀਤਿਕ ਲੀਡਰ ਮੰਨ ਲੈਂਦੇ ਹਨ ਕਿਉਂਕਿ ਉਹ ਸਾਡੇ ਧਰਮ ’ਤੇ ਆਏ ਸੰਕਟ ਦੀ ਪਛਾਣ ਸਾਨੂੰ ਕਰਵਾ ਦਿੰਦਾ ਹੈ, ਚਾਹੇ ਇਸ ਸੰਕਟ ਵਿੱਚ ਸਾਡੀਆਂ ਜਾਨਾਂ ਹੀ ਕਿਉਂ ਨਾ ਚਲੀਆਂ ਜਾਣ। ਅਸੀਂ ਆਪਣੇ ਵਿਵੇਕ ਦੇ ਦੀਵੇ ਨੂੰ ਜਗਾਉਣ ਦੀ ਹਿਮਾਕਤ ਨਹੀਂ ਕਰਦੇ। ਆਓ ਆਪਾਂ ਸਾਰੇ ਧਾਰਮਿਕ ਫਿਰਕਾਪ੍ਰਸਤੀ ਨੂੰ ਠੱਲ੍ਹ ਪਾਉਣ ਲਈ ਯਤਨਸ਼ੀਲ ਹੋਈਏ ਤਾਂ ਕਿ ਅਸੀਂ ਆਪਣੇ ਦੇਸ਼ ਨੂੰ ਮੁੜ ਸੁਨਹਿਰੀ ਚਿੜੀ ਬਣਾ ਸਕੀਏ। ਇਹ ਸਾਡੀ ਬੌਧਿਕ ਰੁਸ਼ਨਾਈ ਨਾਲ ਹੀ ਸੰਭਵ ਹੋ ਸਕੇਗਾ। ਕਿਤਾਬਾਂ ਅਤੇ ਕਿਤਾਬਾਂ ਵਰਗੇ ਦਾਨਿਆਂ ਦਾ ਸੰਗ ਸਾਥ ਮਾਣ ਕੇ ਹੀ ਅਸੀਂ ਆਪਣੀ ਬੌਧਿਕਤਾ ਨੂੰ ਰੌਸ਼ਨ ਕਰ ਸਕਦੇ ਹਾਂ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5406)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.