Karamjit Skrullanpuri7ਜੀ, ਉਹ ਮੈਨੂੰ ਕਹਿੰਦਾ, ਲਿਆ ਆਪਣਾ ਹੱਥ, ਤੈਨੂੰ ਦੱਸਾਂ ਕੀ ਲਿਖਿਆ ਹੋਇਆ ਏ ਤੇਰੇ ਹੱਥ ’ਤੇ।” ਮੇਰਾ ਹੱਥ ਵੇਖ ਕੇ ...
(7 ਮਈ 2023)
ਇਸ ਸਮੇਂ ਪਾਠਕ: 70.


2002 ਵਿੱਚ ਮੈਨੂੰ ਨੌਕਰੀ ਮਿਲੀ
ਨਵਾਂ ਚਾਅ ਸੀ, ਨਵੇਂ ਨਿਸ਼ਾਨੇ ਸਨਗੀਤਕਾਰੀ ਦਾ ਸ਼ੌਕ ਤਾਂ ਪਹਿਲਾਂ ਹੀ ਸੀ, ਸੋ ਦੋ-ਤਿੰਨ ਮਹੀਨੇ ਬਾਅਦ ਸਕੂਲ ਦੀ ਸਵੇਰ ਦੀ ਸਭਾ ਲਈ ਗੀਤ ਦੀ ਰਚਨਾ ਕਰਨ ਨੂੰ ਮਨ ਬਣਿਆ ਇੱਕ ਦਿਨ ਅਚਾਨਕ ਇਨ੍ਹਾਂ ਸਤਰਾਂ ਦੀ ਆਮਦ ਹੋਈ-

ਅਸੀਂ ਚਾਨਣ ਵੰਡਣਾ ਏਂ, ਚੰਨ ਸੂਰਜ ਤਾਰੇ ਬਣ ਕੇ,
ਹਰ ਦਿਲ ਵਿੱਚ ਵਸਣਾ ਏਂ, ਸਭਨਾਂ ਦੇ ਦੁਲਾਰੇ ਬਣ ਕੇ

ਗੀਤ ਦਾ ਮੁੱਖੜਾ ਵਧੀਆ ਤੇ ਉਸਾਰੂ ਜਾਪਿਆ ਬੱਸ ਕਾਗ਼ਜ਼ ’ਤੇ ਉਤਾਰ ਲਿਆਅੰਤਰੇ ਉਸ ਤੋਂ ਵੀ ਉੱਤੋਂ … … ਇੱਕ ਤੋਂ ਇੱਕ ਵਧੀਆ ਲਿਖ ਹੋ ਗਏਥੋੜ੍ਹੇ ਜਿਹੇ ਦਿਨਾਂ ਦੀ ਸੋਧ-ਸੁਧਾਈ ਮਗਰੋਂ ਪੰਜਾਬੀ ਟ੍ਰਿਬਿਊਨ ਨੂੰ ਭੇਜਿਆਉੱਥੇ ਛਪ ਜਾਣ ਨਾਲ ਬਹੁਤ ਖੁਸ਼ੀ ਹੋਈਗੀਤ ਦੀ ਪਹਿਲੀ ਪੁਲਾਂਘ ਜੋ ਸੀਫੇਰ ਆਪਣੇ ਹੀ ਸਕੂਲ ਵਿੱਚ ਹਫ਼ਤੇ ਵਿੱਚ ਦੋ ਦਿਨ ਸਵੇਰ ਦੀ ਸਭਾ ਵਿੱਚ ਗਾਉਣਾ ਸ਼ੁਰੂ ਕਰ ਦਿੱਤਾਬਾਕੀ ਜਿਵੇਂ ਪਹਿਲਾਂ ਚੱਲ ਰਿਹਾ ਸੀ, ਉਵੇਂ ਚੱਲਣ ਦਿੱਤਾਦਿਨਾਂ ਵਿੱਚ ਹੀ ਬੱਚੇ ਨਵੇਂ ਬੋਲਾਂ ਦੀ ਲੈਅ ਸਿੱਖ ਗਏਇੱਕ-ਇੱਕ ਅੰਤਰੇ ਦੀ ਵਿਆਖਿਆ ਨੇ ਬੱਚਿਆਂ ਦੇ ਮਨਾਂ ਵਿੱਚ ਗੀਤ ਦੇ ਅਰਥ ਨਿਖ਼ਾਰ ਦਿੱਤੇ ਤੇ ਯਾਦ ਕਰਨਾ ਉਨ੍ਹਾਂ ਲਈ ਹੋਰ ਵੀ ਸੌਖਾ ਬਣਾ ਦਿੱਤਾ ਫਿਰ ਇਹ ਗੀਤ ਸਾਡੇ ਸਕੂਲ ਦੀ ਸਭਾ ਦਾ ਗੀਤ ਬਣ ਗਿਆ

2008 ਦੀ ਇੱਕ ਸਵੇਰੇ ਨੂੰ ਬੱਚੇ ਆਉਂਦੇ ਸਾਰ ਹੀ ਕਹਿੰਦੇ, “ਸਰ ਜੀ, ਲਾਡੀ ਨੇ ਇੱਕ ਹੱਥ ਦੇਖਣ ਵਾਲ਼ੇ ਬਾਬੇ ਨਾਲ ਪੰਗਾ ਲੈ ਲਿਆ ਸੀ ਕੱਲ੍ਹ।”

“ਕੀ ਹੋਇਆ?” ਮੈਂ ਕੋਲ਼ ਖੜ੍ਹੇ ਆਪਣੇ ਵਿਦਿਆਰਥੀ ਲਾਡੀ ਨੂੰ ਪੁੱਛਿਆ

“ਸਰ ਜੀ! ਔਹ ਸਾਹਮਣੇ ਗਲ਼ੀ ਵਿੱਚ … … ਜਦੋਂ ਕੱਲ੍ਹ ਪੂਰੀ ਛੁੱਟੀ ਹੋਈ ਸੀ ਨਾ ਜੀ, ਤਾਂ ਇੱਕ ਠੱਗ ਬਾਬਾ ਇੱਕ ਆਂਟੀ ਦਾ ਹੱਥ ਦੇਖ ਰਿਹਾ ਸੀ। ਉਸ ਨੂੰ ਦੇਖਦਿਆਂ ਹੀ ਮੈਂ ਆਪਣੇ ਸਕੂਲ ਵਾਲ਼ਾ ਗੀਤ ਗਾਉਣਾ ਸ਼ੁਰੂ ਕਰ ਦਿੱਤਾ, ਜਿਹੜਾ ਤੁਸੀਂ ਸਿਖਾਇਆ ਹੋਇਆ ਹੈ।” ਉਸਨੇ ਸਕੂਲ ਦੇ ਮੇਨ ਗੇਟ ਦੇ ਐਨ ਸਾਹਮਣੇ ਵਾਲੀ ਗਲ਼ੀ ਵੱਲ ਇਸ਼ਾਰਾ ਕਰਕੇ ਸਾਰੀ ਗੱਲ ਦੱਸੀ

“ਕਿਹੜਾ ਗੀਤ ਪੁੱਤ?” ਮੈਂ ਪੁੱਛਿਆ।

“ਕਿਸੇ ਕੁਝ ਵੀ ਨਹੀਂ ਲਿਖਿਆ, ਮੱਥੇ ਜਾਂ ਹੱਥਾਂ ’ਤੇ।”

ਸਭ ਭਰਮ-ਭੁਲੇਖੇ ਨੇ, ਤਰਕਾਂ ਨਾਲ ਦੱਸਾਂਗੇ
ਸਭ ਝੂਠ ਮਿਟਾਵਾਂਗੇ
, ਸੱਚ ਦੇ ਵਣਜਾਰੇ ਬਣ ਕੇ …
ਅਸੀਂ ਚਾਨਣ ਵੰਡਣਾ ਏਂ, ਚੰਨ ਸੂਰਜ ਤਾਰੇ ਬਣ ਕੇ।”

ਉਸਨੇ ਝੱਟ ਗੀਤ ਦਾ ਇਹ ਦੂਸਰਾ ਅੰਤਰਾ ਸੁਣਾ ਦਿੱਤਾ

“ਫ਼ੇਰ?” ਮੈਂ ਉਸ ਨੂੰ ਹੋਰ ਕੋਲ਼ ਕਰਕੇ ਪੁੱਛਿਆ

“ਜੀ, ਉਹ ਮੈਨੂੰ ਕਹਿੰਦਾ, ਲਿਆ ਆਪਣਾ ਹੱਥ, ਤੈਨੂੰ ਦੱਸਾਂ ਕੀ ਲਿਖਿਆ ਹੋਇਆ ਏ ਤੇਰੇ ਹੱਥ ’ਤੇ।” ਮੇਰਾ ਹੱਥ ਵੇਖ ਕੇ ਉਹ ਕਹਿੰਦਾ, ਤੂੰ ਬਦਮਾਸ਼ ਐਂ, ਤੈਨੂੰ ਭੋਰਾ ਅਕਲ ਨੀਂ, ਪੂਰਾ ਬੱਤਮੀਜ ਮੁੰਡਾ ਏਂ ਤੂੰ।”

“ਸਰ ਜੀ! ਮੈਂ ਵੀ ਕਹਿ ਦਿੱਤਾ ਫਿਰ,  … ਐਂ ਤਾਂ ਮੈਂ ਤੇਰਾ ਹੱਥ ਬਿਨਾਂ ਦੇਖਿਆਂ ਹੀ ਦੱਸ ਸਕਦਾ ਹਾਂ ਕਿ ਤੇਰੇ ਹੱਥਾਂ ’ਤੇ ਕੀ ਲਿਖਿਆ ਹੋਇਆ ਹੈ

“ਉਹ ਮੈਨੂੰ ਕਹਿੰਦਾ, ਦੱਸ ਫਿਰ! ਮੈਂ ਕਹਿ ’ਤਾ – ‘ਠੱਗ ਬਾਬਾ. ਲਿਖਿਆ ਹੋਇਆ ਹੈ - ਸਰ ਜੀ ਬਾਬਾ ਗੁੱਸੇ ਹੋ ਗਿਆ, ਮੈਨੂੰ ਕਹਿੰਦਾ, ਸਕੂਲ ਵਿੱਚ ਤੂੰ ਇਹੀ ਸਿੱਖਣ ਜਾਂਦਾ ਏਂ? … ਤੈਨੂੰ ਬੋਲਣ ਦਾ ਨੀਂ ਪਤਾ?

“ਸਰ ਜੀ! ਮੈਂ ਕਿਹਾ, ਹਾਂ, ਸਾਡੇ ਸਰ ਇਹ ਵੀ ਸਿਖਾਉਂਦੇ ਨੇ ਕਿ ਤੇਰੇ ਵਰਗੇ ਵਿਹਲੜ ਠੱਗ ਲੋਕਾਂ ਨੂੰ ਡਰਾ ਕੇ ਠੱਗ ਜਾਂਦੇ ਨੇ …।”

ਲਾਡੀ ਨੇ ਇਹ ਸਾਰਾ ਕੁਝ ਦੱਸ ਕੇ ਜਿਵੇਂ ਹੀ ਆਪਣੀ ਗੱਲ ਖ਼ਤਮ ਕੀਤੀ, ਮੈਂ ਉਸ ਨੂੰ ਜੱਫ਼ੀ ਪਾ ਲਈ ਮੈਨੂੰ ਜਾਪਿਆ ਇਹ ਗੀਤ ਦਾ ਪਹਿਲਾ ਛਿੱਟਾ ਹੈ ਚਾਨਣ ਦਾ, ਜੋ ਲਾਡੀ ਨੂੰ ਰੌਸਨ-ਰੌਸ਼ਨ ਕਰ ਰਿਹਾ ਸੀ

ਜਦੋਂ ਮੈਂ ਗੀਤ ਲਿਖ ਰਿਹਾ ਸੀ ਤਾਂ ਇੱਕ ਗੱਲ ’ਤੇ ਮੈਂ ਸੁਚੇਤ ਰੂਪ ਵਿੱਚ ਜ਼ੋਰ ਦੇ ਰਿਹਾ ਸੀ ਕਿ ਗੀਤ ਵਿੱਚ “ਮੈਂ” ਦੀ ਜਗ੍ਹਾ ਬੱਚੇ ਆਪਣੇ ਆਪ ਨੂੰ “ਅਸੀਂ” ਸੰਬੋਧਨ ਕਰਨ ਤਾਂ ਕਿ ਉਹਨਾਂ ਵਿੱਚ ਸਮਾਜਿਕ ਮੇਲ, ਸਾਂਝੀਵਾਲਤਾ ਅਤੇ ਇੱਕਜੁੱਟਤਾ ਦੀ ਭਾਵਨਾ ਵਿਕਸਿਤ ਹੋ ਸਕੇਇਸੇ ਕਰਕੇ ਹੀ ਗੀਤ ਦਾ ਪਹਿਲਾ ਅੰਤਰਾ ਕੁਝ ਇਸ ਤਰ੍ਹਾਂ ਲਿਖਿਆ-

ਨਵਿਆਂ ਨਾਲ ਦੋਸਤੀਆਂ, ਰੁੱਸਿਆਂ ਨੂੰ ਮਨਾਵਾਂਗੇ,
ਜੋ ਬਹਿ ਗਏ ਵੱਖ ਹੋ ਕੇ, ਅਸੀਂ ਨਾਲ ਰਲ਼ਾਵਾਂਗੇ.

ਰਹਿਣਾ ਹੈ ਮਿਲ-ਜੁਲ ਕੇ, ਜੀ ਮਿੱਤਰ ਪਿਆਰੇ ਬਣ ਕੇ,

ਅਸੀਂ ਚਾਨਣ ਵੰਡਣਾ ਏਂ … …

ਇਸਦੇ ਨਾਲ ਹੀ ਤੀਜਾ ਅੰਤਰਾ ਵੀ ਮੁੱਖੜੇ ਦੇ ਨੈਣ-ਨਕਸ਼ਾਂ ਵਰਗਾ ਲਿਖ ਹੋ ਗਿਆਜਿਸ ਵਿੱਚ ਸਾਡੇ ਸਮਾਜ ਨੂੰ ਚਿੰਬੜੀਆਂ ਕੋਹੜ ਵਰਗੀਆਂ ਬਿਮਾਰੀਆਂ ਦੇ ਸਦੀਵੀ ਇਲਾਜ ਦਾ ਜ਼ਿਕਰ ਸੀ-

ਅਸੀਂ ਮਜ਼ਹਬ ਨਈਂ ਪੁੱਛਣੇ, ਨਾ ਪੁੱਛਣੈ ਜਾਤਾਂ ਨੂੰ,
ਜੋ ਝਗੜੇ ਛੇੜਦੀਆਂ, ਰੱਦ ਕਰਨੈ ਬਾਤਾਂ ਨੂੰ
,
ਨਫ਼ਰਤ ਦੀ ਅਗਨੀ ਨੂੰ
, ਰੋਕਾਂਗੇ ਫ਼ੁਹਾਰੇ ਬਣ ਕੇ,
ਅਸੀਂ ਚਾਨਣ ਵੰਡਣਾ ਏਂ … …

ਕਈ ਅਧਿਆਪਕ ਸਾਥੀਆਂ ਵੱਲੋਂ ਜਦੋਂ ਇਹ ਗੀਤ ਆਪੋ ਆਪਣੇ ਸਕੂਲ ਵਿੱਚ ਗਾਉਣਾ ਸ਼ੁਰੂ ਕੀਤਾ ਗਿਆ ਤਾਂ ਅੰਤਾਂ ਦੀ ਖੁਸ਼ੀ ਹੋਈਤਰਕਸ਼ੀਲ ਸੁਸਾਇਟੀ ਦੇ ਰੋਪੜ ਤੋਂ ਆਗੂ ਅਜੀਤ ਪ੍ਰਦੇਸੀ ਨੇ ਤਾਂ ਜਦੋਂ ਇਹ ਗੀਤ ਉਚੇਚੇ ਤੌਰ ’ਤੇ ਛਪਵਾ ਕੇ ਕਈ ਸਕੂਲਾਂ ਵਿੱਚ ਵੰਡਿਆ ਤਾਂ ਮਹਿਸੂਸ ਹੋਇਆ ਕਿ ਗੀਤ ਨੇ ਸਹੀ ਦਿਸ਼ਾ ਵਿੱਚ ਰਫ਼ਤਾਰ ਫੜ ਲਈ ਹੈ ਮੈਨੂੰ ਇਹ ਤਾਂ ਭਲੀ-ਭਾਂਤ ਪਤਾ ਸੀ ਇਸ ਇੱਕ ਗੀਤ ਨਾਲ ਕੋਈ ਵੱਡੀ ਜ਼ਿਕਰਯੋਗ ਪ੍ਰਾਪਤੀ ਤਾਂ ਨਹੀਂ ਹੋ ਸਕਦੀ, ਪਰ ਮੈਂ ਉਦੋਂ ਵੀ ਇਸ ਗੱਲੋਂ ਪੂਰਾ ਸੁਚੇਤ ਸੀ ਤੇ ਹੁਣ ਵੀ ਹਾਂ, ਕਿ ਜੇਕਰ ਅਸੀਂ ਸੱਚਮੁੱਚ ਇਨਸਾਨੀਅਤ ਪਸੰਦ ਅਗਾਂਹਵਧੂ ਸਮਾਜ ਦੀ ਸਿਰਜਣਾ ਕਰਨੀ ਚਾਹੁੰਦੇ ਹਾਂ ਤਾਂ ਸਾਨੂੰ ਸਭ ਨੂੰ ਹਾਂ ਪੱਖੀ ਯਤਨ ਕਰਨੇ ਹੀ ਪੈਣਗੇਜਿੰਨੇ ਜ਼ਿਆਦਾ ਲੋਕ ਇਸ ਕਾਰਜ ਲਈ ਜੁੜਨਗੇ ਉੰਨੀ ਛੇਤੀ ਸਾਡੇ ਸਮਾਜ ਵਿੱਚ ਇਹ ਸਿਫ਼ਤੀ ਤਬਦੀਲੀ ਹੋ ਸਕੇਗੀ

ਖ਼ੈਰ … … ਅਖੀਰਲਾ ਅੰਤਰਾ ਕੁਝ ਇਸ ਤਰ੍ਹਾਂ ਲਿਖਿਆ ਗਿਆ ਜਿਸ ਨੂੰ ਕਾਫ਼ੀ ਸਰਾਹਿਆ ਤੇ ਪਿਆਰਿਆ ਗਿਆ। ਇਸ ਅੰਤਰੇ ਨੂੰ ਮੈਂ ਅੱਜ ਵੀ ਆਪਣੇ ਸਕੂਲ ਦੇ ਰਜਿਸਟਰਾਂ ਦੀਆਂ ਜਿਲਦਾਂ ’ਤੇ ਲਿਖ ਲੈਂਦਾ ਹਾਂਇਹ ਹੈ-

ਰਸਤੇ ਹੀ ਔਖੇ ਨੇ, ਮੰਜ਼ਿਲਾਂ ਕੋਈ ਦੂਰ ਨਹੀਂ,
ਪਰ ਅਸੀਂ ਵੀ ਮੁੜਨੇ ਦਾ
, ਚੁਣਿਆ ਦਸਤੂਰ ਨਹੀਂ,
ਹਿੰਮਤਾਂ ਦੀਆਂ ਬਾਤਾਂ ਦੇ, ਰਹਿਣਾ ਹੈ ਹੁੰਗਾਰੇ ਬਣ ਕੇ
,
ਅਸੀਂ ਚਾਨਣ ਵੰਡਣਾ ਏਂ
, ਚੰਨ ਸੂਰਜ ਤਾਰੇ ਬਣ ਕੇ

ਸਾਲ ਕੁ ਪਹਿਲਾਂ ਮੈਨੂੰ ਪਤਾ ਲੱਗਿਆ ਕਿ ਇਹ ਗੀਤ ਇੱਕ ਪ੍ਰੋਫੈਸਰ ਵੀਰ ਜਸਵੰਤ ਸਿੰਘ ਨੇ ਖ਼ੁਦ ਗਾ ਕੇ ਯੂਟਿਊਬ ’ਤੇ ਵੀ ਪਾਇਆ ਹੋਇਆ ਹੈ। ਮੈਨੂੰ ਹੱਦੋਂ ਵੱਧ ਖੁਸ਼ੀ ਹੋਈ, ਭਾਵੇਂ ਕਿ ਉਸ ਇਮਾਨਦਾਰ ਬੰਦੇ ਨੇ ਗੀਤਕਾਰ ਦੇ ਨਾਮ ਅੱਗੇ ‘ਅਗਿਆਤ’ ਲਿਖ ਦਿੱਤਾਉਸ ਵੀਰ ਕੋਲ ਇਹ ਗੀਤ ਸਫ਼ਰ ਕਰਦਾ ਕਰਦਾ ਕਿਸ ਰਾਹੀਂ ਪੁੱਜਿਆ, ਓਹੀ ਜਾਣੇ

ਮੈਨੂੰ ਅੱਜ ਵੀ ਯਾਦ ਹੈ ਕਿ ਮੇਰੀ ਇੱਕ ਪੰਜਵੀਂ ਜਮਾਤ ਦੀ ਬੱਚੀ ਹਰਮਨ ਨੇ ਆਪਣੀ ਬਹੁਤ ਹੀ ਸੁਰੀਲੀ ਤੇ ਸੋਜ਼ ਭਰੀ ਅਵਾਜ਼ ਨਾਲ ਇਸ ਗੀਤ ਨੂੰ ਐਨੀ ਪਿਆਰੀ ਲੈਅ ਦਿੱਤੀ ਸੀ ਕਿ ਉਸ ਨੂੰ ਸੁਣ ਕੇ ਮੈਂ ਆਪਣੀ ਹੀ ਲੈਅ ਭੁੱਲ ਗਿਆ ਹਾਂ

ਮੇਰੇ ਪੁਰਾਣੇ ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ (ਮੋਰਿੰਡਾ) ਦੀ ਸਵੇਰ ਦੀ ਸਭਾ ਤੋਂ ਨਿਕਲਿਆ ਇਹ ਗੀਤ ਹੁਣ ਵੱਖ ਵੱਖ ਸਕੂਲਾਂ ਦੇ ਉਹਨਾਂ ਬੱਚਿਆਂ ਵਿੱਚ, ਜਿਨ੍ਹਾਂ ਨੇ ਕੱਲ੍ਹ ਨੂੰ ਵੱਡੇ ਹੋ ਕੇ ਦੇਸ਼ ਦੇ ਨਾਗਿਰਕ ਬਣਨਾ ਹੈ, ਉਹਨਾਂ ਦੇ ਕਿਰਦਾਰਾਂ ਵਿੱਚ ਆਪਸੀ ਮਿਲਵਰਤਣ, ਦ੍ਰਿੜ੍ਹਤਾ, ਮਜ਼ਬੂਤ ਇਰਾਦੇ, ਉੱਚੀਆਂ-ਸੁੱਚੀਆਂ ਮਾਨਵੀ ਕਦਰਾਂ-ਕੀਮਤਾਂ ਅਤੇ ਆਤਮ ਵਿਸ਼ਵਾਸ ਭਰਨ ਦੇ ਸਾਰਥਕ ਯਤਨ ਕਰਦਾ ਆਪਣਾ ਸਫ਼ਰ ਜਾਰੀ ਰੱਖ ਰਿਹਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3955)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਕਰਮਜੀਤ ਸਕਰੁੱਲਾਂਪੁਰੀ

ਕਰਮਜੀਤ ਸਕਰੁੱਲਾਂਪੁਰੀ

Phone: (91 - 94632 - 89212)
Email: (karamjitspuri@gmail.com)