“ਧਾਰਮਿਕ, ਸੂਬਾਈ, ਇਲਾਕਾਈ ਅਤੇ ਜਾਤੀ ਏਕਤਾ ਬਣਾ ਕੇ ਰੱਖੀ ਜਾਵੇ ਕਿਉਂਕਿ ਇਹੀ ...”
(30 ਨਵੰਬਰ 2020)
ਜਿਹੜੀ ਗੱਲ ਦਾ ਸਭ ਤੋਂ ਵੱਧ ਖ਼ਤਰਾ ਹੈ, ਉਹ ਹੈ ਕਿਸਾਨੀ ਸੰਘਰਸ਼ ਦਾ ਧਾਰਮਿਕ ਪੱਖ। ਹੁਣ ਜਦੋਂ ਕਿ ‘ਦਿੱਲੀ’ ਨੇ ਅਸਲੀ ਕਿਸਾਨਾਂ ਦੇ ਦਰਸ਼ਨ ਕਰ ਲਏ ਹਨ ਤਾਂ ਹੁਣ ਉਹ ਆਪਣੀ ਸਭ ਤੋਂ ਖ਼ਤਰਨਾਕ ਚਾਲ ਚੱਲਣ ਦੀ ਤਿਆਰੀ ਵਿੱਚ ਹੈ। ਨਿਊਜ਼ ਚੈਨਲਾਂ ਦੇ ਕੁਝ ਪ੍ਰੋਗਰਾਮਾਂ ਤੋਂ ਇਹ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ।
ਭਾਵੇਂ ਕਿ ਦਿੱਲੀ ਪਹੁੰਚਣ ਵਾਲੇ ਕਿਸਾਨਾਂ ਵਿੱਚ ਹਰਿਆਣੇ, ਯੂਪੀ ਅਤੇ ਰਾਜਸਥਾਨ ਦੇ ਵੀ ਬਹੁਤ ਸਾਰੇ ਕਿਸਾਨ ਹਨ ਪਰ ਕੁਦਰਤੀ ਹੀ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਦੀ ਹੋਏਗੀ। ਪੰਜਾਬੀਆਂ ਵਿੱਚ ਵੀ ਅੱਗੇ ਲੱਗ ਕੇ ਚੱਲਣ ਵਾਲੇ ਬਹੁਤੇ ਆਗੂ ਪੱਗਾਂ ਵਾਲੇ ਗੁਰਸਿੱਖ ਹਨ। ਜਾਂ ਇਉਂ ਵੀ ਸਮਝ ਲਓ ਕਿ ਪੱਗਾਂ ਵਾਲੇ ਕੁਦਰਤੀ ਹੀ ਵਿਸ਼ੇਸ਼ ਪਹਿਰਾਵੇ ਵਾਲੇ ਹੋਣ ਕਾਰਨ ਵੱਧ ਨਜ਼ਰ ਆਉਂਦੇ ਹਨ। ਉਹ ਭਾਵੇਂ ਕਿਸੇ ਵੀ ਰਾਜ ਦੇ ਹੋਣ ਪ੍ਰੰਤੂ ਆਮ ਨਜ਼ਰ ਨਾਲ ਉਹਨਾਂ ਨੂੰ ਪੰਜਾਬੀ ਸਿੱਖ ਹੀ ਸਮਝ ਲਿਆ ਜਾਂਦਾ ਹੈ।
ਬੱਸ ਇੱਥੇ ਹੀ ਗੋਦੀ ਮੀਡੀਆ ਦੀ ਪੂਰੀ ਨਜ਼ਰ ਲੱਗੀ ਹੋਈ ਹੈ। ਕਈ ਪਾਸਿਉਂ ਮਿਲ ਰਹੀਆਂ ਕਣਸੋਆਂ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਵੱਲੋਂ ਸਿੱਧ-ਪੱਧਰੇ ਪੇਂਡੂ ਕਿਸਾਨਾਂ ਨੂੰ “ਖ਼ਤਰਨਾਕ ਖ਼ਾਲਿਸਤਾਨੀ ਦਹਿਸ਼ਤਗਰਦ” ਸਿੱਧ ਕਰਨ ਵਾਲੀ ਰਣਨੀਤੀ ਉੱਤੇ ਸਭ ਤੋਂ ਵੱਧ ਕੰਮ ਕੀਤਾ ਜਾ ਰਿਹਾ ਹੈ। ਇਸ ਚਾਲ ਨੂੰ ਸਫ਼ਲ ਬਣਾਉਣ ਵਾਸਤੇ, ਸਰਕਾਰ ਦੇ ਆਪਣੇ ਪਾਲਤੂ, ਕੁਝ ‘ਟੁੱਚਲ ਪਗੜੀਧਾਰੀਆਂ’ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਹੋ ਸਕਦਾ ਹੈ ਆਪਣੇ ਬੰਦਿਆਂ ਤੋਂ ਜਾਣ-ਬੁੱਝ ਕੇ ਕੁਝ ਥਾਵਾਂ ਉੱਤੇ “ਖ਼ਾਲਿਸਤਾਨ ਜ਼ਿੰਦਾਬਾਦ” ਦੇ ਨਾਅਰੇ ਲਗਵਾ ਦਿੱਤੇ ਜਾਣ ਜਾਂ ਕੁਝ ਪਰਚੇ ਛਾਪ ਕੇ ਵੰਡ ਦਿੱਤੇ ਜਾਣ। ਇਹ ਵੀ ਹੋ ਸਕਦਾ ਹੈ ਕੁਝ ਸਾਡੇ “ਭੋਲ਼ੇ ਪੰਛੀ” ਵੀ ਉਹਨਾਂ ਦੇ ਇਸ ਜਾਲ ਵਿੱਚ ਫਸ ਜਾਣ ਅਤੇ ਉਹ ਵੀ ਅਜਿਹੇ ਨਾਅਰੇ ਚੁੱਕ ਦੇਣ।
ਬੱਸ, ਇੰਨਾ ਕਰਨ ਨਾਲ ਹੀ ਗੋਦੀ ਮੀਡੀਆ ਨੂੰ ਉਹ ਬਹਾਨਾ ਮਿਲ ਜਾਏਗਾ ਜਿਸ ਦੀ ਉਹ ਚਿਰਾਂ ਤੋਂ ਉਡੀਕ ਕਰ ਰਿਹਾ ਹੈ। ਪੰਜਾਬ ਦੀ ਕਿਸਾਨੀ ਦੇ ਸਮਾਜਿਕ ਅਤੇ ਆਰਥਿਕ ਸੰਘਰਸ਼ ਨੂੰ ਬੇਮਤਲਬ ਹੀ ਧਾਰਮਿਕ ਰੰਗਤ ਦੇ ਕੇ ਬਾਕੀ ਭਾਰਤ ਵਾਸੀਆਂ ਦੀ ਨਜ਼ਰ ਵਿੱਚ “ਇੱਕ ਅੱਤਵਾਦੀ ਸਾਜ਼ਿਸ਼” ਕਰਾਰ ਦਿੱਤਾ ਜਾ ਸਕਦਾ ਹੈ। ਤੁਸੀਂ ਸਾਰੇ ਆਪੋ-ਆਪਣੇ ਧਰਮ ਵਿੱਚ ਪੱਕੇ ਰਹੋ, ਪਰ ਧਿਆਨ ਰੱਖੋ ਕਿ ਤੁਹਾਡੀ ਧਾਰਮਿਕ ਪਹਿਚਾਣ ਨੂੰ ਕੋਈ ਤੁਹਾਡੇ ਵਿਰੁੱਧ ਨਾ ਵਰਤ ਜਾਵੇ ਕਿਉਂਕਿ 90% ਮੀਡੀਆ ਦੁਸ਼ਮਣ ਕੋਲ ਹੈ। ਇਸ ਲਈ ਸੰਘਰਸ਼ਸ਼ੀਲ ਭਰਾਵਾਂ ਨੂੰ ਸਾਡੀ ਇਹੀ ਬੇਨਤੀ ਹੈ ਕਿ ਅਜਿਹੀਆਂ ਚਾਲਾਂ ਤੋਂ ਬਚ ਕੇ ਰਿਹਾ ਜਾਵੇ ਅਤੇ ਧਾਰਮਿਕ, ਸੂਬਾਈ, ਇਲਾਕਾਈ ਅਤੇ ਜਾਤੀ ਏਕਤਾ ਬਣਾ ਕੇ ਰੱਖੀ ਜਾਵੇ ਕਿਉਂਕਿ ਇਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ, ਜਿਹੜੀ ਦਿੱਲੀ ਦੇ ਤਖ਼ਤ ਨੂੰ ਹਿਲਾਉਣ ਦਾ ਮਾਦਾ ਰੱਖਦੀ ਹੈ।
ਇਸਦੇ ਨਾਲ ਇਹ ਵੀ ਧਿਆਨ ਰੱਖਿਆ ਜਾਵੇ ਕਿ ਦਿੱਲੀ ਸ਼ਹਿਰ ਨੂੰ ਘੇਰਨ ਵੇਲੇ ਉੱਥੋਂ ਦੇ ਕਿਸੇ ਵੀ ਬਾਸ਼ਿੰਦੇ ਨੂੰ ਨਿੱਜੀ ਤੌਰ ’ਤੇ ਬਿਲਕੁਲ ਵੀ ਤੰਗੀ ਨਾ ਹੋਵੇ। ਰਸਤਿਆਂ ਵਿੱਚੋਂ ਲੰਘਣ ਵਾਲੀਆਂ ਔਰਤਾਂ ਅਤੇ ਹੋਰ ਆਮ ਲੋਕ ਤੁਹਾਡੇ ਵਿਹਾਰ ਤੋਂ ਪ੍ਰਭਾਵਿਤ ਹੋ ਕੇ ਲੰਘਣ ਅਤੇ ਜਾ ਕੇ ਹੋਰਨਾਂ ਲੋਕਾਂ ਨੂੰ ਵੀ ਦੱਸਣ ਕਿ ਦਿੱਲੀ ਪਹੁੰਚਣ ਵਾਲੇ ਲੋਕ ਸੱਚਮੁੱਚ ਹੀ ਸਮਝਦਾਰ, ਸਲੀਕੇ ਵਾਲੇ, ਸਰਕਾਰ ਦੇ ਸਤਾਏ ਹੋਏ ਅਤੇ ਖ਼ਾਨਦਾਨੀ ਲੋਕ ਹਨ। ਪੁਲਿਸ ਨੂੰ ਲੰਗਰ ਛਕਾਉਣ ਵਾਲੀ ਰਵਾਇਤ ਵੀ ਸਾਨੂੰ ਭਾਈ ਕਨ੍ਹਹੀਏ ਦੇ ਵਾਰਿਸ ਸਿੱਧ ਕਰਦੀ ਹੈ। ਅਜਿਹੀਆਂ ਤਸਵੀਰਾਂ ਪਤਾ ਨਹੀਂ ਕਿੰਨੇ ਲੋਕਾਂ ਦੇ ਦਿਲਾਂ ਨੂੰ ਟੁੰਬਦੀਆਂ ਹੋਣਗੀਆਂ।
ਦਿੱਲੀ ਦੇ ਲੋਕ ਬੇਹੱਦ ਸਮਝਦਾਰ ਹਨ ਪਰ ਹੋ ਸਕਦਾ ਹੈ ਕਿ ਅਜੇ ਤਕ ਉਹ ਸਾਨੂੰ ਪੇਂਡੂਆਂ ਨੂੰ ਦਿਲੋਂ ਪਿਆਰ ਨਾ ਕਰਦੇ ਹੋਣ। ਤੁਹਾਡਾ ਸਲੀਕਾ, ਦਿੱਲੀ ਦੇ ਲੋਕਾਂ ਨੂੰ ਤੁਹਾਡੇ ਮੁਰੀਦ ਬਣਾ ਸਕਦਾ ਹੈ। ਫਿਰ ਜੇਕਰ ਪੰਜਾਬ, ਹਰਿਆਣਾ ਅਤੇ ਦਿੱਲੀ ਇਕੱਠੇ ਹੋ ਗਏ ਤਾਂ ਸਾਡੀ ਜਿੱਤ ਦਾ ਇਤਿਹਾਸ ਲਿਖਣ ਦੀ ਸ਼ੁਰੂਆਤ ਉੱਥੋਂ ਹੀ ਹੋ ਜਾਏਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2438)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)