“ਮੈਂ ਆਪਣੇ ਬਚਪਨ ਦੇ ਉਸ ਸਮੇਂ ਨੂੰ ਅੱਜ ਜਦੋਂ ਯਾਦ ਕਰਦਾ ਹਾਂ ਤਾਂ ਬਹੁਤ ਕੁਝ ਮੇਰੇ ਦਿਲੋ-ਦਿਮਾਗ ਵਿੱਚ ...”
(18 ਜੂਨ 2024)
ਇਸ ਸਮੇਂ ਪਾਠਕ: 160.
ਜ਼ਿੰਦਗੀ ਵਿੱਚ ਚੰਗਾ-ਮਾੜਾ ਵਕਤ ਬਤੀਤ ਹੋ ਕੇ ਕਈ ਸਬਕ ਦੇ ਜਾਂਦਾ ਹੈ, ਪਰ ਉਸ ਲੰਘੇ ਵੇਲੇ ਦੀਆਂ ਕੌੜੀਆਂ ਤੇ ਖੱਟੀਆਂ-ਮਿੱਠੀਆਂ ਯਾਦਾਂ ਇਨਸਾਨ ਨੂੰ ਆਖਰੀ ਸਾਹ ਤਕ ਨਹੀਂ ਭੁੱਲਦੀਆਂ। ਸਿਆਣਿਆਂ ਦਾ ਤਾਂ ਇਹ ਵੀ ਮੰਨਣਾ ਹੈ ਕਿ ਜਿਹੜਾ ਇਨਸਾਨ ਆਪਣੇ ਜੀਵਨ ਦਾ ਮਾੜਾ ਵਕਤ ਕਦੇ ਨਹੀਂ ਭੁੱਲਦਾ ਤੇ ਜਲਦੀ ਪੈਰ ਨਹੀਂ ਛੱਡਦਾ, ਅਜਿਹਾ ਇਨਸਾਨ ਜ਼ਿੰਦਗੀ ਵਿੱਚ ਨਾ ਤਾਂ ਛੇਤੀ ਕਦੇ ਮਾਰ ਖਾਂਦਾ ਹੈ ਤੇ ਨਾ ਹੀ ਛੇਤੀ ਕਿਸੇ ਦੇ ਤਾਬੇ ਆਉਂਦਾ ਹੈ। ਜਿਹੜੇ ਇਨਸਾਨ ਆਪਣੀ ਜ਼ਿੰਦਗੀ ਦੇ ਇਤਿਹਾਸ ਨੂੰ ਛੇਤੀ ਵਿਸਾਰ ਦਿੰਦੇ ਹਨ, ਉਹ ਇੱਕ ਨਾ ਇੱਕ ਦਿਨ ਠਿਸਰ ਜਾਂਦੇ ਹਨ। ਮੇਰੇ ਜੀਵਨ ਦੀਆਂ ਕੌੜੀਆਂ ਯਾਦਾਂ ਤਾਂ ਬਹੁਤ ਹਨ ਜਾਂ ਇੰਝ ਕਹਿ ਲਵੋ ਕਿ ਮੇਰਾ ਜੀਵਨ ਹੀ ਅਣਥੱਕ ਸੰਘਰਸ਼ ਦੀਆਂ ਕੌੜੀਆਂ-ਕਸੈਲੀਆਂ ਘਟਨਾਵਾਂ ਦੇ ਵਜੂਦ ’ਤੇ ਖੜ੍ਹਿਆ ਹੋਇਆ ਹੈ ਪਰ ਇਹਨਾਂ ਘਟਨਾਵਾਂ ਵਿੱਚੋਂ ਇੱਕ ਘਟਨਾ ਜੋ ਯਾਦ ਬਣ ਕੇ ਹਰ ਸਮੇਂ ਮੇਰੇ ਮਨ-ਚਿੱਤ ’ਤੇ ਉੱਕਰੀ ਰਹਿੰਦੀ ਹੈ, ਉਹ ਇਹ ਹੈ ਕਿ ਮੇਰੇ ਪਿੰਡ ਸੱਧੇਵਾਲ ਅਤੇ ਹੋਰ ਹਰ ਪਾਸੇ ਲੋਕਾਂ ਦੇ ਘਰਾਂ ਵਿੱਚ ਬਿਜਲੀ ਦੀ ਸਪਲਾਈ ਹੋਣ ਦੇ ਬਾਵਜੂਦ ਮੇਰੇ ਘਰ ਵਿੱਚ ਘੋਰ ਗਰੀਬੀ ਹੋਣ ਕਰਕੇ ਬਿਜਲੀ ਦਾ ਨਾ ਹੋਣਾ। ਮੇਰਾ ਜਨਮ 1980 ਵਿੱਚ ਹੋਇਆ। ਮੇਰੇ ਬਚਪਨ ਦੇ ਸਮੇਂ 1990-1995 ਦੌਰਾਨ ਘਰ ਵਿੱਚ ਘੋਰ ਗਰੀਬੀ ਹੋਣ ਕਰਕੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ 34 ਰੁਪਏ ਬਿਜਲੀ ਦੇ ਬਿੱਲ ਦਾ ਸਮੇਂ ਸਿਰ ਭੁਗਤਾਨ ਨਾ ਹੋਣ ਕਰਕੇ ਸਾਡੇ ਘਰ ਦਾ ਬਿਜਲੀ ਦਾ ਕਨੈਕਸ਼ਨ ਪਿੰਡ ਦੀ ਗਲੀ ਕੋਲ ਲੱਗੇ ਬਿਜਲੀ ਦੇ ਖੰਭੇ ਉੱਤੇ ਬਾਂਸ ਦੀ ਪੌੜੀ ਰਾਹੀਂ ਚੜ੍ਹ ਕੇ ਕੱਟ ਦਿੱਤਾ ਸੀ। ਉਸ ਦਿਨ ਜਦੋਂ ਸੂਰਜ ਛੁਪ ਗਿਆ ਤਾਂ ਸਾਰੇ ਪਿੰਡ ਵਿੱਚ ਅਤੇ ਆਂਢ-ਗੁਆਂਢ ਵਿੱਚ ਸਭਨਾਂ ਦੇ ਘਰਾਂ ਅਤੇ ਪਸ਼ੂਆਂ ਦੇ ਵਾੜਿਆਂ ਵਿੱਚ ਬੱਲਬਾਂ ਦੀਆਂ ਰੌਸ਼ਨੀਆਂ ਜਗ ਰਹੀਆਂ ਸਨ, ਪਰ ਸਾਡੇ ਘਰ ਵਿੱਚ ਹਨੇਰਾ ਸੀ। ਛੇਤੀ ਹੀ ਸਾਰੇ ਪਿੰਡ ਵਾਸੀਆਂ ਨੂੰ ਸਾਡੇ ਘਰ ਵਿੱਚ ਬਿਜਲੀ ਨਾ ਹੋਣ ਦਾ ਪਤਾ ਲੱਗ ਗਿਆ ਤੇ ਅਸੀਂ ਸਾਰੇ (ਮੈਂ ਤੇ ਮੇਰੇ ਮਾਤਾ-ਪਿਤਾ) ਪਿੰਡ ਵਿੱਚ ਹਾਸੇ ਦੇ ਪਾਤਰ ਬਣ ਗਏ। ਪੈਸੇ-ਪੈਸੇ ਨੂੰ ਤਰਸਣ ਲਈ ਮਜਬੂਰ ਅਸੀਂ 34 ਰੁਪਏ ਖੜ੍ਹੇ-ਪੈਰ ਕਿੱਥੋਂ ਲੈ ਕੇ ਆਉਂਦੇ? ਜੇ ਪੰਜ-ਦਸ ਰੁਪਏ ਕਿੱਧਰੋਂ ਉਧਾਰੇ ਔਖੇ-ਸੌਖੇ ਹੋ ਕੇ ਮੰਗ ਵੀ ਲੈਂਦੇ ਤਾਂ ਇਹ ਤਾਂ ਊਠ ਦੇ ਮੂੰਹ ਵਿੱਚ ਜੀਰਾ ਦੇਣ ਦੇ ਬਰਾਬਰ ਸੀ।
ਸਮਾਂ ਬੀਤਦਾ ਗਿਆ। ਉਦੋਂ ਸਾਡੇ ਪਿੰਡ ਦੇ ਲਾਗਲੇ ਪਿੰਡ ਗੰਗੂਵਾਲ ਵਿਖੇ ਰਾਸ਼ਨ ਦਾ ਡਿਪੂ ਹੁੰਦਾ ਸੀ। ਉਸ ਰਾਸ਼ਨ ਦੇ ਡਿਪੂ ’ਤੇ ਉਸ ਸਮੇਂ ਤਿੰਨ ਰੁਪਏ ਪ੍ਰਤੀ ਲਿਟਰ ਮਿੱਟੀ ਦਾ ਤੇਲ ਰਾਸ਼ਨ ਕਾਰਡ ’ਤੇ ਮਿਲਦਾ ਹੁੰਦਾ ਸੀ। ਮੈਂ ਉਸ ਡਿਪੂ ਤੋਂ ਇੱਕ ਲਿਟਰ ਮਿੱਟੀ ਦਾ ਤੇਲ ਖਰੀਦ ਕੇ ਲੈ ਆਉਂਦਾ ਹੁੰਦਾ ਸੀ ਤੇ ਇਸ ਨਾਲ ਰਾਤ ਨੂੰ ਮਿੱਟੀ ਦੇ ਤੇਲ ਦਾ ਦੀਵਾ ਜਗਾ ਕੇ ਪੜ੍ਹਾਈ ਕਰਦਾ ਰਿਹਾ। ਇਸ ਇੱਕ ਲਿਟਰ ਮਿੱਟੀ ਦੇ ਤੇਲ ਨਾਲ ਮੇਰੇ ਲਗਭਗ ਅੱਠ-ਦਸ ਦਿਨ ਲੰਘ ਜਾਂਦੇ ਹੁੰਦੇ ਸੀ। ਹਾਂ! ਇਸ ਮਿੱਟੀ ਦੇ ਤੇਲ ਦੇ ਦੀਵੇ ਨਾਲ ਘਰ ਦੀ ਕੰਧ ਜ਼ਰੂਰ ਕਾਲ਼ੀ ਹੋ ਜਾਂਦੀ ਹੁੰਦੀ ਸੀ। ਇਹ ਸਮਾਂ ਮੇਰੀ ਮਿਡਲ ਪੱਧਰ ਦੀ ਪੜ੍ਹਾਈ ਦਾ ਦੌਰ ਸੀ। ਸਮਾਂ ਲੰਘਦਾ ਗਿਆ ਤੇ ਮੈਨੂੰ ਦਸਵੀਂ ਤਕ ਦੀ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਘਰ ਦੀ ਗਰੀਬੀ ਅਤੇ ਮਜਬੂਰੀ ਕਰਕੇ ਮੁੜ ਜ਼ਿੰਦਗੀ ਵਿੱਚ ਕਿਸੇ ਸਕੂਲ, ਕਾਲਜ ਵਿੱਚ ਪੜ੍ਹਾਈ ਕਰਨ ਦਾ ਫਿਰ ਦੁਬਾਰਾ ਕਦੇ ਮੌਕਾ ਨਹੀਂ ਮਿਲਿਆ। ਫਿਰ ਤਾਂ ਸਰਕਾਰੀ ਅਧਿਆਪਕ ਦੀ ਨੌਕਰੀ ਮਿਲਣ ਤਕ ਵੱਖ-ਵੱਖ ਫੈਕਟਰੀਆਂ ਵਿੱਚ ਅਤੇ ਰਾਜ ਮਿਸਤਰੀਆਂ ਕੋਲ ਲਗਭਗ 10-12 ਸਾਲ ਮਜ਼ਦੂਰੀ ਕੀਤੀ। ਇਸ ਤੋਂ ਬਾਅਦ ਲਗਾਤਾਰ ਲਗਭਗ ਚਾਰ ਸਾਲ ਇੱਕ ਕਾਰਖਾਨੇ ਦੇ ਮੈਨੇਜਰ ਦੇ ਘਰ ਜੂਠੇ ਬਰਤਨ ਸਾਫ਼ ਕਰਨ, ਕੱਪੜੇ ਧੋਣ, ਝਾੜੂ-ਪੋਚੇ ਲਗਾਉਣ, ਟਾਇਲਟ-ਬਾਸ਼ਰੂਮ ਸਾਫ਼ ਕਰਨ ’ਤੇ ਉਹਨਾਂ ਦੇ ਘਰ ਦੇ ਹੋਰ ਛਿੱਟ-ਪੁੱਟ ਕੰਮ ਸਵੇਰੇ 7 ਵਜੇ ਤੋਂ ਰਾਤ 10-11 ਵਜੇ ਤਕ ਇਹ ਕੰਮ ਕੀਤਾ।
ਇਸੇ ਸਮੇਂ ਦੇ ਦੌਰਾਨ ਮੈਂ ਆਪਣੇ ਘਰ ਦੀ ਕੱਟੀ ਹੋਈ ਬਿਜਲੀ ਦੀ ਸਪਲਾਈ ਕਈ ਸਾਲਾਂ ਬਾਅਦ ਦੁਬਾਰਾ ਫਿਰ ਬਹਾਲ ਕਰਵਾਈ ਤੇ ਪੀਣ ਵਾਲੇ ਪਾਣੀ ਦੀ ਟੂਟੀ ਵੀ ਘਰ ਵਿੱਚ ਲਗਵਾਈ। ਉਦੋਂ ਪਾਣੀ ਵੀ ਦੂਰੋਂ-ਦੂਰੋਂ ਖੂਹਾਂ ਤੋਂ ਲੱਜ-ਬਾਲਟੀ ਨਾਲ ਖਿੱਚ ਕੇ ਤੇ ਭਰ ਕੇ ਘਰ ਨੂੰ ਢੋਇਆ ਜਾਂਦਾ ਹੁੰਦਾ ਸੀ। ਮੈਂ ਆਪਣੇ ਬਚਪਨ ਦੇ ਉਸ ਸਮੇਂ ਨੂੰ ਅੱਜ ਜਦੋਂ ਯਾਦ ਕਰਦਾ ਹਾਂ ਤਾਂ ਬਹੁਤ ਕੁਝ ਮੇਰੇ ਦਿਲੋ-ਦਿਮਾਗ ਵਿੱਚ ਆ ਜਾਂਦਾ ਹੈ, ਪਰ ਅੱਜ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜ਼ਿੰਦਗੀ ਵਿੱਚ ਭਾਵੇਂ ਕਿੰਨਾ ਵੀ ਬੁਰਾ ਵਖ਼ਤ ਆ ਜਾਵੇ, ਸਾਨੂੰ ਕਦੇ ਵੀ ਹਿੰਮਤ ਨਹੀਂ ਹਾਰਨੀ ਚਾਹੀਦੀ ਅਤੇ ਨਾ ਹੀ ਨਸ਼ਿਆਂ ਵਿੱਚ ਫਸਣਾ ਚਾਹੀਦਾ ਹੈ।
ਦੂਸਰੀ ਗੱਲ ਇਹ ਹੈ ਕਿ ਅੱਜ ਬਿਜਲੀ ਭਾਵੇਂ ਸਾਨੂੰ ਮੁਫ਼ਤ ਮਿਲ ਰਹੀ ਹੋਵੇ, ਫਿਰ ਵੀ ਬਿਜਲੀ ਅਤੇ ਪਾਣੀ ਦੀ ਬੇਲੋੜੀ ਵਰਤੋਂ ਅਤੇ ਬੇਕਦਰੀ ਕਰਨ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਦੋਸਤੋ! ਅਣਥੱਕ ਮਿਹਨਤ ਹੀ ਸਫ਼ਲਤਾ ਦਾ ਮੂਲ ਮੰਤਰ ਹੈ। ਇਸੇ ਅਣਥੱਕ ਮਿਹਨਤ, ਸਿਰੜ ਅਤੇ ਸਹਿਣਸ਼ੀਲਤਾ ਸਦਕਾ ਹੀ ਮੈਂ ਇੱਕ ਮਜ਼ਦੂਰ ਤੋਂ ਸਰਕਾਰੀ ਮਾਸਟਰ ਬਣ ਸਕਿਆ। ਪਰਮਾਤਮਾ ਦੀ ਕਿਰਪਾ ਦੇ ਨਾਲ ਮੇਰੀ ਸੁਪਤਨੀ ਵੀ ਸਰਕਾਰੀ ਅਧਿਆਪਕਾ ਹੈ ਅਤੇ ਮੇਰੀ ਵੱਡੀ ਬੇਟੀ ਸਰਕਾਰੀ ਪਟਵਾਰੀ ਦੇ ਅਹੁਦੇ ’ਤੇ ਨੌਕਰੀ ਕਰ ਰਹੀ ਹੈ। ਜੇਕਰ ਉਸ ਸਮੇਂ ਮੈਂ ਸਿਦਕ, ਸਿਰੜ ਅਤੇ ਸਹਿਣਸ਼ੀਲਤਾ ਦੇ ਨਾਲ ਅਣਥੱਕ ਮਿਹਨਤ ਨਾ ਕਰਦਾ ਤਾਂ ਜ਼ਿੰਦਗੀ ਭਰ ਇੱਕ ਮਜ਼ਦੂਰ ਹੀ ਬਣਿਆ ਰਹਿਣਾ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5064)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)