JagrupSSekhonDr7ਅਗਲੀ ਸਵੇਰ ਐਤਵਾਰ ਨੂੰ ਮੈਂ ਅੰਮ੍ਰਿਤਸਰ ਤੋਂ ਸਕੂਟਰ ਰਾਹੀਂ ਰਈਏ ਪਹੁੰਚ ਗਿਆ, ਜਿੱਥੇ ਮੇਰਾ ਰਿਸ਼ਤੇਦਾਰ ...
(5 ਮਈ 2024)
ਇਸ ਸਮੇਂ ਪਾਠਕ: 465.


ਇਹ ਗੱਲ ਜੂਨ 1991 ਦੀ ਹੈ ਜਦੋਂ ਮੈਨੂੰ ਉਸ ਸਮੇਂ ਦੀ ਇੱਕ ਅੱਤਵਾਦੀ ਜਥੇਬੰਦੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਇੱਕ ਧੜੇ ਦੇ ਕਮਾਂਡਰ ਦੀ ਸਾਡੇ ਪਰਿਵਾਰ ਪ੍ਰਤੀ ਪੈਦਾ ਹੋਈ ਖੁੰਦਕ ਅਤੇ ਗੁੱਸੇ ਨੂੰ ਸ਼ਾਂਤ ਕਰਨ ਵਾਸਤੇ ਉਸਦੇ ਪਿੰਡ ਕਾਲੇਕੇ ਵਿੱਚ ਜਾ ਕੇ ਆਪਣਾ ਸਪਸ਼ਟੀਕਰਨ ਦੇਣਾ ਪਿਆ
ਇਹ ਪਿੰਡ ਉਸ ਸਮੇਂ ਦੇ ਇਸ ਜਥੇਬੰਦੀ ਦੇ ਮੁਖੀ ਰਵਿੰਦਰਪਾਲ ਸਿੰਘ ਭੋਲਾ ਦਾ ਵੀ ਸੀ

ਇਸ ਘਟਨਾ ਦਾ ਸੰਬੰਧ ਪੱਛਮੀ ਉੱਤਰ ਪ੍ਰਦੇਸ਼ ਦੇ ਤਰਾਈ ਏਰੀਏ ਵਿੱਚ ਪਿਛਲੀ ਸਦੀ ਦੇ 80ਵੇਂ ਦੇ ਅਖੀਰ ਅਤੇ 90ਵੇਂ ਦੇ ਸ਼ੁਰੂ ਵਿੱਚ ਬਹੁਤ ਵਧ ਗਈਆਂ ਅੱਤਵਾਦੀ ਘਟਨਾਵਾਂ ਨਾਲ ਹੈਉਸ ਸਮੇਂ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਅੱਤਵਾਦੀ ਪੁਲਿਸ ਦੇ ਡਰ ਅਤੇ ਹੋਰ ਬਹੁਤ ਸਾਰੇ ਕਾਰਨਾਂ ਕਰਕੇ ਇਹਨਾਂ ਇਲਾਕਿਆਂ ਵਿੱਚ ਚਲੇ ਗਏ ਸਨ ਇੱਥੇ ਇਹ ਦੱਸਣਾ ਬਣਦਾ ਹੈ ਕਿ ਤਰਾਈ ਏਰੀਏ ਵਿੱਚ ਵੱਡੀ ਗਿਣਤੀ ਚੰਗੇ ਖਾਂਦੇ ਪੀਂਦੇ ਸਿੱਖ ਜ਼ਿਮੀਂਦਾਰਾਂ ਦੀ ਹੈ ਜਿਹੜੇ ਆਪਣੇ ਡੇਰਿਆਂ ਭਾਵ ਫਾਰਮ ਘਰਾਂ ’ਤੇ ਰਹਿੰਦੇ ਹਨਪੰਜਾਬ ਤੋਂ ਗਏ ਕੁਝ ਮੁੰਡਿਆਂ ਦੀ ਇਹਨਾਂ ਪਰਿਵਾਰਾਂ ਨਾਲ ਰਿਸ਼ਤੇਦਾਰੀ ਜਾ ਜਾਣ-ਪਛਾਣ ਸੀ ਪੰਜਾਬ ਤੋਂ ਗਏ ਹੋਏ ਮੁੰਡਿਆਂ ਨੇ ਉੱਥੇ ਵੀ ਪੰਜਾਬ ਵਾਲਾ ਮਾਹੌਲ ਪੈਦਾ ਕਰ ਦਿੱਤਾਚੰਗੀ ਗਿਣਤੀ ਵਿੱਚ ਉੱਥੋਂ ਦੇ ਮੁੰਡੇ ਇਹਨਾਂ ਨਾਲ ਰਲ ਗਏ ਤੇ ਮਾਰਨ ਮਰਵਾਉਣ ਅਤੇ ਫਿਰੌਤੀਆਂ ਲੈਣ ਦਾ ਕੰਮ ਸ਼ੁਰੂ ਕਰ ਦਿੱਤਾਇਸ ਕਾਰਨ ਡੇਰਿਆਂ ’ਤੇ ਰਹਿਣ ਵਾਲੇ ਲੋਕਾਂ ਲਈ ਇਹ ਵੱਡੀ ਮੁਸੀਬਤ ਬਣ ਗਏ। ਉਹਨਾਂ ਵਿੱਚੋਂ ਕੁਝ ਨੇ ਆਪਣੀ ਜ਼ਮੀਨ ਵੇਚ ਦਿੱਤੀ ਤੇ ਕੁਝ ਆਪਣੇ ਡੇਰਿਆਂ ਤੋਂ ਲਾਗਲੇ ਕਸਬਿਆਂ ਵਿੱਚ ਚਲੇ ਗਏ

ਸਾਡੇ ਆਪਣੇ ਇਲਾਕੇ ਵਿੱਚ ਅੱਤਵਾਦੀ ਵਾਰਦਾਤਾਂ ਕਰਕੇ 5-6 ਲੋਕਾਂ ਦਾ ਕਤਲ ਹੋ ਗਿਆ ਜਿਸ ਨਾਲ ਹਾਲਾਤ ਹੋਰ ਖਰਾਬ ਹੋ ਗਏ ਇਸਦੇ ਨਾਲ ਹੀ ਯੂਪੀ ਦੀ ਪੁਲੀਸ ਤੇ ਪ੍ਰੋਵਿੰਸ਼ੀਅਲ ਆਰਮਡ ਕਾਨਸਟੇਬਲਰੀ (ਪੀਏਸੀ) ਦੀ ਦਬਿਸ਼ ਵਧ ਗਈ ਤੇ ਉਹਨਾਂ ਨੇ ਉੱਥੇ ਰਹਿੰਦੇ ਲੋਕਾਂ ਨੂੰ ਬਹੁਤ ਤੰਗ ਕਰਨਾ ਅਤੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾਇਹਨਾਂ ਅੱਤਵਾਦ ਦੀਆਂ ਵਧੀਆਂ ਹੋਈਆਂ ਘਟਨਾਵਾਂ ਕਰਕੇ ਸਾਡੇ ਇਲਾਕੇ ਦੇ 10-12 ਲੋਕਾਂ ਨੂੰ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਬਦਨਾਮ ਟਾਡਾ (TADA) ਅਧੀਨ ਯੂਪੀ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕਰ ਦਿੱਤਾਉਹ ਸਾਰੇ ਕਈ ਸਾਲ ਜੇਲ੍ਹ ਵਿੱਚ ਰਹਿ ਕੇ ਬਰੀ ਹੋਏਉਹਨਾਂ ਵਿੱਚੋਂ ਕੁਝ ਅੱਜ ਵੀ ਪੁਲੀਸ ਦੇ ਰਿਕਾਰਡ ਵਿੱਚ ਮੁਜਰਿਮ ਹਨ ਤੇ ਲੰਮੇ ਸਮੇਂ ਤੋਂ ਉਹਨਾਂ ਨੂੰ ਪਾਸਪੋਰਟ ਬਣਾਉਣ ਦੀ ਮਨਜ਼ੂਰੀ ਨਹੀਂ ਮਿਲ ਰਹੀ

ਸਾਡੇ ਪਰਿਵਾਰ ਦੀ ਸਮੱਸਿਆ ਦਾ ਦੌਰ ਮਾਰਚ 1991 ਦੇ ਸ਼ੁਰੂ ਵਿੱਚ ਘਰ ਵਿੱਚ ਕਰਵਾਏ ਆਖੰਡ ਪਾਠ ਤੋਂ ਸ਼ੁਰੂ ਹੋਇਆ। ਪਾਠ ਕਰਨ ਵਾਲੇ ਪਾਠੀਆਂ ਵਿੱਚੋਂ ਇੱਕ ਪਾਠੀ ਸਾਡੇ ਫਾਰਮ ਤੋਂ ਉੱਤਰ ਵੱਲ ਸਥਿਤ ਪਹਾੜੀ ਸ਼ਹਿਰ ਕੋਟਦਵਾਰ (ਹੁਣ ਉਤਰਾਖੰਡ ਵਿੱਚ) ਦੇ ਗੁਰਦੁਆਰੇ ਦਾ ਨੌਜਵਾਨ ਸੀਬਾਅਦ ਵਿੱਚ ਪਤਾ ਲੱਗਾ ਕਿ ਉਹ ਭਿੰਡਰਾਂਵਾਲੇ ਦੇ ਸਮੇਂ ਵਿੱਚ ਚਰਚਿਤ ਵਿਅਕਤੀ ਸੋਢੀ ਦਾ ਛੋਟਾ ਭਰਾ ਸੀ, ਜਿਹੜਾ ਉਸਦੇ ਮਰਨ ਤੋਂ ਬਾਅਦ ਪੰਜਾਬ ਤੋਂ ਬਾਹਰ ਇਸ ਗੁਰਦੁਆਰੇ ਵਿੱਚ ਆ ਗਿਆ ਸੀਉਸ ਪਾਸ ਪੰਜਾਬ ਤੋਂ ਆਉਂਦੇ ਮੁੰਡਿਆਂ ਦਾ ਆਉਣ ਜਾਣ ਸੀ ਤੇ ਉਸਦਾ ਸਾਡੇ ਇਲਾਕੇ ਵਿੱਚ ਕਾਫੀ ਰੋਹਬ ਸੀਉਸਦੀ ਵਜਾਹ ਕਰਕੇ ਹੀ ਸਾਡੇ ਇਲਾਕੇ ਦੇ ਪੰਜ-ਛੇ ਮੁੰਡੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਵਿੱਚੋਂ ਕੁਝ ਨੂੰ ਪੁਲੀਸ ਨੇ ਮਾਰ ਦਿੱਤਾ ਤੇ ਬਾਕੀ ਲੰਮੀ ਜੇਲ੍ਹ ਕੱਟ ਕੇ ਵਾਪਸ ਆਪਣੇ ਘਰ ਪਰਤ ਆਏ

ਅਖੰਡ ਪਾਠ ਦੀ ਸਮਾਪਤੀ ਤੋਂ ਚਾਰ ਪੰਜ ਦਿਨ ਬਾਅਦ ਉਸ ਪਾਠੀ ਨੇ ਪੰਜਾਬ ਤੋਂ ਆਏ ਇੱਕ ਹਥਿਆਰਬੰਦ ਟੋਲੇ ਨੂੰ ਰਾਤ ਦੇ ਸਮੇਂ ਸਾਡੇ ਫਾਰਮ ’ਤੇ ਭੇਜ ਦਿੱਤਾਉਹਨਾਂ ਨੇ ਆਉਂਦੇ ਸਾਰ ਹੀ ਆਪਣਾ ਰੋਹਬ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਪੈਸਿਆਂ ਦੀ ਮੰਗ ਕੀਤੀਇਹ ਸਿਲਸਿਲਾ ਚਾਰ-ਪੰਜ ਦਿਨ ਚਲਦਾ ਰਿਹਾਅਖੀਰ ’ਤੇ ਉਹਨਾਂ ਨੇ ਸਬਕ ਸਿਖਾਉਣ ਦੀ ਗੱਲ ਕਹਿ ਕੇ ਮਿਥੇ ਸਮੇਂ ਤਕ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਧਮਕੀ ਦਿੱਤੀਹਾਲਾਤ ਵਿਗੜਦੇ ਦੇਖ ਕੇ ਪਰਿਵਾਰ ਦੇ ਕੁਝ ਮੈਂਬਰਾਂ ਨੇ ਨੇੜਲੇ ਸ਼ਹਿਰ ਨਜੀਬਾਬਾਦ ਪਰਵਾਸ ਕਰ ਲਿਆ ਪਰ ਸਾਡੇ ਮਾਤਾ ਜੀ ਫਾਰਮ ’ਤੇ ਡਟੇ ਰਹੇ ਤੇ ਆਪਣੇ ਹੌਸਲੇ ਨਾਲ ਉਹਨਾਂ ਨਾਲ ਨਜਿੱਠਦੇ ਰਹੇ

ਇਸੇ ਸਮੇਂ ਵਿੱਚ ਕਿਸੇ ਨੇ ਇਸ ਸਾਰੇ ਮਾਮਲੇ ਦੀ ਇਤਲਾਹ ਪੁਲੀਸ ਨੂੰ ਦੇ ਦਿੱਤੀ ਤੇ ਉਹਨਾਂ ਨੇ ਆ ਕੇ ਇਹਨਾਂ ਮੁੰਡਿਆਂ ਬਾਰੇ ਪੁੱਛਿਆਉਸ ਸਮੇਂ ਵਿੱਚ ਪੁਲੀਸ ਡੇਰੇ ’ਤੇ ਬੈਠੇ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਅੱਤਵਾਦੀਆਂ ਦੇ ਹਿਮਾਇਤੀ ਹੋਣ ਕਰਕੇ ਤਸ਼ੱਦਦ ਕਰਨ ’ਤੇ ਕੇਸਾਂ ਵਿੱਚ ਫਸਾਉਣ ਲਈ ਬਹੁਤ ਉਤਸੁਕ ਸੀਸਾਡੇ ਪਰਿਵਾਰ ਦਾ ਬਚਾ ਉਸੇ ਸਾਲ ਮੇਰੇ ਛੋਟੇ ਭਰਾ ਦਾ ਸਾਡੀ ਤਹਿਸੀਲ ਦੀ ਬਾਰ ਕੌਂਸਲ ਦੇ ਸਕੱਤਰ ਚੁਣੇ ਜਾਣ ਕਰਕੇ ਹੋਇਆਇਸ ਗੱਲ ਦਾ ਪਤਾ ਪੁਲੀਸ ਨੂੰ ਸੀਦੂਸਰੇ ਪਾਸੇ ਹਾਲਾਤ ਦਿਨੋ ਦਿਨ ਬਹੁਤ ਵਿਗੜ ਰਹੇ ਸਨ ਤੇ ਅੱਤਵਾਦੀਆਂ ਦੀਆਂ ਧਮਕੀਆਂ ਤੇ ਮੰਗਾਂ ਵੀ ਵਧ ਰਹੀਆਂ ਸਨਹੁਣ ਪੁਲੀਸ ਦੇ ਆਉਣ ਦੀ ਖ਼ਬਰ ’ਤੇ ਫਿਰੌਤੀ ਮੰਗਣ ਵਾਲਿਆਂ ਨੇ ਇਸ ਦੀ ਜ਼ਿੰਮੇਵਾਰੀ ਸਾਡੇ ਸਿਰ ਮੜ੍ਹ ਦਿੱਤੀ ਸੀ ਇਸਦੇ ਨਾਲ ਹੀ ਪੁਲੀਸ ਦੀ ਦਸਤਕ ਪਿੰਡ ਵਿੱਚ ਬਹੁਤ ਵਧ ਗਈਹਰ ਪਾਸੇ ਦਹਿਸ਼ਤ ਦਾ ਮਾਹੌਲ ਸੀਪੁਲੀਸ ਦਾ ਕੋਈ ਹੋਰ ਜ਼ੋਰ ਨਾ ਚਲਦਾ ਵੇਖ ਕੇ ਉਹ ਘਰ ਵਿੱਚ ਖੜ੍ਹੇ ਟਰੈਕਟਰਾਂ ਵਿੱਚੋਂ ਦੋ ਨਵੇਂ ਟਰੈਕਟਰ ਪੁਲੀਸ ਸਟੇਸ਼ਨ ਲੈ ਗਏ ਤੇ ਆਪਣੇ ਤਰੀਕੇ ਨਾਲ ਕਈ ਕਿਸਮ ਦਾ ਦਬਾਅ ਪਾਉਣ ਲੱਗੇਅਜਿਹਾ ਵਰਤਾਰਾ ਉਹਨਾਂ ਨੇ ਉੱਥੇ ਵਸੇ ਬਹੁਤ ਸਾਰੇ ਪਰਿਵਾਰਾਂ ਨਾਲ ਕੀਤਾਪਰ ਇਸ ਸਾਰੇ ਦੀ ਵਜਾਹ ਪੰਜਾਬ ਤੋਂ ਆਏ ਅੱਤਵਾਦੀਆਂ ਤੇ ਇਲਾਕੇ ਦੇ ਪੰਜ-ਛੇ ਮੁੰਡਿਆਂ ਦਾ ਉਹਨਾਂ ਨਾਲ ਮਿਲ ਕੇ ਕਤਲ, ਫਿਰੌਤੀਆਂ ਤੇ ਹੋਰ ਅੱਤਵਾਦੀਆਂ ਕਾਰਵਾਈਆਂ ਸਨਪਰ ਸਾਡੇ ਸਮੇਤ ਸਭ ਪਰਿਵਾਰਾਂ ਨੂੰ ਪੁਲੀਸ ਨਾਲੋਂ ਜ਼ਿਆਦਾ ਡਰ ਅੱਤਵਾਦੀਆਂ ਦਾ ਸੀ ਜਿਹੜੇ ਕਿਸੇ ਵੇਲੇ ਵੀ ਕਿਸੇ ਦੀ ਜਾਨ ਲੈ ਸਕਦੇ ਸਨ

ਹਾਲਾਤ ਦਿਨੋ ਦਿਨ ਵਿਗੜ ਰਹੇ ਸਨ ਤੇ ਸਾਰਾ ਪਰਿਵਾਰ ਪੁਲੀਸ ਅਤੇ ਅੱਤਵਾਦੀਆਂ ਦੀਆਂ ਧਮਕੀਆਂ ਤੇ ਕਾਰਵਾਈਆਂ ਕਰਕੇ ਕਾਫੀ ਮੁਸ਼ਕਿਲ ਵਿੱਚ ਸੀਇਹ ਸਾਰੇ ਹਾਲਾਤ ਮੈਂ ਪੰਜਾਬ ਵਿੱਚ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਮੁੰਡਿਆਂ ਨਾਲ ਸਾਂਝੇ ਕੀਤੇ, ਜਿਨ੍ਹਾਂ ਦੀ ਉਹਨਾਂ ਦਿਨਾਂ ਵਿੱਚ ਇਸ ਲਹਿਰ ਵਿੱਚ ਸ਼ਾਮਲ ਕੁਝ ਮੁੰਡਿਆਂ ਨਾਲ ਵਾਕਫੀ ਤੇ ਨੇੜਤਾ ਸੀਉਹਨਾਂ ਵਿੱਚੋਂ ਇੱਕ ਮੁੰਡਾ ਮੇਰੇ ਗੱਲ ਕਰਦੇ ਸਾਰ ਹੀ ਸਮਝ ਗਿਆ ਕਿ ਇਹ ਸਾਰੀ ਉਸ ਪਾਠੀ ਦੀ ਸਕੀਮ ਹੈ, ਜਿਸ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀਉਹਨਾਂ ਦਿਨਾਂ ਵਿੱਚ ਟੈਲੀਫੋਨ ਨਾ ਹੋਣ ਕਰਕੇ ਕੋਈ ਵੀ ਲਿੰਕ ਲੱਭਣ ਵਾਸਤੇ ਸਾਰੀ ਭੱਜ ਨੱਠ ਆਪ ਹੀ ਕਰਨੀ ਪੈਂਦੀ ਸੀਉਹਨਾਂ ਨੇ ਆਪਣੇ ਸੂਤਰਾਂ ਰਾਹੀਂ ਉਸ ਪਾਠੀ ਨੂੰ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੁਨੇਹਾ ਸਿਰੇ ਨਹੀਂ ਚੜ੍ਹਿਆਦੂਸਰੇ ਪਾਸੇ ਹਾਲਾਤ ਹੋਰ ਵਿਗੜ ਰਹੇ ਸਨਗੱਲ ਕਿਸੇ ਪਾਸੇ ਲਗਦੀ ਨਾ ਵੇਖ ਕੇ ਫੈਸਲਾ ਕੀਤਾ ਕਿ ਮੈਂ ਤੇ ਉਹ ਤਿੰਨ ਉਹਨਾਂ ਨਾਲ ਉੱਥੇ ਜਾ ਕੇ ਮਸਲੇ ਦਾ ਨਿਪਟਾਰਾ ਕਰਾਂਗੇਉਹਨਾਂ ਦਿਨਾਂ ਵਿੱਚ ਪੰਜਾਬ ਤੋਂ ਯੂ.ਪੀ. ਨੂੰ ਜਾਣ ਵਾਸਤੇ ਦੋ ਗੱਡੀਆਂ ਹਾਵੜਾ ਮੇਲ ਅਤੇ ਐਕਸਪ੍ਰੈੱਸ ਹੀ ਹੁੰਦੀਆਂ ਸਨਰੇਲਵੇ ਸਟੇਸ਼ਨ ’ਤੇ ਭਾਰੀ ਨਿਗਰਾਨੀ ਵਿੱਚ ਅਸੀਂ ਚਾਰ ਜਣੇ ਅੰਮ੍ਰਿਤਸਰ ਸਟੇਸ਼ਨ ਤੋਂ ਸ਼ਾਮ ਦੇ ਛੇ ਵਜੇ ਵਾਲੀ ਹਾਵੜਾ ਗੱਡੀ ’ਤੇ ਬੈਠ ਕੇ ਸਵੇਰੇ 2.30 ਵਜੇ ਨਜੀਬਾਬਾਦ ਸਟੇਸ਼ਨ ’ਤੇ ਪਹੁੰਚ ਗਏ ਉੱਥੇ ਪਹਿਲਾਂ ਮਿਥੇ ਪ੍ਰੋਗਰਾਮ ਮੁਤਾਬਕ ਅਸੀਂ ਜੀਪ ’ਤੇ ਸਵਾਰ ਹੋ ਕੇ 15 ਕਿਲੋਮੀਟਰ ਦੂਰ ਇੱਕ ਰਿਸ਼ਤੇਦਾਰ ਦੇ ਫਾਰਮ ਹਾਊਸ ’ਤੇ ਪਹੁੰਚ ਗਏ ਉੱਥੇ ਦੋ ਘੰਟੇ ਆਰਾਮ ਕਰਨ ਤੋਂ ਬਾਅਦ ਉਹਨਾਂ ਮੁੰਡਿਆਂ ਵਿੱਚੋਂ ਦੋ ਦਿਨ ਚੜ੍ਹਨ ਤੋਂ ਪਹਿਲਾਂ ਕੋਟਦਵਾਰ ਉਸ ਗ੍ਰੰਥੀ ਨੂੰ ਮਿਲਣ ਗਏਇਹ ਦੂਰੀ ਇਸ ਫਾਰਮ ਤੋਂ 18-20 ਕਿਲੋਮੀਟਰ ਸੀਇਹਨਾਂ ਦੋਹਾਂ ਵਿੱਚ ਇੱਕ ਲੜਕਾ, ਜੋ ਹਰੀਕੇ ਦੇ ਲਾਗੇ ਮੰਡ ਵਿੱਚ ਇੱਕ ਪਿੰਡ ਦਾ ਸੀ, ਦੀ ਗ੍ਰੰਥੀ ਨਾਲ ਪੁਰਾਣੀ ਜਾਣ ਪਛਾਣ ਸੀਉਹਨਾਂ ਨੂੰ ਦੇਖ ਕੇ ਪਾਠੀ ਘਬਰਾ ਗਿਆ ਤੇ ਉਸ ਨੂੰ ਸਾਰੀ ਗੱਲ ਸਮਝ ਆ ਗਈਉਹਨਾਂ ਨੇ ਉਸ ਪਾਠੀ ਨੂੰ 12 ਵਜੇ ਤਕ ਦੱਸੇ ਹੋਏ ਫਾਰਮ ਹਾਊਸ ’ਤੇ ਆ ਕੇ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾਇਸ ਤਰ੍ਹਾਂ ਉਹ ਦੋਵੇਂ ਅੱਠ ਕੁ ਵਜੇ ਤਕ ਫਿਰ ਵਾਪਸ ਆ ਗਏ ਤੇ ਰੋਟੀ ਪਾਣੀ ਛਕ ਕੇ ਉਸਦੀ ਉਡੀਕ ਕਰਨ ਲੱਗੇ

ਪਰ ਉਹ ਪਾਠੀ ਸ਼ਾਮ ਤਕ ਉੱਥੇ ਨਹੀਂ ਆਇਆਉਹਨਾਂ ਨੂੰ ਸ਼ੱਕ ਪੈਣ ’ਤੇ ਉਹ ਫਿਰ ਉਸ ਗੁਰਦੁਆਰੇ ਵਿੱਚ ਗਏ ਤੇ ਉੱਥੇ ਇੱਕ ਹੋਰ ਬਜ਼ੁਰਗ ਤੋਂ ਉਸ ਬਾਰੇ ਪੁੱਛਿਆਉਸਨੇ ਜਵਾਬ ਦਿੱਤਾ ਕਿ ਉਹ ਤਾਂ ਤੁਹਾਡੇ ਮਗਰੋਂ ਛੇਤੀ ਕਿਸੇ ਨੂੰ ਜ਼ਰੂਰੀ ਮਿਲਣ ਜਾਣ ਦਾ ਕਹਿ ਕੇ ਚਲਾ ਗਿਆ ਪਰ ਅਜੇ ਤਕ ਵਾਪਸ ਨਹੀਂ ਆਇਆਅਗਲੇ ਦਿਨ ਪਤਾ ਚੱਲਿਆ ਕਿ ਉਹ ਲਾਗਲੇ ਪਿੰਡ ਦੇ ਕਿਸੇ ਜਾਣਕਾਰ ਮੁੰਡੇ ਦਾ ਮੋਟਰ ਸਾਈਕਲ ਲੈ ਕੇ ਮੁਕੇਰੀਆਂ (ਪੰਜਾਬ) ਚਲਾ ਗਿਆ ਹੈ ਤੇ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ

ਇਸ ਘਟਨਾ ਦੀ ਖ਼ਬਰ ਉਸਦੇ ਹੋਰ ਸਾਥੀਆਂ ਨੂੰ ਪਤਾ ਲੱਗ ਗਈ ਤੇ ਉਸ ਇਲਾਕੇ ਦੇ 4-5 ਮੁੰਡੇ ਵੀ ਆਪਣੇ ਘਰੋਂ ਦੌੜ ਗਏਸਾਡੇ ਇਲਾਕੇ ਵਿੱਚ ਖੁਸਰ ਫੁਸਰ ਸ਼ੁਰੂ ਹੋ ਗਈ ਕਿ ਅਸਲੀ ਸਿੰਘ ਆਏ ਹਨਪੰਜਾਬ ਤੋਂ ਗਏ ਮੁੰਡਿਆਂ ਨੇ ਪੂਰੀ ਤਸੱਲੀ ਕਰਨ ਤੋਂ ਬਾਅਦ ਉਹ ਉਹਨਾਂ ਘਰਾਂ ਵਿੱਚ ਗਏ, ਜਿਨ੍ਹਾਂ ਦੇ ਮੁੰਡੇ ਸਾਡੇ ਲਈ ਸਮੱਸਿਆ ਪੈਦਾ ਕਰ ਰਹੇ ਸਨ ਉੱਥੋਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਵਿੱਚੋਂ ਕੁਝ ਮੁੰਡੇ ਦੇਹਰਾਦੂਨ ਦੇ ਪਾਸ ਡੋਈਵਾਲਾ ਦੇ ਇਲਾਕੇ ਵਿੱਚ ਕਿਸੇ ਫਾਰਮ ’ਤੇ ਰੁਕੇ ਹੋਏ ਹਨਅਗਲੇ ਦਿਨ ਉਹਨਾਂ ਵਿੱਚੋਂ ਦੋ ਉਸ ਜਗ੍ਹਾ ’ਤੇ ਪਹੁੰਚ ਗਏ ਪਰ ਉਹਨਾਂ ਦੇ ਜਾਣ ਤੋਂ ਪਹਿਲਾਂ ਉਹ ਉੱਥੋਂ ਜਾ ਚੁੱਕੇ ਸਨਉਹ ਸ਼ਾਮ ਨੂੰ ਫਿਰ ਫਾਰਮ ਹਾਊਸ ’ਤੇ ਆ ਗਏਅਗਲੇ ਦਿਨ ਉਹਨਾਂ ਨੇ ਉਹਨਾਂ ਪਰਿਵਾਰਾਂ ਦੇ ਪੁਰਸ਼ ਬੰਦਿਆਂ ਨੂੰ ਆਪਣੇ ਪਾਸ ਬੁਲਾਇਆ ਤੇ ਕਿਹਾ ਕਿ ਜੇ ਇਸ ਪਰਿਵਾਰ (ਸਾਡੇ ਮਾਮੇ ਦੇ ਟੱਬਰ) ਦਾ ਕੋਈ ਨੁਕਸਾਨ ਹੋਇਆ ਤਾਂ ਇਹ ਸਾਰਾ ਤੁਹਾਨੂੰ ਭਰਨਾ ਪਵੇਗਾ

ਇਸ ਤਰੀਕੇ ਨਾਲ ਅਸੀਂ ਉੱਥੇ ਪੰਜ-ਛੇ ਦਿਨ ਰਹਿ ਕੇ ਵਾਪਸ ਆ ਗਏ ਇਸਦਾ ਨਤੀਜਾ ਇਹ ਨਿਕਲਿਆ ਕਿ ਕੇ.ਐੱਲ.ਐੱਫ ਦੇ ਅੱਤਵਾਦੀਆਂ ਦਾ ਟੋਲਾ, ਜਿਹੜਾ ਫਿਰੌਤੀ ਅਤੇ ਹੋਰ ਕੰਮਾਂ ਵਿੱਚ ਲੱਗਾ ਹੋਇਆ ਸੀ, ਦੀ ਬਹੁਤ ਕਿਰਕਿਰੀ ਹੋਈ ਤੇ ਲੋਕਾਂ ਨੇ ਉਹਨਾਂ ਤੋਂ ਪਾਸਾ ਵੱਟਣਾ ਸ਼ੁਰੂ ਕਰ ਦਿੱਤਾਇਹ ਗੱਲ ਇਸ ਗਰੁੱਪ ਨੇ ਪੰਜਾਬ ਵਿੱਚ ਆਪਣੇ ਕਮਾਂਡਰ ਸੁਰਜੀਤ ਸਿੰਘ ਕੋਲ ਪਹੁੰਚਾਈ ਕਿ ਸਾਨੂੰ ਹੁਣ ਲੋਕ ਘਰ ਨਹੀਂ ਵੜਨ ਦਿੰਦੇਸੁਰਜੀਤ ਸਿੰਘ ਇਸ ਗੱਲ ’ਤੇ ਬਹੁਤ ਦੁਖੀ ਹੋਇਆ ਤੇ ਉਸਨੇ ਇਸ ਵਰਤਾਰੇ ਦਾ ਬਦਲਾ ਲੈਣ ਦੀ ਧਾਰ ਲਈਇਸ ਤੋਂ ਬਾਅਦ ਉਸਨੇ ਪੰਜਾਬ ਵਿੱਚ ਕੰਮ ਕਰਦੀ ਆਪਣੀ ਜਥੇਬੰਦੀ ਦੇ ਮੁੰਡਿਆਂ ਨੂੰ ਸਾਡੇ ਜੱਦੀ ਪਿੰਡ ਵਡਾਲਾ ਕਲਾਂ, ਜੋ ਬਾਬੇ ਬਕਾਲੇ ਪਾਸ ਹੈ, ਸਾਡੇ ਪਰਿਵਾਰ ਦੀ ਜਾਣਕਾਰੀ ਲੈਣ ਲਈ ਭੇਜਿਆਉਹਨਾਂ ਦਿਨਾਂ ਵਿੱਚ ਪਰਿਵਾਰ ਦਾ ਕੋਈ ਵੀ ਜੀਅ ਉੱਥੇ ਨਹੀਂ ਸੀਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਉਹ ਮੁੰਡੇ ਦੋ-ਤਿੰਨ ਦਿਨ ਸਾਡੇ ਘਰ ਦੇ ਆਲੇ ਦੁਆਲੇ ਫਿਰ ਕੇ ਗਏ ਸੀ ਪਰ ਸਾਡੇ ਗੁਆਂਡੀਆਂ ਨੇ ਡਰ ਦੇ ਮਾਰੇ ਸਾਨੂੰ ਇਸਦੀ ਕੋਈ ਖਬਰ ਨਹੀਂ ਦਿੱਤੀ

ਸਾਡੇ ਘਰ ਵਿੱਚ ਕਿਸੇ ਦੇ ਨਾ ਮਿਲਣ ਕਰਕੇ ਕਮਾਂਡਰ ਬਹੁਤ ਗੁੱਸੇ ਵਿੱਚ ਆ ਗਿਆ ਤੇ ਉਸਨੇ ਇਹ ਗੱਲ ਆਪਣੇ ਨਜ਼ਦੀਕੀ ਸਾਥੀ ਪਿੰਡ ਦੇ ਮੁੰਡੇ ਨਾਲ ਸਾਂਝੀ ਕੀਤੀ ਤੇ ਕਿਹਾ, ਹੁਣ ਸਬਕ ਸਿਖਾਉਣ ਦਾ ਵੇਲਾ ਆ ਗਿਆ ਹੈਇਹ ਗੱਲ ਉਸ ਮੁੰਡੇ ਨੇ ਆਪਣੀ ਘਰ ਵਾਲੀ ਨੂੰ ਦੱਸੀ, ਜਿਹੜੀ ਸਾਡੇ ਪਿੰਡ ਤੋਂ ਉਸ ਨਾਲ ਵਿਆਹੀ ਹੋਈ ਸੀਜਦੋਂ ਉਹ ਕਮਾਂਡਰ ਅਗਲੇ ਦਿਨ ਉਹਨਾਂ ਦੇ ਘਰ ਗਿਆ ਤਾਂ ਉਸ ਲੜਕੀ ਨੇ ਉਸ ਨੂੰ ਵਾਸਤਾ ਪਾਇਆ ਤੇ ਕਿਹਾ ਕਿ ਉਹਨਾਂ ਦਾ ਪਰਿਵਾਰ ਬਹੁਤ ਠੀਕ ਹੈਅਸਲ ਵਿੱਚ ਉਸ ਲੜਕੀ ਦਾ ਪਿਤਾ ਜੋ ਵਲ਼ ਕੱਟਣ ਦਾ ਕੰਮ ਕਰਦਾ ਸੀ, ਮੇਰੇ ਪਿਤਾ ਜੀ ਨਾਲ ਪੰਜਵੀਂ ਜਮਾਤ ਤਕ ਪਿੰਡ ਦੇ ਸਕੂਲ ਵਿੱਚ ਪੜ੍ਹਿਆ ਹੋਇਆ ਸੀਬਾਅਦ ਵਿੱਚ ਉਸਨੇ ਸਾਰੀ ਉਮਰ ਸਾਡੇ ਪਿੰਡ ਤੋਂ ਬਾਬੇ ਬਕਾਲੇ ਵੱਲ ਜਾਂਦਿਆਂ ਨਹਿਰ ਦੇ ਪੁਲ ਤੇ ਸਾਈਕਲਾਂ ਦੀ ਮੁਰੰਮਤ ਕਰਨ ਦਾ ਕੰਮ ਕੀਤਾਸਾਡੀ ਜ਼ਮੀਨ ਨਹਿਰ ਦੇ ਕੋਲ ਹੋਣ ਕਰਕੇ ਉਹ ਤੇ ਉਸਦਾ ਪਰਿਵਾਰ ਆਪਣੀ ਮੱਝ ਜਾਂ ਗਾਂ ਵਾਸਤੇ ਪੱਠੇ ਸਾਡੇ ਖੇਤ ਵਿੱਚੋਂ ਲੈ ਜਾਇਆ ਕਰਦਾ ਸੀਹਾਲਾਤ ਦੀ ਨਾਜ਼ੁਕਤਾ ਸਮਝਦੇ ਹੋਏ ਉਸ ਲੜਕੀ ਨੇ ਸਾਡੇ ਪਰਿਵਾਰ ਦੇ ਇੱਕ ਮੈਂਬਰ ਨੂੰ ਕਮਾਂਡਰ ਨਾਲ ਮਿਲਾਉਣ ਦੀ ਜ਼ਿੰਮੇਵਾਰੀ ਲਈ ਤੇ ਕੁਝ ਦਿਨ ਦੀ ਮੋਹਲਤ ਮੰਗੀਇਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਜੀ ਦੀ ਮਦਦ ਨਾਲ ਸਾਡੇ ਗੁਆਂਢੀਆਂ ਦੇ ਮੁੰਡੇ ਨੂੰ ਕਮਾਂਡਰ ਦਾ ਸੁਨੇਹਾ ਮੇਰੇ ਤਕ ਪਹੁੰਚਾਉਣ ਲਈ ਕਿਹਾਨਾਲ ਹੀ ਉਸ ਨੇ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਸੁਰਜੀਤ ਸਿੰਘ ਨੂੰ ਮਿਲ ਕੇ ਸਫਾਈ ਦਿੱਤੀ ਜਾਵੇ, ਨਹੀਂ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈਇਹ ਸੁਨੇਹਾ ਮੈਨੂੰ ਉਸੇ ਸ਼ਾਮ ਨੂੰ ਮਿਲ ਗਿਆਅਗਲੇ ਦਿਨ ਮੈਂ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਉਸਦੇ ਪਿੰਡ ਰਈਏ ਕੋਲ ਜਾ ਕੇ ਮਿਲਿਆ ਤੇ ਸਾਰੀ ਗੱਲਬਾਤ ਦੱਸੀਉਹ ਲੜਕਾ ਵੀ ਸਾਡੇ ਨਾਲ ਯੂਪੀ ਵਿੱਚ ਸਾਡਾ ਮਸਲਾ ਹੱਲ ਕਰਨ ਵਾਸਤੇ ਸ਼ਾਮਲ ਸੀਸਾਰੀ ਗੱਲ ਸੁਣਨ ਤੋਂ ਬਾਅਦ ਉਸ ਨੇ ਮੈਨੂੰ ਹੌਸਲਾ ਦਿੱਤਾ ਕਿ ਕੱਲ੍ਹ ਨੂੰ ਆਪਾਂ ਉਸਦੇ ਪਿੰਡ ਦੱਸੇ ਹੋਏ ਘਰ ਜਾ ਕੇ ਸਾਰੀ ਗੱਲ ਸਾਫ ਕਰ ਦੇਵਾਂਗੇਇਸ ਤੋਂ ਬਾਅਦ ਮੈਂ ਵਾਪਸ ਅੰਮ੍ਰਿਤਸਰ ਆ ਗਿਆ

ਅਗਲੀ ਸਵੇਰ ਐਤਵਾਰ ਨੂੰ ਮੈਂ ਅੰਮ੍ਰਿਤਸਰ ਤੋਂ ਸਕੂਟਰ ਰਾਹੀਂ ਰਈਏ ਪਹੁੰਚ ਗਿਆ, ਜਿੱਥੇ ਮੇਰਾ ਰਿਸ਼ਤੇਦਾਰ ਮੇਰੀ ਉਡੀਕ ਕਰ ਰਿਹਾ ਸੀ ਉੱਥੋਂ ਅਸੀਂ ਦੱਸੀ ਹੋਈ ਜਗ੍ਹਾ ਵੱਲ ਚੱਲ ਪਏ, ਜਿਹੜੀ ਰਈਏ ਤੋਂ ਉੱਤਰ ਵਿੱਚ ਲਿੰਕ ਰੋਡ ਰਾਹੀਂ 6-7 ਕਿਲੋਮੀਟਰ ਸੀਇਸ ਜਗ੍ਹਾ ਤੋਂ ਇੱਕ ਕਿਲੋਮੀਟਰ ਪਹਿਲਾਂ ਸੁਧਾਰ ਪਿੰਡ ਪੈਂਦਾ ਹੈ ਉੱਥੇ ਪਹੁੰਚ ਕੇ ਮੇਰੇ ਸਾਥੀ ਨੇ ਅੱਗੇ ਜਾਣ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ,ਤੂੰ ਸਕੂਟਰ ਇੱਥੇ ਛੱਡ ਕੇ ਉਸ ਨੂੰ ਮਿਲ ਆਉਹ ਐਤਵਾਰ ਦੀ ਛੁੱਟੀ ਹੋਣ ਕਰਕੇ ਉਸ ਪਿੰਡ ਦੇ ਸਕੂਲ ਦੀ ਗਰਾਊਂਡ ਵਿੱਚ ਰੁਕ ਗਿਆਪਿੰਡ ਦੇ ਲੋਕਾਂ ਮੁਤਾਬਕ ਇਸੇ ਪਿੰਡ ਦੇ ਸਕੂਲ ਵਿੱਚ ਇੱਕ ਹਫਤਾ ਪਹਿਲਾਂ ਪੁਲੀਸ ਨੇ ਦੋ ਨੌਜਵਾਨ ਮੁੰਡਿਆਂ ਦਾ ਫਰਜ਼ੀ ਮੁਕਾਬਲਾ ਬਣਾਇਆ ਸੀਮੇਰੇ ਪਾਸ ਕੋਈ ਹੋਰ ਚਾਰਾ ਨਾ ਹੋਣ ਕਰਕੇ ਮੈਂ 10-15 ਮਿੰਟ ਵਿੱਚ ਦੱਸੀ ਹੋਈ ਜਗ੍ਹਾ ’ਤੇ ਪਹੁੰਚ ਗਿਆਇਹ ਛੋਟਾ ਜਿਹਾ ਦੋਂਹ ਕਮਰਿਆਂ ਵਾਲਾ 4-5 ਮਰਲੇ ਦਾ ਦਾ ਘਰ ਸੀ ਤੇ ਗਲੀ ਵਾਲੇ ਪਾਸੇ ਉਸਦੇ ਮਾਲਕ ਦੀ ਇੱਕ ਪ੍ਰਚੂਨ ਦੀ ਦੁਕਾਨ ਸੀਘਰ ਦੇ ਦਰਵਾਜ਼ੇ ਕੋਲ ਪਾਣੀ ਵਾਲਾ ਨਲਕਾ ਤੇ ਵਿਹੜੇ ਵਿੱਚ ਚੁੱਲ੍ਹਾ ਬਣਿਆ ਹੋਇਆ ਸੀਮੈਂ ਗਲੀ ਵਾਲੇ ਪਾਸੇ ਤੋਂ ਦੁਕਾਨ ਵੱਲ ਚਲਾ ਗਿਆ, ਜਿੱਥੇ ਸਾਡੇ ਪਿੰਡ ਦੀ ਲੜਕੀ ਦਾ ਘਰ ਵਾਲਾ ਮੇਰਾ ਇੰਤਜ਼ਾਰ ਕਰ ਰਿਹਾ ਸੀਉਸਨੇ ਮੈਨੂੰ ਬੜੇ ਪਿਆਰ ਨਾਲ ਸਾਰੀ ਗੱਲ ਸਮਝਾਈ ਤੇ ਕਿਹਾ ਕਿ ਉਹ ਤੇਰੇ ਨਾਲ ਬਹੁਤ ਬਦਤਮੀਜ਼ੀ ਨਾਲ ਪੇਸ਼ ਆਵੇਗਾ ਤੇ ਹੋ ਸਕਦਾ ਉਹ ਗਾਲ੍ਹਾਂ ਵੀ ਕੱਢ ਦੇਵੇਫਿਰ ਉਹ ਆਪਣੇ ਆਪ ਥੋੜ੍ਹੇ ਚਿਰ ਬਾਅਦ ਠੰਢਾ ਹੋ ਜਾਵੇਗਾ ਕਿਉਂਕਿ ਉਸ ਨੂੰ ਯੂਪੀ ਵਿੱਚ ਗਏ ਹੋਏ ਮੁੰਡਿਆਂ ਦਾ ਪਤਾ ਹੈ, ਇਸ ਲਈ ਉਹ ਤੇਰਾ ਕੋਈ ਨੁਕਸਾਨ ਨਹੀਂ ਕਰੇਗਾਇਹ ਭਰੋਸਾ ਮੈਨੂੰ ਅੰਮ੍ਰਿਤਸਰ ਮਿਲਣ ਆਏ ਮੁੰਡੇ ਨੇ ਸਾਡੇ ਪਿੰਡ ਦੀ ਲੜਕੀ ਵੱਲੋਂ ਬਹੁਤ ਚੰਗੀ ਤਰ੍ਹਾਂ ਪਹਿਲਾਂ ਹੀ ਦਿੱਤਾ ਗਿਆ ਸੀ ਇਹੀ ਕਾਰਨ ਸੀ ਕਿ ਮੈਂ ਬਿਨਾਂ ਕਿਸੇ ਭੈਅ ਦੇ ਕਮਾਂਡਰ ਨੂੰ ਮਿਲਣ ਲਈ ਉਸਦੀ ਦੱਸੀ ਹੋਈ ਥਾਂ ’ਤੇ ਗਿਆ ਸੀ

ਇਸ ਤੋਂ ਬਾਅਦ ਉਹ ਮੈਨੂੰ ਦਰਵਾਜ਼ੇ ਰਾਹੀਂ ਆਪਣੇ ਘਰ ਅੰਦਰ ਲੈ ਗਿਆ ਮੈਨੂੰ ਦੇਖ ਕੇ ਉਸਦੀ ਪਤਨੀ ਨੇ ਮੈਨੂੰ ਕਿਹਾ, “ਚੰਗਾ ਕੀਤਾ ਵੀਰ ਤੂੰ ਅੱਜ ਆ ਗਿਉਂ, ਇਹ ਅੱਜ ਬਹੁਤ ਗੁੱਸੇ ਵਿੱਚ ਸੀ ਤੇ ਕਹਿ ਰਿਹਾ ਸੀ ਕਿ ਅੱਜ ਤੋਂ ਬਾਅਦ ਅਸੀਂ ਆਪਣੀ ਮਰਜ਼ੀ ਕਰਾਂਗੇ।”

ਉਸ ਲੜਕੀ ਨੇ ਵੀ ਮੈਨੂੰ ਸ਼ਾਂਤ ਰਹਿ ਕੇ ਗੱਲਾਂ ਸੁਣਨ ਲਈ ਕਿਹਾਇਸ ਤੋਂ ਬਾਅਦ ਉਹ ਮੈਨੂੰ ਆਪਣੇ ਛੋਟੇ ਜਿਹੇ ਕਮਰੇ ਵਿੱਚ ਲੈ ਗਿਆ ਜਿੱਥੇ ਕਮਾਂਡਰ ਜੂਨ ਦੇ ਮਹੀਨੇ ਵਿੱਚ ਮੰਜੇ ’ਤੇ ਪਤਲੀ ਜਿਹੀ ਚਾਦਰ ਮੂੰਹ ’ਤੇ ਲੈ ਕੇ ਪੱਖੇ ਥੱਲੇ ਲੰਮਾ ਪਿਆ ਹੋਇਆ ਸੀਉਸ ਨੂੰ ਮੇਰੇ ਉੱਥੇ ਆਉਣ ਦੀ ਸੂਚਨਾ ਮਿਲ ਚੁੱਕੀ ਸੀ

ਸਾਡੇ ਕਮਰੇ ਵਿੱਚ ਅੰਦਰ ਵੜਨ ’ਤੇ ਉਹ ਜਾਣ ਬੁੱਝ ਕੇ ਅੱਭੜਵਾਹੇ ਉੱਠਿਆ ਤੇ ਮੰਜੇ ’ਤੇ ਬੈਠ ਗਿਆਇਸ ਤੋਂ ਬਾਅਦ ਉਸਨੇ ਮੇਰੇ ਵੱਲ ਬੜੀਆਂ ਭੈੜੀਆਂ ਨਜ਼ਰਾਂ ਨਾਲ ਵੇਖਿਆ ਤੇ ਕਿਹਾ ਕਿ ਤੂੰ ਉੱਥੇ ਮੁੰਡੇ ਲੈ ਕੇ ਗਿਆ ਸੀ? ਮੈਂ ਆਪਣਾ ਮੂੰਹ ਹਿਲਾ ਕੇ ਹਾਂ ਕਿਹਾਉਸ ਤੋਂ ਬਾਅਦ ਉਹ ਪੂਰੇ ਜ਼ੋਰ ਨਾਲ ਮੇਰੇ ’ਤੇ ਚੀਕਾਂ ਮਾਰ ਮਾਰ ਕੇ ਰੋਹਬ ਪਾਉਣ ਲੱਗਾ ਅਤੇ ਕਾਫੀ ਵੱਧ ਘੱਟ ਬੋਲਿਆ ਇਸਦੇ ਨਾਲ ਉਸਨੇ ਕਿਹਾ ਕਿ ਜੇ ਇਹ ਕੁੜੀ ਵਿੱਚ ਨਾ ਪੈਂਦੀ ਤਾਂ ਤੁਹਾਨੂੰ ਪੱਕਾ ਸਬਕ ਸਿਖਾਉਣਾ ਸੀਇਸ ਤੋਂ 5-7 ਮਿੰਟ ਬਾਅਦ ਉਹ ਕੁਝ ਨਰਮ ਪਿਆ ਤੇ ਮੈਨੂੰ ਯੂਪੀ ਗਏ ਮੁੰਡਿਆਂ ਬਾਰੇ ਪੁੱਛਿਆਅਸਲ ਵਿੱਚ ਉਹ ਉਹਨਾਂ ਨੂੰ ਜਾਣਦਾ ਸੀ ਪ੍ਰੰਤੂ ਉਹ ਮੇਰੇ ਕੋਲੋਂ ਉਹਨਾਂ ਨਾਲ ਮੇਰਾ ਸੰਬੰਧ ਪੁੱਛਣਾ ਚਾਹੁੰਦਾ ਸੀਉਸਨੇ ਕੋਟਦੁਆਰ ਵਾਲੇ ਪਾਠੀ ਦਾ ਵੀ ਉੱਥੋਂ ਚਲੇ ਜਾਣ ਲਈ ਸਾਨੂੰ ਦੋਸ਼ੀ ਠਹਿਰਾਇਆ ਤੇ ਨਾਲ ਹੀ ਉਸ ਦੀ ਜਥੇਬੰਦੀ ਦੇ ਮੈਂਬਰਾਂ ਦੇ ਪਰਿਵਾਰਾਂ ਨੂੰ ਦਿੱਤੀ ਹੋਈ ਚਿਤਾਵਨੀ ਬਾਰੇ ਵੀ ਮੇਰੇ ਨਾਲ ਗਏ ਹੋਏ ਮੁੰਡਿਆਂ ਨੂੰ ਬੁਰਾ ਭਲਾ ਕਿਹਾਇਹ ਵਰਤਾਰਾ ਕੋਈ 40-50 ਮਿੰਟ ਤਕ ਚੱਲਿਆ ਹੋਵੇਗਾਓਨੀ ਦੇਰ ਨੂੰ ਸਾਡੇ ਪਿੰਡ ਦੀ ਲੜਕੀ ਬਿਸਕੁਟ ਤੇ ਚਾਹ ਲੈ ਕੇ ਆ ਗਈਉਸਨੇ ਚਾਹ ਪੀਣ ਤੋਂ ਬਿਲਕੁਲ ਮਨ੍ਹਾ ਕਰ ਦਿੱਤਾਉਹ ਲੜਕੀ ਵੀ ਸਾਡੇ ਕੋਲ ਬੈਠ ਗਈ ਤੇ ਅਸੀਂ ਤਿੰਨਾਂ ਨੇ ਚਾਹ ਪੀਤੀਇਸ ਤੋਂ ਬਾਅਦ ਉਹ ਆਪਣੀ ਤੇ ਆਪਣੀ ਜਥੇਬੰਦੀ ਦੇ ਲੋਕਾਂ ਦੀ ਖਾਲਿਸਤਾਨ ਦੀ ਪ੍ਰਾਪਤੀ ਲਈ ਸ਼ਹੀਦੀਆਂ ਤੇ ਸਰਕਾਰ ਖਿਲਾਫ਼ ਲੜ ਰਹੀ ਲੜਾਈ ਦੀਆਂ ਗੱਲਾਂ ਕਰਦਾ ਰਿਹਾ ਤੇ ਸਾਡੇ ਵਰਗੇ ਲੋਕਾਂ ਨੂੰ ਕੋਸਦਾ ਅਤੇ ਬੁਰਾ ਭਲਾ ਕਹਿੰਦਾ ਰਿਹਾਬਾਅਦ ਵਿੱਚ ਭਾਵੇਂ ਉਸਦੀ ਬੋਲ ਬਾਣੀ ਕੁਝ ਨਰਮ ਹੋ ਗਈ ਸੀ ਪਰ ਉਹ ਬਹੁਤ ਤਲਖੀ ਵਿੱਚ ਸੀਉਹ ਬਾਰ ਬਾਰ ਕਹਿ ਰਿਹਾ ਸੀ ਕਿ ਤੁਹਾਡੀ ਕਿਸਮਤ ਚੰਗੀ ਹੈ ਕਿ ਤੁਸੀਂ ਆਪਣੇ ਪਿੰਡ ਵਾਲੇ ਘਰ ਵਿੱਚ ਨਹੀਂ ਮਿਲੇਸਾਡੇ ਮੁੰਡੇ ਤਾਂ ਦੋ ਤਿੰਨ ਵਾਰ ਸਬਕ ਸਿਖਾਉਣ ਵਾਸਤੇ ਗਏ ਸਨਦੂਸਰਾ ਇਸ ਲੜਕੀ ਨੇ ਤੁਹਾਡੇ ਪਰਿਵਾਰ ਦਾ ਬਹੁਤ ਪੱਖ ਪੂਰਿਆ ਸੀ

ਮੈਂ ਬਿਲਕੁਲ ਸ਼ਾਂਤ ਬੈਠ ਕੇ ਉਸ ਦੀਆਂ ਚੰਗੀਆਂ ਮੰਦੀਆਂ ਗੱਲਾਂ ਸੁਣਦਾ ਰਿਹਾਮੈਂ ਉਸ ਘਰ ਵਿੱਚ ਤਕਰੀਬਨ ਦੋ ਘੰਟੇ ਰਿਹਾਇਸ ਸਮੇਂ ਦੌਰਾਨ ਮੇਰੇ ਮਨ ਵਿੱਚ ਕਿਸੇ ਵੇਲੇ ਵੀ ਉੱਥੇ ਪੁਲਿਸ ਦੇ ਆ ਜਾਣ ਦਾ ਡਰ ਆਉਂਦਾ ਰਿਹਾ ਕਿਉਂਕਿ ਉਹ ਗੱਲਾਂ ਹੀ ਅਜਿਹੀਆਂ ਕਰ ਰਿਹਾ ਸੀਗੱਲਬਾਤ ਮੁਕਾਉਣ ਤੋਂ ਬਾਅਦ ਜਦੋਂ ਮੈਂ ਬਾਹਰ ਗਲੀ ਵਿੱਚ ਆਇਆ ਤਾਂ ਉਸਨੇ ਮੈਨੂੰ ਪਿੱਛੋਂ ਆਵਾਜ਼ ਮਾਰੀ ਤੇ ਵਾਪਸ ਬੁਲਾ ਲਿਆਮੈਂ ਵਾਪਸ ਕਮਰੇ ਵਿੱਚ ਚਲਾ ਗਿਆਉਸਨੇ ਮੈਨੂੰ ਜਿਸ ਡਬਲਬੈੱਡ ਤੇ ਉਹ ਲੰਮਾ ਪਿਆ ਸੀ, ਉਸਦਾ ਬੌਕਸ ਚੁੱਕਣ ਲਈ ਕਿਹਾ ਤੇ ਦੂਸਰਾ ਉਸਨੇ ਆਪ ਉਠਾਇਆਉਹਨਾਂ ਦੋਵਾਂ ਬਕਸਿਆਂ ਵਿੱਚ ਕਾਫੀ ਹਥਿਆਰ ਅਤੇ ਗੋਲਾ ਬਾਰੂਦ ਸੀਉਹਨਾਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦਾ, “ਮੈਂ ਤੈਨੂੰ ਇਹ ਦੇਖਣ ਲਈ ਬੁਲਾਇਆ ਹੈ ਕਿ ਕਿਵੇਂ ਅਸੀਂ ਮੌਤ ਨੂੰ ਸਿਰ ’ਤੇ ਚੁੱਕੀ ਫਿਰਦੇ ਹਾਂ

ਮੈਂ ਉਸਦੀ ਇਸ ਗੱਲ ਦਾ ਕੋਈ ਜਵਾਬ ਨਾ ਦਿੱਤਾਇਸ ਤੋਂ ਬਾਅਦ ਉਸਨੇ ਮੈਨੂੰ ਬੋਕਸ ਬੰਦ ਕਰਨ ਲਈ ਕਿਹਾ ਤੇ ਫਿਰ ਮੈਂ ਵਾਪਸ ਬਾਹਰ ਵਿਹੜੇ ਵਿੱਚ ਆ ਗਿਆਥੋੜ੍ਹੀ ਦੇਰ ਰੁਕਣ ਤੋਂ ਬਾਅਦ ਮੈਂ ਉੱਥੋਂ ਚੱਲ ਕੇ ਸੁਧਾਰ ਪਿੰਡ ਦੇ ਸਕੂਲ ਵੱਲ ਚੱਲ ਪਿਆ, ਜਿੱਥੇ ਮੇਰਾ ਰਿਸ਼ਤੇਦਾਰ ਮੇਰਾ ਇੰਤਜ਼ਾਰ ਕਰ ਰਿਹਾ ਸੀਉਹ ਰਿਸ਼ਤੇਦਾਰ ਬਹੁਤ ਘਬਰਾਇਆ ਹੋਇਆ ਸੀ ਤੇ ਉਸਨੇ ਦੱਸਿਆ ਕਿ ਉਸਦੇ ਮਨ ਵਿੱਚ ਕਈ ਕਿਸਮ ਦੇ ਬੁਰੇ ਖਿਆਲ ਆ ਰਹੇ ਸਨ

ਫਿਰ ਅਸੀਂ ਦੋਵੇਂ ਸਕੂਟਰ ਲੈ ਕੇ ਰਈਏ ਪਹੁੰਚੇ ਗਏ, ਜਿੱਥੋਂ ਉਹ ਆਪਣੇ ਪਿੰਡ ਚਲਾ ਗਿਆ ਤੇ ਮੈਂ ਸ਼ਾਮ ਨੂੰ ਵਾਪਸ ਅੰਮ੍ਰਿਤਸਰ ਪਹੁੰਚ ਗਿਆਇਸ ਤੋਂ ਬਾਅਦ ਸਾਡਾ ਫਾਰਮ ਵਾਲਾ ਮਸਲਾ ਸ਼ਾਂਤ ਹੋ ਗਿਆ

ਇਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਪੁਲੀਸ ਤੇ ਨੀਮ ਫੌਜੀ ਦਲਾਂ ਦਾ ਕਾਫੀ ਦਬਾਅ ਵਧ ਗਿਆ ਸੀ1992 ਦੀਆਂ ਚੋਣਾਂ ਤੋਂ ਬਾਅਦ ਨਵੀਂ ਬਣੀ ਬੇਅੰਤ ਸਿੰਘ ਦੀ ਸਰਕਾਰ ਨੇ ਥੋੜ੍ਹੇ ਸਮੇਂ ਵਿੱਚ ਹੀ ਰਾਜ ਦੀ ਤਾਕਤ ਤੇ ਲੋਕਾਂ ਦੇ ਸਮਰਥਨ ਨਾਲ ਅੱਤਵਾਦ ਦਾ ਲੱਕ ਤੋੜ ਦਿੱਤਾ ਤੇ ਪੰਜਾਬ ਵਿੱਚ ਸ਼ਾਂਤੀ ਬਹਾਲ ਹੋ ਗਈਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਮੁੰਡਿਆਂ ਨੇ ਪੁਲੀਸ ਅੱਗੇ ਸਮਰਪਣ ਕਰ ਦਿੱਤਾ, ਜਿਨ੍ਹਾਂ ਵਿੱਚ ਇਹ ਕਮਾਂਡਰ ਵੀ ਸੀ

ਸਾਡੇ ਇਲਾਕੇ ਦੇ ਜਾਣਕਾਰ ਦੱਸਦੇ ਹਨ ਕਿ ਕੇ.ਐੱਲ.ਐੱਫ ਦੇ ਚੀਫ ਦੀ ਮੌਤ ਤੋਂ ਬਾਅਦ ਇਹ ਕਮਾਂਡਰ ਪੰਜਾਬ ਪੁਲੀਸ ਦਾ ਸੂਹੀਆ ਬਣ ਗਿਆ ਸੀਉਸ ਨੂੰ ਆਖਰੀ ਵਾਰ ਪਿੰਡ ਦੇ ਲੋਕਾਂ ਨੇ 1993 ਦੇ ਹੋਲੇ ਮਹੱਲੇ ਦੇ ਮੇਲੇ ’ਤੇ ਆਨੰਦਪੁਰ ਵਿੱਚ ਇੱਕ ਕਾਲੇ ਸ਼ੀਸ਼ਿਆਂ ਵਾਲੀ ਜਿਪਸੀ ਵਿੱਚ ਬੈਠੇ ਹੋਏ ਨੂੰ ਦੇਖਿਆ ਸੀ, ਉਸ ਤੋਂ ਬਾਅਦ ਅੱਜ ਤਕ ਉਸਦੀ ਕਿਸੇ ਨੂੰ ਵੀ ਕੋਈ ਖ਼ਬਰ ਨਹੀਂ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4939)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਡਾ. ਜਗਰੂਪ ਸਿੰਘ ਸੇਖੋਂ

ਡਾ. ਜਗਰੂਪ ਸਿੰਘ ਸੇਖੋਂ

Professor, Dept. Of Political Science, Guru Nanak Dev University Amritsar. Punjab. India.
WhatsApp: (91 - 94170 - 75563)
Email: (jagrupssekhon@gmail.com)