“ਇਹ ਅਕਸਰ ਹੀ ਵੇਖਿਆ ਗਿਆ ਹੈ ਕਿ ਭਾਰਤ ਤਾਂ ਚੀਨ ਤੋਂ ਸਿਰਫ ਇੰਨਾ ਹੀ ਚਾਹੁੰਦਾ ਹੈ ਕਿ ...”
(ਜੂਨ 24, 2016)
ਭਾਰਤ ਅਤੇ ਚੀਨ ਦੇ ਮੱਤਭੇਦਾਂ ਬਾਰੇ ਜੇਕਰ ਕੋਈ ਟਿੱਪਣੀ ਕਰਨੀ ਹੋਵੇ ਤਾਂ ਇਹ ਕਹਿਣਾ ਕਾਫੀ ਸਾਰਥਕ ਹੋਵੇਗਾ ਕਿ ‘ਇੱਕ ਹੀ ਜੰਗਲ ਵਿੱਚ ਦੋ ਸ਼ੇਰਾਂ ਦਾ ਰਹਿਣਾ ਖਤਰਨਾਕ ਹੀ ਹੁੰਦਾ ਹੈ।’ ਭਾਵੇਂ ਕਿ ਇਹ ਵੀ ਸੱਚ ਹੈ ਕਿ ਅੰਤਰਰਾਸ਼ਟਰੀ ਕੂਟਨੀਤੀ ਵਿੱਚ, ਸ਼ੇਰ ਬਣ ਕੇ ਰਹਿਣਾ ਬਹੁਤਾ ਕਰਕੇ ਮਹਿੰਗਾ ਹੀ ਪੈਂਦਾ ਹੈ ਕਿਉਂਕਿ ਸ਼ੇਰ ਅਕਸਰ ਹੀ ਦੋਸਤ-ਰਹਿਤ ਹੋ ਜਾਂਦੇ ਹਨ। ਇਸ ਖੇਤਰ ਵਿੱਚ ਤਾਂ ਸ਼ੇਰ ਅਤੇ ਲੂੰਬੜੀ ਵਾਲੇ ਦੋਵੇਂ ਹੀ ਕਿਰਦਾਰ ਨਿਭਾਉਣੇ ਪੈਂਦੇ ਹਨ। ਇੱਥੇ ਰਣਨੀਤੀ ਅਤੇ ਕੂਟਨੀਤੀ ਬਰਾਬਰ ਚੱਲਦੀਆਂ ਹੋਈਆਂ ਹੀ ਕਾਮਯਾਬ ਹੁੰਦੀਆਂ ਹਨ। ਇਸੇ ਲਈ ਸਾਨੂੰ ਚੀਨ ਨਾਲ ਦੋ ਮੁਹਾਜ਼ਾਂ ਉੱਤੇ ਲੜਾਈ ਲੜਨੀ ਪੈ ਰਹੀ ਹੈ। ਇੱਕ ਮੁਹਾਜ਼ ਰਣਨੀਤਕ ਹੈ ਅਤੇ ਦੂਸਰਾ ਆਰਥਿਕ। ਪਹਿਲੇ ਮੁਹਾਜ਼ ਉੱਤੇ ਵਿਰੋਧ ਹੈ ਪਰ ਦੂਸਰੇ ਉੱਤੇ ਸਹਿਯੋਗ ਨਜ਼ਰ ਆਉਂਦਾ ਹੈ। ਭਾਵੇਂ ਕਿ ਚੀਨ ਦੀ ਨੀਤੀ ਇਹ ਹੈ ਕਿ ਦੋਵਾਂ ਹੀ ਮੋਰਚਿਆਂ ਉੱਤੇ ਭਾਰਤ ਨੂੰ ਦਬਾ ਕੇ ਰੱਖਿਆ ਜਾਵੇ। ਇਸ ਕੋਸ਼ਿਸ਼ ਤਹਿਤ ਉਸਨੇ ਹਮੇਸ਼ਾ ਹੀ ਪਾਕਿਸਤਾਨ ਦਾ ਪੱਖ ਪੂਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਉਸਨੇ ਪਰਮਾਣੂ ਸਪਲਾਈਕਰਤਾ ਦੇਸ਼ਾਂ ਦੇ ਗਰੁੱਪ (ਐਨ.ਐਸ.ਜੀ.) ਵਿੱਚ ਭਾਰਤ ਦੇ ਦਾਖਲੇ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਹੈ ਕਿ ਜੇਕਰ ਭਾਰਤ ਨੂੰ ਇਸ ਵਿੱਚ ਸ਼ਾਮਲ ਕਰਨਾ ਹੈ ਤਾਂ ਪਹਿਲਾਂ ਪਾਕਿਸਤਾਨ ਨੂੰ ਵੀ ਸ਼ਾਮਿਲ ਕੀਤਾ ਜਾਵੇ। ਉਸਦਾ ਕਹਿਣਾ ਹੈ ਕਿ ਇਕੱਲੇ ਭਾਰਤ ਨੂੰ ਸ਼ਾਮਲ ਕਰਨਾ ਪਾਕਿਸਤਾਨ ਦੀ ਦੁਖਦੀ ਰਗ ਉੱਤੇ ਹੱਥ ਰੱਖਣ ਵਾਂਗ ਹੈ।
ਅਸਲੀਅਤ ਇਹ ਹੈ ਕਿ ਪਰਮਾਣੂ ਹਥਿਆਰਾਂ ਦੀ ਸੁਰੱਖਿਆ, ਜ਼ਿੰਮੇਵਾਰੀ ਅਤੇ ਜਵਾਬਦੇਹੀ ਦੇ ਮਾਮਲੇ ਵਿੱਚ ਭਾਰਤ ਅਤੇ ਪਾਕਿਸਤਾਨ ਦਾ ਕੋਈ ਮੁਕਾਬਲਾ ਬਣਦਾ ਹੀ ਨਹੀਂ ਪਰ ਚੀਨ ਧੱਕੇ ਨਾਲ ਹੀ ਦੋਹਾਂ ਨੂੰ ਬਰਾਬਰ ਤੋਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰਮਾਣੂ ਸਪਲਾਈਕਰਤਾ ਸਮੂਹ ਦੇ ਬਹੁਤੇ ਮੈਂਬਰ ਦੇਸ਼ ਭਾਰਤ ਦੇ ਦਾਖਲੇ ਦੇ ਹੱਕ ਵਿੱਚ ਹਨ ਪਰ ਚੀਨ ਅਤੇ ਤੁਰਕੀ ਦੋਹਾਂ ਨੇ ਹੀ ਭਾਰਤ ਖਿਲਾਫ਼ ਬਹੁਤਾ ਝੰਡਾ ਚੁੱਕਿਆ ਹੋਇਆ ਹੈ ਅਤੇ ਇਹ ਦੋਵੇਂ ਹੀ ਪਾਕਿਸਤਾਨ ਦੇ ਪੱਕੇ ਹਮਾਇਤੀ ਹਨ। ਬਹਾਨਾ ਤਾਂ ਭਾਵੇਂ ਇਹ ਹੈ ਕਿ ਭਾਰਤ ਨੇ ਪਰਮਾਣੂ ਅਪ੍ਰਸਾਰ ਸੰਧੀ ਉੱਤੇ ਦਸਤਖਤ ਕਿਉਂ ਨਹੀਂ ਕੀਤੇ ਹੋਏ ਪਰ ਅਸਲ ਕਾਰਨ ਪਾਕਿਸਤਾਨ ਪ੍ਰਤੀ ਇਹਨਾਂ ਦਾ ਝੁਕਾ ਹੀ ਹੈ। ਇਸ ਤੋਂ ਪਹਿਲਾਂ ਚੀਨ ਨੇ ਸੰਯੁਕਤ ਰਾਸ਼ਟਰ ਵਿੱਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਮਸੂਦ ਅਜ਼ਹਰ ਦੇ ਹੱਕ ਵਿੱਚ ਵੀ ਸਟੈਂਡ ਲਿਆ ਸੀ।
ਚੀਨ ਦੀਆਂ ਅਜਿਹੀਆਂ ਨੀਤੀਆਂ ਕਾਰਨ ਭਾਰਤ ਨਾਲ ਉਸਦੀ ਹਰ ਵੇਲੇ ਠੰਢੀ ਜੰਗ ਚੱਲਦੀ ਰਹਿੰਦੀ ਹੈ। ਕਹਿਣ ਨੂੰ ਤਾਂ ਭਾਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਪਹਿਲੇ ਚੀਨ ਦੌਰੇ ਵੇਲੇ ਕਹਿ ਦਿੱਤਾ ਸੀ ਕਿ ਭਾਰਤ ਅਤੇ ਚੀਨ ਵਿੱਚ ਪਿਛਲੇ 50 ਸਾਲਾਂ ਤੋਂ ਕਦੇ ਇੱਕ ਵੀ ਗੋਲੀ ਨਹੀਂ ਚੱਲੀ। ਪਰ ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਜ਼ਮੀਨੀ ਰੂਪ ਵਿੱਚ ਭਾਵੇਂ ਗੋਲੀਆਂ ਨਾ ਚੱਲੀਆਂ ਹੋਣ, ਮਨਾਂ ਅੰਦਰਲੀ ਗੋਲੀਬਾਰੀ ਤਾਂ ਕਦੇ ਵੀ ਨਹੀਂ ਰੁਕੀ। ਬਥੇਰੀ ਵਾਰੀ ਭਾਰਤ ਦੇ ਵੱਡੇ ਆਗੂਆਂ ਨੇ ਬਿਆਨ ਦਿੱਤੇ ਕਿ ਸਾਡਾ ਦੁਸ਼ਮਣ ਨੰਬਰ ਇੱਕ ਚੀਨ ਹੀ ਹੈ। ਕਦੇ-ਕਦੇ ਵਕਤੀ ਤੌਰ ਤੇ ਰਾਜਨੀਤਕ ਰਿਸ਼ਤਿਆਂ ਵਿੱਚ ਸਦਭਾਵਨਾ ਨਜ਼ਰ ਆਉਂਦੀ ਹੈ ਪਰ ਅੰਦਰੂਨੀ ਰਿਸ਼ਤੇ ਅਜੇ ਵੀ ਰੇਤ ਦੀ ਦੀਵਾਰ ਉੱਤੇ ਹੀ ਉੱਸਰੇ ਹੋਏ ਹਨ। ਕਈ ਵਾਰੀ ਚੀਨ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ ਕਿ ਦੱਖਣ ਚੀਨ ਸਾਗਰ ਵਿੱਚ ਕੋਈ ਵੀ ਖੋਜ ਕਾਰਜ ਕਰਨ ਤੋਂ ਪਹਿਲਾਂ ਉਸ ਤੋਂ ਮਨਜ਼ੂਰੀ ਲਈ ਜਾਵੇ। ਚੀਨ ਨੂੰ ਤਕਲੀਫ਼ ਹੈ ਕਿ ਭਾਰਤ ਵੀਅਤਨਾਮ ਨਾਲ ਮਿਲ ਕੇ ਉੱਥੇ ਤੇਲ ਦੀ ਖੋਜ ਕਿਉਂ ਕਰ ਰਿਹਾ ਹੈ, ਕਿਉਂਕਿ ਉਹ ਇਲਾਕਾ ਚੀਨ ਦੇ ਅਧਿਕਾਰ ਖੇਤਰ ਵਿੱਚ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਦੱਖਣ ਚੀਨ ਸਾਗਰ ਦੇ 80 ਫੀਸਦੀ ਹਿੱਸੇ ਉੱਤੇ ਚੀਨ ਧੱਕੇ ਨਾਲ ਹੀ ਆਪਣਾ ਦਾਅਵਾ ਠੋਕ ਰਿਹਾ ਹੈ ਜਦੋਂ ਕਿ ਵੀਅਤਨਾਮ ਸਮੇਤ ਹੋਰ ਬਹੁਤ ਸਾਰੇ ਦੇਸ਼ ਇਸ ਦਾਅਵੇ ਨੂੰ ਸਖਤੀ ਨਾਲ ਖਾਰਜ ਕਰਦੇ ਹਨ।
ਇਹ ਅਕਸਰ ਹੀ ਵੇਖਿਆ ਗਿਆ ਹੈ ਕਿ ਭਾਰਤ ਤਾਂ ਚੀਨ ਤੋਂ ਸਿਰਫ ਇੰਨਾ ਹੀ ਚਾਹੁੰਦਾ ਹੈ ਕਿ ਚੀਨ ਸਰਹੱਦੀ ਝਗੜਿਆਂ ਨੂੰ ਛੱਡ ਕੇ ਸਥਿਤੀ ਨੂੰ ਜਿਉਂ ਦੀ ਤਿਉਂ ਮਨਜ਼ੂਰ ਕਰ ਲਵੇ ਅਤੇ ਮੈਕਮੋਹਨ ਲਾਈਨ ਨੂੰ ਅੰਤਰਰਾਸ਼ਟਰੀ ਬਾਰਡਰ ਮੰਨ ਲਵੇ। ਭਾਰਤ ਦਾ ਸਾਫ਼ ਕਹਿਣਾ ਹੈ ਕਿ ਜਦੋਂ ਅਸੀਂ ਤਿੱਬਤ ਜਾਂ ਤਾਈਵਾਨ ਦੀ ਗੱਲ ਨਹੀਂ ਕਰਦੇ ਤਾਂ ਤੁਸੀਂ ਅਰੁਣਾਚਲ ਜਾਂ ਲੱਦਾਖ ਦੀ ਗੱਲ ਕਿਉਂ ਕਰਦੇ ਹੋ। ਜੇਕਰ ਭਾਰਤ ‘ਅਖੰਡ ਚੀਨ’ ਦੀ ਨੀਤੀ ਉੱਤੇ ਪਹਿਰਾ ਦੇ ਰਿਹਾ ਹੈ ਤਾਂ ਚੀਨ ਨੂੰ ਵੀ ‘ਅਖੰਡ ਭਾਰਤ’ ਦੀ ਨੀਤੀ ਉੱਤੇ ਖੜ੍ਹਨਾ ਚਾਹੀਦਾ ਹੈ। ਪਰ ਚੀਨ ਵੱਲੋਂ ਅਰੁਣਾਚਲ ਅਤੇ ਕਸ਼ਮੀਰ ਦੇ ਨਿਵਾਸੀਆਂ ਨੂੰ ਸਮੇਂ-ਸਮੇਂ ਸਟੈਪਲ ਵੀਜ਼ਾ (ਨੱਥੀ ਵੀਜ਼ਾ) ਦੇਣ ਦਾ ਸਾਫ਼ ਮਤਲਬ ਇਹ ਹੈ ਕਿ ਉਹ ਇਹਨਾਂ ਨੂੰ ਭਾਰਤ ਦਾ ਅੰਗ ਨਾ ਮੰਨ ਕੇ ਝਗੜੇ ਵਾਲੇ ਇਲਾਕਾ ਮੰਨਦਾ ਹੈ। ਸਟੈਪਲ ਵੀਜ਼ਾ ਦਾ ਅਰਥ ਹੈ ਕਿ ਕਿਸੇ ਇਲਾਕੇ ਦੇ ਲੋਕਾਂ ਨੂੰ ਪਾਸਪੋਰਟ ਉੱਤੇ ਮੋਹਰ ਲਾ ਕੇ ਵੀਜ਼ਾ ਨਾ ਦੇਣਾ ਅਤੇ ਇਸ ਦੇ ਉਲਟ ਇੱਕ ਵੱਖਰੇ ਕਾਗਜ਼ ਉੱਤੇ ਮੋਹਰ ਲਾ ਕੇ ਉਸ ਨੂੰ ਪਾਸਪੋਰਟ ਨਾਲ ਨੱਥੀ (ਸਟੈਪਲ) ਕਰ ਦੇਣਾ। ਦਸੰਬਰ 2010 ਵੇਲੇ ਚੀਨੀ ਪ੍ਰਧਾਨ ਮੰਤਰੀ ਵੇਨ ਜਿਆਬਾਉ ਨੇ ਆਪਣੀ ਭਾਰਤ ਯਾਤਰਾ ਵੇਲੇ ਵੀ ਕਸ਼ਮੀਰ ਨੂੰ ਭਾਰਤ ਦਾ ਅਟੁੱਟ ਅੰਗ ਕਹਿਣ ਤੋਂ ਨਾਂਹ ਕਰ ਦਿੱਤੀ ਸੀ।
ਇਸ ਤੋਂ ਪਤਾ ਲਗਦਾ ਹੈ ਕਿ ਚੀਨ ਦੀਆਂ ਅੰਦਰੂਨੀ ਨੀਤੀਆਂ ਕੁਝ ਹੋਰ ਹੀ ਹਨ। ਉਹ ਹਮੇਸ਼ਾ ਹੀ ਭਾਰਤ ਨੂੰ ਘੇਰਨ ਦੀ ਨੀਤੀ ਅਪਣਾਉਂਦਾ ਰਿਹਾ ਹੈ, ਜਿਸ ਨੂੰ ਅੰਤਰਰਾਸ਼ਟਰੀ ਰਾਜਨੀਤੀ ਵਿੱਚ ‘ਸਟਰਿੰਗ ਆਫ਼ ਪਰਲਜ਼’ ਦੀ ਨੀਤੀ ਨਾਲ ਜਾਣਿਆ ਜਾਂਦਾ ਹੈ। ਇਸ ਨੀਤੀ ਤਹਿਤ ਉਹ ਪਾਕਿਸਤਾਨ ਨੂੰ ਵੀ ਆਪਣਾ ਮੋਹਰਾ ਹੀ ਬਣਾ ਕੇ ਵਰਤ ਰਿਹਾ ਹੈ। ਆਪਣੇ ਉੱਤਰ-ਪੱਛਮੀ ਸੂਬੇ ਸ਼ਿਨਕਿਆਂਗ ਵਿੱਚ ਖੁਦ ਵੀ ਅੱਤਵਾਦ ਤੋਂ ਪੀੜਤ ਹੋਣ ਦੇ ਬਾਵਜੂਦ ਉਹ ਪਾਕਿਸਤਾਨ ਸਮਰਥਤ ਅੱਤਵਾਦ ਦਾ ਵਿਰੋਧ ਨਹੀਂ ਕਰਦਾ ਭਾਵੇਂ ਕਿ ਸ਼ਿਨਕਿਆਂਗ ਦੇ ਉਈਗਰ ਮੁਸਲਮਾਨਾਂ ਦੇ ਵੱਖਵਾਦ ਦੀਆਂ ਤਾਰਾਂ, ਕਿਤੇ ਨਾ ਕਿਤੇ ਪਾਕਿਸਤਾਨ ਨਾਲ ਵੀ ਜੁੜਦੀਆਂ ਹਨ। ਉਹ ਨੇਪਾਲ, ਭੂਟਾਨ, ਮਿਆਂਮਾਰ, ਬੰਗਲਾ ਦੇਸ਼, ਸ੍ਰੀ ਲੰਕਾ ਅਤੇ ਮਾਲਦੀਵ ਵਿੱਚ ਵੀ ਭਾਰਤ ਦੇ ਪ੍ਰਭਾਵ ਨੂੰ ਖਤਮ ਕਰਨਾ ਚਾਹੁੰਦਾ ਹੈ। ਅਸਲ ਵਿੱਚ ਉਹ ਦੱਖਣੀ ਏਸ਼ੀਆ ਵਿੱਚ ਆਪਣੇ ਪੱਕੇ ਪੈਰ ਜਮਾ ਕੇ ਭਾਰਤ ਨੂੰ ਨਿਹੱਥਾ ਕਰਨ ਦੇ ਚੱਕਰ ਵਿੱਚ ਹੈ। ਇਸ ਤੋਂ ਅੱਗੇ ਜਾ ਕੇ ਉਹ ਸੁਪਰ ਪਾਵਰ ਬਣਨ ਦੇ ਚੱਕਰ ਵਿੱਚ ਭਾਰਤ, ਜਾਪਾਨ ਅਤੇ ਵੀਅਤਨਾਮ ਵਿੱਚ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਦੇ ਸਖਤ ਖਿਲਾਫ਼ ਹੈ। ਸਿੱਧੇ ਸ਼ਬਦਾਂ ਵਿੱਚ ਇਹ ਕਹਿ ਸਕਦੇ ਹਾਂ ਕਿ ਚੀਨ, ਭਾਰਤ ਦੇ ਉਲਟ, ਸਥਿਤੀ ਨੂੰ ਜਿਉਂ ਦੀ ਤਿਉਂ ਨਹੀਂ ਰੱਖਣਾ ਚਾਹੁੰਦਾ ਬਲਕਿ ਉਸ ਵਿੱਚ ਆਪਣੀ ਮਰਜ਼ੀ ਦੇ ਬਦਲਾਵ ਕਰਨੇ ਚਾਹੁੰਦਾ ਹੈ। ਇਸੇ ਨੀਤੀ ਤਹਿਤ ਅੰਤਰਰਾਸ਼ਟਰੀ ਮੰਚਾਂ ਉੱਤੇ ਉਸਦੀ ਵੋਟ ਆਮ ਕਰਕੇ ਭਾਰਤ ਦੇ ਉਲਟ ਹੀ ਭੁਗਤਦੀ ਰਹੀ ਹੈ।
ਇਸ ਹਾਲਤ ਵਿੱਚ ਭਾਰਤ ਨੂੰ ਬਹੁਤ ਹੀ ਸੋਚ ਸਮਝ ਕੇ ਅਤੇ ਪੂਰਾ ਸੰਜਮ ਰੱਖ ਕੇ ਹੀ ਅੱਗੇ ਵਧਣਾ ਚਾਹੀਦਾ ਹੈ। ਭਾਵੇਂ ਕਿ ਸਾਨੂੰ ਇਸ ਗੱਲ ਦਾ ਪੂਰਾ ਇਲਮ ਹੈ ਕਿ ਦੋਸਤ ਤਾਂ ਬਦਲੇ ਜਾ ਸਕਦੇ ਹਨ ਪਰ ਗੁਆਂਢੀ ਨਹੀਂ ਬਦਲੇ ਜਾ ਸਕਦੇ ਪਰ ਫਿਰ ਵੀ ਚੀਨ ਨਾਲ ਸਾਨੂੰ ਆਰਥਿਕ ਸੰਬੰਧਾਂ ਤੋਂ ਅੱਗੇ ਵਧ ਕੇ ਸੋਚਣਾ ਕੁਝ ਔਖਾ ਹੀ ਲਗਦਾ ਹੈ। ਇਸ ਲਈ ਸਾਨੂੰ ਪ੍ਰਸ਼ਾਂਤ ਖੇਤਰ ਵਿੱਚ ਜਾਪਾਨ ਅੱਜ ਇੱਕ ਚੰਗਾ ਸਾਥੀ ਨਜ਼ਰ ਆਉਂਦਾ ਹੈ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕਾਉਂਸਲ ਵਿੱਚ ਵੀ ਜਾਪਾਨ ਸਾਡੇ ਨਾਲ ਖੜ੍ਹਾ ਹੈ ਪਰ ਚੀਨ ਵਿਰੋਧ ਵਿੱਚ ਖੜ੍ਹਾ ਹੈ। ਨਾਲੇ ਵੇਖਿਆ ਜਾਵੇ ਤਾਂ ਜਾਪਾਨ ਨਾਲ ਸਾਡਾ ਜ਼ਮੀਨੀ ਜਾਂ ਸਮੁੰਦਰੀ ਸਰਹੱਦ ਦਾ ਕੋਈ ਵੀ ਝਗੜਾ ਨਹੀਂ ਹੈ। ਪਰ ਚੀਨ ਦੇ ਤਾਂ ਭਾਰਤ ਅਤੇ ਜਾਪਾਨ ਦੋਹਾਂ ਨਾਲ ਹੀ ਸਰਹੱਦੀ ਝਗੜੇ ਹਨ। ਇਹ ਹੀ ਨਹੀਂ, ਉਸਦੇ ਤਾਂ ਦੱਖਣੀ ਕੋਰੀਆ, ਫਿਲੀਪਾਇਨਜ਼, ਵੀਅਤਨਾਮ, ਮਲੇਸ਼ੀਆ, ਇੰਡੋਨੇਸ਼ੀਆ ਅਤੇ ਬਰੂਨੇਈ ਤੱਕ ਨਾਲ ਵੀ ਸਰਹੱਦੀ ਝਗੜੇ ਹਨ। ਦੱਖਣੀ ਚੀਨ ਸਾਗਰ ਇਹਨਾਂ ਝਗੜਿਆਂ ਦਾ ਗੜ੍ਹ ਹੈ। ਇਸ ਲਈ ਭਾਰਤ ਨੂੰ ਦੱਖਣ-ਪੂਰਬੀ ਏਸ਼ੀਆ ਦੇ ਆਸੀਆਨ ਦੇਸ਼ਾਂ ਤੋਂ ਇਲਾਵਾ ਜਾਪਾਨ ਅਤੇ ਦੱਖਣੀ ਕੋਰੀਆ ਨਾਲ ਵੀ ਆਪਣੇ ਸੰਬੰਧਾਂ ਉੱਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਆਪਣਾ ਵਪਾਰ ਵੀ ਇਹਨਾਂ ਦੇਸ਼ਾਂ ਨਾਲ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ।
ਇਸੇ ਤਰ੍ਹਾਂ ਸਾਨੂੰ ਬੰਗਲਾਦੇਸ਼ ਅਤੇ ਮਿਆਂਮਾਰ ਦੇ ਸੜਕੀ ਅਤੇ ਰੇਲਵੇ ਰਸਤੇ ਰਾਹੀਂ ਥਾਈਲੈਂਡ ਤੱਕ ਪਹੁੰਚ ਬਣਾਉਣੀ ਚਾਹੀਦੀ ਹੈ। ਪੂਰੇ ਦੱਖਣੀ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਸਾਨੂੰ ਇੱਕ ਪ੍ਰਪੱਕ ਦੇਸ਼ ਵਜੋਂ ਵਿਚਰਨਾ ਚਾਹੀਦਾ ਹੈ। ਸਾਨੂੰ ਆਪਣੀ ‘ਪੂਰਬ ਵੱਲ ਵੇਖੋ’ ਨੀਤੀ (ਲੁੱਕ ਈਸਟ ਪਾਲਿਸੀ) ਉੱਤੇ ਹੋਰ ਜ਼ੋਰ ਦੇਣ ਦੀ ਲੋੜ ਹੈ। ਆਲੇ ਦੁਆਲੇ ਦੇ ਜਿੰਨੇ ਵੀ ਮੁਲਕ ਚੀਨ ਦੀਆਂ ਲੁਕਵੀਆਂ ਸਾਮਰਾਜੀ ਨੀਤੀਆਂ ਤੋਂ ਤੰਗ ਹਨ,ਉਹਨਾਂ ਸਭਨਾਂ ਨਾਲ ਨੇੜਲੇ ਰਿਸ਼ਤੇ ਬਣਾ ਕੇ ਉਹਨਾਂ ਨੂੰ ਆਪਣੇ ਸਾਥੀ ਬਣਾਇਆ ਜਾਵੇ। ਸਾਨੂੰ ਆਪਣੀ ‘ਸਾਫਟ ਪਾਵਰ ਡਿਪਲੋਮੇਸੀ’ ਉੱਤੇ ਵੱਧ ਤੋਂ ਵੱਧ ਕੰਮ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਦੁਨੀਆਂ ਵਿੱਚ ਆਪਣੇ ਵੱਧ ਤੋਂ ਵੱਧ ਸਾਥੀ ਬਣਾ ਸਕੀਏ। ਦੁਸ਼ਮਣ ਉਦੋਂ ਹੀ ਤਾਕਤਵਰ ਹੁੰਦਾ ਹੈ, ਜਦੋਂ ਅਸੀਂ ਕਮਜ਼ੋਰ ਹੁੰਦੇ ਹਾਂ। ਉਂਜ ਵੀ ਚੀਨ ਨੂੰ ਅਸੀਂ ਆਪਣਾ ਦੁਸ਼ਮਣ ਤਾਂ ਭਾਵੇਂ ਨਾ ਮੰਨੀਏ ਪਰ ਉਹ ਸਾਡਾ ਸ਼ਰੀਕ ਜਰੂਰ ਹੈ।
*****
(329)
ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)