“ਉਘੜ ਦੁਘੜੇ ਜਬਾੜ੍ਹਿਆਂ ਵਾਲੇ, ਜਿਨ੍ਹਾਂ ਵਿੱਚ ਵੱਡੇ ਵੱਡੇ ਟੇਢੇ ਮੇਢੇ ਸਲੰਘ ਦੀਆਂ ਸੁੱਤਾਂ ਵਰਗੇ ਤਿੱਖੇ ਤਿੱਖੇ ਦੰਦ, ਜਿਵੇਂ ਹੁਣੇ ਹੀ ...”
(30 ਅਕਤੂਬਰ 2024)
ਤੁਹਾਡੇ ਲਈ ਇਹ ਇੱਕ ਤਲਿਸਮੀ, ਅਜੀਬੋ ਗਰੀਬ ਅਤੇ ਅਚੰਭਿਤ ਕਰਨ ਵਾਲਾ ਗੱਪ ਵਰਗਾ ਸੱਚ ਹੈ, ਜਿਸ ’ਤੇ ਤੁਹਾਨੂੰ ਇਤਬਾਰ ਕਰਨਾ ਮੁਸ਼ਕਿਲ ਹੋ ਸਕਦਾ ਹੈ। ਅਸਲ ਵਿੱਚ ਇਹ ਆਪ-ਬੀਤੀ ਹੋਣ ਕਰਕੇ ਇੱਛਤ ਯਥਾਰਥ ਨਹੀਂ ਸਗੋਂ ਪ੍ਰਾਪਤ ਯਥਾਰਥ ਹੈ। ਇਸੇ ਵਰ੍ਹੇ 2024 ਦੀ 17 ਜੂਨ ਦਾ ਘਟਨਾਕ੍ਰਮ ਹੈ ਕਿ ਪੈਰ ਫਿਸਲ ਜਾਣ ਕਰਕੇ ਮੇਰੇ ਚੂਲੇ ’ਤੇ ਗੰਭੀਰ ਚੋਟ ਆ ਗਈ। ਲੱਗਿਆ ਜਿਵੇਂ ਚੂਲੇ ਦੀ ਹੱਡੀ ਟੁੱਟ ਗਈ ਹੋਵੇ। ਦਰਦਾਂ ਨੇ ਲੇਰਾਂ ਕਢਾ ਦਿੱਤੀਆਂ ਤੇ ਸਰੀਰ ਦਾ ਬੁਰਾ ਹਾਲ ਹੋ ਗਿਆ। ਪਤਨੀ ਲੀਲਾ ਵੀ ਘਬਰਾ ਗਈ। ਘਰ ਵਿੱਚ ਸਾਵੇਂ ਜੀਅ ਹੋਣ ਕਰਕੇ ਹੋਰ ਕੌਣ ਡੰਗੋਰੀ ਬਣਦਾ। ਡਾਕਟਰ ਬੇਟੇ ਤੇਜਿੰਦਰ ਨੂੰ ਫੋਨ ਕੀਤਾ ਤਾਂ ਉਸਨੇ ਟੈਕਸੀ ਕਰਕੇ ਤੁਰੰਤ ਲੁਧਿਆਣੇ ਆਪਣੇ ਕੋਲ ਪੁੱਜਣ ਦੀ ਸਲਾਹ ਦਿੱਤੀ। ਦਰਦਾਂ ਨਾਲ ਨਿਮਾਣੀ ਜਿੰਦ ਹੱਡਾਂ ਨੂੰ ਕੜਕਾ ਰਹੀ ਸੀ ਤੇ ਮੁਗਲ ਬਾਦਸ਼ਾਹਬਹਾਦਰ ਸ਼ਾਹ ਜਫ਼ਰ ਦਾ ਸ਼ੇਅਰ ਮੇਰੇ ਦਰਦਾਂ ਨੂੰ ਪਲੋਸ ਰਿਹਾ ਸੀ:
ਪੜੀਏ ਗਰ ਬਿਮਾਰ ਤੋ, ਕੋਈ ਨ ਹੋ ਤੀਮਾਰਦਾਰ,
ਯੂੰ ਅਗਰ ਮਰ ਜਾਈਏ ਤੋ, ਨਹੁ ਖਵਾਂ ਕੋਈ ਨ ਹੋ।
ਵਰਗੀ ਹਾਲਤ ਹੋਈ ਪਈ ਸੀ। ਕੋਈ ਜੁੰਡੀ ਦਾ ਯਾਰ ਹੀ ਇਸ ਔਖੀ ਘੜੀ ਵਿੱਚ ਮੇਰੀ ਢਾਰਸ ਬਣ ਸਕਦਾ ਸੀ। ਤਾਜੋਕੇ ਦੇ ਹਾਕਮ ਸਿੰਘ ਚੌਹਾਨ ਨੂੰ ਫੋਨ ਕੀਤਾ ਤਾਂ ਉਹ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਵਾਂਗ ਆਖ ਝੱਟ ਟੈਕਸੀ ਲੈ ਕੇ ਆਣ ਬਹੁੜਿਆ। ਪਤਨੀ ਸਮੇਤ ਅਸੀਂ ਲੁਧਿਆਣੇ ਵੱਲ ਚਾਲੇ ਪਾ ਦਿੱਤੇ।
ਸਾਡੇ ਜਾਣ ਸਾਰ ਬੇਟਾ ਮੈਨੂੰ ਹੱਡੀਆਂ ਦੇ ਹਸਪਤਾਲ ਵਿੱਚ ਲੈ ਗਿਆ। ਟੀਕੇ ਲਾਉਣ ਅਤੇ ਡਾਕਟਰ ਦੇ ਦਵਾਈ ਦੇਣ ਉਪਰੰਤ ਐਕਸਰੇ ਲਿਆ ਗਿਆ। ਚੈੱਕ ਕਰਨ ’ਤੇ ਡਾਕਟਰ ਨੇ ਦੱਸਿਆ ਕਿ ਚੂਲਾ ਠੀਕ ਹੈ। ਹੱਡੀ ਟੁਟਣੋਂ ਬੱਚਤ ਰਹਿ ਗਈ ਹੈ ਪਰ ਅੰਦਰਲਾ ਜ਼ਿਆਦਾ ਮਾਸ ਫਟਣ ਕਾਰਨ ਤਕਲੀਫ਼ ਹੋ ਰਹੀ ਹੈ। ਟੀਕੇ ਤੇ ਦਵਾਈ ਲਿਖਕੇ ਡਾਕਟਰ ਨੇ ਤੇਜਿੰਦਰ ਨੂੰ ਆਖ ਦਿੱਤਾ ਕਿ ਹਸਪਤਾਲ ਵਿੱਚ ਦਾਖਲੇ ਦੀ ਲੋੜ ਨਹੀਂ, ਤੁਸੀਂ ਖ਼ੁਦ ਘਰੇ ਹੀ ਇਠਾਜ ਕਰਦੇ ਰਹਿਣਾ ਤੇ ਹਫ਼ਤੇ ਮਗਰੋਂ ਚੈੱਕ ਕਰਵਾ ਜਾਣਾ। ਘਰੇ ਹੀ ਬੇਟਾ ਇਲਾਜ ਕਰਦਾ ਰਿਹਾ ਤੇ ਰਾਹਤ ਮਿਲ ਗਈ।
ਕੁਝ ਦਿਨਾਂ ਮਗਰੋਂ ਇੱਕ ਰਾਤ ਨੇ ਬੇਚੈਨ ਕਰ ਦਿੱਤਾ। ਉੱਸਲਵੱਟੇ ਲੈਂਦਿਆਂ ਮਸਾਂ ਗਈ ਰਾਤ ਤਕ ਨੀਂਦ ਆਈ। ਉਣੀਦਰੇ ਕਾਰਨ 0ਡਡਿਆਈਆਂ ਅੱਖਾਂ ਸਾਝਰੇ ਹੀ ਖੁੱਲ੍ਹ ਗਈਆਂ। ਕਮਰੇ ਵਿੱਚ ਝਾਕਿਆ ਤਾਂ ਅਜੀਬ ਕਿਸਮ ਦਾ ਮੰਜ਼ਰ ਅੱਖਾਂ ਸਾਹਵੇਂ ਘੁੰਮਣ ਲੱਗਾ। ਇਸ ਤਰ੍ਹਾਂ ਦੇ ਦ੍ਰਿਸ਼ ਕਦੀ ਸੁਪਨੇ ਵਿੱਚ ਵੀ ਨਹੀਂ ਸਨ ਤੱਕੇ। ਜਾਗਦੀਆਂ ਤੇ ਜਗਾ ਰਹੀਆਂ ਅੱਖਾਂ ਜਿੱਧਰ ਵੀ ਝਾਕਦੀਆਂ ਉੱਧਰ ਹੀ ਅਜ਼ੀਬੋ ਗਰੀਬ ਤੇ ਬਦਸੂਰਤ ਮੜੰਗੇ ਵਾਲੀਆਂ ਡਰਾਉਣੀਆਂ ਔਰਤਾਂ ਖਾਣ ਨੂੰ ਪੈਂਦੀਆਂ। ਪਲ ਪਲ ਮਗਰੋਂ ਰੰਗ ਵਟਾਉਂਦੀਆਂ। ਸਫ਼ੈਦ ਕੰਧਾਂ ’ਤੇ ਲਗਦਾ ਜਿਵੇਂ ਭੈਭੀਤ ਕਰਨ ਵਾਲੀਆਂ ਭੈੜੀਆਂ ਮੂਰਤਾਂ ਤੁਰ ਫਿਰ ਰਹੀਆਂ ਹੋਣ। ਕਦੀ ਕਦੀ ਕੰਧਾਂ ’ਤੇ ਗੂੜ੍ਹੇ ਰੰਗਾਂ ਦੀਆਂ ਬੂਟੀਦਾਰ ਘੱਗਰੀਆਂ ਪਹਿਨੀ ਔਰਤਾਂ ਜਿਹੀਆਂ ਘੁੰਮਦੀਆਂ ਲੱਗਦੀਆਂ। ਫਿਰ ਉਹ ਆਹਿਸਤਾ ਆਹਿਸਤਾ ਸਰਕ ਕੇ ਛੱਤ ਵਿੱਚ ਜਾ ਕੇ ਲੁਪਤ ਹੋ ਜਾਂਦੀਆਂ। ਉਹ ਅਲੋਪ ਹੁੰਦੀਆਂ ਤਾਂ ਦਿਲ ਕੰਬਾਊ ਤੇ ਭੈਭੀਤ ਕਰਨ ਵਾਲੇ ਚਿੱਬ ਖੜਿੱਬੇ ਮੂੰਹ ਟੱਡੀ ਮੇਰੇ ਵੱਲ ਆਉਂਦੇ ਲਗਦੇ। ਉਨ੍ਹਾਂ ਦੀਆਂ ਅੱਗ ਉਗਲਦੀਆਂ ਜੀਭਾਂ ਵਾਲੇ ਮੁਹਾਾਂਦਰੇ ਆਪੋ ਵਿੱਚ ਭਿੜਦੇ ਜਿਵੇਂ ਮੈਨੂੰ ਵੀ ਦਬੋਚ ਲੈਣਗੇ। ਉਘੜ ਦੁਘੜੇ ਜਬਾੜ੍ਹਿਆਂ ਵਾਲੇ, ਜਿਨ੍ਹਾਂ ਵਿੱਚ ਵੱਡੇ ਵੱਡੇ ਟੇਢੇ ਮੇਢੇ ਸਲੰਘ ਦੀਆਂ ਸੁੱਤਾਂ ਵਰਗੇ ਤਿੱਖੇ ਤਿੱਖੇ ਦੰਦ, ਜਿਵੇਂ ਹੁਣੇ ਹੀ ਬੁਰਕ ਭਰ ਲੈਣਗੇ। ਖੂੰਖਾਰ ਨਕਸ਼ਾਂ ਤੇ ਧਰਤੀ ਦੇ ਬੰਦਿਆਂ ਤੋਂ ਭਿੰਨ ਤਰ੍ਹਾਂ ਦੇ, ਜਿਵੇਂ ਨਰਕਾਂ ਦੇ ਵਾਸੀ ਭੂਤ ਪ੍ਰੇਤ ਹੋਣ। ਉਹ 3-ਡੀ ਫਿਲਮ ਦੀਆਂ ਤਸਵੀਰਾਂ ਦੀ ਤਰ੍ਹਾਂ ਮੇਰੀ ਤਰਫ ਦਨਦਨਾਉਂਦੇ ਆਉਂਦੇ ਤੇ ਜਦੋਂ ਮੈਂ ਉਨ੍ਹਾਂ ਨੂੰ ਟੋਹਣ ਲਗਦਾ ਤਾਂ ਹਵਾ ਹੀ ਹੱਥ ਲਗਦੀ। ਮੈਨੂੰ ਲੱਗਿਆ ਜਿਵੇਂ ਮੇਰੀਆਂ ਅੱਖਾਂ ਵਿੱਚ ਕੋਈ ਵੱਡਾ ਨੁਕਸ ਪੈ ਗਿਆ ਹੈ। ਅੱਖਾਂ ਮੀਚਣ ’ਤੇ ਕੁਝ ਵੀ ਨਜ਼ਰ ਨਾ ਆਉਂਦਾ ਤੇ ਅੱਖਾਂ ਖੋਲ੍ਹਣ ਸਾਰ ਭਾਣਾ ਮੁੜ ਆਨੇ ਵਾਲੀ ਥਾਂ ’ਤੇ ਆ ਕੇ ਡਰਾਉਣ ਲਗਦਾ। ਮੇਰੀ ਥਾਂ ’ਤੇ ਜੇ ਕੋਈ ਕਮਦਿਲ ਹੁੰਦਾ ਤਾਂ ਜ਼ਰੂਰ ਚੀਕ ਉੱਠਦਾ ਪਰ ਮੇਰੀ ਚੇਤਨ ਬਿਰਤੀ ਨਾ ਡੋਲੀ।
ਤੇਜਿੰਦਰ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ। ਉਸ ਨੂੰ ਮੇਰੀਆਂ ਗੱਲਾਂ ਬੌਲ਼ਿਆਂ ਵਰਗੀਆਂ ਜਾਪੀਆਂ। ਉਸ ਨੇ ਆਪਣੀ ਲਿਆਕਤ ਅਨੁਸਾਰ ਆਖਿਆ ਕਿ ਅੱਖਾਂ ਚੈੱਕ ਕਰ ਲਈਆਂ ਹਨ ਤੇ ਠੀਕਠਾਕ ਹਨ। ਲਗਦਾ ਹੈ, ਬਿਮਾਰੀ ਅੱਖਾਂ ਦੀ ਨਹੀਂ, ਦਿਮਾਗੀ ਖਾਮੀ ਹੈ। ਨਿਊਰੋ ਸਿਟੀ ਹਸਪਤਾਲ ਵਾਲਾ ਡਾਕਟਰ ਮੇਰਾ ਵਾਕਿਫ਼ ਹੈ, ਉਸ ਤੋਂ ਸਮਾਂ ਲੈਕੇ ਚੈੱਕ ਅੱਪ ਕਰਵਾ ਲਿਆਵਾਂਗੇ।
ਅਗਲੇ ਮਰਹਲੇ ਉਹ ਮੈਨੂੰ ਨਿਊਰੋ ਦੇ ਡਾਕਟਰ ਕੋਲ ਲੈ ਗਿਆ। ਹਸਪਤਾਲ ਦੇ ਅਮਲੇ ਦੀ ਮੁਢਲੀ ਜਾਂਚ ਉਪਰੰਤ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਕੋਲ ਲਿਜਾਇਆ ਗਿਆ। ਬੇਟੇ ਨੇ ਮਾੜਾ ਢੱਗਾ ਛੱਤੀ ਰੋਗ ਵਰਗੇ ਸਰੀਰ ਨੂੰ ਹੁਣ ਤਕ ਲੱਗੀਆਂ ਬਿਮਾਰੀਆਂ ਬਾਰੇ ਸਮਝਾ ਦਿੱਤਾ। ਮੇਰੀ ਐੱਮ ਆਈ ਆਰ ਕਰਵਾਈ ਗਈ। ਦਿਮਾਗ ਦੀ ਇੱਕ ਨਾੜੀ ਦੇ ਲਹੂ ਦਾ ਜਮਾਅ ਨਿਕਲਿਆ ਜਿਸ ਨੂੰ infarct ਇਨਫਾਰਕਟ ਆਖਦੇ ਹਨ। ਇਸੇ ਇਨਫਾਕਟ ਅਤੇ ਇਲੈਕਟ੍ਰੋਲਾਇਟਸ ਇਮਬੈਲੈਂਸ (ਰਸਾਇਣਾਂ ਦਾ ਸੰਤੁਲਨ ਵਿਗੜਨ ਕਰਕੇ) ਇੱਕ ਮੈਡੀਕਲ ਅਵਸਥਾ ਡਿਲੀਰੀਅਮ ਪੈਦਾ ਹੋ ਗਈ ਸੀ, ਜਿਸ ਵਿੱਚ ਰੋਗੀ ਨੂੰ ਭੁਲੇਖੇ ਪੈਣ ਲੱਗ ਜਾਂਦੇ ਹਨ। ਇਲਾਜ ਸ਼ੁਰੂ ਹੋਇਆ। ਰਾਤ ਤਕ ਭੂਤ ਪ੍ਰੇਤ ਕਿਧਰੇ ਕਾਫ਼ੂਰ ਹੋ ਗਏ। ਅੱਖਾਂ ਵੀ ਨੌ ਬਰ ਨੌ ਸਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5402)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.