“ਬੱਚਿਆਂ ਦੀ ਉਤਸੁਕਤਾ ਵੇਖਣ ਵਾਲੀ ਸੀਕਿਉਂਕਿ ਮੈਂ ਬਹੁਤ ਵਾਰੀ ਟੂਣੇ-ਟਾਮਣਾਂ, ਵਹਿਮਾਂ ਭਰਮਾਂ, ਪਾਖੰਡਾਂ ਬਗੈਰਾ ਬਾਰੇ ...”
(3 ਜੁਲਾਈ 2024)
ਇਸ ਸਮੇਂ ਪਾਠਕ: 285.
ਪਿਛਲੇ ਸਾਲ ਪੰਜਾਬ ਖੇਡਾਂ ਵਿੱਚ ਡਿਊਟੀ ਲੱਗੀ ਹੋਈ ਹੋਣ ਕਰਕੇ ਮੈਂ ਲਗਾਤਾਰ ਦਸ ਦਿਨ ਸਕੂਲ ਨਹੀਂ ਸੀ ਜਾ ਸਕਿਆ। ਸਾਰੀ ਡਿਊਟੀ ਭੁਗਤਾ ਕੇ ਡੇਢ ਕੁ ਹਫ਼ਤੇ ਬਾਅਦ ਜਿਸ ਦਿਨ ਮੈਂ ਅਜੇ ਸਕੂਲ ਪੁੱਜਿਆ ਹੀ ਸੀ, ਕਿ ਸਾਰੇ ਬੱਚੇ ‘ਸਾਸਰੀ ਕਾਲ’ ਕਰਦੇ-ਕਰਦੇ ਮੇਰੇ ਆਲ਼ੇ-ਦੁਆਲ਼ੇ ਇਕੱਠੇ ਹੋ ਗਏ। ਉਹਨਾਂ ਵਿੱਚੋਂ ਛੇਵੀਂ ਦਾ ਗੁਰਜੋਤ ਕਹਿੰਦਾ, “ਸਰ ਜੀ, ਆਪਣੇ ਸਕੂਲ ਵਿੱਚ ਟੂਣਾ ਕਰਿਆ ਹੋਇਆ ਏ ਕਿਸੇ ਨੇ।”
“ਅੱਛਾ! ... ... ਕਿੱਥੇ?” ਮੈਂ ਹੱਸਦਿਆਂ ਥੋੜ੍ਹੀ ਜਿਹੀ ਹੈਰਾਨੀ ਪਰ ਜ਼ਿਆਦਾ ਉਤਸੁਕਤਾ ਨਾਲ ਪੁੱਛਿਆ। ਉਸਨੇ ਟੂਣੇ ਬਾਰੇ ਮੈਨੂੰ ਦੱਸਿਆ ਹੀ ਐਦਾਂ ਸੀ ਜਿਵੇਂ ਸਾਡੇ ਸਕੂਲ ਵਿੱਚ ਕੋਈ ਬੰਬ ਗਿਰਿਆ ਪਿਆ ਹੋਵੇ ਤੇ ਮੈਂ ਜਿਵੇਂ ਕੋਈ ਉਸ ਬੰਬ ਨੂੰ ਨਕਾਰਾ ਕਰਨ ਵਾਲਾ ਕੋਈ ਕਰਮਚਾਰੀ ਹੋਵਾਂ।
“ਸਰ, ਉੱਥੇ … … ਪਿੱਪਲ ਹੇਠ, ਜਮ੍ਹਾਂ ਈ ਜੜ੍ਹਾਂ ਕੋਲ।” ਸਾਰਿਆਂ ਨੇ ਮੇਰੇ ਸਵਾਲ ਦਾ ਜਵਾਬ ਇੱਕੋ ਸੁਰ ਵਿੱਚ ਦਿੱਤਾ।
“ਕੋਈ ਨਾ … … ਦੇਖ ਲੈਂਦੇ ਆਂ, ਪਹਿਲਾਂ ਮੈਂ ਹਾਜ਼ਰੀ ਲਾ ਲਵਾਂ ਦਫਤਰ ਜਾਕੇ।”
ਦੋਂਹ ਕੁੜੀਆਂ ਨੇ ਮੇਰੀ ਕਾਰ ਵਿੱਚੋਂ ਰੋਜ਼ ਵਾਂਗ ਮੇਰਾ ਬੈਗ ਅਤੇ ਅਖ਼ਬਾਰ ਕੱਢ ਲਿਆ। ਸਾਰੇ ਜਣੇ ਮੇਰੇ ਨਾਲ ਦਫਤਰ ਨੂੰ ਤੁਰ ਪਏ। ਹਰ ਰੋਜ਼ ਮੈਨੂੰ ਇਹ ਗੱਲ ਯਾਦ ਆ ਜਾਂਦੀ ਐ ਕਿ ਅਸੀਂ ਵੀ ਜਦੋਂ ਸਕੂਲ ਪੜ੍ਹਦੇ ਹੁੰਦੇ ਸਾਂ ਆਪਣੇ ਅਧਿਆਪਕਾਂ ਤੋਂ ਉਨ੍ਹਾਂ ਦਾ ਸਾਇਕਲ ਅਤੇ ਹੈਂਡਲ ’ਤੇ ਟੰਗਿਆ ਝੋਲ਼ਾ ਚਾਈਂ-ਚਾਈਂ ਫੜ ਲੈਂਦੇ ਸੀ।
ਹਾਜ਼ਰੀ ਲਾਉਣ ਮਗਰੋਂ ਬੱਚੇ ਕਹਿੰਦੇ, “ਚੱਲੋ ਸਰ!”
ਬੱਚਿਆਂ ਦੀ ਉਤਸੁਕਤਾ ਵੇਖਣ ਵਾਲੀ ਸੀ ਕਿਉਂਕਿ ਮੈਂ ਬਹੁਤ ਵਾਰੀ ਟੂਣੇ-ਟਾਮਣਾਂ, ਵਹਿਮਾਂ ਭਰਮਾਂ, ਪਾਖੰਡਾਂ ਬਗੈਰਾ ਬਾਰੇ ਜੋ ਵੀ ਦੱਸਦਾ ਹੁੰਦਾ ਸਾਂ, ਉਸ ਸਾਰੇ ਕਾਸੇ ਨੂੰ ਬੱਚਿਆਂ ਨੇ ਅੱਜ ਅੱਖੀਂ ਵੇਖਣਾ ਸੀ। ਉਹ ਵੀ ਐਨ ਕੋਲੋਂ।
ਸਵੇਰ ਦੀ ਸਭਾ ਵਿੱਚ ਫਿਰ ਕਿਸ ਨੇ ਖੜ੍ਹਨਾ ਸੀ, ਉਹਨਾਂ ਦੀ ਉਤਸੁਕਤਾ ਦੇਖਦਿਆਂ ਮੈਂ ਕਿਹਾ, “ਚੱਲੋ ਫਿਰ … …” ਪਿੱਪਲ ਕੋਲ ਪਹੁੰਚਦਿਆਂ ਸਾਰੇ ਬੱਚੇ ਇੱਕ ਗੋਲ ਦਾਇਰੇ ਵਿੱਚ ਖੜ੍ਹ ਗਏ। ਕਾਲੇ ਰੰਗ ਦੇ ਲਿਫਾਫੇ ਵਿੱਚ ਟੂਣੇ ਦਾ ਸਮਾਨ ਪਿਆ ਸੀ, ਜਿਸ ਉੱਪਰ ਮੈਂ ਜਾਣ ਬੁੱਝ ਕੇ ਦੋ ਤਿੰਨ ਵਾਰ ਟੱਪਿਆ। ਲਿਫਾਫੇ ਵਿੱਚ ਦੀਵੇ, ਪਤਾਸੇ, ਕੁਝ ਖਿਡੌਣੇ, ਖੰਮਣੀ, ਚਾਵਲ, ਬੱਚਿਆਂ ਦੇ ਲੱਕ ਨੂੰ ਬੰਨ੍ਹਣ ਵਾਲੀ ਤੜਾਗੀ ਤੇ ਹੋਰ ਵੀ ਨਿੱਕ-ਸੁੱਕ ਸੀ। ਮੈਂ ਅਜੇ ਲਿਫਾਫੇ ਦੀ ਫਰੋਲਾ-ਫਰੋਲੀ ਕਰ ਹੀ ਰਿਹਾ ਸੀ ਕਿ ਸਕੂਲ ਦੀ ਸਫ਼ਾਈ ਕਰਨ ਵਾਲੇ ਨਰੇਗਾ ਵਰਕਰ ਵੀ ਆ ਗਏ। ਇੱਕ ਬਜ਼ੁਰਗ ਮਾਤਾ ਕਹਿਣ ਲੱਗੀ, “ਲੋਕ ਵੀ ਅੰਨ੍ਹੇ ਹੋਏ ਪਏ ਨੇ, ਸਕੂਲ ਵਿੱਚ ਵੀ ਟੂਣਾ ਕਾਰਨੋਂ ਨ੍ਹੀ ਟਲਦੇ।” ਫਿਰ ਉਹ ਮੈਨੂੰ ਸੰਬੋਧਨ ਹੁੰਦੀ ਬੋਲੀ, “ਰਹਿਣ ਦੇ ਪੁੱਤ, ਕਾਹਨੂੰ ਛੇੜਦਾ ਏਂ, ਆਪੇ ਰੱਬ ਦੇਖੂ ਪਾਪੀਆਂ ਨੂੰ …”
ਮੇਰਾ ਮਨ ਹੋਰ ਵੀ ਖੁਸ਼ ਹੋ ਗਿਆ ਕਿ ਬੱਚਿਆਂ ਦੇ ਬਹਾਨੇ ਅੱਜ ਪੰਦਰਾਂ-ਵੀਹ ਇਹਨਾਂ ਲੋਕਾਂ ਨੂੰ ਵੀ ਟੂਣੇ ਆਦਿ ਬਾਰੇ ਦੱਸਣ ਦਾ ਮੌਕਾ ਮਿਲ ਗਿਆ। ਮੈਨੂੰ ਲੱਗਿਆ ਕਿ ਜੇ ਟੂਣਾ ਕਰਨ ਵਾਲਾ ਮਿਲ ਜਾਵੇ ਤਾਂ ਮੈਂ ਉਸਦਾ ਧੰਨਵਾਦ ਕਰਾਂ. ਜਿਸਦੇ ਕਰਕੇ ਮੈਨੂੰ ਬੱਚਿਆਂ ਸਾਹਮਣੇ “ਲਾਈਵ ਡੈਮੋ” ਦੇਣ ਦਾ ਮੌਕਾ ਮਿਲ ਗਿਆ।
ਦੇਖਦਿਆਂ-ਦੇਖਦਿਆਂ ਮੈਂ ਸਾਰਾ “ਟੂਣਾ” ਫਰੋਲ ਕੇ ਦੁਬਾਰਾ ਲਿਫਾਫੇ ਵਿੱਚ ਪਾ ਲਿਆ, ਤੇ ਕਹਿਣਾ ਸ਼ੁਰੂ ਕੀਤਾ, “ਦੇਖੋ, ਜਿਵੇਂ ਜਿਹੜਾ ਵੀ ਬੰਦਾ ਇਹ ਸਾਰਾ ਸਮਾਨ ਇੱਥੇ ਰੱਖ ਕੇ ਸਹੀ ਸਲਾਮਤ ਮੁੜ ਗਿਆ ਹੈ, ਉਸ ਨੂੰ ਕੁਝ ਨਹੀਂ ਹੋਇਆ, ਉਸੇ ਤਰ੍ਹਾਂ ਮੈਂ ਇਸ ਟੂਣੇ ਨੂੰ ਹੱਥ ਹੀ ਨਹੀਂ ਲਾਇਆ ਸਗੋਂ ਮੈਂ ਤਾਂ ਸਾਰਾ ਫਰੋਲ਼ ਕੇ ਰੱਖ ਦਿੱਤਾ ਹੈ ਤੇ ਮੁੜ ਲਿਫਾਫੇ ਵਿੱਚ ਵੀ ਪਾ ਲਿਆ ਹੈ, ਮੈਨੂੰ ਵੀ ਉਸ ਬੰਦੇ ਵਾਂਗ ਕੁਝ ਨਹੀਂ ਹੋਇਆ, … … ਤੇ ਨਾ ਇਸ ਟੂਣੇ ਕਰਕੇ ਕਿਸੇ ਹੋਰ ਨੂੰ ਕੁਝ ਹੋਣਾ ਸੀ।
ਮੈਂ ਆਲੇ-ਦੁਆਲ਼ੇ ਦੇਖਿਆ ਬੱਚੇ ਅਤੇ ਪਿੰਡ ਵਾਲੇ ਧਿਆਨ ਨਾਲ ਦੇਖ ਕੇ ਸੁਣ ਰਹੇ ਸਨ। ਮੈਂ ਆਪਣੀ ਗੱਲ ਜਾਰੀ ਰੱਖੀ, “ਇਸ ਟੂਣੇ ਨਾਲ ਕਿਸੇ ਦਾ ਕੁਝ ਵਿਗੜ ਜਾਂ ਸੰਵਰ ਨਹੀਂ ਸਕਦਾ। ਇਹ ਸਿਰਫ ਪੈਸੇ ਦੀ ਬਰਬਾਦੀ ਹੀ ਨਹੀਂ ਸਗੋਂ ਇਹਨਾਂ ਚੱਕਰਾਂ ਵਿੱਚ ਫਸੇ ਲੋਕ ਅਕਸਰ ਆਪਸ ਵਿੱਚ ਲੜਾਈ ਝਗੜਾ ਵੀ ਕਰ ਬਹਿੰਦੇ ਹਨ। ਇਹ ਸਿਰਫ਼ ਸਾਡੇ ਮਨਾਂ ਵਿੱਚ ਪਏ ਡਰ ਹੀ ਹਨ ਜੋ ਸਾਨੂੰ ਡਰਾਉਂਦੇ ਰਹਿੰਦੇ ਹਨ, ਇਸੇ ਡਰ ਨੂੰ ਵਰਤ ਕੇ ਟੂਣਾ ਕਰਕੇ ਦੇਣ ਵਾਲੇ ਤਾਂਤਰਿਕ-ਬਾਬੇ ਕਮਜ਼ੋਰ ਅਤੇ ਡਰਪੋਕ ਮਾਨਸਿਕਤਾ ਵਾਲੇ ਬੰਦਿਆਂ ਨੂੰ ਬਹੁਤ ਲੁੱਟਦੇ ਹਨ। ਕਿਸੇ ਧਾਗੇ-ਤਵੀਤ, ਜੰਤਰ-ਮੰਤਰ ਵਿੱਚ ਵੀ ਕਿਸੇ ਦੇ ਕੁਝ ਸੰਵਾਰਨ ਜਾਂ ਵਿਗਾੜਨ ਦੀ ਕੋਈ ਸ਼ਕਤੀ ਬਗੈਰਾ ਨਹੀਂ ਹੁੰਦੀ …” ਐਨਾ ਕੁਝ ਕਹਿ ਕੇ ਮੈਂ ਘੜੀ ’ਤੇ ਟਾਈਮ ਦੇਖਿਆ, ਲਗਭਗ ਪੌਣਾ ਘੰਟਾ ਹੋ ਚੁੱਕਿਆ ਸੀ ਸਾਨੂੰ ਪਿੱਪਲ ਥੱਲੇ ਖੜ੍ਹਿਆਂ ਨੂੰ।
ਬੱਚੇ ਖ਼ੁਸ਼ ਸਨ, ਉਹਨਾਂ ਦੀ ਜਗਿਆਸਾ ਸ਼ਾਂਤ ਹੋ ਰਹੀ ਸੀ। ਉਹਨਾਂ ਨੂੰ ਅੱਜ ਸਿਲੇਬਸ ਤੋਂ ਬਾਹਰਲੇ ਇਸ ਲੈਕਚਰ ਵਿੱਚ ਅੱਖਾਂ ਸਾਹਮਣੇ ਟੂਣੇ ਦਾ ਪਰਮਾਣੂ ਬੰਬ “ਫੁੱਸ" ਹੁੰਦਾ ਦਿਖਾਈ ਦੇ ਰਿਹਾ ਸੀ।
ਮੈਂ ਲਿਫਾਫਾ ਚੁੱਕਿਆ ਅਤੇ ਤੁਰਨ ਤੋਂ ਪਹਿਲਾਂ ਇੱਕ ਬਹੁਤ ਹੀ ਜ਼ਰੂਰੀ ਗੱਲ ’ਤੇ ਜ਼ੋਰ ਦੇ ਕੇ ਕਿਹਾ, “ਟੂਣੇ ਵਿੱਚ ਰੱਖਿਆ ਖਾਣ-ਪੀਣ ਦਾ ਸਮਾਨ ਕਦੇ ਵੀ ਖਾਣਾ-ਪੀਣਾ ਨਹੀਂ ਚਾਹੀਦਾ, ਕਿਉਂਕਿ ਇਸ ਵਿੱਚ ਜ਼ਹਿਰ ਵਗੈਰਾ ਮਿਲਾਇਆ ਹੋ ਸਕਦਾ ਹੈ, ਜਿਸਦੇ ਖਾਣ ਪੀਣ ਨਾਲ ਸਰੀਰਕ ਨੁਕਸਾਨ ਹੋ ਸਕਦਾ ਹੈ, ਮੌਤ ਵੀ ਹੋ ਸਕਦੀ ਹੈ। ਪਰ ਇਸ ਤਰ੍ਹਾਂ ਦੇ ਸਮਾਨ ਉੱਪਰ ਤੋਂ ਟੱਪ ਜਾਣ ਨਾਲ ਕਿਸੇ ਦਾ ਕੁਝ ਨਹੀਂ ਵਿਗੜਦਾ।” ਐਨਾ ਸੁਣ ਕੇ ਬੱਚਿਆਂ ਨੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਨਰੇਗਾ ਵਰਕਰ ਵੀ ਖੁਸ਼ ਹੋ ਕੇ ਆਪਣੇ ਕੰਮਕਾਰ ਵਿੱਚ ਲੱਗ ਗਏ। ਸ਼ਾਇਦ ਅੱਜ ਉਹਨਾਂ ਦੇ ਮਨਾਂ ਦੀ ਕੁਝ ਸਫਾਈ ਵੀ ਹੋ ਚੁੱਕੀ ਸੀ।
ਟੂਣੇ ਵਾਲਾ ਲਿਫਾਫਾ ਮੈਂ ਦਫਤਰ ਵਿੱਚ ਲਿਜਾ ਕੇ ਰੱਖ ਦਿੱਤਾ। ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋ ਕੇ, ਚਾਹ ਪੀਤੀ ਤੇ ਕਲਾਸ ਵਿੱਚ ਚਲੇ ਗਿਆ।
ਉੱਦਣ ਸਾਰਾ ਦਿਨ ਕਈ ਮਾਨਸਿਕ ਤੌਰ ’ਤੇ ਬਹੁਤੇ ਕਮਜ਼ੋਰ ਬੱਚੇ ਮੈਨੂੰ ਅਜੇ ਵੀ ਵਾਰ ਵਾਰ ਧਿਆਨ ਨਾਲ ਦੇਖਦੇ ਰਹੇ ਸਨ ਕਿ “ਸਰ ਨੂੰ ਕੁਝ ਹੋਇਆ ਤਾਂ ਨਹੀਂ।
ਪੂਰੀ ਛੁੱਟੀ ਵੇਲੇ ਮੈਂ ਓਹੀ ਟੂਣਾ ਸਭ ਦੇ ਸਾਹਮਣੇ ਆਪਣੀ ਕਾਰ ਵਿੱਚ ਰੱਖਿਆ ਤੇ ਘਰ ਨੂੰ ਚੱਲ ਪਿਆ।
ਦੂਸਰੇ ਦਿਨ ਸਾਰੇ ਫਿਰ ਮੇਰੀ ਕਾਰ ਦੁਆਲ਼ੇ ਆ ਗਏ। ਉਹਨਾਂ ਦੀ ਉਤਸੁਕਤਾ ਕਮਾਲ ਦੀ ਸੀ … … ਤੇ ਉਹਨਾਂ ਵੱਲੋਂ ਕਹੀ “ਗੁੱਡ ਮੌਰਨਿੰਗ” ਵਿੱਚ ਅੰਤਾਂ ਦਾ ਉਤਸ਼ਾਹ ਮਹਿਸੂਸ ਹੋ ਰਿਹਾ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5102)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.