“ਇੱਕ ਦਿਨ ਮੈਂ ਮਾਮੇ ਨਾਲ ਲੜ ਕੇ ਬਚਦਾ ਕੱਪੜਾ ਚੁੱਕ ਲਿਆਇਆ। ਦਫਤਰ ਵਿੱਚ ਮੇਰੇ ਨਾਲ ...”
(1 ਮਈ 2023)
ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਉਸਦੇ ਪੇਕੇ ਪਾਕਿਸਤਾਨ ਦੇ ਜੰਡਿਆਲੇ ਸਨ। ਉਹਨਾਂ ਦਾ ਪਰਿਵਾਰ ਬਚਦਾ ਬਚਾਉਂਦਾ ਅੰਮ੍ਰਿਤਸਰ ਆ ਗਿਆ ਸੀ। ਉਹ ਘਰ ਤਾਂ ਭਰੇ ਭਰਾਏ ਛੱਡ ਆਏ ਸਨ ਪਰ ਗਹਿਣਾ ਗੱਟਾ ਅਤੇ ਚਾਂਦੀ ਦੇ ਰੁਪਏ ਆਪਣੇ ਲੱਕ ਨਾਲ ਬੰਨ੍ਹ ਲਿਆਉਣ ਵਿੱਚ ਸਫਲ ਹੋ ਗਏ ਸਨ। ਇੱਧਰ ਆ ਉਹਨਾਂ ਦੇ ਕਈ ਚਿਰ ਪੈਰ ਨਹੀਂ ਲੱਗੇ ਸਨ, ਬੱਸ ਵਕਤ ਨੂੰ ਧੱਕਾ ਦੇਣ ਵਾਲੀ ਗੱਲ ਸੀ। ਕਾਰੋਬਾਰ ਨਵੇਂ ਸਿਰਿਓਂ ਊੜੇ ਐੜੇ ਤੋਂ ਸ਼ੁਰੂ ਕੀਤਾ ਸੀ ਪਰ ਇਹ ਚੰਗਾ ਹੋਇਆ ਕਿ ਉਨ੍ਹਾਂ ਨੂੰ ਜੰਡਿਆਲੇ ਵਾਲੇ ਮਕਾਨ ਦੀ ਥਾਂ ਅੰਮ੍ਰਿਤਸਰ ਦੇ ਇਸਲਾਮਾਬਾਦ ਵਿੱਚ ਮਕਾਨ ਅਲਾਟ ਹੋ ਗਿਆ। ਉੱਥੋਂ ਦੇ ਮੁਕਾਬਲੇ ਭਾਵੇਂ ਇਹ ਮਕਾਨ ਛੋਟਾ ਸੀ, ਪਰ ਗੁਜ਼ਾਰੇ ਜੋਗਾ ਠੀਕ ਸੀ। ਪੰਜ ਕੁ ਮਰਲਿਆਂ ਦੇ ਮਕਾਨ ਵਿੱਚ ਪਿੱਛੇ ਦੋ ਕਮਰੇ, ਉਸ ਅੱਗੇ ਸੁਫਾ ਤੇ ਅੱਗੇ ਵਿਹੜਾ ਸੀ। ਇੱਕ ਪਾਸੇ ਰਸੋਈ ਅਤੇ ਉੱਤੇ ਮਿਆਨੀ ਸੀ, ਦੂਸਰੇ ਪਾਸੇ ਪੌੜੀਆਂ ਸਨ ਅਤੇ ਅੱਗੇ ਇੱਕ ਪਾਸੇ ਬੈਠਕ ਅਤੇ ਮੁੱਖ ਦਰਵਾਜ਼ਾ ਸੀ। ਜਦੋਂ ਅਸੀਂ ਭੈਣ ਭਰਾ ਛੋਟੇ ਸੀ ਤਾਂ ਵਧੀਆ ਸਰੀ ਜਾਂਦਾ ਸੀ ਪਰ ਬਾਅਦ ਵਿੱਚ ਇਹ ਮਕਾਨ ਛੋਟਾ ਪੈ। ਉਹ ਤਿੰਨ ਭੈਣਾਂ ਅਤੇ ਪੰਜ ਭਰਾ ਸਨ। ਸਾਰੇ ਉਸੇ ਮਕਾਨ ਵਿੱਚ ਹੀ ਰਹਿੰਦੇ ਸਨ। ਸਾਰੇ ਭੈਣ ਭਰਾਵਾਂ ਦੇ ਵਿਆਹ ਵੀ ਉੱਥੇ ਹੀ ਹੋਏ ਸਨ।
ਅਸੀਂ ਪਿੰਡ ਦੇ ਖੁੱਲ੍ਹੇ ਡੁੱਲ੍ਹੇ ਮਾਹੌਲ ਵਿੱਚ ਰਹਿਣ ਵਾਲੇ ਸੀ, ਜਦੋਂ ਅਸੀਂ ਨਾਨਕੇ ਜਾਂਦੇ ਤਾਂ ਸਾਡਾ ਉੱਥੇ ਦਮ ਘੁਟਦਾ। ਇੱਕੋ ਮਕਾਨ ਵਿੱਚ ਪੰਜ ਭਰਾ ਤੇ ਨਾਲ ਮਾਂ ਪਿਓ। ਅਸੀਂ ਬੱਧੇ ਰੁੱਧੇ ਜਿਹੇ ਉੱਥੇ ਦਿਹਾੜੀ-ਡੰਗ ਰਹਿੰਦੇ ਅਤੇ ਆਪਣੇ ਘਰ ਪਰਤਣ ਦੀ ਕਰਦੇ। ਚਲੋ ਸਮਾਂ ਪਾ ਕੇ ਤਿੰਨ ਮਾਮਿਆਂ ਨੇ ਆਪਣੇ ਹੋਰ ਥਾਂ ਪਲਾਂਟ ਲੈ ਕੇ ਮਕਾਨ ਬਣਾ ਲਏ ਜਦਕਿ ਦੋ ਮਾਮਿਆਂ ਦੇ ਪਰਿਵਾਰ ਅੱਜ ਵੀ ਉੱਥੇ ਹੀ ਰਹਿੰਦੇ ਹਨ। ਹੁਣ ਉਹਨਾਂ ਨੇ ਲੋੜ ਅਨੁਸਾਰ ਉੱਪਰ ਵੀ ਮੰਜ਼ਲਾਂ ਬਣਾ ਲਈਆਂ ਹਨ।
ਮੇਰੇ ਵਿਆਹ ਤੋਂ ਪਹਿਲਾਂ ਮੇਰੇ ਨਾਨਾ ਜੀ ਅਕਾਲ ਚਲਾਣਾ ਕਰ ਗਏ ਸਨ। ਮੇਰੇ ਨਾਨੇ ਦੀ ਇੱਕ ਦੁਕਾਨ ਪੁਤਲੀਘਰ ਚੌਕ ਵਿੱਚ ਸੀ, ਜਿੱਥੇ ਪਹਿਲਾਂ ਉਹ ਖੁਦ ਦੁਕਾਨ ਕਰਦੇ ਸਨ ਪਰ ਨਾਨੇ ਨੇ ਜਿਉਂਦੇ ਜੀਅ ਹੀ ਇਹ ਦੁਕਾਨ ਕਿਸੇ ਨੂੰ ਕਰਾਏ ’ਤੇ ਦੇ ਦਿੱਤੀ ਸੀ ਅਤੇ ਉਸ ਦਾ ਕਿਰਾਇਆ ਬਾਅਦ ਵਿੱਚ ਮੇਰੀ ਨਾਨੀ ਲੈਂਦੀ ਰਹੀ। ਇਹ ਗੱਲ 1982 ਦੀ ਹੈ ਜਦੋਂ ਮੇਰਾ ਵਿਆਹ ਹੋਇਆ। ਮੇਰੀ ਨਾਨੀ ਦੇ ਦਿਲ ਵਿੱਚ ਪਤਾ ਨਹੀਂ ਕੀ ਆਈ, ਉਸ ਨੇ ਦੁਕਾਨ ਵਾਲੇ ਤੋਂ ਸਾਲ ਭਰ ਦਾ ਕਿਰਾਇਆ ਇਕੱਠਾ ਲੈ ਲਿਆ ਅਤੇ ਸਾਨੂੰ ਮਾਂ-ਪੁੱਤ ਨੂੰ ਲੈ ਕੱਪੜੇ ਦੀ ਦੁਕਾਨ ’ਤੇ ਚਲੇ ਗਈ। ਮੈਂ ਜਿਸ ਪੈਂਟ ਕੋਟ ਲਈ ਜਿਹੜਾ ਕੱਪੜਾ ਪਸੰਦ ਕੀਤਾ, ਨਾਨੀ ਨੇ ਬਿਨਾਂ ਪੈਸਿਆਂ ਦੀ ਪ੍ਰਵਾਹ ਕੀਤਿਆਂ ਲੈ ਦਿੱਤਾ। ਮਾਂ ਨੂੰ ਵੀ ਸੂਟ ਉਸਦੀ ਮਨ ਮਰਜ਼ੀ ਦਾ ਲੈ ਕੇ ਦਿੱਤਾ। ਨਾਲ ਹੀ ਕੱਪੜੇ ਵਾਲ਼ਾ ਥੈਲਾ ਫੜਾਉਂਦਿਆਂ ਨਾਨੀ ਬੋਲੀ, “ਲੈ ਮੋਹਣ, ਮੈਂ ਤੈਨੂੰ ਤੇਰੀ ਮਰਜ਼ੀ ਦਾ ਪੈਂਟ ਕੋਟ ਲੈ ਦਿੱਤਾ, ਇਹ ਨਾ ਆਖੀਂ ਜੇ ਮੇਰਾ ਨਾਨਾ ਹੁੰਦਾ ... ।”
ਮੇਰੀ ਮਾਂ ਨੇ ਮੋੜਵਾਂ ਜਵਾਬ ਦਿੱਤਾ, “ਬੀਬੀ, ਤੂੰ ਕਿਤੇ ਘੱਟ ਕੀਤਾ?” ਨਾਨੀ ਕੁਝ ਪਲ ਚੁੱਪ ਰਹੀ ਤੇ ਫਿਰ ਬੋਲੀ, “ਮੋਹਨ, ਐਵੇਂ ਕਿਸੇ ਦਰਜ਼ੀ ਨੂੰ ਸਿਵਾਈ ਦੇ ਪੈਸੇ ਦੇਵੇਗਾ, ਆਪਣੇ ਮਾਮੇ ਨੂੰ ਕਹਿ ਸਿਓਂ ਵੀ ਦੇਵੇ।” ਫਿਰ ਨਾਨੀ ਮੇਰੀ ਮਾਂ ਨੂੰ ਮੁਖਾਤਿਬ ਹੋਈ. “ਜੀਤੋ, ਮੈਂ ਜਿੰਨੇ ਜੋਗੀ ਸੀ, ਕਰ ਦਿੱਤਾ। ਤੇਰੇ ਭਰਾਵਾਂ ਭਣੇਵੇਂ ਦੇ ਵਿਆਹ ’ਤੇ ਕੀ ਕਰਨਾ, ਉਹ ਜਾਨਣ।”
ਨਾਨੀ ਤੋਂ ਕੋਟ ਪੈਂਟ ਮਾਮੇ ਤੋਂ ਸਿਵਾਉਣ ਦੀ ਗੱਲ ਸੁਣਕੇ ਮੈਂ ਵੀ ਲਾਲਚ ਵਿੱਚ ਆ ਗਿਆ, ਕਿਸੇ ਨੂੰ ਪੈਸੇ ਜ਼ਰੂਰ ਦੇਣੇ ਆਂ। ਮੇਰੇ ਮਾਮਾ ਜੀ ਦੀ ਪੁਤਲੀਘਰ ਚੌਕ ਵਿੱਚ ਹੀ ਦਰਜ਼ੀ ਦੀ ਦੁਕਾਨ ਸੀ, ਜਿੱਥੇ ਹੁਣ ਵੀ ਉਹਨਾਂ ਦੇ ਬੇਟੇ ਦੀ ਦੁਕਾਨ ਹੈ। ਮਾਮਾ ਜੀ ਕਹਿਣ ਲੱਗੇ, “ਭਣੇਵਿਆਂ, ਤੈਨੂੰ ਕੱਪੜੇ ਲੈਣ ਆਉਣ ਦੀ ਲੋੜ ਨਹੀਂ, ਮੈਂ ਤੇਰਾ ਪੈਂਟ ਕੋਟ - ਥਰੀ ਇਨ ਵੰਨ – ਬਣਾ ਕੇ ਖੁਦ ਲੈ ਆਵਾਂਗਾ।”
ਵਿਆਹ ਵਾਲੇ ਦਿਨ ਮੈਂ ਨਹਾ ਧੋ ਕੇ ਬੈਠ ਗਿਆ। ਖਾਰਿਓਂ ਤਾ ਵੱਡੇ ਮਾਮੇ ਨੇ ਉਤਾਰ ਦਿੱਤਾ ਸੀ, ਉਹ ਤਾਂ ਰਾਤੀਂ ਹੀ ਆ ਗਏ ਸਨ ਪਰ ਸੂਟ ਲੈ ਕੇ ਆਉਣ ਵਾਲਾ ਮਾਮਾ ਨਾ ਆਇਆ। ਵੈਸੇ ਤਾਂ ਇੱਕ ਪੈਂਟ ਕੋਟ ਮੈਂ ਘਰ ਵੀ ਬਣਾਇਆ ਸੀ ਪਰ ਮੇਰੀ ਮਾਂ ਦੀ ਇੱਛਾ ਸੀ ਕਿ ਵਿਆਹ ਵਾਲੇ ਦਿਨ ਨਾਨੀ ਵੱਲੋਂ ਦਿੱਤਾ ਸੂਟ ਹੀ ਪਾਇਆ ਜਾਵੇ। ਗਿਆਰਾਂ ਵਜੇ ਮਾਮਾ ਜੀ ਸੂਟ ਲੈ ਕੇ ਆ ਗਏ। ਜਦੋਂ ਮੈਂ ਪਾਇਆ ਤਾਂ ਥੱਲੇ ਪਾਉਣ ਵਾਲੀ ਜੈਕਟ ਵੀ ਨਹੀਂ ਸੀ ਅਤੇ ਬਟਨ ਵੀ ਹੋਰ ਰੰਗ ਦੇ ਲੱਗੇ ਹੋਏ ਸਨ। ਮੈਂ ਪੁੱਛਿਆ, “ਮਾਮਾ ਜੀ ਇਹ ਕੀ?”
“ਭਣੇਵਿਆਂ ਕੰਮ ਦਾ ਬੜਾ ਜ਼ੋਰ ਹੈ, ਮੈਂ ਬੜੀ ਮੁਸ਼ਕਲ ਨਾਲ ਤਿਆਰ ਕਰਕੇ ਲੈ ਕੇ ਆਇਆਂ। ਹੁਣ ਪਾ ਲੈ, ਮੈਂ ਜੈਕਟ ਦੇ ਨਾਲ ਇਸੇ ਕੱਪੜੇ ਦੀ ਤੈਨੂੰ ਟਾਈ ਵੀ ਬਣਾਕੇ ਦੇਵਾਂਗਾ ਤੇ ਬਟਨ ਵੀ ਬਦਲਾਅ ਦੇਵਾਂਗਾ।”
ਵਿਆਹ ਵੀ ਹੋ ਗਿਆ। ਮੈਂ ਜਦੋਂ ਵੀ ਮਾਮਾ ਜੀ ਦੀ ਦੁਕਾਨ ’ਤੇ ਜਾਣਾ, ਜੈਕਟ ਤਿਆਰ ਨਾ ਹੋਈ ਹੋਣੀ। ਇਸੇ ਤਰ੍ਹਾਂ ਛੇ ਮਹੀਨੇ ਲੰਘ ਗਏ। ਇੱਕ ਦਿਨ ਮੈਂ ਮਾਮੇ ਨਾਲ ਲੜ ਕੇ ਬਚਦਾ ਕੱਪੜਾ ਚੁੱਕ ਲਿਆਇਆ। ਦਫਤਰ ਵਿੱਚ ਮੇਰੇ ਨਾਲ ਇੱਕ ਮੁਲਾਜ਼ਮ ਦਾ ਬਾਪ ਦਰਜ਼ੀ ਸੀ, ਉਸ ਨੇ ਕੱਪੜਾ ਲੈ ਲਿਆ। ਜੈਕਟ ਉਸਨੇ ਦੋਂਹ ਦਿਨਾਂ ਬਾਅਦ ਹੀ ਤਿਆਰ ਕਰਕੇ ਦੇ ਦਿੱਤੀ ਪਰ ਮੈਂ ਪੈਂਟ ਕੋਟ ਤਾਂ ਛੇ ਮਹੀਨੇ ਹੰਢਾ ਚੁੱਕਾ ਸੀ। ਜੈਕਟ ਪੈਂਟ ਕੋਟ ਨਾਲ ਰਲੇ ਨਾ। ਉਹ ਜੈਕਟ ਮੇਰੀ ਵਿਅਰਥ ਹੀ ਗਈ ਪਰ ਇਹ ਘਟਨਾ ਮੇਰੇ ਵਿਆਹ ਦੀ ਨਾ ਭੁੱਲਣ ਵਾਲੀ ਯਾਦਗਾਰ ਬਣ ਗਈ, ਜੋ ਮੇਰੇ ਚੇਤਿਆਂ ਵਿੱਚੋਂ ਨਿਕਲ ਨਹੀਂ ਰਹੀ।
ਮੇਰੇ ਇਸ ਮਾਮੇ ਦਾ ਨਾਂ ਕਰਤਾਰ ਸਿੰਘ ਅਜ਼ਾਦ ਸੀ। ਇਹ ਕੱਦ ਦਾ ਥੋੜ੍ਹਾ ਮਧਰਾ ਸੀ ਪਰ ਸੋਹਣਾ ਸੁਨੱਖਾ ਬਹੁਤ ਸੀ ਅਤੇ ਸਲਵਾਰ ਕਮੀਜ਼ ਪਾਉਂਦਾ ਹੁੰਦਾ ਸੀ। ਉਦੋਂ ਵਿਆਹ ਤੋਂ ਪਹਿਲਾਂ ਕਿਹੜੀ ਕੁੜੀ ਵੇਖੀ ਜਾਂਦੀ ਸੀ, ਮਾਮੀ ਸਾਡੀ ਪੱਕੇ ਰੰਗ ਦੀ ਸੀ। ਉਹਦੇ ਪੇਕੇ ਬਾਰਡਰ ’ਤੇ ਚੀਮੇ ਪਿੰਡ ਸਨ। ਉਹਨੀਂ ਦਿਨੀਂ ਬੀੜ ਸਾਹਿਬ ਤੋਂ ਛੇਹਰਟਾ ਨੂੰ ਆਉਂਦਿਆਂ ਪਿੰਡ ਮੀਆਂਪੁਰ ਸੜਕ ’ਤੇ ਪੁਲ ਬਣ ਰਿਹਾ ਸੀ। ਨਿੱਕਾ ਨਿੱਕਾ ਮੀਂਹ ਪੈਣ ਕਰਕੇ ਪੁਲ ਤੇ ਚਿਕੜੀ ਜਿਹੀ ਸੀ। ਇਹ ਜੋੜੀ ਚੀਮੇ ਤੋਂ ਆ ਰਹੀ ਸੀ। ਮਾਮੇ ਨੇ ਪੁਲ ’ਤੇ ਆ ਸਕੂਟਰ ਹੌਲੀ ਕਰ ਲਿਆ। ਮਾਮੀ ਨੇ ਸੋਚਿਆ, ਸਕੂਟਰ ਤਿਲਕ ਨਾ ਜਾਵੇ ਅਤੇ ਅਸੀਂ ਡਿਗ ਨਾ ਪਈਏ. ਉਹ ਸਕੂਟਰ ਹੌਲ਼ੀ ਹੋਣ ਕਾਰਨ ਸਕੂਟਰ ਤੋਂ ਉੱਤਰ ਗਈ, ਮਾਮੇ ਨੂੰ ਪਤਾ ਹੀ ਨਾ ਲੱਗਾ। ਮਾਮਾ ਮਾਮੀ ਨੂੰ ਛੱਡ ਸਕੂਟਰ ਲੈ ਗਿਆ। ਮਾਮੀ ਵਿਚਾਰੀ ਬਥੇਰੀਆਂ ਅਵਾਜ਼ਾਂ ਮਾਰੇ ਪਰ ਮਾਮਾ ਕਿੱਥੇ ਸੁਣੇ। ਅਗਲੇ ਪਾਸਿਓਂ ਆਉਂਦੇ ਸਾਈਕਲ ਵਾਲੇ ਨੇ ਇਹ ਦ੍ਰਿਸ਼ ਵੇਖ ਲਿਆ ਸੀ। ਉਹਨੇ ਮਾਮੇ ਨੂੰ ਖੜ੍ਹਨ ਦਾ ਇਸ਼ਾਰਾ ਕੀਤਾ ਤੇ ਪੁੱਛਿਆ, “ਭਾਊ, ਤੇਰੀ ਜਨਾਨੀ ਕਿੱਥੇ ਆ?”
ਮਾਮੇ ਨੇ ਪਿੱਛੇ ਭੌਂ ਕੇ ਵੇਖਿਆ, ਮਾਮੀ ਅੱਧਾ ਕਿਲੋਮੀਟਰ ਪਿੱਛੇ ਪੁਲ ’ਤੇ ਰਹਿ ਗਈ ਸੀ। ਜਦੋਂ ਮਾਮਾ ਤੇ ਮਾਮੀ ਸਾਡੇ ਘਰ ਆਏ ਤਾਂ ਭਾਬੀ ਨੇ ਨਣਾਨ ਨੂੰ ਉਲ੍ਹਾਮਾ ਦਿੱਤਾ, “ਭੈਣ ਜੀ, ਅੱਜ ਵੀਰ ਤੇਰੇ ਨੇ ਇਹ ਕੜ੍ਹੀ ਘੋਲ਼ੀ ਆ।”
“ਭਾਬੀ, ਇਹਨੇ ਜਾਣ ਕੇ ਕੀਤਾ ਲੱਗਦਾ। ਫਿਰ ਕੀ ਜੇ ਤੇਰਾ ਰੰਗ ਪੱਕਾ ਤਾਂ।” ਨਣਾਨ ਨੇ ਵੀ ਭਾਬੀ ਨੂੰ ਛੇੜਿਆ
“ਭੈਣ ਜੀ, ਜੇ ਸਾਈਕਲ ਵਾਲਾ ਭਾਊ ਨਾ ਦੱਸਦਾ ਤਾਂ ਇਹਨਾਂ ਨੇ ਪੱਕੇ ਰੰਗ ਵਾਲੀ ਵੀ ਗਵਾ ਬੈਣੀ ਸੀ।”
“ਵੇਖੀਂ, ਹੁਣ ਇਹ ਗੱਲ ਹੋਰ ਕਿਸੇ ਨੂੰ ਨਾ ਦੱਸੀਂ।” ਮਾਮਾ ਵੀ ਨਿੱਕਾ ਨਿੱਕਾ ਹੱਸ ਰਿਹਾ ਸੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3945)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)