“ਮੈਨੂੰ ਮੰਜੇ ’ਤੇ ਅਜੇ ਲਿਟਾਇਆ ਹੀ ਸੀ ਕਿ ਕੁਝ ਸਮਾਂ ਬਾਅਦ ਦਸ-ਬਾਰਾਂ ਔਰਤਾਂ ਰੋਂਦੀਆਂ ਹੋਈਆਂ ਸਾਡੇ ਘਰ ...”
(2 ਦਸੰਬਰ 2023)
ਇਸ ਸਮੇਂ ਪਾਠਕ: 225.
ਇਹ ਗੱਲ 1996-97 ਹੈ। ਉਦੋਂ ਮੈਂ ਮੋਹਾਲੀ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ। ਘਰ ਦੀ ਗਰੀਬੀ ਅਤੇ ਧੁੰਦਲੇ ਭਵਿੱਖ ਬਾਰੇ ਸੋਚਦਾ ਮੈਂ ਢਾਹੂ ਸੋਚਾਂ ਵਿੱਚ ਘਿਰਿਆ ਰਹਿੰਦਾ। ਉੱਤੋਂ ਅੰਨ੍ਹੇ-ਵਾਹ ਦਾਰੂ ਪੀਣ ਦੀ ਲਹੂ ਪੀਣੀ ਲਤ ਲੱਗ ਗਈ। ਮੇਰੀ ਹਾਲਤ ਬਹੁਤ ਖਰਾਬ ਹੋ ਗਈ। ਘਰ ਵਾਲੇ ਮੈਨੂੰ ਮੋਹਾਲੀ ਤੋਂ ਪਿੰਡ ਲੈ ਆਏ।
ਕਈ ਜਗ੍ਹਾ ਇਲਾਜ ਕਰਾਇਆ, ਬਾਬਿਆਂ ਦੀਆਂ ਚੌਂਕੀਆਂ ਭਰੀਆਂ, ਪਰ ਕੋਈ ਫਰਕ ਨਹੀਂ ਪਿਆ। ਫਿਰ ਕਿਸੇ ਨੇ ਜਲੰਧਰ ਵਿੱਚ ਇੱਕ ਮਨੋਵਿਗਿਆਨੀ ਡਾਕਟਰ ਬਾਰੇ ਦੱਸਿਆ। ਘਰ ਵਾਲੇ ਮੈਨੂੰ ਜਲੰਧਰ ਉਸ ਡਾਕਟਰ ਕੋਲ ਲੈ ਗਏ। ਉਸ ਡਾਕਟਰ ਦਾ ਨਾਮ ਤਰਸੇਮ ਚੋਪੜਾ ਸੀ ਤੇ ਉਹ ਅਵਤਾਰ ਨਗਰ ਜਲੰਧਰ ਰਹਿੰਦਾ ਸੀ।
ਘਰ ਵਾਲਿਆਂ ਨੇ ਉਸ ਡਾਕਟਰ ਸਾਹਿਬ ਨੂੰ ਮੇਰੇ ਹਾਲਤ ਬਾਰੇ ਦੱਸਿਆ। ਡਾਕਟਰ ਤਰਸੇਮ ਚੋਪੜਾ ਨੇ ਮੇਰੇ ਬਾਰੇ ਜਾਣਕਾਰੀ ਲੈ ਕੇ ਅਤੇ ਫਿਰ ਮੈਨੂੰ ਚੈੱਕ ਕਰਕੇ ਮੇਰੇ ਘਰ ਵਾਲਿਆਂ ਨੂੰ ਕਿਹਾ, “ਇਸ ਨੂੰ ਮੇਰੇ ਕੋਲ ਹਰੇਕ ਮਹੀਨੇ ਚੈੱਕ ਕਰਾਉਣ ਲਈ ਆਉਣਾ ਪਿਆ ਕਰੂਗਾ, ਹਰ ਵਾਰ ਇੱਕ ਮਹੀਨੇ ਦੀ ਦਵਾਈ ਦਿੱਤੀ ਜਾਇਆ ਕਰੇਗੀ।”
ਮੇਰੇ ਘਰ ਵਾਲੇ ਸਹਿਮਤ ਹੋ ਗਏ। ਅੱਗੋਂ ਡਾਕਟਰ ਨੇ ਕਿਹਾ, “ਕਿਉਂਕ ਇਸ ਟਾਈਮ ਇਸ ਮੁੰਡੇ ਦੇ ਹਾਲਤ ਕਾਫੀ ਖਰਾਬ ਹੈ, ਇਸ ਲਈ ਇਸਦੇ ਇੱਕ ਟੀਕਾ ਲਗਾਇਆ ਜਾਵੇਗਾ। ਇਹ ਤਿੰਨ ਦਿਨ ਬੇਹੋਸ਼ ਰਹੇਗਾ। ਨਾ ਇਹ ਕੁਛ ਖਾਏਗਾ, ਪੀਏਗਾ ਅਤੇ ਨਾਂ ਇੱਕ-ਦੋ ਨੰਬਰ ਜਾ ਸਕੇਗ। ਟੀਕਾ ਵੀ ਇੱਥੇ ਹੀ ਲਗਾਉਣਾ ਪਵੇਗਾ।”
ਘਰ ਵਾਲੇ ਮੇਰੇ ਟੀਕਾ ਲਵਾਉਣ ਨੂੰ ਮੰਨ ਗਏ। ਡਾਕਟਰ ਨੇ ਮੇਰੇ ਟੀਕਾ ਲਗਾ ਕੇ ਇੱਕ ਮਹੀਨੇ ਦੀ ਦਵਾਈ ਘਰ ਵਾਲਿਆਂ ਨੂੰ ਦੇ ਦਿੱਤੀ। ਟੀਕਾ ਲੱਗਣ ਤੋਂ ਕੁਛ ਸਮਾਂ ਬਾਅਦ ਉੱਥੇ ਹੀ ਬੇਹੋਸ਼ ਹੋ ਗਏ। ਘਰਵਾਲੇ ਮੈਨੂੰ ਰਿਕਸ਼ੇ ’ਤੇ ਪਾ ਕੇ ਜਲੰਧਰ ਬੱਸ ਅੱਡੇ ’ਤੇ ਲੈ ਗਏ। ਉੱਥੇ ਬੱਸ ਵਿੱਚ ਤਿੰਨ ਬੰਦਿਆਂ ਵਾਲੀ ਸੀਟ ਬੁੱਕ ਕਰਾ ਕੇ ਉਨ੍ਹਾਂ ਮੈਨੂੰ ਉਸ ਉੱਤੇ ਲੰਮਾ ਪਾ ਦਿੱਤਾ ਤੇ ਉੱਥੋਂ ਚੱਲ ਪਏ।
ਸਾਡੇ ਪਿੰਡ ਤੋਂ ਸਾਡਾ ਲੋਕਲ ਬੱਸ ਅੱਡਾ ਦੋ ਕਿਲੋਮੀਟਰ ਦੂਰ ਹੈ। ਉੱਥੇ ਮੈਨੂੰ ਬੱਸ ਤੋਂ ਲਾਹ ਕੇ ਇੱਕ ਮਾਰੂਤੀ ਵੈਨ ਕਿਰਾਏ ’ਤੇ ਕਰਕੇ ਉਸ ਵਿੱਚ ਪਾ ਕੇ ਘਰ ਨੂੰ ਲੈ ਆਏ। ਸਾਡੇ ਘਰ ਤਕ ਆਉਣ ਲਈ ਛੋਟਾ ਰਸਤਾ ਸੀ। ਘਰ ਤਕ ਵੈਨ ਨਹੀਂ ਆ ਸਕਦੀ ਸੀ ਇਸ ਲਈ ਮੈਨੂੰ ਘਰ ਤੋਂ ਥੋੜ੍ਹੀ ਦੂਰ ਮ ਵੈਨ ਤੋਂ ਲਾਹ ਲਿਆ ਤੇ ਦੋ-ਤਿੰਨ ਬੰਦਿਆਂ ਨੇ ਮੋਢਿਆਂ ’ਤੇ ਚੁੱਕ ਕੇ ਘਰ ਪਹੁੰਚਾ ਦਿੱਤਾ।
ਜਦੋਂ ਮੈਨੂੰ ਕਈ ਬੰਦੇ ਮੋਢਿਆਂ ’ਤੇ ਚੱਕ ਕੇ ਮੇਰੇ ਘਰ ਵੱਲ ਲੈ ਕੇ ਆ ਰਹੇ ਸੀ ਤਾਂ ਸਾਡੇ ਆਲੇ ਦੁਆਲੇ ਦੇ ਘਰਾਂ ਦੇ ਰਹਿਣ ਵਾਲੇ ਲੋਕ, ਖਾਸ ਕਰ ਔਰਤਾਂ ਘਬਰਾ ਗਈਆਂ ਕਿ ਮੁੰਡਾ ਉੱਪਰ ਪਹੁੰਚ ਗਿਆ ਹੈ। ਕਿਉਂਕਿ ਮੈਂ ਬੇਹੋਸ਼ ਸੀ ਤੇ ਕੋਈ ਹਿਲਜੁਲ ਨਹੀਂ ਸੀ ਕਰ ਰਿਹਾ।
ਘਰ ਲਿਆ ਕੇ ਮੈਨੂੰ ਮੰਜੇ ’ਤੇ ਅਜੇ ਲਿਟਾਇਆ ਹੀ ਸੀ ਕਿ ਕੁਝ ਸਮਾਂ ਬਾਅਦ ਦਸ-ਬਾਰਾਂ ਔਰਤਾਂ ਰੋਂਦੀਆਂ ਹੋਈਆਂ ਸਾਡੇ ਘਰ ਮੇਰੇ ਮਾਤਾ ਜੀ ਕੋਲ ਪਹੁੰਚ ਗਈਆਂ। ਪਰ ਉਹ ਮੇਰੇ ਮਾਤਾ ਜੀ ਨੂੰ ਕੰਮ ਕਰਦੀ ਨੂੰ ਦੇਖ ਹੈਰਾਨ ਹੋ ਕੇ ਚੁੱਪ ਕਰ ਗਈਆਂ। ਮੇਰੇ ਮਾਤਾ ਜੀ ਨੇ ਉਹਨਾਂ ਔਰਤਾਂ ਨੂੰ ਮੇਰੇ ਬੇਹੋਸ਼ ਹੋਣ ਬਾਰੇ ਤੇ ਡਾਕਟਰੀ ਇਲਾਜ ਬਾਰੇ ਦੱਸਿਆ ਤਾਂ ਉਹਨਾਂ ਔਰਤਾਂ ਦੇ ਸਾਹ ਵਿੱਚ ਸਾਹ ਆਇਆ ਤੇ ਫਿਰ ਉਹ ਔਰਤਾਂ ਮੇਰੇ ਮਾਤਾ ਜੀ ਨੂੰ ਕਹਿਣ ਲੱਗੀਆਂ, “ਸੱਚੀਂ ਭੈਣੇ, ਅਸੀਂ ਤਾਂ ਡਰ ਹੀ ਗਈਆਂ ਸਾਂ ਕਿ ਚੰਗੇ-ਭਲੇ ਮੁੰਡੇ ਨਾਲ ਭਾਣਾ ਵਰਤ ਗਿਆ, ਸ਼ੁਕਰ ਹੈ ਰੱਬ ਦਾ ਕਿ ਸਭ ਠੀਕ ਹੈ ਤੇ ਅੱਗੇ ਵੀ ਠੀਕ ਹੀ ਹੋਵੇਗਾ।”
ਉਸ ਜਲੰਧਰ ਵਾਲੇ ਡਾਕਟਰ ਸਾਹਿਬ ਕੋਲ ਮੇਰਾ ਛੇ ਮਹੀਨੇ ਇਲਾਜ ਚੱਲਿਆ। ਅੱਜ ਮੈਂ ਬਿਲਕੁਲ ਤੰਦਰਸਤ ਆਪਣੇ ਪਰਿਵਾਰ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4517)
(ਸਰੋਕਾਰ ਨਾਲ ਸੰਪਰਕ ਲਈ: (