JaswantRaiSahriDr7ਅੱਜ ਜਦੋਂ ਸਾਰਾ ਸੰਸਾਰ ਉਹਨਾਂ ਦੀ 133 ਵੀਂ ਜਯੰਤੀ ਮਨਾ ਰਿਹਾ ਹੈ ਤਾਂ ਦੇਖਣ ਦੀ ਲੋੜ ਹੈ ਕਿ ਜੋ ਸੁਪਨੇ ਡਾ. ਅੰਬੇਡਕਰ ਨੇ ...
(14 ਅਪਰੈਲ 2024)
ਇਸ ਸਮੇਂ ਪਾਠਕ: 535.


ਭਾਰਤ ਵਿੱਚ ਸਦੀਆਂ ਤੋਂ ਲਤਾੜੇ ਗਏ ਹਾਸ਼ੀਆਗਤ ਲੋਕਾਂ ਨੂੰ ਸਮਾਨਤਾ ਅਤੇ ਸੁਤੰਤਰਤਾ ਦਾ ਜਾਮਾ ਪਹਿਨਾ ਕੇ ਸਮਾਜਿਕ ਤੌਰ ’ਤੇ ਸੰਪੰਨ ਕਰਨ ਦਾ ਸਿਹਰਾ ਡਾ. ਭੀਮ ਰਾਓ ਅੰਬੇਡਕਰ ਦੇ ਸਿਰ ਬੱਝਦਾ ਹੈ
ਭਾਵੇਂ ਉਹਨਾਂ ਤੋਂ ਪਹਿਲਾਂ ਮਹਾਤਮਾ ਬੁੱਧ, ਲੋਕਾਇਤ, ਸਮੁੱਚੀ ਭਗਤੀ ਲਹਿਰ, ਮਹਾਤਮਾ ਜੋਤੀਬਾ ਰਾਓ ਫੂਲੇ, ਪੰਜਾਬ ਵਿੱਚ ਬਾਬੂ ਮੰਗੂ ਰਾਮ ਮੁਗੋਵਾਲੀਆ ਆਦਿ ਨੇ ਇੱਕ ਮੰਚ ਜ਼ਰੂਰ ਤਿਆਰ ਕਰ ਦਿੱਤਾ ਸੀ ਪਰ ਅਛੂਤਾਂ ਦੇ ਹੱਕਾਂ ਨੂੰ ਅਮਲੀ ਜਾਮਾ ਡਾ. ਭੀਮ ਰਾਓ ਅੰਬੇਡਕਰ ਨੇ ਹੀ ਪਹਿਨਾਇਆ

ਲੰਬੇ ਸਮੇਂ ਤੋਂ ਜਾਨਵਰਾਂ ਵਰਗੀ ਜ਼ਿੰਦਗੀ ਬਸਰ ਕਰ ਰਹੇ ਅਛੂਤਾਂ ਨੂੰ ਮਨੁੱਖਤਾ ਦੇ ਮਾਰਗ ’ਤੇ ਤੋਰਨ ਦੀ ਪ੍ਰੇਰਣਾ ਬਾਬਾ ਸਾਹਿਬ ਨੂੰ ਆਖ਼ਰ ਕਿਸ ਕੋਲੋਂ ਮਿਲੀ, ਇਹ ਘੋਖਦਿਆਂ ਪੜਤਾਲਦਿਆਂ ਪਤਾ ਲੱਗਾ ਕਿ ਡਾ. ਅੰਬੇਡਕਰ ਨੂੰ ਦੱਬੇ ਕੁਚਲੇ ਵਰਗ ਨੂੰ ਉੱਪਰ ਚੁੱਕਣ ਦੀ ਪ੍ਰੇਰਣਾ ਆਪਣੇ ਆਪ ਤੋਂ ਹੀ ਮਿਲੀਉਹਨਾਂ ਦਾ ਆਪਣਾ ਜੀਵਨ ਤੰਗੀਆਂ ਤੁਰਸ਼ੀਆਂ, ਤਕਲੀਫ਼ਾਂ ਅਤੇ ਪੈਰ ਪੈਰ ’ਤੇ ਹੁੰਦੇ ਵਿਤਕਰਿਆਂ ਨਾਲ ਵਿੰਨ੍ਹਿਆ ਪਿਆ ਸੀਅੱਗੇ ਜਾ ਕੇ ਥਾਂ-ਥਾਂ ’ਤੇ ਹੁੰਦੇ ਤ੍ਰਿਸਕਾਰ ਨੂੰ ਹੀ ਉਹਨਾਂ ਨੇ ਆਪਣੀ ਢਾਲ਼ ਬਣਾਇਆ

ਡਾ. ਅੰਬੇਡਕਰ ਦਾ ਜਨਮ 14 ਅਪਰੈਲ, 1891 ਈਸਵੀ ਨੂੰ ਮੱਧ ਪ੍ਰਦੇਸ਼ ਦੀ ਛਾਉਣੀ ਮਹੂ ਵਿਖੇ ਪਿਤਾ ਸੂਬੇਦਾਰ ਰਾਮ ਜੀ ਅਤੇ ਮਾਤਾ ਭੀਮਾ ਬਾਈ ਦੇ ਘਰ ਚੌਦਵੀਂ ਸੰਤਾਨ ਦੇ ਰੂਪ ਵਿੱਚ ਉਸ ਮਹਾਰ ਜਾਤ ਵਿੱਚ ਹੋਇਆ ਜਿਸਦਾ ਕੰਮ ਪਿੰਡ ਦਾ ਚੌਕੀਦਾਰਾ ਕਰਨਾ, ਪਿੰਡ ਦੀ ਦੀਵਾਰ ਦੀ ਮੁਰੰਮਤ ਕਰਨਾ, ਗਲੀਆਂ ਸਾਫ਼ ਕਰਨਾ, ਮਰੇ ਹੋਏ ਪਸ਼ੂ ਚੱਕਣਾ, ਸਿਵਿਆਂ ਵਿੱਚ ਅੱਗ ਦਾ ਪ੍ਰਬੰਧ ਕਰਨਾ, ਵਗਾਰ ਕਰਨਾ ਤੇ ਸੁਨੇਹੇ ਲਿਆਉਣਾ-ਲਿਜਾਣਾ ਸੀਪਿੰਡ ਦਾ ਮੰਦਰ, ਖ਼ੂਹ ਅਤੇ ਸਕੂਲ ਇਹਨਾਂ ਦੀ ਪਹੁੰਚ ਤੋਂ ਬਹੁਤ ਦੂਰ ਸਨਮਹਾਰ ਜਾਤ ਨੂੰ ਸਵਰਨਾਂ ਤੋਂ ਆਪਣੀ ਪਛਾਣ ਅਲੱਗ ਰੱਖਣ ਲਈ ਹੱਥ ਵਿੱਚ ਸੋਟੀ ਅਤੇ ਮੋਢੇ ’ਤੇ ਕੰਬਲ਼ ਰੱਖਣਾ ਪੈਂਦਾ ਸੀ ਜਿਸਦੇ ਮੋਢੇ ’ਤੇ ਕੰਬਲ ਅਤੇ ਹੱਥ ਵਿੱਚ ਸੋਟੀ ਹੁੰਦੀ ਸੀ, ਸਵਰਨ ਲੋਕ ਉਸ ਕੋਲ਼ੋਂ ਦੂਰੀ ਬਣਾ ਕੇ ਲੰਘਦੇ ਸਨਸੂਰਜ ਦੇ ਚੜ੍ਹਨ ਅਤੇ ਛਿਪਣ ਸਮੇਂ ਜਦੋਂ ਪਰਛਾਵੇਂ ਲੰਬੇ ਹੁੰਦੇ ਸਨ, ਉਦੋਂ ਤਾਂ ਅਛੂਤਾਂ ਨੂੰ ਤੰਗ ਗਲੀਆਂ ਵਿੱਚੋਂ ਗੁਜ਼ਰਨ ਦੀ ਬਿਲਕੁਲ ਆਗਿਆ ਨਹੀਂ ਸੀ ਹੁੰਦੀ, ਮਤਾਂ ਅਛੂਤ ਦਾ ਪਰਛਾਵਾਂ ਵੀ ਅਖੌਤੀ ਉੱਚ ਜਾਤ ਨੂੰ ਭਿੱਟ ਨਾ ਦੇਵੇਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਕਿਸੇ ਬਾਲ ਨੂੰ ਆਪਣਾ ਬਚਪਨ ਇਹੋ ਜਿਹੇ ਮਾਹੌਲ ਵਿੱਚ ਗੁਜ਼ਰਦਾ ਦੇਖਣ ਨੂੰ ਨਹੀਂ ਮਿਲਿਆ ਹੋਣਾਇੱਥੋਂ ਤਕ ਕਿ ਅਮਰੀਕਾ ਵਿੱਚ ਕਾਲ਼ੇ ਲੋਕਾਂ ਨਾਲ ਵੀ ਇੰਜ ਦਾ ਵਿਵਹਾਰ ਨਹੀਂ ਸੀ

ਡਾ. ਅੰਬੇਡਕਰ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਸ਼ਹਿਰ ਵਿੱਚ ਹੀ ਗੁਜ਼ਾਰਿਆਇਸਦਾ ਕਾਰਨ ਬਾਬਾ ਸਾਹਿਬ ਦੇ ਪਰਿਵਾਰ ਦਾ ਫੌਜੀ ਪਰਿਵਾਰ ਹੋਣਾ ਸੀਉਹਨਾਂ ਦੇ ਪਿਤਾ ਫੌਜ ਵਿੱਚ ਸੂਬੇਦਾਰ ਸਨਦਾਦਾ ਮਾਲੋ ਜੀ ਸਕਪਾਲ ਵੀ ਫੌਜ ਦੀ ਨੌਕਰੀ ਤੋਂ ਸੇਵਾ ਮੁਕਤ ਹੋਏ ਸਨਮਾਤਾ ਭੀਮਾ ਬਾਈ ਦੇ ਪਿਤਾ ਜੀ ਅਤੇ ਉਸਦੇ ਛੇ ਚਾਚਾ ਜੀ ਵੀ ਫੌਜ ਵਿੱਚ ਸੂਬੇਦਾਰ ਮੇਜਰ ਰਹੇ ਸਨਬਾਬਾ ਸਾਹਿਬ ਨੂੰ ਦਲਿਤ ਅੰਦੋਲਨ ਦੀ ਗੁੜ੍ਹਤੀ ਆਪਣੇ ਘਰ ਵਿੱਚੋਂ ਹੀ ਮਿਲੀਉਹਨਾਂ ਦੇ ਪਿਤਾ ਸੂਬੇਦਾਰ ਰਾਮ ਜੀ ਸਮਾਜ ਸੁਧਾਰ ਅਭਿਆਨ ਵਿੱਚ ਡੂੰਘੀ ਰੁਚੀ ਰੱਖਦੇ ਸਨਇਸਦੇ ਸਬੂਤ ਵਜੋਂ ਬਾਬਾ ਸਾਹਿਬ ਨੂੰ ਪਿਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਕਾਗਜ਼ਾਂ ਦੀ ਫਰੋਲਾ ਫਰੋਲੀ ਕਰਦਿਆਂ 1892 ਈਸਵੀ ਵਿੱਚ ਅਛੂਤਾਂ ਦੀ ਫੌਜ ਵਿੱਚ ਭਰਤੀ ਬੰਦ ਹੋਣ ’ਤੇ ਪਿਤਾ ਜੀ ਦੁਆਰਾ ਗਵਰਨਰ ਨੂੰ ਦਿੱਤੇ ਮੈਮੋਰੰਡਮ ਦੀ ਨਕਲ ਕਾਗਜ਼ਾਂ ਵਿੱਚੋਂ ਲੱਭੀ

ਡਾ. ਅੰਬੇਡਕਰ ਨੇ ਮੁਢਲੀ ਵਿਦਿਆ ਕੈਂਪ ਸਕੂਲ ਸਿਤਾਰਾ ਵਿਖੇ ਹੀ ਪ੍ਰਾਪਤ ਕੀਤੀਸੂਬੇਦਾਰ ਰਾਮ ਜੀ ਦੇ ਨੌਕਰੀ ਤੋਂ ਸਿਤਾਰਾ ਪਹੁੰਚਣ ਤਕ ਚੌਦਾਂ ਬੱਚਿਆਂ ਵਿੱਚੋਂ ਕੇਵਲ ਪੰਜ ਹੀ ਜੀਵਿਤ ਬਚੇ ਸਨਜਿਨ੍ਹਾਂ ਵਿੱਚੋਂ ਬਲਰਾਮ, ਮੰਜੂਲਾ ਅਤੇ ਤੁਲਸੀ ਦੀ ਸ਼ਾਦੀ ਹੋ ਚੁੱਕੀ ਸੀਘਰ ਵਿੱਚ ਸਿਰਫ਼ ਭੀਮ ਰਾਓ ਅਤੇ ਆਨੰਦ ਰਾਓ ਹੀ ਸਨਇਸੇ ਸਮੇਂ ਦੌਰਾਨ ਉਹਨਾਂ ਦੀ ਮਾਤਾ ਭੀਮਾ ਬਾਈ ਦਾ ਵੀ ਦੇਹਾਂਤ ਹੋ ਗਿਆਭੀਮ ਰਾਓ ਨੂੰ ਮਾਤਾ ਨਾਲ ਡਾਢਾ ਪਿਆਰ ਹੋਣ ਕਰਕੇ ਇਸ ਗੱਲ ਦਾ ਬੜਾ ਸਦਮਾ ਲੱਗਾਭੀਮਾ ਬਾਈ ਦੀ ਮੌਤ ਤੋਂ ਬਾਅਦ ਬੱਚਿਆਂ ਦੀ ਦੇਖ ਭਾਲ ਭੀਮ ਰਾਓ ਦੀ ਭੂਆ ਮੀਰਾ ਬਾਈ ਹੀ ਕਰਿਆ ਕਰਦੇ ਸਨ ਜੋ ਉਹਨਾਂ ਦੇ ਪਿਤਾ ਤੋਂ ਵੱਡੇ ਸਨ ਅਤੇ ਲੱਤ ਤੋਂ ਥੋੜ੍ਹਾ ਜਿਹਾ ਆਹਰੇ ਸਨਮੰਜੂਲਾ ਤੇ ਤੁਲਸੀ ਵਿਆਹੀਆਂ ਭੈਣਾਂ ਵੀ ਵਾਰੋ ਵਾਰੀ ਆ ਕੇ ਭੀਮ ਰਾਓ ਤੇ ਆਨੰਦ ਰਾਓ ਦੀ ਦੇਖ ਭਾਲ ਕਰਦੀਆਂ

ਬਾਬਾ ਸਾਹਿਬ ਨੂੰ ਪਹਿਲੀ ਵਾਰ ਛੂਆ ਛਾਤ ਦਾ ਅਨੁਭਵ ਉਦੋਂ ਹੋਇਆ ਜਦੋਂ ਇੱਕ ਨਾਈ ਨੇ ਉਹਨਾਂ ਦੇ ਵਾਲ਼ ਕੱਟਣ ਤੋਂ ਇਨਕਾਰ ਕਰ ਦਿੱਤਾਉਹਨਾਂ ਨੂੰ ਸਕੂਲ ਵਿੱਚ ਦੂਸਰੇ ਵਿਦਿਆਰਥੀਆਂ ਤੋਂ ਅਲੱਗ ਬੈਠਣਾ ਪੈਂਦਾ ਸੀ, ਉਹ ਵੀ ਘਰੋਂ ਲਿਆਂਦੇ ਆਪਣੇ ਟਾਟ ’ਤੇਸਕੂਲ ਦੇ ਪਿਆਓ ਤੋਂ ਪਾਣੀ ਪੀਣ ਦੀ ਮਨਾਹੀ ਸੀਇੱਕ ਵਾਰ ਆਮ ਪਿਆਓ ਤੋਂ ਖ਼ੁਦ ਪਾਣੀ ਪੀ ਲੈਣ ਕਰਕੇ ਉਹਨਾਂ ਨੂੰ ਬਹੁਤ ਕੁੱਟ ਪਈ ਸੀਇਨ੍ਹਾਂ ਦਿਨਾਂ ਵਿੱਚ ਹੀ ਸਕੂਲ ਵਿੱਚ ਆਏ ਇੱਕ ਇੰਸਪੈਕਟਰ ਨੇ ਬੱਚਿਆਂ ਦੀ ਬੁੱਧੀ ਦੀ ਪਰਖ਼ ਕਰਨ ਲਈ ਪ੍ਰਸ਼ਨ ਪੁੱਛਿਆ, “ਕਿਸੇ ਅਜਿਹੀ ਚੀਜ਼ ਦਾ ਨਾਂ ਦੱਸੋ ਜਿਹੜੀ ਸਾਨੂੰ ਦਿਖਾਈ ਤਾਂ ਦੇ ਦਿੰਦੀ ਹੈ ਪਰ ਸਾਡੀ ਪਹੁੰਚ ਤੋਂ ਬਾਹਰ ਹੈ?” ਜਮਾਤ ਦੇ ਅੰਦਰ ਬੈਠੇ ਵਿਦਿਆਰਥੀਆਂ ਦੀ ਇਹ ਸਵਾਲ ਸੁਣ ਕੇ ਸਿੱਟੀ-ਪਿੱਟੀ ਗੁੰਮ ਹੋ ਗਈ ਤੇ ਧੌਣਾਂ ਦਾ ਝੁਕਾਅ ਧਰਤੀ ਵੱਲ ਹੋ ਗਿਆ ਜਦੋਂ ਕਿ ਜਮਾਤ ਦੇ ਬਾਹਰ ਬੈਠੇ ਆਤਮ ਵਿਸ਼ਵਾਸ ਨਾਲ ਭਰੇ ਭੀਮ ਨੇ ਸਵਾਲ ਦਾ ਜਵਾਬ ਦੇਣ ਲਈ ਬਾਂਹ ਉਤਾਂਹ ਚੁੱਕੀ ਹੋਈ ਸੀਸਵਾਲ ਦਾ ਜਵਾਬ ਦੇਣ ਲਈ ਜਦੋਂ ਇੰਸਪੈਕਟਰ ਨੇ ਇਸ਼ਾਰਾ ਕੀਤਾ ਤਾਂ ਭੀਮ ਦਾ ਉੱਤਰ ਸੀ- ਜੀ ਪਾਣੀ ਵਾਲਾ ਘੜਾ।”

ਸੁਣ ਕੇ ਇੰਸਪੈਕਟਰ ਵੀ ਸੁੰਨ ਹੋ ਗਿਆਅਜੋਕੇ ਦੌਰ ਵਿੱਚ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਦੁਨੀਆਂ ਦੇ ਛੇਵੇਂ ਦਿਮਾਗ਼ ਕਹੇ ਜਾਂਦੇ ਭੀਮ ਦੀ ਸਕੂਲੀ ਸਿੱਖਿਆ ਦਾ ਆਗਾਜ਼ ਇਹੋ ਜਿਹੇ ਮਾਹੌਲ ਵਿੱਚ ਹੋਇਆ ਹੋਵੇਗਾ ਨਾਈ ਤਕ ਉਨ੍ਹਾਂ ਦੇ ਸਿਰ ਦੇ ਵਾਲ਼ ਕੱਟਣ ਤੋਂ ਮੁਨਕਰ ਸੀਉਹਨਾਂ ਦੇ ਸਿਰ ਦੇ ਵਾਲ਼ ਉਹਨਾਂ ਦੀਆਂ ਭੈਣਾਂ ਹੀ ਕੱਟਿਆ ਕਰਦੀਆਂ ਸਨਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਉਹਨਾਂ ਦਾ ਹਿਰਦਾ ਵਲੂੰਧਰ ਸੁੱਟਿਆਉਹ ਹੈਰਾਨ ਸਨ ਕਿ ਇਹ ਕਿਹੋ ਜਿਹਾ ਸਮਾਜ ਹੈ ਕਿ ਜਿੱਥੇ ਬੰਦੇ ਦੀ ਪਛਾਣ ਹੀ ਉਸਦੀ ਜਾਤ ਹੈਇਸੇ ਸਕੂਲ ਦਾ ਇੱਕ ਸਵਰਨ ਅਧਿਆਪਕ ਜਿਸਦਾ ਉਪ ਨਾਮ ਅੰਬੇਡਕਰ ਸੀ ਅਤੇ ਜਿਸ ਨੇ ਭੀਮ ਰਾਓ ਦਾ ਉਪਨਾਮ ਅੰਬਾਵਡੇਕਰ ਤੋਂ ਬਦਲ ਕੇ ਅੰਬੇਡਕਰ ਰੱਖਿਆ ਸੀ ਭਾਵੇਂ ਭੀਮ ਰਾਓ ਨੂੰ ਬਹੁਤ ਪਿਆਰ ਕਰਦਾ ਸੀ। ਇਨਸਾਨੀ ਦਰਦ ਤਹਿਤ ਉਸ ਨੂੰ ਖਾਣਾ ਵੀ ਦਿੰਦਾ ਸੀ ਪਰ ਮਨੂੰਵਾਦੀ ਵਿਚਾਰਧਾਰਾ ਦਾ ਇੰਨਾ ਦਬਦਬਾ ਸੀ ਕਿ ਉਹ ਖਾਣਾ ਦੂਰ ਤੋਂ ਹੀ ਭੀਮ ਰਾਓ ਵੱਲ ਸੁੱਟਦਾ ਸੀ

ਇੱਥੇ ਇਹ ਗੱਲ ਵਰਣਨਯੋਗ ਹੈ ਕਿ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਨ ਵਾਲੇ ਸੰਸਾਰ ਪ੍ਰਸਿੱਧ ਵਿਦਵਾਨ ਨੂੰ ਅੰਗਰੇਜ਼ੀ ਪੜ੍ਹਨ ਅਤੇ ਬੋਲਣ ਦੀ ਮੁਹਾਰਤ ਆਪਣੇ ਪਿਤਾ ਤੋਂ ਮਿਲੀਛੂਆ ਛਾਤ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਸਨ ਕਿ ਉਹਨਾਂ ਨੂੰ ਭਰਾ ਸਮੇਤ ਸਕੂਲ ਵਿੱਚ ਸੰਸਕ੍ਰਿਤ ਪੜ੍ਹਨ ਹੀ ਨਹੀਂ ਦਿੱਤੀ ਗਈ ਅਤੇ ਉਹਨਾਂ ਨੂੰ ਆਪਸ਼ਨਲ ਵਿਸ਼ਾ ਫ਼ਾਰਸੀ ਪੜ੍ਹਨਾ ਪਿਆਬਦਕਿਸਮਤ ਨਾਲ 2 ਫਰਵਰੀ, 1913 ਨੂੰ ਸੂਬੇਦਾਰ ਰਾਮ ਜੀ ਦਾ ਦੇਹਾਂਤ ਹੋ ਗਿਆਉਹਨਾਂ ਨੇ ਭੀਮ ਰਾਓ ਨੂੰ ਬੀ.ਏ. ਕਰਾਉਣ ਤਕ ਸਿਤਾਰੇ ਦੀ ਤਰ੍ਹਾਂ ਚਮਕਣ, ਸਵੈਮਾਣ, ਇੱਜ਼ਤ ਅਤੇ ਦਲਿਤ ਉਥਾਨ ਪ੍ਰਤੀ ਜਜ਼ਬਾ ਕੁੱਟ ਕੁੱਟ ਕੇ ਭਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ1913-17 ਦੌਰਾਨ ਜਦੋਂ ਅਮਰੀਕਾ ਵਿੱਚ ਗ਼ਦਰ ਪਾਰਟੀ ਦੇ ਸਿਪਾਹੀ ਭਾਰਤ ਨੂੰ ਅਜ਼ਾਦ ਕਰਾਉਣ ਲਈ ਸੰਘਰਸ਼ ਕਰ ਰਹੇ ਸਨ, ਦੂਸਰੇ ਸੰਸਾਰ ਯੱਧ ਦੇ ਸ਼ੁਰੂ ਹੋਣ ਅਤੇ ਅੰਗਰੇਜ਼ਾਂ ਦੇ ਇਸ ਵਿੱਚ ਰੁੱਝੇ ਹੋਣ ਕਾਰਨ ਅੰਗਰੇਜ਼ਾਂ ਨੂੰ ਸੰਘਰਸ਼ ਰਾਹੀਂ ਭਾਰਤ ਵਿੱਚੋਂ ਬਾਹਰ ਕੱਢਣ ਲਈ, ਆਪਣੇ ਦੇਸ਼ ਵੱਲ ਵਹੀਰਾਂ ਘੱਤ ਰਹੇ ਸਨ ਤਾਂ ਉਸ ਸਮੇਂ ਬਾਬਾ ਸਾਹਿਬ ਉੱਥੇ ਅਰਥ ਸ਼ਾਸਤਰ ਦੀ ਪੜ੍ਹਾਈ ਕਰਨ ਵਿੱਚ ਮਗਨ ਸਨਲਾਲਾ ਲਾਜਪਤ ਰਾਏ ਉਹਨਾਂ ਨੂੰ ਉੱਥੇ ਮਿਲੇਪਰ ਬਾਬਾ ਸਾਹਿਬ ਦੇ ਮਨ ਵਿੱਚ ਤਾਂ ਭਾਰਤ ਦੇ ਬਹੁਜਨਾਂ ਨੂੰ ਦੋਹਰੀ ਗ਼ੁਲਾਮੀ ਤੋਂ ਮੁਕਤ ਕਰਾਉਣ ਦਾ ਸੰਘਰਸ਼ ਰਿੱਝ ਪੱਕ ਰਿਹਾ ਸੀ1916 ਵਿੱਚ ਉਹਨਾਂ ਨੇ “ਨੈਸ਼ਨਲ ਡਿਵੀਡੈਂਡ ਆਫ ਇੰਡੀਆ” ਥੀਸਜ਼ ਪੀਐੱਚ.ਡੀ. ਦੀ ਡਿਗਰੀ ਲਈ ਦਰਜ ਕਰਵਾਇਆ

ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ, ਜਿਸਨੇ ਪਿਛਲੇ ਸਾਲਾਂ ਵਿੱਚ ਆਪਣੇ 300 ਸਾਲ ਦੇ ਰਿਕਾਰਡ ਵਿੱਚੋਂ ਡਾ. ਅੰਬੇਡਕਰ ਨੂੰ ‘ਸਰਵੋਤਮ ਵਿਦਿਆਰਥੀ’ ਐਲਾਨਿਆ ਨੂੰ ਜਦੋਂ ਮਹਾਰਾਜਾ ਬੜੌਦਾ ਦੀ ਰਿਆਸਤ ਵਿੱਚ ਕਲਾਸ ਵਨ ਅਫਸਰ ਦੀ ਨੌਕਰੀ ਮਿਲੀ ਸੀ ਤਾਂ ਉਹਨਾਂ ਨੂੰ ਕਿਰਾਏ ’ਤੇ ਰਹਿਣ ਲਈ ਨੀਵੀਂ ਜਾਤ ਦਾ ਹੋਣ ਕਰਕੇ ਕਮਰਾ ਨਹੀਂ ਸੀ ਮਿਲ ਰਿਹਾਇਹ ਹਾਲਤ ਸੀ ਸਾਡੇ ਦੇਸ਼ ਦੀਜੇਕਰ ਇਸ ਤਰ੍ਹਾਂ ਦੇ ਹਾਲਾਤ ਵਿੱਚੀਂ ਕਿਸੇ ਹੋਰ ਨੂੰ ਗੁਜ਼ਰਨਾ ਪੈਂਦਾ ਤਾਂ ਪਤਾ ਨਹੀਂ ਕਦੋਂ ਦਾ ਖ਼ਤਮ ਹੋ ਗਿਆ ਹੁੰਦਾਇਹ ਗੱਲ ਬਾਬਾ ਸਾਹਿਬ ਅਕਸਰ ਕਿਹਾ ਕਰਦੇ ਸਨਇਹ ਉਹਨਾਂ ਦੀ ਜ਼ਿੰਦਾਦਿਲੀ ਸੀ ਜੋ ਇਸ ਤਰ੍ਹਾਂ ਦੇ ਮਾਹੌਲ ਵਿੱਚ ਵੀ ਡੋਲੇ ਨਹੀਂ, ਘਬਰਾਏ ਨਹੀਂ ਕਰੋੜਾਂ ਅਛੂਤਾਂ ਲਈ ਇਕੱਲੇ ਲੜਦੇ ਰਹੇ

ਮੀਡੀਏ ਦੀ ਮਹੱਤਤਾ ਤੋਂ ਜਾਣੂ ਹੋਣ ਕਰਕੇ ਡਾ. ਅੰਬੇਡਕਰ ਨੇ ਕੋਹਲਾਪੁਰ ਦੇ ਮਹਾਰਾਜਾ ਸ਼ਾਹੂ ਜੀ ਮਹਾਰਾਜ ਦੀ ਮਦਦ ਨਾਲ ਜਨਵਰੀ, 1920 ਵਿੱਚ ‘ਮੂਕ ਨਾਇਕ’ ਨਾਂ ਦਾ ਪੰਦਰਾਂ ਰੋਜ਼ਾ ਅਖ਼ਬਾਰ ਸ਼ੁਰੂ ਕੀਤਾਰਸਾਲੇ ਦੇ ਪਲੇਠੇ ਅੰਕ ਵਿੱਚ ਚਰਚਾ ਕਰਦੇ ਹੋਏ ਉਹਨਾਂ ਨੇ ਲਿਖਿਆ ਸੀ ਕਿ ਹਿੰਦੂ ਸਮਾਜ ਇੱਕ ਅਜਿਹਾ ਮੀਨਾਰ ਹੈ ਜੋ ਹੈ ਤਾਂ ਕਈ ਮੰਜ਼ਿਲਾਂ ਵਾਲਾ ਪਰ ਉਸ ਨੂੰ ਨਾ ਤਾਂ ਕੋਈ ਪੌੜੀ ਹੈ ਅਤੇ ਨਾ ਹੀ ਕੋਈ ਦਰਵਾਜ਼ਾਜੋ ਵੀ ਕੋਈ ਜਿਸ ਮੰਜ਼ਿਲ ’ਤੇ ਪੈਦਾ ਹੋਇਆ, ਉਹ ਉਸ ਵਿੱਚ ਹੀ ਮਰ ਜਾਵੇਗਾਇਸ ਲਈ ਉਹਨਾਂ ਦੀਆਂ ਲਿਖਤਾਂ ਦਾ ਅਧਿਐਨ ਕਰਦਿਆਂ ਤਾਂ ਲਗਦਾ ਹੈ ਕਿ ਉਹਨਾਂ ਦਾ ਅਸਲ ਮੁੱਦਾ ਭਾਰਤ ਨੂੰ ਕੇਵਲ ਅੰਗਰੇਜ਼ ਹਕੂਮਤ ਤੋਂ ਆਜ਼ਾਦ ਕਰਾਉਣਾ ਹੀ ਨਹੀਂ ਸੀ ਸਗੋਂ ਉਹ ਧਾਰਮਿਕ, ਰਾਜਨੀਤਕ, ਆਰਥਿਕ ਅਤੇ ਸਮਾਜਿਕ ਤੌਰ ’ਤੇ ਦਲਿਤ ਸਮਾਜ ਨੂੰ ਬਿਲਕੁਲ ਮੁਕਤ ਕਰਾਉਣਾ ਚਾਹੁੰਦੇ ਸਨ ਡਾ. ਅੰਬੇਡਕਰ ਨੇ ਸਵਰਾਜ ਬਾਰੇ ਚਰਚਾ ਕਰਦੇ ਹੋਏ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਤੋਂ ਪਹਿਲਾਂ ਕਿ ਸਵਰਨ ਸਵਰਾਜ ਦੀ ਮੰਗ ਕਰਨ ਉਹਨਾਂ ਨੂੰ ਅਛੂਤ ਜੋ ਕਿ ਇੱਕੋ ਹੀ ਤਰ੍ਹਾਂ ਦੇ ਧਾਰਮਿਕ ਰੀਤੀ ਰਿਵਾਜਾਂ ਦੇ ਧਾਰਨੀ ਹਨ, ਨੂੰ ਸਮਾਜਿਕ ਬਰਾਬਰੀ ਦਾ ਅਧਿਕਾਰ ਦੇਣਾ ਚਾਹੀਦਾ ਹੈ

1920-23 ਤਕ ਉਹਨਾਂ ਨੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ‘ਐੱਮ. ਐੱਸਸੀ., ਡੀ.ਐੱਸਸੀ. ਅਤੇ ਕਾਨੂੰਨ ਦੀ ਉੱਚ ਪੱਧਰ ਦੀ ਡਿਗਰੀ ਹਾਸਲ ਕੀਤੀਪ੍ਰਸਿੱਧ ਲੇਖਕ ਮਰਹੂਮ ਸ਼੍ਰੀ ਲਾਹੌਰੀ ਰਾਮ ਬਾਲੀ ਉਹਨਾਂ ਬਾਰੇ ਲਿਖਦੇ ਹਨ:

ਸੰਸਾਰ ਭਰ ਦੇ ਇਤਿਹਾਸ ਵਿੱਚ ਅੰਬੇਡਕਰ ਵਰਗੇ ਮਹਾਂਪੁਰਸ਼ ਘੱਟ ਹੀ ਮਿਲਦੇ ਹਨ ਜੋ ਭੁੱਖੇ ਰਹੇ ਹੋਣ, ਜੋ ਪੂਰੇ ਕੱਪੜਿਆਂ ਨੂੰ ਤਰਸੇ ਹੋਣ ਅਤੇ ਲੋੜੀਂਦੇ ਖ਼ਰਚਿਆਂ ਨੂੰ ਵਿਲਕਦੇ ਰਹੇ ਹੋਣਭੁੱਖ ਲੱਗੇ ਤਾਂ ਚਾਹ ਦਾ ਇੱਕ ਪਿਆਲਾ ਪੀ ਕੇ ਹੀ ਪੇਟ ਨੂੰ ਪਰਚਾ ਦੇਣਾ, ਸਫ਼ਰ ਖ਼ਰਚ ਦੀ ਲੋੜ ਪਏ ਤਾਂ ਪੈਦਲ ਹੀ ਮੰਜ਼ਿਲਾਂ ਤੈਅ ਕਰ ਲੈਣਾ, ਖ਼ਾਹਸ਼ਾਂ ਮਾਰਨਾ, ਉਮੰਗ ਦਬਾਉਣਾ ਅਤੇ ਹਰ ਮੁਸੀਬਤ ਨੂੰ ਖਿੜੇ ਮੱਥੇ ਕੱਟ ਗੁਜ਼ਰਨਾ, ਇਹੋ ਜਿਹਾ ਸੀ ਉਸ ਸਮੇਂ ਅੰਬੇਡਕਰ ਦਾ ਜੀਵਨ ਨਿਰਬਾਹ …

ਉਸ ਸਮੇਂ ਸਮਾਜ ਇੰਨੀਆਂ ਬੰਦਸ਼ਾਂ ਵਿੱਚ ਬੱਝਿਆ ਹੋਇਆ ਸੀ ਕਿ ਇੱਕ ਤਲਾਬ ਵਿੱਚੋਂ ਜਾਨਵਰ ਤਾਂ ਪਾਣੀ ਪੀ ਸਕਦਾ ਸੀ ਪਰ ਮਨੁੱਖ ਨਹੀਂ20 ਮਾਰਚ, 1927 ਨੂੰ ਅੰਬੇਡਕਰ ਨੇ ਜਦੋਂ ਹਜ਼ਾਰਾਂ ਅਛੂਤਾਂ ਨਾਲ ਚੋਦਾਰ ਤਲਾਬ ਵਿੱਚੋਂ ਪਾਣੀ ਦਾ ਘੁੱਟ ਭਰਿਆ ਤਾਂ ਇਹ ਦਲਿਤ ਮੁਕਤੀ ਅੰਦੋਲਨ ਦਾ ਸਿਖ਼ਰ ਹੋ ਨਿੱਬੜਿਆਇਸੇ ਵਰ੍ਹੇ ਵਿੱਚ ਹੀ ਨਾਸਿਕ ਦੇ ਕਾਲਾ ਰਾਮ ਹਿੰਦੂ ਮੰਦਰ ਵਿੱਚ ਪਰਵੇਸ਼ ਲਈ ਮੋਰਚਾ ਲਾਇਆ ਗਿਆ25 ਦਸੰਬਰ, 1927 ਈਸਵੀ ਨੂੰ ਉਹਨਾਂ ਨੇ ਬਰਾਬਰਤਾ ਦਾ ਸੰਦੇਸ਼ ਦਿੰਦਿਆਂ ਮਨੂੰ ਸਿਮਰਤੀ ਨੂੰ ਅਗਨ ਭੇਂਟ ਕੀਤਾਉਹਨਾਂ ਸਮਿਆਂ ਵਿੱਚ ਇਹ ਬਹੁਤ ਦਲੇਰਾਨਾ ਕਦਮ ਸੀਮਨੂੰ ਸਿਮਰਤੀ ਇੱਕ ਅਜਿਹਾ ਗ੍ਰੰਥ ਸੀ ਜਿਸਨੂੰ ਸਵਰਨ ਲੋਕ ਆਪਣਾ ਸੰਵਿਧਾਨ ਮੰਨਦੇ ਸਨਇਸ ਵਿੱਚ ਅਛੂਤਾਂ ਬਾਰੇ ਲਿਖੀਆਂ ਪਾਬੰਦੀਆਂ ਪੜ੍ਹ ਕੇ ਤੁਹਾਨੂੰ ਕਈ ਦਿਨ ਰੋਟੀ ਵੀ ਸੁਆਦ ਨਹੀਂ ਲੱਗੇਗੀ ਡਾ. ਅੰਬੇਡਕਰ ਨੂੰ ਉਸ ਸਮੇਂ ਆਪਣੇ ਮਿਸ਼ਨ ਤੋਂ ਇਲਾਵਾ ਦੇਸ਼ ਵਿੱਚ ਘਟ ਰਹੀ ਹਰ ਇੱਕ ਘਟਨਾ ਬਾਰੇ ਡੂੰਘੀ ਜਾਣਕਾਰੀ ਸੀਜਦੋਂ 23 ਮਾਰਚ, 1931 ਨੂੰ ਸ਼ਹੀਦ ਭਗਤ ਸਿੰਘ ਨੂੰ ਰਾਜਗੁਰੂ ਅਤੇ ਸੁਖਦੇਵ ਸਮੇਤ ਫ਼ਾਂਸੀ ਦੀ ਸਜ਼ਾ ਦਿੱਤੀ ਗਈ ਤਾਂ ਉਹਨਾਂ ਨੇ ਆਪਣੇ ਰਸਾਲੇ ‘ਜਨਤਾ’ ਦੀ ਸੰਪਾਦਕੀ ਵਿੱਚ ਜਿੱਥੇ ਇਹਨਾਂ ਸ਼ਹੀਦਾਂ ਨੂੰ ਸਲਾਮ ਆਖੀ, ਉੱਥੇ ਇਸ ਫਾਂਸੀ ਬਾਰੇ ਵੀ ਗਹਿਰ ਗੰਭੀਰ ਚਰਚਾ ਕੀਤੀ ਹੈ

1930-32 ਦੀਆਂ ਗੋਲਮੇਜ਼ ਕਾਨਫਰੰਸਾਂ ਵਿੱਚ ਡਾ. ਅੰਬੇਡਕਰ ਦਾ ਬਹੁਤ ਵੱਡਾ ਬਿੰਬ ਉੱਭਰ ਕੇ ਸਾਹਮਣੇ ਆਇਆਗੋਲਮੇਜ਼ ਕਾਨਫਰੰਸ ਵਿੱਚ ਅਛੂਤਾਂ ਦੇ ਉਭਾਰੇ ਮੱਦਿਆਂ ਕਾਰਨ ਹੀ ਉਨ੍ਹਾਂ ਨੂੰ ਦੋਹਰੀ ਵੋਟ ਦਾ ਅਧਿਕਾਰ ਮਿਲਿਆ ਸੀ, ਜਿਸਨੂੰ ਬਹੁਤ ਹੁਸ਼ਿਆਰੀ ਨਾਲ ਮਹਾਤਮਾ ਗਾਂਧੀ ਨੇ ਪੂਨਾ ਦੀ ਯਰਵਦਾ ਜੇਲ੍ਹ ਵਿੱਚ ਮਰਨ ਵਰਤ ਰੱਖ ਕੇ ਖੁੰਢਿਆਂ ਕਰ ਦਿੱਤਾ ਅਤੇ ਡਾ. ਅੰਬੇਡਕਰ ਨੂੰ ਪੂਨਾ ਪੈਕਟ ’ਤੇ ਹਸਤਾਖ਼ਰ ਕਰਨੇ ਪਏਭਾਵੇਂ ਉਹ ਬਾਅਦ ਵਿੱਚ ਪੂਨਾ ਪੈਕਟ ਸਮਝੌਤੇ ਨੂੰ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਕਹਿੰਦੇ ਰਹੇ ਪਰ ਉਸ ਸਮੇਂ ਉਨ੍ਹਾਂ ਨੂੰ ਹੋਰ ਕੋਈ ਚਾਰਾ ਨਜ਼ਰ ਨਹੀਂ ਸੀ ਆਉਂਦਾਇਹ ਸਮਾਂ ਉਨ੍ਹਾਂ ਦਾ ਮਹਾਤਮਾ ਗਾਂਧੀ ਨਾਲ ਸਖ਼ਤ ਟੱਕਰ ਦਾ ਸੀਪਰ ਫਿਰ ਵੀ ਉਹ ਕੁਝ ਹੱਦ ਤਕ ਅਛੂਤਾਂ ਨੂੰ ਬਣਦਾ ਮਾਣ ਸਤਿਕਾਰ ਲੈ ਕੇ ਦੇਣ ਵਿੱਚ ਕਾਮਯਾਬ ਰਹੇ

ਸਾਡੀ ਇਹ ਤ੍ਰਾਸਦੀ ਰਹੀ ਹੈ ਕਿ ਅਸੀਂ ਡਾ. ਅੰਬੇਡਕਰ ਨੂੰ ਸਿਰਫ਼ ਦਲਿਤ ਨੇਤਾ ਕਹਿ ਕੇ ਉਨ੍ਹਾਂ ਦੇ ਕੱਦ-ਬੁੱਤ ਨੂੰ ਸੀਮਤ ਕਰਦੇ ਰਹੇ, ਜਦੋਂ ਅੱਜ ਪੂਰਾ ਸੰਸਾਰ ਉਹਨਾਂ ਦੀ ਬੌਧਿਕ ਸਮਰੱਥਾ ਦੇ ਸੋਹਲੇ ਗਾ ਰਿਹਾ ਹੈਯੂ.ਐੱਨ.ਓ. ਨੇ ਉਹਨਾਂ ਦੀ 125 ਵੀਂ ਜਯੰਤੀ ਨੂੰ ‘ਸਿੰਬਲ ਆਫ ਨੌਲਿਜ’ ਦੇ ਤੌਰ ’ਤੇ ਮਨਾਉਣ ਦਾ ਤਹੱਈਆ ਕੀਤਾ ਹੈ ਤਾਂ ਸਾਨੂੰ ਪਤਾ ਲਗਦਾ ਹੈ ਕਿ ਉਹ ਅੰਤਰਰਾਸ਼ਟਰੀ ਪੱਧਰ ਦੇ ਵਿਅਕਤੀਤਵ ਵਾਲੇ ਆਗੂ ਸਨਉਹ ਭਾਰਤ ਦੇ ਰਾਸ਼ਟਰੀ ਨੇਤਾ ਸਨ, ਉਹਨਾਂ ਦੇ ਅਨੁਸਾਰ ਜਾਤ ਦੇ ਵਿਰੁੱਧ ਲੜਾਈ ਕੇਵਲ ਦਲਿਤ ਮੁਕਤੀ ਲਈ ਲੜਾਈ ਨਹੀਂ ਹੈ ਬਲਕਿ ਇਹ ਭਾਰਤਵਰਸ਼ ਵਿੱਚ ਰਾਸ਼ਟਰ ਦੇ ਨਿਰਮਾਣ ਲਈ ਵੀ ਇੱਕ ਸਾਰਥਕ ਕਦਮ ਹੈਔਰਤ ਨੂੰ ਮਰਦ ਦੇ ਬਰਾਬਰ ਵੋਟ ਦਾ ਅਧਿਕਾਰ ਦੇ ਕੇ ਉਹਨਾਂ ਨੇ ਸਦੀਆਂ ਤੋਂ ਲਤਾੜੀ ਗਈ ਨਾਰੀ ਜਾਤੀ ਦੇ ਸਵੈਮਾਣ ਦਾ ਰਾਹ ਖੋਲ਼੍ਹਿਆਇਸੇ ਹੱਕ ਕਰਕੇ ਹੀ ਭਾਰਤ ਵਿੱਚ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੀ ਕੁਰਸੀ ਤਕ ਇਸਤਰੀ ਦੀ ਪਹੁੰਚ ਬਣ ਸਕੀ ਹੈ

ਬਾਬਾ ਸਾਹਿਬ ਦੁਆਰਾ ਹਿੰਦੂ ਧਰਮ ਨੂੰ ਛੱਡਣ ਦਾ ਐਲਾਨ ਮਹਿਜ਼ ਇੱਕ ਧਰਮ ਪਰਿਵਰਤਨ ਹੀ ਨਹੀਂ ਸੀ ਸਗੋਂ ਇਹ ਦਲਿਤ ਮੁਕਤੀ ਅੰਦੋਲਨ ਵਿੱਚ ਵੀ ਇੱਕ ਅਹਿਮ ਕੜੀ ਸੀਆਪਣੇ ਆਖ਼ਰੀ ਸਾਹ ਲੈਣ ਤੋਂ ਕੁਝ ਦਿਨ ਪਹਿਲਾਂ ਉਹਨਾਂ ਦੇ ਕਹਿਣ ’ਤੇ ਉਹਨਾਂ ਦੇ ਪੰਜ ਲੱਖ ਪੈਰੋਕਾਰ ਬੁੱਧ ਧਰਮ ਦੀ ਸ਼ਰਨ ਵਿੱਚ ਗਏਇਸ ਤਰ੍ਹਾਂ ਡਾ. ਅੰਬੇਡਕਰ ਨੇ ਇੱਕ ਤਰ੍ਹਾਂ ਭਾਰਤ ਦੀ ਧਰਤੀ ’ਤੇ ਬੁੱਧ ਧਰਮ ਨੂੰ ਪੁਨਰ ਸਥਾਪਿਤ ਕੀਤਾਉਹ ਇੱਕ ਮਹਾਨ ਲੇਖਕ ਵੀ ਸਨਉਹਨਾਂ ਦੁਆਰਾ ਵੱਖ ਵੱਖ ਵਿਸ਼ਿਆਂ ’ਤੇ ਲਿਖੇ ਅਹਿਮ 40 ਦਸਤਾਵੇਜ਼ ਇਸ ਗੱਲ ਦੀ ਬਾਤ ਪਾਉਂਦੇ ਹਨ

ਡਾ. ਅੰਬੇਡਕਰ ਦੀ ਜ਼ਿੰਦਗੀ ਦਾ ਸਭ ਤੋਂ ਅਹਿਮ ਮਿਸ਼ਨ ਭਾਰਤ ਦੇ ਸੰਵਿਧਾਨ ਦਾ ਨਿਰਮਾਣ ਕਰਨਾ ਸੀਉਹ ਖਰੜਾ ਕਮੇਟੀ ਦੇ ਚੇਅਰਮੈਨ ਸਨਸੰਵਿਧਾਨ ਦੇ ਨਿਰਮਾਣ ਲਈ 2 ਸਾਲ 11 ਮਹੀਨੇ 17 ਦਿਨ ਲੱਗੇਇਹ ਕੋਈ ਸੌਖਾ ਕੰਮ ਨਹੀਂ ਸੀਉਹਨਾਂ ਨੂੰ ਹਜ਼ਾਰਾਂ ਦੀ ਤਾਦਾਦ ਵਿੱਚ ਸੰਸ਼ੋਧਨ ਪ੍ਰਾਪਤ ਹੋਏਇਹਨਾਂ ਵਿੱਚੋਂ ਬਹੁਤੇ ਉਹਨਾਂ ਦੇ ਰਾਜਸੀ ਵਿਰੋਧੀਆਂ ਦੇ ਸਨਇਹਨਾਂ ਵਿੱਚੋਂ ਉਹਨਾਂ ਨੇ 5162 ਸੰਸ਼ੋਧਨਾਂ ਨੂੰ ਤੱਥਾਂ ਦੇ ਅਧਾਰ ’ਤੇ ਨਿਕਾਰਿਆ ਅਤੇ 2473 ਸੰਸ਼ੋਧਨਾਂ ਨੂੰ ਸਮਾਯੋਜਿਤ ਕੀਤਾ17.10.1946 ਨੂੰ ਸੰਵਿਧਾਨ ਸਭਾ ਦੀ ਡੀਬੇਟ ਵਿੱਚ ਉਹ 27 ਵਾਰ ਖੜ੍ਹੇ ਹੋ ਕੇ ਬੋਲੇਉਹ ਹਰ ਰੋਜ਼ 10-12 ਵਾਰ ਬੋਲਦੇ ਸਨਉਹਨਾਂ ਦੁਆਰਾ ਲਿਖੇ ਸੰਵਿਧਾਨ ਕਾਰਨ ਹੀ ਅੱਜ ਸਾਰਾ ਦੇਸ਼ ਇੱਕ ਜੁੱਟ ਹੈ, ਭਾਵੇਂ ਕੁਝ ਕੱਟੜ ਤਾਕਤਾਂ ਇਸ ਨੂੰ ਤੋੜਨ ਲਈ ਯਤਨ ਕਰ ਰਹੀਆਂ ਹਨ ਪਰ ਉਹਨਾਂ ਦੀ ਪੇਸ਼ ਕੋਈ ਨਹੀਂ ਜਾ ਰਹੀਸਾਡਾ ਸੰਵਿਧਾਨ ਸਮਾਨਤਾ, ਸੁਤੰਤਰਤਾ ਅਤੇ ਭਰਾਤਰੀ ਭਾਵ ਦਾ ਮੁਦਈ ਹੈ

ਅਨੁਸੂਚਿਤ ਜਾਤਾਂ, ਅਨੁਸੂਚਿਤ ਜਨ ਜਾਤਾਂ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਇਕੱਤਰ ਕਰਕੇ ਡਾ. ਅੰਬੇਡਕਰ ਨੇ ਕਈ ਸੰਗਠਨ ਬਣਾਏ, ਸੰਮੇਲਨ ਕਰਕੇ ਇਹਨਾਂ ਨੂੰ ਹੱਕਾਂ ਪ੍ਰਤੀ ਚੇਤੰਨ ਕੀਤਾਰਾਜਨੀਤਕ ਪਾਰਟੀ ਬਣਾਈ, ਚੋਣਾਂ ਲੜੀਆਂ, ਅਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇਹਿੰਦੂ ਕੋਡ ਬਿੱਲ ਅਤੇ ਮਜ਼ਦੂਰ ਜਮਾਤ ਦੇ ਹੱਕਾਂ ਲਈ ਜੂਝਦੇ ਹੋਏ ਮੰਤਰੀ ਪਦ ਤੋਂ ਅਸਤੀਫ਼ਾ ਵੀ ਦੇ ਗਏਦਲਿਤ ਵਰਗ ਨੂੰ ਮਾਨਵਤਾ ਵਾਲੇ ਹੱਕ ਲੈ ਕੇ ਦੇਣ ਲਈ ਆਪਣੇ ਪਰਿਵਾਰ ਵੱਲ ਵੀ ਮੁੜ ਕੇ ਨਾ ਦੇਖਿਆਉਹਨਾਂ ਦੇ ਚਾਰ ਬੱਚੇ ਦਵਾਈ ਖੁਣੋ ਮੁੱਕ ਗਏ, ਪਤਨੀ ਨੂੰ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਨਾ ਪਿਆਪਰ ਉਹ ਸੂਰਮਾ ਦਲਿਤ ਉਥਾਨ ਲਈ ਦਿਨ ਰਾਤ ਜੂਝਦਾ ਰਿਹਾਕਿੱਡੀ ਵੱਡੀ ਕੁਰਬਾਨੀ ਸੀ ਇਹ ਉਹਨਾਂ ਦੀਉਹ ਸੱਚਮੁੱਚ ਅਫ਼ਰੀਕਾ ਦਾ ਨੈਲਸਨ ਮੰਡੇਲਾ ਅਤੇ ਜਰਮਨ ਦਾ ਮਾਰਟਿਨ ਲੂਥਰ ਸੀ ਜੋ ਹਾਸ਼ੀਆਗਤ ਲੋਕਾਂ ਲਈ ਬਿਨਾਂ ਹਥਿਆਰਾਂ ਅਤੇ ਸਾਧਨਾਂ ਤੋਂ ਵੱਡੀ ਜੰਗ ਲੜਿਆ ਅਤੇ ਜੇਤੂ ਰਿਹਾਡਾ. ਅੰਬੇਡਕਰ ਦੀਆਂ ਬੇਮਿਸਾਲ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਨੇ ਬਹੁਤ ਦੇਰ ਬਾਅਦ 1990 ਈਸਵੀ ਵਿੱਚ ਉਹਨਾਂ ਨੂੰ ਭਾਰਤ ਦਾ ਸਰਵੋਤਮ ਖ਼ਿਤਾਬ ‘ਭਾਰਤ ਰਤਨ’ ਦੇ ਕੇ ਨਿਵਾਜ਼ਿਆ

ਅੱਜ ਜਦੋਂ ਸਾਰਾ ਸੰਸਾਰ ਉਹਨਾਂ ਦੀ 133 ਵੀਂ ਜਯੰਤੀ ਮਨਾ ਰਿਹਾ ਹੈ ਤਾਂ ਦੇਖਣ ਦੀ ਲੋੜ ਹੈ ਕਿ ਜੋ ਸੁਪਨੇ ਡਾ. ਅੰਬੇਡਕਰ ਨੇ ਸਿਰਜੇ ਸਨ, ਕੀ ਉਹ ਪੂਰੇ ਹੋ ਗਏ ਹਨ? ਕਿਤੇ ਅਸੀਂ ਉਹਨਾਂ ਦੇ ਬੁੱਤ ਪੂਜਕ ਹੀ ਤਾਂ ਨਹੀਂ ਬਣ ਕੇ ਬੈਠ ਗਏ? ਵਿਚਾਰਧਾਰਾ ਕਿੱਥੇ ਗਈ? ਉਹਨਾਂ ਨੇ ਆਪਣੀ ਪਤਨੀ ਨੂੰ ਇੱਕ ਪੱਤਰ ਵਿੱਚ ਲਿਖਿਆ ਸੀ, “ਮੇਰੇ ਕੋਲ ਹੋਰ ਕੁਝ ਨਹੀਂ ਸਿਰਫ਼ ਇੱਕ ਕ੍ਰੈਕਟਰ ਹੀ ਹੈਇਸ ਕ੍ਰੈਕਟਰ ਕਰਕੇ ਹੀ ਵੱਡੇ ਵੱਡੇ ਨੇਤਾ ਮੇਰੇ ਨਾਲ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਤੋਂ ਤ੍ਰਭਕਦੇ ਹਨ

ਆਓ ਅੱਜ ਆਪਾਂ ਸਾਰੇ ਉਹਨਾਂ ਦੇ ਜਨਮ ਦਿਹਾੜੇ ’ਤੇ ਆਪਣਾ ਕ੍ਰੈਕਟਰ ਉਹਨਾਂ ਵਰਗਾ ਬਣਾਉਣ ਦਾ ਪ੍ਰਣ ਕਰੀਏ। ਇਹੋ ਸਾਡੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4889)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਜਸਵੰਤ ਰਾਏ ਸਾਹਰੀ

ਡਾ. ਜਸਵੰਤ ਰਾਏ ਸਾਹਰੀ

Sahri, Hoshiarpur, Punjab, India.
Phone: (011 - 91 - 98158 - 25999)
Email: (jassi_saifu@rediffmail.com)