“ਗੱਲ ਸੰਨ 2000 ਦੀ ਹੈ, ਜਦੋਂ ਮੈਂ ਜ਼ਿਲ੍ਹਾ ਸਿੱਖਿਆ ’ਤੇ ਸਿਖਲਾਈ ਸੰਸਥਾ ਨੌਰਾ ...”
(24 ਜੂਨ 2024)
ਇਸ ਸਮੇਂ ਪਾਠਕ: 260.
ਗਰੀਬੀ ਕਿਸੇ ਇਨਸਾਨ ਲਈ ਕੀ ਮਾਇਨੇ ਰੱਖਦੀ ਹੈ, ਇਹ ਤਾਂ ਗਰੀਬੀ ਦਾ ਸੰਤਾਪ ਝੱਲ ਚੁੱਕੇ ਇਨਸਾਨ ਨੂੰ ਹੀ ਪਤਾ ਹੁੰਦਾ ਹੈ। ਗਰੀਬੀ ਇਨਸਾਨ ਨੂੰ ਜ਼ਲਾਲਤ, ਘਿਰਣਾ, ਸੰਤਾਪ ਤੇ ਲਾਚਾਰੀ ਦੀ ਡੂੰਘੀ ਖਾਈ ਵਿੱਚ ਲੈ ਜਾਂਦੀ ਹੈ। ਸਿੱਟੇ ਵਜੋਂ ਕਈ ਟੁੱਟ ਜਾਂਦੇ ਹਨ, ਕਈ ਥਿੜਕ ਜਾਂਦੇ ਹਨ ਤੇ ਕਈ ਮੌਤ ਤਕ ਨੂੰ ਵੀ ਅਪਣਾ ਲੈਂਦੇ। ਗਰੀਬੀ ਦੇ ਵੇਗ ਦਾ ਪ੍ਰਭਾਵ ਮਾਨਸਿਕ ਤੌਰ ’ਤੇ ਇਨਸਾਨ ਨੂੰ ਚਕਨਾਚੂਰ ਕਰਨ ਦੀ ਸਮਰੱਥਾ ਰੱਖਦਾ ਹੈ, ਪਰ ਜਿਹੜਾ ਵਿਅਕਤੀ ਇਸਦੀ ਮਾਰ ਖਾ ਕੇ ਦ੍ਰਿੜ੍ਹਤਾ ਨਾਲ ਸਮਾਂ ਕੱਢ ਗਿਆ, ਉਹ ਫਿਰ ਛੇਤੀ ਕਿਸੇ ਦੇ ਤਾਬੇ ਨਹੀਂ ਆਉਂਦਾ। ਰੱਬ ਕਰੇ ਕਿਸੇ ਇਨਸਾਨ ’ਤੇ ਵੀ ਗਰੀਬੀ ਤੇ ਸੰਤਾਪ ਦੀ ਮਾਰ ਨਾ ਪਵੇ ਕਿਉਂਕਿ ਬਹੁਤੇ ਇਸ ਨੂੰ ਸਹਿ ਨਹੀਂ ਸਕਦੇ।
ਉਸ ਸਮੇਂ ਮੇਰੇ ਘਰ ਦੇ ਹਾਲਾਤ ਵੀ ਘੋਰ-ਗਰੀਬੀ ਅਤੇ ਲਾਚਾਰੀ ਵਾਲੇ ਸਨ ਤੇ ਮੇਰੇ ਆਪਣਿਆਂ ਨੇ ਮੇਰੀ ਮਦਦ ਕਰਨ ਦੀ ਥਾਂ ਉਸ ਵੇਲੇ ਮੇਰੀ ਗਰੀਬੀ ਦਾ ਤਮਾਸ਼ਾ ਦੇਖਿਆ, ਖਿੱਲੀ ਉਡਾਈ। ਉਸ ਸਮੇਂ ਕਈਆਂ ਦੇ ਅੰਦਰੋਂ ਮੇਰੇ ਲਈ ਮਾਨਵਤਾ, ਇਨਸਾਨੀਅਤ ਕਿੱਧਰੇ ਖੰਭ ਲਾ ਕੇ ਉਡ ਗਈ ਸੀ। ਗੱਲ ਸੰਨ 2000 ਦੀ ਹੈ, ਜਦੋਂ ਮੈਂ ਜ਼ਿਲ੍ਹਾ ਸਿੱਖਿਆ ’ਤੇ ਸਿਖਲਾਈ ਸੰਸਥਾ ਨੌਰਾ (ਸ਼ਹੀਦ ਭਗਤ ਸਿੰਘ ਨਗਰ, ਨਵਾਂ ਸ਼ਹਿਰ) ਵਿਖੇ ਦੋ ਸਾਲਾ ਈ. ਟੀ. ਟੀ. ਅਧਿਆਪਕ ਦਾ ਕੋਰਸ ਕਰ ਰਿਹਾ ਸੀ। ਘਰ ਵਿੱਚ ਆਮਦਨ ਦਾ ਕੋਈ ਸਾਧਨ ਨਹੀਂ ਸੀ ਤੇ ਮੇਰੀ ਮਾਂ ਵੀ ਟੀ.ਬੀ. ਦੀ ਜਾਨਲੇਵਾ ਬਿਮਾਰੀ ਕਰਕੇ ਮੌਤ ਦੇ ਮੂੰਹ ਵਿੱਚ ਪਈ ਹੋਈ ਸੀ। ਉੱਪਰੋਂ ਮੈਨੂੰ ਦਾਲ਼-ਰੋਟੀ ਅਤੇ ਪੜ੍ਹਾਈ ਦੇ ਖਰਚੇ ਦੇ ਵੀ ਲਾਲੇ ਪਏ ਹੋਏ ਸਨ। ਇੱਕ ਦਿਨ ਪੜ੍ਹਾਈ ਕਰਕੇ ਬੱਸ ਕਿਰਾਏ ਲਈ ਨੌਰੇ ਜਾਣ ਲਈ ਮੇਰੇ ਕੋਲ ਪੈਸਿਆਂ ਦਾ ਕੋਈ ਪ੍ਰਬੰਧ ਨਾ ਹੋਸਕਿਆ। ਮੇਰੇ ਕੋਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਨੌਰੇ ਤਕ ਦਾ ਸਰਕਾਰੀ ਬੱਸ ਪਾਸ ਤਾਂ ਸੀ, ਪਰ ਇਸ ਰੂਟ ’ਤੇ ਜ਼ਰੂਰਤ ਅਤੇ ਸਮੇਂ ਅਨੁਸਾਰ ਜ਼ਿਆਦਾਤਰ ਪ੍ਰਾਈਵੇਟ ਬੱਸਾਂ ਦੀ ਹੀ ਸਹੂਲਤ ਸੀ। ਇਸ ਲਈ ਮੈਨੂੰ ਮਿੰਨਤ-ਤਰਲਾ ਕਰਕੇ ਅੱਧੀ-ਪਚੱਧੀ ਟਿਕਟ ਵੀ ਆਉਣ-ਜਾਣ ਸਮੇਂ ਲੈਣੀ ਹੀ ਪੈਂਦੀ ਸੀ, ਜਿਸਦੇ ਲਈ ਮੈਨੂੰ 10 ਰੁਪਏ ਦੀ ਹੋਰ ਲੋੜ ਸੀ। ਦੋ ਕੁ ਦਿਨਾਂ ਬਾਅਦ ਮੇਰਾ ਪੇਪਰ ਹੋਣਾ ਸੀ। ਇਸ ਲਈ ਮੈਂ ਕਈ ਜਾਣਕਾਰਾਂ ਕੋਲ ਬੜੀ ਆਸ ਲਗਾ ਕੇ 10 ਰੁਪਏ ਦੀ ਮੰਗ ਕੀਤੀ। ਬਹੁਤਿਆਂ ਪਾਸੋਂ ਲਾਰਾ-ਲੱਪਾ ਤੇ ਸਲਾਹਾਂ ਹੀ ਮਿਲੀਆਂ। ਪਿੰਡ ਦੇ ਇੱਕ ਜਾਣਕਾਰ ਨੇ ਮੈਨੂੰ 10 ਰੁਪਏ ਇੱਕ-ਦੋ ਦਿਨਾਂ ਤਕ ਦੇਣ ਦੀ ਗੱਲ ਕਹਿ ਕੇ ਮੇਰੀ ਆਸ ਜਗਾ ਦਿੱਤੀ। ਦੂਸਰੇ ਦਿਨ ਉਹ ਵਿਅਕਤੀ ਮੇਰੇ ਘਰ ਦੇ ਗੇਟ ’ਤੇ ਆ ਗਿਆ ਤੇ ਉੱਥੋਂ ਹੀ ਮੈਨੂੰ ਪੁਕਾਰਨ ਲੱਗ ਪਿਆ। ਮੈਂ ਉਸ ਦੇ ਪੈਰੀਂ ਪੈ ਕੇ ਉਸਦਾ ਸਤਿਕਾਰ ਕੀਤਾ ਤੇ ਉਸ ਨੂੰ ਘਰ ਅੰਦਰ ਆਉਣ ਲਈ ਕਿਹਾ, ਪਰ ਉਹ ਨਹੀਂ ਮੰਨਿਆ। ਉਸ ਭੱਦਰਪੁਰਸ਼ ਨੇ ਪੈਂਟ ਦੀ ਜੇਬ ਵਿੱਚੋਂ ਹੱਥ ਬਾਹਰ ਕੱਢਿਆ। ਉਸਦੇ ਹੱਥ ਵਿੱਚ 10 ਰੁਪਏ ਦਾ ਨੋਟ ਸੀ। ਇਹ ਦੇਖ ਕੇ ਮੈਂ ਖੁਸ਼ ਹੋ ਗਿਆ ਕਿ ਰੱਬ ਨੇ ਮੇਰੀ ਸੁਣ ਲਈ। ਫਿਰ ਉਸਨੇ ਮੈਨੂੰ ਕਿਹਾ, “ਤੈਨੂੰ ਮੈਂ 10 ਰੁਪਏ ਦੇ ਦੇਵਾਂਗਾ, ਪਰ ਤੂੰ ਮੇਰੇ ਇਹ 10 ਰੁਪਏ ਕਦੋਂ ਵਾਪਸ ਕਰੇਗਾ? ਮੈਂ ਉਸੇ ਦਿਨ ਤੇਰੇ ਘਰ ਆ ਕੇ ਆਪਣੇ ਪੈਸੇ ਲੈ ਜਾਵਾਂਗਾ, ਤੂੰ ਪੱਕੀ ਜ਼ਬਾਨ ਕਰ ਲੈ।”
ਇੰਨਾ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਮੇਰੀ ਆਸ ਵੀ ਟੁੱਟ ਗਈ ਤੇ ਉਸਦੀ ਅਨੋਖੀ ਸ਼ਰਤ ਤੇ ਉੱਚੀ ਆਵਾਜ਼ ਨੇ ਮੈਨੂੰ ਅੰਦਰ ਤਕ ਹਿਲਾ ਕੇ ਰੱਖ ਦਿੱਤਾ। ਮੇਰੇ ਕੋਲ ਉਸ ਦੇ ਪ੍ਰਸ਼ਨ ਦਾ ਕੋਈ ਸੌਖਾ ਤੇ ਸਪਸ਼ਟ ਜਵਾਬ ਨਹੀਂ ਸੀ। ਇਸ ਲਈ ਉਸਨੇ ਆਪਣੇ 10 ਰੁਪਏ ਤੇ ਆਪਣਾ ਹੱਥ ਵਾਪਸ ਆਪਣੀ ਪੈਂਟ ਦੀ ਜੇਬ ਵਿੱਚ ਪਾ ਲਏ ਤੇ ਵਾਪਸ ਚਲਾ ਗਿਆ।
ਅੱਜ ਜਦੋਂ ਵੀ ਮੈਨੂੰ ਇਹ ਘਟਨਾ, ਇਹ ਮਜਬੂਰੀ ਤੇ ਜ਼ਲਾਲ਼ਤ ਭਰੇ ਦਿਨ ਯਾਦ ਆਉਂਦੇ ਹਨ ਤਾਂ ਮੈਂ ਮਨ ਹੀ ਮਨ ਵਿਆਕੁਲ ਹੋ ਜਾਂਦਾ ਹਾਂ ਕਿ ਉਹ ਵੀ ਕਿਹੋ ਜਿਹੇ ਦਿਨ ਸਨ ਤੇ ਉਸ ਇਨਸਾਨ ਦੀ ਗੈਰ-ਇਨਸਾਨੀਅਤ ਵੀ ਯਾਦ ਆ ਜਾਂਦੀ ਹੈ। ਪਰ ਧੰਨਵਾਦ ਹੈ ਤੇਰਾ ਐ ਜ਼ਿੰਦਗੀ, ਤੂੰ ਆਪਣੇ ਹਰ ਰੰਗ ਮੈਨੂੰ ਦਿਖਾਏ। ਇੱਕ ਗੱਲ ਜ਼ਰੂਰ ਹੈ ਕਿ ਕਿਸੇ ਦੀ ਗਰੀਬੀ ਦਾ ਕਦੇ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਕਿਉਂਕਿ ਰੱਬ ਦੇ ਰੰਗ ਨਿਆਰੇ ਨੇ। ਪਤਾ ਨਹੀਂ ਉਹ ਕਦੋਂ, ਕਿੱਧਰੇ ਕੀ ਖੇਡ ਵਰਤਾ ਦੇਵੇ ...!
ਸਿਆਣੇ ਕਹਿ ਗਏ ਨੇ,
“ਸਮਾਂ-ਸਮਾਂ ਸਮਰੱਥ,
ਓਹੀ ਬਾਣ, ਓਹੀ ਅਰਜਨ,
ਓਹੀ ਅਰਜਣ ਦੇ ਹੱਥ … …”
**
(ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਔਫ ਰਿਕਾਰਡਜ਼ ਵਿੱਚ ਦਰਜ਼ ਹੈ)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5081)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)