“ਜਦੋਂ ਜੱਜ ਨੇ ਫਾਂਸੀ ਦੀ ਸਜ਼ਾ ਸੁਣਾਈ ਤਾਂ ਊਧਮ ਸਿੰਘ ਨੇ ਹਿੰਦੋਸਤਾਨੀ ਭਾਸ਼ਾ ਵਿੱਚ ਤਿੰਨ ਵਾਰ ...”
(31 ਜੁਲਾਈ 2024)
ਸ਼ਹੀਦ ਊਧਮ ਸਿੰਘ ਬਾਰੇ ਆਮ ਪਾਠਕ ਸਿਰਫ ਐਨਾ ਹੀ ਜਾਣਦੇ ਹਨ ਕਿ ਉਸਨੇ ਜਨਰਲ ਡਾਇਰ ਨੂੰ ਮਾਰ ਕੇ ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲਿਆ ਹੈ। ਲੋਕ ਇਸ ਗੱਲੋਂ ਵੀ ਅਣਜਾਣ ਹਨ ਕਿ ਜਨਰਲ ਡਾਇਰ ਕੌਣ ਸੀ ਅਤੇ ਊਧਮ ਸਿੰਘ ਨੇ ਜਿਸ ਅੰਗਰੇਜ਼ ਅਫਸਰ ਨੂੰ ਮਾਰਿਆ ਉਹ ਕੌਣ ਸੀ?
1919 ਦਾ ਜਲਿਆਂਵਾਲਾ ਬਾਗ ਕਾਂਡ ਸੱਚਮੁੱਚ ਹੀ ਗੈਰ ਮਨੁੱਖੀ ਤੇ ਕਾਲਾ ਕਾਰਨਾਮਾ ਸੀ। ਸਾਡੇ ਵਾਂਗ ਊਧਮ ਸਿੰਘ ਨੂੰ ਵੀ ਇਸਦਾ ਡਾਢਾ ਰੋਸ ਸੀ। ਉਸ ਨੇ ਮਾਈਕਲ ਓਡਵਾਇਰ ਨੂੰ ਮਾਰ ਕੇ ਅੰਗਰੇਜ਼ ਸਰਕਾਰ ਦੁਆਰਾ ਭਾਰਤੀ ਲੋਕਾਂ ’ਤੇ ਕੀਤੇ ਗਏ ਜ਼ੁਲਮਾਂ ਵਿਰੁੱਧ ਆਪਣਾ ਰੋਸ ਪ੍ਰਗਟਾ ਕੇ ਅੰਗਰੇਜ਼ ਸਰਕਾਰ ਦੇ ਮੂੰਹ ’ਤੇ ਚਪੇੜ ਮਾਰੀ ਸੀ, ਜਿਸਦੀ ਆਵਾਜ਼ ਪੂਰੀ ਦੁਨੀਆਂ ਨੇ ਸੁਣੀ ਸੀ। ਉਸ ਦੇ ਰੋਸ ਪ੍ਰਗਟਾਉਣ ਦਾ ਅਧਾਰ ਬਹੁਤ ਵਿਸ਼ਾਲ ਸੀ। ਕੇਵਲ ਇੱਕ ਸਾਕੇ ਨੂੰ ਹੀ ਉਸਦਾ ਕਾਰਨ ਦੱਸਣਾ, ਉਸਦੀ ਉੱਚੀ ਸੋਚ ਨੂੰ ਛੋਟਾ ਕਰਕੇ ਵਿਖਾਉਣਾ ਹੈ। ਅੰਗਰੇਜ਼ਾਂ ਨੇ ਭਾਰਤੀਆਂ ਨੂੰ ਥਾਂ ਥਾਂ ਗੋਲੀਆਂ ਨਾਲ ਭੁੰਨਿਆ, ਸਖ਼ਤ ਤੋਂ ਸਖ਼ਤ ਕਾਨੂੰਨ ਬਣਾ ਕੇ ਹਜ਼ਾਰਾਂ ਭਾਰਤੀਆਂ ਨੂੰ ਜੇਲ੍ਹਾਂ ਵਿੱਚ ਗਾਲਿਆ ਅਤੇ ਲੋਕਾਂ ਦੀ ਆਵਾਜ਼ ਦਬਾਉਣ ਲਈ ਹਰ ਗੈਰ ਮਨੁੱਖੀ ਤਸ਼ੱਦਦ ਕੀਤਾ। ਊਧਮ ਸਿੰਘ ਇਸ ਸਭ ਨੂੰ ਵਾਚਦਾ ਰਿਹਾ। ਅੰਤ ਨੂੰ ਗੁਲਾਮ ਬਣਾਏ ਭਾਰਤੀਆਂ ’ਤੇ ਹੋ ਰਹੇ ਇਸ ਜਬਰ ਜ਼ੁਲਮ ਨੂੰ ਅਧਾਰ ਬਣਾ ਚਾਰ ਬ੍ਰਿਟਿਸ਼ ਉੱਚ ਅਧਿਕਾਰੀਆਂ ’ਤੇ ਗੋਲੀਆਂ ਚਲਾ ਕੇ ਆਪਣਾ ਰੋਸ ਪ੍ਰਗਟਾਉਂਦਿਆਂ ਗ੍ਰਿਫਤਾਰ ਹੋ ਗਿਆ।
ਮਾਈਕਲ ਓਡਵਾਇਰ ਨੂੰ ਕਿਉਂ ਮਾਰਿਆ? ਤੇ ਉਹ ਸੀ ਕੌਣ?
ਊਧਮ ਸਿੰਘ ਨੇ ਜਿਸ ਅਫਸਰ ਨੂੰ ਮਾਰਿਆ, ਉਹ ਜਨਰਲ ਡਾਇਰ ਨਹੀਂ, ਮਾਇਕਲ ਓਡਵਾਇਰ ਸੀ, ਜੋ 26 ਮਈ 1919 ਤਕ ਪੰਜਾਬ ਦਾ ਲੈਫਟੀਨੈਂਟ ਗਵਰਨਰ ਰਿਹਾ। ਉਸ ਨੂੰ ਲਾਰਡ ਜੈੱਟਲੈਂਡ, ‘ਲਾਰਡ ਲਾਮੈਂਗਟਨ ਅਤੇ ਲੂਈਸ ਡੇਨ, ਤਿੰਨ ਅੰਗਰੇਜ਼ ਅਫਸਰਾਂ ਦੇ ਨਾਲ ਗੋਲੀਆਂ ਮਾਰੀਆਂ ਸਨ, ਜਿਹਨਾਂ ਵਿੱਚੋਂ ਮਾਈਕਲ ਓਡਵਾਇਰ ਮਾਰਿਆ ਗਿਆ ਅਤੇ ਦੂਜੇ ਤਿੰਨ ਜ਼ਖਮੀ ਹੋਏ ਸਨ। ਸਭ ਤੋਂ ਪਹਿਲਾਂ ਗੋਲੀ ਮਾਰਕੀਸ ਆਫ ਜੈੱਟਲੈਂਡ ਦੇ ਮਾਰੀ, ਜਿਹੜਾ ਹਿੰਦੋਸਤਾਨ ਵਿੱਚ 1935-40 ਤਕ ਸੈਕਟਰੀ ਆਫ ਸਟੇਟ ਨਿਯੁਕਤ ਕੀਤਾ ਸੀ ਅਤੇ ਫਿਰ ਮਾਈਕਲ ਓਡਵਾਇਰ ਦੇ ਅਤੇ ਬਾਅਦ ਵਿੱਚ ਲੁਈਸ ਡੇਨ ਜੋ ਚਾਲੀ ਸਾਲ ਤੋਂ ਭਾਰਤੀ ਸਿਵਲ ਸਰਵਿਸਿਜ਼ ਵਿੱਚ ਸ਼ਾਮਲ ਸੀ ਅਤੇ 1908 ਤੋਂ 1912 ਤਕ ਪੰਜਾਬ ਦਾ ਲੈਫਟੀਨੈਂਟ ਗਵਰਨਰ ਰਿਹਾ। ਅਗਲੀ ਗੋਲੀ ਲਾਰਡ ਲੈਮਿੰਗਟਨ ਸਾਬਕਾ ਗਵਰਨਰ ਬੰਬਈ ਅਤੇ ਉਸ ਵਕਤ ਈਸਟ ਇੰਡੀਆ ਐਸੋਸੀਏਸ਼ਨ ਦੇ ਪ੍ਰਧਾਨ ਦੇ ਮਾਰੀ। ਇਹ ਰਿਪੋਰਟ ਓਡਵਾਇਰ ਸਮੇਤ ਚਾਰਾਂ ਦੇ ਗੋਲੀ ਮਾਰਨ ਦੇ ਅਗਲੇ ਦਿਨ 14 ਮਾਰਚ 1940 ਦੇ ਲੰਡਨ ਤੋਂ ਛਪਦੇ ‘ਡੇਲੀ ਮਿਰੇਰ’ ਦੇ ਮੁੱਖ ਪੰਨੇ ’ਤੇ ਛਪੀ।
ਓਡਵਾਇਰ ਦਸੰਬਰ 1912 ਤੋਂ 26 ਮਈ 1919 ਤਕ ਪੰਜਾਬ ਦਾ ਗਵਰਨਰ ਜਨਰਲ ਲਗਾਇਆ ਗਿਆ ਸੀ। ਉਸਨੇ ਲੰਡਨ ਜਾ ਕੇ ਆਪਣੀ ਭੜਕਾਊ ਪੁਸਤਕ ‘ਭਾਰਤ ਜਿਵੇਂ ਮੈਂ ਜਾਣਿਆ’ ਲਿਖੀ, ਜਿਸ ਵਿੱਚ ਉਸਨੇ ਆਪਣੇ ਜ਼ੁਲਮੀ ਕਾਰਨਾਮਿਆਂ ਦੀ ਬੜੀ ਸ਼ੇਖੀ ਮਾਰੀ ਜੋ ਉਹ ਅਕਸਰ ਹੀ ਅਖਬਾਰਾਂ ਅਤੇ ਤਕਰੀਰਾਂ ਵਿੱਚ ਮਾਰਿਆ ਕਰਦਾ ਸੀ। ਉਹ ਬਹੁਤ ਹੀ ਜ਼ਾਲਿਮ ਗਵਰਨਰ ਸੀ, ਜਿਸ ਨੇ ਵਿਸ਼ੇਸ਼ ਅਦਾਲਤਾਂ ਰਾਹੀਂ ਗਦਰੀਆਂ ਨੂੰ ਫਾਂਸੀ, ਉਮਰ ਕੈਦ, ਕਾਲੇ ਪਾਣੀ ਅਤੇ ਜਾਇਦਾਦ ਜ਼ਬਤੀ ਦੀਆਂ ਸਜ਼ਾਵਾਂ ਕਰਵਾਈਆਂ ਸਨ। ਉਸਨੇ ਗਦਰੀਆਂ ਦੇ ਕੇਸਾਂ ਲਈ ਖਾਸ ਅਦਾਲਤਾਂ ਸਥਾਪਤ ਕੀਤੀਆਂ, ਜੋ ਮਾਮੂਲੀ ਸੁਣਵਾਈ ਪਿੱਛੋਂ ਮੌਤ ਦੀ ਸਜ਼ਾ ਵੀ ਦੇ ਸਕਦੀਆਂ ਸਨ। ਉਸ ਦੇ ਮੂੰਹੋਂ ਨਿਕਲੇ ਸ਼ਬਦ ਵੀ ਕ਼ਾਨੂੰਨ ਬਣ ਜਾਂਦੇ ਸਨ। ਅੰਗਰੇਜ਼ ਅਫਸਰਾਂ ਨੂੰ ਸਲਾਮ ਨਾ ਕਰਨ ਵਾਲੇ ਆਦਮੀਆਂ ਨੂੰ ਨੰਗੇ ਪਿੰਡੇ ਕੋੜੇਮਾਰੇ ਜਾਂਦੇ ਸਨ। ਔਰਤਾਂ ਦੇ ਮੂੰਹ ’ਤੇ ਥੁੱਕਵਾਇਆ ਜਾਂਦਾ ਸੀ। ਉਸਨੇ ਜਨਰਲ ਡਾਇਰ ਦੇ ਕਾਲੇ ਕਾਰਨਾਮੇ ਨੂੰ ਹੰਟਰ ਕਮਿਸ਼ਨ ਅੱਗੇ ਜਾਇਜ਼ ਠਹਿਰਾਇਆ ਸੀ ਅਤੇ ਕਾਨੂੰਨੀ ਲੜਾਈ ਵਿੱਚ ਉਸਦੀ 10 ਹਜ਼ਾਰ ਡਾਲਰ ਦੀ ਮਦਦ ਵੀ ਕੀਤੀ ਸੀ। ਬੰਬਈ ਕਰੋਨੀਕਲ ਅਖਬਾਰ ਨੇ ਉਸ ਨੂੰ ਜ਼ਾਲਿਮ ਹੋਣ ਕਰਕੇ ‘ਨਾਦਿਰ ਸ਼ਾਹ’ ਗਰਦਾਨਿਆ ਸੀ। ਗੁਰੂ ਕੇ ਲਾਡਲੇ ਨਾ ਨਾਦਰ ਕਿਆਂ ਨੂੰ ਬਖਸ਼ਣ ਨਾ ਬਾਬਰ ਕਿਆਂ ਨੂੰ। ਇਸੇ ਕਰਕੇ ਊਧਮ ਸਿੰਘ ਨੂੰ ਸਮਿੱਥ ਐਂਡ ਵੈਸਨ ਕੰਪਨੀ ਦਾ 6 ਬੋਰ ਦਾ ਪਿਸਤੌਲ ਓਡਵਾਇਰ ਵਰਗੇ ਜ਼ਾਲਮ ਅੰਗਰੇਜ਼ ਅਫਸਰ ਸਮੇਤ ਚਾਰ ਉੱਚ ਅਧਿਕਾਰੀ ਗੋਰਿਆਂ ’ਤੇ ਖਾਲੀ ਕਰਨਾ ਪਿਆ।
ਇਹ ਵੇਖਿਆ ਜਾਵੇ ਤਾਂ ਊਧਮ ਸਿੰਘ ਬਹੁਤ ਵੱਡੀ ਸੋਚ ਵਾਲਾ ਵਿਅਕਤੀ ਸੀ, ਜੋ ਵੱਡੇ ਮਕਸਦ ਲਈ ਹੀ ਜਿਊਂਦਾ ਰਿਹਾ ਅਤੇ ਵੱਡੇ ਮਕਸਦ ਲਈ ਹੀ ਕੁਰਬਾਨ ਹੋਇਆ। ਉਸ ਦੇ ਸੰਘਰਸ਼ਮਈ ਗਦਰੀ ਜੀਵਨ ਵਿੱਚੋਂ ਸੰਪੂਰਨ ਊਧਮ ਸਿੰਘ ਪੇਸ਼ ਹੁੰਦਾ ਹੈ।
ਊਧਮ ਸਿੰਘ ਗ਼ਦਰ ਪਾਰਟੀ, ਇੰਡੀਅਨ ਵਰਕਰ ਐਸੋਸੀਏਸ਼ਨ, ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਨਾਲ ਜੁੜਿਆ ਗੱਭਰੂ ਸੀ। ਅਮਰੀਕਾ ਵਿੱਚ ਰਹਿੰਦਿਆਂ ਗ਼ਦਰ ਪਾਰਟੀ ਵੱਲੋਂ ਉਸ ਦੀ ਡਿਊਟੀ ਲੱਗੀ ਸੀ ਕਿ ਉਹ ਪੰਜਾਬ ਜਾ ਕੇ ਫੰਡ ਇਕੱਠਾ ਕਰੇ। 27 ਜੁਲਾਈ 1927 ਨੂੰ ਉਹ ਕਰਾਚੀ ਪਹੁੰਚਿਆ ਤਾਂ ਉੱਥੇ ਫੜਿਆ ਗਿਆ। ਉਸ ਕੋਲੋਂ ਗਦਰੀ ਸਾਹਿਤ ਮਿਲਣ ਕਰਕੇ ਉਸ ਨੂੰ ਜੁਰਮਾਨਾ ਕੀਤਾ ਗਿਆ। ਸਰਕਾਰੀ ਜਾਸੂਸਾਂ ਨੇ ਉਸਦਾ ਪਿੱਛਾ ਕਰਨਾ ਜਾਰੀ ਰੱਖਿਆ ਅਤੇ 30 ਅਗਸਤ 1927 ਨੂੰ ਅੰਮ੍ਰਿਤਸਰ ਵਿਖੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ ਗਦਰੀ ਸਾਹਿਤ ਦੇ ਨਾਲ ਹੀ ਇੱਕ ਪਿਸਤੌਲ ਵੀ ਬਰਾਮਦ ਹੋਇਆ। ਇਸ ਕਰਕੇ ਉਸ ਨੂੰ ਪੰਜ ਸਾਲ ਦੀ ਸਜ਼ਾ ਵੀ ਹੋਈ!
ਊਧਮ ਸਿੰਘ ਗਦਰ ਪਾਰਟੀ ਦਾ ਹੀ ਅਗਲਾ ਰੂਪ ਜਾਣੇ ਜਾਂਦੇ ਬੱਬਰ ਅਕਾਲੀ ਲਹਿਰ ਨਾਲ ਵੀ ਜੁੜਿਆ ਰਿਹਾ। ਊਧਮ ਸਿੰਘ ਉਸ ਜਥੇ ਦਾ ਮੈਂਬਰ ਵੀ ਬਣਿਆ, ਜੋ 1923 ਵਿੱਚ ਉਸ ਅੰਗਰੇਜ਼ ਪੁਲਿਸ ਅਫਸਰ, ਬੀ ਟੀ ਨੂੰ ਸੋਧਾ ਲਾਉਣ ਲਈ ਬਣਿਆ ਸੀ, ਜਿਸਨੇ ਗੁਰੂ ਕੇ ਬਾਗ ਮੋਰਚੇ ਵਿੱਚ ਸਿੱਖਾਂ ਨੂੰ ਡਾਂਗਾਂ ਨਾਲ ਕੁੱਟਿਆ ਸੀ। ਬਾਅਦ ਵਿੱਚ ਉਹ ਚੌਧਰੀ ਸ਼ੇਰ ਜੰਗ ਅਤੇ ਹੋਰ 15-16 ਮੈਂਬਰਾਂ ਦਾ ਜਥਾ ਬਣਾ ਕੇ ਭਗਤ ਸਿੰਘ ਨਾਲ ਨੌਜਵਾਨ ਭਾਰਤ ਸਭਾ ਵਿੱਚ ਕੰਮ ਕਰਨ ਲੱਗਿਆ। ਅੰਮ੍ਰਿਤਸਰ ਵਿੱਚ ਉਸ ਦੇ ਨਾਲ ਲੱਕੜ ਦੇ ਕੰਮ ਦੀ ਦੁਕਾਨ ’ਤੇ ਭਗਤ ਸਿੰਘ ਨਾਲ ਮਿਲਣੀਆਂ ਬਾਰੇ ਵੀ ਲਿਖਿਆ ਮਿਲਦਾ ਹੈ। ਆਪਣੇ ਹੱਥ ਲਿਖਤ ਨੋਟਾਂ ਵਿੱਚ ਨਨਕਾਣਾ ਸਾਹਿਬ ਵਿੱਚ ਅੰਗਰੇਜ਼ ਸਰਕਾਰ ਦੀ ਸ਼ਹਿ ’ਤੇ ਮਹੰਤਾਂ ਦੁਆਰਾ 200 ਸਿੱਖਾਂ ਨੂੰ ਮਾਰਨ ਅਤੇ ਹੋਰਨਾਂ ਨੂੰ ਜ਼ਿੰਦਾ ਜਲਾਉਣ ਦਾ ਉਸ ਨੂੰ ਰੋਸ ਸੀ ਅਤੇ ਉਹ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਮੰਨਦਾ ਸੀ। ਉਸ ਨੇ ਭਗਤ ਸਿੰਘ ਵਾਂਗ 42 ਦਿਨ ਭੁੱਖ ਹੜਤਾਲ ਵੀ ਕੀਤੀ ਸੀ।
ਊਧਮ ਸਿੰਘ 5 ਜੂਨ 1940 ਨੂੰ ਜਿਹੜੇ 8 ਪੰਨੇ ਅਦਾਲਤ ਵਿੱਚ ਆਪਣੇ ਬਿਆਨਾਂ ਵਜੋਂ ਬੋਲਣ ਲਈ ਲੈ ਕੇ ਗਿਆ ਸੀ, ਉਹਨਾਂ ਦੀ ਸ਼ੁਰਆਤ ਬ੍ਰਿਟਿਸ਼ ਸਾਮਰਾਜ ਮੁਰਦਾਬਾਦ, ਇੰਗਲੈਂਡ ਮੁਰਦਾਬਾਦ ਨਾਲ ਕੀਤੀ ਹੋਈ ਸੀ। ਇਸ ਬਿਆਨ ਵਿੱਚ ਕਰਤਾਰ ਸਿੰਘ ਸਰਾਭੇ ਦੇ ਸ਼ਿਅਰ ਵੀ ਲਿਖੇ ਸਨ ਅਤੇ ਉਹਨਾਂ ਵਿੱਚ 1918 ਵਿੱਚ ਬਜਬਜ ਘਾਟ ਵਾਲੇ ਗੋਲੀਕਾਂਡ ਦਾ ਜ਼ਿਕਰ ਵੀ ਸੀ। ਜਦੋਂ ਉਹ ਅੰਗਰੇਜ਼ ਹਕੂਮਤ ਦੁਆਰਾ ਭਾਰਤੀ ਜਨਤਾ ’ਤੇ ਕੀਤੇ ਜਾ ਚੁੱਕੇ ਅਤੇ ਹੋ ਰਹੇ ਜ਼ੁਲਮਾਂ ਬਾਰੇ ਅਦਾਲਤਾਂ ਵਿੱਚ ਬੋਲ ਰਿਹਾ ਸੀ ਤਾਂ ਜੱਜ ਨੇ ਰੁਕਣ ਲਈ ਕਿਹਾ ਪਰ ਉਹ ਬੋਲੀ ਗਿਆ। ਜਦੋਂ ਜੱਜ ਨੇ ਫਾਂਸੀ ਦੀ ਸਜ਼ਾ ਸੁਣਾਈ ਤਾਂ ਊਧਮ ਸਿੰਘ ਨੇ ਹਿੰਦੋਸਤਾਨੀ ਭਾਸ਼ਾ ਵਿੱਚ ਤਿੰਨ ਵਾਰ ਇਨਕਲਾਬ, ਇਨਕਲਾਬ, ਇਨਕਲਾਬ ਬੋਲਿਆ ਫਿਰ ਉੱਚੀ ਆਵਾਜ਼ ਵਿੱਚ ਬ੍ਰਿਟਿਸ਼ ਸਾਮਰਾਜ ਮੁਰਦਾਬਾਦ, ਅੰਗਰੇਜ਼ ਕੁੱਤੇ ਮੁਰਦਾਬਾਦ, ਭਾਰਤ ਅਮਰ ਰਹੇ! ਦੇ ਨਾਅਰੇ ਲਾਏ। ਊਧਮ ਸਿੰਘ ਨੇ ਫੈਸਲਾ ਸੁਣ ਕੇ ਕਾਨੂੰਨੀ ਸਲਾਹਕਾਰਾਂ ਦੇ ਮੇਜ਼ ਦੇ ਉੱਪਰ ਦੀ ਜੀਊਰੀ ਵੱਲ ਥੁੱਕਿਆ। ਜੱਜ ਨੇ ਉਸਦੇ ਕਟਹਿਰੇ ਵਿੱਚ ਦਿੱਤੇ ਇਸ ਭਾਸ਼ਣ ਦੇ ਛਪਣ ’ਤੇ ਪਾਬੰਦੀ ਲਗਾ ਦਿੱਤੀ ਸੀ। 31 ਜੁਲਾਈ 1940 ਨੂੰ ਉਡਵਾਇਰ ਕਤਲ ਕੇਸ ਵਿੱਚ ਊਧਮ ਸਿੰਘ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ।
ਰਾਮ ਮੁਹੰਮਦ ਸਿੰਘ ਆਜ਼ਾਦ, ਨਾਮ ਦਾ ਪ੍ਰਚਾਰ:
ਊਧਮ ਸਿੰਘ ਦਾ ਜੋ ਰਿਕਾਰਡ ਮਿਲਿਆ ਹੈ, ਉਸ ਵਿੱਚ ਉਸ ਦੇ ਕਈ ਨਾਮ ਮਿਲਦੇ ਹਨ ਜਿਵੇਂ ਊਧਮ ਸਿੰਘ, ਮੁਹੰਮਦ ਸਿੰਘ ਆਜ਼ਾਦ, ਮੁਹੰਮਦ ਆਜ਼ਾਦ ਸਿੰਘ, ਆਜ਼ਾਦ ਸਿੰਘ, ਬਾਵਾ ਸਿੰਘ, ਸ਼ੇਰ ਸਿੰਘ, ਉਦੇ ਸਿੰਘ, ਫਰੈਂਕ ਬ੍ਰਾਜ਼ੀਲ ਸਿਬਦੂ ਸਿੰਘ, ਯੂ ਐੱਸ ਸਿੱਧੂ, ਪਰ ਰਾਮ ਮੁਹੰਮਦ ਸਿੰਘ ਕਿਤੇ ਨੀ ਮਿਲਦਾ।
ਸਾਨੂੰ ਇਸ ਮਹਾਨ ਦੇਸ਼ ਭਗਤ ਸੂਰਮੇ ਨੂੰ ਕੌਮੀ ਸ਼ਹੀਦ ਦਾ ਦਰਜ਼ਾ ਦਿਵਾਉਣ ਦੀ ਮੰਗ ਕਰਨੀ ਚਾਹੀਦੀ ਹੈ। ਉਸ ਤੋਂ ਪਹਿਲਾਂ ਉਸ ਦੀ ਸਹੀ ਸੋਚ ਬਾਰੇ ਨਵੇਂ ਲੇਖ, ਗੀਤ, ਕਵਿਤਾਵਾਂ ਆਦਿ ਲਿਖਣੀਆਂ ਚਾਹੀਦੀਆਂ ਹਨ। ਉਸਦੀਆਂ ਵਿਸ਼ੇਸ਼ ਚੀਜ਼ਾਂ, ਜੋ ਵੱਖ ਵੱਖ ਥਾਵਾਂ ’ਤੇ ਪਈਆਂ ਹਨ, ਉਹ ਇੱਕ ਥਾਂ ਇਕੱਠੀਆਂ ਕਰਕੇ ਰੱਖੀਆਂ ਜਾਣ। ਉਸ ਦੀਆਂ ਹੋਰ ਚੀਜ਼ਾਂ ਰਿਵਾਲਵਰ, ਗੋਲੀਆਂ, ਡਾਇਰੀ, ਜੋ ਇੰਗਲੈਂਡ ਵਿੱਚ ਪਈਆਂ ਹਨ ਉਹਨਾਂ ਨੂੰ ਭਾਰਤ ਲਿਆਂਦਾ ਜਾਵੇ। ਇਤਿਹਾਸਕਾਰ, ਬੁੱਧੀਜੀਵੀ ਅਤੇ ਸੁਹਿਰਦ ਪੰਜਾਬੀ ਪਾਠਕ ਇਸ ਮਹਾਨ ਸ਼ਹੀਦ ਬਾਰੇ ਚਰਚਾ ਛੇੜ ਕੇ ਲੋਕਾਂ ਵਿੱਚ ਅਸਲੀ ਊਧਮ ਸਿੰਘ ਪ੍ਰਗਟ ਕਰਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5175)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.