“ਮੈਂ ’ਗਾਹਾਂ ਤੋਂ ਮੁੰਡੇ ਨੂੰ ਹੱਥ ਨੀ ਲਾਉਂਦਾ। ਜੇ ਇਹਨੂੰ ਪੜ੍ਹਾਉਣੈ ਤਾਂ ਛੱਡ ਜਾਵੋ, ਨਹੀਂ ਤਾਂ ...”
(1 ਅਕਤੂਬਰ 2018)
ਉਦੋਂ ਮੈਂ ਮਸਾਂ ਪੰਜਵੀਂ ਜਮਾਤ ਵਿੱਚ ਹੋਣਾ। ਸਾਡੀ ਜਮਾਤ ਨੂੰ ਵਾਰੀ ਵਾਰੀ ਮਾਸਟਰ ਹਰੀ ਚੰਦ ਪੱਖੋਵਾਲੀਆ, ਮਾਸਟਰ ਨੱਥੂ ਰਾਮ ਟੂਸੇ ਅਤੇ ਸੁਰਜੀਤ ਸਿੰਘ ਲੀਲਾਂ ਵਾਲੇ ਪੜ੍ਹਾਇਆ ਕਰਦੇ ਸਨ। ਹਿਸਾਬ ਵਿੱਚ ਤਾਂ ਮੈਂ ਜਮਾਂ ਈ ਕੋਰਾ ਸੀ। ਬਾਕੀ ਮਜ਼ਮੂਨਾਂ ਵਿੱਚ ਠੀਕ ਠਾਕ ਸੀ। ਮੈਨੂੰ ਹਿਸਾਬ ਦੇ ਕੈਲੰਡਰ ਦੇ ਸਵਾਲ ਤੋਂ ਬਿਨਾਂ ਹੋਰਨਾਂ ਸਵਾਲਾਂ ਦੇ ਤਰੀਕੇ ਮੇਰੇ ਦਿਮਾਗ ਦੀ ਬੰਜਰ ਭੋਇੰ ਵਿੱਚ ਤਾ ਉਮਰ ਉਗ ਨਾ ਸਕੇ। ਅਲਜਬਰਾ, ਜੁਮੈਟਰੀ ਅਤੇ ਹਿਸਾਬ ਦੇ ਫਾਰਮੂਲੇ ਅਤੇ ਗੁਰ ਕਦੀ ਵੀ ਮੇਰੇ ਚੇਤਿਆਂ ਵਿੱਚ ਨਹੀਂ ਸਨ ਰਚੇ। ਦਸ ਤੱਕ ਦੇ ਪਹਾੜੇ ਜ਼ਰੂਰ ਮੂੰਹ ਜ਼ੁਬਾਨੀ ਯਾਦ ਹੋ ਗਏ ਸਨ। ਸਵਾਏ, ਡੂਢੇ, ਢਾਏ, ਪੌਂਚੇ ਅਤੇ ਢੌਂਚੋ ਜਿਹੇ ਪਹਾੜੇ ਮੇਰੇ ਨਾਲ ਉਮਰ ਭਰ ਮੂੰਹ ਵਿੰਗਾ ਕਰੀ ਖੜ੍ਹੇ ਰਹੇ।
ਮਾਸਟਰ ਹਰੀ ਚੰਦ ਦੀ ਜਦੋਂ ਹਿਸਾਬ ਪੜ੍ਹਾਉਣ ਦੀ ਵਾਰੀ ਆਉਣੀ ਹੁੰਦੀ ਤਾਂ ਮੈਂ ਪਹਿਲਾਂ ਹੀ ਇੱਕ ਜਾਂ ਦੋ ਨੰਬਰ ਦੀ ਛੁੱਟੀ ਦਾ ਬਹਾਨਾ ਬਣਾਕੇ ਟਾਲਾ ਵੱਟ ਜਾਂਦਾ। ਰੋਜ਼ ਰੋਜ਼ ਇਹ ਬਹਾਨਾ ਭਲਾ ਕਿਵੇਂ ਪੁੱਗਦਾ। ਅਕਸਰ ਮਾਸਟਰ ਹਰੀ ਚੰਦ ਦੇ ਕਦੇ ਨਾ ਕਦੇ ਅੜਿੱਕੇ ਆ ਹੀ ਜਾਂਦਾ। ਉਨ੍ਹਾਂ ਦਾ ਲਿਖਾਇਆ ਕੋਈ ਵੀ ਸਵਾਲ ਮੈਥੋਂ ਹੱਲ ਨਾ ਹੁੰਦਾ। ਬਚਪਨ ਤੋਂ ਹੀ ਨਿਗ੍ਹਾ ਘੱਟ ਹੋਣ ਕਰਕੇ ਅੱਗੇ ਬੈਠੇ ਮੁੰਡੇ ਦੀ ਸਲੇਟ ਤੋਂ ਨਕਲ ਵੀ ਨਾ ਮਾਰ ਹੁੰਦੀ। ਹੋਰਨਾਂ ਜਮਾਤੀਆਂ ਵਾਂਗ ਮੇਰਾ ਜਵਾਬ ਵੀ ਗਲਤ ਹੀ ਨਿਕਲਦਾ। ਸਾਡੇ ਕੰਨ ਫੜਵਾਕੇ ‘ਰਾਜੇ ਦੀ ਘੋੜੀ’ ਬਣਾਇਆ ਜਾਂਦਾ। ਮੇਰੀ ਸ਼ਾਮਤ ਆ ਜਾਂਦੀ। ਮਾਸਟਰ ਹਰੀ ਚੰਦ ਹਰ ਇੱਕ ਨੂੰ ਤੂਤ ਦੀ ਛਟੀ ਨਾਲ ਚੰਗਾ ਚਾਟ੍ਹਾ ਛਕਾਉਂਦੇ। ਬਾਕੀ ਮੁੰਡੇ ਤਾਂ ਪਹਿਲੀ ਛਟੀ ਵੱਜਣ ਸਾਰ ਹੀ ਐਵੇਂ ਮੀਚੀ ਦੀਆਂ ਲੇਰਾਂ ਮਾਰਕੇ, ਰੋਣਹਾਕੇ ਮੂੰਹ ਬਣਾਕੇ ਡਰਾਮਾ ਰਚਦੇ ਤੇ ਬਚ ਜਾਂਦੇ, ਪਰ ਜਦੋਂ ਮੇਰੀ ਵਾਰੀ ਆਉਂਦੀ ਤਾਂ ਮਾਸਟਰ ਜੀ ਨੂੰ ਪਤਾ ਨੀਂ ਕੀ ਚਿੱਪ ਚੜ੍ਹ ਜਾਂਦੀ, ਕੁੱਟਣ ਡਹਿ ਜਾਂਦੇ। ਜਦੋਂ ਤੱਕ ਮੇਰੀਆਂ ਸੱਚੀਂ ਮਿੱਚੀਂ ਦੀਆਂ ਚਿਆਂਗਾਂ ਨਾ ਨਿਕਲਦੀਆਂ, ਉਦੋਂ ਤੱਕ ਕੁੱਟੀ ਜਾਂਦੇ।
ਮੈਂ ਰੋਜ਼ ਸੁੱਖ ਸੁੱਖਦਾ ਕਿ ਹਰੀ ਚੰਦ ਮਾਸਟਰ ਬਿਮਾਰ ਹੋ ਜਾਵੇ। ਕਦੀ ਕਹਿੰਦਾ ਐਕਸੀਡੈਂਟ ਹੋਕੇ ਟੰਗਾਂ ਤੁੜਵਾਕੇ ਘਰੇ ਪਿਆ ਰਹੇ। ਮੇਰੇ ਮੂੰਹੋਂ ਸਦਾ ਮਾੜੀ ਭਾਖਿਆ ਹੀ ਨਿਕਲਦੀ। ਪਰ ਮੇਰਾ ਸਰਾਪ ਉਨ੍ਹਾਂ ਨੂੰ ਕਦੀ ਵੀ ਨਹੀਂ ਸੀ ਲੱਗਿਆ। ਸਗੋਂ ਅਗਲੀ ਭਲਕ ਹਰ ਵਾਰ ਉਨ੍ਹਾਂ ਦਾ ਪੇਠੇ ਰੰਗੀ ਪੱਗ ਵਾਲਾ ਲਹਿਰਾਉਂਦਾ ਤੁਰ੍ਹਲਾ ਅਤੇ ਅੱਧੀ ਢੂਹੀ ਤੱਕ ਲਮਕਦਾ ਲੜ ਝੱਟ ਮੇਰੇ ਸਾਹ ਸੂਤ ਲੈਂਦਾ। ਉਹ ਸਕੂਲ ਵੜਨ ਤੋਂ ਪਹਿਲਾਂ ਹੀ ਸਾਈਕਲ ਦੀ ਟੱਲੀ ਵਜਾਉਣ ਲੱਗ ਪੈਂਦੇ। ਸਕੂਲ ਵਿੱਚ ਹਾਜ਼ਰ ਮੁੰਡੇ ਜਿਓਂ ਹੀ ਖੜਕਦੀ ਟੱਲੀ ਸੁਣਦੇ ਝੱਟ ਇੱਕ ਦੂਜੇ ਤੋਂ ਮੂਹਰੇ ਭੱਜਕੇ ਉਨ੍ਹਾਂ ਦੀ ਸਾਈਕਲ ਫੜਦੇ। ਜਿੱਦਣ ਮੈਂ ਮਾਸਟਰ ਜੀ ਦਾ ਸਾਈਕਲ ਫੜਨ ਵਿੱਚ ਮੋਹਰੀ ਹੁੰਦਾ, ਮੈਂਨੂੰ ਲਗਦਾ ਅੱਜ ਮੇਰੇ ਕੁੱਟ ਨਹੀਂ ਪਵੇਗੀ। ਪਰ ਇੰਝ ਕਦੀ ਵੀ ਨਹੀਂ ਸੀ ਹੋਇਆ।
ਮਾਸਟਰ ਜੀ ਦੀ ਕੁੱਟ ਤੋਂ ਡਰ ਦਾ ਮਾਰਿਆ ਇੱਕ ਦਿਨ ਮੈਂ ਵੀ ਫੱਟੀ ਬਸਤਾ ਚੁੱਕ ਕੇ ਸਕੂਲੋਂ ਭੱਜ ਆਇਆ। ਕਈ ਦਿਨ ਸਕੂਲ ਨਾ ਵੜਿਆ। ਘਰੋਂ ਤਾਂ ਸਕੂਲ ਪੜਨ ਜਾਂਦਾ ਪਰ ਸਕੂਲ ਨਾ ਜਾਂਦਾ। ਮਟਰਗਸ਼ਤੀ ਕਰਦਾ ਰਹਿੰਦਾ ਜਾਂ ਸਕੂਲ ਲਾਗਲੇ ਸੰਤਾਂ ਦੇ ਡੇਰੇ ਵਿੱਚ ਦਿਨ ਕਟੀ ਕਰਕੇ ਸਾਰੀ ਛੁੱਟੀ ਹੋਣ ਸਾਰ ਘਰ ਪੁੱਜ ਜਾਂਦਾ। ਘਰਦੇ ਸਮਝਦੇ ਮੁੰਡਾ ਸਕੂਲੋਂ ਪੜ੍ਹਕੇ ਆਇਆ ਹੈ।
ਮਾਸਟਰ ਜੀ ਮੇਰੇ ਗੈਰ ਹਾਜ਼ਰ ਰਹਿਣ ਬਾਰੇ ਰੋਜ਼ ਪੁੱਛਦੇ। ਇੱਕ ਦਿਨ ਉਨ੍ਹਾਂ ਦੋ ਮੁੰਡੇ ਮੇਰੇ ਸਾਡੇ ਘੱਲੇ। ਉਨ੍ਹਾਂ ਮੇਰਾ ਸਕੂਲ ਨਾ ਵੜਨ ਦਾ ਸਬੱਬ ਜਾਣਨਾ ਚਾਹਿਆ ਹੋਣਾ। ਘਰੇ ਮੇਰੀ ਵਾਹਵਾ ਘੂਰ ਘੱਪ ਹੋਈ, ਪਰ ਮੈਂ ਵੀਚਰ ਗਿਆ ਕਿ ਮੈਂ ਨੀ ਪੜ੍ਹਨਾ, ਹਰੀ ਚੰਦ ਮਾਸਸਟਰ ਮੈਨੂੰ ’ਕੱਲੇ ਨੂੰ ਈ ਬਹੁਤਾ ਮਾਰਦਾ ਐ। ਅੱਖਾਂ ਵਿੱਚ ਪਾਣੀ ਭਰਕੇ ਮੈਂ ਸਕੂਲ ਨਾ ਜਾਣ ਦੀ ਆਪਣੀ ਹਿੰਡ ਪੁਗਾਉਣ ਲੱਗਿਆ ਅਤੇ ਘਰਦਿਆਂ ਦੀਆਂ ਲੇਲ੍ਹੜੀਆਂ ਕੱਢੀ ਗਿਆ।
ਅਗਲੇ ਦਿਨ ਪਿਤਾ ਜੀ ਮੈਨੂੰ ਪੁਚਕਾਰਕੇ ਸਕੂਲ ਛੱਡਣ ਲੈ ਗਏ। ਜਾਂਦਿਆਂ ਹੀ ਮਾਸਟਰ ਜੀ ਨੂੰ ਮੇਰੇ ਕੁੱਟਣ ਦਾ ਉਲਾਂਭਾ ਦੇਣ ਲੱਗ ਪਏ। ਮਾਸਟਰ ਜੀ ਨੇ ਪਿਤਾ ਜੀ ਨੂੰ ਕੁਰਸੀ ਦੇਕੇ ਪਾਣੀ ਪਿਲਾਇਆ ਤੇ ਠੰਢੇ ਮਤੇ ਨਾਲ ਸਮਝਾਉਣ ਲੱਗੇ, “ਪੰਡਤ ਜੀ, ਮੈਂ ਸੋਡੇ ਮੁੰਡੇ ਨੂੰ ਜਾਣ ਬੁੱਝ ਕੇ ਨਹੀਂ ਕੁੱਟਦਾ। ਇਸਨੂੰ ਆਪਣਾ ਸਮਝਕੇ ਹੋਰਨਾਂ ਨਾਲੋਂ ਇਸਦੀ ਵੱਧ ਝਾੜ ਝੰਬ ਕਰਦੈਂ ਤਾਂ ਕਿ ਇਹਦੇ ਖਾਨੇ ਵਿੱਚ ਵੀ ਕੋਈ ਅੱਖਰ ਪੈ ਜਾਵੇ। ਆਉਂਦਾ ਤਾਂ ਏਹਨੂੰ ਇੱਲ ਤੋਂ ਕੁੱਕੜ ਨੀ। ਜੇ ਮੁੰਡੇ ਨੂੰ ਡੰਗਰ ਚਾਰਨ ਲਾਉਣੈ ਤਾਂ ਸੋਡੀ ਮਰਜ਼ੀ। ਮੈਂ ’ਗਾਹਾਂ ਤੋਂ ਮੁੰਡੇ ਨੂੰ ਹੱਥ ਨੀ ਲਾਉਂਦਾ। ਜੇ ਇਹਨੂੰ ਪੜ੍ਹਾਉਣੈ ਤਾਂ ਛੱਡ ਜਾਵੋ, ਨਹੀਂ ਤਾਂ ਨਾ ਸਹੀ।”
ਮੇਰੇ ਮੁੜਕੜੀ ਮਾਰੀ ਤੇ ਨੀਵੀਂ ਪਾਈ ਖੜ੍ਹੇ ਨੂੰ ਵੇਖ ਮਾਸਟਰ ਜੀ ਨੇ ਮੈਨੂੰ ਪੁਚਕਾਰਕੇ ਬੁੱਕਲ ਵਿੱਚ ਲੈ ਲਿਆ। ਬੜੇ ਤਪਾਕ ਨਾਲ ਕਹਿਣ ਲੱਗੇ, “ਬੱਚੂ, ਔਹ ਦੇਖ ਸਮੁੰਦੂ ਕਾ ਦਰਸ਼ਨ ਜਾਂ ਭਜਨੇ ਕਾ ਬਿੱਲਾ ਗੁਰਬਖ਼ਸ਼ ਫੇਲ ਹੋ ਜਾਣਗੇ ਤਾਂ ਹਲ ਦਾ ਮੁੰਨਾ ਫੜ ਲੈਣਗੇ। ਮਿਲਕਣੀਏ ਕੇ ਜੈਬੇ ਕਾ ਲਾਣਾ ਕਲਕੱਤੇ ਟਰੱਕਾਂ ਦਾ ਮਾਲਕ ਐ। ਉਹ ਤਾਂ ਓਥੇ ਜਾਕੇ ਜਾ ਫੜੂ ਟਰੱਕ ਦਾ ਸਟੇਰਿੰਗ। ਨਾਈਆਂ ਦਾ ਜੀਤ ਹਜਾਮਤਾਂ ਕਰਨ ਲੱਗਜੂ, ਬਿਰਜੂ ਸਨਿਆਰੇ ਦਾ ਮੁੰਡਾ ਟੂਮਾਂ ਘੜ ਲਿਆ ਕਰੂ, ਅੰਦਰਲੇ ਵਿਹੜੇ ਆਲਾ ਬਖ਼ਸ਼ਾ ਜੁੱਤੀਆਂ ਸਿਉਂ ਲਿਆ ਕਰੂ, ਘੁਮਾਰਾਂ ਦਾ ਦੇਵ ਭੱਠਿਆਂ ਤੋਂ ਇੱਟਾਂ ਢੋਅ ਕੇ ਕਬੀਲਦਾਰੀ ਕਿਓਂਟਣ ਜੋਗਾ ਹੋਜੂ। ਬਾਮ੍ਹਣਾਂ, ਤੂੰ ਦੱਸ ਜੇ ਤੂੰ ਜੇ ਨਾ ਪੜ੍ਹਿਆ ਕੀ ਕਰੇਂਗਾ। ਹੁਣ ਤਾਂ ਲੋਕੀਂ ਬਾਮ੍ਹਣਾਂ ਨੂੰ ਸ਼ਰਾਧ ਖਵਾਉਣੋਂ ਵੀ ਹਟਗੇ। ਤੂੰ ਪੱਤਰੀ ਉਠਾਲਣ ਜੋਗਾ ਤਾਂ ਹੋਜਾ।...”
ਮਾਸਟਰ ਹਰੀ ਚੰਦ ਦੀ ਤੂਤ ਦੀ ਛਟੀ ਦੀ ਕੁੱਟ ਤਾਂ ਬੇਸ਼ਕ ਘਟ ਗਈ ਪਰ ਦਬੜੂੰ ਘੁਸੜੂੰ ਕਰਕੇ ਮੈਂ ਪੰਜਵੀਂ ਅਤੇ ਅੱਠਵੀਂ ਕਰ ਗਿਆ। 1962 ਵਿਚ ਮੇਰੇ ਕਰਮਾਂ ਨੂੰ ਪਾਸ ਫਾਰਮੂਲਾ ਕਿਸੇ ਪੰਜ ਮਜ਼ਮੂਨਾਂ ਵਿੱਚੋਂ ਪਾਸ ਹੋਣ ਦਾ ਇੱਕ ਸਾਲ ਹੀ ਰਿਹਾ। ਹਿਸਾਬ ਵਿੱਚੋਂ ਫੇਲ ਹੋਣ ਦੇ ਬਾਵਜੂਦ ਮੈਂ ਦਸਵੀਂ ਪਾਸ ਕਰ ਗਿਆ।
ਤਪੇ ਆਇਆ ਤਾਂ 1966 ਵਿੱਚ ਮੈਨੂੰ ਆਰੀਆ ਸਕੂਲ ਵਿੱਚ ਮਾਸਟਰ ਰੱਖ ਲਿਆ। ਪੜ੍ਹਾਉਂਦਿਆ ਹੀ ਮੈਂ ਪ੍ਰਾਈਵੇਟ ਤੌਰ ’ਤੇ ਗਿਆਨੀ, ਬੀਏ, ਐੱਮਏ ਅਤੇ ਐੱਮ ਫ਼ਿਲ ਤੱਕ ਦੀ ਡਿਗਰੀ ਹਾਸਲ ਕਰ ਲਈ। ਸਕੂਲ ਵਿੱਚ ਪੜ੍ਹਾਉਂਦਿਆਂ ਮੈਂ ਵੀ ਮਾਸਟਰ ਹਰੀ ਚੰਦ ਵਾਂਗ ਕਦੇ ਗਦੇ ਕਮਜ਼ੋਰ ਵਿਦਿਆਰਥੀਆਂ ਨੂੰ ਕੁੱਟ ਲੈਂਦਾ। ਇੱਕ ਦਿਨ ਅਜਿਹਾ ਗੁੱਸਾ ਆਇਆ ਕਿ ਇੱਕ ਵਿਦਿਆਰਥੀ, ਜਿਸਨੇ ਆਪਣੇ ਅੱਗੇ ਬੈਠੀ ਜਮਾਤਣ ਨਾਲ ਸ਼ਰਾਰਤ ਕੀਤੀ ਸੀ, ਮੈਥੋਂ ਜ਼ਿਆਦਾ ਹੀ ਕੁੱਟਿਆ ਗਿਆ। ਮੈਂ ਖ਼ੁਦ ਨੂੰ ਲਾਹਨਤ ਪਾਈ ’ਤੇ ਜਮਾਤ ਨੂੰ ਪੜ੍ਹਾਉਣ ਦੀ ਥਾਂ ਚੁੱਪ ਕਰਕੇ ਬਹਿ ਗਿਆ। ਸੋਚਿਆ ਕਿ ਮੇਰੇ ਵਾਂਗੂੰ ਇਹ ਮੁੰਡਾ ਵੀ ਸਕੂਲੋਂ ਨਾ ਭੱਜ ਜਾਵੇ। ਬੱਚਿਆਂ ਨੂੰ ਸਿਲੇਬਸ ਵਿੱਚ ਲੱਗੀ ਹਾਸ਼ਮ ਦੀ ਸੱਸੀ ਦੀ ਕਹਾਣੀ ਸੁਣਾਉਣ ਲੱਗ ਪਿਆ। ਕਹਾਣੀ ਮੁੱਕਣਸਾਰ ਮੈਂ ਵੇਖਿਆ ਕਿ ਕੁੱਟ ਖਾਣ ਵਾਲੇ ਮੁੰਡੇ ਦੇ ਹਟਕੋਰੇ ਬੰਦ ਹੋ ਗਏ ਸਨ। ਮੈਂ ਵਿਦਿਆਰਥੀਆਂ ਨੂੰ ਆਪਣੀ ਮਿਸਾਲ ਦੇ ਕੇ ਆਪਣਾ ਲਿਖਿਆ ਸ਼ੇਅਰ ਸੁਣਾਇਆ:
ਅਜ਼ੀਜ਼ੋ ਕਿਆ ਹੂਆ ਗਰ ਖ਼ਫ਼ਾ ਹੂਏ ਉਸਤਾਦ ਯੂੰ ਅਕਸਰ
ਤੁਮਹੇਂ ਗਰ ਡਾਂਟ ਭੀ ਡਾਲਾ ਬਨਾਨੇ ਕੇ ਲੀਏ ਬਿਹਤਰ
ਸ਼ਾਗਿਰਦੋ ਰੰਗ ਲਾਏਂਗੀ ਖਾਈ ਉਸਤਾਦ ਕੀ ਮਾਰੇਂ
ਜਬੀ ਤੁਮ ਪਾ ਲੀਏ ਰੁਤਬੇ ਬਨੇ ਜਬ ਆਲ੍ਹਾ ਤੁਮ ਅਫਸਰ।
*****
(1325)