“ਜਿਸ ਦੇਸ਼ ਵਿੱਚ ਇੱਕ ਪਾਸੇ ਕੰਜਕਾਂ ਪੂਜੀਆਂ ਜਾਂਦੀਆਂ ਹੋਣ, ਬੇਟੀ ਬਚਾਓ ਬੇਟੀ ਪੜ੍ਹਾਓ, ਨੰਨ੍ਹੀ ਛਾਂ ਦੇ ਨਾਮ ਦੇ ...”
(30 ਅਪਰੈਲ 2024)
ਇਸ ਸਮੇਂ ਪਾਠਕ: 150.
ਸਾਡਾ ਸਮਾਜ ਜਮਾਤੀ ਹੈ ਜਿਸ ਵਿੱਚ ਅਮੀਰੀ ਗ਼ਰੀਬੀ ਤੇ ਜਾਤ ਪਾਤ ਦਾ ਕੋਹੜ ਤਾਂ ਹੈ ਹੀ. ਨਾਲ ਹੀ ਪਿਤਰਕੀ ਸੋਚ ਵੀ ਗਹਿਰੇ ਰੂਪ ਵਿੱਚ ਸਮਾਜ ਵਿੱਚ ਆਪਣੀਆਂ ਜੜ੍ਹਾਂ ਜਮਾਈ ਬੈਠੀ ਹੈ, ਜਿਸ ਕਾਰਨ ਔਰਤ ਨੂੰ ਮਰਦ ਦੇ ਮੁਕਾਬਲੇ ਦੂਜਾ ਦਰਜਾ ਦਿੱਤਾ ਗਿਆ ਹੈ। ਔਰਤਾਂ ਦੇ ਦਮਨ ਅਤੇ ਵਿਤਕਰੇ ਨੂੰ ਰੋਜ਼ਮਰਾ ਦੀ ਜ਼ਿੰਦਗੀ ਵਿੱਚੋਂ ਪਹਿਚਾਣਿਆ ਜਾ ਸਕਦਾ ਹੈ, ਜਿਸਦੇ ਅਨੇਕਾਂ ਡਿਮੈਨਸ਼ਨ ਇਸ ਪਿਤਰਕੀ ਸੱਤਾ ਦੀ ਪੈਦਾਵਾਰ ਹਨ। ਔਰਤ ਨੂੰ ਬੌਧਿਕ ਤੌਰ ’ਤੇ ਮਰਦ ਬਰਾਬਰ ਨਹੀਂ ਸਮਝਿਆ ਜਾਂਦਾ। ਪਿਤਰਕੀ ਮੁੱਲ, ਰੀਤਾਂ ਅਨੁਸਾਰ ਘੜੇ ਸੰਸਕਾਰਾਂ ਨੇ ਮਰਦ ਨੂੰ ਮਨੁੱਖ ਹੋਣ ਦਾ ਗੌਰਵ ਪ੍ਰਦਾਨ ਕੀਤਾ ਹੈ ਪਰ ਔਰਤ ਨੂੰ ਦੂਜੈਲਾ ਸਥਾਨ ਤਕ ਸੀਮਤ ਕਰ ਦਿੰਦਾ ਹੈ। ਔਰਤ ਮਰਦ ਇੱਕ ਦੂਜੇ ਦੇ ਪੂਰਕ ਹੁੰਦੇ ਹੋਏ ਸਮਾਜ ਦੇ ਵਿਕਾਸ ਵਿੱਚ ਬਰਾਬਰ ਦਾ ਯੋਗਦਾਨ ਪਾ ਰਹੇ ਹਨ। ਸੰਵਿਧਾਨਕ ਤੌਰ ’ਤੇ ਤਾਂ ਭਾਵੇਂ ਔਰਤ ਨੂੰ ਕਈ ਹੱਕ ਪ੍ਰਾਪਤ ਹਨ ਪਰ ਅਸਲ ਵਿੱਚ ਸਥਿਤੀ ਕੁਝ ਹੋਰ ਹੈ। ਘਰ ਤੋਂ ਸ਼ੁਰੂ ਹੋ ਕੇ ਪੜ੍ਹਾਈ, ਨੌਕਰੀ ਅਤੇ ਸਮਾਜ ਵਿੱਚ ਉਸ ਆਰਥਿਕ, ਸਰੀਰਕ ਅਤੇ ਮਾਨਸਿਕ ਤੇ ਲਿੰਗਿੰਕ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅੱਜ ਸਥਿਤੀ ਇਹ ਹੈ ਕਿ ਔਰਤਾਂ/ਕੁੜੀਆਂ ਨਾਲ ਹੋ ਰਹੀਆਂ ਜਿਸਮਾਨੀ/ਲਿੰਗਕ, ਜਬਰ ਜਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਜਦੋਂ ਕੋਈ ਘਿਨਾਉਣੀ ਘਟਨਾ ਸੁਰਖ਼ੀਆਂ ਵਿੱਚ ਆਉਂਦੀ ਹੈ ਤਾਂ ਲੋਕਾਂ ਅੰਦਰ ਇਸ ਗੁੰਡਾਗਰਦੀ ਵਿਰੁੱਧ ਰੋਹ ਭੜਕਦਾ ਹੈ। ਇਹ ਗੁੱਸਾ ਕਈ ਪੱਖੋਂ ਵੇਖਿਆ ਜਾਂਦਾ ਹੈ। ਮੁਜਰਮਾਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਆਵਾਜ਼ ਵੀ ਉੱਚੀ ਸੁਰ ਵਿੱਚ ਸੁਣੀ ਜਾਂਦੀ ਹੈ। ਅਜਿਹੀਆਂ ਦਿਲ ਕੰਬਾਊ ਘਟਨਾਵਾਂ ਸੰਵੇਦਨਸ਼ੀਲ ਮਨੁੱਖ ਨੂੰ ਅੰਦਰੋਂ ਝੰਜੋੜ ਕੇ ਰੱਖ ਦਿੱਤੀਆਂ ਹਨ।
ਤਰਨਤਾਰਨ ਦੇ ਵਲਟੋਹਾ ਕਸਬੇ ਵਿੱਚ ਔਰਤ ਨੂੰ ਨਿਰਵਸਤਰ ਕਰਕੇ ਘੁਮਾਉਣ ਦੀ ਵੀਡੀਓ ਨੇ ਇੱਕ ਵਾਰ ਫਿਰ ਔਰਤ ਦੀ ਸੁਰੱਖਿਆ ’ਤੇ ਨਿਸ਼ਾਨੀਆ ਚਿੰਨ੍ਹ ਲਗਾਇਆ ਹੈ ਜੋ ਗੰਭੀਰ ਚਿੰਤਾ ਦਾ ਸਵਾਲ ਹੈ। ਕਿਤੇ ਔਰਤ ਨੂੰ ਨੀਵਾਂ ਦਿਖਾਉਂਦਿਆਂ ਜੈਜ਼ੀ ਬੈਂਸ ਦੇ ਗੀਤ ਵਿੱਚ ਭੇਡ ਕਿਹਾ ਗਿਆ ਤੇ ਕਿਤੇ ਡਾਂਸਰ ਕੁੜੀ ਦੀ ਅਸਹਿਮਤੀ ਤੇ ਮਰਦਾਵੀਂ ਹੈਂਕੜ ਕਿਵੇਂ ਬੋਲਦੀ ਤੇ ਕੁੜੀ ਦੀ ਬੇਇੱਜ਼ਤੀ ਕਰਨ ਲਈ ਸ਼ਰਾਬ ਦਾ ਗਲਾਸ ਉਸ ਵੱਲ ਵਗਾਹ ਮਾਰਦੀ ਹੈ। ਵਧ ਰਹੇ ਬਲਾਤਕਾਰ, ਕਿਤੇ ਅਣਖ ਦੇ ਨਾਂ ’ਤੇ ਸਮਾਜ ਦੇ ਮੂੰਹ ’ਤੇ ਦਾਗ਼ ਹਨ। ਅਜਿਹੀਆਂ ਘਟਨਾਵਾਂ ਲਈ ਜਿੱਥੇ ਜਗੀਰੂ ਮਾਨਸਿਕਤਾ ਅਤੇ ਮਰਦਾਵੀਂ ਸੱਤਾ ਜ਼ਿੰਮੇਵਾਰ ਹੈ, ਉੱਥੇ ਦੇਸ਼ ਦੇ ਹਾਕਮ ਵੀ ਔਰਤਾਂ ਖ਼ਿਲਾਫ਼ ਹੋ ਰਹੇ ਅਪਰਾਧਾਂ ਨੂੰ ਰੋਕਣ ਵਿੱਚ ਅਸਫ਼ਲ ਰਹੇ ਹਨ। ਇਹ ਪ੍ਰਬੰਧ ਔਰਤਾਂ ਨੂੰ ਸੁਰੱਖਿਅਤ ਮਾਹੌਲ ਦੇਣ ਵਿੱਚ ਨਾਕਾਮ ਰਿਹਾ ਹੈ, ਜਿਸ ਕਾਰਣ ਔਰਤਾਂ ਖ਼ਿਲਾਫ਼ ਜ਼ੁਲਮ ਵਧ ਰਿਹਾ ਹੈ।
ਜਿਸ ਦੇਸ਼ ਵਿੱਚ ਇੱਕ ਪਾਸੇ ਕੰਜਕਾਂ ਪੂਜੀਆਂ ਜਾਂਦੀਆਂ ਹੋਣ, ਬੇਟੀ ਬਚਾਓ ਬੇਟੀ ਪੜ੍ਹਾਓ, ਨੰਨ੍ਹੀ ਛਾਂ ਦੇ ਨਾਮ ਦੇ ਲਾਏ ਨਾਅਰੇ ਸਿਰਫ ਵਿਖਾਵਾ ਬਣ ਕੇ ਰਹਿ ਗਏ ਹਨ। ਜਿਸ ਦੇਸ਼ ਨੂੰ ਦੇਵੀ ਦੇਵਤਿਆਂ ਦਾ ਦੇਸ਼ ਕਿਹਾ ਜਾਂਦਾ ਹੈ, ਉੱਥੇ ਹੀ ਇਹ ਅਮਨੁੱਖੀ ਵਰਤਾਰਾ ਧੀਆਂ ਨੂੰ ਲਪੇਟ ਵਿੱਚ ਲੈ ਰਿਹਾ ਹੈ। ਮਨੀਪੁਰ ਵਿੱਚ ਕੂਕੀ ਭਾਈਚਾਰੇ ਨਾਲ ਸੰਬੰਧਿਤ ਦੋ ਔਰਤਾਂ ਨੂੰ ਲੋਕਾਂ ਦੇ ਹਜੂਮ ਵੱਲੋਂ ਨਿਰਵਸਤਰ ਕਰਕੇ ਸੜਕਾਂ ਉੱਤੇ ਘੁਮਾਉਣ ਦੀ ਇੱਕ ਵੀਡੀਓ ਸਾਹਮਣੇ ਆਈ, ਹਿੰਸਕ ਭੀੜ ਨੇ ਔਰਤਾਂ ਦੇ ਅੰਗਾਂ ਉੱਤੇ ਅਕਹਿ ਜ਼ੁਲਮ ਕੀਤਾ। ਔਰਤਾਂ ਵਿਰੁੱਧ ਜਿਣਸੀ ਹਮਲੇ ਦੀ ਇਹ ਘਟਨਾ ਇੰਨੀ ਕੁ ਜ਼ਾਲਮ ਸੀ ਕਿ ਲੂੰ-ਕੰਢੇ ਖੜ੍ਹੇ ਹੋ ਜਾਂਦੇ ਹਨ। ਅਜਿਹੇ ਵਰਤਾਰੇ ਔਰਤਾਂ ਉੱਤੇ ਜਬਰ ਤਕ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਨੂੰ ਤਾਰ-ਤਾਰ ਕਰਦੇ ਹਨ।
ਬਲਾਤਕਾਰ, ਸਮੂਹਿਕ ਬਲਾਤਕਾਰ, ਵਧੀਕੀਆਂ, ਔਰਤ ਨਾਲ ਛੇੜਛਾੜ ਦੀਆਂ ਘਟਨਾਵਾਂ ਤਾਂ ਅਕਸਰ ਸਾਹਮਣੇ ਆ ਹੀ ਰਹੀਆਂ ਹਨ ਪਰ ਔਰਤ ਦੇ ਸਰੀਰ ਨਾਲ ਖੇਡ ਕੇ ਦਰਿੰਦੇ ਕੀ ਸਾਬਤ ਕਰਦੇ ਹਨ। ਇੱਥੇ ਕੁੜੀਆਂ/ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਉਸ ਨੂੰ ਭੋਗ ਦੀ ਵਸਤੂ ਸਮਝਿਆ ਜਾ ਰਿਹਾ ਹੈ। ਮੰਡੀ ਸੱਭਿਆਚਾਰ ਨੇ ਤਾਂ ਕੁੜੀ ਨੂੰ ਨੁਮਾਇਸ਼ ਦੀ ਵਸਤ ਬਣਾ ਕੇ ਉਸ ਦੇ ਬਿੰਬ ਨੂੰ ਹੋਰ ਵੀ ਵਿਗਾੜ ਦਿੱਤਾ ਹੈ। ਜਦੋਂ ਵੀ ਕੋਈ ਲੜਾਈ, ਦੰਗਾ ਜਾਂ ਬਦਲਾ ਲੈਣਾ ਹੋਵੇ ਤਾਂ ਔਰਤ ਨੂੰ ਵਰਤਿਆ ਜਾਂਦਾ ਹੈ। ਉਂਝ ਵੀ ਸਮਾਜ ਦਾ ਨਜ਼ਰੀਆ ਇਹ ਬਣਿਆ ਹੋਇਆ ਹੈ ਕਿ ਔਰਤ ਤੇ ਮਰਦ ਦੋਹਾਂ ਦੇ ਕਸੂਰਵਾਰ ਹੋਣ ’ਤੇ ਦੋਸ਼ ਔਰਤ ’ਤੇ ਮੜ੍ਹਿਆ ਜਾਂਦਾ ਹੈ। ਅੱਜ ਅਣਖ ਦੇ ਨਾਂ ’ਤੇ ਹੋ ਰਹੇ ਕਤਲ ਵੀ ਜ਼ਿਆਦਾਤਰ ਔਰਤ ਕੇਂਦ੍ਰਿਤ ਹਨ। ਇਸ ਸਮਾਜ ਨੇ ਅਣਖ ਦਾ ਸਵਾਲ ਵੀ ਔਰਤ ਨਾਲ ਜੋੜ ਦਿੱਤਾ ਹੈ। ਅਸਲ ਵਿੱਚ ਅਣਖ ਦੇ ਵੀ ਦੋ ਵੱਖੋ ਵੱਖਰੇ ਅਰਥ ਹਨ। ਉਦੋਂ ਅਣਖ ਇਨਸਾਨੀ ਤੌਰ ’ਤੇ ਨਿੱਜੀ ਗੌਰਵ ਬਣਦੀ ਹੈ ਜਦੋਂ ਬੰਦਾ ਸਮੂਹਿਕ ਹਿਤਾਂ ਲਈ ਕਾਰਵਾਈ ਕਰਦਾ ਹੋਇਆ ਮਨੁੱਖੀ ਲੁੱਟ ਦੇ ਖਿਲਾਫ਼ ਖੜ੍ਹਦਾ ਹੈ। ਅਜਿਹੇ ਅਣਖੀ ਮਨੁੱਖ ਦੀ ਸਮਾਜ ਵਿੱਚ ਇੱਜ਼ਤ ਵਧਦੀ ਹੈ। ਜਦੋਂ ਅਣਖ ਤੇ ਇੱਜ਼ਤ ਦਾ ਸੰਕਲਪ ਘਰ, ਪਰਿਵਾਰ, ਘਰਾਣਾ, ਜਾਤ, ਧਰਮ ਤੋਂ ਪੈਦਾ ਹੰਕਾਰ ਨਾਲ ਇਕਮਿਕ ਹੁੰਦਾ ਹੈ ਤਾਂ ਮਨੁੱਖ ਅੰਦਰਲੀ ਦੁਬਿਧਾ ਬਾਹਰੀ ਰੂਪ ਵਿੱਚ ਘਾਤਕ ਬਣਦੀ ਹੈ, ਜੋ ਹੈਵਾਨੀਅਤ ਵਿੱਚ ਢਲਦੀ ਗ਼ਲਤ ਠੀਕ ਦੀ ਪਛਾਣ ਭੁੱਲਦੀ ਹੈ। ਵਲਟੋਹਾ ਦੀ ਘਟਨਾ ਵੀ ਇਸੇ ਹੀ ਦਰਿੰਦਗੀ ਦੀ ਤਸਵੀਰ ਪੇਸ਼ ਕਰਦੀ ਹੈ। ਇਸ ਘਟਨਾ ਨੇ ਕਈ ਸਵਾਲ ਖੜ੍ਹੇ ਕੀਤੇ ਨੇ। ਅਸੀਂ ਇੰਨੇ ਸੰਵੇਦਣਹੀਣ ਹੋ ਗਏ ਕਿ ਅੱਖਾਂ ਸਾਹਵੇਂ ਔਰਤ ਨਾਲ ਭਾਣਾ ਵਰਤ ਰਿਹਾ ਤੇ ਦਰਿੰਦਿਆਂ ਨੂੰ ਰੋਕਣ ਦਾ ਹੀਆ ਨਹੀਂ ਕਰ ਸਕੇ। ਉਸ ਔਰਤ ਦਾ ਕੀ ਕਸੂਰ ਸੀ, ਜੋ ਪੁੱਤ ਦੇ ਕੀਤੇ ਪਿਆਰ ਵਿਆਹ ਦੀ ਗੁਨਾਹਕਾਰ ਬਣੀ। ਜਿਸਨੇ ਪੂਰੇ ਮੁਲਕ ਵਿੱਚ ਵਸਦੇ ਸੰਵੇਦਨਸ਼ੀਲ ਲੋਕਾਂ ਨੂੰ ਝੰਜੋੜ ਸੁੱਟਿਆ, ਇਸ ਘਟਨਾ ਤੋਂ ਸਮੁੱਚੀ ਮਨੁੱਖਤਾ ਸ਼ਰਮਸਾਰ ਹੋਈ ਹੈ।
ਅਸਲ ਵਿੱਚ ਅਜੋਕੇ ਮਨੁੱਖ ਦੀਆਂ ਪਦਾਰਥਕ ਰੁਚੀਆਂ ਨੇ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੱਤਾ। ਮਨੁੱਖੀ ਰਿਸ਼ਤਿਆਂ ਦੇ ਨਿਘਾਰ ਦਾ ਕਾਰਨ ਮਨੁੱਖ ਅੰਦਰੋਂ ਨੈਤਿਕ ਅਤੇ ਸਦਾਚਾਰਕ ਕਦਰਾਂ ਕੀਮਤਾਂ ਦਾ ਖਾਤਮਾ ਹੈ। ਇੱਕ ਪਾਸੇ ਉੱਪਰੋਂ ਪੈ ਰਿਹਾ ਆਧੁਨਿਕਤਾ ਦਾ ਪ੍ਰਭਾਵ ਤੇ ਦੂਜੇ ਪਾਸੇ ਮੱਧਯੁਗੀ ਚੱਕੀ ਵਿੱਚ ਪਿਸ ਰਹੀ ਲੁਕਾਈ ਨੇ ਗੈਰਜ਼ਿੰਮੇਵਾਰਾਨਾ ਸਥਿਤੀ ਨੂੰ ਜਨਮ ਦਿੱਤਾ। ਅਜਿਹੇ ਹਾਲਾਤ ਵਿੱਚ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੇ ਸੋਚਣ ਵਿਚਰਣ ਦਾ ਫਾਸਲਾ ਕਈ ਘਟਨਾਵਾਂ ਨੂੰ ਜਨਮ ਦੇ ਰਿਹਾ ਹੈ। ਮਾਪੇ ਜਦੋਂ ਪਿਛਾਂਹ ਖਿੱਚੂ ਸੋਚ ਦੇ ਧਾਰਨੀ ਬਣਦੇ ਹਨ ਤੇ ਬੱਚੇ ਅਜ਼ਾਦੀ ਦੇ ਭਰਮ ਨੂੰ ਅੰਤਿਮ ਸੱਚ ਮੰਨ ਲੈਂਦੇ ਹਨ ਤਾਂ ਇਹ ਟਕਰਾਵੀ ਸਥਿਤੀ ਕਿਸੇ ਨਾ ਕਿਸੇ ਪਾਸੇ ਮੋੜ ਲੈਂਦੀ ਹੈ। ਜੇ ਪਿਆਰ ਵਿਆਹ ਵਿੱਚ ਸੋਚ ਸਮਝ ਤੇ ਦੋਹਾਂ ਧਿਰਾਂ ਦੀ ਸਹਿਮਤੀ ਬਣਦੀ ਹੈ ਤਾਂ ਅਣਸੁਖਾਵੀਂ ਘਟਨਾ ਦਾ ਡਰ ਨਹੀਂ ਰਹਿੰਦਾ। ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਕਰਵਾਏ ਵਿਆਹ ਬਾਰੇ ਪੰਜਾਬੀ/ਭਾਰਤੀ ਸਮਾਜ ਦੁਬਿਧਾ ਵਿੱਚ ਹੈ। ਇਹ ਪਿਛਾਖੜੀ ਸੋਚ ਕਿਸੇ ਨਾਲ ਅਸਹਿਮਤੀ, ਬਦਲਾ ਲੈਣਾ, ਨੀਵਾਂ ਦਿਖਾਉਣ, ਬਰਬਾਦ ਕਰਨ ਆਦਿ ਕਈ ਰੂਪਾਂ ਵਿੱਚ ਪ੍ਰਗਟਦੀ ਹਿੰਸਕ ਘਟਨਾ ਤਕ ਪਹੁੰਚ ਜਾਂਦੀ ਹੈ। ਔਰਤ ਨੂੰ ਨਿੱਜੀ ਜਾਇਦਾਦ ਸਮਝਣ ਵਾਲਾ ਇਹ ਸਮਾਜ ਰਿਸ਼ਤੇ, ਵਿਆਹ, ਇੱਜ਼ਤ ਤੇ ਸਟੇਟਸ ਤੇ ਟਿਕਿਆ ਹੋਇਆ ਹੈ। ਪਿਆਰ ਵਿਆਹ ਪ੍ਰਤੀ ਇਸ ਸਮਾਜ ਵਿੱਚ ਅਣਖ ਦਾ ਮਸਲਾ ਬਹੁਤ ਟੇਢਾ ਹੈ। ਮਰਦਾਵੀਂ ਹੈਂਕੜ ਵਿੱਚ ਨਿਹੰਗ ਸਿੰਘ ਨੇ ਵੀ ਆਪਣੀ ਕੁੜੀ ਮਾਰ ਕੇ ਉਸ ਦੀ ਮ੍ਰਿਤਕ ਦੇਹ ਨੂੰ ਮੋਟਰ ਸਾਇਕਲ ਪਿੱਛੇ ਬੰਨ੍ਹ ਕੇ ਗਲੀਆਂ ਵਿੱਚ ਘੁੰਮਦਿਆਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਮੇਰੀ ਕੁੜੀ ਨੇ ਪਿਆਰ ਸੰਬੰਧਾਂ ਵਿੱਚ ਪੈ ਕੇ ਮੇਰੇ ਘਰ ਦੀ ਇੱਜ਼ਤ ਰੋਲ ਦਿੱਤੀ ਹੈ, ਜਿਸਦਾ ਨਤੀਜਾ ਇਹ ਹਸ਼ਰ ਹੈ। ਕੁੜੀ ਨੂੰ ਘਰ ਦੀ ਇੱਜ਼ਤ ਨਾਲ ਬੰਨ੍ਹਣਾ ਤੇ ਇੱਜ਼ਤ ਦਾ ਸਵਾਲ ਖੜ੍ਹਾ ਕਰਕੇ ਬਦਲਾ ਲੈਣ ਦੀ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣਾ, ਇਹ ਜਗੀਰੂ/ਪਿਛਾਕੜੀ ਰੂੜ੍ਹੀਵਾਦੀ ਸੋਚ ਦੀ ਦੇਣ ਹੈ। ਇੱਥੇ ਨੈਤਿਕ ਤੇ ਸਮਾਜਿਕ ਕਦਰਾਂ ਕੀਮਤਾਂ ਦੇ ਨਿਘਾਰ ਦੀ ਜੜ੍ਹ ਵਿੱਚ ਜਾਣ ਦੀ ਬਜਾਏ ਆਪਣੀ ਰੂੜ੍ਹੀਵਾਦੀ ਮਾਨਸਿਕਤਾ ਨੂੰ ਲਾਗੂ ਕਰਕੇ ਸੰਤੁਸ਼ਟ ਹੋਣ ਨਾਲ ਜੁੜਿਆ ਹੈ।
ਦੂਜੇ ਪਾਸੇ ਨਵੀਂ ਪੀੜ੍ਹੀ ਖਪਤਕਾਰੀ ਸੱਭਿਆਚਾਰ ਦੇ ਪ੍ਰਭਾਵ ਹੇਠ ਪ੍ਰਚਾਰੀ ਜਾ ਰਹੀ ਆਜ਼ਾਦੀ ਦੇ ਨਾਂ ’ਤੇ ਖੁੱਲ੍ਹ ਤੋਂ ਪ੍ਰਭਾਵਿਤ ਹੋ ਰਹੀ ਹੈ। ਕਾਮੁਕਤਾ ਅਤੇ ਨਿਰੋਲ ਜਿਸਮਾਨੀ ਖਿੱਚ ਦੇ ਬੁਰੇ ਨਤੀਜੇ ਵੀ ਸਾਹਨਣੇ ਆ ਰਹੇ ਹਨ। ਮਨਮਰਜ਼ੀ ਨਾਲ ਕਰਵਾਏ ਜ਼ਿਆਦਾਤਰ ਪਿਆਰ ਵਿਆਹ ਅਣਖ ਦੀ ਭੇਟ ਚੜ੍ਹਦੇ ਵੇਖੇ ਜਾ ਰਹੇ ਹਨ। ਪਿਆਰ-ਵਿਆਹ ਪ੍ਰਤੀ ਸਮਾਜ ਦਾ ਦ੍ਰਿਸ਼ਟੀਕੋਣ, ਜਾਗੀਰੂ/ਪਿਛਾਕੜੀ ਮਾਨਸਿਕਤਾ, ਮਰਦਾਵੀਂ ਹੈਂਕੜ, ਔਰਤ ਦੀ ਸਥਿਤੀ ਨਾਲ ਜੁੜਿਆ ਹੋਇਆ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਵਿੱਚ ਇੱਕ ਪਿੰਡ ਦੇ ਨੌਜਵਾਨ ਨੇ ਆਪਣੀ ਭੈਣ ਅਤੇ ਉਸਦੇ ਪਤੀ ਨੂੰ ਪ੍ਰੇਮ ਵਿਆਹ ਕਰਵਾਉਣ ਕਾਰਨ ਗੋਲ਼ੀਆਂ ਮਾਰ ਕੇ ਕਤਲ ਕੀਤਾ। ਧਨੌਲਾ ਖੁਰਦ (ਬਰਨਾਲਾ) ਵਿਖੇ ਅਣਖ ਖ਼ਾਤਰ ਕੁੜੀ ਦੇ ਪਿਤਾ ਤੇ ਭਰਾ ਨੇ ਪ੍ਰੇਮੀ ਨੂੰ ਮਾਰ ਦਿੱਤਾ। ਅਜਿਹੀ ਘਟਨਾ ਹੀ ਮੋਗੇ ਦੇ ਪਿੰਡ ਬੱਧਨੀ ਵਿੱਚ ਵੀ ਵਾਪਰੀ। ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਦੀ ਲੰਮੀ ਲਿਸਟ ਹੈ।
ਇਹ ਸਾਡੇ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਸਾਡੀਆਂ ਧੀਆਂ ਭੈਣਾਂ ਅਣਖ ਅਤੇ ਇੱਜ਼ਤ ਨਾਲ ਬੱਝੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਇਹ ਇੱਕ ਬਿਮਾਰ ਸਮਾਜ ਦੀ ਨਿਸ਼ਾਨੀ ਹੈ। ਬਿਮਾਰ ਮਾਨਸਿਕਤਾ, ਜੋ ਔਰਤ ਦੇ ਸਰੀਰ ’ਤੇ ਹਮਲਾ ਕਰਨ ਤੋਂ ਪਹਿਲਾਂ ਠੋਸ ਨੀਂਹ ਤਿਆਰ ਕਰਦੀ ਹੈ। ਇਹ ਉਹ ਕਾਮੁਕ/ਸਰੀਰਕ ਹਮਲਾ ਹੁੰਦਾ ਹੈ, ਜੋ ਕਿਸੇ ਕੁੜੀ/ਔਰਤ ਦੀ ਰਜ਼ਾਮੰਦੀ ਤੋਂ ਬਗੈਰ ਉਸ ਦੇ ਨਾਲ ਸਰੀਰਕ ਜ਼ੋਰ, ਵਧੀਕੀ ਜਾਂ ਕਿ ਕਿਸੇ ਬਦਲੇ ਦੀ ਭਾਵਨਾ ਤਹਿਤ ਕੀਤਾ ਜਾਂਦਾ ਹੈ। ਇਸ ਲਈ ਬਿਮਾਰ ਮਾਨਸਿਕਤਾ ਵਾਲੇ ਲੋਕ ਜ਼ਿੰਮੇਵਾਰ ਹੁੰਦੇ ਹਨ ਜੋ ਅਜਿਹੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ, ਜਿਸ ਤਰ੍ਹਾਂ ਅੰਦਰਲੀ ਦੁਸ਼ਮਣੀ ਦੀ ਅੱਗ ਠਾਰੀ ਜਾ ਸਕੇ। ਉਹ ਆਪਣੇ ਤੋਂ ਵੱਖਰੀ ਜਾਤ, ਧਰਮ ਜਾਂ ਫਿਰਕੇ ਨੂੰ ਨੀਚਾ ਦਿਖਾਉਣ ਦੀ ਸਾਜ਼ਿਸ਼ ਦੇ ਤਹਿਤ ਅਜਿਹਾ ਕਰਨ ਲਈ ਘਟੀਆ ਹਰਕਤ ਕਰਦੇ ਹਨ। ਅਜਿਹੇ ਮੁਜਰਿਮ ਕਿਸੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਰਾਜਸੀ ਸ਼ਰਨ ਲੈਂਦੇ ਹਨ ਹੈ। ਇਹੀ ਕਾਰਨ ਹੈ ਕਿ ਅਜਿਹੇ ਮੁਜਰਮਾਂ ਨੂੰ ਫੜਨ ਲਈ ਹੈ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਕਾਹਲ ਨਹੀਂ ਕੀਤੀ ਜਾਂਦੀ ਹੈ। ਇਸਦੇ ਨਾਲ ਇਹ ਪੱਖ ਵੀ ਸਾਹਮਣੇ ਆਉਂਦਾ ਹੈ ਕਿ ਕਾਨੂੰਨ ਜਿੰਨੇ ਮਰਜ਼ੀ ਬਣ ਜਾਣ ਪਰ ਉਨ੍ਹਾਂ ਨੂੰ ਲਾਗੂ ਕਰਨ ਤੇ ਲਾਗੂ ਕਰਵਾਉਣ ਵਾਲਿਆਂ ਦੀ ਮਾਨਸਿਕਤਾ ਸੌੜੀ ਹੁੰਦੀ ਹੈ। ਘਟਨਾ ਕਿਉਂ ਵਾਪਰਦੀ ਹੈ, ਇਸ ਬਾਰੇ ਸੋਚਣ ਦੀ ਬਜਾਏ ਪ੍ਰਸ਼ਾਸਨ ਤੇ ਸਰਕਾਰ ਉਸ ਵੇਲੇ ਹਰਕਤ ਵਿੱਚ ਆਉਂਦੇ ਹਨ, ਜਦੋਂ ਘਟਨਾ ਵਾਪਰ ਚੁੱਕੀ ਹੁੰਦੀ ਹੈ ਅਤੇ ਲੋਕਾਂ ਦਾ ਰੋਹ ਸਿਰ ਚੜ੍ਹ ਕੇ ਬੋਲ ਰਿਹਾ ਹੁੰਦਾ ਹੈ। ਅਜਿਹੀਆਂ ਬਦਮਾਸ਼ਪੁਣੇ, ਗੁੰਡਾਗਰਦੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਦੇਸ਼ ਦੀ ਵੰਡ ਸਮੇਂ, 84 ਦੇ ਦੰਗਿਆਂ, ਗੁਜਰਾਤ ਤੇ ਮੁਜ਼ੱਫਰਨਗਰ ਦੇ ਦੰਗਿਆਂ, ਹਰਿਆਣਾ ਵਿੱਚ ਹੋਏ ਜਾਟ ਅੰਦੋਲਨ, ਕਸ਼ਮੀਰ ਵਿਚਲੀ ਹਿੰਸਾ ਆਦਿ ਸਮੇਂ ਔਰਤਾਂ ਦੀ ਇਸੇ ਮਕਸਦ ਤਹਿਤ ਬੇਪੱਤੀ ਹੋਈ ਤੇ ਹੁਣ ਵੀ ਹੋ ਰਹੀ ਹੈ। ਚਾਹੇ ਹਾਥਰਸ ਵਾਲੀ ਘਟਨਾ ਹੋਵੇ ਚਾਹੇ ਆਸਿਫਾ ਦੀ ਘਟਨਾ ਹੋਵੇ, ਜਦੋਂ ਕੋਈ ਵਹਿਸ਼ੀਪੁਣੇ ਵਾਲੀ ਘਟਨਾ ਵਾਪਰਦੀ ਹੈ ਤਾਂ ਸਾਡੀ ਲੜਾਈ ਮੁਜਰਮਾਂ /ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਤਕ ਸੀਮਤ ਨਹੀਂ ਹੋਣੀ ਚਾਹੀਦੀ ਹੈ ਬਲਕਿ ਦਰਿੰਦਿਆਂ ਦੀ ਅਜਿਹੀ ਸੋਚ ਦੀ ਜੜ੍ਹ ਦੇ ਖਾਤਮੇ ਤਕ ਜੱਦੋਜਹਿਦ ਕਰਨੀ ਪਵੇਗੀ। ਅਜਿਹੀ ਘਟਨਾ ਵਾਪਰਨ ਤੋਂ ਬਾਅਦ ਇਹ ਵਿਚਾਰ ਆਉਂਦਾ ਕਿ ਮੁਜਰਮਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਵੇ।
ਨਿਰਭਿਆ ਕੇਸ ਵਿੱਚ ਮੁਜਰਮਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਇਸੇ ਤਰ੍ਹਾਂ ਹੈਦਰਾਬਾਦ ਵਿੱਚ ਵੈਟਰਨਰੀ ਡਾਕਟਰ ਦਾ ਸਮੂਹਿਕ ਬਲਾਤਕਾਰ ਕਰਨ ਵਾਲੇ ਕਾਤਲਾਂ ਨੂੰ ਐਨਕਾਊਂਟਰ ਕਰਕੇ ਮਾਰਿਆ ਗਿਆ। ਪਰ ਫਿਰ ਵੀ ਇਨ੍ਹਾਂ ਘਟਨਾਵਾਂ ਨੂੰ ਠੱਲ੍ਹ ਨਹੀਂ ਪਾ ਸਕੇ। ਇਸ ਲਈ ਇਨ੍ਹਾਂ ਘਟਨਾਵਾਂ ਨੂੰ ਖ਼ਤਮ ਕਰਨ ਦਾ ਫਾਰਮੂਲਾ ਸਤਹੀ ਪੱਧਰ ’ਤੇ ਨਹੀਂ, ਜੜ੍ਹ ਵਿੱਚ ਵੇਖਣ ਦੀ ਜ਼ਰੂਰਤ ਹੈ। ਔਰਤਾਂ ਖਿਲਾਫ ਹੋਣ ਵਾਲੇ ਜੁਰਮ ਰੋਕਣ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਲਾਜ਼ਮੀ ਹੀ ਲੋਕ ਸੰਘਰਸ਼ਾਂ ਨਾਲ ਸਰਕਾਰ ਅਤੇ ਨਿਆਂ ਪ੍ਰਣਾਲੀ ’ਤੇ ਦਬਾਅ ਬਣਾਉਣਾ ਚਾਹੀਦਾ ਹੈ। ਸਾਡੀ ਲੜਾਈ ਪਿਤਰਕੀ ਸੱਤਾ ਦੇ ਨਾਲ ਇਸ ਸਮੁੱਚੇ ਪ੍ਰਬੰਧ ਨੂੰ ਬਦਲਣ ਦੀ ਹੈ। ਨਾਰੀ ਵਿਰੋਧੀ ਮੁੱਲਾਂ, ਸੰਸਕਾਰਾਂ ਤੇ ਮਾਨਸਿਕਤਾ ਨੂੰ ਘੜਨ ਵਾਲਾ ਆਰਥਿਕ, ਸਮਾਜਿਕ ਪ੍ਰਬੰਧ ਹੀ ਇਸਦੇ ਲਈ ਜ਼ਿੰਮੇਵਾਰ ਹੈ। ਜੇਕਰ ਔਰਤ ਨੇ ਦਾਬੇ ਅਤੇ ਵਿਤਕਰੇ ਵਾਲੇ ਸਮਾਜ ਤੋਂ ਮੁਕਤੀ ਲੈਣੀ ਹੈ ਤਾਂ ਨਾਰੀ ਅੰਦੋਲਨਾਂ ਦੀ ਠੀਕ ਦਿਸ਼ਾ ਨਿਰਧਾਰਿਤ ਕਰਨੀ ਹੋਵੇਗੀ। ਨਾਰੀ ਨੂੰ ਆਪਣੀ ਹੋਂਦ ਅਤੇ ਆਪਣੀ ਪਛਾਣ ਸਥਾਪਿਤ ਕਰਨ ਲਈ ਖ਼ੁਦ ਅੱਗੇ ਆਉਣਾ ਪਵੇਗਾ। ਸਮਾਜ ਵਿਚਲੀਆਂ ਪਿਛਾਂਹ ਖਿੱਚੂ ਤੇ ਢਾਹੂ ਕਦਰਾਂ ਕੀਮਤਾਂ ਨੂੰ ਖਤਮ ਕਰਨ ਦੇ ਲਈ ਲਗਾਤਾਰ ਆਵਾਜ਼ ਉਠਾਉਣ ਦੀ ਲੋੜ ਹੈ। ਇਹ ਨਾ ਹੋਵੇ ਕਿ ਘਟਨਾ ਵਾਪਰੀ ਤੇ ਆਵਾਜ਼ ਉੱਠੀ ਤੇ ਫਿਰ ਸ਼ਾਂਤ ਹੋ ਗਈ। ਇਹ ਲੜਾਈ ਵੱਡੇ ਪੱਧਰ ’ਤੇ ਲੜਨ ਦੀ ਲੋੜ ਹੈ ਜਿਸਦੇ ਵਿੱਚ ਸਮੁੱਚੇ ਨਾਰੀ ਵਰਗ, ਸ਼ੋਸ਼ਿਤ ਧਿਰਾਂ ਤੇ ਚਿੰਤਨਸ਼ੀਲ ਲੋਕਾਂ ਨੂੰ ਵੀ ਸ਼ਾਮਿਲ ਕਰਨਾ ਹੋਵੇਗਾ। ਇਸੇ ਦਿਸ਼ਾ ਵੱਲ ਅੱਗੇ ਵਧਦੇ ਹੋਏ ਅਸੀਂ ਸਿਹਤਮੰਦ ਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਕਰ ਸਕਦੇ ਹਾਂ ਤੇ ਢਾਹੂ ਕਦਰਾਂ ਕੀਮਤਾਂ ਦੀ ਥਾਂ ਨਰੋਈਆਂ ਉਸਾਰੂ ਕੀਮਤਾਂ ਦਾ ਪ੍ਰਸਾਰ ਕਰ ਸਕਦੇ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4925)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)