“ਪਹਿਲੋਂ ਤੁਸੀਂ ਮੈਨੂੰ ਅੱਤਵਾਦੀ ਸਮਝਦੇ ਰਹੇ, ਹੁਣ ਚੋਰ ਬਣਾਈ ਜਾਂਦੇ ਹੋ। ਕੀ ਪੰਜਾਬੀ ਹੋਣਾ ਗੁਨਾਹ ...”
(23 ਜਨਵਰੀ 2024)
ਇਸ ਸਮੇਂ ਪਾਠਕ: 300.
ਮੈਂ ਉੱਥੇ ਕਿਸੇ ਕਾਨਫਰੰਸ ਦੇ ਸਿਲਸਲੇ ਵਿੱਚ ਗਿਆ ਸੀ। ਛੋਟੇ ਜਿਹੇ ਹਾਲ ਵਿੱਚ ਕਾਫੀ ਲੋਕ ਰਜਿਸਟਰੇਸ਼ਨ ਕਰਵਾਉਣ ਲਈ ਕਤਾਰ ਬਣਾ ਕੇ ਖੜ੍ਹੇ ਸਨ। ਪੰਜ ਘੰਟੇ ਦੇ ਸਫਰ ਕਰਕੇ ਮੈਂ ਕੁਝ ਥੱਕਿਆ ਜਿਹਾ ਮਹਿਸੂਸ ਕੀਤਾ। ਟੇਬਲ ਤੋਂ ਚਾਹ ਦਾ ਕੱਪ ਲੈ ਕੇ ਸੋਫੇ ’ਤੇ ਬੈਠ ਗਿਆ। ਦੋ ਕੁੜੀਆਂ ਫਟਾਫਟ ਕੰਮ ਕਰ ਰਹੀਆਂ ਸਨ ਤੇ ਆਏ ਲੋਕਾਂ ਨੂੰ ਉਨ੍ਹਾਂ ਦੇ ਕਮਰੇ ਅਲਾਟ ਕਰ ਰਹੀਆਂ ਸਨ। ਉਹਨਾਂ ਕੁੜੀਆਂ ਦੀ ਨਿਗਰਾਨੀ ਇੱਕ ਮੈਡਮ ਕਰ ਰਹੀ ਸੀ ਤੇ ਨਾਲ ਹੀ ਕਮਰੇ ਤਕ ਪਹੁੰਚਣ ਦਾ ਰਾਹ ਦੱਸ ਰਹੀ ਸੀ। ਜਦੋਂ ਤਕ ਮੇਰੀ ਚਾਹ ਮੁੱਕੀ, ਉਦੋਂ ਤਕ ਕਤਾਰ ਵੀ ਛੋਟੀ ਹੋ ਗਈ ਸੀ। ਮੈਂ ਵੀ ਕਤਾਰ ਵਿੱਚ ਜਾ ਖੜ੍ਹਿਆ। ਕੁੜੀਆਂ ਸਿਰਫ ਨਾਮ ਪੁੱਛਦੀਆਂ ਤੇ ਲਿਸਟ ਦੇਖ ਕੇ ਕਿੱਟ ਅਤੇ ਚਾਬੀ ਦੇ ਦਿੰਦੀਆਂ। ਮੈਂ ਆਪਣਾ ਨਾਮ ਦੱਸਿਆ ਤਾਂ ਕੁੜੀ ਲਿਸਟ ਦੇਖਣ ਲੱਗ ਪਈ।
“ਤੁਹਾਡੇ ਕੋ ਆਧਾਰ ਕਾਰਡ ਹੈ?” ਇੱਕ ਕੁੜੀ ਨੇ ਪੁੱਛਿਆ।
“ਜੀ ਮੈਡਮ!” ਮੈਂ ਜੇਬ ਵਿੱਚੋਂ ਅਧਾਰ ਕਾਰਡ ਕੱਢ ਕੇ ਦੇ ਦਿੱਤਾ।
“ਪੰਜਾਬ ਤੋਂ ਹੋ?”
ਸਿਆਸੀ ਮਾਹੌਲ ਦੇ ਚੱਲਦੇ ਮੈਨੂੰ ਲੱਗਾ ਕਿ ਸ਼ਾਇਦ ਮੈਨੂੰ ਇਹ ਅੱਤਵਾਦੀ ਸਮਝਦੀ ਹੋਵੇ?
“ਇਨਕੋ ਸਤਾਰਾਂ ਨੰਬਰ ਕਮਰਾ ਦੇ ਦੋ।”
ਕਮਰਾ ਕਾਫੀ ਰੌਸ਼ਨਦਾਰ ਤੇ ਖੁੱਲ੍ਹਾ ਸੀ। ਮੈਂਨੂੰ ਲੱਗਾ ਕਿ ਇਹ ਖਾਸ ਕਮਰਾ ਹੈ। ਮੇਰੇ ’ਤੇ ਨਿਗਰਾਨੀ ਰੱਖਣ ਲਈ ਜ਼ਰੂਰ ਇਸ ਵਿੱਚ ਗੁਪਤ ਕੈਮਰੇ ਲੱਗੇ ਹੋਣਗੇ। ਮੈਂ ਅੱਧਾ ਘੰਟਾ ਲਾ ਕੇ ਸਭ ਕੰਧਾਂ, ਪੜਦੇ, ਟੀਵੀ, ਤੇ ਕੰਧਾਂ ’ਤੇ ਲੱਗਾ ਸਾਰਾ ਸਮਾਨ ਚੈੱਕ ਕੀਤਾ, ਹਾਰ ਕਿ ਇਹ ਸੋਚ ਕੇ ਲੰਮਾ ਪੈ ਗਿਆ ਕੇ ਦੇਖੀ ਜਾਊ।
ਸ਼ਾਮ ਵੇਲੇ ਸਾਰੇ ਇਕੱਠੇ ਹੋਏ ਤਾਂ ਮੇਰੀ ਸੀਟ ਪੰਦਰ੍ਹਵੀਂ ਕਤਾਰ ਵਿੱਚ ਸੀ। ਉੱਥੇ ਇੱਕ ਪਾਸੇ ਉਹ ਮੈਡਮ ਵੀ ਖੜ੍ਹੀ ਸੀ, ਜਿਹੜੀ ਕਦੇ ਕਦੇ ਮੇਰੇ ਵੱਲ ਵੇਖ ਲੈਂਦੀ। ਮੈਂ ਥੋੜ੍ਹੀ ਘਬਰਾਹਟ ਮਹਿਸੂਸ ਕੀਤੀ, ਪਰ ਚੁੱਪ ਚਾਪ ਬੈਠਾ ਰਿਹਾ। ਵਿੱਚ ਵਿਚਾਲੇ ਕੁਝ ਪਲਾਂ ਲਈ ਇੱਕ ਝਪਕੀ ਵੀ ਲੈ ਲਈ।
ਦੂਸਰੇ ਦਿਨ ਮੈਂ ਆਪਣੇ ਨਾਮ ਦੀ ਸੀਟ ਲੱਭ ਰਿਹਾ ਸੀ ਤਾਂ ਉਹ ਮੈਡਮ ਆ ਗਈ।
“ਤੁਹਾਡੀ ਸੀਟ ਚੌਥੀ ਕਤਾਰ ਵਿੱਚ ਹੈ।” ਇਹ ਕਹਿ ਉਹ ਚਲੀ ਗਈ। ਸੀਟ ’ਤੇ ਬੈਠੇ ਨੂੰ ਮੈਂਨੂੰ ਇਹ ਪੱਕਾ ਯਕੀਨ ਹੋ ਗਿਆ ਕਿ ਪੰਜਾਬ ਤੋਂ ਆਇਆ ਹੋਣ ਕਰਕੇ ਮੇਰੇ ’ਤੇ ਨਿਗ੍ਹਾ ਰੱਖੀ ਜਾ ਰਹੀ ਹੈ, ਇਸ ਮੈਡਮ ਰਾਹੀਂ। ਰੋਟੀ ਖਾਣ ਵੇਲੇ ਵੀ ਉਹ ਮੈਡਮ ਆਨੇ ਬਹਾਨੇ ਮੇਰੇ ਆਸ ਪਾਸ ਗੇੜੇ ਮਾਰਦੇ ਰਹਿੰਦੀ।
ਮੈਂ ਹੁਣ ਅਸਹਿਜ ਮਹਿਸੂਸ ਕਰਨ ਲੱਗ ਪਿਆ ਸੀ। ਸੋਚਿਆ ਪ੍ਰਬੰਧਕਾਂ ਨਾਲ ਗੱਲ ਕਰਾਂ, ਫੇਰ ਮਨ ਬਦਲ ਲਿਆ ਕਿ ਮੈਂ ਕਿਹੜਾ ਇੱਥੇ ਬੈਠੇ ਰਹਿਣਾ ਹੈ।
ਵਾਪਸ ਆਉਣ ਤੋਂ ਤੀਜੇ ਕੁ ਦਿਨ ਪਿੱਛੋਂ ਇੱਕ ਅਗਿਆਤ ਨੰਬਰ ਤੋਂ ਫੋਨ ਆਇਆ, “ਹੈਲੋ!”
ਮੈਂ ਉਸਦੀ ਆਵਾਜ਼ ਤੋਂ ਹੀ ਪਹਿਚਾਣ ਗਿਆ ਕਿ ਇਹ ਕਾਨਫਰੰਸ ਵਾਲੀ ਮੈਡਮ ਹੈ। ਮੈਂ ਫਿਰ ਥੋੜ੍ਹਾ ਜਿਹਾ ਅਸਹਿਜ ਹੋ ਗਿਆ ਕਿ ਹੁਣ ਕੀ ਪੰਗਾ ਪੈ ਗਿਆ ਹੋਊ? ਜ਼ਰੂਰ ਕਿਸੇ ਸਰਕਾਰੀ ਏਜੰਸੀ ਨੇ ਕੁਝ ਕੱਢਿਆ ਹੋਊ।
“ਹਾਂ ਜੀ, ਦੱਸੋ।” ਮੈਂ ਕਿਹਾ।
“ਜੀ ਮਸਲਾ ਹੈ ਕਿ ਸਾਡੇ ਇੱਥੇ ਕੁਝ ਸਮਾਨ ਚੋਰੀ ਹੋ ਗਿਆ ਹੈ।”
“ਮੈਂ ਕੀ ਕਰਾਂ?” ਮੇਰੇ ਬੋਲਾਂ ਵਿੱਚ ਤਲਖੀ ਸੀ।
“ਜੀ ਉਹ ਸਮਾਨ ਲੱਭ ਨਹੀਂ ਰਿਹਾ। ਸਾਨੂੰ ਲਗਦਾ ਹੈ ਕੇ ਉਹ ਤੁਸੀਂ ਲੈ ਗਏ ਹੋ।”
“ਪਹਿਲੋਂ ਤੁਸੀਂ ਮੈਨੂੰ ਅੱਤਵਾਦੀ ਸਮਝਦੇ ਰਹੇ, ਹੁਣ ਚੋਰ ਬਣਾਈ ਜਾਂਦੇ ਹੋ। ਕੀ ਪੰਜਾਬੀ ਹੋਣਾ ਗੁਨਾਹ ਹੋ ਗਿਆ ਹੈ?”
“ਜੀ ਇਹ ਗੱਲ ਨਹੀਂ, ਪਰ ਚੋਰੀ ਤੁਸੀਂ ਹੀ ਕੀਤੀ ਹੈ, ਪੱਕੇ ਸਬੂਤ ਹਨ ਮੇਰੇ ਕੋਲ।”
ਗੁੱਸੇ ਵਿੱਚ ਮੇਰੇ ਮੂੰਹੋਂ ਨਿਕਲ਼ ਗਿਆ, “ਦੱਸ, ਕੀ ਚੋਰੀ ਕਰ ਲਿਆ ਮੈਂ ਤੇਰਾ?”
ਉਸਨੇ ਫੋਨ ਬੰਦ ਕਰਨ ਤੋਂ ਪਹਿਲੋਂ ਮੱਧਮ ਜਿਹੀ ਆਵਾਜ਼ ਵਿੱਚ ਕਿਹਾ, “ਮੇਰਾ ਦਿਲ!”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4662)
(ਸਰੋਕਾਰ ਨਾਲ ਸੰਪਰਕ ਲਈ: (